ਹੀਰਿਆਂ ਦਾ ਹਾਰ

ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ ਬੈਠ ਜਾਣ ਵਾਲੀ ਕਹਾਣੀ ਹੈ। ਇਹ ਅਜਿਹੀ ਉਤਮ ਰਚਨਾ ਹੈ ਜਿਹੜੀ ਪਾਠਕ ਨੂੰ ਵਾਰ-ਵਾਰ ਝਟਕਾ ਦਿੰਦੀ ਹੈ ਪਰ ਅੰਤ ਨੂੰ ਇਸ ਤਰ੍ਹਾਂ ਸੰਭਾਲਦੀ ਹੈ ਕਿ ਪਾਠਕ ਰੋਣ ਹਾਕਾ ਜਿਹਾ ਹੋ ਜਾਂਦਾ ਹੈ। ਇਹ ਕਹਾਣੀ ਰਿਸ਼ਤਿਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ।

ਜੇ.ਬੀ. ਸਿੰਘ
ਫੋਨ: 253-508-9805
ਪ੍ਰਧਾਨ, ਪੰਜਾਬੀ ਲਿਖਾਰੀ ਸਭਾ, ਸਿਆਟਲ।

ਮੁੰਡੇ ਵਾਲੇ ਭਾਵੇਂ ਆਖ ਰਹੇ ਸਨ ਕਿ ਅਸਾਂ ਦਾਜ ਵਿਚ ਕੁਝ ਨਹੀਂ ਲੈਣਾ ਪਰ ਕੁੜੀ ਦੇ ਮਾਪੇ ਬਜ਼ਿੱਦ ਸਨ।
“ਇਉਂ ਕਿਵੇਂ ਹੋ ਸਕਦਾ ਹੈ ਭਾਈ ਸਾਹਿਬ, ਪੁਰਾਣੀ ਰੀਤ ਚਲੀ ਆ ਰਹੀ ਹੈ।” ਲੜਕੀ ਦੇ ਬਾਪ ਨੇ ਕਿਹਾ।
“ਪਰ ਸ਼ਰਮਾ ਜੀ, ਸਾਨੂੰ ਬੁਰੀਆਂ ਰੀਤਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਦੇਖੋ ਪਰਮਾਤਮਾ ਦਾ ਦਿਤਾ ਸਾਡੇ ਕੋਲ ਸਭ ਕੁਝ ਹੈ। ਸਾਨੂੰ ਤਾਂ ਸਿਰਫ ਤਿੰਨ ਕਪੜਿਆਂ ਵਿਚ ਬੇਟੀ ਚਾਹੀਦੀ ਹੈ।” ਮਾਟਾ ਜੀ ਨੇ ਕਿਹਾ
ਲੜਕੀ ਦੇ ਮਾਪੇ ਵਾਪਸ ਘਰ ਚਲੇ ਗਏ। ਸ਼ਾਮ ਪਈ, ਸ਼ਰਮਾ ਜੀ ਦੇ ਭਰਾ ਤੇ ਭਰਜਾਈ ਉਸ ਦੇ ਘਰ ਆਏ। ਸ਼ਰਮਾ ਜੀ ਨੇ ਮਾਟਾ ਸਾਹਿਬ ਨਾਲ ਹੋਈ ਸਾਰੀ ਗਲ ਉਨ੍ਹਾਂ ਨੂੰ ਦਸੀ। ਸੁਣ ਕੇ ਯਕੀਨ ਨਾ ਆਇਆ।
“ਬਈ ਸਾਰੇ ਕਹਿੰਦੇ ਹੀ ਹੁੰਦੇ ਨੇ! ਕਿਹਦਾ ਦਿਲ ਨਹੀਂ ਕਰਦਾ ਕਿ ਘਰ ਵਿਚ ਲੱਛਮੀ ਆਵੇ। ਜੇ ਉਹ ਸਮਾਨ ਲੈ ਕੇ ਰਾਜ਼ੀ ਨਹੀਂ ਤਾ ਵੱਡਾ ਸਾਰਾ ਚੈੱਕ ਲਿਖ ਕੇ ਦੇ ਦਿੰਦੇ ਹਾਂ।”
“ਪਰ ਉਹ ਨਹੀਂ ਮੰਨਣਗੇ। ਨਾਲੇ ਚੈੱਕ ਦੇਣਾ ਤਾਂ ਹੋਰ ਵੀ ਮਾੜਾ ਏ। ਕੱਲ੍ਹ ਨੂੰ ਇਨਕਮ ਟੈਕਸ ਭਰਦੇ ਫਿਰਨਗੇ।”
“ਪਰ ਤੁਸੀਂ ਕਹਿੰਦੇ ਸੀ, ਮੁੰਡੇ ਦੇ ਮਾਂ ਬਾਪ ਦੋਨੋਂ ਬੈਂਕ ਵਿਚ ਅਫਸਰ ਨੇ। ਆਪੇ ਕਿਸੇ ਤਰੀਕੇ ਅਡਜਸਟ ਕਰ ਲੈਣਗੇ।” ਭਰਾ ਨੇ ਸਲਾਹ ਦਿਤੀ।
ਸ਼ਰਮਾ ਜੀ ਦਾ ਮਨ ਨਹੀਂ ਮੰਨਿਆ। ਇੰਨੇ ਨੂੰ ਨੀਤੂ ਬੋਲੀ, “ਡੈਡੀ, ਤੁਸੀਂ ਸਵੇਰੇ ਨਵੀਂ ਕਾਰ ਖਰੀਦ ਕੇ ਉਨ੍ਹਾਂ ਘਰ ਭੇਜ ਦਿਓ, ਆਖੋ ਇਹ ਸਾਡੀ ਕੁੜੀ ਵਾਸਤੇ ਹੀ ਹੈ, ਦਮਨ ਲਈ ਨਹੀਂ। ਬਸ ਛੱਡ ਕੇ ਆ ਜਾਣਾ। ਚਲਾਣੀ ਤਾਂ ਅਸਾਂ ਦੋਨਾਂ ਨੇ ਹੀ ਹੈ।”
“ਵਿਆਹ ਵਾਲੀਆਂ ਕੁੜੀਆਂ ਦਖਲ ਨਹੀਂ ਦੇਂਦੀਆਂ, ਤੈਨੂੰ ਦਾਜ ਬਿਨਾਂ ਨਹੀਂ ਤੋਰਦੇ।” ਨੀਤੂ ਦੀ ਮੰਮੀ ਰੁਕਮਣੀ ਨੇ ਉਹਨੂੰ ਤਾੜਿਆ।
“ਸਲਾਹ ਤਾਂ ਠੀਕ ਹੈ ਨੀਤੂ ਦੀ। ਨਾਲੇ ਟੈਸਟ ਹੋ ਜਾਵੇਗਾ ਕਿ ਉਨ੍ਹਾਂ ਦੇ ਮਨ ਵਿਚ ਕੀ ਹੈ। ਜੇ ਕਾਰ ਨਾ ਰੱਖੀ ਤਾਂ ਡੀਲਰ ਨੂੰ ਵਾਪਸ ਕਰ ਦਿਆਂਗੇ।” ਸ਼ਰਮਾ ਜੀ ਦੇ ਭਰਾ ਨੇ ਜਵਾਬ ਦਿਤਾ।
ਅਗਲੇ ਦਿਨ ਸ਼ਰਮਾ ਜੀ ਨੇ ਇਉਂ ਹੀ ਕੀਤਾ। ਡੀਲਰ ਤੋਂ ਟੈਸਟ ਡਰਾਈਵ ਲਈ ਕਾਰ ਲੈ ਕੇ ਉਹ ਮੁੰਡੇ ਦੇ ਘਰ ਚਲੇ ਗਏ। ਮਾਟਾ ਸਾਹਿਬ ਕਾਰ ਵੇਖ ਕੇ ਮੁਸਕਰਾਏ ਤੇ ਉਸ ਨੂੰ ਆਪਣੇ ਘਰ ਦੇ ਗਰਾਜ਼ ਵਿਚ ਲੈ ਗਏ। ਖੜ੍ਹੀ ਕਾਰ ਵਲ ਇਸ਼ਾਰਾ ਕਰ ਕੇ ਕਹਿਣ ਲੱਗੇ- “ਇਹ ਕਾਰ ਦਮਨ ਕੱਲ੍ਹ ਹੀ ਖਰੀਦ ਕੇ ਲਿਆਇਆ ਹੈ, ਕਹਿੰਦਾ ਏ ਨੀਤੂ ਦੀ ਪਸੰਦ ਦਾ ਰੰਗ ਹੈ। ਅਸਾਂ ਉਸ ਦੀ ਡੋਲੀ ਇਸੇ ਕਾਰ ਵਿਚ ਲਿਆਣੀ ਹੈ।”
ਸ਼ਰਮਾ ਜੀ ਉਹੀ ਕਾਰ ਡੀਲਰ ਨੂੰ ਵਾਪਸ ਕਰ ਕੇ ਘਰ ਵਾਪਸ ਚਲਾ ਗਏ। ਰਾਤ ਨੂੰ ਫਿਰ ਇਕੱਠੇ ਹੋਏ। ਸਾਰਿਆਂ ਨੂੰ ਯਕੀਨ ਹੋ ਗਿਆ ਕਿ ਉਹ ਸਚਮੁਚ ਦਾਜ ਦੇ ਵਿਰੁੱਧ ਹਨ।
“ਚਲੋ, ਚੰਗੀ ਗੱਲ ਏ। ਭਾਗਾਂ ਵਾਲੀ ਕੁੜੀ ਹੈ। ਨਹੀਂ ਤਾਂ ਅੱਜਕੱਲ੍ਹ ਪੜ੍ਹੇ ਲਿਖੇ ਮੁੰਡਿਆਂ ਦੀਆਂ ਮੰਗਾਂ ਈ ਨਹੀਂ ਮਾਨ। ਭਗਵਾਨ, ਤੇਰਾ ਸ਼ੁਕਰ ਏ।” ਨੀਤੂ ਦੀ ਮੰਮੀ ਨੇ ਹੱਥ ਜੋੜ ਕੇ ਸਿਰ ਨਿਵਾਇਆ।
“ਨੀਤੂ ਕਿਹੜਾ ਘਟ ਪੜ੍ਹੀ ਲਿਖੀ ਹੈ, ਇਹ ਵੀ ਤਾਂ ਕੰਪਿਊਟਰ ਇੰਜੀਨੀਅਰ ਹੈ। ਬੀ.ਟੈੱਕ ਵਿਚ ਸਾਰੀ ਯੂਨੀਵਰਸਟੀ ਵਿਚੋਂ ਟੌਪ ‘ਤੇ ਆਈ ਹੈ।” ਸ਼ਰਮਾ ਜੀ ਨੇ ਮਾਣ ਨਾਲ ਕਿਹਾ।
“ਪਰ ਇਸ ਦਾ ਮਤਲਬ ਇਹ ਤਾਂ ਵੀ ਹੋ ਸਕਦਾ ਹੈ ਕਿ ਉਹ ਕਿਸੇ ਵੱਡੀ ਚੀਜ਼ ਦੀ ਉਮੀਦ ਲਾਈ ਬੈਠੇ ਹੋਣ। ਨਹੀਂ ਤਾਂ ਉਨ੍ਹਾਂ ਨੂੰ ਇਹ ਦੱਸਣ ਦੀ ਕੀ ਲੋੜ ਸੀ ਕਿ ਕੁੜੀ ਵਾਸਤੇ ਕਾਰ ਖਰੀਦੀ ਹੈ।” ਨੀਤੂ ਦੀ ਚਾਚੀ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ। ਨਾਲ ਹੀ ਉਹਨੇ ਦੋ ਹੋਰ ਘਰਾਂ ਦੀਆਂ ਉਦਾਹਰਨਾਂ ਦੇ ਦਿਤੀਆਂ ਜਿਨ੍ਹਾਂ ਨੇ ਪਹਿਲੇ ਦਾਜ ਲੈਣ ਤੋਂ ਇਨਕਾਰ ਕਰ ਦਿਤਾ ਸੀ ਤੇ ਬਾਅਦ ਵਿਚ ਕੁੜੀ ਨੂੰ ਤਾਹਨੇ ਮਾਰ-ਮਾਰ ਕੇ ਦੁੱਗਣਾ ਵਸੂਲ ਕਰ ਲਿਆ ਸੀ।
ਇਕ ਵਾਰ ਫਿਰ ਸਭ ਸੋਚੀਂ ਪੈ ਗਏ। ਅਖੀਰ ਭਰਾ ਨੇ ਸਲਾਹ ਦਿਤੀ- “ਕਿਉਂ ਨਾ ਵਰਮਾਲਾ ਹੀ ਹੀਰਿਆਂ ਦੀ ਬਣਾ ਦਈਏ। ਨਾ ਉਹ ਦਾਜ ਵਿਚ ਗਿਣੀ ਜਾਊ, ਤੇ ਨਾ ਉਹ ਇਹ ਕਹਿ ਸਕਣਗੇ ਕਿ ਕੁਝ ਦਿਤਾ ਨਹੀਂ।”
“ਪਰ ਕਈ ਵਾਰੀ ਬਹੁਤੀ ਵੱਡੀ ਚੀਜ਼ ਦੇਖ ਕੇ ਬੰਦੇ ਲਾਲਚੀ ਵੀ ਹੋ ਜਾਦੇ ਨੇ।” ਨੀਤੂ ਦੀ ਚਾਚੀ ਨੇ ਫਿਰ ਸਵਾਲ ਖੜ੍ਹਾ ਕਰ ਦਿਤਾ।
“ਹੋ ਜਾਣ ਦੇ, ਅਸੀਂ ਕਿਹੜਾ ਨੋਟਾਂ ਨੂੰ ਅੱਗ ਲਗਾਣੀ ਹੈ ਜਾਂ ਬੈਂਕਾਂ ਵਿਚ ਪਏ ਇਹ ਸਾਨੂੰ ਨਿੱਘ ਦੇ ਰਹੇ ਨੇ? ਦੇਸ਼ ਵਿਦੇਸ਼ ਵਿਚ ਸਾਡੇ ਬਿਜ਼ਨਸ ਚਲਦੇ ਨੇ।” ਸ਼ਰਮਾ ਜੀ ਨੇ ਕਿਹਾ ਤੇ ਆਪਣੇ ਭਰਾ ਦੀ ਸਲਾਹ ਮੰਨ ਲਈ।
ਹੀਰਿਆਂ ਦੇ ਹਾਰ ਬਣਾਉਣ ਲਈ ਆਰਡਰ ਦੇ ਦਿਤਾ।
ਵਿਆਹ ਤੋਂ ਦੋ ਦਿਨ ਪਹਿਲੇ ਸ਼ਰਮਾ ਜੀ ਨੂੰ ਵਿਦੇਸ਼ ਜਾਣਾ ਪਿਆ। ਕੰਮ ਵੀ ਅਜਿਹਾ ਆਣ ਪਿਆ ਕਿ ਉਹ ਕਿਸੇ ਤਰੀਕੇ ਵੀ ਨਾਂਹ ਨਹੀਂ ਕਰ ਸਕਦਾ ਸੀ। ਉਸ ਨੇ ਵਿਆਹ ਦੀ ਜਿ਼ੰਮੇਵਾਰੀ ਆਪਣੇ ਭਰਾ ਨੂੰ ਸੌਂਪ ਦਿਤੀ।
ਵਿਆਹ ਦਾ ਦਿਨ ਆਇਆ। ਸਭ ਰਸਮਾਂ ਸ਼ਾਨੋ-ਸ਼ੌਕਤ ਨਾਲ ਕੀਤੀਆ ਗਈਆਂ। ਨੀਤੂ ਨੇ ਦਮਨ ਦੇ ਗਲ ਵਰਮਾਲਾ ਦੀ ਜਗ੍ਹਾ ਹੀਰਿਆਂ ਦਾ ਹਾਰ ਪਾ ਦਿਤਾ। ਮਹਿਮਾਨਾਂ ਦੀਆਂ ਅੱਖੀਆਂ ਚੁੰਧਿਆ ਗਈਆਂ। ਮਾਟਾ ਸਾਹਿਬ ਨੇ ਵੇਖਿਆ ਪਰ ਕੋਈ ਹੈਰਾਨੀ ਨਹੀਂ ਜ਼ਾਹਿਰ ਕੀਤੀ। ਉਨ੍ਹਾਂ ਨੂੰ ਵੇਖ ਕੇ ਨਾ ਉਨ੍ਹਾਂ ਦੀ ਪਤਨੀ ਬੋਲੀ ਨਾ ਹੀ ਦਮਨ। ਵਿਆਹ ਹੋ ਗਿਆ। ਡੋਲੀ ਤੁਰ ਗਈ।
ਰਸਮਾਂ ਅਨੁਸਾਰ ਇਕ ਹਫਤਾ ਕੁੜੀ ਨੂੰ ਘਰ ਦਾ ਕੋਈ ਵੀ ਕੰਮ ਵੀ ਨਹੀਂ ਕਰਨ ਦਿਤਾ ਗਿਆ। ਨੀਤੂ ਨੇ ਬਹੁਤ ਕਿਹਾ ਪਰ ਉਹਦੀ ਸੱਸ ਇਹੀ ਕਹਿੰਦੀ ਰਹੀ, “ਅਜੇ ਨਵੀਂ ਵਿਆਹੀ ਬਹੂ ਏਂ, ਕੁਝ ਦਿਨ ਅਰਾਮ ਕਰ ਲਾ। ਫਿਰ ਸਾਰੀ ਉਮਰ ਤੂੰ ਕੰਮ ਹੀ ਕਰਨਾ ਏ। ਮੇਰੀ ਤੂੰ ਇਕੋ-ਇਕ ਤਾਂ ਨੂੰਹ ਹੈਂ।”
ਹਫਤੇ ਬਾਅਦ ਘਰ ਵਿਚ ਚੌਂਕੇ ਚੜ੍ਹਨ ਦੀ ਰਸਮ ਮਨਾਈ ਜਾਣੀ ਸੀ। ਨੀਤੂ ਨੇ ਅਜ ਪਹਿਲੀ ਵਾਰ ਰਸੋਈ ਵਿਚ ਜਾਣਾ ਸੀ। ਰਸਮ ਅਨੁਸਾਰ ਉਸ ਨੇ ਚੌਲ ਬਣਾ ਕੇ ਸਾਰਿਆਂ ਨੂੰ ਪਲੇਟਾਂ ਵਿਚ ਪਰੋਸ ਕੇ ਦਿਤੇ। ਸਾਰਿਆਂ ਨੇ ਸ਼ਲਾਘਾ ਕੀਤੀ।
ਅਗਲੇ ਦਿਨ ਤੋਂ ਨੀਤੂ ਤੇ ਉਸ ਦੀ ਸੱਸ ਨੇ ਰਲ ਕੇ ਰਸੋਈ ਦਾ ਕੰਮ ਕਰਨਾ ਸ਼ੁਰੂ ਕਰ ਦਿਤਾ। ਇਕ ਦਿਨ ਨੀਤੂ ਰਸੋਈ ਅੰਦਰ ਵੜਨ ਹੀ ਲੱਗੀ ਸੀ ਕਿ ਉਸ ਨੇ ਨੋਟ ਕੀਤਾ, ਰਸੋਈ ਵਿਚ ਉਸ ਦੀ ਸੱਸ ਤੇ ਸਹੁਰਾ ਖੜ੍ਹੇ ਆਪਸ ਵਿਚ ਗੱਲਾਂ ਕਰ ਰਹੇ ਸਨ। ਨੀਤੂ ਵਲ ਦੋਨਾਂ ਦੀ ਪਿੱਠ ਸੀ। ਉਹ ਉਨ੍ਹੀਂ ਪੈਰੀਂ ਵਾਪਸ ਮੁੜਨ ਲੱਗੀ ਤਾਂ ਉਹਦੇ ਕੰਨਾਂ ਵਿਚ ਆਵਾਜ਼ ਪਈ- “ਤੁਸੀ ਦਮਨ ਦਾ ਹਾਰ ਬੈਂਕ ਦੇ ਲਾਕਰ ਵਿਚ ਰੱਖ ਦਿਓ, ਇੰਨਾ ਕੀਮਤੀ ਹਾਰ ਘਰ ਵਿਚ ਰੱਖਣਾ ਠੀਕ ਨਹੀਂ।” ਉਸ ਦੀ ਸੱਸ ਕਹਿ ਰਹੀ ਸੀ।
‘ਕੋਈ ਖਤਰੇ ਵਾਲੀ ਗੱਲ ਨਹੀਂ, ਉਹ ਅਸਲੀ ਹੀਰੇ ਨਹੀਂ। ਕੇਵਲ ਚਮਕ ਦਮਕ ਵਾਲੇ ਸ਼ੀਸ਼ੇ ਹਨ।” ਮਾਟਾ ਸਾਹਿਬ ਨੇ ਜਵਾਬ ਦਿੱਤਾ।
“ਨਾ ਤੁਸੀਂ ਕਿਸੇ ਜੌਹਰੀ ਕੋਲੋਂ ਚੈੱਕ ਕਰਵਾਏ ਨੇ?”
“ਪਿਛਲੇ ਚਾਲੀ ਸਾਲ ਤੋਂ ਗਾਹਕਾਂ ਨੂੰ ਬੈਂਕ ਦੇ ਲਾਕਰਾਂ ਵਿਚ ਹੀਰੇ ਰੱਖਦੇ ਦੇਖ ਰਿਹਾ ਹਾਂ। ਕਿਸੇ ਦੀ ਤਲੀ ‘ਤੇ ਪਿਆ ਹੀਰਾ ਵੇਖ ਕੇ ਮੈਂ ਉਸ ਦੀ ਕਿਸਮ ਦੱਸ ਸਕਦਾ ਹਾਂ।”
“ਫਿਰ ਵੀ, ਨੀਤੂ ਤੋਂ ਹੀ ਪੁੱਛ ਲੈਣਾ ਸੀ।”
“ਬਿਲਕੁਲ ਨਹੀਂ, ਉਸ ਦੇ ਕੰਨ ਵਿਚ ਇਸ ਗਲ ਦੀ ਭਿਣਕ ਵੀ ਪੈਣੀ ਚਾਹੀਦੀ। ਉਹ ਜਾਣੇ, ਦਮਨ ਜਾਣੇ।” ਮਾਟਾ ਸਾਹਿਬ ਨੇ ਕਿਹਾ।
ਨੀਤੂ ਨੇ ਇਹ ਗੱਲ ਸੁਣ ਲਈ ਸੀ। ਉਹ ਉਥੋਂ ਹੀ ਆਪਣੇ ਕਮਰੇ ਵਿਚ ਚਲੀ ਗਈ ਤੇ ਮੰਜੇ ‘ਤੇ ਲੇਟ ਗਈ। ਉਹਦੇ ਸਿਰ ਨੂੰ ਚੱਕਰ ਆਉਣ ਲੱਗੇ। ਨਾ ਉਹ ਪਿਉ ‘ਤੇ ਸ਼ੱਕ ਕਰ ਸਕਦੀ ਸੀ, ਨਾ ਚਾਚੇ ‘ਤੇ।
ਇਧਰ ਸਹੁਰੇ ਘਰ ਵੀ ਉਹ ਸਭ ਨੂੰ ਜਾਣ ਚੁੱਕੀ ਸੀ। ਹਰ ਕੋਈ ਉਹਦੀ ਇੱਜ਼ਤ ਕਰਦਾ ਸੀ। ਸੱਸ ਸਹੁਰਾ ਉਹਦੇ ਅਤੇ ਆਪਣੀ ਧੀ ਵਿਚ ਕਦੇ ਕੋਈ ਫਰਕ ਨਹੀਂ ਸੀ ਸਮਝਦੇ। ਕੁਝ ਦਿਨਾਂ ਵਿਚ ਹੀ ਉਹ ਸਾਰਿਆਂ ਨਾਲ ਇੰਨੀ ਘੁਲ ਮਿਲ ਗਈ ਸੀ ਕਿ ਪੇਕਿਆਂ ਦੀ ਕਦੇ ਯਾਦ ਵੀ ਨਹੀਂ ਸੀ ਆਈ ਪਰ ਅਜ ਉਸ ਨੂੰ ਲੱਗਿਆ ਕਿ ਉੱਡ ਕੇ ਆਪਣੀ ਮਾਂ ਕੋਲ ਜਾਵੇ ਤੇ ਪੁੱਛੇ ਕਿ ਇਹ ਸਭ ਕੁਝ ਕਿਵੇਂ ਤੇ ਕਿਉਂ ਹੋਇਆ! ਫਿਰ ਉਹਨੂੰ ਲੱਗਿਆ ਕਿ ਇਸ ਤਰ੍ਹਾਂ ਗੱਲ ਵਧ ਜਾਣੀ ਏ। ਸੱਸ ਸਹੁਰੇ ਨੇ ਤਾਂ ਉਸ ਤੋਂ ਗਲ ਛੁਪਾ ਕੇ ਰੱਖੀ ਹੋਈ ਹੈ। ਚੰਗਾ ਹੋਵੇ ਕਿ ਇਹੀ ਗੱਲ ਕਿਸੇ ਹੋਰ ਦੇ ਮੂੰਹੋਂ ਨਿਕਲੇ ਤੇ ਉਹਦੇ ਮਾਪਿਆਂ ਨੂੰ ਸਚਾਈ ਦਾ ਪਤਾ ਲੱਗ ਜਾਏ।
ਇਸ ਦੇ ਨਾਲ ਹੀ ਉਹਨੂੰ ਆਪਣੇ ਸੱਸ ਸਹੁਰੇ ‘ਤੇ ਬੜਾ ਮਾਣ ਮਹਿਸੂਸ ਹੋਇਆ। ਸਚਮੁੱਚ ਉਨ੍ਹਾਂ ਨੇ ਕਦੇ ਨਹੀਂ ਸੀ ਇਹ ਮਹਿਸੂਸ ਹੋਣ ਦਿਤਾ ਕਿ ਉਹ ਦਾਜ ਵਿਚ ਕੁਝ ਨਹੀਂ ਲੈ ਕੇ ਆਈ ਜਾਂ ਵਰਮਾਲਾ ਵਾਲਾ ਹਾਰ ਨਕਲੀ ਹੀਰਿਆਂ ਦਾ ਸੀ। ਉਹਦਾ ਦਿਲ ਕੀਤਾ ਕਿ ਉਹ ਆਪਣੇ ਸਹੁਰੇ ਪਰਿਵਾਰ ਲਈ ਜਾਨ ਨਿਛਾਵਰ ਕਰ ਦੇਵੇ।
ਉਸ ਦਿਨ ਤੋਂ ਬਾਅਦ ਉਹ ਹਰ ਰੋਜ਼ ਸਵੇਰੇ ਸਭ ਤੋਂ ਪਹਿਲੇ ਉੱਠਦੀ, ਸੱਸ ਸਹੁਰੇ ਦੇ ਪੈਰ ਛੂੰਹਦੀ ਤੇ ਘਰ ਦੇ ਕੰਮ ਲੱਗ ਜਾਂਦੀ। ਸਵੇਰ ਦਾ ਕੰਮ ਨਿਬੇੜਦਿਆਂ ਹੀ ਨੌਕਰੀ ‘ਤੇ ਚਲੀ ਜਾਂਦੀ। ਵਾਪਸ ਆਉਂਦੀ, ਫਿਰ ਘਰ ਦੇ ਕੰਮਾਂ ਵਿਚ ਜੁਟ ਜਾਂਦੀ। ਸੱਸ ਨੂੰ ਉਹਨੇ ਰਸੋਈ ਵਿਚ ਕੰਮ ਕਰਨ ਤੋਂ ਮਨ੍ਹਾ ਕਰ ਦਿਤਾ ਸੀ। ਸਾਰਾ ਪਰਿਵਾਰ ਨੀਤੂ ਨੂੰ ਰੋਕਦਾ ਕਿ ਇੰਨਾ ਕੰਮ ਨਾ ਕਰੇ ਪਰ ਜਿੰਨਾ ਉਹਨੂੰ ਕਹਿੰਦੇ, ਓਨਾ ਹੀ ਉਹ ਵੱਧ ਕਰਦੀ। ਪਿਛਲੇ ਕੁਝ ਦਿਨਾਂ ਤੋਂ ਆਪਣੀ ਸੱਸ ਦੇ ਮੋਢਿਆਂ ‘ਤੇ ਬਾਹਾਂ ਦੀ ਮਾਲਸ਼ ਕਰਨੀ ਵੀ ਸ਼ੁਰੂ ਕਰ ਦਿਤੀ। ਉਹ ਆਪਣੀ ਸੱਸ ਨਾਲ ਸਭ ਗੱਲਾਂ ਸਾਂਝੀਆਂ ਕਰਦੀ ਤੇ ਆਪਣੇ ਮਨ ਵਿਚ ਇਹੀ ਉਡੀਕਦੀ ਰਹੀ ਕਿ ਘਰ ਦਾ ਕੋਈ ਵੀ ਮੈਂਬਰ ਉਸ ਨਾਲ ਉਸ ਹਾਰ ਬਾਰੇ ਗੱਲ ਕਰੇ ਪਰ ਕਿਸੇ ਨੇ ਵੀ ਇਹ ਵਿਸ਼ਾ ਨਹੀਂ ਛੇੜਿਆ। ਸਾਰਿਆਂ ਦੀ ਚੁੱਪ ਉਸ ਦੇ ਮਨ ‘ਤੇ ਬੋਝ ਬਣ ਗਈ ਸੀ।
ਇਕ ਦਿਨ ਉਸ ਦੀ ਮਾਂ ਉਸ ਨੂੰ ਮਿਲਣ ਆਈ ਤਾਂ ਉਸ ਤੋਂ ਰਿਹਾ ਨਾ ਗਿਆ। ਉਹਲੇ ਜਿਹੇ ਹੋ ਕੇ ਉਹਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿਤੀ। ਮਾਂ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਵਾਪਸ ਘਰ ਗਈ ਤੇ ਆਪਣੇ ਪਤੀ ਨੂੰ ਗੱਲ ਕੀਤੀ।
ਸ਼ਰਮਾ ਜੀ ਕੋਲ ਹਿੰਮਤ ਨਹੀਂ ਸੀ ਕਿ ਆਪਣੇ ਭਰਾ ਨਾਲ ਇਹ ਗੱਲ ਸਾਂਝੀ ਕਰਨ। ਉਸ ਨੇ ਸੋਚਿਆ, ‘ਇਸ ਦਾ ਮਤਲਬ ਇਹ ਕਿ ਮੈ ਆਪਣੇ ਭਰਾ ਨੂੰ ਹੀ ਚੋਰ ਕਹਿ ਰਿਹਾਂ ਹਾਂ।’
‘ਪਰ ਤੁਹਾਨੂੰ ਪਰਦੇ ਨਾਲ ਉਸ ਜੌਹਰੀ ਦੀ ਦੁਕਾਨ ‘ਤੇ ਜਾ ਕੇ ਪੁੱਛਣਾ ਚਾਹੀਦਾ ਹੈ।’ ਨੀਤੂ ਦੀ ਮੰਮੀ ਨੇ ਸਲਾਹ ਦਿੱਤੀ।
ਸ਼ਰਮਾ ਜੀ ਨੇ ਉਸੇ ਵਕਤ ਜੌਹਰੀ ਨੂੰ ਫੋਨ ਕੀਤਾ ਤੇ ਘਰ ਬੁਲਾਇਆ।
“ਭਾਈ ਸਾਹਿਬ ਅਜੇ ਦਸ ਦਿਨ ਹੋਰ ਲੱਗਣਗੇ, ਤੁਹਾਡੇ ਅਸਲੀ ਹਾਰ ਬਣਨ ਨੂੰ। ਮੈਂ ਤਦ ਹੀ ਤੁਹਾਡੇ ਕੋਲ ਆਵਾਂਗਾ।”
“ਕੀ ਅਜੇ ਤੱਕ ਹਾਰ ਬਣਿਆ ਹੀ ਨਹੀਂ?”
“ਜਨਾਬ ਪੰਦਰਾਂ ਕਰੋੜ ਦਾ ਹਾਰ ਬਣਾਉਣ ਲਈ ਸਮਾਂ ਚਾਹੀਦਾ ਹੈ। ਜਿਹੋ ਜਿਹੇ ਮੋਤੀ ਤੁਹਾਡੇ ਭਾਈ ਸਾਹਿਬ ਨੇ ਆਖੇ ਸੀ, ਉਹ ਇਕ-ਇਕ ਕਰ ਕੇ ਲੱਭਣਾ ਪੈਣਾ ਹੈ।”
“ਪਰ ਹਾਰ ਤਾਂ ਤੁਸਾਂ ਕਿਹਾ ਸੀ ਦਸ ਕਰੋੜ ਵਿਚ ਬਣੇਗਾ।”
“ਜੀ ਹਾਂ, ਮੈਂ ਬਣਾਇਆ ਸੀ। ਸ਼ਾਦੀ ਵਾਲੇ ਦਿਨ ਉਹ ਮੇਰੇ ਕੋਲੋਂ ਹਾਰ ਲੈਣ ਆਏ ਸਨ। ਉਨ੍ਹਾਂ ਨੂੰ ਨਹੀਂ ਪਸੰਦ ਆਇਆ। ਉਨ੍ਹਾਂ ਮੈਨੂੰ ਪੰਜ ਕਰੋੜ ਰੁਪਏ ਦਾ ਇਕ ਹੋਰ ਚੈੱਕ ਲਿਖ ਦਿੱਤਾ ਸੀ ਤੇ ਹੋਰ ਡਿਜ਼ਾਇਨ ਚੁਣ ਲਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਘੱਟ ਤੋਂ ਘੱਟ ਮਹੀਨਾ ਡੇਢ ਮਹੀਨਾ ਲੱਗ ਜਾਵੇਗਾ। ਵਿਆਹ ਦੀ ਰਸਮ ਨਿਭਾਉਣ ਲਈ ਉਹ ਬਿਲਕੁਲ ਉਹੋ ਜਿਹਾ ਨਕਲੀ ਹਾਰ ਲੈ ਗਏ ਸਨ। ਕਹਿੰਦੇ ਸੀ, ਜਦ ਅਸਲੀ ਹਾਰ ਬਣ ਗਿਆ ਤਾਂ ਪਰਦੇ ਨਾਲ ਨੀਤੂ ਨੂੰ ਦੇ ਆਉਣਗੇ।
ਸ਼ਰਮਾ ਜੀ ਦੇ ਸਾਹ ਵਿਚ ਸਾਹ ਆਇਆ।
ਦਸਾਂ ਦਿਨਾਂ ਬਾਅਦ ਸ਼ਰਮਾ ਜੀ ਅਤੇ ਉਸ ਦੀ ਪਤਨੀ ਅਸਲੀ ਹਾਰ ਲੈ ਕੇ ਨੀਤੂ ਦੇ ਸਹੁਰੇ ਘਰ ਗਏ। ਹੁਣ ਉਨ੍ਹਾਂ ਲਈ ਇਹ ਭੇਤ ਖੋਲ੍ਹਣਾ ਜ਼ਰੂਰੀ ਹੋ ਗਿਆ ਸੀ। ਸ਼ਰਮਾ ਜੀ ਨੇ ਪੂਰੀ ਗੱਲ ਕਰ ਕੇ ਹਾਰ ਦਾ ਡੱਬਾ ਨੀਤੂ ਨੂੰ ਫੜਾਇਆ। ਸਾਰੀ ਗੱਲ ਸੁਣ ਕੇ ਨੀਤੂ ਦਾ ਚਿਹਰਾ ਖਿਲ ਉਠਿਆ। ਉਸ ਨੇ ਡੱਬਾ ਖੋਲ੍ਹਿਆ ਤੇ ਆਪਣੀ ਸੱਸ ਨੂੰ ਫੜਾ ਦਿੱਤਾ। ਕੋਲ ਬੈਠੇ ਦਮਨ ਨੂੰ ਹਾਰ ਵੇਖ ਕੇ ਬੜੀ ਹੈਰਾਨੀ ਹੋਈ। ਉਹ ਤਾਂ ਪਹਿਲੇ ਹਾਰ ਨੂੰ ਹੀ ਅਸਲੀ ਸਮਝ ਰਿਹਾ ਸੀ। ਉਹ ਕਮਰੇ ਵਿਚ ਗਿਆ ਤੇ ਪਹਿਲੇ ਵਾਲਾ ਹਾਰ ਲੈ ਕੇ ਆਇਆ। ਉਸ ਨੇ ਦੋਨੋਂ ਹਾਰ ਇਕੱਠੇ ਰੱਖ ਕੇ ਦੇਖੇ, ਉਸ ਨੂੰ ਦੋਨੋਂ ਹੀ ਇਕੋ ਜਿਹੇ ਲੱਗੇ।
“ਡੈਡੀ ਮੈਨੂੰ ਤਾਂ ਦੋਨਾਂ ਹਾਰਾਂ ਵਿਚ ਕੋਈ ਫਰਕ ਨਹੀਂ ਲਗਦਾ, ਦੋਨਾਂ ਦੀ ਚਮਕ ਦਮਕ ਇਕੋ ਜਿਹੀ ਹੀ ਲਗਦੀ ਹੈ।” ਦਮਨ ਨੇ ਹੈਰਾਨ ਹੋ ਕੇ ਕਿਹਾ।
“ਠੀਕ ਕਹਿਨਾ ਏਂ ਪੁੱਤ, ਫਰਕ ਇਸ ਕਰ ਕੇ ਨਹੀਂ ਕਿ ਦੋਨੋਂ ਹਾਰ ਨਕਲੀ ਹਨ।”
ਸਾਰਿਆਂ ਦੀਆਂ ਅੱਖਾਂ ਉਥੇ ਹੀ ਟੱਡੀਆਂ ਰਹਿ ਗਈਆਂ। ਜ਼ਬਾਨ ਨੂੰ ਜਿਵੇਂ ਤਾਲੇ ਲੱਗ ਗਏ। ਸਾਰੇ ਮਾਟਾ ਸਾਹਿਬ ਵੱਲ ਦੇਖਣ ਲਗ ਪਏ।
ਮਾਟਾ ਸਾਹਿਬ ਨੇ ਉਸੇ ਵਕਤ ਨੀਤੂ ਨੂੰ ਆਪਣੇ ਕੋਲ ਬੁਲਾਇਆ ਤੇ ਬਾਂਹ ਦੇ ਕਲਾਵੇ ਵਿਚ ਲੈ ਕੇ ਕਹਿਣ ਲੱਗੇ- “ਅਸਲੀ ਹੀਰਿਆਂ ਦਾ ਹਾਰ ਤਾਂ ਇਹ ਮੇਰੀ ਧੀ ਹੈ। ਜਿੰਨਾ ਪਿਆਰ ਇਹ ਸਾਨੂੰ ਦੇ ਰਹੀ ਹੈ, ਉਸ ਤੋਂ ਅਨੇਕਾਂ ਇਹੋ ਜਿਹੇ ਹਾਰ ਵਾਰੇ ਜਾ ਸਕਦੇ ਹਨ।”
ਨੀਤੂ ਦੀ ਸੱਸ ਨੇ ਹਾਂ ਵਿਚ ਹਾਂ ਮਿਲਾਦਿਆਂ ਕਿਹਾ- “ਇਹ ਠੀਕ ਕਹਿੰਦੇ ਨੇ, ਸਾਡੇ ਕੋਲ ਹੁਣ ਹੀਰਿਆਂ ਦੀ ਖਾਨ ਹੈ, ਸਾਨੂੰ ਹੋਰ ਹਾਰ ਦੀ ਲੋੜ ਹੀ ਨਹੀਂ।”
ਸ਼ਰਮਾ ਜੀ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ।