ਬੈਚ ਫੁੱਲ ਹਾਉਲੀ: ਨਫਰਤ-ਸਾੜਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਤਾਂ ਸਭ ਨੂੰ ਪਤਾ ਹੈ ਕਿ ਇਹ ਸਭ ਤੋਂ ਮਾੜੇ ਇਨਸਾਨੀ ਵਲਵਲੇ ਹਨ। ਗੁਰਬਾਣੀ ਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਇਨ੍ਹਾਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਹੈ। ਹਰ ਕੋਈ ਇਨ੍ਹਾਂ ਤੋਂ ਬਚਣ ਦੀ ਸਲਾਹ ਦਿੰਦਾ ਹੈ; ਪਰ ਨਫਰਤ, ਸ਼ਰੀਕਾ, ਬਦਲਾ ਤੇ ਸ਼ੱਕ ਵੀ ਇਨ੍ਹਾਂ ਨਾਲੋਂ ਘੱਟ ਘਿਨੌਣੇ ਨਹੀਂ ਹਨ। ਇਹ ਘਰ, ਸਮਾਜ ਅਤੇ ਸੰਸਾਰ ਵਿਚ ਘ੍ਰਿਣਾ, ਗਾਲ੍ਹੀ-ਗਲੋਚ, ਕਲੇਸ਼ ਤੇ ਵੈਰ ਫੈਲਾਉਂਦੇ ਹਨ। ਇਸ ਲਈ ਚੰਗਾ ਇਨਸਾਨ ਬਣਨ ਲਈ ਮਨੁੱਖ ਨੂੰ ਪਹਿਲਾਂ ਇਨ੍ਹਾਂ `ਤੇ ਕਾਬੂ ਪਾਉਣਾ ਚਾਹੀਦਾ ਹੈ। ਕਾਬੂ ਤਾਂ ਹਰ ਕੋਈ ਪਾ ਲਵੇ ਜੇ ਇਹ ਆਦਤਾਂ ਤੇ ਉਦਗਾਰ ਕਿਸੇ ਦੇ ਵਸ ਵਿਚ ਆਉਣ ਵਾਲੇ ਹੋਣ। ਇਨ੍ਹਾਂ ਅੱਗੇ ਤਾਂ ਧਾਰਮਿਕ ਉਪਦੇਸ਼ ਤੇ ਸਿਆਣਿਆਂ ਦੀਆਂ ਸਲਾਹਾਂ ਵੀ ਕੰਮ ਨਹੀਂ ਕਰਦੀਆਂ। ਫਿਰ ਚੰਗਾ ਬਣਨ ਲਈ ਕੀ ਕੀਤਾ ਜਾਵੇ?

ਬੈਚ ਫੁੱਲ ਦਵਾਈ ਹਾਉਲੀ (੍ਹੋਲਲੇ) ਇਸ ਸਮੱਸਿਆ ਦਾ ਇਕੋ ਇਕ ਹੱਲ ਹੈ। ਇਹ ਹਾਉਲੀ ਅਸਲ ਵਿਚ ਉਹ ਭਾਵ ਪਵਿੱਤਰ ਔਸ਼ਧੀ ਹੈ, ਜੋ ਮਨ ਨੂੰ ਨਫਰਤ, ਬਦਲਾ, ਸ਼ੱਕ ਤੇ ਕਲੇਸ਼ ਜਿਹੇ ਮਾਰੂ ਵਲਵਲਿਆਂ ਤੋਂ ਮੁਕਤੀ ਦਿਵਾਉਂਦੀ ਹੈ। ਨਫਰਤ ਜਾਂ ਦੂਜਿਆਂ ਨਾਲ ਘ੍ਰਿਣਾ ਕਰਨਾ ਇਕ ਨਾਂਹ-ਪੱਖੀ ਵਿਹਾਰ ਹੀ ਨਹੀਂ, ਸਗੋਂ ਇਹ ਮਨੁੱਖੀ ਚਰਿਤਰ ਤੇ ਲੱਗੇ ਬਦਨੁਮਾ ਕਾਲੇ ਧੱਬੇ ਵਾਂਗ ਹੁੰਦਾ ਹੈ। ਇਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ; ਘ੍ਰਿਣਾ ਕਰਨ ਵਾਲੇ ਨੂੰ ਵੀ ਨਹੀਂ। ਨਫਰਤ, ਬਦਲਾ, ਸ਼ੱਕ ਤੇ ਕਲੇਸ਼ ਹਿੰਸਾ ਦਾ ਪਹਿਲਾ ਕਾਰਨ ਹੈ। ਹਰ ਹਿੰਸਾ ਦੇ ਪਿਛੋਕੜ ਵਿਚ ਨਫਰਤ ਹੁੰਦੀ ਹੈ। ਮਨ ਵਿਚ ਪੈਦਾ ਹੋਈ ਘ੍ਰਿਣਾ ਵਿਅਕਤੀਗਤ ਜਾਂ ਸਮਾਜਿਕ ਪੱਧਰ `ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ `ਤੇ ਵੀ ਲੜਾਈ ਤੇ ਵੈਰ ਦਾ ਕਾਰਨ ਬਣਦੀ ਹੈ। ਇਹ ਖਹਿਬਾਜ਼ੀ ਪੈਦਾ ਕਰਕੇ ਸੰਸਾਰਕ ਸਹਿਹੋਂਦ ਦੀ ਭਾਵਨਾ ਨੂੰ ਕਮਜ਼ੋਰ ਕਰਦੀ ਹੈ।
ਹਰ ਵਲਵਲਾ ਇਕ ਦਿਮਾਗੀ ਤਰੰਗ ਹੀ ਤਾਂ ਹੈ, ਜੋ ਵਾ-ਵਰੋਲੇ ਵਾਂਗ ਕਿਸੇ ਵੀ ਅਸ਼ਾਂਤ ਮਨ ਵਿਚ ਉੱਠ ਸਕਦਾ ਹੈ ਤੇ ਉਸ ਦੇ ਸਰੀਰ ਵਿਚ ਅਰੋਕ ਸ਼ਕਤੀ ਬਣ ਕੇ ਕੁਝ ਵੀ ਕਰਵਾ ਸਕਦਾ ਹੈ। ਘ੍ਰਿਣਾ ਦੀ ਮਾਨਸਿਕ ਲਹਿਰ ਤਣਾਓ ਪੈਦਾ ਕਰ ਕੇ ਲੜਾਈ ਤੇ ਕਤਲੋਗਾਰਤ ਕਰਵਾਉਂਦੀ ਹੈ। ਜਿਵੇਂ ਵਾ-ਵਰੋਲੇ ਦਾ ਕੋਈ ਕਾਰਨ ਹੁੰਦਾ ਹੈ, ਇਸੇ ਤਰ੍ਹਾਂ ਘ੍ਰਿਣਾ ਦਾ ਵੀ ਕੋਈ ਕਾਰਨ ਤਾਂ ਹੁੰਦਾ ਹੀ ਹੈ; ਪਰ ਇਸ ਕਾਰਨ ਨੂੰ ਲੱਭ ਕੇ ਇਸ ਦਾ ਹੱਲ ਕਰਨਾ ਉਵੇਂ ਹੀ ਬੇ-ਮਾਅਨਾ ਹੈ, ਜਿਵੇਂ ਵਾ-ਵਰੋਲੇ ਦਾ ਕਾਰਨ ਲੱਭ ਕੇ ਉਸ ਦੀ ਰੋਕ ਥਾਮ ਕਰਨਾ। ਇਹ ਗੱਲ ਵੀ ਬੇਅਰਥ ਹੈ ਕਿ ਇਕ ਇਨਸਾਨ ਦੀ ਨਫਰਤ ਠੀਕ ਕਰਨ ਲਈ ਕਈ ਕਈ ਠੀਕ ਵਿਅਕਤੀ ਆਪਣੇ ਜੀਵਨ ਦੇ ਕੀਮਤੀ ਪਲ ਨਸ਼ਟ ਕਰਨ। ਇਸ ਵਲਵਲੇ ਨੂੰ ਠੰਡਾ ਕਰਕੇ ਪੱਧਰਾ ਕਰਨ ਦਾ ਫਨ ਹਾਉਲੀ ਵਿਚ ਹੀ ਹੈ। ਇਹ ਬਿਮਾਰ ਦੇ ਇਸ ਸੁਨਾਮੀ-ਨੁਮਾ ਉਬਾਲ ਦੀਆਂ ਜੜ੍ਹਾਂ ਲੱਭ ਕੇ ਆਪ ਇਸ ਦਾ ਤਰਕ-ਪੂਰਣ ਇਲਾਜ ਕਰਦੀ ਹੈ। ਇਸ ਦੀਆਂ ਕੁਝ ਇਕ ਖੁਰਾਕਾਂ ਦੇਣ ਨਾਲ ਹੀ ਅਸਰ ਦੇਖਣ ਨੂੰ ਮਿਲ ਜਾਂਦਾ ਹੈ।
ਡਾ. ਬੈਚ ਦੇ ਸ਼ਬਦਾਂ ਵਿਚ “ਹਾਉਲੀ ਉਨ੍ਹਾਂ ਲੋਕਾਂ ਲਈ ਹੈ, ਜੋ ਬਖੀਲੀ (ਈਰਖਾ), ਨਫਰਤ, ਖਹਿਬਾਜ਼ੀ, ਬਦਲਾ ਤੇ ਸ਼ੱਕ-ਸੁਬਾਹ ਜਿਹੇ ਪ੍ਰਭਾਵਾਂ ਦੇ ਹਮਲੇ ਹੇਠ ਆਏ ਹੁੰਦੇ ਹਨ। ਇਹ ਕਈ ਪ੍ਰਕਾਰ ਦੀਆਂ ਉਕਸਾਹਟ ਅਧੀਨ ਆਉਂਦੀਆਂ ਪ੍ਰਵਿਰਤੀਆਂ ਲਈ ਕਾਰਆਮਦ ਹੈ। ਜੇ ਇਸ ਦੇ ਮਰੀਜ਼ਾਂ ਕੋਲ ਨਾ-ਖੁਸ਼ ਰਹਿਣ ਦਾ ਕੋਈ ਬਹਾਨਾ ਨਾ ਵੀ ਹੋਵੇ, ਉਹ ਤਾਂ ਵੀ ਦੁਖੀ ਰਹਿੰਦੇ ਹਨ।” ਅਰਥਾਤ ਜੋ ਲੋਕ ਬਿਨਾ ਕਾਰਨ ਹੀ ਨਫਰਤ, ਜ਼ਿੱਦਬਾਜ਼ੀ ਤੇ ਸ਼ੱਕ ਦੀ ਅੱਗ ਵਿਚ ਜਲਦੇ ਰਹਿੰਦੇ ਹਨ ਤੇ ਬਦਲਾ ਲੈਣ ਲਈ ਹਿੰਸਾਤਮਕ ਕਾਰਵਾਈਆਂ `ਤੇ ਉਤਾਰੂ ਰਹਿੰਦੇ ਹਨ, ਹਾਉਲੀ ਉਨ੍ਹਾਂ ਲਈ ਇਕ ਦਮ ਫਿੱਟ ਦਵਾਈ ਹੈ।
ਇਸ ਫੁੱਲ ਦਵਾਈ ਬਾਰੇ ਸ਼ਾਲਨੀ ਕੋਗਲ ਲਿਖਦੇ ਹਨ, “ਹਾਉਲੀ ਪ੍ਰੇਮ-ਪ੍ਰਸਾਰਨ ਤੇ ਮਿਲਵਰਤਨ ਪੈਦਾ ਕਰਨ ਵਾਲੀ ਦਵਾਈ ਹੈ। ਜਿੱਥੇ ਕਲੇਸ਼, ਫੁੱਟ, ਗੁੱਸਾ ਤੇ ਘ੍ਰਿਣਾ ਹੋਵੇ, ਉੱਥੇ ਇਹ ਪੁੱਠੀ ਸੋਚ ਨੂੰ ਆਪਣੀ ਅਚੰਭੇ ਵਾਲੀ ਸ਼ਕਤੀ ਨਾਲ ਬਦਲ ਕੇ ਸਿੱਧਿਆਂ ਕਰਦੀ ਹੈ। ਜਿੱਥੇ ਮਹੀਨਿਆਂ ਤੇ ਸਾਲਾਂ ਤੋਂ ਚਲ ਰਹੀ ਘ੍ਰਿਣਾ, ਬੇਵਸਾਹੀ ਤੇ ਗੁੱਸੇ ਕਾਰਨ ਬੰਦਿਆਂ ਦੇ ਦਿਲ ਪਥਰਾ ਗਏ ਹੋਣ, ਉੱਥੇ ਇਹ ਕੰਮ ਆਉਂਦੀ ਹੈ। ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਉੱਠਦੇ-ਬੈਠਦੇ ਗੁੱਸੇ ਤੇ ਨਫਰਤ ਦੀਆਂ ਧਾਰਾਵਾਂ ਚਲਦੀਆਂ ਰਹਿੰਦੀਆਂ ਹਨ ਅਤੇ ਜਿਨ੍ਹਾਂ ਨੇ ਇਕ ਚੀਜ਼ ਨੂੰ ਤਬਾਹ ਕਰਕੇ ਦੂਜੀ ਨੂੰ ਨਸ਼ਟ ਕਰਨ ਦੀ ਠਾਣੀ ਹੁੰਦੀ ਹੈ, ਉਨ੍ਹਾਂ ਦੇ ਦਿਲ ਹਮਦਰਦੀ ਤੋਂ ਸੱਖਣੇ ਹੋ ਗਏ ਹੁੰਦੇ ਹਨ। ਉਹ ਕਿਸੇ ਨੂੰ ਸ਼ਰਤ ਤੋਂ ਬਿਨਾ ਪਿਆਰ ਨਹੀਂ ਕਰਦੇ ਤੇ ਸ਼ਰਤ ਉਨ੍ਹਾਂ ਦੀ ਧੌਂਸ ਭਾਵ ਹਉਮੈ ਨੂੰ ਮੰਨਣ ਦੀ ਹੁੰਦੀ ਹੈ। ਆਪਣੀ ਨੀਵੀਂ ਸੋਚ ਨਾਲ ਉਹ ਬੇਵਾਹ ਰਕਤ-ਪਰਵਾਹ ਤੇ ਮਾਨਸਿਕ ਤਣਾਓ ਦਾ ਸ਼ਿਕਾਰ ਹੋਏ ਰਹਿੰਦੇ ਹਨ ਤੇ ਆਖਰ ਅਧਰੰਗ ਰੋਗ ਨੂੰ ਪਿਆਰੇ ਹੋ ਜਾਂਦੇ ਹਨ। ਅਜਿਹੇ ਲੋਕਾਂ ਦੇ ਦੁਸ਼ਟ ਵਿਚਾਰਾਂ ਨੂੰ ਇਹ ਦਵਾਈ ਪਿਆਰ ਨਾਲ ਧੋ ਦਿੰਦੀ ਹੈ। ਫਿਰ ਨਾ ਸਿਰਫ ਉਨ੍ਹਾਂ ਦਾ ਗੁੱਸਾ ਹਮਦਰਦੀ ਵਿਚ ਬਦਲ ਜਾਂਦਾ ਹੈ, ਸਗੋਂ ਉਨ੍ਹਾਂ ਦੀ ਸਮੁੱਚੀ ਸੋਚ ਹੀ ਬਦਲ ਜਾਂਦੀ ਹੈ।”
ਕੋਗਲ ਦੀ ਇਸ ਵਾਰਤਾ ਦੇ ਸਨਮੁੱਖ ਹਾਉਲੀ ਸਮਾਜਿਕ ਤੌਰ `ਤੇ ਬਹੁਤ ਹੀ ਲਾਭ ਵਾਲੀ ਫੁੱਲ ਦਵਾਈ ਹੈ। ਭਾਰਤੀ ਸਮਾਜ ਵਿਚ ਕਿੰਨੇ ਅਜਿਹੇ ਧਾਰਮਿਕ ਸੰਗਠਨ ਤੇ ਰਾਜਨੀਤਿਕ ਦਲ ਹਨ, ਜੋ ਵੱਡੇ ਪੱਧਰ `ਤੇ ਵੱਖ ਵੱਖ ਲੋਕਾਂ ਨੂੰ ਫਾੜਨ ਤੇ ਲੜਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਤਰਕ ਤੇ ਤੱਰਕੀ ਦੇ ਰਾਹ `ਤੇ ਲਿਆਉਣ ਲਈ ਇਹ ਬੈਚ ਫੁੱਲ ਦਵਾਈ ਬੜਾ ਵੱਡਾ ਯੋਗਦਾਨ ਪਾ ਸਕਦੀ ਹੈ।
ਸੋਹਨ ਰਾਜ ਅਤੇ ਮੋਹਨ ਲਾਲ ਅਨੁਸਾਰ ਕੁਝ ਵਿਅਕਤੀ ਨਫਰਤ ਤੇ ਘ੍ਰਿਣਾ ਦੇ ਢਾਹੂ ਤੇ ਨਾਂਹ-ਪੱਖੀ ਵਿਚਾਰਾਂ ਨਾਲ ਭਰੇ ਹੁੰਦੇ ਹਨ। ਉਹ ਯਥਾਰਥਿਕਤਾ ਤੋਂ ਉਲਟ ਤੇ ਬਹੁਤ ਦੂਰ ਹੁੰਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਪਿਆਰ, ਮੁੱਹਬਤ ਤੇ ਭਾਈਚਾਰਕ ਸਾਂਝ ਵਾਲੇ ਵਿਚਾਰ ਨਹੀਂ ਉਪਜਦੇ। ਉਨ੍ਹਾਂ ਦੀ ਘ੍ਰਿਣਾ ਦਾ ਕੋਈ ਕਾਰਨ ਵੀ ਨਹੀਂ ਹੁੰਦਾ, ਕਿਉਂਕਿ ਇਹ ਉਨ੍ਹਾਂ ਦੇ ਦਿਲਾਂ ਵਿਚ ਸੁਭਾਵਿਕ ਹੀ ਪੈਦਾ ਹੋਈ ਹੁੰਦੀ ਹੈ। ਆਪਣੀ ਪੁੱਠੀ ਸੋਚ ਕਾਰਨ ਇਹ ਲੋਕ ਨਾ ਸਿਰਫ ਆਪਣੇ ਲਈ, ਸਗੋਂ ਸਾਰੇ ਸਮਾਜ ਲਈ ਖਤਰਾ ਬਣ ਜਾਂਦੇ ਹਨ। ਉਹ ਦਿਲ, ਦਿਮਾਗ ਤੇ ਰਕਤ-ਸੰਚਾਰ ਦੇ ਕਈ ਰੋਗਾਂ ਨਾਲ ਨਪੀੜੇ ਜਾਂਦੇ ਹਨ। ਇਨ੍ਹਾਂ ਨੂੰ ਹਾਉਲੀ ਹੀ ਠੀਕ ਕਰ ਸਕਦੀ ਹੈ। ਇਹ ਉਨ੍ਹਾਂ ਦੀ ਢਹਿੰਦੀ ਸੋਚ ਨੂੰ ਧਨ-ਪੱਖੀ ਬਣਾ ਕੇ ਉਨ੍ਹਾਂ ਨੂੰ ਪੱਕੀ ਰਾਹਤ ਦਿੰਦੀ ਹੈ।
ਮਿਸਾਲ ਵਜੋਂ ਜੇ ਇਕ ਕਿਸਾਨ ਮਿਹਨਤ ਕਰ ਕੇ ਅੱਛੀ ਫਸਲ ਪਾਲਦਾ ਹੈ ਤਾਂ ਦੂਜੇ ਉਸ ਨਾਲ ਖਾਰ ਖਾਣ ਲੱਗਦੇ ਹਨ। ਉਨ੍ਹਾਂ ਦੇ ਦਿਲ ਵਿਚ ਉਸ ਪ੍ਰਤੀ ਅਕਾਰਨ ਨਫਰਤ ਭਰੀ ਹੁੰਦੀ ਹੈ ਤੇ ਉਹ ਉਸ ਨੂੰ ਫੇਲ੍ਹ ਕਰਨਾ ਚਾਹੁੰਦੇ ਹਨ। ਉਸ ਨਾਲ ਲੱਗਣ ਭਾਵ ਖਾਰ ਖਾਣ ਕਰਕੇ ਉਹ ਉਸ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਜਦੋਂ ਉਹ ਮਿਹਨਤੀ ਕਿਸਾਨ ਰਾਤ ਨੂੰ ਆਪਣੀ ਫਸਲ ਵਿਚ ਨਹਿਰ ਦੀ ਵਾਰੀ ਦਾ ਪਾਣੀ ਵਗਾ ਕੇ ਮੁੜਦਾ ਹੈ ਤਾਂ ਇਹ ਉਸ ਦੀ ਖਾਹਲ ਦਾ ਨੱਕਾ ਸੜਕ ਦੇ ਖਤਾਨਾਂ ਵਲ ਵੱਢ ਦਿੰਦੇ ਹਨ। ਉਸ ਦੀ ਫਸਲ ਸੁੱਕ ਕੇ ਮਰ ਜਾਂਦੀ ਹੈ। ਜੇ ਉਹ ਇਸ ਬਾਰੇ ਪੰਚਾਇਤ ਸੱਦਦਾ ਹੈ ਤਾਂ ਉਹ ਪਾਣੀ ਵੱਢਣ ਵਾਲੇ ਲੋਕ ਉਸ ਨੂੰ ਸਬਕ ਸਿਖਾਉਣ ਲਈ ਉਸ ਵਿਰੁਧ ਬਦਲੇ ਦੀਆਂ ਕਾਰਵਾਈਆਂ ਕਰਦੇ ਹਨ। ਚਲਦੇ-ਚਲਦੇ ਮਸਲਾ ਹਿੰਸਾਤਮਕ ਲੜਾਈ ਵਿਚ ਤਬਦੀਲ ਹੋ ਜਾਂਦਾ ਹੈ। ਜਿਨ੍ਹਾਂ ਨੇ ਇਸ ਨੂੰ ਸ਼ੁਰੂ ਕੀਤਾ, ਉਨ੍ਹਾਂ ਕੋਲ ਅਜਿਹਾ ਕਰਨ ਲਈ ਨਫਰਤ ਕਰਨ ਤੇ ਦੂਜਿਆਂ ਨੂੰ ਨੀਚਾ ਦਿਖਾਉਣ ਦੇ ਨਖਿੱਧ ਵਿਚਾਰਾਂ ਤੋਂ ਬਿਨਾ ਕੋਈ ਵਜ੍ਹਾ ਨਹੀਂ ਸੀ। ਦੂਜਿਆਂ ਦਾ ਅਕਾਰਨ ਮਾੜਾ ਸੋਚਣ ਜਾਂ ਕਰਨ ਵਾਲੇ ਅਜਿਹੇ ਨਫਰਤ ਭਰਪੂਰ ਲੋਕਾਂ ਨੂੰ ਭਲੇ ਮਾਣਸ ਬਣਾਉਣ ਲਈ ਡਾ. ਬੈਚ ਦੀ ਦਿੱਤੀ ਫੁੱਲ ਦਵਾਈ ਹਾਉਲੀ ਇਕ ਵਰਦਾਨ ਤੋਂ ਘੱਟ ਨਹੀਂ।
ਵੱਡੇ ਮਨੁੱਖ ਹੀ ਨਹੀਂ, ਛੋਟੇ ਬੱਚੇ ਵੀ ਹਾਉਲੀ ਮਾਨਸਿਕਤਾ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਕੋ ਮਾਂ ਦੇ ਦੋ ਬੱਚੇ ਇਕ ਖਿਡੌਣੇ ਨਾਲ ਨਹੀਂ ਖੇਡਦੇ। ਉਹ ਖੇਡਣ ਦੀ ਥਾਂ ਉਸ ਨੂੰ ਆਪਣੇ ਪਾਸੇ ਖਿੱਚਦੇ ਰਹਿੰਦੇ ਹਨ ਤੇ ਕਾਟੋ-ਕਲੇਸ਼ ਕਰਦੇ ਰਹਿੰਦੇ ਹਨ। ਜਦੋਂ ਖੋਹਣ ਵਿਚ ਸਫਲਤਾ ਨਾ ਮਿਲੇ ਤਾਂ ਇਕ ਦੂਜੇ ਦਾ ਮੂੰਹ ਨੋਚਣ ਤੀਕ ਜਾਂਦੇ ਹਨ। ਕੁੱਛੜ ਵਿਚ ਬੈਠਣ ਲਈ ਤੇ ਵਧੇਰੇ ਲਾਡ ਪਿਆਰ ਲਈ ਇਕ ਦੂਜੇ ਨਾਲ ਖਹਿਬਾਜ਼ੀ ਕਰਦੇ ਰਹਿੰਦੇ ਹਨ। ਇਕ ਦਿਨ ਡਾਕਖਾਨੇ ਵਿਚ ਇਕ ਢਾਈ ਸਾਲ ਦਾ ਬੱਚਾ ਇਸ ਲਈ ਫਰਸ਼ `ਤੇ ਲਿਟਦਾ ਤੇ ਰੋਂਦਾ ਦਿਖਾਈ ਦਿੱਤਾ ਕਿ ਉਸ ਦੀ ਮਾਂ ਨੇ ਤਿੰਨ ਲਾਲੀਪਾਪ ਉਸ ਨੂੰ ਦੇ ਕੇ ਇਕ ਉਸ ਦੇ ਇਕ ਸਾਲ ਦੇ ਛੋਟੇ ਭਰਾ ਨੂੰ ਦੇ ਦਿੱਤਾ ਸੀ। ਉਹ ਸਾਰੇ ਦੇ ਸਾਰੇ ਮੰਗਦਾ ਸੀ। ਘਰ ਵਿਚ ਇਕ ਛੋਟਾ ਬੱਚਾ ਪੈਦਾ ਹੋਣ `ਤੇ ਵੱਡਾ ਬੱਚਾ ਬੁਰਾ ਮਨਾਉਂਦਾ ਹੈ। ਉਹ ਉਦੋਂ ਤੀਕ ਰੋਂਦਾ ਰਹਿੰਦਾ ਹੈ, ਜਦੋਂ ਤੀਕ ਕਿ ਮਾਂ ਦੂਜੇ ਨੂੰ ਲਾਹ ਕੇ ਉਸ ਨੂੰ ਗੋਦ ਨਹੀਂ ਚੁੱਕਦੀ। ਕਈਆਂ ਦੀ ਸਿਹਤ `ਤੇ ਤਾਂ ਇਸ ਨਫਰਤਬਾਜ਼ੀ ਦਾ ਇੰਨਾ ਅਸਰ ਹੁੰਦਾ ਹੈ ਕਿ ਉਹ ਬਿਮਾਰ ਹੋ ਕੇ ਸੁੱਕ ਜਾਂਦੇ ਹਨ।
ਬਾਹਰ ਖੇਡਦੇ ਬੱਚੇ ਵੀ ਇਕ ਦੂਜੇ ਦੇ ਚੰਗੇ ਕੱਪੜਿਆਂ, ਖਿਡੌਣਿਆਂ `ਤੇ ਨਜ਼ਰ ਰੱਖਦੇ ਹਨ ਤੇ ਆਪ ਵੀ ਦੂਜਿਆਂ ਜਿਹੀਆਂ ਚੀਜ਼ਾਂ ਦੀ ਮੰਗ ਕਰਦੇ ਹਨ। ਨਾ ਮਿਲਣ `ਤੇ ਰੁੱਸ ਜਾਂਦੇ ਹਨ। ਇਕੋ ਘਰ ਦੀਆਂ ਦੋ ਔਰਤਾਂ ਵੀ ਆਮ ਤੌਰ `ਤੇ ਇਸੇ ਪ੍ਰਕਾਰ ਦੀ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਕ ਕੇਸ ਸਾਹਮਣੇ ਆਇਆ, ਜਿਸ ਵਿਚ ਵੱਡੀ ਨੂੰਹ ਛੋਟੀ ਨਾਲ ਨਫਰਤ ਕਰਦੀ ਸੀ। ਅੱਖ ਬਚਾਅ ਕੇ ਉਹ ਸੰਦੂਕ ਵਿਚ ਪਏ ਉਸ ਦੇ ਨਵੇਂ ਕਪੜੇ ਕੱਟ ਦਿੰਦੀ ਸੀ। ਅਜਿਹੇ ਸਭ ਵਿਅਕਤੀਆਂ ਦਾ ਇਲਾਜ ਹਾਉਲੀ ਵਿਚ ਹੈ। ਡਾ. ਬੈਚ ਦਾ ਕਹਿਣਾ ਹੈ ਕਿ ਇਹ ਫੁੱਲ ਦਵਾਈ ਸਾਨੂੰ ਅਜਿਹੇ ਸਭ ਵਿਸ਼ੈਲੇ ਮਾਨਸਿਕ ਵਿਕਾਰਾਂ ਤੋਂ ਨਿਜ਼ਾਤ ਦਿਵਾਉਂਦੀ ਹੈ, ਜੋ ਮਨੁੱਖੀ ਪਿਆਰ ਤੇ ਮਿਲਵਰਤਨ ਦੇ ਵਿਰੁਧ ਹਨ। ਇਹ ਮਨੁੱਖੀ ਦਿਲ ਨੂੰ ਵਿਸ਼ਾਲ ਕਰਦੀ ਹੈ ਤੇ ਪਿਆਰ ਨਾਲ ਰਹਿਣਾ ਸਿਖਾਉਂਦੀ ਹੈ।
ਛੋਟੇ ਬੱਚੇ ਤੇ ਆਮ ਵਿਅਕਤੀ ਹੀ ਨਹੀਂ, ਸਗੋਂ ਉੱਘੀਆਂ ਇਤਿਹਾਸਕ ਹਸਤੀਆਂ ਵੀ ਈਰਖਾ ਦੀ ਭਾਵਨਾ ਤੋਂ ਬਚ ਨਹੀਂ ਸਕੀਆਂ। ਰਾਮਾਇਣ ਦੀ ਕੈਕੇਈ, ਲੰਕਾ ਦਾ ਰਾਵਣ ਅਤੇ ਮਹਾਭਾਰਤ ਦਾ ਦੁਰਯੋਧਨ ਆਪਣੀਆਂ ਈਰਖਾਲੂ ਤੇ ਨਫਰਤੀ ਸੋਚਾਂ ਕਾਰਨ ਲਹਿੰਦੇ ਵੈਦਿਕ ਕਾਲ ਦੀਆਂ ਦੋ ਵੱਡੀਆਂ ਜੰਗਾਂ ਦੇ ਮੋਢੀ ਬਣੇ। ਅੰਭੀ ਦੀ ਪੋਰਸ ਨਾਲ ਅਤੇ ਜੈ ਚੰਦ ਦੀ ਪ੍ਰਿਥਵੀ ਰਾਜ ਚੌਹਾਨ ਨਾਲ ਈਰਖਾ ਨੇ ਦੋ ਵਾਰ ਭਾਰਤ ਨੂੰ ਗੁਲਾਮੀ ਵਿਚ ਧਕੇਲਿਆ। ਗੁਰੂ ਅਰਜਨ ਦੇਵ ਨਾਲ ਚੰਦੂ ਦਾ ਸਾੜਾ ਸਿੱਖ ਇਤਿਹਾਸ ਵਿਚ ਪਹਿਲੀ ਸ਼ਹੀਦੀ ਦਾ ਕਾਰਨ ਬਣਿਆ। ਹਿਟਲਰ ਦੀ ਯਹੁਦੀਆਂ ਪ੍ਰਤੀ ਨਫਰਤ ਨੇ 20ਵੀਂ ਸਦੀ ਦੇ ਸਭ ਤੋਂ ਵੱਡੇ ਨਰ-ਸੰਘਾਰ ਨੂੰ ਜਨਮ ਦਿੱਤਾ। ਉਸੇ ਦੇ ਨਕਸ਼ੇ-ਕਦਮ `ਤੇ ਚਲਦੇ ਅੱਜ ਕੱਲ੍ਹ ਦੇ ਭਾਰਤੀ ਹਾਕਮ ਦੇਸ਼ ਵਿਚ ਨਫਰਤ ਤੇ ਅਸਹਿਨਸ਼ੀਲਤਾ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਦੀ ਬਦੌਲਤ ਹੇਠੋਂ ਉੱਤੇ ਅਤੇ ਉੱਤੋਂ ਹੇਠਾਂ ਤੀਕ ਦੇਸ਼ ਵਿਚ ਨਫਰਤੀ ਸੋਚ ਪਸਰ ਰਹੀ ਹੈ। ਲਗਦਾ ਹੈ ਕਿ ਸ਼ਰੀਕੇਬਾਜ਼ੀ ਦੀ ਮਾਰੀ ਭਾਰਤ ਦੀ ਤਾਂ ਸਾਰੀ ਦੀ ਸਾਰੀ ਜਨਤਾ ਨੂੰ ਹੀ ਫੁੱਲ ਦਵਾਈ ਹਾਉਲੀ ਦੇਣ ਵਾਲੀ ਹੈ।
ਨਫਰਤ ਭਰੀ ਮਾਨਸਿਕਤਾ ਦਾ ਸ਼ਿਕਾਰ ਹੋਣਾ ਜਾਂ ਨਾ ਹੋਣਾ ਕਿਸੇ ਦੇ ਆਪਣੇ ਹੱਥ ਵਿਚ ਨਹੀਂ ਹੈ। ਜਦੋਂ ਮਨੁੱਖ ਇਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਉਦੋਂ ਤਾਂ ਉਹ ਸੋਝੀ ਵੀ ਨਹੀਂ ਸੰਭਾਲਦਾ। ਜਾਨਵਰ ਤੇ ਬਣਮਾਣੂੰ ਵੀ ਗੁਰਰਾ ਕੇ ਇਹੋ ਜਿਹੀ ਭਾਵਨਾ ਹੀ ਪ੍ਰਗਟ ਕਰਦੇ ਹਨ। ਸਾਡੇ ਸਮਾਜ ਵਿਚ ਪੁੱਤਰ ਦੇ ਵਿਆਹ ਤੋਂ ਬਾਅਦ ਮਾਂ ਨੂੰਹ ਨੂੰ ਆਪਣੇ ਪੁੱਤਰ ਪਿਆਰ ਲਈ ਖਤਰਾ ਸਮਝ ਕੇ ਉਸ ਨਾਲ ਸਾੜਾ ਰੱਖਣਾ ਸ਼ੁਰੂ ਕਰ ਦਿੰਦੀ ਹੈ। ਦੋ ਭੈਣਾਂ ਆਪਸ ਵਿਚ ਇਸੇ ਗੱਲ ਤੋਂ ਇਕ ਦੂਜੀ ਨਾਲ ਈਰਖਾ ਕਰਦੀਆਂ ਰਹਿੰਦੀਆਂ ਹਨ ਕਿ ਕਿਤੇ ਦੂਜੀ ਮਾਪਿਆਂ ਦੇ ਵਧੇਰੇ ਨੇੜੇ ਲੱਗ ਕੇ ਜਾਇਦਾਦ ਵਿਚੋਂ ਵਧੇਰੇ ਹਿੱਸਾ ਨਾ ਲੈ ਜਾਵੇ। ਮੁਲਾਜ਼ਮ ਤਰੱਕੀਆਂ ਲਈ ਲੜਦੇ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ।
ਇਹ ਭਾਵਨਾਵਾਂ ਮਨੁੱਖ ਦੀ ਹੋਂਦ ਤੇ ਵਿਕਾਸ ਦੀਆਂ ਅੰਤਰੀਵ ਰੁਚੀਆਂ ਨਾਲ ਜੁੜੀਆਂ ਪਾਈਆਂ ਜਾਂਦੀਆਂ ਹਨ। ਜੋ ਆਪਣੀ ਹੀ ਪ੍ਰਬਲਤਾ ਦੇ ਬੋਝ ਹੇਠ ਪੁੱਠੀ ਲੀਹ `ਤੇ ਪੈ ਗਈਆਂ ਹੁੰਦੀਆਂ ਹਨ। ਇਕ ਵਾਰ ਪੈ ਜਾਣ ਫਿਰ ਨਾ ਇਨ੍ਹਾਂ ਨੂੰ ਮਨੁੱਖ ਆਪਣੇ ਆਪ ਸਿੱਧਾ ਕਰ ਸਕਦਾ ਹੈ ਤੇ ਨਾ ਕੋਈ ਪੀਰ, ਪੈਗੰਬਰ ਤੇ ਸਿਆਣਾ ਉਸ ਨੂੰ ਇਨ੍ਹਾਂ ਤੋਂ ਮੁਕਤ ਕਰਵਾ ਸਕਦਾ ਹੈ। ਇਸ ਜਲਣ ਤੇ ਕਾਹੜੇ ਦਾ ਇਲਾਜ ਹੋਮਿਉਪੈਥੀ ਤੇ ਬੈਚ ਫੁੱਲ ਪ੍ਰਣਾਲੀ ਤੋਂ ਬਿਨਾ ਕਿਸੇ ਹੋਰ ਮੈਡੀਕਲ ਸਿਸਟਮ ਵਿਚ ਨਹੀਂ ਹੈ। ਬੈਚ ਫੁੱਲ ਦਵਾਈਆਂ ਵਿਚੋਂ ਸਿਰਫ ਹਾਉਲੀ ਹੀ ਇਸ ਨੂੰ ਸਹੀ ਤਰ੍ਹਾਂ ਦੂਰ ਕਰ ਸਕਦੀ ਹੈ। ਇਸੇ ਤਰ੍ਹਾਂ ਦੀ ਦੂਜੀ ਦਵਾਈ ਬੀਚ ਹੈ, ਪਰ ਉਸ ਦੇ ਰੋਗੀਆਂ ਵਿਚ ਵਿਅਕਤੀਗਤ ਨਫਰਤ ਦੀ ਥਾਂ ਦੂਜਿਆਂ ਦੇ ਵਿਹਾਰ ਤੇ ਗੁੱਸਾ ਅਤੇ ਸੰਸਕ੍ਰਿਤੀ ਪ੍ਰਤੀ ਅਸਹਿਨਸ਼ੀਲਤਾ ਭਾਰੂ ਹੁੰਦੀ ਹੈ। ਇਸ ਦਾ ਜ਼ਿਕਰ ਪਹਿਲਾਂ ਹੀ ਕੀਤਾ ਜਾ ਚੁਕਾ ਹੈ।
ਹਾਉਲੀ ਦੇ ਮਰੀਜ਼ ਢਹਿੰਦੀਆਂ ਕਲਾਂ ਵਾਲੇ ਹੁੰਦੇ ਹਨ। ਉਹ ਸਾਜਿਸ਼ਾਂ ਤੇ ਸ਼ਿਕਾਇਤਾਂ ਕਰਨ ਵਾਲੇ ਅਤੇ ਸਦਭਾਵਨਾ ਨੂੰ ਤੋੜਨ ਵਾਲੇ ਹੁੰਦੇ ਹਨ। ਆਪਣੇ ਸ਼ੱਕ ਤੇ ਹਉਮੈ ਕਾਰਨ ਉਹ ਦੂਜਿਆਂ ਨੂੰ ਅੱਗੇ ਵਧਣ ਦੀ ਥਾਂ ਪਿੱਛੇ ਖਿੱਚਦੇ ਹਨ। ਉਹ ਸੰਸਾਰ ਦੀ ਪ੍ਰਗਤੀਵਾਦੀ ਭਾਵ ਅਗਾਹਾਂਵਾਦੀ ਰਫਤਾਰ ਦਾ ਪਹੀਆ ਪਿਛਾਂਹ ਮੋੜਦੇ ਹਨ। ਉਹ ਗੁਰਬਾਣੀ ਦੇ ਆਸ਼ਾਵਾਦੀ ਤੇ ਚੜ੍ਹਦੀ ਕਲਾ ਵਾਲੇ ਉਪਦੇਸ਼ ਦੀ ਅਵਹੇਲਣਾ ਕਰਦੇ ਹਨ। ਉਨ੍ਹਾਂ ਦਾ ਸਿਧਾਂਤ ਦੂਜਿਆਂ ਨੂੰ ਰੋਕ ਕੇ ਰੱਖਣ ਲਈ ਹਮੇਸ਼ਾ ਖਿਝਣਾ ਤੇ ਛੋਟੇ ਦਿਖਾਉਣਾ ਹੁੰਦਾ ਹੈ। ਇਹ ਦੂਜਿਆਂ ਦੀ ਖੁਸ਼ੀ, ਏਕਤਾ ਤੇ ਪ੍ਰਗਤੀ ਦੇਖ ਕੇ ਜਰ ਨਹੀਂ ਸਕਦੇ, ਪਰ ਉਨ੍ਹਾਂ ਦਾ ਦੁੱਖ, ਕਲੇਸ਼ ਤੇ ਪਤਨ ਦੇਖ ਕੇ ਮਨੋਂ ਖੁਸ਼ ਹੁੰਦੇ ਹਨ। ਇਹ ਪੁੱਠੀ ਸੋਚ ਦੇ ਧਾਰਨੀ ਇਕ ਤਰ੍ਹਾਂ ਨਾਲ ਮਾਨਸਿਕ ਰੋਗੀ ਹੁੰਦੇ ਹਨ। ਹਾਉਲੀ ਬਿਨਾ ਲੈਬ-ਟੈਸਟ, ਐਕਸਰੇ ਤੇ ਆਪਰੇਸ਼ਨ ਕੀਤਿਆਂ ਦੋ ਖੁਰਾਕਾਂ ਵਿਚ ਹੀ ਇਨ੍ਹਾਂ ਦੀ ਸੋਚ ਦੀ ਦਿਸ਼ਾ ਮੋੜ ਕੇ ਸਿੱਧਾ ਕਰਨ ਦੀ ਸਮਰੱਥਾ ਰੱਖਦੀ ਹੈ।
ਪਿੱਛੇ ਪੰਜਾਬ ਵਿਚ ਅਤੇ ਹੁਣ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ, ਉੱਥੇ ਨਜ਼ਰ ਦਾ ਵਹਿਮ ਆਮ ਪ੍ਰਚੱਲਤ ਹੈ। ਇਸ ਅਨੁਸਾਰ ਸਮਾਜ ਵਿਚ ਕਈ ਭੈੜੇ ਵਿਅਕਤੀ ਵਸਦੇ ਹਨ, ਜਿਨ੍ਹਾਂ ਦੀ ਨਜ਼ਰ ਮਾੜੀ ਮੰਨੀ ਜਾਂਦੀ ਹੈ। ਜਿਸ ਚੀਜ਼ ਉਤੇ ਇਹ ਪੈ ਜਾਵੇ, ਉਹ ਖਰਾਬ ਹੋ ਜਾਂਦੀ ਹੈ ਜਾਂ ਟੁੱਟ ਭੱਜ ਜਾਂਦੀ ਹੈ। ਇਸ ਲਈ ਉਹ ਆਪਣੀ ਹਰ ਇਕ ਪਸੰਦੀਦਾ ਚੀਜ਼ ਨੂੰ, ਖਾਸ ਕਰਕੇ ਨਵੀਂ ਖਰੀਦੀ ਜਾਂ ਬਣਵਾਈ ਚੀਜ਼ ਨੂੰ, ਢਕ ਕੇ ਰੱਖਦੇ ਹਨ। ਜੇ ਉਹ ਚੀਜ਼ ਵੱਡੀ ਹੋਵੇ ਤੇ ਢਕੀ ਨਾ ਜਾ ਸਕੇ ਤਾਂ ਉਸ ਤੇ ਕਾਲਾ ਟਿੱਕਾ, ਮਿਰਚਾਂ, ਜੁੱਤੀ ਜਾਂ ਡਰਾਉਣੀ ਫੋਟੋ ਟੰਗ ਦਿੰਦੇ ਹਨ ਤਾਂ ਜੋ ਭੈੜੀ ਨਿਗਾਹ ਉਸ ਨੂੰ ਦੇਖਣ ਤੋਂ ਪਹਿਲਾਂ ਹੀ ਉਸ `ਤੇ ਟੰਗੀ ਬਦਸੂਰਤ ਚੀਜ਼ ਨਾਲ ਟਕਰਾ ਕੇ ਨਿਸ਼ਾਨੇ ਤੋਂ ਭਟਕ ਜਾਵੇ। ਇਸੇ ਲਈ ਚੰਗੀ ਫਸਲ, ਅਗੇਤੀ ਪਨੀਰੀ ਤੇ ਫਲਾਂ ਲੱਦੇ ਦਰਖਤਾਂ ਉੱਤੇ ਜੁੱਤੀ ਲਟਕਦੀ ਦਿਖਾਈ ਦਿੰਦੀ ਹੈ। ਚੰਗੇ, ਵੱਡੇ ਤੇ ਨਵੇਂ ਮਕਾਨਾਂ ਤੇ ਨਜ਼ਰ-ਬੱਟੂ ਟੰਗਿਆ ਹੁੰਦਾ ਹੈ। ਸੁੰਦਰ ਬੱਚਿਆਂ ਨੂੰ ਬਾਹਰ ਕੱਢਣ ਵੇਲੇ ਉਨ੍ਹਾਂ ਦੇ ਚਿਹਰੇ `ਤੇ ਕਾਲਾ ਟਿੱਕਾ ਲਾਇਆ ਜਾਂਦਾ ਹੈ। ਇਸ ਨਜ਼ਰ ਦੇ ਵਹਿਮ ਪਿੱਛੇ ਵੀ ਨਫਰਤ ਛੁਪੀ ਹੁੰਦੀ ਹੈ।
ਜਿਨ੍ਹਾਂ ਵਿਅਕਤੀਆਂ ਦੀ ਨਜ਼ਰ ਮਾੜੀ ਤੇ ਖਤਰਨਾਕ ਸਮਝੀ ਜਾਂਦੀ ਹੈ, ਉਹ ਅਕਾਰਨ ਘ੍ਰਿਣਾ ਕਰਨ ਵਾਲੇ ਹੀ ਹੁੰਦੇ ਹਨ। ਇਹ ਓਹੀ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਭੈੜਾ ਸਮਝ ਕੇ ਲੋਕ ਉਨ੍ਹਾਂ ਦੀ ਬਦਨੀਅਤੀ ਨਜ਼ਰ ਦਾ ਸਵਾਗਤ ਨਜ਼ਰ-ਬੱਟੂਆਂ ਤੇ ਕਾਲੇ ਟਿੱਕਿਆਂ ਨਾਲ ਕਰਦੇ ਹਨ। ਇਹ ਉਹੀ ਲੋਕ ਹੁੰਦੇ ਹਨ, ਜੋ ਲਾਗ ਡਾਟ ਕਾਰਨ ਉਨ੍ਹਾਂ ਬਾਰੇ ਬੁਰੀ ਰਾਏ ਫੈਲਾਉਂਦੇ ਹਨ। ਇਹ ਸੈਮੀਨਾਰਾਂ ਤੇ ਕਾਨਫਰੰਸਾਂ ਵਿਚ ਦੂਜਿਆਂ ਦੀਆਂ ਲੱਤਾਂ ਖਿੱਚਦੇ ਹਨ ਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਘਟੀਆਂ ਰਿਵਿਊ ਲਿਖਦੇ ਹਨ। ਨਫਰਤ ਦੇ ਮਾਰੇ ਇਹ ਲੋਕ ਦੂਜਿਆਂ ਦੇ ਚਲਦੇ ਕੰਮ ਰੁਕਵਾਉਂਦੇ ਹਨ, ਅਰਜ਼ੀਆਂ ਰੱਦ ਕਰਵਾਉਂਦੇ ਹਨ ਤੇ ਝੂਠੇ ਕੇਸ ਬਣਵਾਉਂਦੇ ਹਨ। ਇਹ ਉਹੀ ਨਫਰਤੀ ਲੋਕ ਹੁੰਦੇ ਹਨ, ਜੋ ਮਿੱਤਰ ਬਣ ਕੇ ਝੂਠੀਆਂ ਸਲਾਹਾਂ ਦਿੰਦੇ ਹਨ, ਦੂਜਿਆਂ ਦੇ ਹੁੰਦੇ ਰਿਸ਼ਤਿਆਂ `ਤੇ ਭਾਨੀ ਮਾਰਦੇ ਹਨ, ਖੜ੍ਹੀਆਂ ਫਸਲਾਂ ਨੂੰ ਅੱਗ ਲਾਉਂਦੇ ਹਨ ਤੇ ਫਿਰੌਤੀਆਂ ਦੇ ਕੇ ਬੰਦੇ ਮਰਵਾਉਂਦੇ ਹਨ। ਇਹ ਸ਼ੱਕ ਤੇ ਘ੍ਰਿਣਾ ਕਾਰਨ ਕਿਸੇ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਤੀਕ ਜਾਂਦੇ ਹਨ।
ਪਤਾ ਨਹੀਂ ਨਜ਼ਰ-ਬੱਟੂ ਜਾਂ ਤਾਵੀਜ਼ ਇਨ੍ਹਾਂ ਨੂੰ ਰੋਕਣ ਲਈ ਕੋਈ ਕੰਮ ਕਰਦੇ ਹਨ ਜਾਂ ਨਹੀਂ, ਪਰ ਫੁੱਲ ਦਵਾਈ ਹਾਉਲੀ ਜਰੂਰ ਇਨ੍ਹਾਂ ਦੀ ਪੁੱਠੀ ਸੋਚ ਨੂੰ ਸਿੱਧਾ ਕਰ ਸਕਦੀ ਹੈ। ਇਸ ਦੀਆਂ ਕੁਝ ਕੁ ਖੁਰਾਕਾਂ ਹੀ ਉਨ੍ਹਾਂ ਦੀ ਭਟਕੀ ਮਾਨਸਿਕਤਾ ਨੂੰ ਸ਼ਾਂਤ ਕਰ ਕੇ ਅੱਛੇ ਇਨਸਾਨ ਬਣਾ ਸਕਦੀਆਂ ਹਨ। ਅਜਿਹੇ ਮਨੁੱਖ ਫਿਰ ਈਰਖਾ ਛੱਡ ਕੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਲੱਗ ਪੈਂਦੇ ਹਨ। ਉਹ ਦੁੱਖ ਸੁੱਖ ਸਮੇਂ ਉਨ੍ਹਾਂ ਨਾਲ ਖੜ੍ਹਨ ਲੱਗਦੇ ਹਨ ਤੇ ਉਨ੍ਹਾਂ ਦੀ ਯਥਾਯੋਗ ਮਦਦ ਕਰਨਾ ਸ਼ੁਰੂ ਕਰ ਦਿੰਦੇ ਹਨ।
ਡਾ. ਕਾਰਨੇਲੀਆ ਰਿਚਰਡਸਨ ਹਾਉਲੀ ਨੂੰ ਉਨ੍ਹਾਂ ਰੋਗੀਆਂ ਦੀ ਮਾਨਸਿਕਤਾ ਨਾਲ ਜੋੜਦੇ ਹਨ, ਜੋ ਪ੍ਰਸਥਿਤੀਆਂ ਜਾਂ ਦੂਜੇ ਬੰਦਿਆਂ ਪ੍ਰਤੀ ਆਮ ਲੋਕਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਹ ਕੁਝ ਹਾਲਾਤਾਂ ਵਿਚ ਦੂਜੇ ਬੰਦਿਆਂ ਤੋਂ ਇੰਨਾ ਖਤਰਾ ਮਹਿਸੂਸ ਕਰਦੇ ਹਨ ਕਿ ਕੁਝ ਵਾਪਰਨ ਤੋਂ ਪਹਿਲਾਂ ਹੀ ਆਪਣਾ ਸੁਰੱਖਿਆ ਬਾਣ ਚਲਾ ਦਿੰਦੇ ਹਨ। ਇਸ ਲਈ ਉਹ ਸ਼ੱਕ, ਈਰਖਾ ਤੇ ਹਿੰਸਾ `ਤੇ ਉਤਾਰੂ ਹੋ ਜਾਂਦੇ ਹਨ ਅਤੇ ਇਨ੍ਹਾਂ ਰਾਹੀਂ ਆਪਣੇ ਹਿਤ ਦਾ ਬਚਾਓ ਕਰਨ ਲੱਗ ਜਾਂਦੇ ਹਨ। ਇਉਂ ਕਹੋ ਕਿ ਇਨ੍ਹਾਂ ਦੀ ਸ਼ਹਿਨਸ਼ਕਤੀ ਜਾਂ ਭਿੜਨ ਸ਼ਕਤੀ ਦਾ ਬਿੰਦੂ ਬੜਾ ਨੀਂਵਾਂ ਝੁਕਿਆ ਹੁੰਦਾ ਹੈ ਤੇ ਹਰ ਛੋਟੀ-ਵੱਡੀ ਸੰਵੇਦਨਾ ਇਸ ਤੀਕ ਪਹੁੰਚ ਕੇ ਆਸਾਨੀ ਨਾਲ ਖਤਰੇ ਦੀ ਘੰਟੀ ਦਬਾ ਸਕਦੀ ਹੈ। ਹਾਉਲੀ ਦੀਆਂ ਕੁਝ ਖੁਰਾਕਾਂ ਹੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੇ ਬਿੰਦੂ ਨੂੰ ਉੱਪਰ ਚੁਕ ਦਿੰਦੀਆਂ ਹਨ ਤੇ ਉਹ ਬਹੁਤ ਸਾਰੇ ਢਾਹੂ ਵਿਚਾਰਾਂ ਤੋਂ ਬਚ ਜਾਂਦੇ ਹਨ।
ਡਾ. ਕਾਰਨੇਲੀਆ ਅਨੁਸਾਰ ਇਹ ਫੁੱਲ ਦਵਾਈ ਨਾ ਸਿਰਫ ਸੁਭਾਵਿਕ ਉਲਾਰਾਂ ਨੂੰ ਠੀਕ ਕਰਦੀ ਹੈ, ਸਗੋਂ ਨੀਮ ਪਾਗਲਪਣ ਦੇ ਉਨ੍ਹਾਂ ਦੌਰਿਆਂ ਲਈ ਵੀ ਲਾਭਦਾਇਕ ਸਾਬਤ ਹੁੰਦੀ ਹੈ, ਜਿਨ੍ਹਾਂ ਵਿਚ ਬੀਮਾਰ ਝੱਲਪੁਣੇ ਵਿਚ ਬੇਵਸ ਹੋ ਕੇ ਆਪਣੇ ਮਨਸੂਬੇ ਈਰਖਾ ਤੇ ਹਿੰਸਾ ਨਾਲ ਪੂਰੇ ਕਰਨ ਲਗਦਾ ਹੈ।
ਅਜਿਹੇ ਬਿਮਾਰ ਨਰ-ਨਾਰੀਆਂ ਦੀਆਂ ਮਿਸਾਲਾਂ ਸਮਾਜ ਵਿਚ ਥਾਂ ਥਾਂ ਮਿਲਦੀਆਂ ਹਨ ਤੇ ਅਖਬਾਰਾਂ ਵਿਚ ਹਰ ਰੋਜ਼ ਛਪਦੀਆਂ ਹਨ। ਕੋਈ ਸਿਰ-ਫਿਰਿਆ ਆਪਣੇ ਪੜੋਸੀ ਨਾਲ ਕਿਸੇ ਸ਼ੱਕ ਜਾਂ ਕੁੜੱਤਣ ਦੀ ਕਿੜ ਕੱਢਣ ਲਈ ਉਸ ਦੇ ਬੱਚੇ ਦਾ ਅਪਹਰਣ ਕਰਵਾ ਦਿੰਦਾ ਹੈ। ਕੋਈ ਕਿਸੇ ਦੀ ਵਪਾਰਕ ਤਰੱਕੀ ਜਾਂ ਪਰਿਵਾਰਕ ਖੁਸ਼ਹਾਲੀ ਨਾ ਜਰਦਾ ਹੋਇਆ ਪਹਿਲਾਂ ਉਸ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰਦਾ ਹੈ ਤੇ ਫਿਰ ਮਾਰ ਮੁਕਾਉਂਦਾ ਹੈ। ਕੋਈ ਖਿਝਿਆ ਆਸ਼ਕ ਆਪਣੀ ਮਹਿਬੂਬਾ ਵਲੋਂ ਸ਼ਾਦੀ ਦੀ ਪੇਸ਼ਕਸ਼ ਨਾਮਨਜ਼ੂਰ ਕਰ ਦੇਣ ਕਾਰਨ ਉਸ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ। ਕੋਈ ਕਿਸੇ ਦੇ ਵਿਦੇਸ਼ ਜਾਣ ਦੀ ਈਰਖਾ ਵਿਚ ਮੱਚਦਾ ਉਸ ਦੇ ਪਾਸਪੋਰਟ ਦੀ ਪੁਲਿਸ ਰਿਪੋਰਟ ਗਲਤ ਕਰਵਾ ਦਿੰਦਾ ਹੈ। ਅਜਿਹੇ ਲੋਕ ਬਿਨਾ ਕਿਸੇ ਵਾਜਬ ਵਜ੍ਹਾ ਦੇ ਪੁੱਠੇ ਕਾਰੇ ਕਰਦੇ ਰਹਿੰਦੇ ਹਨ, ਜਿਨ੍ਹਾਂ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ। ਨਾ ਸਿਰਫ ਉਹ ਦੂਜਿਆਂ ਨੂੰ ਸਹੀ ਕੰਮ ਕਰਨ ਤੋਂ ਰੋਕਦੇ ਹਨ, ਸਗੋਂ ਆਪਣਾ ਵੀ ਨੁਕਸਾਨ ਕਰਦੇ ਹਨ। ਇਹ ਲੋਕ ਆਮ ਮਾੜੇ ਸੁਭਾਅ ਦੇ ਸਮਝ ਕੇ ਅਣਗੌਲੇ ਨਹੀਂ ਕਰ ਦੇਣੇ ਚਾਹੀਦੇ। ਇਹ ਬਿਮਾਰ ਮਾਨਸਿਕਤਾ ਵਾਲੇ ਹੁੰਦੇ ਹਨ, ਜੋ ਸਮਾਂ ਆਉਣ `ਤੇ ਹਿੰਸਾ ਵੀ ਕਰ ਸਕਦੇ ਹਨ। ਇਨ੍ਹਾਂ ਦਾ ਇਲਾਜ ਹੋਣਾ ਚਾਹੀਦਾ ਹੈ, ਜੋ ਸਿਰਫ ਫੁੱਲ ਦਵਾਈ ਹਾਉਲੀ ਹੀ ਕਰ ਸਕਦੀ ਹੈ।
ਦੂਜਿਆਂ ਨਾਲ ਈਰਖਾ, ਖਾਰ ਤੇ ਸਾੜੇ ਤੋਂ ਸ਼ਾਇਦ ਕੋਈ ਹੀ ਬਚਿਆ ਹੋਵੇ। ਵੈਰੀ-ਮਿੱਤਰ ਇਕ ਸਮਾਨ ਸਮਝ ਕੇ ਨਿਰਲੇਪ ਰਹਿਣ ਵਾਲੇ ਤੇ ਦਿਲੋਂ ਸਰਬੱਤ ਦਾ ਭਲਾ ਮੰਗਣ ਵਾਲੇ ਵਿਅਕਤੀ ਸੰਸਾਰ ਵਿਚ ਸ਼ਾਇਦ ਵਿਰਲੇ ਹੀ ਹੋਣਗੇ। ਗੁਰਬਾਣੀ ਅਨੁਸਾਰ ਅਜਿਹਾ ਹੋਣਾ ਪਰਮਗਤ ਭਾਵ ਅਨੋਖੇ ਅਨੁਭਵਾਂ ਦੀ ਸਿਖਰਲੀ ਸਤਾਹ ਪ੍ਰਾਪਤ ਕਰਨ ਵਾਲੀ ਗੱਲ ਹੈ। ਮਨੁੱਖੀ ਮਸਤਕ ਵਿਚੋਂ ਹਉਮੈ ਤੇ ਬਖੀਲੀ ਦੀ ਮੈਲ ਕੱਟ ਕੇ ਅਜਿਹੀਆਂ ਧਨਾਤਮਿਕ ਤੇ ਅਗਾਹਵਧੂ ਪ੍ਰਵਿਰਤੀਆਂ ਸਿਰਫ ਹਾਉਲੀ ਹੀ ਪੈਦਾ ਕਰ ਸਕਦੀ ਹੈ। ਇਸ ਤਰ੍ਹਾਂ ਦੇ ਕਟੂ ਮਨੋਵਿਗਿਆਨਕ ਦੋਸ਼ਾਂ ਨੂੰ ਨਕਾਰਨ ਵਾਲੀ ਕੋਈ ਔਸ਼ਧੀ ਕਿਸੇ ਹੋਰ ਦਵਾਈ ਪ੍ਰਣਾਲੀ ਵਿਚ ਨਹੀਂ ਹੈ। ਹਕੀਮ ਲੁਕਮਾਨ ਤੇ ਦਵਾ-ਦਾਰੂ ਦੇ ਕਹਾਉਤੀ ਉੱਚ ਕੋਟੀ ਮਾਹਿਰਾਂ ਦੇ ਹੱਥ ਵੀ ਅਜਿਹੇ ਉਪਚਾਰਾਂ ਤੋਂ ਖਾਲੀ ਸਨ। ਇਸ ਦੇ ਗੁਣਾਂ ਦੀ ਸਹੀ ਸਮਝ ਇਸ ਨੂੰ ਵਰਤ ਕੇ ਹੀ ਪਤਾ ਚਲਦੀ ਹੈ।
ਹਾਉਲੀ ਦੇ ਲੱਛਣਾਂ ਤੇ ਪ੍ਰਵਿਰਤੀਆਂ ਨੂੰ ਆਸਾਨ ਤੇ ਸੰਖੇਪ ਕਰ ਕੇ ਹੇਠ ਲਿਖੇ ਢੰਗ ਨਾਲ ਲਿਖਿਆ ਜਾ ਸਕਦਾ ਹੈ:
1. ਇਸ ਦੇ ਮਰੀਜ਼ ਹਉਮੈ-ਪ੍ਰਸਤ ਹੁੰਦੇ ਹਨ।
2. ਉਹ ਦੂਜਿਆਂ ਨੂੰ ਆਪਣੇ ਪ੍ਰਤੀਦਵੰਧੀਆਂ ਦੇ ਰੂਪ ਵਿਚ ਦੇਖਦੇ ਹਨ।
3. ਉਹ ਦੂਜਿਆਂ ਨੂੰ ਆਪਣੇ ਤੋਂ ਅੱਗੇ ਵਧਦੇ ਨਹੀਂ ਜਰ ਸਕਦੇ।
4. ਉਹ ਦੂਜਿਆਂ ਨਾਲ ਅਕਾਰਨ ਸਾੜਾ ਰੱਖਦੇ ਹਨ ਤੇ ਉਨ੍ਹਾਂ ਦਾ ਪਿੱਛਾ ਤੱਕਦੇ ਹਨ।
5. ਉਹ ਵਧੇਰੇ ਕਰ ਕੇ ਸ਼ੱਕੀ ਸੋਚ `ਤੇ ਅਮਲ ਕਰਦੇ ਹਨ।
6. ਘ੍ਰਿਣਾ ਕਾਰਨ ਉਹ ਦੂਜਿਆਂ ਪ੍ਰਤੀ ਮੰਦਾ ਬੋਲ ਕੇ ਚੁਗਲੀ ਕਰਦੇ ਹਨ।
7. ਦੂਜਿਆਂ ਨੂੰ ਦਬਾਉਣ ਲਈ ਉਹ ਨਫਰਤ, ਹਿੰਸਾ ਤੇ ਬਦਲੇ ਦੀ ਨੀਤੀ ਤੋਂ ਕੰਮ ਲੈਂਦੇ ਹਨ।
8. ਉਹ ਆਪ ਤਰੱਕੀ ਕਰ ਕੇ ਦੂਜਿਆਂ ਤੋਂ ਅੱਗੇ ਨਿਕਲਣ ਦੀ ਥਾਂ ਉਨ੍ਹਾਂ ਨੂੰ ਪਿੱਛੇ ਖਿੱਚਦੇ ਹਨ।
9. ਉਹ ਸਾਂਝੇ ਕੰਮ ਵਿਚ ਮਿਲਵਰਤਨ ਕਰਨ ਦੀ ਥਾਂ ਵਿਰੋਧਭਾਵ ਖੜ੍ਹਾ ਕਰਦੇ ਹਨ।
10. ਉਹ ਭਾਨੀਮਾਰ ਹੁੰਦੇ ਹਨ ਤੇ ਦੂਜਿਆਂ ਪ੍ਰਤੀ ਲੁਕ-ਛਿਪ ਕੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ।
ਹਾਉਲੀ ਦੇ ਮਰੀਜ਼ ਵਧੇਰੇ ਕਰ ਕੇ ਗੁੱਸਾ, ਮਾਨਸਿਕ ਤਣਾਓ, ਸਿਰ ਦਰਦ, ਬਲੱਡ ਪ੍ਰੈਸ਼ਰ, ਅਨਿੰਦਰਾਪਣ, ਸ਼ਕਰ ਰੋਗ, ਦਿਲ, ਸਾਹ ਤੇ ਪਾਚਨ ਪ੍ਰਣਾਲੀ ਦੀਆਂ ਕਈ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਨ। ਆਪਣੇ ਨਫਰਤ ਭਰੇ ਰਵੱਈਏ ਕਾਰਨ ਉਹ ਸਮਾਜ ਨਾਲੋਂ ਕਟੇ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਕਈ ਮਨੋਵਿਗਿਆਨਕ ਕਸ਼ਟ ਘੇਰੀ ਰੱਖਦੇ ਹਨ। ਹਾਉਲੀ ਲੈਣ ਨਾਲ ਉਹ ਆਪਣੀਆਂ ਮੰਦ ਭਾਵਨਾਵਾਂ ਤੋਂ ਛੁਟਕਾਰਾ ਪਾ ਕੇ ਹਾਂ-ਪੱਖੀ ਸੋਚ ਵਾਲਾ ਅਰੋਗ ਜੀਵਨ ਬਿਤਾ ਸਕਦੇ ਹਨ।