ਸੱਚ ਝੂਠ ਦੀ ਸਰਹੱਦ ਭੰਨਦੀ ਫਿਲਮ ‘ਬਲੋਅ ਅੱਪ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਮਾਈਕਲਏਂਜਲੋ ਅੰਤੋਨੀਓਨੀ ਦੀ ਫਿਲਮ ‘ਬਲੋਅ ਅੱਪ ਬਾਬਤ ਚਰਚਾ ਕੀਤੀ ਗਈ ਹੈ।

ਡਾ. ਕੁਲਦੀਪ ਕੌਰ
ਫੋਨ: +91-98554-04330
ਮਾਈਕਲਏਂਜਲੋ ਅੰਤੋਨੀਓਨੀ ਦੁਆਰਾ ਨਿਰਦੇਸ਼ਤ ਫਿਲਮ ‘ਬਲੋਅ ਅੱਪ` ਯਥਾਰਥ ਅਤੇ ਕਲਪਨਾ ਦੇ ਆਪਸੀ ਸਬੰਧਾਂ ਦੀਆਂ ਪਰਤਾਂ ਉਘਾੜਦੀ ਹੈ। ਕੀ ਅਸੀਂ ਅਸਲ ਵਿਚ ਉਹੀ ਦੇਖਦੇ ਹਾਂ ਜੋ ਸਾਡੀ ਅੱਖ ਦੇਖਦੀ ਹੈ? ਕੀ ਦੇਖਿਆ ਹੋਇਆ ਸੱਚ ਹੀ ਹੈ ਜਾਂ ਸੱਚ ਦਾ ਪ੍ਰਛਾਵਾਂ-ਮਾਤਰ ਹੈ? ਕੀ ਹੋਵੇ ਜੇ ਅਸੀਂ ਸੱਚ ਨੂੰ ਛਿੱਲਦੇ-ਛਿੱਲਦੇ ਇਸ ਦੀ ਸਭ ਤੋਂ ਮਹੀਨ ਪਰਤ ਤੱਕ ਪਹੁੰਚ ਜਾਈਏ? ਇਨ੍ਹਾਂ ਸਾਰੇ ਸਵਾਲਾਂ ਨਾਲ ਜੂਝਦੀ ਇਹ ਮਾਈਕਲਏਂਜਲੋ ਅੰਤੋਨੀਓਨੀ ਦੀ ਅੰਗਰੇਜ਼ੀ ਭਾਸ਼ਾ ਵਿਚ ਬਣਾਈ ਪਹਿਲੀ ਫਿਲਮ ਹੈ। ਇਸ ਫਿਲਮ ਰਾਹੀਂ ਉਹ ਪੂੰਜੀਵਾਦ ਸਮਾਜ ਦੇ ਬੰਦੇ ਦੀ ਹੋਂਦ ਨਾਲ ਉਲਝੀਆਂ ਤੰਦਾਂ ਦੇ ਘੇਰੇ ਵਿਚੋਂ ਬਾਹਰ ਆ ਕੇ ਜਿਊਂਦੀ ਜਾਗਦੀ ਕਲਾ ਦੀ ਨਿਰਖ-ਪਰਖ ਕਰਨ ਵੱਲ ਵਧਦਾ ਹੈ। ਉਸ ਦੀ ਪਹਿਲੀਆਂ ਤਿੰਨਾਂ ਫਿਲਮਾਂ ਵਿਚ ਕਿਰਦਾਰ ਅਜਿਹੀ ਦੁਨੀਆ ਵਿਚ ਜਿਊਣ ਦੀ ਤਰਾਸਦੀ ਭੁਗਤਦੇ ਹਨ ਜਿਹੜੀ ਉਨ੍ਹਾਂ ਦੀ ਭਾਵਨਾਵਾਂ ਦਾ ਮੁੱਲ ਲਗਾਉਣ ਤੋਂ ਵੀ ਗੁਰੇਜ਼ ਨਹੀ ਕਰਦੀ। ਦੂਜੇ ਪਾਸੇ ਅਜਿਹੇ ਸੌਦਿਆਂ ਦਾ ਸ਼ਿਕਾਰ ਹੋ ਚੁੱਕੇ ਲੋਕ ਵੀ ਮੌਕਾ ਆਉਣ ਤੇ ਉਸੇ ਮਨਸੂਈਪਣ ਤੇ ਸਤਹੀ ਭਾਵਨਾਤਮਿਕ ਖੋਖਲੇਪਣ ਰਾਹੀ ਦੂਜਿਆਂ ਦਾ ਸ਼ਿਕਾਰ ਕਰਨ ਤੋਂ ਬਾਜ਼ ਨਹੀਂ ਆਉਂਦੇ।
ਫਿਲਮ ਵਿਚ ਇਸ ਵਿਚਾਰ ਦੀ ਕਸ਼ਮਕਸ਼ ਲਗਾਤਾਰ ਚਲਦੀ ਰਹਿੰਦੀ ਹੈ ਕਿ ਅਸੀਂ ਇਸ ਦੁਨੀਆ ਨੂੰ ਕਿਵੇਂ ਦੇਖਦੇ, ਸੋਚਦੇ ਤੇ ਸਮਝਦੇ ਹਾਂ। ਅਸੀਂ ਦੂਜਿਆਂ ਬਾਰੇ ਕਹਾਣੀਆਂ ਘੜਦੇ ਅਤੇ ਉਨ੍ਹਾਂ ਕਹਾਣੀਆਂ ਦੇ ਆਧਾਰ ‘ਤੇ ਉਨ੍ਹਾਂ ਬਾਰੇ ਆਪਣੀਆਂ ਧਾਰਨਾਵਾਂ ਅਤੇ ਖਿਆਲਾਂ ਨੂੰ ਰਚਦੇ ਹਾਂ। ਇਸੇ ਤਰ੍ਹਾਂ ਅਸੀਂ ਆਪਣੇ ਆਪ ਬਾਰੇ ਵੀ ਖੁਦ ਦੁਆਰਾ ਤੇ ਦੂਜਿਆਂ ਦੁਆਰਾ ਘੜੀਆਂ ਕਹਾਣੀਆਂ ਰਾਹੀ ਹੀ ਖੁਦ ਨੂੰ ਜਾਣਦੇ ਹਾਂ ਤੇ ਸਮਝਦੇ ਹਾਂ। ਇਸ ਵਿਚ ਸਭ ਤੋਂ ਮਹਤੱਵਪੂਰਨ ਨੁਕਤਾ ਇਹ ਵੀ ਹੈ ਕਿ ਕੀ ਇਨ੍ਹਾਂ ਕਹਾਣੀਆਂ ਤੇ ਸਾਡਾ ਕੋਈ ਕੰਟਰੋਲ ਵੀ ਹੁੰਦਾ ਹੈ? ਕੀ ਅਸੀਂ ਸਿਰਫ ਕਹਾਣੀ ਘੜਦੇ ਹਾਂ ਜਾਂ ਫਿਰ ਅਜਿਹੀ ਕਹਾਣੀ ਘੜਨ ਦੀ ਕੋਸ਼ਿਸ ਕਰਦੇ ਹਾਂ ਜਿਸ ਵਿਚੋਂ ਅਸੀਂ ਆਪਣੇ ਹੋਣ ਲਈ ਮਨਚਾਹੀ ਵਿਆਖਿਆ ਈਜਾਦ ਕਰ ਸਕੀਏ।
ਇਨ੍ਹਾਂ ਕਹਾਣੀਆਂ ਵਿਚੋਂ ਬਹੁਤੀਆਂ ਕਹਾਣੀਆਂ ਪਿਆਰ ਦੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਬਿਰਤਾਂਤ ਸੱਚੇ ਹਨ ਪਰ ਕਿਰਦਾਰ ਝੂਠੇ ਹਨ ਤੇ ਵਾਰ-ਵਾਰ ਮੁੱਕਰ ਜਾਂਦੇ ਹਨ। ਫਿਰ ਵੀ ਇਹੀ ਕਹਾਣੀਆਂ ਸਭ ਤੋਂ ਵੱਧ ਜੀਵੰਤ ਤੇ ਭਰੋਸਾ ਕਰਨ ਲਾਇਕ ਹਨ। ਬਹੁਤ ਵਾਰ ਇਹ ਕਹਾਣੀਆਂ ਸਾਡੇ ਤਜਰਬਿਆਂ ਤੇ ਜਜ਼ਬਾਤ ਨੂੰ ਜ਼ੁਬਾਨ ਦੇਣ ਵਿਚ ਅਸਫਲ ਰਹਿੰਦੀਆਂ ਹਨ ਤਾਂ ਅਸੀਂ ਨਵੀਆਂ ਕਹਾਣੀਆਂ ਦੀ ਤਲਾਸ਼ ਵਿਚ ਨਿਕਲ ਜਾਂਦੇ ਹਾਂ। ਇਹ ਸਿਲਸਿਲਾ ਸਿਰਫ ਕਹਾਣੀਆਂ ਦਾ ਸਿਲਸਿਲਾ ਹੀ ਨਹੀਂ ਰਹਿੰਦਾ ਸਗੋਂ ਹੌਲੀ-ਹੌਲੀ ਇਹ ਵਿਚਾਰਾਂ, ਸਮਾਜਿਕ ਰਿਸ਼ਤਿਆਂ ਤੇ ਵਿਅਕਤੀਆਂ ਦੇ ਆਪਸੀ ਟਕਰਾਵਾਂ ਤੇ ਸਾਝਾਂ ਦਾ ਸਤਰੰਗੀ ਤਾਣਾ-ਬਾਣਾ ਹੋ ਨਿਬੜਦਾ ਹੈ। ਇਸ ਸਾਰੇ ਵਰਤਾਰੇ ਵਿਚ ਉਲਝਣ ਤੋਂ ਬਿਨਾਂ ਸ਼ਾਇਦ ਸਾਡੇ ਕੋਲ ਆਪਣੀ ਹੋਂਦ ਨੂੰ ਬਣਾਈ ਰੱਖਣ ਦਾ ਕੋਈ ਹੋਰ ਰਸਤਾ ਹੈ ਵੀ ਨਹੀਂ।
ਇਸ ਫਿਲਮ ‘ਬਲੋਅ ਅੱਪ` ਦਾ ਮੁੱਖ ਕਿਰਦਾਰ ਥਾਮਸ ਨੌਜਵਾਨ ਸਫਲ ਫੋਟੋਗਰਾਫਰ ਹੈ ਜਿਸ ਦੀਆਂ ਫੋਟੋਆਂ ਉਸ ਸਮੇਂ ਦੇ ਲੰਡਨ ਸ਼ਹਿਰ ਦੀ ਰੂਹ ਨੂੰ ਬਹੁਤ ਸਹਿਜਤਾ ਨਾਲ ਫੜਦੀਆਂ ਹਨ। ਇਸ ਫਿਲਮ ਦੇ ਵਾਪਰਨ ਦਾ ਸਮਾਂ ਇੱਕ ਪੂਰਾ ਦਿਨ ਤੇ ਫਿਰ ਅੱਧੀ ਰਾਤ ਹੈ। ਮਾਈਕਲਏਂਜਲੋ ਅੰਤੋਨੀਓਨੀ ਦੀਆਂ ਬਾਕੀ ਸਾਰੀਆਂ ਫਿਲਮਾਂ ਵਾਂਗ ਇਸ ਫਿਲਮ ਵਿਚ ਵੀ ਕਹਾਣੀ ਤੇ ਪਲਾਟ ਬੇਹੱਦ ਅਨਿਸ਼ਚਿਤ ਅਤੇ ਅਣਘੜ ਹਨ। ਉਸ ਦੀਆਂ ਫਿਲਮਾਂ ਦੀ ਖਾਸੀਅਤ ਫਿਲਮ ਵਿਚ ਬਦਲਦੀਆਂ ਸਮਾਜਿਕ ਜਾਂ ਹੋਰ ਸਥਿਤੀਆਂ ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਇਸ ਵਿਚਲੇ ਕਿਰਦਾਰਾਂ ਦੇ ਦਿਮਾਗਾਂ ਵਿਚ ਚੱਲ ਰਹੀ ਕਸ਼ਮਕਸ਼ ਦਾ ਚਿਤਰਨ ਕਰਨਾ ਹੈ। ਇਸ ਫਿਲਮ ਵਿਚ ਰੋਜ਼-ਮੱਰਾ ਦੀ ਜ਼ਿੰਦਗੀ ਵਿਚ ਵਾਪਰਦੀਆਂ ਤੇ ਰੋਜ਼ ਸਾਡੀਆਂ ਅੱਖਾਂ ਅੱਗਿਉਂ ਗੁਜ਼ਰ ਰਹੀਆਂ ਚੀਜ਼ਾਂ ਜਾਂ ਘਟਨਾਵਾਂ ਦੀ ਅਸਲੀਅਤ ਨੂੰ ਦੇਖਣ ਦਾ ਯਤਨ ਕੀਤਾ ਗਿਆ ਹੈ। ਇਸ ਵਿਚ ਮੁੱਖ ਨੁਕਤਾ ਇਹ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਅਸੀਂ ਬਹੁਤ ਵਾਰ ਪੂਰੇ ਸੱਚ ਨੂੰ ਜਾਣਨ ਤੇ ਸਮਝਣ ਦੀ ਥਾਂ ਸਿਰਫ ਇਸ ਦੀਆਂ ਕੁਝ ਕੁ ਕਤਰਨਾਂ ਨਾਲ ਹੀ ਤਸੱਲੀ ਕਰ ਲੈਂਦੇ ਹਾਂ ਤੇ ਅਸਲ ਸੱਚ ਸਾਡੀ ਉਡੀਕ ਵਿਚ ਕਿਤੇ ਲੁਕਿਆ ਰਹਿ ਜਾਂਦਾ ਹੈ। ਇਸ ਫਿਲਮ ਦੇ ਫਿਲਮਾਂਕਣ ਦੌਰਾਨ ਨਵਾਂ ਤਜਰਬਾ ਕਰਦਾ ਫਿਲਮਸਾਜ਼ ਛੋਟੇ-ਛੋਟੇ ਬਿਰਤਾਂਤ ਸਿਰਜਦਾ ਹੈ ਜਿਹੜੇ ਉਪਰੀ ਸਤਹਿ ਤੇ ਇੱਕ-ਦੂਜੇ ਤੋਂ ਬਿਲਕੁੱਲ ਵੱਖਰੇ ਭਾਸਦੇ ਹਨ ਪਰ ਅਸਲ ਵਿਚ ਉਹ ਸਾਰੇ ਹੀ ਵੱਡੀ ਲੜੀ ਦੀਆਂ ਵੱਖ-ਵੱਖ ਤੰਦਾਂ ਹਨ।
ਇਸ ਅਹਿਮ ਫਿਲਮ ਦੀ ਸ਼ੁਰੂਆਤ ਵਿਚ ਲੰਡਨ ਦੀ ਇੱਕ ਪਾਰਕ ਵਿਚ ਕੁਝ ਵਲੰਟੀਅਰਾਂ ਦਾ ਗਰੁੱਪ ਹੈ ਜਿਹੜਾ ਪਰਮਾਣੂ ਹਥਿਆਰਾਂ ਦੇ ਪਾਬੰਦੀ ਦਾ ਪ੍ਰਚਾਰ ਕਰਨ ਲਈ ਪੈਸੇ ਇਕੱਠੇ ਕਰ ਰਿਹਾ ਹੈ। ਦੂਜੇ ਪਾਸੇ ਥਾਮਸ ਸਲੱਮ ਬਸਤੀ ਦੇ ਵਾਸੀਆਂ ਦੀਆਂ ਫੋਟੋ ਸੀਰੀਜ਼ ਲਈ ਫੋਟੋਆਂ ਖਿੱਚ ਰਿਹਾ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਇਹ ਦੋਵੇਂ ਅਸਲ ਵਿਚ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜਾ ਅਸਲ ਵਿਚ ਉਨ੍ਹਾਂ ਨੇ ਕਦੇ ਨਹੀਂ ਕਰਨਾ ਪਰ ਮਾਰਕਿਟ ਵਿਚ ਇਨ੍ਹਾਂ ਦੋਹਾਂ ਕੰਮਾਂ ਨੂੰ ਕਰਨ ਦਾ ਸਬੂਤ ਦਾਖਿਲ ਕਰ ਕੇ ਸ਼ੁਹਰਤ ਤੇ ਦੌਲਤ ਜ਼ਰੂਰ ਕਮਾਈ ਜਾ ਸਕਦੀ ਹੈ।
ਆਪਣੇ ਸਟੂਡੀਉ ਵਿਚ ਪਰਤ ਕੇ ਉਹ ਆਪਣੀ ਸੁਪਰ ਮਾਡਲ ਵਰਸਿਕਾ ਦਾ ਫੋਟੋ-ਸ਼ੂਟ ਕਰਦਾ ਹੈ। ਇਸ ਰਾਹੀਂ ਉਹ ਮਨਸੂਈ ਕਿਸਮ ਦੀ ਸਰੀਰਕ ਇੱਛਾ ਦੀ ਸਿਰਜਣਾ ਕਰਦਾ ਹੈ ਜਿਹੜੀ ਉਸ ਮਾਡਲ ਦੇ ਖਾਸ ਕਿਸਮ ਦੇ ਹਾਵ-ਭਾਵ ਦੁਆਰਾ ਪ੍ਰਗਟਾਈ ਜਾਂਦੀ ਹੈ ਪਰ ਅਸਲ ਵਿਚ ਤਾਂ ਉਹ ਮਾਡਲ ਅਜਿਹਾ ਕੁਝ ਵੀ ਮਹਿਸੂਸ ਨਹੀਂ ਕਰ ਰਹੀ। ਇਸ ਤੋਂ ਇੱਕਦਮ ਬਾਅਦ ਉਹ ਅਜਿਹੀਆਂ ਮਾਡਲਾਂ ਨਾਲ ਫੋਟੋਆਂ ਕਰਵਾਉਂਦਾ ਹੈ ਜਿਹੜੀਆਂ ਇੱਦਾਂ ਦੀ ਫੋਟੋ ਕਰਵਾਉਣ ਦੀ ਤਾਂਘ ਰੱਖਦੀਆਂ ਹਨ ਜਿਹੜੀ ਉਨ੍ਹਾਂ ਨੂੰ ਰਾਤੋ-ਰਾਤ ਸ਼ੁਹਰਤ ਦੀ ਬੁਲੰਦੀ ‘ਤੇ ਲੈ ਜਾਵੇ ਪਰ ਇਨ੍ਹਾਂ ਸਾਰੀਆਂ ਤਸਵੀਰਾਂ ਵਿਚ ਸੱਚ ਕਿੱਥੇ ਹੈ?
ਇਸ ਤੋਂ ਬਾਅਦ ਉਹ ਆਪਣੇ ਚਿੱਤਰਕਾਰ ਦੋਸਤ ਕੋਲ ਉਸ ਦਾ ਬਣਾਇਆ ਨਵਾਂ ਚਿੱਤਰ ਦੇਖਣ ਜਾਂਦਾ ਹੈ। ਇਸ ਨੂੰ ਦੇਖਦਿਆਂ ਉਹ ਅਤੇ ਉਸ ਦਾ ਦੋਸਤ ਬਿੱਲ ਇਸ ਅਣਘੜਤ ਤੇ ਊਬੜ-ਖਾਬੜ ਚਿੱਤਰ ਦੇ ਬਹੁਤ ਸਾਰੇ ਅਰਥ ਕੱਢਦੇ ਹਨ। ਬਿੱਲ ਆਖਦਾ ਹੈ, ‘ਥਾਮਸ ਅਸਲ ਵਿਚ ਇਸ ਚਿੱਤਰ ਦਾ ਕੋਈ ਅਰਥ ਨਹੀਂ ਬਣਦਾ। ਜਿਵੇਂ-ਜਿਵੇਂ ਇਹ ਮੈਨੂੰ ਫੁਰਦਾ ਜਾਂਦਾ ਹੈ, ਮੈਂ ਲੀਕਾਂ ਖਿੱਚੀ ਜਾਂਦਾ। ਫਿਰ ਬਹੁਤ ਵਾਰ ਕਈ ਦਿਨਾਂ ਬਾਅਦ ਇਹ ਮੇਰੇ ਕਿਸੇ ਵਿਚਾਰ, ਯਾਦ ਜਾਂ ਸੁਣੀ-ਸੁਣਾਈ ਗੱਲ ਨਾਲ ਮੈਚ ਕਰ ਜਾਂਦਾ ਤੇ ਮੈਨੂੰ ਲੱਗਣ ਲੱਗ ਜਾਂਦਾ ਕਿ ਹਾਂ: ਮੈਂ ਆਹੀ ਤਾਂ ਬਣਾ ਰਿਹਾ ਸੀ।` ਇਹ ਸਾਰੀ ਗੱਲ ਸੁਣਨ ਤੋਂ ਬਾਅਦ ਥਾਮਸ ਨੂੰ ਲੱਗਦਾ ਕਿ ਇਹੀ ਕੁਝ ਤਾਂ ਮੇਰੇ ਨਾਲ ਹੁੰਦਾ। ਮੈਂ ਆਪਣੀਆਂ ਸਭ ਤੋਂ ਪਿਆਰੀਆਂ ਤੇ ਖੂਬਸੂਰਤ ਫੋਟੋਆਂ ਤਾਂ ਬਿਨਾਂ ਸੋਚੇ-ਸਮਝੇ ਅਚਾਨਕ ਖਿੱਚੀਆਂ ਸਨ।
ਇਸ ਤੋਂ ਬਾਅਦ ਥਾਮਸ ਸ਼ਹਿਰ ਦੇ ਪੁਰਾਣੇ ਹਿੱਸੇ ਵਿਚ ਇੱਕ ਪੁਰਾਤਨ ਵਸਤਾਂ ਦੀ ਦੁਕਾਨ ਦਾ ਸੌਦਾ ਕਰਨ ਜਾਂਦਾ ਹੈ। ਉਸ ਦੁਕਾਨ ਦੀ ਮਾਲਕਣ ਉਸ ਨੂੰ ਦੱਸਦੀ ਹੈ ਕਿ ਉਹ ਇਹ ਸੌਦਾ ਜਲਦੀ ਕਰ ਲਵੇ ਤਾਂ ਕਿ ਉਹ ਇਨ੍ਹਾਂ ਸਾਰੀਆਂ ਵਸਤਾਂ ਦੇ ਜੰਗਲ ਵਿਚੋਂ ਨਿਕਲ ਕੇ ਕਿਸੇ ਸ਼ਾਂਤ ਜਗ੍ਹਾ ਤੇ ਜਾ ਕੇ ਵੱਸ ਸਕੇ। ਇਸ ਸੁਣ ਕੇ ਥਾਮਸ ਨੂੰ ਝਟਕਾ ਲੱਗਦਾ ਹੈ, ਕਿਉਂਕਿ ਉਹ ਤਾਂ ਹਮੇਸ਼ਾ ਤੋਂ ਇਹੀ ਸਮਝਦਾ ਆਇਆ ਹੈ ਕਿ ਕੋਈ ਇੰਨੀਆਂ ਸੋਹਣੀਆਂ ਕਲਾ-ਕਿਰਤਾਂ ਵਿਚ ਘਿਰਿਆ ਉਦਾਸ ਕਿਵੇਂ ਰਹਿ ਸਕਦਾ।
ਇਸ ਤਰ੍ਹਾਂ ਇਹ ਫਿਲਮ ਯਥਾਰਥ ਅਤੇ ਮਨੁੱਖ ਦੇ ਖੁਦ ਦੇ ਸਿਰਜੇ ਭਰਮਾਂ ਤੇ ਸੱਚਾਈਆਂ ‘ਤੇ ਸਵਾਲ ਖੜ੍ਹੇ ਕਰਦੀ ਹੈ। ਸੱਚ ਕਿੰਨਾ ਸੱਚਾ ਹੈ? ਝੂਠ ਸੱਚ ਦੇ ਕਿੰਨਾ ਨਜ਼ਦੀਕ ਹੈ? ਕੀ ਇਨ੍ਹਾਂ ਦੀ ਆਪਸ ਵਿਚ ਅਦਲਾ-ਬਦਲੀ ਹੋ ਸਕਦੀ ਹੈ? ਫਿਲਮ ਇਨ੍ਹਾਂ ਹੀ ਸਾਰੇ ਸਵਾਲਾਂ ਨੂੰ ਮੁਖਾਤਿਬ ਹੈ।