ਬਲਜੀਤ ਬਾਸੀ
ਮਾਇਆ ਵਿਚ ਰਹਿੰਦੇ ਹੋਏ ਇਸ ਤੋਂ ਨਿਰਲੇਪ ਰਹਿਣ ਦੀ ਸਿਖਿਆ ਧਾਰਮਿਕ ਸਾਹਿਤ ਵਿਚ ਆਮ ਹੀ ਮਿਲਦੀ ਹੈ। ਮਧਯੁਗ ਦੇ ਯੋਗ, ਮੰਤਰ ਅਤੇ ਭਗਤੀ ਸਾਹਿਤ ਵਿਚ ਨਿਰੰਜਨ ਦਾ ਵਾਰ ਵਾਰ ਜ਼ਿਕਰ ਮਿਲਦਾ ਹੈ। ਨਾਥ ਪਰੰਪਰਾ ਵਿਚ ਵੀ ਨਿਰੰਜਨ ਦੀ ਬੇਹਦ ਵਰਤੋਂ ਹੈ। ਸਾਧਾਰਨ ਰੂਪ ਵਿਚ ਨਿਰੰਜਨ ਸ਼ਬਦ ਨਿਰਗੁਣ ਬ੍ਰਹਮ ਦਾ ਅਤੇ ਵਿਸ਼ੇਸ਼ ਰੂਪ ਵਿਚ ਸ਼ਿਵ ਦਾ ਵਾਚਕ ਹੈ। ਇਕ ਪ੍ਰਾਚੀਨ ਪੰਥ ਨਿਰੰਜਨ ਨੂੰ ਪਰਮਪਦ ਖਿਆਲਦਾ ਸੀ। ਰਾਜਸਥਾਨ ਵਿਚ ਨਿਰੰਜਨੀ ਸਾਧੂਆਂ ਦਾ ਇਕ ਸੰਪਰਦਾਇ ਵੀ ਮੌਜੂਦ ਹੈ। ਨਿਰੰਜਨ ਮਾਇਆ ਤੋਂ ਨਿਰਲਿਪਤ ਈਸ਼ਵਰ ਦਾ ਇਕ ਵਿਸ਼ੇਸ਼ਣ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਅਨੇਕਾਂ ਵਾਰੀ ਆਇਆ ਹੈ। ਜਪੁਜੀ ਵਿਚ ਹੀ ਗੁਰੂ ਨਾਨਕ ਦੇਵ ਨੇ ਮਾਇਆ ਰਹਿਤ ਪਰਮਾਤਮਾ ਦੇ ਅਰਥਾਂ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ ਹੈ, “ਐਸਾ ਨਾਮੁ ਨਿਰੰਜਨੁ ਹੋਏ॥ ਜੇਕੋ ਮਨ ਜਾਨੇ ਮਨ ਕੋਇ॥ ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪ ਨਿਰੰਜਨੁ ਸੋਇ॥” ਨਿਰੰਜਨ ਸ਼ਬਦ ਦੇ ਦੋ ਸ਼ਬਦਾਂਗ ਹਨ, ਨਿਰ+ਅੰਜਨ। ‘ਨਿਰ’ ਅਗੇਤਰ ਦਾ ਅਰਥ ਰਹਿਤ, ਸੱਖਣਾ ਆਦਿ ਹੁੰਦਾ ਹੈ। ਇਹ ਜਿਸ ਸ਼ਬਦ ਦੇ ਅੱਗੇ ਲਗਦਾ ਹੈ, ਉਸ ਦੇ ਅਰਥ ਨੂੰ ਉਲਟਾ ਕਰ ਦਿੰਦਾ ਹੈ। ਅੰਜਨ ਸ਼ਬਦ ਦੇ ਕਈ ਅਰਥ ਹਨ ਜਿਨ੍ਹਾਂ ਵਿਚੋਂ ਆਮ ਪ੍ਰਚਲਤ ਹੈ ਕਾਲਖ, ਕੱਜਲ, ਸੁਰਮਾ। ਸਕੂਲੀ ਕਿਤਾਬਾਂ ਵਿਚ ਸਿਖਿਆ ਦਿਤੀ ਹੁੰਦੀ ਸੀ,
ਨਾਕ ਮੇਂ ਉਂਗਲੀ ਕਾਨ ਮੇਂ ਤਿਨਕਾ,
ਮਤ ਕਰ ਮਤ ਕਰ ਮਤ ਕਰ।
ਆਂਖ ਮੇਂ ਅੰਜਨ ਦਾਂਤ ਮੇਂ ਮੰਜਨ,
ਨਿਤ ਕਰ ਨਿਤ ਕਰ ਨਿਤ ਕਰ।
ਭਾਰਤੀ ਧਰਮਾਂ ਵਿਚ ਮਾਇਆ ਨੂੰ ਨਿੰਦਿਆ ਗਿਆ ਹੈ। ਇਸ ਪ੍ਰਸੰਗ ਵਿਚ ਅੰਜਨ ਸ਼ਬਦ ਆਪਣੇ ਤੌਰ ‘ਤੇ ਵੀ ਅਤੇ ਨਿਰੰਜਨ ਵਿਚਲੇ ਅੰਸ਼ ਵਜੋਂ ਵੀ ਮਾਇਆ ਦੇ ਅਰਥ ਧਾਰਨ ਕਰ ਲੈਂਦਾ ਹੈ। ਕੁਝ ਥਾਂਵਾਂ ‘ਤੇ ਇਸ ਦੇ ਅਜਿਹੇ ਅਰਥਾਂ ਦਾ ਕਾਰਨ ਅੰਜਨ ਦਾ ਅਰਥ ਸੁਰਮਾ ਜਾਂ ਕਾਲਖ ਹੋਣਾ ਤੋਂ ਵਿਕਸਿਤ ਹੋਇਆ ਦੱਸਿਆ ਗਿਆ ਹੈ। ਪਰ ਅਜਿਹਾ ਨਹੀਂ ਹੈ। ਦਰਅਸਲ ਅੰਜਨ ਵਿਚ ਲੇਪਣਾ, ਲਿਪਣਾ, ਪੋਚਣਾ, ਖਾਸ ਤੌਰ ‘ਤੇ ਤੇਲ ਆਦਿ ਮਲਣਾ, ਚੋਪੜਨਾ ਦੇ ਭਾਵ ਹਨ ਜੋ ਇਸ ਦੇ ਧਾਤੂ ‘ਅੰਜ’ ਤੋਂ ਆਏ ਹਨ। ਸੁਰਮਾ ਜਾਂ ਕੱਜਲ ਅੱਖ ‘ਤੇ ਲੇਪੀ/ਮਲੀ ਗਈ ਚੀਜ਼ ਹੀ ਹਨ। ਸੁਰਮਾ ਕਿਉਂਕਿ ਕਾਲਾ ਹੁੰਦਾ ਹੈ ਇਸ ਲਈ ਅੰਜਨ ਦੇ ਅਰਥ ਕਾਲਖ, ਰਾਤ ਤੇ ਸਿਆਹੀ ਆਦਿ ਵੀ ਹੋ ਗਏ ਹਨ। ਸੋ ਮਾਇਆ ਦੇ ਅਰਥਾਂ ਵਿਚ ਅੰਜਨ ਇਕ ਤਰ੍ਹਾਂ ਦਾ ਲੇਪ ਹੈ ਜਿਸ ਨੇ ਯਥਾਰਥ ਨੂੰ ਕੱਜਿਆ ਹੋਇਆ ਹੈ। ਨਿਰੰਜਨ ਇਸ ਅੰਜਨ ਅਰਥਾਤ ਮਾਇਆ ਤੋਂ ਨਿਰਲੇਪ ਰਹਿਣ ਦੀ ਸਥਿਤੀ ਹੈ। ‘ਅੰਜਨ ਮਾਹਿ ਨਿਰੰਜਨ’ ਦਾ ਸੰਕੇਤ ਇਸ ਮਾਇਆ ਅਰਥਾਤ ਸੰਸਾਰਕ ਆਕਰਸ਼ਣਾਂ ਵਿਚ ਰਹਿੰਦੇ ਹੋਏ ਇਸ ਤੋਂ ਪਰੇ ਰਹਿਣ, ਇਸ ਵਿਚ ਖਚਿਤ ਨਾ ਹੋਣ ਵੱਲ ਹੈ। ਪਰ ਜਿਵੇਂ ਕਿ ਉਪਰ ਜਪੁਜੀ ਸਾਹਿਬ ਦੇ ਹਵਾਲੇ ਨਾਲ ਦੱਸਿਆ ਗਿਆ ਹੈ, ਨਿਰੰਜਨ ਸ਼ਬਦ ਤੋਂ ਮੁਰਾਦ ਇਕ ਐਸੇ ਨਿਹਕੇਵਲ ਪਰਮਾਤਮਾ ਦੀ ਵੀ ਹੈ ਜੋ ਮਾਇਆ ਦੇ ਵਿਚ ਰਹਿੰਦਿਆਂ ਇਸ ਤੋਂ ਅਲੱਗ ਸ਼ੁਧ ਰੂਪ ਵਿਚ ਵਿਚਰਦਾ ਹੈ, ਜਿਸ ਨੂੰ ਕੋਈ ਬਾਹਰੀ ਸ਼ਕਤੀ ਥਾਪਦੀ ਨਹੀਂ। ਪਰਮਾਤਮਾ ਦਾ ਨਾਮ ਮਾਇਆ ਤੋਂ ਬਾਹਰਾ ਹੈ, ਜੋ ਕੋਈ ਇਸ ਗੱਲ ਨੂੰ ਸਮਝ ਲੈਂਦਾ ਹੈ, ਉਹ ਵੀ ਐਸਾ ਹੀ ਹੋ ਜਾਂਦਾ ਹੈ।
ਗੁਰਬਾਣੀ ਅਨੁਸਾਰ ਪਰਮਾਤਮਾ ਆਦਰਸ਼ ਹੈ ਤੇ ਮਨੁਖ ਨੂੰ ਉਸ ਜਿਹੇ ਗੁਣ ਅਪਨਾਉਣੇ ਚਾਹੀਦੇ ਹਨ। ਭਾਈ ਗੁਰਦਾਸ ਦੇ ਸ਼ਬਦ, “ਅੰਜਨੁ ਵਿਚ ਨਿਰੰਜਨੁ ਪਾਇਆ” ਗੁਰੂ ਨਾਨਕ ਦੇਵ ਦੀ ਇਸ ਤੁਕ ਦੀ ਹੀ ਸਰਲ ਵਿਆਖਿਆ ਹੈ। ਗੁਰੂ ਅਰਜਨ ਦੇਵ ਦਾ ਬਚਨ ਹੈ, ‘ਅੰਤ੍ਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਇ॥’ ਅਰਥਾਤ ਪਰਮਾਤਮਾ ਸਭ ਦੀਆਂ ਜਾਣਦਾ ਹੈ, ਉਸ ਦਾ ਅਸਲਾ ਬਿਆਨਿਆ ਨਹੀਂ ਜਾ ਸਕਦਾ, ਉਹ ਮਾਇਆ ਤੋਂ ਰਹਿਤ ਹੈ। ਇਸ ਤੁਕ ਵਿਚ ਨਾਥ ਸੰਪਰਦਾਇ ਦੀ ਇਕ ਉਕਤੀ ‘ਅਲਖ ਨਿਰੰਜਨ’ ਦੀ ਵਰਤੋਂ ਕੀਤੀ ਗਈ ਹੈ। ਅਲਖ ਸ਼ਬਦ ਲਕਸ਼ਣ (ਲੱਛਣ) ਤੋਂ ਵਿਪਰੀਤ ਅਰਥ ਦਿੰਦਾ ਹੈ। ਲਕਸ਼ ਦਾ ਮਤਲਬ ਹੈ-ਦੇਖਣਾ, ਪ੍ਰਤੀਤ ਕਰਨਾ, ਸੰਕੇਤ ਕਰਨਾ, ਇੰਗਿਤ ਕਰਨਾ। ਸੋ ਅਲਖ ਦਾ ਅਰਥ ਹੋਇਆ ਜੋ ਪ੍ਰਤੀਤ ਨਾ ਕੀਤਾ ਜਾ ਸਕੇ। ਨਾਥ ਸੰਪਰਦਾਇ ਦੀ ‘ਅਲਖ ਨਿਰੰਜਨ’ ਉਕਤੀ ਦਾ ਅਰਥ ਹੈ ਅਜਿਹਾ ਨਿਰਗੁਣ ਪਰਮਾਤਮਾ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਵਿਚ ਅੰਜਨ ਦਾ ਅਰਥ ਲੇਪ ਜਾਂ ਵਟਣੇ ਵਜੋਂ ਵੀ ਮਿਲਦਾ ਹੈ, “ਗਿਆਨ ਅੰਜਨ ਮੇਰਾ ਮੇਰਾ ਮਨੁ ਇਸਨਾਨੈ॥” ਨਿਰੰਜਨ ਸ਼ਬਦ ਵਿਅਕਤੀ ਦੇ ਨਾਂ ਵਜੋਂ ਵੀ ਆਮ ਹੀ ਵਰਤਿਆ ਜਾਂਦਾ ਹੈ।
‘ਅੰਜ’ ਧਾਤੂ ਤੋਂ ਹੀ ਅੰਜੁਲੀ ਸ਼ਬਦ ਬਣਿਆ ਜੋ ਹਿੰਦੀ ਵਿਚ ਬੁੱਕ ਦੇ ਅਰਥਾਂ ਵਿਚ ਆਮ ਪ੍ਰਚਲਿਤ ਸ਼ਬਦ ਹੈ। ਅਸਲ ਵਿਚ ਪਿਤਰੀ ਜਾਂ ਦੇਵੀ ਦੇਵਤੇ ਨਮਿਤ ਅਰਪਣ ਕੀਤੀ ਜਾਣ ਵਾਲੀ ਪਾਣੀ ਦੀ ਚੂਲੀ ਜਾਂ ਤਿਲ ਚੌਲ ਨਾਲ ਭਰੇ ਬੁੱਕ ਨੂੰ ‘ਅੰਜੁਲੀ’ ਕਿਹਾ ਜਾਂਦਾ ਹੈ। ਗੁਰੂ ਰਾਮ ਦਾਸ ਨੇ ਇਹ ਸ਼ਬਦ ਦੋਵੇਂ ਹੱਥ ਜੋੜ ਕੇ ਕੀਤੀ ਅਰਦਾਸ ਦੇ ਅਰਥਾਂ ਵਜੋਂ ਵਰਤੇ ਹਨ, “ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ॥” ਅੰਜੁਲੀ ਦੀ ਕਿਰਿਆ ਅੰਤਮ ਸੰਸਕਾਰ ਵੇਲੇ ਕੀਤੀ ਜਾਂਦੀ ਹੈ ਜਿਸ ਨੂੰ ਅਵਿਦਿਆ ਕਰਮ ਦਸਦਿਆਂ ਗੁਰੂ ਅਰਜਨ ਦੇਵ ਨੇ ‘ਅੰਜਲੀ’ ਸਿਰਲੇਖ ਅਧੀਨ ‘ਸੰਜੋਗ ਵਿਜੋਗ ਧੁਰਹੁ ਹੂਆ’ ਕਹਿ ਕੇ ਨਿਖੇਧੀ ਕੀਤੀ ਹੈ। ‘ਅੰਜ’ ਧਾਤੂ ਵਿਚ ਸਪਸ਼ਟ ਕਰਨ, ਪ੍ਰਗਟ ਕਰਨ ਜਾਂ ਕਹਿਣ ਦਾ ਵੀ ਭਾਵ ਹੈ ਜੋ ਦੇਖਣ ਨੂੰ ਇਸ ਦੇ ਲੇਪਣ, ਪੋਤਣ ਵਾਲੇ ਅਰਥਾਂ ਤੋਂ ਉਲਟ ਜਾਪਦਾ ਹੈ। ਜਦ ਕਿਸੇ ਚੀਜ਼ ਨੂੰ ਲਿਪਿਆ ਜਾਂਦਾ ਹੈ ਤਾਂ ਇਹ ਵਧੇਰੇ ਉਘੜ ਆਉਂਦੀ ਹੈ। ਅੱਖਾਂ ਵਿਚ ਸੁਰਮਾ ਜਾਂ ਕੱਜਲ ਪਾਉਣ ਨਾਲ ਇਹ ਵਧੇਰੇ ਉਜਾਗਰ ਤੇ ਕਟਾਖਸ਼ੀ ਹੋ ਜਾਂਦੀਆਂ ਹਨ। ਬੁੱਕ ਵਿਚ ਪਾ ਕੇ ਅਤੇ ਉਪਰ ਨੂੰ ਉਠਾ ਕੇ ਭੇਟ ਕੀਤੀ ਵਸਤੂ ਸਪਸ਼ਟ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਲਈ ਇਸ ਕਿਰਿਆ ਵਾਸਤੇ ਅੰਜੁਲੀ ਸ਼ਬਦ ਸਹੀ ਸਿਧ ਹੁੰਦਾ ਹੈ।
ਅੰਜਨ ਦੇ ਅੱਗੇ ‘ਵਿ’ ਅਗੇਤਰ ਲੱਗ ਕੇ ਵਿਅੰਜਨ ਸ਼ਬਦ ਬਣਿਆ। ਇਹ ਅਗੇਤਰ ਸਬੰਧਤ ਸ਼ਬਦ ਦੇ ਅਰਥਾਂ ਨੂੰ ਤੀਖਣ ਵੀ ਕਰ ਦਿੰਦਾ ਹੈ ਤੇ ਉਲਟਾ ਵੀ ਦਿੰਦਾ ਹੈ। ਵਿਅੰਜਨ ਸ਼ਬਦ ਵਿਚ ਵਿਅਕਤ ਜਾਂ ਪ੍ਰਗਟ ਦਾ ਭਾਵ ਹੈ। ਵਿਅੰਜਨ ਜਾਂ ਵਿਅੰਜਨਾ ਕਿਸੇ ਵੀ ਸ਼ਬਦ ਦੀ ਅਜਿਹੀ ਸ਼ਕਤੀ ਨੂੰ ਵੀ ਕਿਹਾ ਜਾਂਦਾ ਹੈ ਜੋ ਲੁਕੇ ਹੋਏ ਭਾਵ ਵੱਲ ਸੰਕੇਤ ਕਰਦੀ ਹੈ। ਇਸੇ ਤੋਂ ਸੁਝਾਅ, ਤਨਜ਼, ਟਕੋਰ, ਕਟਾਖਸ਼ ਆਦਿ ਦੇ ਅਰਥਾਂ ਵਾਲਾ ਵਿਅੰਗ ਸ਼ਬਦ ਬਣਿਆ। ਸਵਰਾਂ ਦੇ ਟਾਕਰੇ ਉਨ੍ਹਾਂ ਧੁਨੀਆਂ ਨੂੰ ਵੀ ਵਿਅੰਜਨ ਕਿਹਾ ਜਾਂਦਾ ਹੈ ਜੋ ਉਘੜਵੇਂ ਰੂਪ ਵਿਚ ਸੁਣਾਈ ਦਿੰਦੀਆਂ ਹਨ ਭਾਵੇਂ ਸਵਰਾਂ ਦੀ ਸਹਾਇਤਾ ਨਾਲ ਹੀ। ਕਿਹਾ ਜਾਂਦਾ ਹੈ ਕਿ ਸਿਹਾਰੀਆਂ ਬਿਹਾਰੀਆਂ ਅੱਖਰਾਂ ਨਾਲ ਇਉਂ ਚਿਪਕੀਆਂ ਹੁੰਦੀਆਂ ਹਨ ਜਿਵੇਂ ਪੀਆ ਦੇ ਗਲ ਵਿਚ ਪ੍ਰੀਤਮਾ ਦੀਆਂ ਬਾਂਹੜੀਆਂ। ਵਿਅੰਜਨ ਦਾ ਇਕ ਹੋਰ ਅਰਥ ਭੋਜਨ ਆਦਿ ਨੂੰ ਸੁਆਦੀ ਬਣਾਉਣ ਲਈ ਵਰਤੀਆਂ ਚੀਜ਼ਾਂ ਜਾਂ ਭੋਜਨ ਦੀਆਂ ਵੰਨਗੀਆਂ ਵੀ ਹਨ ਜਿਵੇਂ ਤੜਕਾ, ਸਾਗ, ਤਰਕਾਰੀ, ਚਟਣੀ ਆਦਿ।
ਗੁਰਬਾਣੀ ਵਿਚ ਇਹ ਸ਼ਬਦ ‘ਬਿੰਜਨ’ ਦੇ ਰੂਪ ਵਿਚ ਆਇਆ ਹੈ, ‘ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ॥” -ਗੁਰੂ ਅਰਜਨ ਦੇਵ। ਗੁਰੂ ਸਾਹਿਬ ਨੇ ਇਸ ਸ਼ਬਦ ਦੀ ਲਾਖਣਿਕ ਵਰਤੋਂ ਵੀ ਕੀਤੀ ਹੈ, “ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ॥” ਤੁਲਸੀ ਦਾਸ ਨੇ ਫਰਮਾਇਆ ਹੈ, “ਮਾਇਆਮਈ ਤੇਹਿ ਕੀਨਹਿ ਰਸੋਈ। ਬਿੰਜਨ ਬਹੁ ਗੁਨ ਸਕੈ ਨ ਕੋਈ।” ਇਥੇ ਵੀ ਭਾਵ ਭੋਜਨ ਨੂੰ ਵਧੇਰੇ ਉਘੜਵਾਂ ਜਾਂ ਦਿਲਕਸ਼ ਬਣਾਉਣ ਤੋਂ ਹੀ ਹੈ। ਲੋਕਯਾਨ ਵਿਚ ਆਉਂਦਾ ‘ਲੁਕਾਂਜਨ’ ਅਜਿਹਾ ਕੱਜਲ ਹੈ ਜਿਸ ਨੂੰ ਲਾਉਣ ਨਾਲ ਮਨੁਖ ਦਿਖਾਈ ਨਹੀਂ ਦਿੰਦਾ। ਅੱਖ ਦੇ ਪਪੋਟੇ ਦੀ ਸੋਜ਼ਿਸ਼ ਗੁਹਾਂਜਣੀ ਕਹਾਉਂਦੀ ਹੈ ਜਿਸ ਨੂੰ ਪੰਜਾਬੀ ਵਿਚ ਵਿਗਾੜ ਕੇ ਗੁਆਂਢਣੀ ਬਣਾ ਲਿਆ ਗਿਆ ਹੈ। ਇਸ ਸ਼ਬਦ ਵਿਚ ਵੀ ਅੰਜਨ ਸ਼ਬਦ ਝਲਕਦਾ ਹੈ: ਗੁਹ (ਗ੍ਰਹ)+ਆਂਜਨੀ। ਇਸ ਨੂੰ ਅੰਜਨਹਾਰੀ ਵੀ ਕਿਹਾ ਜਾਂਦਾ ਹੈ।
ਵਿਅੰਜਨ ਤੋਂ ਅੱਗੇ ਅਭਿਵਿਅੰਜਨ ਸ਼ਬਦ ਵੀ ਬਣਿਆ ਹੈ ਜਿਸ ਤੋਂ ਕਈ ਲੋਕ ਬਹੁਤ ਭੈਭੀਤ ਹਨ, ਅਖੇ ਇਹ ਸੰਸਕ੍ਰਿਤਨੁਮਾ ਹੈ। ਇਸ ਸ਼ਬਦ ਵਿਚਲੇ ਅਗੇਤਰ, ‘ਅਭਿ’ ਦੇ ਅਰਥ ਹੁੰਦੇ ਹਨ ਵੱਲ, ਦੀ ਦਿਸ਼ਾ ਵਿਚ, ਦੇ ਕਾਰਨ ਆਦਿ। ਇਸ ਤਰ੍ਹਾਂ ਇਸ ਦਾ ਅਰਥ ਬਣਿਆ ‘ਭਾਵਾਂ ਦਾ ਸਪਸ਼ਟ ਰੂਪ ਵਿਚ ਪ੍ਰਗਟਾਅ।’ ਪੰਜਾਬੀ ਦਾ ਇਕ ਠੇਠ ਸ਼ਬਦ ਹੈ ‘ਵਾਂਗਣਾ’ ਜਿਸ ਦਾ ਅਰਥ ਹੈ ਤੇਲ ਦੇਣਾ, ਖਾਸ ਤੌਰ ‘ਤੇ ਗੱਡੇ ਦੇ ਪਹੀਏ ਨੂੰ। ਅਸੀਂ ਪਹਿਲਾਂ ਦੱਸ ਆਏ ਹਾਂ ਕਿ ਅੰਜ ਧਾਤੂ ਦਾ ਅਰਥ ਮਲਣਾ, ਖਾਸ ਤੌਰ ‘ਤੇ ਤੇਲ ਮਲਣਾ ਹੁੰਦਾ ਹੈ। ਬੱਸ ਇਸ ਦੇ ਮੂਹਰੇ ‘ਵਿ’ ਅਗੇਤਰ ਹੀ ਲੱਗਾ ਹੈ। ‘ਵਾਂਗਣ’ ਦਾ ਇਕ ਹੋਰ ਵਿਸਤ੍ਰਿਤ ਅਰਥ ਹੈ, ਮੈਥੁਨ ਕਰਨਾ ਖਾਸ ਤੌਰ ‘ਤੇ ਨਰ ਪੰਛੀ ਦਾ ਮਦੀਨ ਪੰਛੀ ਨੂੰ ਲਾਉਣਾ। ਸਿਆਣੇ ਪਾਠਕ ਸਬੰਧ ਜੋੜ ਸਕਦੇ ਹਨ।
ਅੰਜਨ ਸ਼ਬਦ ਭਾਰੋਪੀ ਅਸਲੇ ਦਾ ਹੈ, ਅਰਥਾਤ ਹੋਰ ਹਿੰਦ ਆਰਿਆਈ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ੋਨਗੱ ਕਲਪਿਆ ਗਿਆ ਹੈ ਜਿਸ ਦਾ ਅਰਥ ਲੇਪਣਾ, ਮਲ੍ਹਮ ਲਾਉਣਾ ਆਦਿ ਮਿਥਿਆ ਗਿਆ ਹੈ। ਇਸ ਤੋਂ ਮਲ੍ਹਮ ਦੇ ਅਰਥਾਂ ਵਾਲਾ ਪੁਰਾਣੀ ਲਾਤੀਨੀ ਭਾਸ਼ਾ ਦਾ ਸ਼ਬਦ ੁਨਗੁeਨਟeਮ ਬਣਿਆ ਜਿਸ ਤੋਂ ਅੱਗੇ ਅੰਗਰੇਜ਼ੀ ਵਿਚ ਦੋ-ਤਿੰਨ ਹੋਰ ਸ਼ਬਦ ਬਣੇ: ੁਨਗੁeਨਟ ਅਤੇ ੋਨਿਟਮeਨਟ, ਦੋਨਾਂ ਦੇ ਅਰਥ ਮæਲ੍ਹਮ ਜਾਂ ਲੇਪ ਹੁੰਦੇ ਹਨ। ਇਸੇ ਧਾਤੂ ਨਾਲ ਜੁੜਿਆ ਤੇ ਇਨ੍ਹਾਂ ਹੀ ਅਰਥਾਂ ਵਿਚ ਵਰਤਿਆ ਜਾਂਦਾ ਅੰਗਰੇਜ਼ੀ ਦਾ ਇਕ ਹੋਰ ਸ਼ਬਦ ਹੈ ੁਨਚਟਿਨ। ਕਈ ਪੁਰਾਣੀਆਂ ਭਾਸ਼ਾਵਾਂ ਜਿਵੇਂ ਪੁਰਾਣੀ ਜਰਮੈਨਿਕ, ਆਇਰਿਸ਼, ਵੈਲਿਸ਼ ਤੇ ਅਜੋਕੀ ਰੁਮਾਨੀਅਨ ਵਿਚ ਇਸ ਤੋਂ ਬਣੇ ਸ਼ਬਦਾਂ ਦਾ ਅਰਥ ‘ਮੱਖਣ ‘ਹੁੰਦਾ ਹੈ। ਅੰਗਰੇਜ਼ੀ ਸ਼ਬਦ ਅਨੋਨਿਟ ਵੀ ਇਸੇ ਮੂਲ ਨਾਲ ਜੁੜਦਾ ਹੈ ਜਿਸ ਦਾ ਅਰਥ ਲੇਪਣਾ, ਮਲ੍ਹਮ ਲਾਉਣਾ, ਤੇਲ ਲਾਉਣਾ ਹੁੰਦਾ ਹੈ। ਈਸਾਈ ਧਰਮ ਵਿਚ ਇਸ ਸ਼ਬਦ ਦਾ ਅਰਥ ਕਿਸੇ ਵਿਅਕਤੀ ਜਾਂ ਵਸਤੂ ਨੂੰ ਤੇਲ ਲਾ ਕੇ ਪਵਿਤਰ ਬਣਾਉਣਾ ਵੀ ਹੈ। ਪੁਰਾਣੇ ਜ਼ਮਾਨੇ ਵਿਚ ਸਮਾਜਕ ਅਤੇ ਧਾਰਮਕ ਸੰਸਕਾਰਾਂ ਵਿਚ ਤੇਲ ਦੀ ਬਹੁਤ ਮਹੱਤਤਾ ਸੀ। ਯਹੂਦੀਆਂ ਵਿਚ ਤੇਲ ਲਾ ਕੇ ਕਿਸੇ ਨੂੰ ਮੁਖ ਪੁਰੋਹਿਤ (ਪੰਡਿਤਰਾਓ) ਬਣਾਇਆ ਜਾਂਦਾ ਸੀ। ਰਾਜੇ ਦੀ ਤਾਜਪੋਸ਼ੀ ਸਮੇਂ ਵੀ ਤੇਲ ਲਾਇਆ ਜਾਂਦਾ ਸੀ ਇਸ ਲਈ ਇਨ੍ਹਾਂ ਨੂੰ ਠਹe ਅਨੋਨਿਟeਦ ੋਨe ਵੀ ਕਿਹਾ ਜਾਂਦਾ ਸੀ। ਈਸਾ ਨੂੰ ਵੀ ਇਹ ਪਦਵੀ ਦਿੱਤੀ ਗਈ ਹੈ। ਸਾਡੇ ਦੇਸ਼ ਵਿਚ ਧਾਰਮਕ ਸੰਸਕਾਰਾਂ ਵਿਚ ਤਿਲਾਂ ਦੀ ਵਰਤੋਂ ਹੁੰਦੀ ਰਹੀ ਹੈ। ਤੇਲ ਚੋਣ ਵਾਲੀ ਰਸਮ ਦੀ ਮਹੱਤਤਾ ਤੋਂ ਸਭ ਵਾਕਿਫ਼ ਹਨ।
Leave a Reply