ਲਾਲਚੀ ਹਕੂਮਤ ਨੇ ਦੇਸ ਕਰੋਨਾ ਮਹਾਮਾਰੀ ਦੇ ਮੂੰਹ ਵਿਚ ਧੱਕਿਆ

ਸੁਕੰਨਿਆਂ ਭਾਰਦਵਾਜ ਨਾਭਾ
ਦੇਸ ਵਿਚ ਅਜਿਹਾ ਪ੍ਰਧਾਨ ਮੰਤਰੀ ਕਦੇ ਨਹੀਂ ਦੇਖਿਆ ਹੋਵੇਗਾ, ਜੋ ਦੇਸ ਨੂੰ ਹਨੇਰੀ ਗੁਫਾ ਵਿਚ ਧੱਕ ਕੇ ਮੌਜ ਕਰ ਰਿਹਾ ਹੋਵੇ। ਲੋਕਾਂ ਦੀਆਂ ਲਾਸ਼ਾਂ ਵਿਛਦੀਆਂ ਜਾ ਰਹੀਆਂ ਸਨ/ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ/ਹੈ, ਪਰ ਉਸੀ ਰਵਾਨੀ ਨਾਲ ਉਹ ਚੋਣ ਰੈਲੀਆਂ ਵਿਚ ਵਧ-ਚੜ੍ਹ ਕੇ ਸ਼ਾਮਲ ਹੁੰਦਾ ਰਿਹਾ। ਜਰਾ ਜਿੰਨੀ ਵੀ ਸ਼ਿਕਨ ਉਹਦੇ ਚਿਹਰੇ `ਤੇ ਨਹੀਂ ਆਈ, ਲਾਸ਼ਾਂ ਨੂੰ ਦਰੜਦਾ ਉਹ ਪੱਛਮੀ ਬੰਗਾਲ ਦੇ ਚੋਣ ਕਿਲੇ ਨੂੰ ਸਰ ਕਰਨ ਲਈ ਲਗਾਤਾਰ ਵਧਦਾ ਚਲਾ ਗਿਆ। ਪਿਛਲੇ ਡੇਢ ਮਹੀਨੇ ਤੋਂ ਜਿਸ ਤਰ੍ਹਾਂ ਦੇਸ ਵਾਸੀਆਂ ਨੇ ਸੰਤਾਪ ਭੋਗਿਆ ਹੈ, ਉਹ ਕਹਿਣ-ਸੁਣਨ ਤੋਂ ਪਰੇ ਹੈ।

ਕਦੇ ਦੇਖਿਆ-ਸੁਣਿਆ ਹੈ ਕਿ ਇਕ ਦੇਸ ਦਾ ਪ੍ਰਧਾਨ ਮੰਤਰੀ ਸੱਤਾ ਦੀ ਲਾਲਸਾ ਵਿਚ ਆਪਣੇ ਦੇਸ ਦੇ ਨਾਗਰਿਕਾਂ ਨੂੰ ਮਰਦਿਆਂ ਛੱਡ ਕੇ ਲਾਸ਼ਾਂ ਦੇ ਉਤੋਂ ਦੀ ਲੰਘ ਕੇ ਹਰ ਹਾਲਤ ਵਿਚ ਚੋਣਾਂ ਜਿੱਤਣ ਨੂੰ ਤਰਜੀਹ ਦਿੰਦਾ ਹੋਵੇ!
ਕਿਸੇ ਗ੍ਰਹਿ ਮੰਤਰੀ, ਮੰਤਰੀ, ਮੁੱਖ ਮੰਤਰੀਆਂ ਤੇ ਆਪਣੇ ਆਪ ਨੂੰ ਵੱਡੀ ਦੇਸ ਭਗਤ, ਸਮਾਜਿਕ ਸੰਸਕ੍ਰਿਤੀ ਦੀ ਝੰਡਾਬਰਦਾਰ ਕਹਾਉਣ ਵਾਲੀ ਆਰ. ਐਸ. ਐਸ. ਨੂੰ ਵੀ ਕੋਈ ਫਿਕਰ ਨਹੀਂ, ਜੋ ਪੂਰੇ ਸੰਗਠਨ ਨੂੰ ਪੱਛਮੀ ਬੰਗਾਲ ਵਿਚ ਝੋਕ ਚੁਕੀ ਸੀ। ਝਾਰਖੰਡ, ਬਿਹਾਰ, ਉਤਰ ਪ੍ਰਦੇਸ਼ ਦੇ 10 ਹਜ਼ਾਰ ਸੰਘੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ, ਤਾਂ ਕਿ ਇਸ ਲਾਲਸਾ ਦੀ ਪੂਰਤੀ ਲਈ ਮੋਦੀ-ਸ਼ਾਹ ਤੇ ਇਨ੍ਹਾਂ ਦੇ ਹਿੰਦੂਤਵ ਦਾ ਪਰਚਮ ਲਹਿਰਾਉਂਦਾ ਰਹੇ। ਆਜ਼ਾਦੀ ਤੋਂ ਬਾਅਦ ਕਿਸੇ ਵੀ ਪ੍ਰਧਾਨ ਮੰਤਰੀ ਨੇ ਅਜਿਹੇ ਮਾੜੇ ਹਾਲਤ ਨਹੀਂ ਪੈਦਾ ਹੋਣ ਦਿੱਤੇ, ਜਦੋਂ ਦੇਸ ਨੂੰ ਭਿਆਨਕ ਤ੍ਰਾਸਦੀ ਦਾ ਸਾਹਮਣਾ ਕਰਨਾ ਪਿਆ ਹੋਵੇ।
ਇੰਨੇ ਗੰਭੀਰ ਹਾਲਤ ਇਕ ਦਮ ਨਹੀਂ ਹੋਏ, ਸਗੋਂ ਇਹ ਸਿਲਸਿਲਾ ਤਾਂ ‘ਨਮਸਤੇ ਟਰੰਪ’ ਤੋਂ ਸ਼ੁਰੂ ਹੋ ਕੇ, ਫਿਰ ਮੱਧ ਪ੍ਰਦੇਸ਼ ਸਰਕਾਰ ਬਣਾਉਣ ਲਈ ਭੰਨ-ਤੋੜ ਤੇ ਫਿਰ ਬਿਹਾਰ ਦੀਆਂ ਚੋਣਾਂ ਜਿੱਤਣ ਤੋਂ ਅੱਜ ਇਹ ਪੰਜ ਰਾਜਾਂ ਦੀਆਂ ਚੋਣਾਂ ਤਕ ਬਾਦਸਤੂਰ ਜਾਰੀ ਰਿਹਾ। ਜਿਲਾ ਪੱਧਰ `ਤੇ 12 ਤੋਂ 16 ਸੌ ਆਰ. ਐਸ. ਐਸ. ਕਾਰਕੁਨ ਤੇ ਇੰਨੀ ਹੀ ਤਾਦਾਦ ਵਿਚ ਪਾਰਟੀ ਹਮਦਰਦ/ਵਰਕਰ ਵੀ ਫੈਲੇ ਹੋਏ ਸਨ। ਕਰੋਨਾ ਮਹਾਮਾਰੀ ਵੀ ਬਰਾਬਰ ਕਹਿਰ ਵਰਤਾਉਂਦੀ ਰਹੀ। ਪ੍ਰਧਾਨ ਮੰਤਰੀ ਨੇ 23 ਅਪਰੈਲ ਦੀ ਵਰਚੂਅਲ ਰੈਲੀ ਵਿਚ ਕਲਕੱਤਾ, ਵੀਰਭੂੰਮ, ਮਾਲਦਾ, ਪੱਛਮੀ ਵਰਦਾਨ (ਵਰਧਮਾਨ) ਵਿਚ ਸੈਂਕੜੇ ਐਲ. ਈ. ਡੀ. ਲਾ ਕੇ ਲੋਕਾਂ ਨੂੰ ਸੰਬੋਧਨ ਕਰਦੇ ਹਨ। ਇਸ ਦਿਨ ਕਰੀਬ 23,600 ਲੋਕਾਂ ਦੀ ਮੌਤ ਹੋ ਚੁਕੀ ਸੀ। 27 ਅਪਰੈਲ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਦੇਸ਼ ਵਿਚ 3293 ਲੋਕਾਂ ਦੀ ਮੌਤ ਹੋਈ। ਕਰੋਨਾ ਨਾਲ ਮਰ ਰਹੇ ਲੋਕਾਂ ਪ੍ਰਤੀ ਸੰਵੇਦਨਾ, ਅਫਸੋਸ ਜਾਂ ਦੁੱਖ ਦਾ ਕੋਈ ਸ਼ਿਕਨ ਤਕ ਪ੍ਰਧਾਨ ਮੰਤਰੀ ਦੇ ਚਿਹਰੇ `ਤੇ ਨਹੀਂ ਸੀ। ਦੂਜੇ ਪਾਸੇ ਦੇਸ ਦੇ ਗ੍ਰਹਿ ਮੰਤਰੀ ਆਪਣਾ ਗ੍ਰਹਿ ਦੇਖਣ ਦੀ ਥਾਂ ਰੈਲੀ, ਰੋਡ ਸ਼ੋਅ, ਗਰੀਬਾਂ ਨੂੰ ਭੁਚਲਾਉਣ ਲਈ ਉਨ੍ਹਾਂ ਦੇ ਘਰਾਂ ਵਿਚ ਭੋਜਨ ਕਰਨਾ ਆਦਿ ਚੋਣ ਲੁਭਾਉਣੇ ਕਾਰਜਾਂ ਵਿਚ ਮਸਰੂਫ ਸਨ। ਇਹ ਉਦੋਂ ਹੋ ਰਿਹਾ ਸੀ, ਜਦੋਂ ਦੇਸ ਦੀ ਜਨਤਾ ਆਕਸੀਜਨ, ਦਵਾਈਆਂ, ਵੈਂਟੀਲੇਟਰ ਦੀ ਘਾਟ ਨਾਲ ਹਸਪਤਾਲਾਂ, ਸੜਕਾਂ `ਤੇ ਦਮ ਤੋੜ ਰਹੀ ਸੀ ਤੇ ਵਾਰਸ ਆਪਣਿਆਂ ਨੂੰ ਤੜਫ ਤੜਫ ਕੇ ਮੌਤ ਦੇ ਮੂੰਹ ਵਿਚ ਜਾਂਦਾ ਦੇਖ ਰਹੇ ਸਨ।
2019 ਵਿਚ ਲੋਕਾਂ ਨੂੰ ਲਗਦਾ ਸੀ ਕਿ ਉਹ ਦੇਸ ਦੇ ਪ੍ਰਧਾਨ ਮੰਤਰੀ ਨੂੰ ਚੁਣ ਰਹੇ ਹਨ, ਲੋਕਾਂ ਨੂੰ ਕੀ ਪਤਾ ਸੀ ਕਿ ਉਹੋ ਹੀ ਪ੍ਰਧਾਨ ਮੰਤਰੀ ਦੇਸ ਦੀ ਰਿਆਇਆ ਦੇ ਭਲੇ ਦੀ ਥਾਂ ਆਪਣੀ ਸੱਤਾ ਦੀ ਭੁੱਖ ਪੂਰਤੀ ਲਈ ਰਾਜ ਦਰ ਰਾਜ ਚੋਣ ਲੜਦਾ ਜਾਵੇਗਾ। ਦੇਸ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਟੈਕਸਾਂ ਦਾ ਪੈਸਾ ਤੇ ਬਹੁਤ ਸਾਰਾ ਕੀਮਤੀ ਸਮਾਂ ਸਿਰਫ ਸੱਤਾ ਹਾਸਲ ਕਰਨ `ਤੇ ਜ਼ਾਇਆ ਕਰੇਗਾ।
2 ਜੂਨ 1975 ਵਿਚ ਅਲਾਹਾਬਾਦ ਹਾਈਕੋਰਟ ਨੇ ਇੰਦਰਾ ਗਾਂਧੀ ਦੀ ਦੀ ਰਾਏਬਰੇਲੀ ਚੋਣ ਇਸ ਕਰਕੇ ਰੱਦ ਕਰ ਦਿੱਤੀ ਸੀ ਕਿ ਇੱਕ ਸਰਕਾਰੀ ਅਧਿਕਾਰੀ ਯਸ਼ਪਾਲ ਕਪੂਰ ਉਸ ਦਾ ਚੋਣ ਏਜੰਟ ਸੀ। ਮਰਹੂਮ ਪ੍ਰਧਾਨ ਮੰਤਰੀ ਤੋਂ ਹਾਰਨ ਵਾਲੇ ਸਮਾਜਵਾਦੀ ਨੇਤਾ ਰਾਜ ਨਰਾਇਣ ਸਿੰਘ ਨੇ ਉਕਤ ਕਾਰਨ ਨੂੰ ਆਧਾਰ ਬਣਾ ਕੇ ਇਲਾਹਾਬਾਦ ਹਾਈਕੋਰਟ ਵਿਚ ਇੰਦਰਾ ਗਾਂਧੀ ਦੀ ਜਿੱਤ ਦਾ ਵਿਰੋਧ ਕੀਤਾ ਸੀ। ਅਦਾਲਤ ਨੇ ਕਾਰਵਾਈ ਕਰਦਿਆਂ ਇਸ ਚੋਣ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਗੱਲ 1971 ਦੀ ਸੰਸਦੀ ਚੋਣਾਂ ਦੀ ਹੈ। ਭਾਵੇਂ 25 ਜੂੂਨ 1975 ਨੂੰ ਇੰਦਰਾ ਨੇ ਦੇਸ ਵਿਚ ਐਮਰਜੈਂਸੀ ਲਾ ਦਿੱਤੀ ਸੀ, ਜਿਸ ਦਾ ਆਧਾਰ ਇਹ ਕੋਰਟ ਦਾ ਫੈਸਲਾ ਬਣਿਆ ਦੱਸਿਆ ਜਾਂਦਾ ਹੈ। ਜੱਜ ਜਗਮੋਹਨ ਲਾਲ ਸਿਨਹਾ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦਾ ਲਾਲਚ ਤਕ ਦਿੱਤਾ ਗਿਆ, ਪਰ ਉਸ ਨੇ ਕਿਸੇ ਵੀ ਲਾਲਚ ਦੀ ਥਾਂ ਅਦਾਲਤ ਦੇ ਸਨਮਾਨ ਨੂੰ ਤਰਜੀਹ ਦਿੱਤੀ ਤੇ ਉਸ ਦਾ ਇਹ ਫੈਸਲਾ ਇਤਿਹਾਸਕ ਹੋ ਨਿਬੜਿਆ। ਮੌਜੂਦਾ ਭਾਜਪਾ ਰਾਜ ਦੌਰਾਨ ਚੋਣ ਅਧਿਕਾਰੀ ਪੂਰੀ ਚੋਣ ਰੈਲੀ ਨੂੰ ਆਯੋਜਿਤ, ਭੀੜ ਇਕੱਠੀ ਕਰਨ, ਸਾਊਂਡ, ਸਿਆਸੀ ਜੋੜ-ਤੋੜ ਸਮੇਤ ਬਾਕੀ ਸਾਰੇ ਪ੍ਰਬੰਧ ਦੇਖ ਰਹੇ ਸਨ। ਨੌਕਰਸ਼ਾਹਾਂ ਦੀ ਵੱਡੀ ਗਿਣਤੀ ਸਮੇਤ ਚੋਣ ਕਮੀਸ਼ਨ ਦੇ ਪੱਛਮੀ ਬੰਗਾਲ ਦੇ ਚੋਣ ਦੰਗਲ ਵਿਚ ਸ਼ਾਮਲ ਸੀ।
ਜਿਵੇਂ ਜਿਵੇਂ ਚੋਣ ਭਲਵਾਨ ਇਨ੍ਹਾਂ ਮਾੜੇ ਹਾਲਾਤ ਨੂੰ ਅਣਗੌਲਿਆਂ ਕਰਦੇ ਰਹੇ, ਕੌਮਾਂਤਰੀ ਮਹਾਮਾਰੀ ਵਿਚ ਆਪਣੇ ਲੋਕਾਂ ਨਾਲ ਖੜ੍ਹਨ ਦੀ ਥਾਂ ਹਰ ਹੀਲੇ ਪੱਛਮੀ ਬੰਗਾਲ ਦਾ ਕਿਲਾ ਫਤਿਹ ਕਰਨ ਲਈ ਸਾਰੀ ਸਮਰੱਥਾ ਉਥੇ ਝੋਕਦੇ ਰਹੇ, ਉਵੇਂ ਹੀ ਮਹਾਮਾਰੀ ਜੋਰ ਫੜਦੀ ਰਹੀ ਤੇ ਵੱਸ ਤੋਂ ਬਾਹਰੀ ਹੁੰਦੀ ਗਈ। ਗੱਲ ਕੀ, ਸਾਰੇ ਦੇਸ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਗਿਆ ਤੇ ਕੋਈ ਮੁਢਲੀ ਸਹਾਇਤਾ ਦਾ ਢਾਂਚਾ ਤਿਆਰ ਨਾ ਕੀਤਾ ਗਿਆ। ਦਿੱਲੀ ਦੇ 10 ਕਿਲੋਮੀਟਰ ਦੇ ਘੇਰੇ ਵਿਚ 55 ਹਸਪਤਾਲ ਹਨ, ਜਿਨ੍ਹਾਂ ਵਿਚੋਂ 42 ਹਸਪਤਾਲ ਅਜਿਹੇ ਹਨ, ਜਿਨਾਂ ਵਿਚ ਆਕਸੀਜਨ ਦੀ ਕਮੀ ਦੀ ਮਾਰਾ-ਮਾਰੀ ਅਜਿਹੀ ਚਲ ਰਹੀ ਸੀ ਕਿ ਲੋਕ ਅੰਦਰ ਵੀ ਤੇ ਬਾਹਰ ਵੀ ਮਰ ਰਹੇ ਸਨ।
ਦੂਜੇ ਪਾਸੇ ਕੇਰਲ ਦੀ ਮਿਸਾਲ ਹੈ, ਜਿਥੇ ਖੱਬੇ ਪੱਖੀਆਂ ਨੇ ਚੋਣ ਵੀ ਜਿੱਤੀ ਤੇ ਕੋਵਿਡ ਦਾ ਟਾਕਰਾ ਵੀ ਸੂਝ ਸਿਆਣਪ ਨਾਲ ਕੀਤਾ। ਫਿਰੇ ਵੀ ਪ੍ਰਧਾਨ ਮੰਤਰੀ ਦਫਤਰ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ `ਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਕੀ ਸ਼ਾਮਸ਼ਾਨਘਾਟਾਂ ਵਿਚ ਲਾਸ਼ਾਂ ਦੀਆਂ ਕਤਾਰਾਂ ਨਹੀਂ ਲੱਗੀਆਂ? ਕੀ ਸੜਕਾਂ ਕਿਨਾਰੇ ਮੁਰਦੇ ਦਫਨ ਨਹੀਂ ਕੀਤੇ ਗਏ? ਕੀ ਆਕਸੀਜਨ ਲੈਣ ਲਈ ਲੋਕ ਦੌੜ-ਭੱਜ ਨਹੀਂ ਕਰ ਰਹੇ ਸਨ? ਜਦੋਂ ਕਿ ਉਨ੍ਹਾਂ ਦੇ ਪਿਆਰੇ ਉਨ੍ਹਾਂ ਦੇ ਸਾਹਮਣੇ ਆਕਸੀਜਨ ਤੇ ਦਵਾਈਆਂ ਦੀ ਥੁੜ੍ਹ ਨਾਲ ਦਮ ਤੋੜ ਰਹੇ ਸਨ।
ਇਸ ਚੋਣ ਪ੍ਰਕ੍ਰਿਆ ਵਿਚ ਲੱਗੇ 42 ਅਧਿਕਾਰੀ ਦੇਸ ਦੇ ਚੋਣ ਅਧਿਕਾਰੀ ਨੂੰ ਪਲ ਪਲ ਦੀ ਖਬਰ ਦੇ ਰਹੇ ਸਨ। ਗਵਰਨਰ ਹਾਊਸ ਭਾਜਪਾ ਆਗੂਆਂ ਦਾ ਸਿਆਸੀ ਅੱਡਾ ਸੀ। 1947 ਵਿਚ ਜਦੋਂ ਦੇਸ ਵਿਚ ਨੈਸ਼ਨਲ ਗੌਰਮਿੰਟ ਬਣੀ ਸੀ, ਹਰ ਜਗ੍ਹਾ, ਹਰ ਖੇਤਰ ਦੇ ਨੁਮਾਇੰਦੇ ਜੋ ਆਪਣੇ ਆਪਣੇ ਖੇਤਰ ਦੇ ਕਾਬਲ ਸਨ, ਨੂੰ ਅਸੈਂਬਲੀ ਵਿਚ ਲਿਆ ਗਿਆ। ਇਨ੍ਹਾਂ ਵਿਚ ਮੁੱਖ ਤੌਰ `ਤੇ ਡਾ. ਅੰਬੇਦਕਰ, ਸ਼ਿਆਮਾ ਪ੍ਰਸ਼ਾਦ ਮੁਖਰਜੀ, ਸਰਦਾਰ ਪਟੇਲ ਸ਼ਾਮਲ ਸਨ। ਜੇ ਇਨ੍ਹਾਂ ਨੂੰ ਗਲੀਆਂ ਦੀਆਂ ਚੋਣਾਂ ਵਿਚ ਝੋਕ ਦਿੱਤਾ ਜਾਂਦਾ, ਕੀ ਉਨ੍ਹਾਂ ਦਾ ਅੱਜ ਵਾਲਾ ਰੁਤਬਾ ਬਰਕਰਾਰ ਰਹਿੰਦਾ?
ਦੇਸ਼ ਦੀ ਜਨਤਾ ਮਹਾਮਾਰੀ ਦੇ ਨਾਲ ਨਾਲ ਆਕਸੀਜਨ, ਦਵਾਈਆਂ, ਵੈਂਟੀਲੇਟਰਾਂ ਤੇ ਮਾਹਰ ਡਾਕਟਰਾਂ ਦੀ ਘਾਟ ਨਾਲ ਦਮ ਤੋੜ ਰਹੀ ਹੈ। ਉਸ ਲਈ ਯਤਨ ਹਾਲੇ ਵੀ ਸੰਜੀਦਾ ਨਹੀਂ। ਟੀਕਾਕਰਨ ਮੁਹਿੰਮ ਅਰੰਭ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਈ। ਰਾਜ ਸਰਕਾਰਾਂ ਨੂੰ ਟੀਕਾਕਰਨ ਦਾ ਪ੍ਰਬੰਧ ਆਪਣੇ ਵਲੋਂ ਕਰਨ ਦੇ ਅਦੇਸ਼ ਦਿੱਤੇ ਗਏ। ਕਿਤੇ ਵੀ ਦੇਸ ਦੀ ਪ੍ਰਮੁਖ ਸਰਕਾਰ ਦੀ ਸੰਜੀਦਗੀ ਨਾ ਵਿਖਾਈ ਦਿੱਤੀ। ਉਂਜ ਜੇ ਰਾਜ ਸਰਕਾਰਾਂ ਦੇ ਅਧਿਕਾਰਾਂ ਦੇ ਕਾਨੂੰਨ ਵੀ ਆਪ ਹੀ ਬਣਾ ਕੇ ਉਨ੍ਹਾਂ `ਤੇ ਥੋਪ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਪੁੱਛਣ ਦੀ ਜਹਿਮਤ ਨਹੀਂ ਰਹਿ ਜਾਂਦੀ। ਆਕਸੀਜਨ ਦੀ ਬਲੈਕ ਸ਼ੁਰੂ ਹੋ ਗਈ ਤੇ ਹਜ਼ਾਰ ਪੰਜ ਸੌ ਦੇ ਆਕਸੀਜਨ ਸਿਲੰਡਰ ਦੀ ਬਲੈਕ ਲੱਖਾਂ ਨੂੰ ਪਾਰ ਕਰ ਗਈ। ਲਾਸ਼ਾਂ ਲਿਜਾਣ ਵਾਲੀਆਂ ਐਂਬੂਲੈਂਸਾਂ ਅਤੇ ਮੁਰਦਾਘਾਟ ਵਿਚ ਕਫਨ ਤੇ ਲੱਕੜਾਂ ਦੀ ਵੀ ਬਲੈਕ ਚੱਲ ਪਈ। ਪੈਰਾਸਿਟਾਮੋਲ ਵਰਗੀਆਂ ਆਮ ਦਵਾਈਆਂ ਦੀ ਜਾਣ-ਬੁੱਝ ਕੇ ਕਿੱਲਤ ਪੈਦਾ ਕੀਤੀ ਗਈ। ਰਾਤੋ ਰਾਤ ਦਿੱਲੀ ਵਿਚ ਨਕਲੀ ਦਵਾਈਆਂ ਦੀ ਫੈਕਟਰੀ ਹੋਂਦ ਵਿਚ ਆ ਗਈ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਦਿੱਲੀ ਵਿਚ ਦੋ-ਦੋ ਸਰਕਾਰਾਂ ਹੁੰਦਿਆਂ ਫੈਕਟਰੀ ਮਾਲਕ ਅਰਾਮ ਨਾਲ ਫਰਾਰ ਹੋ ਗਿਆ। ਲਾਸ਼ਾਂ ਦਾ ਸਸਕਾਰ ਕਰਨ ਲਈ ਵੱਡੀਆਂ ਵੱਡੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਸੜਕਾਂ, ਦਰਿਆਵਾਂ ਦੇ ਕੰਢੇ ਵੀ ਸਸਕਾਰ ਕਰਨੇ ਸ਼ੁਰੂ ਕਰ ਦਿੱਤੇ। ਗੰਗਾ ਵਿਚ ਵਹਿ ਰਹੀਆਂ ਦੋ ਹਜ਼ਾਰ ਦੇ ਕਰੀਬ ਲਾਸ਼ਾਂ ਚਰਚਾ ਦਾ ਵਿਸ਼ਾ ਹਨ, ਜਿਸ ਦੀ ਜਿ਼ੰਮੇਵਾਰੀ ਕੋਈ ਵੀ ਲੈਣ ਨੂੰ ਤਿਆਰ ਨਹੀਂ-ਨਾ ਯੂ. ਪੀ., ਬਿਹਾਰ ਦੀ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ।
ਗੋਆ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਹਰ ਰੋਜ ਸੈਂਕੜੇ ਕਰੋਨਾ ਪੀੜਤ ਆਕਸੀਜਨ ਬੰਦ ਹੋਣ ਕਾਰਨ ਤੜਫ ਤੜਫ ਮਰ ਗਏ, ਪਰ ਨਾ ਗੋਆ ਤੇ ਨਾ ਕੇਂਦਰ ਸਰਕਾਰ ਆਕਸੀਜਨ ਬੰਦ ਹੋਣ ਦਾ ਕਾਰਨ ਲੱਭ ਸਕੀ। ਹੋਰ ਤਾਂ ਹੋਰ ਪ੍ਰਧਾਨ ਮੰਤਰੀ ਕੇਅਰ ਫੰਡ ਵਿਚੋਂ ਭੇਜੇ ਵੈਂਟੀਲੇਟਰ ਜ਼ਿਆਦਾਤਰ ਖਰਾਬ ਨਿਕਲੇ ਹਨ। ਹਰਿਆਣਾ ਦੇ ਕੁਝ ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪਿੰਡਾਂ ਵਿਚ ‘ਫਾਈਵ ਜੀ’ ਦੇ ਲਾਂਚਿੰਗ ਰੈਡੀਏਸ਼ਨ ਨਾਲ 67 ਦੇ ਕਰੀਬ ਲੋਕ ਮਾਰੇ ਗਏ ਹਨ, ਜਦੋਂ ਉਨ੍ਹਾਂ ਇਹਦੇ ਕੁਨੈਕਸ਼ਨ ਕੱਟ ਦਿੱਤੇ ਤਾਂ ਮੌਤਾਂ ਦਾ ਸਿਲਸਿਲਾ ਬੰਦ ਹੋ ਗਿਆ। ਭਾਵੇਂ ਇਸ ਪ੍ਰਕ੍ਰਿਆ ਦਾ ਕੋਈ ਤਕਨੀਕੀ/ਵਿਗਿਆਨਕ ਪ੍ਰਮਾਣ ਨਹੀਂ, ਪਰ ਲੋਕਾਂ ਵਿਚ ਡਰ ਦਾ ਮਾਹੌਲ ਹੈ। ਮਹਾਮਾਰੀ ਦੇ ਨਾਲ ਨਾਲ ਲੋਕ ਭੁਖਮਰੀ ਦਾ ਵੀ ਸਿ਼ਕਾਰ ਹਨ। ਲੱਖਾਂ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ ਹਨ। ਸਰਕਾਰ ਉਨ੍ਹਾਂ ਨੂੰ ਕੋਈ ਬੇਕਾਰੀ ਭੱਤਾ ਜਾਂ ਕਰੋਨਾ ਸਹਾਇਤਾ ਵੀ ਨਹੀਂ ਦੇ ਰਹੀ। ਵਿਦੇਸ਼ਾਂ ਤੋਂ ਅਰਬਾਂ ਡਾਲਰ ਮਾਇਕ ਮਦਦ ਇਕੱਠੀ ਹੋ ਚੁਕੀ ਹੈ, ਪਰ ਦੇਸ ਦੀ ਜਨਤਾ ਲਈ ਕੁਝ ਨਹੀਂ। ਉਲਟਾ ਟੀਕੇ ਤੋਂ ਵੀ ਜੀ. ਐਸ. ਟੀ. ਲਿਆ ਜਾ ਰਿਹਾ ਹੈ।
ਆਲ ਇੰਡੀਆ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸ੍ਰੀਨਿਵਾਸ ਬੀ. ਵੀ., ਆਪ ਵਿਧਾਇਕ ਦਲੀਪ ਪਾਂਡੇ, ਸਾਬਕਾ ਕਾਂਗਰਸੀ ਵਿਧਾਇਕ ਮੁਕੇਸ਼ ਸ਼ਰਮਾ, ਜੋ ਇਸ ਮਹਾਮਾਰੀ ਕਾਲ ਵਿਚ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਦੇ ਘਰ/ਦਫਤਰ ਵਿਖੇ ਦਿੱਲੀ ਪੁਲਿਸ ਨੇ ਛਾਪੇ ਮਾਰੇ ਤੇ ਘੰਟਿਆਂ ਤਕ ਪੁੱਛਗਿੱਛ ਕੀਤੀ ਕਿ ਉਹ ਇਹ ਦਵਾਈਆਂ, ਆਕਸੀਜਨ ਸਿਲੰਡਰ ਤੇ ਕਰੋਨਾ ਪੀੜਤਾਂ ਨੂੰ ਲੋੜੀਂਦਾ ਸਾਜ਼ੋ-ਸਾਮਾਨ ਕਿਵੇਂ ਜੁਟਾ ਰਹੇ ਹਨ; ਉਨ੍ਹਾਂ ਦੇ ਆਰਥਿਕ ਸਾਧਨ ਕੀ ਹਨ? ਇਤਿਆਦਿ।
ਇਕ ਸਾਬਕਾ ਪੱਤਰਕਾਰ ਤੇ ਰਾਜ ਸਭਾ ਮੈਂਬਰ ਦੀ ਪਤਨੀ ਡੈਥ ਬੈੱਡ `ਤੇ ਸੀ, ਉਸ ਲਈ ਉਹਨੇ ਕਿਸੇ ਤਰ੍ਹਾਂ ਆਕਸੀਜਨ ਸਿਲੰਡਰ ਤੇ ਕਰੋਨਾ ਦਵਾਈ ਦਾ ਪ੍ਰਬੰਧ ਕੀਤਾ ਤਾਂ ਦਿੱਲੀ ਪੁਲਿਸ ਨੇ ਉਸ ਦੀ ਵੀ ਪੁਛਗਿੱਛ ਕੀਤੀ ਕਿ ਉਸ ਨੇ ਇਹ ਸਭ ਕੁਝ ਕਿਥੋਂ ਤੇ ਕਿਵੇਂ ਜੁਟਾਇਆ? ਦਿੱਲੀ ਪੁਲਿਸ ਨੇ ‘ਆਪ’ ਮੰਤਰੀ ਇਮਰਾਨ ਹੁਸੈਨ ਦੇ ਘਰ `ਤੇ ਛਾਪਾ ਮਾਰ ਕੇ ਆਕਸੀਜਨ ਸਿਲੰਡਰ ਬਰਾਮਦ ਕਰ ਦਿੱਲੀ ਹਾਈ ਕੋਰਟ ਵਿਚ ਪੇਸ਼ ਕਰਕੇ ਦੋਸ਼ ਲਾਇਆ ਕਿ ਉਕਤ ਮੰਤਰੀ ਵਲੋਂ ਆਕਸੀਜਨ ਦੀ ਕਾਲਾਬਜ਼ਾਰੀ ਕੀਤੀ ਜਾ ਰਹੀ ਸੀ, ਪਰ ਉਸ ਕੋਲ ਹਰਿਆਣਾ ਤੋਂ ਆਕਸੀਜਨ ਮੰਗਵਾਉਣ ਤੇ ਲੋੜਵੰਦਾਂ ਨੂੰ ਮੁਫਤ ਦੇਣ ਦਾ ਸਾਰਾ ਰਿਕਾਰਡ ਹੋਣ ਕਾਰਨ ਦਿੱਲੀ ਪੁਲਿਸ ਨੂੰ ਮੂੰਹ ਦੀ ਖਾਣੀ ਪਈ।
ਇਸ ਬਲਦੀ ਅੱਗ ਵਿਚ ਕਿਤੇ ਸੀਤ ਹਵਾ ਦਾ ਬੁੱਲਾ ਆਉਂਦਾ ਹੈ ਤਾਂ ਰਤਾ ਮਨ ਨੂੰ ਸਕੂਨ ਮਿਲਦਾ ਹੈ। ਉਕਤ ਸਮਾਜ ਸੇਵੀਆਂ ਤੋਂ ਇਲਾਵਾ ਸਾਬਕਾ ਵਿਧਾਇਕ ਤੇ ਪਦਮਸ਼੍ਰੀ ਐਵਾਰਡੀ ਜਤਿੰਦਰ ਸਿੰਘ ਸ਼ੈਂਟੀ ਤੇ ਉਨ੍ਹਾਂ ਦਾ ਜਵਾਨ ਬੇਟਾ ਜੋਧਵੀਰ ਸਿੰਘ ਆਪਣੀਆਂ 18 ਐਂਬੂਲੈਂਸਾਂ ਰਾਹੀਂ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਅਗਵਾਈ ਵਿਚ ਲਾਸ਼ਾਂ ਨੂੰ ਹਸਪਤਾਲਾਂ ਤੋਂ ਸ਼ਮਸ਼ਾਨਘਾਟ ਤਕ ਲਿਜਾਣ, ਬਹੁਤਿਆਂ ਦਾ ਦਾਹ ਸਸਕਾਰ ਕਰਨ ਸਮੇਤ ਸਾਰੀਆਂ ਅੰਤਿਮ ਕ੍ਰਿਆਵਾਂ ਵੀ ਆਪਣੇ ਵਲੋਂ ਮੁਫਤ ਕਰਨ ਜਿਹੇ ਕਾਰਜ ਨਿਭਾ ਰਹੇ ਹਨ। ਕੇਂਦਰ ਸਰਕਾਰ ਨੇ ਤਾਂ ਲੱਕੜਾਂ ਦੀ ਕਾਲਾਬਾਜ਼ਾਰੀ, ਐਂਬੂਲੈਂਸ ਡਰਾਈਵਰਾਂ ਤੇ ਮੁਰਦਘਾਟ ਦੇ ਇੰਚਾਰਜਾਂ ਵਲੋਂ ਮ੍ਰਿਤਕਾਂ ਦੇ ਵਾਰਸਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ, ਜਦੋਂ ਕਿ ਸ. ਸ਼ੈਂਟੀ ਨੇ ਸ਼ਮਸ਼ਾਨਘਾਟਾਂ `ਤੇ ਮੁਫਤ ਲੱਕੜੀ ਦੇ ਢੇਰ ਲਾ ਦਿੱਤੇ। ਸੋ ਇਸ ਮਹਾਮਾਰੀ ਨੇ ਜਿਥੇ ਵੱਡੇ ਵੱਡਿਆਂ ਦੇ ਮੁਖੌਟੇ ਲਾਹ ਦਿੱਤੇ ਹਨ, ਉਥੇ ਦਾਨੀ ਤੇ ਫਰਾਖਦਿਲ ਨੌਜਵਾਨ ਮਨੁੱਖਤਾ ਦੀ ਪੁਕਾਰ ਸੁਣ ਕੇ ਅੱਗੇ ਆਏ ਤੇ ਪੀੜਤਾਂ ਲੋੜਵੰਦਾਂ ਦੇ ਤਪਦੇ ਹਿਰਦਿਆਂ ਨੂੰ ਕੁਝ ਠੰਢਕ ਪਹੁੰਚਾਈ।