ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਕੈਪਟਨ ਖਿਲਾਫ ਮੋਰਚਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 8 ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੱਡੇ ਪੱਧਰ ਉਤੇ ਅੰਦਰੂਨੀ ਬਗਾਵਤ ਉਠ ਖਲੋਤੀ ਹੈ। ਮੰਤਰੀ, ਵਿਧਾਇਕ ਤੇ ਸੀਨੀਅਰ ਆਗੂ ਕੈਪਟਨ ਖਿਲਾਫ ਮੋਰਚਾ ਖੋਲ੍ਹਣ ਦੀ ਰਣਨੀਤੀ ਬਣਾਈ ਬੈਠੇ ਹਨ। ਇਸ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ।

ਕਾਂਗਰਸੀ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਗੁਪਤ ਮੀਟਿੰਗ ਕਰ ਕੇ ਫੈਸਲਾ ਕੀਤਾ ਗਿਆ ਕਿ ਸੂਬੇ ਵਿਚ ਕਾਂਗਰਸ ਦੀ ਹੋਂਦ ਬਚਾਉਣ ਲਈ ਬੇਅਦਬੀਆਂ ਸਮੇਤ ਮੁੱਖ ਮੁੱਦਿਆਂ `ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਬਿਨਾਂ ਕਿਸੇ ਦੇਰੀ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਨੂੰ ਮਜਬੂਰ ਕੀਤਾ ਜਾਵੇ। ਇਸ ਮੀਟਿੰਗ ਦੇ ਅਗਲੇ ਹੀ ਦਿਨ ਦਲਿਤ ਕਾਂਗਰਸੀ ਵਿਧਾਇਕਾਂ ਨੇ ਇਹੀ ਤੇਵਰ ਦਿਖਾਏ। ਅਜਿਹੇ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹਾਈਕਮਾਨ ਤੱਕ ਵੀ ਪਹੁੰਚ ਕੀਤੀ ਹੈ ਤੇ ਜੇਕਰ ਕੈਪਟਨ ਹੁਣ ਵੀ ਨਾ ਜਾਗੇ ਤਾਂ ਉਹ ਅਗਲੀ ਰਣਨੀਤੀ ਉਤੇ ਵਿਚਾਰ ਕਰਨਗੇ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ‘ਬਾਗੀ` ਧੜੇ ਦੀ ਅਗਵਾਈ ਕਰਦੇ ਜਾਪ ਰਹੇ ਹਨ, ਦਾ ਮੰਨਣਾ ਹੈ ਕਿ ਜੇਕਰ ਹੁਣ ਵੀ ਸਰਕਾਰ ਨੇ ਕੰਮ ਨਾ ਕੀਤਾ ਤਾਂ ਚੋਣਾਂ ਵਿਚ ਵੱਡਾ ਨੁਕਸਾਨ ਝੱਲਣਾ ਪਵੇਗਾ। ਰਵਨੀਤ ਸਿੰਘ ਬਿੱਟੂ ਨੇ ਦੋ-ਟੁੱਕ ਆਖਿਆ ਹੈ ਕਿ ਵਿਧਾਇਕ ਤੇ ਮੰਤਰੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਹਨ ਅਤੇ ਇਸ ਲਈ ਹਾਈਕਮਾਨ ਤੱਕ ਵੀ ਪਹੁੰਚ ਕਰਾਂਗੇ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵੀ ਨਵੀਂ ਜਾਂਚ ਟੀਮ ਨੂੰ 6 ਮਹੀਨੇ ਦਾ ਸਮਾਂ ਦੇਣ ਦਾ ਸਖਤ ਇਤਰਾਜ਼ ਕੀਤਾ। ਅਸਲ ਵਿਚ, ਮੰਤਰੀ ਤੇ ਵਿਧਾਇਕ ਕੈਪਟਨ ਸਰਕਾਰ ਦੀ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਖਫਾ ਹਨ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਕੈਪਟਨ ਆਪਣੀ ਕਿਸੇ ਮਜਬੂਰੀ ਕਾਰਨ ਬਾਦਲਾਂ ਦੇ ਥੱਲੇ ਲੱਗ ਕੇ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਟਵੀਟਾਂ ਦੀ ਵਾਛੜ ਕਰ ਕੇ ਤਿੱਖੇ ਵਾਰ ਕੀਤੇ ਜਾ ਰਹੇ ਸਨ। ਹੁਣ ਵੱਡੀ ਗਿਣਤੀ ਵਿਧਾਇਕਾਂ ਤੇ ਮੰਤਰੀਆਂ ਦੇ ਬਾਗੀ ਸੁਰਾਂ ਤੋਂ ਜਾਪ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਆਗੂਆਂ ਦਾ ਏਕਾ ਕੈਪਟਨ ਸਰਕਾਰ ਦੀ ਕੁਰਸੀ ਹਿਲਾ ਸਕਦਾ ਹੈ।