ਅਜਮੇਰ ਸਿੰਘ ਦੀਆਂ ਕੁਝ ਬੱਜਰ ਗਲਤਫਹਿਮੀਆਂ

ਉਘੇ ਚਿੰਤਕ ਬਲਦੇਵ ਦੂਹੜੇ ਨੇ ਚਿਰ ਪਹਿਲਾਂ ਸਿੱਖ ਚਿੰਤਕ ਅਜਮੇਰ ਸਿੰਘ ਦੀ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਵਿਚ ਪਰੋਸੀਆਂ ਗਲਤਫਹਿਮੀਆਂ ਬਾਰੇ ਲੰਮਾ ਲੇਖ ਲਿਖਿਆ ਸੀ। ਹੁਣ ਕਿਸਾਨ ਅੰਦੋਲਨ ਦੇ ਸਿਲਸਿਲੇ ਵਿਚ ਅਜਮੇਰ ਸਿੰਘ ਜਿਹੜਾ ਪ੍ਰਵਚਨ ਚਲਾਉਣ ਦੀ ਕੋਸਿ਼ਸ਼ ਕਰ ਰਿਹਾ ਹੈ, ਉਸ ਦੀ ਚੀਰ-ਫਾੜ ਬਲਦੇਵ ਦੂਹੜੇ ਨੇ ਆਪਣੇ ਇਸ ਲੰਮੇ ਲੇਖ ਵਿਚ ਕੀਤੀ ਹੈ। ਅਸਲ ਵਿਚ ਇਸ ਵਕਤ ਪੰਜਾਬ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਸ ਦਾ ਹੱਲ ਧਰਮ ਆਧਾਰਿਤ ਸਿਆਸਤ ਕੋਲ ਉਕਾ ਹੀ ਨਹੀਂ ਹੈ, ਜਿਸ ਬਾਰੇ ਉਕਸਾਊ ਪ੍ਰਚਾਰ ਅਜਮੇਰ ਸਿੰਘ ਕਈ ਸਾਲਾਂ ਤੋਂ ਕਰ ਰਿਹਾ ਹੈ।

ਬਲਦੇਵ ਦੂਹੜੇ
ਫੋਨ: 519-731-1985

ਸਾਬਕਾ ਨਕਸਲੀ ਅਤੇ ਅਜੋਕਾ ਸਿੱਖ ਚਿੰਤਕ ਅਜਮੇਰ ਸਿੰਘ ਪੰਜਾਬ ਦੇ ਰਾਜਸੀ ਹਲਕਿਆਂ ਅੰਦਰ ਜਾਣਿਆ-ਪਛਾਣਿਆ ਚਰਚਿਤ ਨਾਂ ਹੈ। ਅਜ ਤੋਂ ਪੰਜ-ਛੇ ਵਰ੍ਹੇ ਪਹਿਲਾਂ ਮੈਂ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਨਾਂ ਦੀ ਪੁਸਤਕ ਬਾਰੇ ‘ਹੁਣ’ ਮੈਗਜ਼ੀਨ ਵਿਚ ਦੋ ਲੇਖ ਲਿਖੇ ਸਨ ਅਤੇ ਉਸ ਨੂੰ ਮਨੋ ਵਿਸਾਰ ਛਡਿਆ ਸੀ ਪਰ ਅਜਮੇਰ ਸਿੰਘ ਦੇ ਪੈਗਾਮ ਗਰੁੱਪ ਦੇ ਸਾਥੀ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਜਿਸ ਨੀਝ ਅਤੇ ਸੂਰਮਗਤੀ ਨਾਲ ਇਸ ਚਿੰਤਕ ਅਤੇ ਇਸ ਦੇ ਮੱਠ ਦੇ ਗਿਆਨੀ ਸੁਖਪ੍ਰੀਤ ਸਿੰਘ ਉਦੋਕੇ ਅਤੇ ਰਮਨਪ੍ਰੀਤ/ਕਨੂੰਪ੍ਰਿਆ ਦੀ ਅਗਵਾਈ ਹੇਠਲੇ ਖੌਰੂਪਾਊ ਮਾਓਵਾਦੀਆਂ ਦੀਆਂ ਚਾਲਾਂ ਦੀ ਪੈੜ ਨੱਪੀ, ਉਹ ਵਧਾਈ ਦਾ ਹੱਕਦਾਰ ਹੈ।
ਅਜਮੇਰ ਸਿੰਘ ਆਪਣੇ ਪ੍ਰਵਚਨੀ ਬਾਗ ਰਾਹੀਂ ਕੁਝ ਅਜਿਹੀਆਂ ਬੇਬੁਨਿਆਦ ਗਲਤਫਹਿਮੀਆਂ ਵਾਰ-ਵਾਰ ਫੈਲਾਉਣ ਦੀ ਕੋਸਿ਼ਸ਼ ਕਰਦਾ ਹੈ ਜੋ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਸਕਦੀਆਂ ਹਨ ਸਗੋਂ ਹਿੰਸਕ ਰਾਹ ‘ਤੇ ਵੀ ਤੋਰ ਸਕਦੀਆਂ ਹਨ। ਇਹ ਗਲਤਫਹਿਮੀਆਂ ਪੰਜਾਬ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਨੂੰ ਪਰਖਣਾ ਜ਼ਰੂਰੀ ਹੈ। ਪਹਿਲੀ ਇਹ ਹੈ ਕਿ ਬੀ. ਜੇ. ਪੀ. ਸਿਖਾਂ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਦੂਜੀ ਹੈ ਕਿ ਖੱਬੇ ਪੱਖੀ ਲੋਕ ਪੰਜਾਬ ਵਿਚੋਂ ਸਿੱਖ ਧਰਮ ਦੀਆਂ ਜੜ੍ਹਾਂ ਪੁੱਟਣੀਆਂ ਚਾਹੁੰਦੇ ਹਨ ਤਾਂਕਿ ਮਾਰਕਸਵਾਦ ਦੀਆਂ ਜੜ੍ਹਾਂ ਲਾਈਆਂ ਜਾ ਸਕਣ। ਇਸ ਤੋਂ ਬਿਨਾਂ ਕੁਝ ਹੋਰ ਵੀ ਹਨ ਜਿਹਨਾਂ ਦੀ ਗੱਲ ਅਸੀਂ ਅੱਗੇ ਜਾ ਕੇ ਕਰਾਂਗੇ। ਇਹ ਬੱਜਰ ਕਿਸਮ ਦੇ ਝੂਠ ਹਨ ਜੋ ਅਜਮੇਰ ਸਿੰਘ ਵਲੋਂ ਲਗਾਤਾਰ ਆਏ ਹਨ। ਆਓ ਦੇਖੀਏ।
ਕੀ ਬੀ. ਜੇ. ਪੀ. ਸਾਨੂੰ ਆਪਣੇ ਆਪ ਵਿਚ ਜਜ਼ਬ ਕਰ ਲਵੇਗੀ?
ਅਜਮੇਰ ਸਿੰਘ ਅਨੁਸਾਰ (ਫਰਵਰੀ 3 ਦਾ ਵੀਡੀਓ), ਬੀ. ਜੇ. ਪੀ. ਵਾਲੇ ਚਾਹੁੰਦੇ ਹਨ ਕਿ ਸਿੱਖਾਂ ਨੂੰ ‘ਇਲੀਮੀਨੇਟ’ ਜਾਂ ਖਤਮ ਨਾ ਕੀਤਾ ਜਾਵੇ ਸਗੋਂ ‘ਅਸਿਮੀਲੇਟ’ ਜਾਂ ਜਜ਼ਬ ਕੀਤਾ ਜਾਵੇ। ਜਿਸ ਦਾ ਭਾਵ ਹੈ ਕਿ ਇਨ੍ਹਾਂ ਨੂੰ ਆਪਣਾ ਕਹਿ ਕੇ ਆਪਣੇ ਅੰਦਰ ਜਜ਼ਬ ਕਰ ਲਓ ਅਤੇ ਫਿਰ ਇਨ੍ਹਾਂ ਦੀ ਵਿਲੱਖਣ ਹਸਤੀ ਨੂੰ ਖਤਮ ਕਰ ਦਿਓ। ਸ਼ਾਇਦ ਭੰਗ ਪੀ ਕੇ ਜਾਂ ਕਿਸੇ ਪਾਗਲਪਨ ਅਧੀਨ ਹੀ ਕੋਈ ਇਨਸਾਨ ਇਸ ਗੱਲ ਵਿਚ ਯਕੀਨ ਕਰ ਸਕਦਾ ਹੈ। ਬੀ. ਜੇ. ਪੀ. ਵਰਗੀ ਫਜ਼ੂਲ ਕਿਸਮ ਦੀ ਪਾਰਟੀ ਸਿੱਖੀ ਵਰਗੇ ਮਹਾਨ, ਸ਼ਾਨਦਾਰ ਅਤੇ ਅੰਤਰਾਸ਼ਟਰੀ ਧਰਮ ਨੂੰ ਆਪਣੇ ਵਿਚ ਕਿਵੇਂ ਜਜ਼ਬ ਕਰ ਸਕਦੀ ਹੈ? ਇਸ ਬਾਰੇ ਕੋਈ ਤਫਸੀਲ ਅਜਮੇਰ ਸਿੰਘ ਜੀ ਨੇ ਨਹੀਂ ਦਿਤੀ। ਅਸਲ ਵਿਚ ਦੇਖਿਆ ਜਾਵੇ ਤਾਂ ਬੀ. ਜੇ. ਪੀ. ਤਾਂ ਅਕਾਲੀ ਦਲ ਨੂੰ ਵੀ ਆਪਣੇ ਅੰਦਰ ਜਜ਼ਬ ਨਹੀਂ ਕਰ ਸਕੀ। ਨਾ ਇਹ ਸਿ਼ਵ ਸੈਨਾ ਨੂੰ ਹੀ ਜਜ਼ਬ ਕਰ ਸਕੀ ਹੈ। ਇਹ ਮਮਤਾ ਬੈਨਰਜੀ ਦੇ ਅੱਗੇ ਚਕਨਾਚੂਰ ਹੋ ਗਏ ਹਨ। ਕੇਰਲ ਦੇ ਪੜ੍ਹੇ ਲਿਖੇ ਅਵਾਮ ਨੇ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਮੁਕੰਮਲ ਇਨਕਾਰ ਕਰ ਦਿਤਾ ਹੈ। ਬੰਗਾਲ ਅਤੇ ਕੇਰਲ ਵਿਚ ਬਹੁ-ਗਿਣਤੀ ਹਿੰਦੂ ਲੋਕਾਂ ਦੀ ਹੈ ਜਿਸ ਨੇ ਇਨ੍ਹਾਂ ਨੂੰ ਅਸਵੀਕਾਰ ਕੀਤਾ ਹੈ। ਸੋ, ਕੀ ਪੰਜਾਬ ਦੇ ਤਾਕਤਵਰ ਸਿੱਖਾਂ ਨੂੰ ਇਹ ਆਪਣੇ ਵਿਚ ਜਜ਼ਬ ਕਰ ਲੈਣਗੇ? ਬਿਲਕੁਲ ਗਲਤ ਧਾਰਨਾ ਹੈ।
ਕਿਸੇ ਸਿਆਸੀ ਪਾਰਟੀ ਲਈ ਕਿਸੇ ਵੀ ਧਰਮ ਨੂੰ ਖਤਮ ਕਰਨਾ ਜਾਂ ਜਜ਼ਬ ਕਰਨਾ ਤਕਰੀਬਨ ਅਸੰਭਵ ਹੈ। ਅਜਮੇਰ ਸਿੰਘ ਨੇ ਆਪਣੀਆਂ ਕਿਤਾਬਾਂ ਅਤੇ ਲੈਕਚਰਾਂ ਵਿਚ ਯਹੂਦੀਆਂ ‘ਤੇ ਜ਼ੁਲਮਾਂ ਦੀ ਬਾਤ ਪਾਈ ਹੈ। ਠੀਕ ਹੈ, ਉਨ੍ਹਾਂ ‘ਤੇ ਦੋ-ਢਾਈ ਹਜ਼ਾਰ ਸਾਲਾਂ ਦੌਰਾਨ ਅਕਹਿ ਜ਼ੁਲਮ ਹੋਏ। ਅਖੀਰ ਹਿਟਲਰ ਨੇ ਬਿਨਾ ਕਸੂਰ, ਬਿਨਾ ਕਿਸੇ ਭੜਕਾਹਟ ਦੇ 60 ਲੱਖ ਯਹੂਦੀ ਮਾਰ ਦਿਤੇ ਪਰ ਕੀ ਕੋਈ ਉਨ੍ਹਾਂ ਦੀ ਵਿਲੱਖਣ ਹਸਤੀ ਮਿਟਾ ਸਕਿਆ? ਇੱਕ ਧਰਮ ਦਾ ਦੂਜੇ ਧਰਮ ਵਿਚ ਜਜ਼ਬ ਹੋਣ ਦਾ ਇਤਿਹਾਸਕ ਸਬੂਤ ਬਹੁਤ ਘੱਟ ਦਿਸਦਾ ਹੈ ਸਗੋਂ ਇੱਕ ਧਰਮ ਦਾ ਕਈ ਫਿਰਕਿਆਂ ਵਿਚ ਵੱਟ ਜਾਣਾ ਜਾਂ ਫਟ ਜਾਣਾ ਆਮ ਦੇਖਿਆ ਗਿਆ ਹੈ। ਇਸੇ ਕਰ ਕੇ ਸਭ ਧਰਮਾਂ ਦੇ ਕਈ ਕਈ ਫਿਰਕੇ ਹਨ। ਧਰਮਾਂ ਦੇ ਵਧਣ ਜਾਂ ਘਟਣ ਦੇ ਕਾਰਨ ਬਹੁਤ ਗੁੰਝਲਦਾਰ ਹਨ ਜੋ ਇਸ ਲੇਖ ਦਾ ਵਿਸ਼ਾ ਨਹੀਂ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਦਾ ਕਿਸੇ ਧਰਮ ਨੂੰ ਜਜ਼ਬ ਕਰਨਾ ਅਸੰਭਵ ਹੈ।
ਕੀ ਸਿੱਖਾਂ ਦੀ ਵਿਲੱਖਣ ਹਸਤੀ ਬੀ. ਜੇ. ਪੀ. ਮਿਟਾਵੇਗੀ? ਬੀ. ਜੇ. ਪੀ. ਵਿਚ ਨਾ ਤਾਂ ਇੰਨੀ ਹਿੰਮਤ ਹੈ ਅਤੇ ਨਾ ਇਸ ਦੇ ਫਲਸਫੇ ਵਿਚ ਸਿੱਖ ਧਰਮ ਵਾਲੀ ਵਿਸ਼ਾਲਤਾ, ਮਾਨਵਤਾ ਅਤੇ ਸੇਵਾ ਭਾਵਨਾ ਹੈ ਕਿ ਇਹ ਇਸ ਦਾ ਕੁਝ ਵੀ ਵਿਗਾੜ ਸਕੇ। ਸਿੱਖ ਧਰਮ ਅੰਤਰਰਾਸ਼ਟਰੀ ਸਟੇਜ ‘ਤੇ ਹੁਣ ਸੇਵਾ ਭਾਵਨਾ ਲਈ ਸਿਤਾਰੇ ਵਾਂਗ ਚਮਕਣਾ ਸ਼ੁਰੂ ਹੋ ਰਿਹਾ ਹੈ। ਇਹ ਇੱਕ ਜਿਊਂਦੇ ਜਾਗਦੇ ਧਰਮ ਦੀ ਨਿਸ਼ਾਨੀ ਹੈ। ਜੇਕਰ ਭਾਰਤ ਵਿਚ ਸੈਕੂਲਰ ਜਮਹੂਰੀਅਤ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿਸੇ ਵੀ ਧਰਮ ਜਾਂ ਫਿਰਕੇ ਨੂੰ ਕੋਈ ਖਤਰਾ ਨਹੀਂ ਰਹਿ ਜਾਂਦਾ। ਸੋ ਅਜਮੇਰ ਸਿੰਘ ਦੀ ਇਹ ਗਲਤਫਹਿਮੀ ਨਿਰਾ ਫਰੇਬ ਹੈ। ਅਜਿਹੇ ਫਰੇਬ ਬੀ. ਜੇ. ਪੀ. ਦੀਆਂ ਗਲਤ ਪਾਲਿਸੀਆਂ ਵਿਰੁੱਧ ਜਦੋਜਹਿਦ ਨੂੰ ਕੁਰਾਹੇ ਪਾ ਸਕਦੇ ਹਨ। ਅਸਲ ਜਦੋਜਹਿਦ ਸੈਕੂਲਰਿਜ਼ਮ ਨੂੰ ਮਜ਼ਬੂਤ ਕਰਨ ਦੀ ਹੈ।
ਜੇਕਰ ਇਹ ਗੱਲ ਬੇਹੂਦਾ ਅਤੇ ਅਸੰਭਵ ਜਾਂ ਨਿਰਾ ਝੂਠ ਹੈ ਤਾਂ ਅਜਮੇਰ ਸਿੰਘ ਵਰਗੇ ਵਿਦਵਾਨ ਨੇ ਇਹ ਕਿਵੇਂ ਕਹਿ ਦਿਤੀ? ਅਸਲ ਗੱਲ ਇਹ ਹੈ ਕਿ ਇਹ ਪੁਰਾਣਾ ਤਰੀਕਾ ਹੈ ਲੋਕਾਂ ਨੂੰ ਬੇਵਕੂਫ ਬਣਾ ਕੇ ਪਿਛੇ ਲਾਉਣ ਦਾ। ਜਦੋਂ ਤੁਸੀਂ ਕਿਸੇ ਨੂੰ ਇਹ ਕਹਿ ਦਿਓ ਕਿ ਤੁਹਾਡੇ ਧਰਮ ਨੂੰ ਕਿਸੇ ਹੋਰ ਤੋਂ ਖਤਰਾ ਹੈ ਤਾਂ ਉਹ ਲੋਕ ਇੱਕ ਦਮ ਸਤਰਕ ਹੋ ਜਾਂਦੇ ਹਨ ਅਤੇ ਤੁਹਾਡੀ ਗੱਲ ਸੁਣਨ ਲੱਗ ਪੈਂਦੇ ਹਨ; ਅਤੇ ਜੇ ਤੁਸੀਂ ਇਹ ਕਹਿ ਦਿਓ ਕਿ ਤੁਹਾਡੇ ਕੋਲ ਇਸ ਗੱਲ ਦਾ ਇਲਾਜ ਹੈ ਤਾਂ ਉਹ ਤੁਹਾਡੇ ਪਿਛੇ ਲੱਗਣ ਲੱਗ ਪੈਂਦੇ ਹਨ। ਇਹੀ ਗੱਲ ਆਰ. ਐਸ. ਐਸ. ਨੇ ਹਿੰਦੂਆਂ ਨੂੰ ਦੱਸੀ ਹੈ। ਉਹ ਕਹਿੰਦੇ ਹਨ ਕਿ ਹਿੰਦੂਆਂ ਨੂੰ ਹਮੇਸ਼ਾਂ ਦਬਾਇਆ ਗਿਆ ਹੈ ਪਰ ਹੁਣ ਉਹ ਹਿੰਦੂ ਲੋਕਾਂ ਨੂੰ ਇੰਨੇ ਤਾਕਤਵਰ ਬਣਾਉਣਾ ਚਾਹੁੰਦੇ ਹਨ ਕਿ ਮੁੜ ਕੇ ਅਜਿਹੀ ਗੱਲ ਨਾ ਹੋ ਸਕੇ ਪਰ ਉਹ ਝੂਠ ਬੋਲ ਰਹੇ ਹਨ। ਹਿੰਦੂ ਲੋਕ ਭਾਰਤ ਵਿਚ ਬਹੁਤ ਹੀ ਵੱਡੀ ਬਹੁਗਿਣਤੀ ਹਨ। ਉਹ ਤਾਂ ਹੀ ਤਾਕਤਵਰ ਬਣ ਸਦਕੇ ਹਨ, ਜੇਕਰ ਭਾਰਤ ਤਾਕਤਵਰ ਬਣੇ। ਬੀ. ਜੇ. ਪੀ. ਤੋਂ ਵੀ ਗੰਦੀ ਖੇਡ ਪਿਛਲੇ 70 ਵਰ੍ਹਿਆਂ ਤੋਂ ਸਾਡੇ ਗੁਆਂਢ ਪਾਕਿਸਤਾਨ ਵਿਚ ਫੌਜੀ ਜਰਨੈਲਾਂ ਅਤੇ ਮੌਲਾਣਿਆਂ ਦੀ ਨਾਪਾਕ ਜੁੰਡਲੀ ਖੇਡ ਰਹੀ ਹੈ ਪਰ ਕੀ ਫਿਰਕਾਪ੍ਰਸਤੀ ਅਤੇ ਅੰਦਰੂਨੀ ਖਾਨਾਜੰਗੀ ਪੈਦਾ ਕਰ ਕੇ ਕਿਸੇ ਮੁਲਕ ਨੂੰ ਤਾਕਤਵਰ ਬਣਾਇਆ ਜਾ ਸਕਦਾ ਹੈ? ਬਿਲਕੁਲ ਨਹੀਂ। ਇਹ ਤਾਂ ਮੁਲਕ ਨੂੰ ਕਮਜ਼ੋਰ ਕਰਨ ਦਾ ਫਾਰਮੂਲਾ ਹੈ ਜੋ ਅੰਗਰੇਜ਼ ਵਰਤਦੇ ਰਹੇ ਹਨ। ਜੇਕਰ ਤੁਸੀਂ ਭਾਰਤ ਨੂੰ ਇੱਕ ਮਹਾਨ ਅਤੇ ਤਾਕਤਵਰ ਦੇਸ਼ ਬਣਾਉਣਾ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਸਭ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿਚ ਸ਼ਾਂਤੀ ਅਤੇ ਇਨਸਾਫ ਦਾ ਰਿਸ਼ਤਾ ਹੋਵੇ ਅਤੇ ਸਾਰੇ ਹੀ ਇੱਕ ਮਹਾਨ ਸਭਿਅਤਾ ਉਸਾਰਨ ਵਿਚ ਸ਼ਮਿਲ ਹੋਣ। ਬੀ. ਜੇ. ਪੀ. ਦਾ ਇਹ ਝੂਠ ਕਿਸਾਨ ਅੰਦੋਲਨ ਨੇ ਚੈਲੇਂਜ ਕੀਤਾ ਹੈ। ਅਜਮੇਰ ਸਿੰਘ ਦਾ ਇਹ ਝੂਠ ਚੈਲੇਂਜ ਕਰਨ ਦੀ ਲੋੜ ਹੈ। ਸਮੱਸਿਆ ਇਥੇ ਸਿਰਫ ਅਜਮੇਰ ਸਿੰਘ ਜਾਂ ਬੀ. ਜੇ. ਪੀ. ਹੀ ਨਹੀਂ ਸਗੋਂ ‘ਧਾਰਮਿਕ ਸਿਆਸਤ’ ਦੀ ਵੀ ਹੈ। ਅੱਜ ਦੀ ਸੰਵਿਧਾਨਕ ਜਮਹੂਰੀਅਤ ਵਿਚ ਧਾਰਮਿਕ ਸਿਆਸਤ ਇਕ ਫਰੇਬ ਅਤੇ ਛਲ ਹੈ ਜਿਸ ਵਿਚ ਕਪਟ ਸਿਆਸਤਦਾਨ ਧਰਮ ਅਤੇ ਜਮਹੂਰੀਅਤ ਦੋਹਾਂ ਨੂੰ ਭ੍ਰਿਸ਼ਟ ਕਰਦੇ ਹਨ। ਇਸ ਬਾਰੇ ਹੋਰ ਗੱਲ ਅੱਗੇ ਜਾ ਕੇ ਕਰਦੇ ਹਾਂ। ਬਦਕਿਸਮਤੀ ਇਹ ਹੈ ਕਿ ਅਜਮੇਰ ਸਿੰਘ ਵਰਗਾ ਕਿਸੇ ਸਮੇਂ ਮਾਰਕਸੀ ਚਿੰਤਨ ਵਿਚ ਰੜ੍ਹਿਆ, ਘਾਗ ਚਿੰਤਕ ਅਜ ਸੌੜੀ ਧਾਰਮਿਕ ਸਿਆਸਤ ਦਾ ਸਹਾਰਾ ਲੈ ਰਿਹਾ ਹੈ।
ਕੀ ਕਮਿਊਨਿਸਟ ਪਾਰਟੀਆਂ ਸਿੱਖ ਧਰਮ ਦੀਆਂ ਜੜ੍ਹਾਂ ਪੁੱਟ ਸਕਦੀਆਂ ਹਨ?
ਅਜਮੇਰ ਸਿੰਘ ਦੀ ਦੂਜੀ ਬੱਜਰ ਗਲਤਫਹਿਮੀ ਹੈ ਕਿ ਕਮਿਊਨਿਸਟ ਲੋਕ ‘ਗੁਰਮਤਿ ਚਿੰਤਨ’ ਦੀਆਂ ਜੜ੍ਹਾਂ ਉਖਾੜਨੀਆਂ ਚਾਹੁੰਦੇ ਹਨ ਤਾਂ ਕਿ ਮਾਰਕਸਵਾਦ ਦੀਆਂ ਪੰਜਾਬ ਵਿਚ ਜੜ੍ਹਾਂ ਲਾਈਆਂ ਜਾ ਸਕਣ। ਬਹੁਤ ਸਾਰੇ ਨੌਜਵਾਨ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਕਮਿਊਨਿਸਟਾਂ ਨੂੰ ਗਾਹਲਾਂ ਕੱਢ ਰਹੇ ਹਨ। ਅਸਲ ਵਿਚ ਇਹ ਵੀ ਮੁਕੰਮਲ ਝੂਠ ਹੈ। ਜੇਕਰ ਕਿਸੇ ਲੇਖਕ ਨੇ ਇਹ ਗੱਲ ਕਹੀ ਵੀ ਹੈ ਤਾਂ ਉਹ ਅਗਿਆਨਤਾ ਦੇ ਸਿ਼ਕਾਰ ਹੋਣਗੇ। ਅਸਲ ਗੱਲ ਹੈ ਕਿ ਮਾਰਕਸਵਾਦ ਦੀਆਂ ਜੜ੍ਹਾਂ ਦੁਨੀਆਂ ਦੇ ਕਿਸੇ ਮੁਲਕ ਵਿਚ ਵੀ ਨਹੀਂ ਲੱਗੀਆਂ ਅਤੇ ਨਾ ਪੱਕੇ ਤੌਰ ‘ਤੇ ਲੱਗ ਸਕਦੀਆਂ ਹਨ। ਮਾਰਕਸਵਾਦ ਧਰਮ ਨਹੀਂ ਹੈ ਸਗੋਂ ਸਿਆਸੀ-ਆਰਥਕ ਫਲਸਫਾ ਹੈ। ਅਜਿਹੇ ਫਲਸਫੇ ਵਕਤ ਨਾਲ ਬਦਲਦੇ ਰਹਿੰਦੇ ਹਨ। ਮਾਰਕਸਵਾਦ ਦੇ ਕਈ ਸਿਧਾਂਤ ਮਾਰਕਸ ਵੇਲੇ ਠੀਕ ਲਗਦੇ ਸਨ ਪਰ ਹੁਣ ਉਨ੍ਹਾਂ ਦਾ ਸਮਾਂ ਲੰਘ ਗਿਆ ਹੈ। ਮਾਰਕਸ ਦੇ ਕੁਝ ਸੰਕਲਪ, ਜਿਵੇਂ ਮਾਨਵਵਾਦੀ ਚਿੰਤਾਵਾਂ ਅੱਜ ਵੀ ਠੀਕ ਹਨ ਅਤੇ ਚਲਦੀਆਂ ਰਹਿਣਗੀਆਂ ਪਰ ਕੋਈ ਵੀ ਮੁਲਕ ਕਿਸੇ ਇੱਕ ਘੜੇ ਘੜਾਏ ਸਿਆਸੀ-ਆਰਥਕ ਫਲਸਫੇ ਦੇ ਆਧਾਰ ‘ਤੇ ਨਹੀਂ ਚੱਲ ਸਕਦਾ, ਕਿਉਂਕਿ ਹਕੀਕਤ ਅਤੇ ਹਾਲਾਤ ਬਦਲਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਨਾਲ ਇਨਸਾਨੀ ਸੋਚ ਦਾ ਵਿਕਸਤ ਹੋਣਾ ਲਾਜ਼ਮੀ ਹੈ। ਮਾਰਕਸਵਾਦ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੈ।
ਸਿੱਖ ਧਰਮ ਦੀਆਂ ਜੜ੍ਹਾਂ ਪੰਜਾਬ ਵਿਚ ਵੀ ਅਤੇ ਹਰ ਉਸ ਥਾਂ ‘ਤੇ ਜਿਥੇ ਸਿੱਖ ਲੋਕ ਰਹਿ ਰਹੇ ਹਨ, ਬਹੁਤ ਮਜ਼ਬੂਤ ਹਨ। ਇਨ੍ਹਾਂ ਨੂੰ ਕੋਈ ਸਿਆਸੀ-ਆਰਥਕ ਫਲਸਫਾ ਹਿਲਾ ਨਹੀਂ ਸਕਦਾ, ਕਿਉਂਕਿ ਸਿੱਖ ਧਰਮ ਸਿਆਸੀ-ਆਰਥਕ ਫਲਸਫਾ ਨਹੀਂ ਹੈ।
ਹਾਂ, ਜਾਤੀ ਤੌਰ ‘ਤੇ ਕਈ ਲੋਕ ਧਰਮ ਵਿਚ ਬਹੁਤ ਯਕੀਨ ਕਰਦੇ ਹਨ, ਕਈ ਘੱਟ ਕਰਦੇ ਹਨ ਅਤੇ ਕਈ ਬਿਲਕੁਲ ਨਾਸਤਕ ਬਣ ਚੁੱਕੇ ਹਨ ਪਰ ਇਹ ਗੱਲ ਸਾਰੇ ਧਰਮਾਂ ਉਤੇ ਲਾਗੂ ਹੁੰਦੀ ਹੈ। ਹਰ ਧਰਮ ਦੇ ਲੋਕਾਂ ਵਿਚ ਕੁਝ ਲੋਕ ਅਜਿਹੇ ਮਿਲਣਗੇ ਜੋ ਰੱਬ ਵਿਚ ਯਕੀਨ ਨਹੀਂ ਕਰਦੇ। ਵਿਕਸਿਤ ਮੁਲਕਾਂ ਵਿਚ ਇਹ ਗੱਲ ਇਨਸਾਨੀ ਹੱਕਾਂ ਵਿਚ ਆਉਂਦੀ ਹੈ ਕਿ ਕੋਈ ਵੀ ਵਿਅਕਤੀ ਜਿਹੜੇ ਵੀ ਧਰਮ ਵਿਚ ਚਾਹੇ, ਯਕੀਨ ਕਰ ਸਕਦਾ ਹੈ ਜਾਂ ਕਿਸੇ ਵੀ ਧਰਮ ਵਿਚ ਯਕੀਨ ਨਾ ਕਰੇ। ਮਾਰਕਸ ਦੇ ਧਾਰਮਿਕ ਆਜ਼ਾਦੀ ਬਾਰੇ ਕੀ ਖਿਆਲ ਸਨ? ਆਓ ਦੇਖੀਏ।
ਮਾਰਕਸ ਦੇ ਵਕਤ ਜਰਮਨ ਸਟੇਟ ਈਸਾਈ ਮੱਤ ਦਾ ਧਾਰਨੀ ਸੀ ਜਿਸ ਕਰ ਕੇ ਯਹੂਦੀ ਲੋਕਾਂ ਨਾਲ ਵਿਤਕਰਾ ਹੁੰਦਾ ਸੀ। ਬਰੂਨੋ ਬਾਵਰ ਨਾਂ ਦੇ ਬੰਦੇ ਨੇ ਤਜਵੀਜ਼ ਦਿੱਤੀ ਸੀ ਕਿ ਯਹੂਦੀਆਂ ਨੂੰ ਜਰਮਨੀ ਵਿਚ ਪੂਰੀ ਧਾਰਮਿਕ ਆਜ਼ਾਦੀ ਨਹੀਂ ਮਿਲ ਸਕਦੀ, ਜਦ ਤੱਕ ਉਹ ਆਪਣੇ ਧਰਮ ਨੂੰ ਤਿਆਗ ਨਹੀਂ ਦਿੰਦੇ। ਉਸ ਦਾ ਕਹਿਣਾ ਸੀ ਕਿ ਧਰਮ ਮੁਕਤੀ ਹੀ ਅਸਲ ਵਿਚ ਇਨਸਾਨ ਦੀ ਮੁਕਤੀ ਹੈ। ਮਾਰਕਸ ਨੇ ਇਸ ਦੇ ਵਿਰੋਧ ਵਿਚ ਲਿਖਿਆ ਸੀ ਕਿ ਧਾਰਮਿਕ ਆਜ਼ਾਦੀ ਲਈ ਇਨਸਾਨ ਨੂੰ ਧਰਮ ਮੁਕਤ ਕਰਨ ਦੀ ਲੋੜ ਨਹੀਂ ਸਗੋਂ ਸਟੇਟ ਨੂੰ ਧਰਮ ਮੁਕਤ ਜਾਂ ਧਰਮ ਨਿਰਲੇਪ ਕਰਨ ਨਾਲ ਇਹ ਗੱਲ ਹੱਲ ਹੋ ਜਾਂਦੀ ਹੈ। ਉਸ ਦਾ ਕਹਿਣਾ ਸੀ ਕਿ ਬਰੂਨੋ ਬਾਵਰ ਸਿਆਸੀ ਆਜ਼ਾਦੀ ਨੂੰ ਇਨਸਾਨ ਦੀ ਆਜ਼ਾਦੀ ਨਾਲ ਉਲਝਾ ਰਿਹਾ ਹੈ। ਉਸ ਨੇ ਅਮਰੀਕਾ ਦੀ ਮਿਸਾਲ ਦਿੱਤੀ ਸੀ ਕਿ ਅਮਰੀਕਾ ਵਿਚ ਸਟੇਟ ਧਰਮ ਨਿਰਲੇਪ ਹੈ ਪਰ ਧਰਮ ਪੂਰੀ ਆਜ਼ਾਦੀ ਨਾਲ ਚੱਲ ਰਹੇ ਹਨ। ਮਾਰਕਸ ਅਨੁਸਾਰ, ਅਸਲ ਵਿਚ ਕਿਸੇ ਮੁਲਕ ਵਿਚ ਵੱਖ ਵੱਖ ਧਰਮਾਂ ਦੀ ਹੋਂਦ ਕਰ ਕੇ ਹੀ ਸਟੇਟ ਨੂੰ ਧਰਮ ਨਿਰਲੇਪ ਕਰਨਾ ਜ਼ਰੂਰੀ ਹੈ। ਸਟੇਟ ਕਿਸੇ ਧਰਮ ਦੀ ਪੁਸ਼ਤ-ਪਨਾਹੀ ਨਾ ਕਰੇ, ਤਾਂ ਹੀ ਧਰਮ ਮੁਕੰਮਲ ਆਜ਼ਾਦੀ ਨਾਲ ਚੱਲ ਸਕਦੇ ਹਨ। ਮਾਰਕਸ ਨੇ ਕਿਹਾ ਸੀ ਕਿ ਇਨਸਾਨ ਦੀ ਧਰਮ ਤੋਂ ਆਜ਼ਾਦੀ ਅਜੇ ਸੰਭਵ ਨਹੀਂ ਹੈ, ਕਿਉਂਕਿ ਜਿਹੜੇ ਹਾਲਾਤ ਧਰਮ ਦੀ ਜ਼ਰੂਰਤ ਪੈਦਾ ਕਰਦੇ ਹਨ, ਉਹ ਅਜੇ ਵੀ ਕਾਇਮ ਹਨ, ਭਾਵ ਜਦ ਤੱਕ ਜਿ਼ੰਦਗੀ ਦੁੱਖਭਰੀ ਹੈ, ਧਰਮ ਚਲਦੇ ਰਹਿਣਗੇ। ਉਸ ਵੇਲੇ ਕਮਿਊਨਿਸਟ ਲੋਕਾਂ ਦਾ ਵਿਸ਼ਵਾਸ ਸੀ ਕਿ ਇਨਕਲਾਬ ਤੋਂ ਬਾਅਦ ਬੇਗਮਪੁਰਾ ਪੈਦਾ ਕੀਤਾ ਜਾ ਸਕਦਾ ਹੈ ਪਰ ਇਤਿਹਾਸ ਨੇ ਫੈਸਲਾ ਕਰ ਦਿਤਾ ਕਿ ਬੇਗਮਪੁਰਾ ਤਾਂ ਕੀ ਪੈਦਾ ਕਰਨਾ ਸੀ, ਸੋਵੀਅਤ ਯੂਨੀਅਨ ਹੀ ਖਤਮ ਹੋ ਗਿਆ ਪਰ ਧਰਮ ਅਜੇ ਵੀ ਚੱਲ ਰਹੇ ਹਨ।
ਕਮਿਊਨਿਸਟ ਲਹਿਰ ਵੀ ਅਤੇ ਪਾਰਟੀਆਂ ਵੀ ਬਹੁਤ ਕਮਜ਼ੋਰ ਹੋ ਚੁੱਕੀਆਂ ਹਨ। ਕੀ ਸੀ. ਪੀ. ਆਈ. ਸਿੱਖ ਧਰਮ ਦੀਆਂ ਜੜ੍ਹਾਂ ਹਿਲਾ ਸਕਦੀ ਹੈ ਜਾਂ ਸੀ. ਪੀ. ਐਮ.? ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਇਵੇਂ ਹੀ ਕੀ ਨੈਕਸਲਾਈਟ ਹਿਲਾ ਸਕਦੇ ਹਨ? ਬਿਲਕੁਲ ਨਹੀਂ। ਸੋ, ਅਜਮੇਰ ਸਿੰਘ ਦੀ ਇਹ ਗਲਤਫਹਿਮੀ ਅਸਲ ਵਿਚ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਕਹੀ ਗਈ ਸਾਜ਼ਸ਼ੀ ਬਿਆਨਬਾਜ਼ੀ ਹੈ। ਇਹ ਨੇਕ ਨੀਅਤ ਨਾਲ ਲਿਖੇ ਸ਼ਬਦ ਨਹੀਂ ਹਨ ਪਰ ਭੋਲੇ ਨੌਜਵਾਨ ਇਸ ਵਿਚ ਯਕੀਨ ਕਰ ਕੇ ਕਮਿਊਨਿਸਟਾਂ ਨਾਲ ਬਦਕਲਾਮੀ ਕਰ ਰਹੇ ਹਨ।
ਫਿਰ ਉਹ ਸਾਰੇ ਖੱਬੀ ਪੱਖੀਆਂ ਨੂੰ ਇਕੋ ਰੱਸੇ ਬੰਨ੍ਹ ਦਿੰਦਾ ਹੈ। ਅਸਲ ਵਿਚ ਖੱਬੇ ਪੱਖੀ ਸਿਆਸਤ ਬਹੁਤ ਵੱਡਾ ਸਪੈਕਟਰਮ ਹੈ। ਇਸ ਵਿਚ ਮਾਓਵਾਦੀ ਉਗਰਵਾਦ ਵੀ ਆਉਂਦਾ ਹੈ ਪਰ ਸਮਾਜਵਾਦੀ ਜਮਹੂਰੀਅਤ ਜਾਂ ਸੋਸ਼ਲ ਡੈਮੋਕਰੇਸੀ ਵੀ ਆਉਂਦੀ ਹੈ। ਸੋਸ਼ਲ ਡੈਮੋਕਰੈਟਸ ਵਿਚ ਕਾਂਗਰਸ ਤੋਂ ਲੈ ਕੇ ਬਹੁਤ ਸਾਰੇ ਲੋਕ ਆ ਜਾਂਦੇ ਹਨ। ਸੋਸ਼ਲ ਡੈਮੋਕਰੈਟਸ ਦੀਆਂ ਸਫਾਂ ਵਿਚ ਰਾਜੇਵਾਲ ਵਰਗੇ ਅੰਮ੍ਰਿਤਧਾਰੀ ਸਿੱਖ ਵੀ ਆਉਂਦੇ ਹਨ। ਇਹ ਆਮ ਤੌਰ ‘ਤੇ ਸੈਕੂਲਰਿਸਟ ਹਨ, ਭਾਵ ਇਹ ਚਾਹੁੰਦੇ ਹਨ ਕਿ ਸਟੇਟ ਨੂੰ ਧਰਮ ਨਿਰਲੇਪ ਰੱਖਿਆ ਜਾਵੇ ਅਤੇ ਸਭ ਲੋਕਾਂ ਨੂੰ ਆਪੋ-ਆਪਣਾ ਧਰਮ ਮੰਨਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਆਪੋ-ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਸਿਰਫ ਉਸ ਵਕਤ ਹੀ ਮਿਲ ਸਕਦੀ ਹੈ ਜਦੋਂ ਸਟੇਟ ਕਿਸੇ ਇੱਕ ਧਰਮ ਦਾ ਧਾਰਨੀ ਨਾ ਹੋਵੇ ਅਤੇ ਧਰਮ ਨਿਰਲੇਪ ਅਤੇ ਨਿਰਪੱਖ ਹੋਵੇ। ਅਜਮੇਰ ਸਿੰਘ ਵਲੋਂ ਸੈਕੂਲਰਿਜ਼ਮ ਦਾ ਵਿਰੋਧ ਸੁਹਿਰਦ ਨਹੀਂ ਹੈ ਕਿਉਂਕਿ ਉਸ ਨੇ ਆਪ ਕਿਹਾ ਹੈ ਕਿ ਰਾਜ ਅਤੇ ਧਰਮ ਦਾ ਇਕੱਠੇ ਹੋਣਾ ਠੀਕ ਨਹੀਂ। ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਰੱਖਣਾ ਚਾਹੀਦਾ ਹੈ ਕਿ ਸਿੱਖ ਸੈਕੂਲਰ ਮੁਲਕਾਂ ਵਿਚ ਧਾਰਮਿਕ ਆਜ਼ਾਦੀ ਮਾਣ ਰਹੇ ਹਨ। ਕੈਨੇਡਾ ਵਿਚ ਬਹੁਤ ਵੱਡੇ ਨਗਰ-ਕੀਰਤਨ ਕੱਢੇ ਜਾਂਦੇ ਹਨ। ਇਸ ਦੇ ਉਲਟ ਸਾਊਦੀ ਅਰਬ ਵਿਚ ਇਸਲਾਮਿਕ ਸਟੇਟ ਤੁਹਾਨੂੰ ਗੁਰਦੁਆਰੇ ਬਣਾਉਣ ਦੀ ਵੀ ਇਜਾਜ਼ਤ ਨਹੀਂ ਦਿੰਦਾ। ਅਜਮੇਰ ਸਿੰਘ ਸੈਕੂਲਰ ਲੋਕਾਂ ਦਾ ਵਿਰੋਧ ਕਰ ਕੇ ਸਵੈ-ਦਵੰਦ ਦਾ ਸਿ਼ਕਾਰ ਹੈ ਅਤੇ ਸ਼ਬਦਾਂ ਨੂੰ ਘੁਮਾ ਕੇ ਇਸ ਦਵੰਦ ਤੋਂ ਬਚਣ ਦੀ ਕੋਸਿ਼ਸ਼ ਕਰਦਾ ਹੈ।
ਸਿੱਖ ਧਰਮ ਦੇ ਖਤਰੇ ਦਾ ਨਾਹਰਾ ਸ਼ਰਾਰਤ ਤੋਂ ਵੱਧ ਕੁਝ ਨਹੀਂ। ਸਿੱਖ ਧਰਮ ਨੂੰ ਨਾ ਤਾਂ ਹਿੰਦੂਆਂ ਤੋਂ ਖਤਰਾ ਹੈ, ਨਾ ਕਮਿਊਨਿਸਟਾਂ ਤੋਂ। ਜੇਕਰ ਕੋਈ ਖਤਰਾ ਹੈ ਤਾਂ ਉਹ ਸਿੱਖ ਸਿਆਸਤਦਾਨਾਂ ਤੋਂ ਹੈ। ਅਕਾਲੀ ਦਲ ਤੁਹਾਡੇ ਸਾਰੇ ਸਿੱਖ ਅਦਾਰਿਆਂ ਨੂੰ ਆਪਣੇ ਕਬਜ਼ੇ ਵਿਚ ਕਰ ਚੁੱਕਿਆ ਹੈ। ਖਾਲਿਸਤਾਨੀ ਇੱਕ ਅਸੰਭਵ ਸੁਪਨਾ ਲੈ ਕੇ ਨੌਜਵਾਨਾਂ ਨੂੰ ਸ਼ਹੀਦ ਹੋਣ ਲਈ ਪ੍ਰੇਰ ਰਹੇ ਹਨ। ਖਾਲਿਸਤਾਨੀਆਂ ਨੂੰ ਸ. ਪ੍ਰੀਤਮ ਸਿੰਘ ਕੁੰਮੇਦਾਨ ਦੇ ਉਠਾਏ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਅਜਮੇਰ ਸਿੰਘ ਨੇ ਨਿਊਜ਼ ਪੰਜਾਬੀ-18 ‘ਤੇ ਨ੍ਰਿਪਜੀਤ ਸਿੰਘ ਦੀ ਸ. ਕੁੰਮੇਦਾਨ ਨਾਲ (ਖਾਲਿਸਤਾਨ ਤੇ ਹਿੰਦੁਸਤਾਨ ਦਾ ਇੰਝ ਹੋਵੇਗਾ ਬਟਵਾਰਾ) ਦੇ ਸਿਰ ਲੇਖ ਹੇਠਲੀ ਇੰਟਰਵਿਊ ਜਾਂ ਪਿਛਲੇ ਸਾਲ ‘ਪੰਜਾਬ ਟਾਈਮਜ਼’ ਦੇ ਪੰਨਿਆਂ ਵਿਚ ਚਲੀ ਬਹਿਸ ਬਾਰੇ ਉਨ੍ਹਾਂ ਦਾ ਲੇਖ ਪੜ੍ਹਿਆ ਹੀ ਹੋਵੇਗਾ। ਮੇਰੀ ਬੇਨਤੀ ਹੈ ਕਿ ਉਨ੍ਹਾਂ ਨੇ ਜੇ ਨਹੀਂ ਪੜ੍ਹਿਆ ਤਾਂ ਉਹ ਸੁਣਨ ਤੇ ਪੜ੍ਹਨ ਕਿ ਸ. ਕੁੰਮੇਦਾਨ ਦੇ ਸੰਸਿਆਂ ਅਤੇ ਸ਼ੱਕਿਆਂ ਨੂੰ ਗੰਭੀਰਤਾ ਨਾਲ ਵਿਚਾਰਨ। ਅਜਮੇਰ ਸਿੰਘ ਦਾ ਸੰਦੇਸ਼ ਤਾਂ ਸਿੱਖਾਂ ਨੂੰ ਕਿਸੇ ਵੱਡੀ ਸਵੈ-ਵਿਨਾਸ਼ਕਾਰੀ ਘੁੰਮਣਘੇਰੀ ਵਿਚ ਧੱਕਣ ਲਈ ਉਮਾਦਾ ਨਜ਼ਰ ਆਉਂਦਾ ਹੈ।
ਜਿਥੋਂ ਤੱਕ ਗੁਰਮਤਿ ਚਿੰਤਨ ਦਾ ਸਵਾਲ ਹੈ, ਅਜਮੇਰ ਸਿੰਘ ਗੁਰਮਤਿ ਚਿੰਤਨ ਦਾ ਲੇਖਕ ਜਾਂ ਵਿਆਖਿਆਕਾਰ ਨਹੀਂ ਹੈ। ਉਹ ਆਪਣੇ ਆਪ ਨੂੰ ਸਿਆਸੀ ਵਿਸ਼ਲੇਸ਼ਣਕਾਰ ਕਹਿੰਦਾ ਹੈ (ਪੰਜਾਬ ਯੂਨੀਵਰਸਿਟੀ ਵਿਚ ਲੈਕਚਰ) ਪਰ ਅਸਲ ਵਿਚ ਉਹ ਸਿਆਸੀ ਵਿਸ਼ਲੇਸ਼ਣਕਾਰ ਵੀ ਨਹੀਂ ਹੈ ਸਗੋਂ ਸਿਰਫ ਧਾਰਮਿਕ ਸਿਆਸਤ ਦਾ ਪ੍ਰਵਕਤਾ ਹੈ। ਉਹ ਹਰ ਗੱਲ ਨੂੰ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਨਾਲ ਹੱਲ ਕਰਨਾ ਚਾਹੁੰਦਾ ਹੈ। ਧਾਰਮਿਕ ਚਿੰਤਨ ਸਮੇਂ ਅਨੁਸਾਰ ਵਿਕਸਤ ਹੁੰਦਾ ਰਹਿੰਦਾ ਹੈ। ਸਾਰੀ ਦੁਨੀਆ ਵਿਚ ਇਨ੍ਹਾਂ ਵਿਸਿ਼ਆਂ ਬਾਰੇ ਵਾਦ ਵਿਵਾਦ ਚਲਦੇ ਰਹਿੰਦੇ ਹਨ। ਪੰਜਾਬ ਵਿਚ ਤਰਕਸ਼ੀਲ ਸੁਸਾਇਟੀ ਵਾਲੇ ਧਰਮ ਨੂੰ ਤਰਕ ਦੀ ਕਸਵੱਟੀ ਉਤੇ ਪਰਖਦੇ ਰਹਿੰਦੇ ਹਨ ਪਰ ਪੰਜਾਬ ਵਿਚ ਇਹ ਬਹਿਸ ਬੜੇ ਸਤਹੀ ਪਧਰ ‘ਤੇ ਰਹੀ ਹੈ। ਯੂਰਪ ਵਿਚ ਚਾਨਣ-ਦੌਰ (ਐਨਲਾਈਟਨਮੈਂਟ ਇਰਾ) ਵੇਲੇ ਇਹ ਗੱਲ ਬਹੁਤ ਡੂੰਘਾਈ ਵਿਚ ਵਿਚਾਰੀ ਗਈ ਸੀ। ਇਸ ਵਿਚ ਕਿਸੇ ਦੀ ਵੀ ਜਿੱਤ ਜਾਂ ਹਾਰ ਨਹੀਂ ਹੋਈ ਸੀ ਸਗੋਂ ਸਾਰੇ ਲੋਕਾਂ ਦੇ ਗਿਆਨ ਵਿਚ ਵਾਧਾ ਹੋਇਆ ਸੀ। ਮੋਟੇ ਤੌਰ ‘ਤੇ ਅੰਤਿਮ ਨਤੀਜਾ ਇਹ ਸੀ ਕਿ ਤਰਕ ਅਤੇ ਵਿਸ਼ਵਾਸ ਦੋਵੇਂ ਹੀ ਮਹੱਤਵਪੂਰਨ ਹਨ ਅਤੇ ਇਨਸਾਨੀ ਜਿ਼ੰਦਗੀ ਲਈ ਜ਼ਰੂਰੀ ਹਨ। ਹੇਗਲ ਨੇ ਤਰਕ ਨੂੰ ਬਹੁਤ ਵੱਡੀ ਥਾਂ ਦਿਤੀ ਸੀ ਜਦੋਂਕਿ ਕਿਰਕੇਗਾਰਦ ਨੇ ਵਿਸ਼ਵਾਸ ਨੂੰ। ਹਾਂ, ਇਹ ਜ਼ਰੂਰ ਗੱਲ ਹੈ ਕਿ ਈਸਾਈ ਮੱਤ ਦੀਆਂ ਕਈ ਗੱਲਾਂ ਹੁਣ ਵਿਗਿਆਨ ਨੇ ਗਲਤ ਸਾਬਤ ਕਰ ਦਿਤੀਆਂ ਹਨ; ਜਿਵੇਂ ਧਰਤੀ ਬ੍ਰਹਿਮੰਡ ਦਾ ਕੇਂਦਰ ਹੋਣ ਦੀ ਥਾਂ ਹੁਣ ਸੂਰਜ ਹੈ ਪਰ ਸਿੱਖ ਧਰਮ ਵਿਚ ਅਜਿਹੇ ਅੜਿਕੇ ਘੱਟ ਹਨ। ਈਸਾਈ ਮੱਤ ਵਿਚ ਕੁਝ ਕਰਾਮਾਤਾਂ ਜਿਵੇਂ ਈਸਾ ਦਾ ਬਿਨਾ ਪਿਤਾ ਦੇ ਪੈਦਾ ਹੋਣਾ (ੀਮਮਅਚੁਲਅਟੲ ਚੋਨਚੲਪਟੋਿਨ) ਅਤੇ ਮੌਤ ਤੋਂ ਬਾਅਦ ਉਠਣਾ ਆਦਿ ਕ੍ਰਿਸ਼ਮੇ ਹੁਣ ਘੱਟ ਮੰਨੇ ਜਾਂਦੇ ਹਨ ਪਰ ਸਿੱਖ ਧਰਮ ਤਾਂ ਕਰਾਮਾਤਾਂ ਅਤੇ ਕ੍ਰਿਸ਼ਮਿਆਂ ਨੂੰ ਆਪ ਹੀ ਰੱਦ ਕਰਦਾ ਹੈ। ਫਿਰ ਵੀ ਵਿਗਿਆਨ ਦੇ ਵਿਕਾਸ ਨਾਲ ਧਰਮਾਂ ਦੀ ਵਿਆਖਿਆ ਵਿਚ ਫਰਕ ਪੈਂਦਾ ਰਹਿੰਦਾ ਹੈ। ਬਾਵਜੂਦ ਇਨ੍ਹਾਂ ਗੱਲਾਂ ਦੇ ਧਰਮ ਵੀ ਚੱਲ ਰਹੇ ਹਨ ਅਤੇ ਵਿਗਿਆਨ ਵੀ ਚੱਲ ਰਿਹਾ ਹੈ, ਕਿਉਂਕਿ ਵਿਗਿਆਨ ਅਜੇ ਵੀ ਬੁਨਿਆਦੀ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ। ਇਸ ਦੇ ਨਾਲ ਨਾਲ ਕਈ ਗੱਲਾਂ ਵਿਗਿਆਨ ਦੇ ਦਾਇਰੇ ਤੋਂ ਬਾਹਰ ਹਨ, ਜਿਵੇਂ ਈਗੋ ਤੋਂ ਉਤੇ ਜਾਣਾ, ਵਿਸਮਾਦਕ ਅਨੁਭਵ, ਸੰਗਤ ਦਾ ਅਹਿਸਾਸ ਆਦਿ।
ਅਜਮੇਰ ਸਿੰਘ ਕਹਿ ਰਿਹਾ ਹੈ ਕਿ ਜਦੋਂ ਬੀ. ਜੇ. ਪੀ. ਸਿੱਖ ਧਰਮ ਨੂੰ ਆਪਣੇ ਵਿਚ ਜਜ਼ਬ ਕਰਨਾ ਚਾਹੁੰਦੀ ਹੈ ਤਾਂ ਅੜਿਕਾ ਉਸ ਵਕਤ ਬਣਦਾ ਹੈ ਜਦੋਂ ਕੁਝ ਲੋਕ ਬੜੀ ਦ੍ਰਿੜਤਾ ਨਾਲ ਕਹਿੰਦੇ ਹਨ ਕਿ ਸਿੱਖ ਧਰਮ ਅਸਲ ਵਿਚ ਵਖਰਾ ਧਰਮ ਹੈ। ਇਹ ਉਨ੍ਹਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਖਤਮ ਕਰਨਾ ਚਾਹੁੰਦੇ ਹਨ। ਇਹ ਵੀ ਗੱਪ ਹੈ। ਇਹ ਗੱਲ ਕਿਸੇ ਸਬੂਤ ਦੀ ਮੁਥਾਜ ਨਹੀਂ ਹੈ ਕਿ ਸਿੱਖ ਧਰਮ ਵੱਖਰਾ ਧਰਮ ਹੈ। ਇਸ ਗੱਲ ਦਾ ਸਬੂਤ ਪਹਿਰਾਵੇ, ਬਾਣੀ, ਰਸਮਾਂ ਰੀਤਾਂ, ਫਲਸਫੇ, ਗੁਰਬਾਣੀ ਅਤੇ ਧਰਮ ਅਸਥਾਨਾਂ ਤੋਂ ਸਾਫ ਦਿਸਦਾ ਹੈ। ਜੇ ਕਿਸੇ ਨੂੰ ਸਿੱਖ ਸ਼ਨਾਖਤ ਬਾਰੇ ਵੀ ਸ਼ੱਕ ਹੈ ਤਾਂ ਉਹ ਜ਼ਰੂਰ ਕਿਸੇ ਦਿਮਾਗੀ ਕਮੀ ਦੇ ਸਿ਼ਕਾਰ ਹੋਣਗੇ। ਸਿੱਖ ਤਾਂ ਦੋ ਮੀਲ ਤੋਂ ਵੱਖਰਾ ਦਿਸ ਪੈਂਦਾ ਹੈ। ਜਿਹੜੇ ਲੋਕ ਸਿੱਖ ਧਰਮ ਨੂੰ ਵੱਖਰਾ ਧਰਮ ਸਾਬਤ ਕਰਨ ਦੀ ਕੋਸਿ਼ਸ਼ ਕਰਦੇ ਹਨ, ਉਹ ਸਾਬਤ ਹੋ ਚੁੱਕੀ ਗੱਲ ਨੂੰ ਸਾਬਤ ਕਰਨਾ ਚਾਹੁੰਦੇ ਹਨ; ਜਾਂ ਕਹਿ ਸਕਦੇ ਹਾਂ ਕਿ ਉਹ ਪ੍ਰਤੱਖ ਨੂੰ ਪਰਮਾਣ ਦਿਖਾ ਰਹੇ ਹਨ। ਅਸਲ ਵਿਚ ਪੰਜਾਬ ਵਿਚ ਅਜਿਹੀ ਕੋਈ ਲਹਿਰ ਨਹੀਂ ਜਿਹੜੀ ਸਿੱਖ ਧਰਮ ਨੂੰ ਧਰਮ ਸਾਬਤ ਕਰਨ ਵਿਚ ਲੱਗੀ ਹੋਵੇ।
ਬਹੁਤ ਸਾਰੇ ਹਿੰਦੂ ਲੋਕ ਸਿੱਖ ਧਰਮ ਵਿਚ ਵਿਸ਼ਵਾਸ ਕਰਦੇ ਹਨ। ਧਰਮ ਦੀ ਆਜ਼ਾਦੀ ਅਨੁਸਾਰ, ਉਨ੍ਹਾਂ ਨੂੰ ਇਹ ਕਾਨੂੰਨੀ ਹੱਕ ਹੈ ਕਿ ਉਹ ਜਿਸ ਵੀ ਧਰਮ ਵਿਚ ਚਾਹੁਣ, ਯਕੀਨ ਕਰ ਸਕਦੇ ਹਨ। ਸੋ, ਜੇਕਰ ਕਈ ਹਿੰਦੂ ਲੋਕ ਗੁਰਦੁਆਰਿਆਂ ਵਿਚ ਜਾਂਦੇ ਹਨ ਜਾਂ ਸਿੱਖ ਧਰਮ ਨੂੰ ਮੰਨਦੇ ਹਨ ਤਾਂ ਕੋਈ ਸਮਸਿਆ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿੱਖ ਗੁਰਦੁਆਰੇ ਤਾਂ ਸਭ ਲੋਕਾਂ ਲਈ ਖੁਲ੍ਹੇ ਹਨ। ਦਿੱਲੀ ਵਿਚ ਜੋ ਡਾਇਗਨੌਸਟਿਕ ਕੇਂਦਰ ਬਣਾਇਆ ਜਾ ਰਿਹਾ ਹੈ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਉਸ ਬਾਰੇ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਸਨ ਕਿ ਇਸ ਲਈ ਪੈਸਾ ਇੱਕ ਹਿੰਦੂ ਪਰਿਵਾਰ ਵਲੋਂ ਦਿਤਾ ਜਾ ਰਿਹਾ ਹੈ। ਜੇਕਰ ਹਿੰਦੂ ਪਰਿਵਾਰਾਂ ਨੂੰ ਸ਼ਰਧਾ ਹੈ ਸਿੱਖ ਧਰਮ ਵਿਚ ਤਾਂ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਕਈ ਹਿੰਦੂ ਲੋਕ ਕਹਿੰਦੇ ਹਨ ਕਿ ਸਿੱਖ ਧਰਮ ਉਨ੍ਹਾਂ ਦੇ ਧਰਮ ਦੇ ਬਹੁਤ ਨਜ਼ਦੀਕ ਹੈ, ਜਾਂ ਕਈ ਮੁਸਲਮਾਨ ਕਹਿੰਦੇ ਹਨ ਕਿ ਸਿੱਖ ਧਰਮ ਉਨ੍ਹਾਂ ਦੇ ਨੇੜੇ ਹੈ ਤਾਂ ਇਸ ਵਿਚ ਕੋਈ ਹਰਜ ਨਹੀਂ। ਅੱਜਕੱਲ੍ਹ ਤਾਂ ਈਸਾਈ ਲੋਕ ਵੀ ਸਿੱਖ ਧਰਮ ਵਲ ਹਾਂ-ਵਾਦੀ ਨਜ਼ਰੀਆ ਰੱਖਣ ਲੱਗ ਪਏ ਹਨ। ਜੋ ਲੋਕ ਸਮਝਦੇ ਹਨ ਕਿ ਸਿੱਖ ਧਰਮ ਦੂਜੇ ਧਰਮਾਂ ਦੇ ਪਿਆਰ ਨਾਲ ਖਤਮ ਹੋ ਜਾਵੇਗਾ, ਉਹ ਸਿੱਖ ਧਰਮ ਦਾ ਨਿਰਾਦਰ ਕਰ ਰਹੇ ਹਨ।
ਸੈਕੂਲਰਿਜ਼ਮ ਜਾਂ ਸਟੇਟ ਦੀ ਧਰਮ ਨਿਰਲੇਪਤਾ ਬਾਰੇ ਅਗਿਆਨਤਾ
ਅਜਮੇਰ ਸਿੰਘ ਵਾਰ ਵਾਰ ਸੈਕੂਲਰਿਜ਼ਮ ਨੂੰ ਭੰਡਦਾ ਰਹਿੰਦਾ ਹੈ ਪਰ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਰਾਜਸੀ ਧਰਮ ਮਾੜੀ ਚੀਜ਼ ਹੈ। ਇਹ ਆਪਾ-ਵਿਰੋਧੀ ਗੱਲ ਹੈ। ਜੇਕਰ ਸਟੇਟ ਦਾ ਕੋਈ ਧਰਮ ਨਹੀਂ ਤਾਂ ਅਜਿਹੇ ਸਟੇਟ ਨੂੰ ਸੈਕੂਲਰ ਕਿਹਾ ਜਾਂਦਾ ਹੈ। ਸੈਕੂਲਰਿਜ਼ਮ ਅਸਲ ਵਿਚ ਵੱਖ ਵੱਖ ਧਰਮਾਂ ਨੂੰ ਆਜ਼ਾਦੀ ਦੇਣ ਲਈ ਹੀ ਈਜਾਦ ਕੀਤਾ ਗਿਆ ਸੀ। ਆਰ. ਐਸ. ਐਸ. ਅਤੇ ਬੀ. ਜੇ. ਪੀ. ਹਿੰਦੂ ਰਾਸ਼ਟਰ ਦਾ ਨਾਅਰਾ ਕਦੇ ਨਹੀਂ ਦੇ ਸਕਦੇ, ਜੇਕਰ ਭਾਰਤੀ ਸੰਵਿਧਾਨ ਵਿਚ ਨਿਹਿਤ ਸੈਕੂਲਰਿਜ਼ਮ ਉਸ ਦੀ ਸਹੀ ਭਾਵਨਾ ਵਿਚ ਲਾਗੂ ਕੀਤਾ ਜਾਵੇ। ਸੈਕੂਲਰਿਜ਼ਮ ਸਿੱਖ ਧਰਮ ਤੋਂ ਨਾ ਤਾਂ ਇਨਕਾਰੀ ਹੈ ਅਤੇ ਨਾ ਹੀ ਕਿਸੇ ਹੋਰ ਧਰਮ ਤੋਂ। ਭਾਰਤ ਵਿਚ ਵੱਖ ਵੱਖ ਧਰਮਾਂ ਦੀ ਆਜ਼ਾਦੀ ਲਈ ਸੈਕੂਲਰਿਜ਼ਮ ਇਕੋ ਇੱਕ ਹੱਲ ਹੈ। ਧਾਰਮਿਕ ਸਿਆਸਤਦਾਨਾਂ ਦੀ ਤੰਗ-ਨਜ਼ਰੀ ਅਤੇ ਖੁਦਗਰਜ਼ੀ ਹੀ ਸੈਕੂਲਰਿਜ਼ਮ ਦੇ ਵਿਰੋਧ ਵਿਚ ਰੋੜਾ ਬਣੀ ਹੋਈ ਹੈ। ਅਜ ਲੋੜ ਤਾਂ ਇਸ ਸੈਕੂਲਰਿਜ਼ਮ ਨੂੰ ਉਸ ਦੀ ਸ਼ੁਧ ਭਾਵਨਾ ਵਿਚ ਲਾਗੂ ਕਰਵਾਉਣ ਦੀ ਹੈ ਜਿਸ ਤੋਂ ਕਾਂਗਰਸ ਨੇ ਵਾਰ ਵਾਰ ਮੁਜਰਮਾਨਾ ਕੋਤਾਹੀ ਕੀਤੀ ਅਤੇ ਅੱਜਕੱਲ੍ਹ ਬੀ. ਜੇ. ਪੀ. ਨੇ ਤਾਂ ਇਸ ਦੀਆਂ ਜੜ੍ਹਾਂ ਹੀ ਪੁੱਟ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਅਜਮੇਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੇਮਿਸਾਲ ਊਰਜਾ ਨੂੰ ਪੁਠੇ ਪਾਸੇ ਬਰਬਾਦ ਕਰਨ ਦੀ ਬਜਾਇ ਭਾਰਤੀ ਸੰਵਿਧਾਨ ਵਿਚ ਸੈਕੂਲਰਿਜ਼ਮ ਨੂੰ ਬਚਾਉਣ ਲਈ ਲਗਾਵੇ।
ਅਜਮੇਰ ਸਿੰਘ ਬ੍ਰਾਹਮਣ ਅਤੇ ਬ੍ਰਾਹਮਣਵਾਦ ਵਿਚ ਫਰਕ ਨਹੀਂ ਦੇਖ ਸਕਦਾ
ਉਹ ਸਹੀ ਤੌਰ ‘ਤੇ ਬ੍ਰਾਹਮਣਵਾਦ ਨੂੰ ਪਰਿਭਾਸ਼ਤ ਨਹੀਂ ਕਰਦਾ ਜਿਸ ਨਾਲ ਉਹ ਉਲਝੇਵੇਂ ਦਾ ਸਿ਼ਕਾਰ ਹੋ ਜਾਂਦਾ ਹੈ। ਜਦੋਂ ਉਹ ਸਾਰੀ ਬ੍ਰਾਹਮਣ ਜਾਤੀ ਦੇ ਲੋਕਾਂ ਨੂੰ ਗਲਤ ਕਹਿੰਦਾ ਹੈ ਤਾਂ ਉਹ ਭੁੱਲ ਰਿਹਾ ਹੁੰਦਾ ਹੈ ਕਿ ਸਾਰੇ ਬ੍ਰਾਹਮਣ ਲੋਕ ਬ੍ਰਾਹਮਣਵਾਦੀ ਨਹੀਂ ਹੁੰਦੇ ਅਤੇ ਸਾਰੇ ਗੈਰ-ਬ੍ਰਾਹਮਣ ਬ੍ਰਾਹਮਣਵਾਦ ਤੋਂ ਮੁਕਤ ਨਹੀਂ ਹਨ। ਬ੍ਰਾਹਮਣਵਾਦ ਹੈ ਕੀ? ਬ੍ਰਾਹਮਣਵਾਦ ਦੇ ਦੋ ਮੁੱਖ ਲੱਛਣ ਹਨ ਜਿਹਨਾਂ ਨਾਲ ਸਮਸਿਆ ਬਣਦੀ ਹੈ। ਇੱਕ ਹੈ ਜਾਤਪਾਤ ਦਾ ਸਮਾਜਕ ਸਿਸਟਮ, ਦੂਜਾ ਹੈ ਰੀਤੀਵਾਦ ਜਿਥੇ ਕਿਸੇ ਧਰਮ ਨੂੰ ਰੀਤੀਵਾਦ ਵਿਚ ਫਸਾ ਕੇ ਉਸ ਦੇ ਅਸਲ ਮਕਸਦ ਨੂੰ ਭੁਲਾ ਦਿਤਾ ਜਾਂਦਾ ਹੈ।
ਜਦੋਂ ਅਸੀਂ ਸਿੱਖ ਲੋਕ ਆਪਣੇ ਵੱਲ ਦੇਖਦੇ ਹਾਂ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜਾਤ ਪਾਤ ਤੋਂ ਮੁਕਤ ਹੋ ਚੁੱਕੇ ਹਾਂ? ਸਿੱਖਾਂ ਦੀ ਬਹੁਤ ਵੱਡੀ ਗਿਣਤੀ ਜੱਟਵਾਦ ਦੀ ਸਿ਼ਕਾਰ ਹੈ। ਸ਼ਾਇਦ ਜੱਟਾਂ ਤੋਂ ਵੱਧ ਆਪਣੇ ਆਪ ਦੇ ਗੁਣ ਗਾਉਣ ਵਾਲੀ ਕੋਈ ਹੋਰ ਜਾਤ ਨਹੀਂ ਹੈ। ਕੀ ਸਿੱਖ ਧਰਮ ਵਿਚ ਬ੍ਰਾਹਮਣਵਾਦੀ ਰੀਤੀਵਾਦ ਅੱਜਕੱਲ੍ਹ ਪ੍ਰਚੱਲਤ ਨਹੀਂ ਹੈ? ਜੇਕਰ ਤੁਸੀਂ ਬ੍ਰਾਹਮਣਵਾਦ ਦੇ ਔਗੁਣਾ ਖਿਲਾਫ ਲੜਨਾ ਹੈ ਤਾਂ ਇਹ ਲੜਾਈ ਆਪਣੇ ਅੰਦਰ ਝਾਤੀ ਮਾਰਨ ਤੋਂ ਸ਼ੁਰੂ ਹੋਣੀ ਚਾਹੀਦੀ ਹੈ।
ਅਜਮੇਰ ਸਿੰਘ ਨੂੰ ਕਿਸਾਨ ਅਤੇ ਸਿੱਖ ਵਿਚ ਫਰਕ ਨਹੀਂ ਦਿਸਦਾ
ਅਜਮੇਰ ਸਿੰਘ ਪੁੱਛਦਾ ਹੈ ਕਿ ਕਿਸਾਨ ਵਿਚੋਂ ਸਿੱਖ ਨੂੰ ਕਿਵੇਂ ਕੱਢ ਸਕਦੇ ਹੋ? ਜੇ ਕਿਸਾਨ ਬਣਨ ਲਈ ਸਿੱਖ ਹੋਣਾ ਜ਼ਰੂਰੀ ਹੈ ਤਾਂ ਹਿੰਦੂ ਅਤੇ ਮੁਸਲਮਾਨ ਤਾਂ ਕਿਸਾਨ ਹੋ ਹੀ ਨਹੀਂ ਸਕਦੇ। ਉਹ ਭੁੱਲਦਾ ਹੈ ਕਿ ਕਿਸਾਨੀ ਇੱਕ ਕਿੱਤਾ ਹੈ ਜਿਵੇਂ ਆੜ੍ਹਤੀ ਹੋਣਾ, ਫੈਕਟਰੀ ਦਾ ਕਾਮਾ ਹੋਣਾ, ਡਾਕਟਰ, ਵਕੀਲ ਆਦਿ ਸਭ ਕਿੱਤੇ ਹਨ ਅਤੇ ਇਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਕਿੱਤਿਆਂ ਨਾਲ ਸਬੰਧਤ ਕਾਨੂੰਨਾਂ ਦੀ ਸਮਸਿਆ ਜਾਂ ਇਨ੍ਹਾਂ ਦੇ ਵੇਤਨ ਦੀਆਂ ਸਮਸਿਆਵਾਂ ਧਰਮ ਨਾਲ ਨਾ ਤਾਂ ਸਬੰਧ ਰੱਖਦੀਆਂ ਹਨ ਅਤੇ ਨਾ ਹੀ ਧਰਮ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਅੱਧਪੜ੍ਹ ਨੌਜਵਾਨਾਂ ਨੂੰ ਉਕਸਾ ਕੇ ਕਿਸਾਨਾਂ ਦੀ ਸਮਸਿਆ ਨੂੰ ਧਾਰਮਿਕ ਸਮਸਿਆ ਬਣਾ ਕੇ ਹੱੱਲ ਲੱਭਣੇ ਇਵੇਂ ਹੀ ਹੈ, ਜਿਵੇਂ ਮਲੇਰੀਏ ਦੀ ਬਿਮਾਰੀ ਲਈ ਕੈਂਸਰ ਦੀ ਦਵਾਈ ਦੇ ਦਿਤੀ ਜਾਵੇ। ਕਿਸਾਨਾਂ ਦੇ ਅੰਦੋਲਨ ਨੂੰ ਸਿੱਖ ਅੰਦੋਲਨ ਬਣਾ ਕੇ ਤੁਸੀਂ ਹਰਿਆਣਾ, ਯੂ ਪੀ, ਰਾਜਸਥਾਨ ਅਤੇ ਹੋਰ ਸਟੇਟਾਂ ਦੇ ਕਿਸਾਨਾਂ ਨੂੰ ਨਾਲ ਨਹੀਂ ਲੈ ਸਕਦੇ। ਅਜਿਹਾ ਨਜ਼ਰੀਆ ਕਿਸਾਨ ਅੰਦੋਲਨ ਨੂੰ ਢਾਹ ਲਾ ਸਕਦਾ ਹੈ ਪਰ ਅਜਮੇਰ ਸਿੰਘ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ। ਉਹ ਆਪਣੀ ਧਾਰਮਿਕ ਸਿਆਸਤ ਨਾਲ ਫਿਰਕਾਪ੍ਰਸਤ ਏਜੰਡਾ ਜੋ ਆਰ. ਐਸ. ਐਸ. ਨਾਲੋਂ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ ਹੈ, ਚਲਉਣਾ ਚਾਹੁੰਦਾ ਹੈ।
ਧਾਰਮਿਕ ਸਿਆਸਤਦਾਨ
ਦੋ ਤਰ੍ਹਾਂ ਦੇ ਧਾਰਮਿਕ ਸਿਆਸਤਦਾਨ ਹਨ। ਇੱਕ ਉਹ ਜੋ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੇ ਹਨ ਅਤੇ ਦੂਜੀ ਕਿਸਮ ਦੇ ਉਹ ਹਨ ਜੋ ਜਮਹੂਰੀਅਤ ਵਿਚ ਵੋਟਾਂ ਰਾਹੀਂ ਤਾਕਤ ਹਾਸਲ ਕਰਨਾ ਚਾਹੁੰਦੇ ਹਨ। ਪਹਿਲੀ ਕਿਸਮ ਦਾ ਸਿਆਸਤਦਾਨ ਨਾਸਮਝ ਹੈ ਕਿਉਂਕਿ ਇਤਿਹਾਸ ਕਦੇ ਵੀ ਆਪਣੇ ਆਪ ਨੂੰ ਦੁਹਰਾਉਂਦਾ ਨਹੀਂ। ਮਨੁੱਖਤਾ ਦਾ ਵਿਕਾਸ ਹਮੇਸ਼ਾਂ ਹੀ ਨਵੇਂ ਦਿਸਹਦਿਆਂ ਵਲ ਵਧਦਾ ਹੈ। ਇਸ ਕਿਸਮ ਦੇ ਸਿਆਸੀ ਲੋਕ ਆਪ ਵੀ ਸ਼ਹੀਦ ਹੋ ਸਕਦੇ ਹਨ ਅਤੇ ਹੋਰ ਨੌਜਵਾਨਾਂ ਨੂੰ ਮਰਵਾ ਸਕਦੇ ਹਨ। ਇਹੋ ਜਿਹੇ ਸਿਆਸੀ ਲੋਕ ਅਕਸਰ ਹਿੰਸਕ ਸੰਘਰਸ਼ ਕਰਨਾ ਚਾਹੁੰਦੇ ਹਨ ਪਰ ਇਨ੍ਹਾਂ ਦੀਆਂ ਲਹਿਰਾਂ ਬਹੁਤੀ ਦੇਰ ਨਹੀਂ ਚਲਦੀਆਂ।
ਦੂਜੀ ਕਿਸਮ ਦਾ ਧਾਰਮਿਕ ਸਿਆਸਤਦਾਨ ਵੋਟਾਂ ਲੈਣ ਲਈ ਧਰਮ ਨੂੰ ਵਰਤਦਾ ਹੈ। ਅਜਿਹਾ ਧਾਰਮਿਕ ਸਿਆਸਤਦਾਨ ਸਭ ਤੋਂ ਮਕਾਰ ਅਤੇ ਬੇਈਮਾਨ ਸਿਆਸਤਦਾਨ ਹੈ। ਨਾ ਉਹ ਧਾਰਮਿਕ ਹੈ ਅਤੇ ਨਾ ਉਹ ਅਸਲ ਸਿਆਸਤਦਾਨ ਹੈ। ਉਹ ਧਰਮ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਦਾ ਹੈ ਅਤੇ ਸਿਆਸਤ ਨੂੰ ਪੈਸਾ ਇਕੱਠਾ ਕਰਨ ਲਈ। ਉਹ ਧਾਰਮਿਕ ਨੈਤਿਕਤਾ ਤੋਂ ਭੱਜਦਾ ਹੈ ਕਿਉਂਕਿ ਧਰਮ ਤਮ੍ਹਾਂ ਅਤੇ ਲਾਲਚ ਦੇ ਵਿਰੁੱਧ ਬੋਲਦਾ ਹੈ। ਉਹ ਅਸਲ ਸਿਆਸਤ ਤੋਂ ਵੀ ਭੱਜਦਾ ਹੈ ਕਿਉਂਕਿ ਜਮਹੂਰੀ ਸਿਆਸਤ ਧਰਮ ਨਿਰਲੇਪਤਾ ਦੀ ਮੰਗ ਕਰਦੀ ਹੈ। ਧਾਰਮਿਕ ਸਿਆਸਤ ਅਤੇ ਜਮਹੂਰੀਅਤ ਦਾ ਡੂੰਘਾ ਵਿਰੋਧ ਹੈ। ਇੱਕ ਦੀ ਚੜ੍ਹਤ ਦੂਜੇ ਦਾ ਨਾਂਹਵਾਚਨ ਹੈ। ਧਾਰਮਿਕ ਸਿਆਸਤ ਲਈ ਜ਼ਰੂਰੀ ਹੈ ਕਿ ਉਹ ਕਿਸੇ ਹੋਰ ਧਰਮ ਨੂੰ ਆਪਣਾ ਸਿ਼ਕਾਰ ਬਣਾਵੇ ਅਤੇ ਸੈਕੂਲਰ ਜਮਹੂਰੀਅਤ ਮੰਗ ਕਰਦੀ ਹੈ ਕਿ ਸਭ ਧਰਮ ਬਰਾਬਰ ਸਮਝੇ ਜਾਣ। ਧਾਰਮਿਕ ਸਿਆਸਤ ਰਾਜ ਉਤੇ ਧਰਮ ਦਾ ਕਬਜ਼ਾ ਜਮਾਉਣਾ ਚਾਹੁੰਦੀ ਹੈ ਜਦੋ ਕਿ ਜਮਹੂਰੀਅਤ ਰਾਜ ਨੂੰ ਧਰਮ ਮੁਕਤ ਰੱਖਣਾ ਚਾਹੁੰਦੀ ਹੈ। ਇਸ ਲਈ ਜਮਹੂਰੀਅਤ ਦਾ ਨੁਕਸਾਨ ਕੀਤੇ ਬਿਨਾ ਧਾਰਮਿਕ ਸਿਆਸਤਦਾਨ ਰਾਜ ਨੂੰ ਨਹੀਂ ਚਲਾ ਸਕਦੇ।
ਬਹੁਤ ਸਾਰੇ ਲੋਕ ਇਨ੍ਹਾਂ ਦੇ ਪਿਛੇ ਲੱਗ ਜਾਂਦੇ ਹਨ ਕਿਉਂਕਿ ਧਾਰਮਿਕ ਸਿਆਸਤਦਾਨ ਉਨ੍ਹਾਂ ਦੇ ਧਰਮ ਨੂੰ ਉਤੇ ਚੁੱਕਣ ਦਾ ਢੌਂਗ ਰਚਦੇ ਹਨ। ਇਸ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਜੋ ਸਾਡੇ ਹੀ ਹੱਕ ਵਿਚ ਬੋਲਦਾ ਹੈ, ਉਹ ਸਾਡਾ ਨੁਕਸਾਨ ਕਿਵੇਂ ਕਰ ਸਕਦਾ ਹੈ? ਉਹ ਇਹ ਨਹੀਂ ਸਮਝ ਸਕਦੇ ਕਿ ਧਾਰਮਿਕ ਵੰਡੀਆਂ ਅਤੇ ਪਾੜੇ ਖੜ੍ਹੇ ਕਰਕੇ ਧਾਰਮਿਕ ਸਿਆਸਤਦਾਨ ਲੋਕਾਂ ਦੀ ਜਿ਼ੰਦਗੀ ਨੂੰ ਖਤਰੇ ਵਿਚ ਪਾਉਂਦਾ ਹੈ ਅਤੇ ਮੁਲਕ ਦੀ ਤਰੱਕੀ ਰੋਕਦਾ ਹੈ ਜਿਸ ਨਾਲ ਸਭ ਧਰਮਾਂ ਦਾ ਨੁਕਸਾਨ ਹੁੰਦਾ ਹੈ। ਦੰਗੇ ਫਸਾਦਾਂ ਨੂੰ ਸੰਘਰਸ਼ਾਂ ਅਤੇ ਸ਼ਹੀਦੀਆਂ ਦਾ ਨਾਂ ਦਿਤਾ ਜਾਂਦਾ ਹੈ।
ਜੇਕਰ ਕੋਈ ਧਾਰਮਿਕ ਸਿਆਸਤ ਖੇਡਣ ਵਾਲੀ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਤਾਂ ਬਹੁਤ ਸਾਰੀਆਂ ਸਮਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਤਾਕਤ ਵਿਚ ਆ ਕੇ ਧਾਰਮਿਕ ਸਿਆਸੀ ਗਰੁੱਪ ਅਤੇ ਪਾਰਟੀਆਂ ਜਗੀਰੂ ਕਿਸਮ ਦੀ ਸਿਆਸਤ ਚਲਾਉਂਦੀਆਂ ਹਨ ਜਿਥੇ ਇਨ੍ਹਾਂ ਦੀ ਧੌਂਸ ਅਦਾਰਿਆਂ ਦੀ ਅਲਹਿਦਗੀ ਅਤੇ ਸੁਤੰਤਰਤਾ ਦਾ ਘਾਣ ਕਰਦੀ ਹੈ। ਬੀ. ਜੇ. ਪੀ. ਨੇ ਨਿਆਂਪਾਲਿਕਾ, ਚੋਣ ਕਮਿਸ਼ਨ, ਅੰਦਰੂਨੀ ਸੁਰੱਖਿਆ ਏਜੰਸੀਆਂ ਅਤੇ ਤਫਤੀਸ਼ੀ ਅਦਾਰਿਆਂ ਨੂੰ ਆਪਣਾ ਸੰਦ ਬਣਾ ਲਿਆ ਹੈ। ਅਜਿਹੀਆਂ ਪਾਰਟੀਆਂ ਇਨ੍ਹਾਂ ਏਜੰਸੀਆਂ ਅਤੇ ਅਦਾਰਿਆਂ ਨੂੰ ਆਪਣੀ ਸੱਤਾ ਵਧਾਉਣ ਲਈ ਵਰਤਦੀਆਂ ਹਨ ਜਿਸ ਨਾਲ ਜਮਹੂਰੀਅਤ ਦਾ ਗੰਭੀਰ ਨੁਕਸਾਨ ਹੁੰਦਾ ਹੈ। ਇਹ ਕਾਨੂੰਨੀ ਵਿਵਸਥਾ ਨੂੰ ਤੋੜ-ਮਰੋੜ ਕੇ ਆਪਣੇ ਵਿਰੋਧੀਆਂ ਦੇ ਖਿਲਾਫ ਵਰਤ ਕੇ ਭ੍ਰਿਸ਼ਟ ਕਰਦੀਆਂ ਹਨ। ਇਨ੍ਹਾਂ ਲੋਕਾਂ ਨੂੰ ਸੱਤਾ ਅਤੇ ਵਿਚਾਰਧਾਰਾ ਦਾ ਨਸ਼ਾ ਇਸ ਹੱਦ ਤੱਕ ਚੜ੍ਹ ਸਕਦਾ ਹੈ ਕਿ ਇਹ ਕਤਲੇਆਮ ਵੀ ਕਰਵਾ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਦੰਗੇ ਫਸਾਦ ਕਹਿ ਕੇ ਲੁਕੋ ਵੀ ਸਕਦੀਆਂ ਹਨ।
ਧਾਰਮਿਕ ਸਿਆਸਤਦਾਨ ਪੈਸਾ ਹਾਸਲ ਕਰਨ ਲਈ ਧਾਰਮਿਕ ਮਸਲੇ ਖੜ੍ਹੇ ਕਰਦਾ ਰਹਿੰਦਾ ਹੈ। ਇਨ੍ਹਾਂ ਦੀਆਂ ਤੁਹਮਤਬਾਜ਼ੀਆਂ ਸੁਣ ਕੇ ਲੋਕ ਫਿਰਕੂ ਸੋਚ ਦੇ ਧਾਰਨੀ ਹੋ ਜਾਂਦੇ ਹਨ। ਭਾਰਤ ਦੀ ਵੰਡ ਅਜਿਹੀ ਸੋਚ ਕਰ ਕੇ ਹੀ ਹੋਈ ਸੀ ਜਿਸ ਨਾਲ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਅਜਿਹੀ ਸਿਆਸਤ ਕਰ ਕੇ ਪੰਜਾਬ ਦੇ ਟੋਟੇ ਕੀਤੇ ਗਏ ਹਨ। ਪੰਜਾਬ ਵਿਚ ਅਕਾਲੀ ਦਲ ਨੇ ਪੰਥ ਦੇ ਨਾਂ ‘ਤੇ ਵੋਟਾਂ ਲੈ ਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਇਨ੍ਹਾਂ ਭੱਦਰਪੁਰਸ਼ਾਂ ਨੇ ਪੰਜਾਬ ਦੀ ਆਬੋ-ਹਵਾ, ਕਿਸਾਨੀ, ਸਿਹਤ ਅਤੇ ਵਿਦਿਆ ਦਾ ਜੋ ਹਾਲ ਕੀਤਾ ਹੈ, ਉਹ ਸਾਫ ਜ਼ਾਹਿਰ ਹੈ। ਬੀ. ਜੇ. ਪੀ. ਵੀ ਇਸੇ ਵੰਨਗੀ ਵਿਚ ਆਉਂਦੀ ਹੈ। ਬੀ. ਜੇ. ਪੀ. ਹਿੰਦੂਤਵ ਦੇ ਪਰਦੇ ਹੇਠ ਭਾਰਤ ਨੂੰ ਚੋਣਾਂ ਵਾਲੀ ਤਾਨਾਸ਼ਾਹੀ ਵਿਚ ਬਦਲ ਰਹੀ ਹੈ। ਬੀ. ਜੇ. ਪੀ. ਦੀ ਸਿਆਸਤ ਦਾ ਸਭ ਤੋਂ ਵੱਧ ਫਾਇਦਾ ਗੁਜਰਾਤੀ ਅਰਬਪਤੀਆਂ ਨੂੰ ਹੋਇਆ ਹੈ। ਜਦੋਂ ਬੀ. ਜੇ. ਪੀ. ਦੀ ਸਾਰੀ ਸਰਕਾਰ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਬੰਗਾਲ ਪਹੁੰਚੀ ਹੋਈ ਸੀ, ਭਾਰਤ ਵਿਚ ਕਰੋਨਾ ਦਾ ਦਰ ਸਭ ਹੱਦਾਂ ਪਾਰ ਕਰਨ ਵਲ ਵਧ ਰਿਹਾ ਸੀ। ਇਹ ਹੈ ਇਨ੍ਹਾਂ ਦੀ ਸੱਤਾ ਦੀ ਭੁੱਖ। ਇਨ੍ਹਾਂ ਲਈ ਬੀ. ਜੇ. ਪੀ. ਭਾਰਤ ਨਾਲੋਂ ਕਿਤੇ ਵੱਧ ਜ਼ਰੂਰੀ ਹੈ। ਇਨ੍ਹਾਂ ਦੇ ਕਈ ਮੈਂਬਰ ਕਹਿ ਰਹੇ ਸਨ ਕਿ ਗਊ ਮੂਤਰ ਪੀਣ ਨਾਲ ਕਰੋਨਾ ਹਟ ਸਕਦਾ ਹੈ। ਇਹ ਲੋਕ ਜੋ ਹਿੰਦੂਤਵ ਨਾਲ ਹਿੰਦੂਆਂ ਦਾ ਭਲਾ ਕਰਨ ਦਾ ਢੌਂਗ ਰਚ ਰਹੇ ਸਨ, ਅਸਲ ਵਿਚ ਬੇਅੰਤ ਹਿੰਦੂਆਂ ਦੀ ਕਰੋਨਾ ਨਾਲ ਮੌਤ ਦਾ ਕਾਰਨ ਬਣ ਰਹੇ ਹਨ।
ਜੋ ਮੁਲਕ ਆਪਣੇ ਲੋਕਾਂ ਲਈ ਵਧੀਆ ਜੀਵਨ ਪੈਦਾ ਕਰਨਾ ਚਾਹੁੰਦੇ ਹਨ ਅਤੇ ਤਰੱਕੀ ਦੇ ਰਾਹ ਤੇ ਅੱਗੇ ਵਧਣਾ ਚਾਹੁੰਦੇ ਹਨ, ਉਨ੍ਹਾਂ ਨੂੰ ਧਾਰਮਿਕ ਸਿਆਸਤ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ।
ਕੀ ਸਿੱਖ, ਪੀੜਤ ਜਾਂ ਦਲਿਤ ਲੋਕ ਹਨ?
ਅਜਮੇਰ ਸਿੰਘ ਅਤੇ ਹੋਰ ਧਾਰਮਿਕ ਸਿਆਸਤਦਾਨ ਸਿੱਖਾਂ ਨੂੰ ਪੀੜਤ ਕਮਿਊਨਿਟੀ ਦੇ ਤੌਰ ‘ਤੇ ਪੇਸ਼ ਕਰਦੇ ਰਹਿੰਦੇ ਹਨ। ਕਈ ਹੋਰ ਲੋਕ ਵੀ ਇਹ ਨਜ਼ਰੀਆ ਰੱਖਦੇ ਹਨ ਪਰ ਕਈ ਇਸ ਦੇ ਬਿਲਕੁਲ ਉਲਟ ਨਜ਼ਰੀਆ ਰੱਖਦੇ ਹਨ। ਉਹ ਕਹਿੰਦੇ ਹਨ ਕਿ ਸਿੱਖ ਅਸਲ ਵਿਚ ਬਹੁਤ ਸਾਰੇ ਹੋਰ ਵਰਗਾਂ ਨਾਲੋਂ ਕਿਤੇ ਵਧੇਰੇ ਖੁਸ਼ਹਾਲ ਅਤੇ ਆਜ਼ਾਦ ਹਨ। ਇਸ ਬਹਿਸ ਵਿਚ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਠੀਕ ਹੈ ਜਾਂ ਕੌਣ ਗਲਤ। ਅਸਲ ਗੱਲ ਹੈ ਕਿ ਭਾਰਤ ਵਿਚ ਅਜੇ ਇਨਸਾਫ ਅਤੇ ਕਾਨੂੰਨੀ ਬਰਾਬਰੀ ਅਣਵਿਕਸਿਤ ਹੈ। ਜਦੋਂ ਧਾਰਮਿਕ ਸਿਆਸਤਦਾਨ ਸਿੱਖਾਂ ਨਾਲ ਵਿਤਕਰੇ ਦੀ ਗੱਲ ਕਰਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ ਭਾਰਤ ਵਿਚ ਤਾਂ ਸਭ ਲੋਕਾਂ ਨਾਲ ਵਿਤਕਰਾ ਹੁੰਦਾ ਹੈ। ਬਿਹਾਰੀ ਮਜ਼ਦੂਰ ਜੋ ਆਮ ਤੌਰ ਤੇ ਹਿੰਦੂ ਹੀ ਹਨ, ਦਰ-ਬ-ਦਰ ਭਟਕ ਰਹੇ ਹਨ। ਮੁਸਲਿਮ ਲੋਕਾਂ ਦੀ ਲਿੰਚਿੰਗ ਕੀਤੀ ਜਾ ਰਹੀ ਹੈ। ਕਸ਼ਮੀਰੀ ਪੰਡਿਤ ਸਾਲਾਂ ਬੱਧੀ ਜੰਮੂ ਦੇ ਕੈਂਪਾਂ ਵਿਚ ਰੁਲਦੇ ਰਹੇ। ਦਲਿਤ ਲੋਕਾਂ ਦੀਆਂ ਪੁਸ਼ਤਾਂ ਲੰਘ ਗਈਆਂ ਗੁਲਾਮੀ ਅਤੇ ਵਿਤਕਰੇ ਝੱਲਦਿਆਂ। ਔਰਤਾਂ ਨਾਲ ਹਰ ਪਾਸੇ ਜਿ਼ਆਦਤੀ ਹੁੰਦੀ ਹੈ। ਮਿਲਾਵਟ ਵਾਲੇ ਇਹ ਨਹੀਂ ਦੇਖਦੇ ਕਿ ਇਹ ਭੋਜਨ ਹਿੰਦੂ, ਸਿੱਖ ਜਾਂ ਮੁਸਲਮਾਨ ਨੇ ਖਾਣਾ ਹੈ। ਪੁਲਿਸ ਵਾਲੇ ਹਰ ਬੰਦੇ ਨਾਲ ਵਧੀਕੀ ਕਰਦੇ ਹਨ। ਲਿਸਟ ਬਹੁਤ ਲੰਮੀ ਹੈ।
ਵਿਤਕਰੇ ਵਾਲੇ ਮਾਹੌਲ ਨਾਲ ਕਿਵੇਂ ਸਿੱਝਣਾ, ਇਸ ਦਾ ਬੜਾ ਮੁੱਲਵਾਨ ਤਜਰਬਾ ਕੈਨੇਡਾ ਵਿਚ ਪੰਜਾਬੀ ਲੋਕਾਂ ਨੂੰ ਹੋਇਆ ਸੀ। 1968 ਵਿਚ ਜਦੋਂ ਕੈਨੇਡਾ ਦੀ ਇੰਮੀਗ੍ਰੇਸ਼ਨ ਖੁੱਲ੍ਹੀ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਰ ਮਹੀਨੇ ਕੈਨੇਡਾ ਵਲ ਰਵਾਨਾ ਹੋਣੇ ਸ਼ੁਰੂ ਹੋਏ। ਉਸ ਵਕਤ ਕੈਨੇਡਾ ਦੇ ਲੋਕਾਂ ਨੂੰ ਸਿੱਖਾਂ ਬਾਰੇ ਕੋਈ ਬਹੁਤਾ ਗਿਆਨ ਨਹੀਂ ਸੀ। ਅਚਾਨਕ ਇੰਨੇ ਲੋਕਾਂ ਨੂੰ ਆਉਂਦੇ ਦੇਖ ਕੇ ਬ੍ਰਿਟਿਸ਼ ਕੋਲੰਬੀਆ ਵਿਚ ਬਹੁਤ ਵੱਡਾ ਨਸਲਵਾਦੀ ਪ੍ਰਤੀਕਰਮ ਹੋਇਆ ਸਥਾਨਕ ਕੈਨੇਡੀਅਨ ਲੋਕਾਂ ਵਿਚ। ਉਸ ਵੇਲੇ ਪੰਜਾਬੀ ਕਮਿਊਨਿਟੀ ਦੀ ਹਾਲਤ ਕੈਨੇਡਾ ਦੇ ਆਦਿਵਾਸੀ ਲੋਕਾਂ ਅਤੇ ਕਾਲੇ ਲੋਕਾਂ ਨਾਲੋਂ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ ਸੀ। ਅਸੀਂ ਦੋ ਰਾਹ ਅਪਣਾਏ। ਇੱਕ ਸੀ ਸਵੈ-ਰੱਖਿਆ ਦਾ ਅਤੇ ਦੂਜਾ ਸੀ ਸਖਤ ਮਿਹਨਤ ਅਤੇ ਉਦਮਕਾਰੀ ਦਾ। ਵੈਨਕੂਵਰ ਵਿਚ ਨਸਲੀ ਹਮਲਿਆਂ ਦਾ ਸਾਹਮਣਾ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਬਣਾਈਆਂ ਗਈਆਂ ਜਿਵੇਂ ਈਸਟ ਇੰਡੀਅਨ ਡੀਫੈਂਸ ਕਮੇਟੀ, ਬੀ. ਸੀ. ਓ. ਐਫ. ਆਰ. ਅਤੇ ਕਈ ਹੋਰ। ਇਹ ਸਭ ਸੰਘਰਸ਼ੀਲ ਸੰਸਥਾਵਾਂ ਤੁਹਾਨੂੰ ਹਿੰਸਕ ਨਸਲਵਾਦ ਤੋਂ ਬਚਾਉਣ ਲਈ ਚੰਗਾ ਕੰਮ ਕਰਦੀਆਂ ਸਨ ਪਰ ਬਰੀਕ ਅਤੇ ਗੁੰਝਲਦਾਰ ਵਿਤਕਰੇ ਤੋਂ ਬਚਾਉਣ ਲਈ ਇਹ ਕਈ ਵਾਰ ਇੰਨੀਆਂ ਕਾਰਗਰ ਸਾਬਤ ਨਹੀਂ ਸੀ ਹੁੰਦੀਆਂ। ਇਹ ਕਮਿਊਨਿਟੀ ਦੀ ਆਰਥਕ ਹਾਲਤ ਨੂੰ ਬਿਹਤਰ ਕਰਨ ਵਿਚ ਵੀ ਕੰਮ ਨਹੀਂ ਆਉਂਦੀਆਂ। ਉਸ ਲਈ ਉਦਮਕਾਰੀ ਦੀ ਆਪਣੀ ਥਾਂ ਹੈ। ਪੰਜਾਬੀ ਲੋਕਾਂ ਨੇ ਆਪਣੀਆਂ ਕੰਪਨੀਆਂ ਇਸ ਹੱਦ ਤੱਕ ਖੋਲ੍ਹੀਆਂ ਕਿ ਹੁਣ ਇਹ ਆਰਥਕ ਤੌਰ ‘ਤੇ ਬਹੁਤ ਅਹਿਮ ਸਥਾਨ ਰੱਖਦੇ ਹਨ। ਉਹ ਨੌਜਵਾਨ ਜੋ ਪੰਜਾਬ ਵਿਚ ਕਦੇ ਬਿਜ਼ਨਸ ਬਾਰੇ ਸੋਚਦੇ ਵੀ ਨਹੀਂ ਸਨ, ਕੈਨੇਡਾ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਬਣੀ ਬੈਠੇ ਹਨ। ਹੁਣ ਇਸ ਕਮਿਊਨਿਟੀ ਦੀ ਆਰਥਕ ਹਾਲਤ ਆਦਿਵਾਸੀ ਅਤੇ ਕਾਲੇ ਲੋਕਾਂ ਨਾਲੋਂ ਕਿਤੇ ਵੱਧ ਮਜ਼ਬੂਤ ਅਤੇ ਕਾਮਯਾਬ ਹੈ। ਉਹ ਟੈਕਸੀ ਅਤੇ ਟਰੱਕ ਕੰਪਨੀਆਂ, ਜੋ ਇੱਕ ਵੇਲੇ ਇਨ੍ਹਾਂ ਨੂੰ ਕੰਮ ਦੇਣ ਲਈ ਤਿਆਰ ਨਹੀਂ ਸਨ, ਹੁਣ ਇਨ੍ਹਾਂ ਦੀ ਮਲਕੀਅਤ ਬਣ ਚੁੱਕੀਆਂ ਹਨ। ਇਹ ਗੱਲ ਦੇਖੀ ਗਈ ਹੈ ਕਿ ਜਦੋਂ ਤੁਸੀਂ ਆਪਣੇ ਰੁਜ਼ਗਾਰ ਦੇ ਸਾਧਨਾਂ ਦੇ ਮਾਲਕ ਆਪ ਹੋਵੋ ਤਾਂ ਵਿਤਕਰੇ ਵਾਲੇ ਬਹੁਤ ਸਾਰੇ ਹਾਲਾਤ ਗੁੰਮ ਹੋ ਜਾਂਦੇ ਹਨ ਸਗੋਂ ਉਲਟਾ ਵਿਤਕਰਾ ਦੇਖਿਆ ਗਿਆ ਹੈ ਪਰ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਵਿਚ ਪ੍ਰਧਾਨ ਮੰਤਰੀ ਪੀਅਰ ਐਲੀਅਟ ਟਰੂਡੋ ਨੇ ਜੋ ਬਹੁ-ਸਭਿਆਚਾਰਕ ਸਮਾਜ ਦਾ ਮਾਡਲ ਲਾਗੂ ਕੀਤਾ ਸੀ, ਉਸ ਨੇ ਵੀ ਬਹੁਤ ਅਸਰ ਕੀਤਾ।
ਭਾਰਤ ਦੇ ਪ੍ਰਸੰਗ ਵਿਚ ਜਦੋਂ ਬਰਾਬਰੀ ਅਤੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਇਹ ਕਹਿਣਾ ਕਿ ਸਿਰਫ ਸਿੱਖਾਂ ਨੂੰ ਬਰਾਬਰੀ ਅਤੇ ਇਨਸਾਫ ਚਾਹੀਦਾ ਹੈ, ਗੰਭੀਰ ਸਮਸਿਆ ਹੈ। ਇਹ ਖੁਦਗਰਜ਼ ਨਜ਼ਰੀਆ ਹੈ ਅਤੇ ਸਿੱਖ ਧਰਮ ਦੇ ਅਸੂਲਾਂ ਦੇ ਉਲਟ ਹੈ। ਸਿੱਖ ਲੋਕ ਹਮੇਸ਼ਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਏ ਹਨ ਅਤੇ ਸਭ ਮਜ਼ਲੂਮ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ ਹਨ। ਸੋ, ਭਾਰਤ ਵਿਚ ਜੇਕਰ ਇਨਸਾਫ ਅਤੇ ਬਰਾਬਰੀ ਵਾਲਾ ਮਾਹੌਲ ਪੈਦਾ ਕਰਨਾ ਹੈ ਤਾਂ ਸਭ ਲੋਕਾਂ ਦੇ ਹੱਕਾਂ ਲਈ ਲੜਨਾ ਪਵੇਗਾ। ਸਭ ਲੋਕਾਂ ਦੇ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਸ ਦਾ ਭਾਵ ਹੈ ਕਿ ਸਿਸਟਮ ਬਿਹਤਰ ਕਰਨਾ ਪਵੇਗਾ। ਇਹ ਕੋਈ ਇਨਕਲਾਬੀ ਤਬਦੀਲੀ ਨਹੀਂ ਹੈ। ਭਾਰਤ ਦੇ ਸੰਵਿਧਾਨ ਵਿਚ ਇਹ ਸਭ ਕੁਝ ਪਹਿਲਾਂ ਹੀ ਹੈ, ਗੱਲ ਸਿਰਫ ਇਸ ਨੂੰ ਲਾਗੂ ਕਰਨ ਦੀ ਹੈ।
ਇਸ ਨੂੰ ਲਾਗੂ ਕਰਨ ਦੇ ਰਾਹ ਵਿਚ ਸਿਆਸੀ ਨੇਤਾਵਾਂ ਦੇ ਵੀ. ਆਈ. ਪੀ. ਹੋਣ ਦੇ ਭੁਲੇਖੇ ਵੀ ਹਨ ਅਤੇ ਲੋਕਾਂ ਦੀਆਂ ਗੁਲਾਮ ਆਦਤਾਂ ਵੀ ਹਨ। ਇਸ ਦੇ ਰਾਹ ਵਿਚ ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਦੀ ਨੈਤਿਕ ਗਿਰਾਵਟ ਵੀ ਹੈ। ਇਸ ਦੇ ਰਾਹ ਵਿਚ ਫਿਰਕੂ ਸੋਚ ਵੀ ਬਹੁਤ ਵੱਡੀ ਰੁਕਾਵਟ ਹੈ। ਇਸ ਸਭ ਕੁਝ ਨੂੰ ਬਦਲਣ ਲਈ ਸਿਆਸੀ ਸੰਘਰਸ਼ ਵੀ ਜ਼ਰੂਰੀ ਹਨ ਪਰ ਲੋਕਾਂ ਦੀ ਆਰਥਕ ਹਾਲਤ ਦੀ ਬਿਹਤਰੀ ਵੀ ਜ਼ਰੂਰੀ ਹੈ। ਉਤਪਾਦਨ ਦੇ ਸਾਧਨਾਂ ਦੇ ਵਿਕਾਸ ਨਾਲ ਹੀ ਸਾਰੇ ਸਮਾਜ ਵਿਚ ਸ਼ਕਤੀ ਆਉਂਦੀ ਹੈ। ਪੰਜਾਬ ਵਿਚ ਇਸ ਵੇਲੇ ਸੋਚ ਸਿਰਫ ਸੰਘਰਸ਼ਾਂ ਤੱਕ ਹੀ ਸੀਮਤ ਹੋ ਚੁੱਕੀ ਹੈ। ਇਸ ਨੂੰ ਅਸੀਂ ਪੰਜਾਬੀ ਲੋਕਾਂ ਦੀ ਬੌਧਿਕ ਗਰੀਬੀ ਵੀ ਕਹਿ ਸਕਦੇ ਹਾਂ। ਇਸ ਬਾਰੇ ਗੱਲ ਅਸੀਂ ਅਗਲੇ ਲੇਖ ਵਿਚ ਕਰਾਂਗੇ।
ਅਜਮੇਰ ਸਿੰਘ ਅਤੇ ਆਰ. ਐਸ. ਐਸ.
ਅਜਮੇਰ ਸਿੰਘ ਆਰ. ਐਸ. ਐਸ. ਅਤੇ ਹਿੰਦੂ ਲੋਕਾਂ ਵਿਚ ਫਰਕ ਨਹੀਂ ਦੇਖ ਸਕਦਾ। ਉਹ ਆਰ. ਐਸ. ਐਸ. ਦੀ ਧਾਰਮਿਕ ਸਿਆਸਤ ਦਾ ਬਦਲਾ ਹਿੰਦੂਆਂ ਤੋਂ ਲੈਣਾ ਚਾਹੁੰਦਾ ਹੈ। ਲੋੜ ਹਿੰਦੂ-ਸਿੱਖ ਫਸਾਦ ਕਰਵਾਉਣ ਦੀ ਨਹੀਂ ਸਗੋਂ ਭਾਰਤ ਵਿਚ ਸੈਕੂਲਰ ਜਮਹੂਰੀਅਤ ਬਹਾਲ ਕਰਨ ਦੀ ਹੈ। ਇਸ ਕੰਮ ਲਈ ਸਭ ਧਰਮਾਂ ਅਤੇ ਜਾਤੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਅਜਮੇਰ ਸਿੰਘ ਆਰ. ਐਸ. ਐਸ. ਦੀ ਫਿਰਕਾਪ੍ਰਸਤੀ ਨਾਲ ਲੜਨ ਲਈ ਸਿੱਖ ਫਿਰਕਾਪ੍ਰਸਤੀ ਦੀ ਵਰਤੋਂ ਕਰਨਾ ਚਾਹੁੰਦਾ ਹੈ। ਉਹ ਭੋਲੇ ਭਾਲੇ ਅਤੇ ਘੱਟ ਪੜ੍ਹੇ ਸਿੱਖ ਨੌਜਵਾਨਾਂ ਨੂੰ ਵਰਗਲਾ ਕੇ ਲੜਾਉਣਾ ਚਾਹੁੰਦਾ ਹੈ ਅਤੇ ਸ਼ਹੀਦ ਕਰਵਾਉਣੇ ਚਾਹੁੰਦਾ ਹੈ। ਇਹ ਰਾਹ ਬਿਲਕੁਲ ਗਲਤ ਹੈ।
ਆਰ. ਐਸ. ਐਸ. ਦੀ ਫਿਰਕੂ ਸੋਚ ਦਾ ਵਿਰੋਧ ਹਿੰਦੂ ਲੋਕਾਂ ਦੇ ਜਮਹੂਰੀ ਅਤੇ ਤਰੱਕੀ-ਪਸੰਦ ਵਰਗਾਂ ਨੂੰ ਨਾਲ ਲਏ ਬਿਨਾਂ ਨੇਪਰੇ ਨਹੀਂ ਚੜ੍ਹ ਸਕਦਾ। ਕਿਸਾਨ ਮੋਰਚੇ ਨੇ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਲਿਆਂਦੀ ਹੈ। ਛੱਬੀ ਜਨਵਰੀ ਤੋਂ ਬਾਅਦ, ਬਾਰਡਰ ‘ਤੇ ਸਿੱਖ ਲੋਕਾਂ ‘ਤੇ ਹਮਲਾ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਸੀ ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਯੂ. ਪੀ. ਅਤੇ ਹਰਿਆਣੇ ਦੇ ਜਾਟ ਭਾਈਚਾਰੇ ਨੂੰ ਸਿੱਖ ਕਿਸਾਨਾਂ ਦੀ ਹਿਫਾਜ਼ਤ ਲਈ ਖੜ੍ਹੇ ਕਰ ਦਿਤਾ। ਉਨ੍ਹਾਂ ਦੇ ਸਾਹਮਣੇ ਬੀ. ਜੇ. ਪੀ. ਦੇ ਗੁੰਡੇ ਲਾਚਾਰ ਹੋ ਗਏ। ਪੱਛਮੀ ਬੰਗਾਲ ਅਤੇ ਕੇਰਲ ਦੀਆਂ ਸੂਬਾਈ ਚੋਣਾਂ ਤੋਂ ਵੀ ਪਤਾ ਲਗਦਾ ਹੈ ਕਿ ਹਿੰਦੂ ਭਾਈਚਾਰੇ ਦਾ ਸਾਥ, ਆਰ. ਐਸ. ਐਸ. ਅਤੇ ਬੀ. ਜੇ. ਪੀ. ਦੀ ਫਿਰਕਾਪ੍ਰਸਤ ਸਿਆਸਤ ਤੋਂ ਭਾਰਤ ਨੂੰ ਬਚਾਉਣ ਲਈ ਅਤਿਅੰਤ ਜ਼ਰੂਰੀ ਹੈ।
ਸਟੇਟ ਦਾ ਬਹੁਗਿਣਤੀ ਧਰਮ ਦਾ ਸੰਦ ਬਣ ਜਾਣਾ, ਭਾਰਤ ਦੀ ਜਮਹੂਰੀਅਤ ਉਤੇ ਅਤੇ ਭਾਰਤ ਦੇ ਸੰਵਿਧਾਨ ਉਤੇ ਹਮਲਾ ਹੈ। ਆਰ. ਐਸ. ਐਸ. ਦੀ ਵਿਚਾਰਧਾਰਾ ਲੈ ਕੇ ਬੀ. ਜੇ. ਪੀ. ਨੇ ਭਾਰਤ ਦੀ ਜਮਹੂਰੀਅਤ ਨੂੰ ਕਈ ਤਰੀਕਿਆਂ ਨਾਲ ਭ੍ਰਿਸ਼ਟ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਫਿਰਕੂ ਪਾੜਾ ਪਾ ਕੇ ਵੋਟਾਂ ਲੈਣ ਦੀ ਸਿਆਸਤ ਖੇਡੀ ਹੈ। ਫਿਰ ਇਨ੍ਹਾਂ ਨੇ ਨਿਆਂ ਪ੍ਰਣਾਲੀ ਵਿਚ ਦਖਲਅੰਦਾਜ਼ੀ ਨਾਲ ਨਿਆਂ ਪ੍ਰਣਾਲੀ ਦੀ ਸੁਤੰਤਰਤਾ ਦਾ ਨੁਕਸਾਨ ਕੀਤਾ ਹੈ। ਇਵੇਂ ਹੀ ਚੋਣ ਕਮਿਸ਼ਨ, ਪੁਲਿਸ ਅਤੇ ਤਫਤੀਸ਼ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ। ਇਸ ਗੱਲ ਦਾ ਇਲਾਜ ਸਿਰਫ ਇਹ ਹੈ ਕਿ ਬੀ. ਜੇ. ਪੀ. ਨੂੰ ਚੋਣਾਂ ਵਿਚ ਹਰਾਇਆ ਜਾਵੇ।
ਆਰ. ਐਸ. ਐਸ. ਦੀ ਹੋਂਦ ਹੀ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ, ਕਿਉਂਕਿ ਆਰ. ਐਸ. ਐਸ. ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਵਾਰ ਵਾਰ ਕਰ ਰਹੇ ਹਨ ਅਤੇ ਇਨ੍ਹਾਂ ਨੇ ਅੰਦਰੂਨੀ ਫੌਜ ਬਣਾ ਰੱਖੀ ਹੈ। ਭਾਰਤ ਦੇ ਅਗਾਂਹਵਧੂ ਲੋਕਾਂ ਨੂੰ ਧਾਰਮਿਕ ਸਿਆਸਤ ਦੇ ਵਿਰੁੱਧ ਖੜ੍ਹੇ ਹੋਣਾ ਪਵੇਗਾ। ਕਿਸਾਨ ਅੰਦੋਲਨ ਦੀ ਇਹੀ ਖੂਬੀ ਹੈ ਕਿ ਇਹ ਧਰਮਾਂ, ਜਾਤਾਂ ਅਤੇ ਊਚ ਨੀਚ ਤੋਂ ਮੁਕਤ ਹੈ। ਅਜਿਹੀ ਲਹਿਰ ਭਾਰਤ ਨੂੰ ਧਾਰਮਿਕ ਸਿਆਸਤ ਤੋਂ ਮੁਕਤ ਕਰਵਾਉਣ ਲਈ ਵੀ ਸ਼ੁਰੂ ਹੋਣੀ ਚਾਹੀਦੀ ਹੈ।
ਧਰਮ ਅਤੇ ਕਿਸਾਨ ਮੋਰਚਾ
ਕਿਸਾਨ ਸਿੱਖ ਵੀ ਹਨ, ਹਿੰਦੂ ਵੀ ਅਤੇ ਮੁਸਲਮਾਨ ਵੀ। ਜਦੋਂ ਕਿਸਾਨਾਂ ਦੇ ਮੋਰਚੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਹੜੇ ਧਰਮ ਦੀ ਵਰਤੋਂ ਕੀਤੀ ਜਾਵੇ? ਅਜਮੇਰ ਸਿੰਘ ਇਸ ਮੋਰਚੇ ਨੂੰ ਸਿੱਖ ਧਰਮ ਦਾ ਰੰਗ ਦੇਣਾ ਚਾਹੁੰਦਾ ਹੈ। ਕੀ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਯੂ. ਪੀ. ਅਤੇ ਹਰਿਆਣੇ ਦੇ ਕਿਸਾਨਾਂ ਨੂੰ ਇਹ ਕਹੀਏ ਕਿ ਜੇਕਰ ਕਿਸਾਨ ਮੋਰਚੇ ਵਿਚ ਹਿੱਸਾ ਲੈਣਾ ਤਾਂ ਪਹਿਲਾਂ ਸਿੱਖ ਬਣੋ? ਕੀ ਇਹ ਔਰੰਗਜ਼ੇਬੀ ਫਰਮਾਨ ਨਹੀਂ ਹੈ? ਕੀ ਸਾਨੂੰ ਧਰਮ ਅਤੇ ਸਿਆਸਤ ਇੱਕਠੇ ਕਰ ਕੇ ਹੀ ਕਿਸਾਨੀ ਮੰਗਾਂ ਮੰਗਣੀਆਂ ਚਾਹੀਦੀਆਂ ਹਨ? ਜੇ ਅਸੀਂ ਇੰਜ ਕੀਤਾ ਤਾਂ ਕੀ ਅਸੀਂ ਆਰ. ਐਸ. ਐਸ. ਦੇ ਤੌਰ ਤਰੀਕੇ ਨਹੀਂ ਅਪਣਾ ਰਹੇ ਹੋਵਾਂਗੇ? ਕੀ ਆਰ. ਐਸ. ਐਸ., ਧਰਮ ਅਤੇ ਸਿਆਸਤ ਨੂੰ ਰਲ ਗੱਡ ਕਰ ਕੇ, ਹਿੰਦੂ ਲੋਕਾਂ ਦੀਆਂ ਵੋਟਾਂ ਨਹੀਂ ਲੈਣੀਆਂ ਚਾਹੁੰਦੀ? ਕੀ ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਧਰਮਾਂ ਵਿਚ ਵੰਡ ਦਿਓ ਅਤੇ ਰਾਜ ਕਰੋ? ਕੀ ਅੰਗਰੇਜ਼ਾਂ ਨੇ ਇਹ ਫਾਰਮੂਲਾ ਨਹੀਂ ਸੀ ਵਰਤਿਆ ਜਿਸ ਨਾਲ ਭਾਰਤ ਦੇ ਦੋ ਟੁਕੜੇ ਹੋ ਗਏ? ਅਜਮੇਰ ਸਿੰਘ ਦਾ ਇਹ ਫਾਰਮੂਲਾ ਸਿੱਧਾ ਆਰ. ਐਸ. ਐਸ. ਦੇ ਹੱਕ ਵਿਚ ਭੁਗਤਦਾ ਹੈ। ਅਜਮੇਰ ਸਿੰਘ ਹਿੰਦੂ ਸਿੱਖ ਨੂੰ ਵੰਡਣਾ ਚਾਹੁੰਦਾ ਹੈ ਅਤੇ ਖੱਬੇ ਪੱਖੀ ਲੋਕਾਂ ਨੂੰ ਸਿੱਖ ਧਰਮ ਦੇ ਵਿਰੋਧੀ ਬਣਾ ਕੇ ਵੱਖ ਕਰਨਾ ਚਾਹੁੰਦਾ ਹੈ। ਬਹੁਤ ਸਾਰੇ ਸਿਧੇ ਪੱਧਰੇ ਅਤੇ ਘੱਟ ਪੜ੍ਹੇ ਨੌਜਵਾਨ ਇਸ ਗੱਲ ਦੇ ਸਿ਼ਕਾਰ ਹੋ ਕੇ ਹਿੰਦੂ ਵਿਰੋਧੀ ਹੋ ਰਹੇ ਹਨ ਅਤੇ ਕਮਿਊਨਿਸਟਾਂ ਨੂੰ ਮੰਦਾ ਬੋਲ ਰਹੇ ਹਨ। ਇਹ ਫਿਰਕਾਪ੍ਰਸਤੀ ਹੈ। ਸਿੱਖ ਧਰਮ ਵੀ ਅਜਿਹੀ ਫਿਰਕੂ ਸੋਚ ਦੇ ਵਿਰੁੱਧ ਹੈ ਅਤੇ ਭਾਰਤ ਦਾ ਸੰਵਿਧਾਨ ਵੀ। ਅਜਮੇਰ ਸਿੰਘ ਇਹ ਗੱਲ ਭੁੱਲ ਰਿਹਾ ਹੈ ਕਿ ਕਿਸਾਨ ਅੰਦੋਲਨ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਜਾ ਚੁੱਕਾ ਹੈ ਅਤੇ ਸਾਰੇ ਭਾਰਤ ਨਾਲ ਇਸ ਦਾ ਤੁਅਲਕ ਹੈ। ਅਖੀਰ ‘ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਜਮੇਰ ਸਿੰਘ ਦਾ ਨੌਜਵਾਨਾਂ ਨੂੰ ਗੁਮਰਾਹ ਕਰਨਾ ਪੰਜਾਬ ਅਤੇ ਸਿੱਖ ਧਰਮ ਦੋਹਾਂ ਲਈ ਨੁਕਸਾਨਦੇਹ ਹੈ।
ਅੰਤਿਕਾ
ਪੰਜਾਬ ਦੇ ਬੁੱਧੀਜੀਵੀਆਂ ਦੀਆਂ ਦੋ ਗਲਤਫਹਿਮੀਆਂ
ਕੀ ਸਿੱਖ ਧਰਮ ਖਤਰੇ ਵਿਚ ਹੈ? ਮੇਰੇ ਖਿਆਲ ਵਿਚ ਸਾਡਾ ਧਰਮ ਖਤਰੇ ਵਿਚ ਨਹੀਂ ਸਗੋਂ ਪੰਜਾਬ ਦੀ ਧਰਤੀ, ਸਾਡਾ ਅਸਮਾਨ, ਸਾਡਾ ਪੌਣ-ਪਾਣੀ, ਸਾਡਾ ਰੁਜ਼ਗਾਰ ਅਤੇ ਸਾਡੀ ਜਿ਼ੰਦਗੀ ਖਤਰੇ ਵਿਚ ਹੈ। ਪਾਣੀ ਮੁੱਕ ਵੀ ਰਿਹਾ ਹੈ ਅਤੇ ਜ਼ਹਿਰੀਲਾ ਵੀ ਹੋ ਰਿਹਾ ਹੈ। ਮਿੱਟੀ ਵਿਚ ਯੂਰੇਨੀਅਮ ਰਚ ਚੁੱਕੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਰੁਜ਼ਗਾਰ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿਚ ਜ਼ਮੀਨ ਘਟ ਰਹੀ ਹੈ ਅਤੇ ਮਸ਼ੀਨਰੀ ਵਧ ਰਹੀ ਹੈ। ਇਸ ਦਵੰਦ ਦਾ ਨਤੀਜਾ ਹੈ ਕਿ ਸਾਡੇ ਲਗਾਤਾਰ ਛੋਟੇ ਹੋ ਰਹੇ ਪਰਿਵਾਰਕ ਫਾਰਮ ਘਾਟੇ ਵਿਚ ਜਾਣ ਦੇ ਕੰਢੇ ਖੜ੍ਹੇ ਹਨ। ਜੇਕਰ ਇਹ ਆਰਥਕ ਤੌਰ ‘ਤੇ ਕਾਮਯਾਬ ਨਾ ਰਹਿਣ ਤਾਂ ਪੰਜਾਬ ਵਿਚ ਸਾਡੀ ਜਿ਼ੰਦਗੀ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਜੇਕਰ ਸਾਡੀ ਜਿ਼ੰਦਗੀ ਨੂੰ ਖਤਰਾ ਹੈ ਪਰ ਅਸੀਂ ਸਮਝ ਰਹੇ ਹਾਂ ਕਿ ਸਾਡੇ ਧਰਮ ਨੂੰ ਖਤਰਾ ਹੈ, ਤਾਂ ਕੀ ਹੋਵੇਗਾ? ਸਾਫ ਜ਼ਾਹਿਰ ਹੈ ਕਿ ਅਸੀਂ ਉਸ ਮਰੀਜ਼ ਵਾਂਗ ਹਾਂ ਜਿਸ ਨੂੰ ਬਿਮਾਰੀ ਤਾਂ ਕੈਂਸਰ ਦੀ ਹੈ ਪਰ ਦਵਾਈ ਉਹ ਮਲੇਰੀਏ ਦੀ ਲੈ ਰਿਹਾ ਹੈ। ਸਾਫ ਜ਼ਾਹਿਰ ਹੈ ਕਿ ਅਸੀਂ ਗੰਭੀਰ ਗਲਤੀਆਂ ਕਰ ਸਕਦੇ ਹਾਂ। ਮਿਸਾਲ ਵਜੋਂ ਹਵਾ ਦੇ ਪ੍ਰਦੂਸ਼ਨ ਦਾ ਇਲਾਜ ਕਿਸੇ ਵੀ ਧਰਮ ਰਾਹੀਂ ਨਹੀਂ ਹੋ ਸਕਦਾ। ਇਵੇਂ ਹੀ ਮਨ ਦੀ ਸ਼ਾਂਤੀ ਲਈ ਅਤੇ ਅਸਤਿਤਵਵਾਦੀ ਆਸ ਲਈ ਧਰਮ ਜ਼ਰੂਰੀ ਹੈ, ਇਹ ਕੰਮ ਵਿਗਿਆਨ ਨਹੀਂ ਕਰ ਸਕਦਾ। ਜੋ ਕੰਮ ਵਿਗਿਆਨ ਕਰ ਸਕਦਾ ਹੈ, ਉਹ ਧਰਮ ਨਹੀਂ ਕਰ ਸਕਦਾ ਅਤੇ ਜੋ ਧਰਮ ਕਰ ਸਕਦਾ ਹੈ, ਉਹ ਵਿਗਿਆਨ ਨਹੀਂ ਕਰ ਸਕਦਾ। ਇਸ ਦਾ ਭਾਵ ਹੈ ਕਿ ਸਾਨੂੰ ਸਮਸਿਆਵਾਂ ਦਾ ਦਰੁਸਤ ਵਿਸ਼ਲੇਸ਼ਣ ਕਰ ਕੇ ਇਹ ਸੋਚਣਾ ਪਵੇਗਾ ਕਿ ਇਥੇ ਵਿਗਿਆਨ ਦੀ ਲੋੜ ਹੈ ਜਾਂ ਧਰਮ ਦੀ ਜਾਂ ਫਿਰ ਕਿਸੇ ਹੋਰ ਕਿਸਮ ਦੇ ਗਿਆਨ ਦੀ।
ਇਵੇਂ ਹੀ ਬਹੁਤ ਸਾਰੇ ਨੌਜਵਾਨ ਅਜੇ ਵੀ ਪ੍ਰੋਲੇਤਾਰੀ ਇਨਕਲਾਬ ਦਾ ਸੁਪਨਾ ਲੈ ਕੇ ਤੁਰੇ ਫਿਰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਹੁਣ ਦੁਨੀਆ ਬਹੁਤ ਬਦਲ ਚੁੱਕੀ ਹੈ ਅਤੇ ਕਮਿਊਨਿਸਟ ਮੈਨੀਫੈਸਟੋ ਵਾਲੇ ਹਾਲਾਤ ਹੁਣ ਨਹੀਂ ਹਨ। ਮਸਨੂਈ ਬੁੱਧੀ ਦਾ ਯੁੱਗ ਆ ਰਿਹਾ ਹੈ। ਸਰਮਾਏਦਾਰੀ ਨਿਜ਼ਾਮ ਅਜੇ ਵੀ ਚੱਲ ਰਿਹਾ ਹੈ ਜਿਸ ਵਿਚ ਬਹੁਤ ਸਾਰੇ ਨੁਕਸ ਵੀ ਹਨ ਅਤੇ ਬਹੁਤ ਸਾਰੇ ਮੌਕੇ ਵੀ ਹਨ। ਪੰਜਾਬ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਲਈ ਘੜੀਆਂ ਘੜਾਈਆਂ ਵਿਚਾਰਧਾਰਾਵਾਂ ਕੰਮ ਨਹੀਂ ਕਰਨਗੀਆ। ਸਾਨੂੰ ਵਿਗਿਆਨੀਆਂ, ਈਜਾਦਕਾਰਾਂ, ਉਦਮਕਾਰਾਂ ਅਤੇ ਚਿੰਤਕਾਂ ਦੀ ਲੋੜ ਹੈ ਜੋ ਇਸ ਬਦਲੇ ਹਾਲਾਤ ਵਿਚ ਪੰਜਾਬ ਵਿਚ ਬਰਕਰਾਰੀਯੋਗ, ਮਾਨਵ-ਮਾਫਕ ਅਤੇ ਧਰਤੀ-ਮਾਫਕ ਸਭਿਅਤਾ ਉਸਾਰਨ ਵੱਲ ਲੱਗ ਜਾਣ।
ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਸੱਚਮੁਚ ਹੀ ਮਹਾਨ ਮਾਰਕਸੀ ਫਲਸਫੇ ਦੀ ਅੰਤਰ-ਆਤਮਾ ਨਾਲ ਜ਼ਬਰਦਸਤ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਜੋ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੰਜਾਬ ਨੂੰ ਜਾਗਰਤ ਕਰੇ। ਦੂਜੀ ਵਡੀ ਸਮਸਿਆ ਹੈ ਕਿ ਖੇਤੀ ਨੂੰ ਕਿਵੇਂ ਆਰਥਕ ਤੌਰ ‘ਤੇ ਕਾਮਯਾਬ ਬਣਾਇਆ ਜਾਵੇ। ਇਸ ਦੇ ਕਈ ਮਾਡਲ ਹਨ ਜੋ ਲਾਗੂ ਕੀਤੇ ਜਾ ਸਕਦੇ ਹਨ। ਪੰਜਾਬ ਵਿਚ ਹੁਣ ਧਾਰਮਿਕ ਸਿਆਸਤ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਤੋਂ ਬਚਣ ਦੀ ਲੋੜ ਹੈ। ਇਵੇਂ ਹੀ ਗੁਰਸ਼ਰਨ ਸਿੰਘ ਨਾਟਕਕਾਰ ਦੇ ਵੇਲੇ ਦਾ ਖੱਬੇ ਪੱਖੀ ਪੈਰਾਡਾਈਮ ਵੀ ਪੁਰਾਣਾ ਹੋ ਚੁੱਕਾ ਹੈ। ਨੌਜਵਾਨਾਂ ਨੂੰ ਨਵੇਂ ਵਿਦਾਰ ਪੈਦਾ ਕਰਨੇ ਚਾਹੀਦੇ ਹਨ। ਪੰਜਾਬ ਦੀ ਬਰਕਰਾਰੀਯੋਗ ਅਤੇ ਹੰਡਣਸਾਰ ਤਰੱਕੀ ਲਈ ਹਰ ਤਰ੍ਹਾਂ ਦੇ ਬਿਜ਼ਨਸ ਅਤੇ ਸੇਵਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ।