ਹਰਮਨ ਪਿਆਰੀ ਅਦਾਕਾਰਾ ਜ਼ੋਹਰਾ ਸਹਿਗਲ

ਜ਼ੋਹਰਾ ਸਹਿਗਲ ਆਪਣੇ ਜ਼ਮਾਨੇ ਦੀ ਉਮਦਾ ਕਲਾਕਾਰ ਸੀ। ਉਸ ਨੇ ਪਹਿਲਾਂ ਥੀਏਟਰ, ਫਿਰ ਫਿਲਮਾਂ ਅਤੇ ਇਸ ਦੇ ਨਾਲ ਨਾਲ ਆਪਣੀ ਜ਼ਿੰਦਗੀ ਵਿਚ ਵੀ ਯਾਦਗਾਰੀ ਕਾਰਜ ਸਿਰੇ ਚੜ੍ਹਾਏ। ਉਸ ਦਾ ਜਨਮ 27 ਅਪਰੈਲ 1912 ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਚ ਰੂੜੀਵਾਦੀ ਪਠਾਨ ਪਰਿਵਾਰ ਵਿਚ ਹੋਇਆ। ਬਚਪਨ ਦੇਹਰਾਦੂਨ ਵਿਚ ਬੀਤਿਆ। ਸ਼ੁਰੂਆਤੀ ਪੜ੍ਹਾਈ ਵੀ ਉਥੇ ਹੀ ਕੀਤੀ। 5 ਜਨਵਰੀ 1921 ਨੂੰ ਜ਼ੋਹਰਾ ਜਦੋਂ ਸਿਰਫ ਸਾਢੇ ਅੱਠ ਸਾਲ ਦੀ ਸੀ ਤਾਂ ਉਨ੍ਹਾਂ ਦੀ ਮਾਤਾ ਨਾਤਿਕਾ ਬੇਗਮ ਦਾ ਲੰਮੀ ਬਿਮਾਰੀ ਮਗਰੋਂ ਇੰਤਕਾਲ ਹੋ ਗਿਆ। ਫਿਰ ਤਾਂ ਚੱਲ ਸੋ ਚੱਲ…

ਅਮਰਦੀਪ
ਫੋਨ: +91-77105-07450
ਸਿਨੇਮਾ ਦੇ ਪਿਛਲੇ ਸੌ ਸਾਲ ਬਾਰੇ ਸੋਚਦਾ ਹਾਂ ਤਾਂ ਮਨ ਅੰਦਰ ਸਿਨੇਮਾ ਤੋਂ ਵੀ ਇਕ ਸਾਲ ਵੱਡੀ ਜ਼ੋਹਰਾ ਸਹਿਗਲ ਦਾ ਧੁੰਦਲਾ ਜਿਹਾ ਚਿਹਰਾ ਦਿਖਾਈ ਦਿੰਦਾ ਹੈ। ਜਿਵੇਂ ਜਿਵੇਂ ਯਾਦਾਂ ਕੁਰੇਦਦਾ ਹਾਂ ਤਾਂ ਇਹ ਚਿਹਰਾ ਹੋਰ ਸਾਫ ਨਜ਼ਰ ਆਉਣ ਲੱਗਦਾ ਹੈ। ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਮੈਂ ਅਤੇ ਆਕ੍ਰਿਤੀ ਸਾਹਨੀ ਨੇ ਜ਼ੋਹਰਾ ਆਪਾ ਨੂੰ ਫੜ ਕੇ ਸਟੇਜ ‘ਤੇ ਚੜ੍ਹਾਇਆ ਸੀ। ਉਸ ਵਕਤ ਉਨ੍ਹਾਂ ਦੀ ਉਮਰ ਸੌ ਸਾਲ ਨੂੰ ਢੁੱਕਣ ਵਾਲੀ ਸੀ। ਉਮਰ ਦੇ ਇਸ ਪੜਾਅ ਵਿਚ ਕਹਿੰਦੇ ਕਹਾਉਂਦੇ ਖੱਬੀਖਾਨ ਮੰਜਾ ਫੜ ਬਹਿ ਜਾਂਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਫੜ ਕੇ ਸਟੇਜ ‘ਤੇ ਚੜ੍ਹਾਇਆ ਤਾਂ ਮਨ ਵਿਚ ਖਿਆਲ ਇਹ ਵੀ ਆ ਰਿਹਾ ਸੀ ਕਿ ਜ਼ੋਹਰਾ ਆਪਾ ਇਸ ਉਮਰ ਵਿਚ ਪੇਸ਼ਕਾਰੀ ਕਰ ਸਕਣਗੇ? ਪਰ ਜਿਵੇਂ ਹੀ ਉਹ ਸਟੇਜ ‘ਤੇ ਪਹੁੰਚੇ, ਲਾਈਟਾਂ ਆਨ ਹੋਈਆਂ ਤਾਂ ਉਹ ਜਿੰਨੀ ਦੇਰ ਸਟੇਜ ‘ਤੇ ਰਹੇ ਦਰਸ਼ਕਾਂ ਨੇ ਅੱਖਾਂ ਝਪਕੇ ਬਿਨਾਂ ਉਨ੍ਹਾਂ ਦੀ ਅਦਾਕਾਰੀ ਨੂੰ ਦੇਖਿਆ। ਜ਼ੋਹਰਾ ਨੇ ਇਕ ਵਾਰ ਇੰਟਰਵਿਊ ਵਿਚ ਦੱਸਿਆ ਸੀ: “ਜਦੋਂ ਮੈਂ ਸਟੇਜ ‘ਤੇ ਜਾਂਦੀ ਹਾਂ ਤਾਂ ਮੈਨੂੰ ਲੱਗਦਾ ਹੈ, ਜਿਵੇਂ ਮੈਂ ਉੱਡ ਰਹੀ ਹੋਵਾਂ, ਕਿਉਂਕਿ ਥੀਏਟਰ ਹੀ ਉਨ੍ਹਾਂ ਦਾ ਪਹਿਲਾ ਪਿਆਰ ਸੀ।” ਜਿਹੜੇ ਦਰਸ਼ਕਾਂ ਨੇ ਉਨ੍ਹਾਂ ਦੀ ਪੇਸ਼ਕਾਰੀ ਦੇਖੀ ਹੈ, ਉਹ ਆਪਣੇ ਆਪ ਨੂੰ ਧੰਨਭਾਗ ਸਮਝ ਰਹੇ ਸਨ। ਸਾਨੂੰ ਤਾਂ ਫਿਰ ਵੀ ਉਨ੍ਹਾਂ ਦੇ ਸੰਗ ਵਿਚਰਨ ਦਾ ਮੌਕਾ ਮਿਲਿਆ। ਉਹ ਕਮਾਲ ਦੇ ਕਲਾਕਾਰ ਸਨ।
ਜ਼ੋਹਰਾ ਦਾ ਜਨਮ 27 ਅਪਰੈਲ 1912 ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਚ ਰੂੜੀਵਾਦੀ ਪਠਾਨ ਪਰਿਵਾਰ ਵਿਚ ਹੋਇਆ। ਇਨ੍ਹਾਂ ਦਾ ਬਚਪਨ ਦੇਹਰਾਦੂਨ ਵਿਚ ਬੀਤਿਆ। ਸ਼ੁਰੂਆਤੀ ਪੜ੍ਹਾਈ ਵੀ ਏਥੇ ਹੀ ਕੀਤੀ। ਇਨ੍ਹਾਂ ਦੀਆਂ ਤਿੰਨ ਭੈਣਾਂ ਤੇ ਇਕ ਭਰਾ ਸੀ। 5 ਜਨਵਰੀ 1921 ਨੂੰ ਜਦੋਂ ਜ਼ੋਹਰਾ ਆਪਾ ਦੀ ਉਮਰ ਸਿਰਫ ਸਾਢੇ ਅੱਠ ਸਾਲ ਸੀ ਤਾਂ ਉਨ੍ਹਾਂ ਦੀ ਮਾਤਾ ਨਾਤਿਕਾ ਬੇਗਮ ਦਾ ਲੰਮੀ ਬਿਮਾਰੀ ਮਗਰੋਂ ਇੰਤਕਾਲ ਹੋ ਗਿਆ। ਜ਼ੋਹਰਾ ਦੀ ਮਾਂ ਨੂੰ ਜਿਵੇਂ ਆਪਣੀ ਮੌਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਉਨ੍ਹਾਂ ਆਪਣੀ ਵਸੀਅਤ ਪਹਿਲਾਂ ਹੀ ਤਿਆਰ ਕਰ ਲਈ ਸੀ; ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਮਰਨ ਦੇ ਬਾਅਦ ਉਨ੍ਹਾਂ ਦੇ ਹਿੱਸੇ ਦੇ ਪੈਸੇ ਬੱਚਿਆਂ ਦੀ ਪੜ੍ਹਾਈ ਲਿਖਾਈ ‘ਤੇ ਹੀ ਖਰਚ ਕੀਤੇ ਜਾਣ, ਖਾਸ ਤੌਰ ‘ਤੇ ਪੁੱਤਰੀਆਂ ਦੀ ਪੜ੍ਹਾਈ ਲਈ। ਉਸ ਜ਼ਮਾਨੇ ਵਿਚ ਇਉਂ ਸੋਚਣਾ ਬਹੁਤ ਵੱਡੀ ਗੱਲ ਸੀ। ਜ਼ੋਹਰਾ ਦੇ ਪਿਤਾ ਨੇ ਆਪਣੀ ਪਤਨੀ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਜ਼ੋਹਰਾ ਨੂੰ ਲਾਹੌਰ ਦੇ ਕੁਈਨ ਮੈਰੀ ਸਕੂਲ ਵਿਚ ਪੜ੍ਹਨ ਲਗਾ ਦਿੱਤਾ ਜਿੱਥੇ ਅਮੀਰਾਂ ਦੇ ਬੱਚਿਆਂ ਨੂੰ ਹੀ ਦਾਖਲਾ ਮਿਲਦਾ ਸੀ। ਉਸ ਸਮੇਂ ਦੇਸ਼ ਤਕਸੀਮ ਨਹੀਂ ਹੋਇਆ ਸੀ। ਇਹ ਸਕੂਲ ਕੇਵਲ ਲੜਕੀਆਂ ਲਈ ਹੀ ਸੀ। ਇੱਥੇ ਜ਼ੋਹਰਾ ਨੂੰ ਦੋ ਵਾਰ ਅੱਵਲ ਵਿਦਿਆਰਥਣ ਦਾ ਸਨਮਾਨ ਵੀ ਮਿਲਿਆ। ਜਦੋਂ ਜ਼ੋਹਰਾ ਦਸਵੀਂ ਕਲਾਸ ‘ਚ ਪੜ੍ਹਦੀ ਸੀ ਤਾਂ ਘਰ ਵਿਚ ਵਿਆਹ ਦੀ ਗੱਲ ਹੋਣ ਲੱਗੀ ਪਰ ਉਸ ਦੇ ਸਕੂਲ ਦੀ ਅੰਗਰੇਜ਼ ਪ੍ਰਿੰਸੀਪਲ ਵਿਆਹ ਦੇ ਖਿਲਾਫ ਸੀ। ਇਸ ਲਈ ਉਸ ਦੀ ਪ੍ਰਿੰਸੀਪਲ ਨੇ ਢਾਈ ਸਾਲ ਉਸ ਨੂੰ ਦਸਵੀਂ ਕਲਾਸ ਵਿਚ ਹੀ ਰੱਖਿਆ। ਉਸੇ ਸਮੇਂ ਉਸ ਨੇ ਨਾਟਕਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਜ਼ੋਹਰਾ ਦਾ ਮਾਮਾ ਸਾਹਿਬਜ਼ਾਦਾ ਸਈਦੂ ਜਫਰ ਖਾਨ ਵਿਦੇਸ਼ ਤੋਂ ਡਾਕਟਰੀ ਪਾਸ ਕਰ ਕੇ ਆਇਆ ਸੀ। ਉਸ ਨੇ 17 ਸਾਲ ਦੀ ਜ਼ੋਹਰਾ ਨੂੰ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਬਣਨ ਲਈ ਪ੍ਰੇਰਿਆ। ਜ਼ੋਹਰਾ ਨੂੰ ਉਸ ਦੇ ਪਿਤਾ ਨੇ ਪਾਇਲਟ ਤਾਂ ਬਣਨ ਨਾ ਦਿੱਤਾ ਪਰ ਐਕਟਿੰਗ ਸਿੱਖਣ ਦੀ ਇਜਾਜ਼ਤ ਜ਼ੋਹਰਾ ਨੂੰ ਮਿਲ ਗਈ, ਜ਼ੋਹਰਾ ਭਾਵੇਂ ਨ੍ਰਿਤ ਸਿੱਖਣਾ ਚਾਹੁੰਦੀ ਸੀ। ਅਕਤੂਬਰ 1930 ਦੀ ਇਕ ਸਵੇਰ ਜ਼ੋਹਰਾ ਆਪਣੇ ਮਾਮੇ ਨਾਲ ਖੁੱਲ੍ਹੀ ਜੀਪ ‘ਚ ਸੜਕ ਦੇ ਰਸਤੇ ਦੇਹਰਾਦੂਨ, ਲਾਹੌਰ, ਮੁਲਤਾਨ, ਕੋਇਟਾ, ਤਹਿਰਾਨ, ਬਗਦਾਦ, ਅਰਬ ਦਾ ਰੇਗਿਸਤਾਨ, ਲੇਬਨਾਨ, ਬੈਰੂਤ, ਗਾਜਾ, ਜੇਰੂਸਲਮ, ਮਿਸਰ, ਕਹਿਰਾ, ਅਲੈਗਜੇਂਡਰੀਆ ਤਕ 90 ਦਿਨ ਦਾ ਸਫਰ ਤੈਅ ਕਰ ਕੇ ਫਿਰ ਪਾਣੀ ਦੇ ਰਸਤੇ ਜਨਵਰੀ 1931 ਨੂੰ ਬਰਲਿਨ (ਜਰਮਨੀ) ਜਾ ਪਹੁੰਚੀ। ਯੂਰਪ ਪਹੁੰਚ ਕੇ ਉਸ ਨੇ ਪਹਿਲਾਂ ਡੱਚ ਸਿੱਖੀ, ਫਿਰ ਨ੍ਰਿਤ ਤੇ ਅਭਿਨੈ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ। ਉਹ ਚੌਦਾਂ-ਚੌਦਾਂ ਘੰਟੇ ਨ੍ਰਿਤ ਦਾ ਅਭਿਆਸ ਕਰਦੀ। ਯੂਰਪ ਰਹਿੰਦੇ ਹੋਏ ਜ਼ੋਹਰਾ ਹੰਗਰੀ, ਆਸਟਰੀਆ, ਫਰਾਂਸ, ਇਟਲੀ, ਸਵਿਟਜ਼ਰਲੈਂਡ, ਇੰਗਲੈਂਡ ਤੇ ਨਾਰਵੇ ਵਿਚ ਵੀ ਖੂਬ ਘੁੰਮੀ। ਇਨ੍ਹਾਂ ਦਿਨਾਂ ‘ਚ ਹੀ ਉਸ ਦੀ ਮੁਲਾਕਾਤ ਉਦੈ ਸ਼ੰਕਰ ਨਾਲ ਹੋਈ ਜੋ ਮਸ਼ਹੂਰ ਸਿਤਾਰਵਾਦਕ ਰਵੀ ਸ਼ੰਕਰ ਦੇ ਵੱਡੇ ਭਰਾ ਸਨ। ਉਹ ਪੈਰਿਸ ਦੇ ਕੈਬਰੇ ਹਾਲ ਵਿਚ ਭਾਰਤੀ ਨ੍ਰਿਤ ਕਰਦੇ ਸਨ।
ਉਹ ਵੀਹਵੀ ਸਦੀ ਦੇ ਤੀਜੇ ਦਹਾਕੇ ‘ਚ ਲੰਡਨ ਵਿਚ ਵੀ ਰਹੀ। ਇਸ ਨੇ ਯੂਰਪ ਵਿਚ ਰਹਿੰਦੇ ਹੋਏ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਦੀਆਂ ਪੇਸ਼ਕਾਰੀਆਂ ਦੇਖੀਆਂ ਤੇ ਉਨ੍ਹਾਂ ਨਾਲ ਕੰਮ ਕਰਨ ਦਾ ਮਨ ਬਣਾ ਕੇ ਉਨ੍ਹਾਂ ਤੋਂ ਕੰਮ ਲੈਣ ਦਾ ਵਾਅਦਾ ਵੀ ਲੈ ਲਿਆ। ਲੰਡਨ ਵਿਚ ਹੀ ਰਹਿੰਦੇ ਜਪਾਨ ਪਹੁੰਚਣ ਦਾ ਟੈਲੀਗ੍ਰਾਮ ਉਦੈ ਸ਼ੰਕਰ ਪਾਸੋਂ ਪ੍ਰਾਪਤ ਹੋਇਆ। ਫਿਰ ਭਾਰਤ ਆ ਕੇ ਅਲਮੋੜਾ ਪਹੁੰਚੀ ਅਤੇ 1935 ‘ਚ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਦਾ ਹਿੱਸਾ ਬਣੀ।
1939 ‘ਚ ਉੱਤਰ ਪ੍ਰਦੇਸ਼ ਦੇ ਅਲਮੋੜਾ ‘ਚ ਉਦੈ ਸ਼ੰਕਰ ਸੰਸਕ੍ਰਿਤਕ ਕੇਂਦਰ ਸ਼ੁਰੂ ਹੋਇਆ ਜਿਸ ਵਿਚ ਜ਼ੋਹਰਾ ਨ੍ਰਿਤ ਸਿਖਾਉਂਦੀ ਸੀ। ਇਸੇ ਸੰਸਕ੍ਰਿਤਕ ਕੇਂਦਰ ਵਿਚ ਇਕ ਦਿਨ ਇੰਦੌਰ ਦਾ ਕਾਮੇਸ਼ਵਰ ਸਹਿਗਲ ਨ੍ਰਿਤ ਸਿੱਖਣ ਲਈ ਆਇਆ। ਏਥੇ ਹੀ ਜ਼ੋਹਰਾ ਤੇ ਕਾਮੇਸ਼ਵਰ ਦੀ ਮੁਲਾਕਾਤ ਹੋਈ। ਕਾਮੇਸ਼ਵਰ ਹਿੰਦੂ ਸੀ ਤੇ ਜ਼ੋਹਰਾ ਤੋਂ 8 ਸਾਲ ਛੋਟਾ ਸੀ ਪਰ ਇਕ ਦਿਨ ਕਾਮੇਸ਼ਵਰ ਨੇ ਜ਼ੋਹਰਾ ਕੋਲ ਵਿਆਹ ਦੀ ਗੱਲ ਕੀਤੀ ਜਿਸ ਨੂੰ ਜ਼ੋਹਰਾ ਨੇ ਕਬੂਲ ਕਰ ਲਿਆ। ਘਰ ਦਿਆਂ ਦੇ ਵਿਰੋਧ ਦੇ ਬਾਵਜੂਦ 14 ਜੂਨ 1949 ਨੂੰ ਉਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ। ਇਸ ਜੋੜੀ ਨੇ ਦੇਸ ਪਰਦੇਸ ਵਿਚ ਯਾਦਗਾਰ ਪੇਸ਼ਕਾਰੀਆਂ ਦਿੱਤੀਆਂ। ਮੁੰਬਈ ਵਿਚ ਜ਼ੋਹਰਾ ਨੇ ਪ੍ਰਿਥਵੀ ਰਾਜ ਕਪੂਰ ਨਾਲ ਥੀਏਟਰ ‘ਚ ਕੰਮ ਕਰਨਾ ਸ਼ੁਰੂ ਕੀਤਾ। ਪ੍ਰਿਥਵੀ ਥੀਏਟਰ ਦੇ ਬਿਨਾਂ ਜ਼ੋਹਰਾ ਇਪਟਾ, ਪ੍ਰਗਤੀਸ਼ੀਲ ਅੰਦੋਲਨ ਨਾਲ ਵੀ ਜੁੜੀ। ਉਨ੍ਹਾਂ ਨੇ ਇਪਟਾ ਦੀ ਮਦਦ ਨਾਲ ਬਣੀ ਫਿਲਮ ‘ਨੀਚਾ ਨਗਰ’ ਵਿਚ ਅਦਾਕਾਰੀ ਕੀਤੀ ਜਿਸ ਨੂੰ ਚੇਤਨ ਅਨੰਦ ਨੇ ਡਾਇਰੈਕਟ ਕੀਤਾ ਸੀ। ਕਾਨ ਫਿਲਮ ਫੈਸਟੀਵਲ ‘ਚ ਪਹਿਲੀ ਵਾਰ ਪੁਰਸਕਾਰ ਜਿੱਤਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਸੀ। ਇਕ ਸਮਾਂ ਆਇਆ ਜਦੋਂ ਜ਼ੋਹਰਾ ਆਪਣੇ ਪਤੀ ਨਾਲ ਪਾਕਿਸਤਾਨ ਚਲੀ ਗਈ ਪਰ ਉੱਥੇ ਇਹ ਦੋਵੇਂ ਜਿ਼ਆਦਾ ਦੇਰ ਨਹੀਂ ਟਿਕ ਸਕੇ ਤੇ ਵਾਪਸ ਭਾਰਤ ਆ ਕੇ ਮੁੰਬਈ ਰਹਿਣ ਲੱਗੇ। ਪਤੀ ਦੀ ਮੌਤ ਦੇ ਬਾਅਦ ਜ਼ੋਹਰਾ ਨੇ ਨਾਟਕ, ਟੀ.ਵੀ. ਤੇ ਫਿਲਮਾਂ ਕੀਤੀਆਂ ਪਰ 1962 ਵਿਚ ਵਾਪਸ ਲੰਡਨ ਚਲੀ ਗਈ। ਉੱਥੇ ਵੀ ਕੁਝ ਸਮਾਂ ਫਿਲਮਾਂ, ਨਾਟਕ ਤੇ ਟੀ.ਵੀ. ਲਈ ਕੰਮ ਕੀਤਾ। ਫਿਰ 1990 ‘ਚ ਵਾਪਸ ਭਾਰਤ ‘ਚ ਟੀਵੀ ਤੇ ਫਿਲਮਾਂ ਲਈ ਕੰਮ ਕਰਨਾ ਸ਼ੁਰੂ ਕੀਤਾ। 1945 ਤੋਂ 1959 ਤਕ ਸੌ ਤੋਂ ਜਿ਼ਆਦਾ ਸ਼ਹਿਰਾਂ ਵਿਚ 2000 ਤੋਂ ਜਿ਼ਆਦਾ ਸ਼ੋਅ ਪ੍ਰਿਥਵੀ ਥੀਏਟਰ ਨਾਲ ਕੀਤੇ। ਜ਼ੋਹਰਾ ਦੇ ਘਰ ਇਕ ਲੜਕੀ ਕਿਰਨ ਅਤੇ ਲੜਕਾ ਪਵਨ ਪੈਦਾ ਹੋਏ। ਲੜਕੀ ਉੜੀਸੀ ਡਾਂਸਰ ਹੈ ਤੇ ਲੜਕਾ ਡਬਲਿਊ.ਐਚ.ਓ. ਵਿਚ ਆਲ੍ਹਾ ਅਫਸਰ ਰਹਿ ਚੁੱਕਿਆ ਹੈ।
ਜਦੋਂ ਭਾਰਤੀ ਨਾਟ ਸੰਘ ਨੇ ਏਸ਼ੀਅਨ ਥੀਏਟਰ ਇੰਸਟੀਚਿਉੂਟ ਸ਼ੁਰੂ ਕੀਤਾ। ਉਸ ਦੇ ਬਾਅਦ ਇਹ ਫੈਸਲਾ ਹੋਇਆ ਕਿ ਹਰ ਸੂਬੇ ਵਿਚ ਨਾਟਿਆ ਅਕਾਦਮੀ ਬਣੇਗੀ। ਜਦੋਂ ਦਿੱਲੀ ‘ਚ ਨਾਟਿਆ ਅਕਾਦਮੀ ਬਣਾਉਣ ਦਾ ਫੈਸਲਾ ਹੋਇਆ ਤਾਂ ਜ਼ੋਹਰਾ ਸੰਗੀਤ ਨਾਟਕ ਅਕਾਦਮੀ ਦਿੱਲੀ ਦੀ ਪਹਿਲੀ ਪ੍ਰਿੰਸੀਪਲ ਬਣੀ। 1963 ਵਿਚ ਉਨ੍ਹਾਂ ਨੂੰ ਥੀਏਟਰ ਲਈ ਘਾਲੀ ਘਾਲਣਾ ਬਦਲੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। 1990 ‘ਚ ਭਾਰਤ ਸਰਕਾਰ ਵੱਲੋਂ ਅਮੈਰਿਟਸ ਫੈਲੋਸਿ਼ਪ ਐਵਾਰਡ ਮਿਲਿਆ। 1991 ‘ਚ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ। 1996 ‘ਚ ਉਨ੍ਹਾਂ ਨੂੰ ਬਹੁ ਸੰਸਕ੍ਰਿਤੀ ਤੇ ਟੈਲੀਵਿਜ਼ਨ ਡਰਾਮਾ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਲਈ ਬਰਮਿੰਘਮ ਵਿਚ ਨਾਰਮਨ ਬੀਟਨ ਐਵਾਰਡ ਨਾਲ ਨਿਵਾਜਿਆ ਗਿਆ। ਸ਼ੌਕਤ ਆਜ਼ਮੀ (ਕੈਫੀ ਆਜ਼ਮੀ ਦੀ ਪਤਨੀ), ਪ੍ਰਿਥਵੀ ਰਾਜ ਕਪੂਰ ਦੇ ਬਾਅਦ ਜ਼ੋਹਰਾ ਸਹਿਗਲ ਨੂੰ ਆਪਣਾ ਗੁਰੂ ਮੰਨਦੀ ਸੀ। ਉਨ੍ਹਾਂ ਨੇ ਆਪਣੀ ਜਿ਼ੰਦਗੀ ਵਿਚ ਆਪਣੇ ਕਰੀਅਰ ਤੇ ਸ਼ੌਕ ਪੂਰੇ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਜਿ਼ੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਜਾਂ ਕਰੀਅਰ ਨੂੰ ਚੁਣਨਾ ਸੀ। ਇਨ੍ਹਾਂ ਲਈ ਇਹ ਮੁਸ਼ਕਿਲ ਦੀ ਘੜੀ ਸੀ ਪਰ ਉਹ ਕਹਿੰਦੀ: “ਜੇਕਰ ਮੈਂ ਆਪਣੀ ਇੱਛਾ ਅਨੁਸਾਰ ਕਰੀਅਰ ਨੂੰ ਨਾ ਚੁਣਦੀ ਤਾਂ ਮੈਂ ਖੁਦ ਆਪਣੀਆਂ ਨਜ਼ਰਾਂ ‘ਚ ਮੁਜਰਿਮ ਬਣ ਜਾਂਦੀ। ਸਾਨੂੰ ਬੜੀ ਛੋਟੀ ਜਿਹੀ ਜਿ਼ੰਦਗੀ ਮਿਲਦੀ ਹੈ। ਬਚਪਨ ਸਿੱਖਣ ਤੇ ਸਮਝਣ ‘ਚ ਚਲਾ ਜਾਂਦਾ। ਬੁਢਾਪੇ ਦੀਆਂ ਜ਼ੰਜੀਰਾਂ ਬੜੀ ਜਲਦੀ ਪੈਰਾਂ ਵਿਚ ਪੈ ਜਾਂਦੀਆਂ ਨੇ ਜਿਹੜੀ ਵਿਚਕਾਰ ਛੋਟੀ ਜਿਹੀ ਮੋਹਲਤ ਮਿਲਦੀ ਹੈ ਜਿਸ ਵਿਚ ਅਸੀਂ ਆਪਣੇ ਹੋਣ ਦਾ ਸਬੂਤ ਦੇ ਸਕਦੇ ਹਾਂ, ਕੋਈ ਅਜਿਹਾ ਕੰਮ ਕਰ ਕੇ ਜਿਸ ਕਰ ਕੇ ਲੋਕੀਂ ਸਾਨੂੰ ਯਾਦ ਰੱਖ ਸਕਣ ਪਰ ਅਸੀਂ ਇਸ ਛੋਟੀ ਜਿਹੀ ਮੋਹਲਤ ਨੂੰ ਝਿਜਕ, ਡਰ ਤੇ ਕਸ਼ਮਕਸ਼ ਵਿਚ ਹੀ ਕੱਢ ਦਿੰਦੇ ਹਾਂ। ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਆਖਰੀ ਵਕਤ ਪਿੱਛੇ ਦੇਖ ਕੇ ਇਹ ਕਹਿ ਸਕਦੇ ਹਨ ਕਿ ਅਸੀਂ ਜਿ਼ੰਦਗੀ ਨੂੰ ਗੁਜ਼ਾਰਿਆ ਹੈ, ਜਿ਼ੰਦਗੀ ਨੇ ਸਾਨੂੰ ਨਹੀਂ ਗੁਜ਼ਾਰਿਆ।”
ਜ਼ੋਹਰਾ ਨੇ ਉਦੈ ਸ਼ੰਕਰ ਦੇ ਸ਼ੰਕਰ ਬੈਲੇ ਗਰੁੱਪ ਨਾਲ ਰੰਗੂਨ, ਮੱਧ ਏਸ਼ੀਆ, ਸੀਰੀਆ, ਇਰਾਨ, ਮਿਸਰ, ਯੂਨਾਨ, ਚੈਕੋਸਲਵਾਕਿਆ, ਸਵਿਟਜ਼ਰਲੈਂਡ ਤੇ ਲੰਡਨ ਵਿਚ ਸੌ ਸ਼ੋਅ ਕੀਤੇ। ਜ਼ੋਹਰਾ ਨੇ ਮਸ਼ਹੂਰ ਲੇਖਕ ਅੰਤੋਨ ਚੈਖਵ ਦੇ ਭਤੀਜੇ ਮਾਈਕਲ ਚੈਖਵ ਕੋਲੋਂ ਅਭਿਨੈ ਦੀਆਂ ਬਾਰੀਕੀਆਂ ਸਿੱਖੀਆਂ। ਜ਼ੋਹਰਾ ਦਾ ਪਤੀ ਉਰਦੂ ਤੇ ਫਾਰਸੀ ਦਾ ਵੀ ਗਿਆਨ ਰੱਖਦਾ ਸੀ ਤੇ ਉਹ ਇਕ ਕਾਬਲ ਡਾਂਸਰ ਤੇ ਇਕ ਕਲਾ ਨਿਰਦੇਸ਼ਕ ਵੀ ਸੀ।
ਸਵਿਟਜ਼ਰਲੈਂਡ ਦੀ ਮਹਿਲਾ ਮੂਰਤੀਕਾਰ ਐਲਿਸ ਬੋ ਉਨ੍ਹਾਂ ਦੇ ਨ੍ਰਿਤ ਦੀ ਅਜਿਹੀ ਦੀਵਾਨੀ ਹੋਈ ਕਿ ਉਹ ਉਸ ਨੂੰ ਭਾਰਤ ਵਾਪਸ ਲੈ ਆਈ ਤੇ ਦੋਵਾਂ ਨੇ ਭਾਰਤ ਵਿਚ ਸੰਗੀਤ ਮੰਡਲੀ ਬਣਵਾਈ। ਉਹ ਵੱਖ-ਵੱਖ ਦੇਸ਼ਾਂ ‘ਚ ਪ੍ਰੋਗਰਾਮ ਕਰਦੇ। ਜਦੋਂ ਉਦੈ ਸ਼ੰਕਰ ਦਾ ਸ਼ੋਅ ਜਰਮਨ ‘ਚ ਹੋਇਆ ਤਾਂ ਜ਼ੋਹਰਾ ਆਪਣੇ ਜਰਮਨ ਦੋਸਤਾਂ ਨਾਲ ਸ਼ਿਵ ਪਾਰਵਤੀ ਸ਼ੋਅ ਦੇਖਣ ਗਈ। ਇਹ ਸ਼ੋਅ ਉਸ ਦੇ ਦਿਲ ਤੇ ਦਿਮਾਗ ‘ਤੇ ਅਜਿਹਾ ਛਾਇਆ ਕਿ ਉਸ ਨੇ ਉਦੈ ਸ਼ੰਕਰ ਨਾਲ ਕੰਮ ਕਰਨ ਦਾ ਮਨ ਬਣਾ ਲਿਆ ਤੇ ਉਦੈ ਸ਼ੰਕਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਮੰਡਲੀ ‘ਚ ਕੰਮ ਕਰਨ ਦੀ ਇੱਛਾ ਪ੍ਰਗਟਾਈ। 20 ਸਤੰਬਰ 1933 ਨੂੰ ਜ਼ੋਹਰਾ ਭਾਰਤ ਵਾਪਸ ਆ ਗਈ। ਲਗਭਗ ਦੋ ਸਾਲ ਬਾਅਦ ਉਦੈ ਸ਼ੰਕਰ ਆਪਣੀ ਨ੍ਰਿਤ ਮੰਡਲੀ ਨਾਲ ਲਾਹੌਰ ਆਏ ਤੇ ਜ਼ੋਹਰਾ ਉਨ੍ਹਾਂ ਨੂੰ ਫਿਰ ਮਿਲੀ। ਇਕੱਠੇ ਕੰਮ ਕਰਨ ਦੀ ਫਿਰ ਗੱਲ ਹੋਈ। ਉਦੈ ਸ਼ੰਕਰ ਦੇ ਲਾਹੌਰ ਤੋਂ ਜਾਣ ਦੇ ਕੁਝ ਸਮਾਂ ਬਾਅਦ ਉਸ ਨੂੰ ਇਕ ਤਾਰ ਮਿਲੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ 11 ਅਗਸਤ ਨੂੰ ਜਪਾਨ ਜਾਣਾ ਹੈ। ਕੀ ਤੂੰ ਸਾਡੀ ਨ੍ਰਿਤ ਮੰਡਲੀ ‘ਚ ਸ਼ਾਮਲ ਹੋ ਸਕਦੀ ਹੈ? ਉਦੈ ਸ਼ੰਕਰ ਨੇ ਜ਼ੋਹਰਾ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਤੇ 8 ਅਗਸਤ 1935 ਨੂੰ ਕਲਕੱਤਾ ਦੇੇ ਨਿਊ ਐਮਪਾਇਰ ਥੀਏਟਰ ਵਿਚ ਉਨ੍ਹਾਂ ਦੀ ਜਿ਼ੰਦਗੀ ਦਾ ਪਹਿਲਾ ਨ੍ਰਿਤ ਪ੍ਰਦਰਸ਼ਨ ਹੋਇਆ। ਇਸ ਤੋਂ ਬਾਅਦ ਉਹ ਸਿੰਗਾਪੁਰ, ਰੰਗੂਨ ਤੇ ਕੁਆਲਾਲੰਮਪੁਰ ‘ਚ ਮੰਡਲੀ ਨਾਲ ਨ੍ਰਿਤ ਕਰਨ ਗਈ। ਜਦੋਂ ਜ਼ੋਹਰਾ ਵਾਪਸ ਭਾਰਤ ਆਈ ਤਾਂ ਉਹ ਸੁਪਰ ਸਟਾਰ ਬਣ ਚੁੱਕੀ ਸੀ। ਜਨਵਰੀ 1936 ਵਿਚ ਉਹ ਫਿਰ ਬੰਬਈ ਤੋਂ ਸਮੁੰਦਰ ਦੇ ਰਸਤੇ ਫਲਸਤੀਨ, ਸੀਰੀਆ, ਇਰਾਕ, ਮਿਸਰ , ਇਟਲੀ, ਚੈਕੋਸਲਵਾਕੀਆ, ਸਵਿਟਜ਼ਰਲੈਂਡ, ਪੈਰਿਸ ਹੁੰਦੇ ਹੋਏ ਇੰਗਲੈਂਡ ਜਾ ਪਹੁੰਚੀ ਜਿੱਥੇ ਉਨ੍ਹਾਂ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਨਾਲ ਪ੍ਰੋਗਰਾਮ ਦਿੱਤੇ। 1940 ਵਿਚ ਉਦੈ ਸ਼ੰਕਰ ਸੰਸਕ੍ਰਿਤ ਕੇਂਦਰ ਕਿਸੇ ਕਾਰਨ ਬੰਦ ਹੋ ਗਿਆ। ਜ਼ੋਹਰਾ ਤੇ ਕਾਮੇਸ਼ਵਰ ਨੇ ਫੈਸਲਾ ਕੀਤਾ ਕਿ ਆਪਣਾ ਡਾਂਸ ਸਕੂਲ ਸ਼ੁਰੂ ਕੀਤਾ ਜਾਵੇ। ਸਿਰਫ ਦਸ ਹਜ਼ਾਰ ਰੁਪਏ ਨਾਲ ਇਨ੍ਹਾਂ ਦੋਵਾਂ ਨੇ ਲਾਹੌਰ ਵਿਚ ਜ਼ੋਰੇਸ਼ ਡਾਂਸ ਇੰਸਟੀਚਿਊਟ ਸ਼ੁਰੂ ਕਰ ਦਿੱਤਾ। ਇਸ ਇੰਸਟੀਚਿਊਟ ਨੇ ਥੋੜ੍ਹੇ ਹੀ ਸਮੇਂ ਵਿਚ ਆਪਣੇ ਪੈਰ ਜਮਾ ਲਏ ਤੇ ਲੋਕ ਇੱਥੇ ਦੂਰੋਂ-ਦੂਰੋਂ ਨ੍ਰਿਤ ਸਿੱਖਣ ਆਉਂਦੇ।
ਜ਼ੋਹਰਾ ਨੇ ਪ੍ਰਿਥਵੀ ਥੀਏਟਰ ਦੇ ‘ਸ਼ਕੁੰਤਲਾ’, ‘ਦੀਵਾਰ’, ‘ਪਠਾਨ’, ‘ਗੱਦਾਰ’, ‘ਆਹੁੂਤੀ’, ‘ਪੈਸਾ’, ‘ਕਲਾਕਾਰ’ ਤੇ ‘ਕਿਸਾਨ’ ਨਾਟਕਾਂ ‘ਚ ਕੰਮ ਕੀਤਾ। ਚੌਦਾ ਸਾਲ ‘ਚ 8 ਨਾਟਕਾਂ ਦੇ 2262 ਸ਼ੋਅ ਹੋਏ। ਇਹ ਵਿਸ਼ਵ ਰਿਕਾਰਡ ਹੈ। ਪ੍ਰਿਥਵੀ ਥੀਏਟਰ ‘ਚ ਬਾਕਾਇਦਾ ਐਕਟਿੰਗ ਦੀ ਕਲਾਸ ਵੀ ਲੱਗਦੀ ਸੀ। ਜ਼ੋਹਰਾ ਡਾਂਸ ਸਿਖਾਉਂਦੀ। ਜ਼ੋਹਰਾ ਵੀ ਇਹ ਮੰਨਦੀ ਸੀ ਕਿ ਜੇਕਰ ਤੁਸੀਂ ਮੇਰੀ ਅਦਾਕਾਰੀ ਨੂੰ ਪਸੰਦ ਕਰਦੇ ਹੋ ਤਾਂ ਇਹ ਸਭ ਮੈਂ ਪਾਪਾ ਜੀ ਦੀ ਬਦੌਲਤ ਹੀ ਸਿੱਖ ਸਕੀ ਹਾਂ।
ਜ਼ੋਹਰਾ ਸਹਿਗਲ ਨੇ ‘ਨੀਚਾ ਨਗਰ’, ‘ਧਰਤੀ ਕੇ ਲਾਲ’, ‘ਅਫਸਰ’, ‘ਫਰੇਬ’, ‘ਹੀਰ’, ‘ਪੈਸਾ’, ‘ਦਿ ਲੌਂਗ ਡਿਯੂਲ’ ‘ਤਮੰਨਾ’, ‘ਦਿਲ ਸੇ…’, ‘ਹਮ ਦਿਲ ਦੇ ਚੁਕੇ ਸਨਮ’, ‘ਦਿਲਲਗੀ’, ‘ਤੇਰਾ ਜਾਦੂ ਚਲ ਗਿਆ’, ‘ਕੱਲ ਹੋ ਨਾ ਨਾ ਹੋ’, ‘ਵੀਰ ਜ਼ਾਰਾ’, ‘ਚੀਨੀ ਕਮ’, ‘ਸਾਂਵਰੀਆ’ ਤੇ ਇਕ ਸਮੇਂ ਦਿੱਲੀ ਦੂਰਦਰਸ਼ਨ ‘ਤੇ ਚੱਲੇ ਸੀਰੀਅਲ ‘ਗੁਲ ਗੁਲਸ਼ਨ ਗੁਲਫਾਮ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਜ਼ੋਹਰਾ ਨੇ ਆਪਣੀ ਜਿ਼ੰਦਗੀ ਦੇ 80 ਸਾਲ ਨ੍ਰਿਤ, ਥੀਏਟਰ ਤੇ ਅਦਾਕਾਰੀ ਨੂੰ ਦਿੱਤੇ। ਜਿਸ ਸਮੇਂ ਭਾਰਤੀ ਸਿਨੇਮਾ ਸੌ ਸਾਲ ਦਾ ਹੋਇਆ ਉਸ ਵਕਤ ਜ਼ੋਹਰਾ ਆਪਾ ਦੀ ਉਮਰ 101 ਸਾਲ ਸੀ। ਇਨ੍ਹਾਂ ਨੂੰ ਪਦਮਸ੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ, ਸੰਗੀਤ ਨਾਟਕ ਅਕਾਦਮੀ ਐਵਾਰਡ ਅਤੇ ਕਾਲੀਦਾਸ ਸਨਮਾਨ ਨਾਲ ਨਿਵਾਜਿਆ ਗਿਆ। ਸਾਡੀ ਸਭ ਦੀ ਹਰਮਨ ਪਿਆਰੀ ਅਦਾਕਾਰਾ 10 ਜੁਲਾਈ 2014 ਨੂੰ 102 ਸਾਲ ਦੀ ਉਮਰ ਹੰਢਾ ਕੇ ਸਾਥੋਂ ਸਦਾ ਲਈ ਰੁਖਸਤ ਹੋ ਗਈ।