ਚੋਣ ਨਤੀਜਿਆਂ ਨੇ ਭਾਜਪਾ ਦਾ ਭਰਮ ਤੋੜਿਆ

2024 ਵਿਚ ਭਗਵਾ ਧਿਰ ਦੇ ਟਾਕਰੇ ਲਈ ਸਾਂਝਾ ਸਿਆਸੀ ਪਿੜ ਬੱਝਣ ਦੇ ਆਸਾਰ
ਨਵੀਂ ਦਿੱਲੀ: ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਸਿਆਸਤ ਅੰਦਰ ਨਵੇਂ ਸਮੀਕਰਨਾਂ ਬਣਨ ਦੇ ਸੰਕੇਤ ਦੇ ਦਿੱਤੇ ਹਨ। ਇਨ੍ਹਾਂ ਚੋਣਾਂ ਨੇ ਜਿਥੇ ਹੁਣ ਤੱਕ ਆਪਣੇ ਆਪ ਨੂੰ ਅਜਿੱਤ ਮੰਨ ਰਹੀ ਭਾਜਪਾ ਦੇ ਸਾਰੇ ਭਰਮ ਭੁਲੇਖੇ ਤੋੜ ਕੇ ਰੱਖ ਦਿੱਤੇ ਹਨ, ਉਤੇ ਇਸ ਭਗਵਾ ਧਿਰ ਖਿਲਾਫ ਕੌਮੀ ਸਿਆਸਤ ਵਿਚ ਨਵੀਂ ਸਫਬੰਦੀ ਦਾ ਰਾਹ ਦਿਖਾਇਆ ਹੈ।

ਚੋਣ ਨਤੀਜਿਆਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕ ਭਾਜਪਾ ਦੇ ਹਿੰਦੂਤਵੀ ਏਜੰਡੇ ਅਤੇ ਫਿਰਕੂ ਸਿਆਸਤ ਤੋਂ ਕਿਨਾਰਾ ਕਰਨ ਲੱਗੇ ਹਨ। ਪੱਛਮੀ ਬੰਗਾਲ ਵਿਚ ‘ਦੋ ਸੌ ਪਾਰ` ਦਾ ਨਾਅਰਾ ਦੇਣ ਵਾਲੀ ਭਾਜਪਾ ਦੋ ਹਿੰਦਸਿਆਂ ਤੱਕ ਸਿਮਟ ਗਈ ਹੈ ਤੇ ਉਥੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਹੂੰਝਾ ਫੇਰੂ ਜਿੱਤ ਹਾਸਲ ਕਰ ਲਈ। ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ 292 (ਕੁੱਲ ਸੀਟਾਂ 294) ਵਿਚੋਂ 213 ਸੀਟਾਂ `ਤੇ ਜਿੱਤ ਹਾਸਲ ਕਰ ਕੇ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ। ਦੋ ਸੀਟਾਂ ਜੰਗੀਪੁਰ ਅਤੇ ਸਮਸੇਰਗਨ `ਚ ਦੋ ਉਮੀਦਵਾਰਾਂ ਦੀ ਕਰੋਨਾ ਕਾਰਨ ਮੌਤ ਹੋਣ ਕਰ ਕੇ ਦੋਵੇਂ ਸੀਟਾਂ `ਤੇ ਬਾਅਦ `ਚ ਚੋਣਾਂ ਹੋਣੀਆਂ ਹਨ। ਭਾਜਪਾ ਨੂੰ 77 ਅਤੇ ਆਈ.ਐਸ.ਐਫ. ਨੂੰ ਇਕ ਸੀਟ ਮਿਲੀ ਹੈ। ਭਾਜਪਾ ਦੇ ਉਘੇ ਆਗੂ ਬਾਬੁਲ ਸੁਪ੍ਰੀਓ, ਸਵਪਨ ਦਾਸਗੁਪਤਾ ਅਤੇ ਲੌਕਟ ਚੈਟਰਜੀ ਵਰਗੇ ਵੱਡੇ ਆਗੂ ਆਪਣੀਆਂ ਸੀਟਾਂ ਤੋਂ ਚੋਣ ਹਾਰ ਗਏ। ਕਾਂਗਰਸ ਅਤੇ ਖੱਬੇ-ਪੱਖੀਆਂ ਦਾ ਖਾਤਾ ਨਾ ਖੁੱਲ੍ਹਣ ਕਰ ਕੇ ਉਨ੍ਹਾਂ ਦਾ ਸੂਬੇ ਦੇ ਇਤਿਹਾਸ `ਚ ਨਾਮ ਦਰਜ ਹੋ ਗਿਆ ਹੈ। ਟੀ.ਐਮ.ਸੀ. ਨੇ 2016 ਵਿਚ 211 ਸੀਟਾਂ ਹਾਸਲ ਕੀਤੀਆਂ ਸਨ।
ਜ਼ਿਆਦਾਤਰ ਐਗਜਿ਼ਟ ਪੋਲ ਪੱਛਮੀ ਬੰਗਾਲ ਵਿਚ ਟੀ.ਐਮ.ਸੀ. ਦੀ ਜਿੱਤ ਦੇ ਫਰਕ ਦਾ ਅੰਦਾਜ਼ਾ ਲਾਉਣ ਵਿਚ ਨਾਕਾਮ ਰਹੇ ਹਨ। ਚੋਣ ਸਰਵੇਖਣਾਂ ਵਿਚ ਭਾਜਪਾ ਤੇ ਟੀ.ਐਮ.ਸੀ. ਵਿਚਾਲੇ ਫਸਵਾਂ ਮੁਕਾਬਲਾ ਦਿਖਾਇਆ ਗਿਆ ਸੀ। ਤਕਰੀਬਨ ਸਾਰੇ ਹੀ ਟੀ.ਵੀ. ਚੈਨਲਾਂ ਨੇ 294 ਮੈਂਬਰੀ ਬੰਗਾਲ ਵਿਧਾਨ ਸਭਾ ਵਿਚ ਤ੍ਰਿਣਮੂਲ ਕਾਂਗਰਸ ਨੂੰ ਘੱਟੋ-ਘੱਟ 152 ਤੇ ਵੱਧ ਤੋਂ ਵੱਧ 176 ਸੀਟਾਂ ਦਿੱਤੀਆਂ ਸਨ ਜਦਕਿ ਭਾਜਪਾ ਨੂੰ 105 ਤੋਂ 148 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਸੀ।
ਅਸਾਮ ਅਤੇ ਪੁਡੂਚੇਰੀ ਵਿਚ ਭਾਜਪਾ ਆਪਣੇ ਭਾਈਵਾਲਾਂ ਨਾਲ ਮਿਲ ਕੇ ਸਰਕਾਰ ਬਣਾਉਣ ਵਿਚ ਸਫਲ ਹੋ ਜਾਵੇਗੀ ਪਰ ਇਸ ਕੌਮੀ ਪਾਰਟੀ ਇਥੋਂ ਵੀ ਉਮੀਦਾਂ ਉਤੇ ਖਰੀ ਨਹੀਂ ਉਤਰ ਸਕੀ। ਕੇਰਲ ਵਿਚ ਪਿਛਲੀਆਂ ਚੋਣਾਂ ਵਿਚ ਭਾਜਪਾ ਇਕ ਸੀਟ ਉਤੇ ਜੇਤੂ ਰਹੀ ਸੀ ਤੇ ਹੁਣ ਕੇਂਦਰੀ ਹਕੂਮਤ ਵਿਚ ਦਬਦਬਾ ਹੋਣ ਕਾਰਨ ਉਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਇਥੋਂ ਉਹ ਆਪਣੀ ਇਕ ਸੀਟ ਤੋਂ ਵੀ ਹੱਥ ਧੋ ਬੈਠੀ। ਕੇਰਲ ਵਿਚ ਖੱਬੇ-ਪੱਖੀ ਗੱਠਜੋੜ ਨੇ ਮੁੜ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਹੈ। ਉਥੇ ਕਾਂਗਰਸ ਦੀ ਅਗਵਾਈ ਵਾਲਾ ਫਰੰਟ ਕਾਮਯਾਬ ਨਹੀਂ ਹੋ ਸਕਿਆ। ਤਾਮਿਲ ਨਾਡੂ ਵਿਚ ਡੀ.ਐਮ.ਕੇ. ਅਤੇ ਕਾਂਗਰਸ ਗੱਠਜੋੜ ਭਾਰੀ ਬਹੁਮਤ ਨਾਲ ਸੱਤਾ ਵਿਚ ਆ ਰਿਹਾ ਹੈ।
ਭਾਜਪਾ ਨੇ ਪੱਛਮੀ ਬੰਗਾਲ ਨੂੰ ਆਪਣੇ ਨੱਕ ਦਾ ਸਵਾਲ ਬਣਾਉਂਦਿਆਂ ਇਥੇ ਸਾਰੀ ਤਾਕਤ ਲਾ ਦਿੱਤੀ ਸੀ। ਇਥੇ ਪ੍ਰਧਾਨ ਮੰਤਰੀ ਨੇ 24 ਅਤੇ ਮੁਲਕ ਦੇ ਗ੍ਰਹਿ ਮੰਤਰੀ ਨੇ ਕਰੋਨਾ ਸੰਕਟ ਦੇ ਬਾਵਜੂਦ 27 ਰੈਲੀਆਂ ਕੀਤੀਆਂ। ਭਗਵਾ ਧਿਰ ਨੇ ਇਥੇ ਕੇਂਦਰੀ ਏਜੰਸੀਆਂ ਸਣੇ ਸਾਰਾ ਤੰਤਰ ਮਮਤਾ ਬੈਨਰਜੀ ਦੀ ਜ਼ਮੀਨੀ ਆਗੂ ਵਾਲੀ ਸ਼ਖਸੀਅਤ ਨੂੰ ਢਾਹ ਲਾਉਣ ਲਈ ਵਰਤਿਆ। ਹਮੇਸ਼ਾ ਵਾਂਗ ਉਸ (ਭਾਜਪਾ) ਨੇ ਇਨ੍ਹਾਂ ਚੋਣਾਂ ਵਿਚ ਖੁੱਲ੍ਹ ਕੇ ਆਪਣਾ ਫਿਰਕੂ ਪੱਤਾ ਵੀ ਖੇਡਿਆ। ਨਾਗਰਿਕਾਂ ਲਈ ਕੌਮੀ ਰਜਿਸਟਰ ਤਿਆਰ ਕਰ ਕੇ ਉਸ ਨੂੰ ਲਾਗੂ ਕਰਨ ਤੇ ਇਸ ਨੂੰ 2019 ਦੇ ਨਾਗਰਿਕਤਾ ਸੋਧ ਬਿੱਲ ਨਾਲ ਜੋੜਨ ਦੀ ਗੱਲ ਵੀ ਕੀਤੀ ਸੀ। ਮਮਤਾ ਦੇ 10 ਸਾਲਾਂ ਦੇ ਰਾਜ ਦੀਆਂ ਘਾਟਾਂ ਨੂੰ ਵੀ ਪੂਰੇ ਜ਼ੋਰ ਨਾਲ ਬਿਆਨ ਕੀਤਾ ਸੀ। ਉਸ `ਤੇ ਕਰੋਨਾ ਮਹਾਂਮਾਰੀ ਨੂੰ ਸਿਆਣਪ ਨਾਲ ਨਾ ਨਜਿੱਠ ਸਕਣ ਦੇ ਦੋਸ਼ ਵੀ ਲਗਾਏ ਗਏ ਸਨ, ਪਰ ਚੋਣ ਨਤੀਜੇ ਦੱਸਦੇ ਹਨ ਕਿ ਉਸ ਦਾ ਹਰ ਦਾਅ ਪੁੱਠਾ ਪਿਆ।
ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ `ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਦੇ ਸਿਆਸੀ ਹਲਕਿਆਂ `ਚ ਕਈ ਮਾਇਨੇ ਕੱਢੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੀ ਜਿੱਤ ਤੋਂ ਵੀ ਜ਼ਿਆਦਾ ਚਰਚਾ ਭਾਜਪਾ ਦੇ ਚੋਣਾਂ ਹਾਰ ਜਾਣ ਦੀ ਹੋ ਰਹੀ ਹੈ। ਬੰਗਾਲ ਫਤਿਹ ਤੋਂ ਬਾਅਦ ਮਮਤਾ ਨੇ 2024 ਦੀ ਜੰਗ ਵਿਚ ਭਾਜਪਾ ਨੂੰ ਸਾਂਝੀ ਟੱਕਰ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਮਮਤਾ ਦੇ ਕੌਮੀ ਆਗੂ ਵਜੋਂ ਉਭਾਰ ਦੀ ਚਰਚਾ ਵੀ ਛਿੜੀ ਹੈ। ਵੱਡੀ ਗਿਣਤੀ ਖੇਤਰੀ ਤੇ ਭਾਜਪਾ ਵਿਰੋਧੀ ਸੋਚ ਰੱਖਣ ਵਾਲੀਆਂ ਧਿਰਾਂ ਨੇ ਮਮਤਾ ਨੂੰ ਕੌਮੀ ਸਿਆਸਤ ਦੀ ਅਗਵਾਈ ਲਈ ਸੱਦਾ ਦਿੰਦੇ ਹੋਏ ਯੂ.ਪੀ.ਏ. ਗੱਠਜੋੜ ਦੀ ਕਮਾਨ ਸੰਭਾਲਣ ਦੀ ਸਲਾਹ ਦਿੱਤੀ ਹੈ।
ਮਮਤਾ ਦੀ ਜਿੱਤ ਉਤੇ ਦੇਸ਼ ਭਰ ਤੋਂ ਵਿਰੋਧੀ ਪਾਰਟੀਆਂ ਦੇ ਸਿਰਕੱਢ ਆਗੂਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਇਹ ਜ਼ਰੂਰ ਦਰਸਾਉਂਦਾ ਹੈ ਕਿ ਆਉਂਦੇ ਸਮੇਂ ਵਿਚ ਕੌਮੀ ਸਿਆਸਤ ਵਿਚ ਇਕ ਵਾਰ ਫਿਰ ਵਿਰੋਧੀ ਪਾਰਟੀਆਂ ਕੋਈ ਸਾਂਝਾ ਮੁਹਾਜ਼ ਬਣਾਉਣ ਲਈ ਯਤਨਸ਼ੀਲ ਹੋ ਸਕਦੀਆਂ ਹਨ। ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਚੋਣ ਦੌਰਾਨ ਸਾਰੀਆਂ ਸਿਆਸੀ ਧਿਰਾਂ ਨੂੰ ਲਿਖੀ ਚਿੱਠੀ `ਚ ਮਿਲ ਕੇ ਭਾਜਪਾ ਦਾ ਮੁਕਾਬਲਾ ਕਰਨ ਦਾ ਦਿੱਤਾ ਸੱਦਾ ਇਨ੍ਹਾਂ ਨਤੀਜਿਆਂ ਪਿੱਛੋਂ ਸਾਰਥਕ ਹੋ ਸਕਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਮਮਤਾ ਬੈਨਰਜੀ ਅਜਿਹੀਆਂ ਧਿਰਾਂ ਨੂੰ ਇਕ ਮੰਚ ਉਤੇ ਲਿਆਉਣ ਲਈ ਵੱਡੀ ਭੂਮਿਕਾ ਨਿਭਾ ਸਕਦੀ ਹੈ।
ਪੱਛਮੀ ਬੰਗਾਲ ਦੇ ਲੋਕਾਂ ਤੋਂ ਇਲਾਵਾ ਪੰਜਾਬ `ਚ ਭਾਜਪਾ ਵਿਰੋਧੀ ਪਾਰਟੀਆਂ ਨੂੰ ਸਭ ਤੋਂ ਵੱਧ ਚਾਅ ਚੜ੍ਹਿਆ ਹੈ; ਖਾਸ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੀ ਹਾਰ ਨੂੰ ਖੇਤੀ ਕਾਨੂੰਨਾਂ ਨਾਲ ਜੋੜ ਕੇ ਇਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਿੱਟਾ ਦੱਸਿਆ ਜਾ ਰਿਹਾ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ `ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪੱਛਮੀ ਬੰਗਾਲ ਦੇ ਵੱਖ-ਵੱਖ ਹਲਕਿਆਂ `ਚ ਜਾ ਕੇ ਭਾਜਪਾ ਵਿਰੁੱਧ ਪ੍ਰਚਾਰ ਕੀਤਾ ਸੀ ਤੇ ਸਾਫ ਤੌਰ `ਤੇ ਕਿਹਾ ਸੀ ਕਿ ਉਹ ਕਿਸੇ ਪਾਰਟੀ ਦੇ ਹੱਕ `ਚ ਨਹੀਂ ਬਲਕਿ ਭਾਜਪਾ ਵਿਰੁੱਧ ਪ੍ਰਚਾਰ ਲਈ ਆਏ ਹਨ। ਸਿਆਸੀ ਮਾਹਰ ਮੰਨਦੇ ਹਨ ਕਿ ਜੇਕਰ ਪੰਜੇ ਸੂਬਿਆਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤੇ ਜਾਵੇ ਤਾਂ ਇਹ ਸਾਫ ਹੈ ਕਿ ਭਾਜਪਾ ਨੂੰ ਸਭ ਤੋਂ ਵੱਧ ਮਾਰ ਉਸ ਦੀਆਂ ਮਾੜੀਆਂ ਨੀਤੀਆਂ ਨੇ ਮਾਰੀ ਹੈ।
___________________________
ਬੰਗਾਲ ਨੇ ਭਾਰਤ ਬਚਾਅ ਲਿਆ: ਮਮਤਾ
ਕੋਲਕਾਤਾ: ਲੋਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਟੀ.ਐਮ.ਸੀ. ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਨੇ ਆਪਣੇ ਫਤਵੇ ਨਾਲ ਭਾਰਤ ਨੂੰ ‘ਬਚਾ ਲਿਆ ਹੈ।` ਮਮਤਾ ਨੇ ਕਿਹਾ ਕਿ ਇਹ ਬੰਗਾਲ ਦੇ ਲੋਕਾਂ ਦੀ ਜਿੱਤ ਹੈ, ਲੋਕਤੰਤਰ ਦੀ ਜਿੱਤ ਹੈ। ਇਹ ਜ਼ੋਰਦਾਰ ਜਿੱਤ ਬਹੁਤ ਔਖਿਆਈ ਮਗਰੋਂ ਮਿਲੀ ਹੈ- ਕੇਂਦਰ ਸਰਕਾਰ, ਇਸ ਦੀ ਮਸ਼ੀਨਰੀ ਤੇ ਏਜੰਸੀਆਂ ਨੇ ਟੀ.ਐਮ.ਸੀ. ਵਿਰੁੱਧ ਪੂਰਾ ਜੋਰ ਲਾਇਆ ਹੈ। ਇਸ ਜਿੱਤ ਨੇ ਮਨੁੱਖਤਾ ਬਚਾ ਲਈ ਹੈ। ਉਂਜ, ਫਿਲਹਾਲ ਇਹ ਜਿੱਤ ਮਨਾਉਣ ਦਾ ਨਹੀਂ, ਕੋਵਿਡ ਨਾਲ ਨਜਿੱਠਣ ਦਾ ਸਮਾਂ ਹੈ। ਉਨ੍ਹਾਂ ਚੋਣ ਕਮਿਸ਼ਨ, ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਉਤੇ ਵੀ ਨਿਸ਼ਾਨਾ ਸੇਧਿਆ।
___________________________
ਖੇਤਰੀ ਪਾਰਟੀਆਂ ਦੇ ਉਭਾਰ ਨੇ ਸੰਕੇਤ
ਚੰਡੀਗੜ੍ਹ: ਭਾਜਪਾ ਨੇ ਅਸਾਮ ਵਿਚ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਲਈਆਂ ਹਨ ਪਰ ਉਹ ਪੱਛਮੀ ਬੰਗਾਲ, ਤਾਮਿਲ ਨਾਡੂ ਅਤੇ ਕੇਰਲ ਵਿਚ ਖੇਤਰੀ ਪਾਰਟੀਆਂ ਦੇ ਉਭਾਰ ਨੂੰ ਨਹੀਂ ਰੋਕ ਸਕੀ ਹੈ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਤਾਮਿਲ ਨਾਡੂ ਵਿਚ ਡੀ.ਐਮ.ਕੇ. ਅਤੇ ਕੇਰਲ ਵਿਚ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਾਲੇ ਗੱਠਜੋੜ ਦੀ ਜਿੱਤ ਇਹ ਸਾਬਤ ਕਰਦੀ ਹੈ ਕਿ ਭਾਰਤ ਵਿਚ ਖੇਤਰੀ ਪਾਰਟੀਆਂ ਦਾ ਪ੍ਰਭਾਵ ਵਧ ਰਿਹਾ ਹੈ। ਇਸ ਤੋਂ ਪਹਿਲਾਂ ਭਾਜਪਾ ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚੇ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਕੋਲੋਂ ਹਾਰੀ ਹੈ। ਇਹ ਚੋਣਾਂ ਇਹ ਵੀ ਸਾਬਤ ਕਰਦੀਆਂ ਹਨ ਕਿ ਭਾਵੇਂ ਅੱਜ ਦੀ ਸਿਆਸਤ ਵਿਚ ਭਾਜਪਾ ਦਾ ਇਕ ਪਾਰਟੀ, ਇਕ ਦੇਸ਼ ਤੇ ਇਕ ਵਿਚਾਰਧਾਰਾ ਵਾਲਾ ਏਜੰਡਾ ਭਾਰੂ ਹੈ ਪਰ ਦੇਸ਼ ਦਾ ਭਵਿੱਖ ਇਸ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ, ਵੱਖ-ਵੱਖ ਪ੍ਰਾਂਤਾਂ ਵਿਚਲੇ ਵਖਰੇਵਿਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਅਤੇ ਭਾਸ਼ਾਵਾਂ ਨੂੰ ਮਾਨ-ਸਨਮਾਨ ਦੇਣ ਵਿਚ ਪਿਆ ਹੈ। ਇਨ੍ਹਾਂ ਚੋਣਾਂ ਦਾ ਨਤੀਜਿਆਂ ਪਿੱਛੋਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੇ ਹੌਸਲੇ ਵੀ ਬੁਲੰਦ ਹੋਏ ਹਨ।