ਮਾਹਿਰਾਂ ਵੱਲੋਂ ਹੁਣ ਭਾਰਤ ਵਿਚ ਕਰੋਨਾ ਦੇ ਤੀਜੇ ਹੱਲੇ ਬਾਰੇ ਚਿਤਾਵਨੀ

ਨਵੀਂ ਦਿੱਲੀ: ਕਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਤਬਾਹਕੁਨ ਪ੍ਰਭਾਵਾਂ ਵਿਚਾਲੇ ਮਾਹਿਰਾਂ ਨੇ ਇਸ ਦੀ ਤੀਜੀ ਲਹਿਰ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਅਪੀਲ ਕੀਤੀ ਹੈ ਕਿ ਜੇਕਰ ਲੋਕ ਸਾਵਧਾਨੀਆਂ ਵਰਤਣ, ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਆਬਾਦੀ ਦੇ ਵੱਡੇ ਹਿੱਸੇ ਨੂੰ ਕਰੋਨਾ ਵਿਰੋਧੀ ਵੈਕਸੀਨ ਦੀ ਡੋਜ਼ ਲਗਾ ਦਿੱਤੀ ਜਾਵੇ ਤਾਂ ਅਗਲੀ ਲਹਿਰ ਮੌਜੂਦਾ ਲਹਿਰ ਦੇ ਮੁਕਾਬਲੇ ਘੱਟ ਗੰਭੀਰ ਹੋ ਸਕਦੀ ਹੈ।

ਸਰਕਾਰ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ‘ਅਟੱਲ` ਹੈ। ਹਾਲਾਂਕਿ ਇਹ ਕਦੋਂ ਆਵੇਗੀ, ਇਸ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਹੁਣੇ ਤੋਂ ਤਿਆਰੀ ਖਿੱਚ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੇ ਵੱਡੇ ਪੱਧਰ `ਤੇ ਫੈਲਣ ਦੇ ਮੱਦੇਨਜਰ ਤੀਜਾ ਗੇੜ ਅਟੱਲ ਹੈ, ਪਰ ਤੀਜੀ ਲਹਿਰ ਆਉਣ ਦੇ ਸਮੇਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਾਨੂੰ ਨਵੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਵੱਖ-ਵੱਖ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲੀ ਲਹਿਰ ਵਿਚ ਕੇਸ ਘੱਟ ਹੋਣ ਕਰ ਕੇ ਲੋਕ ਲਾਪਰਵਾਹ ਹੋ ਗਏ ਜੋ ਕਿ ਸੰਭਾਵੀ ਤੌਰ ‘ਤੇ ਮਹਾਮਾਰੀ ਦਾ ਪ੍ਰਕੋਪ ਮੁੜ ਵਧਣ ਦਾ ਇਕ ਕਾਰਨ ਹੋ ਸਕਦਾ ਹੈ ਜਦਕਿ ਬਾਕੀਆਂ ਦਾ ਕਹਿਣਾ ਹੈ ਕਿ ਵਾਇਰਸ ਵਿਚ ਆਏ ਬਦਲਾਅ ਅਤੇ ਹੋਰ ਰੂਪ ਵਧੇਰੇ ਖਤਰਨਾਕ ਹਨ।
ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈਰਾਘਵਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਕਰੋਨਾ ਦੀ ਤੀਜੀ ਲਹਿਰ ਆਉਣੀ ਤੈਅ ਹੈ ਅਤੇ ਸਾਨੂੰ ਨਵੀਆਂ ਲਹਿਰਾਂ ਲਈ ਤਿਆਰ ਰਹਿਣਾ ਜਰੂਰੀ ਹੈ ਪਰ ਦੋ ਦਿਨਾਂ ਬਾਅਦ ਹੀ ਉਨ੍ਹਾਂ ਸਪੱਸ਼ਟ ਕੀਤਾ ਸੀ, ‘’ਸਾਵਧਾਨੀ, ਚੌਕਸੀ, ਰੋਕਥਾਮ, ਇਲਾਜ ਤੇ ਟੈਸਟਿੰਗ ਸਬੰਧੀ ਹਦਾਇਤਾਂ ਦਾ ਜੇਕਰ ਪਾਲਣ ਕੀਤਾ ਜਾਵੇ ਤਾਂ ਬਿਮਾਰੀ ਦੇ ਬਿਨਾਂ ਲੱਛਣਾਂ ਵਾਲੇ ਸੰਚਾਰ ਨੂੰ ਰੋਕਿਆ ਜਾ ਸਕਦਾ ਹੈ।“ ਉਨ੍ਹਾਂ ਕਿਹਾ, ‘’ਜੇਕਰ ਅਸੀਂ ਸਖਤ ਕਦਮ ਉਠਾਉਂਦੇ ਹਾਂ ਤਾਂ ਹਰ ਥਾਂ `ਤੇ ਤੀਜੀ ਲਹਿਰ ਨਹੀਂ ਆਵੇਗੀ ਤੇ ਹੋ ਸਕਦਾ ਹੈ ਕਿਤੇ ਵੀ ਨਾ ਆਵੇ। ਇਹ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਰਾਜਾਂ, ਜਿਲ੍ਹਿਆਂ ਤੇ ਸ਼ਹਿਰਾਂ ਵਿਚ ਸਾਰੇ ਪਾਸੇ ਸਥਾਨਕ ਪੱਧਰ `ਤੇ ਦਿਸ਼ਾ-ਨਿਰਦੇਸ਼ਾਂ ਨੂੰ ਕਿੰਨੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਗਿਆ ਹੈ।“
ਮਾਹਿਰਾਂ ਅਨੁਸਾਰ ਕੁਝ ਮਹੀਨਿਆਂ ਵਿਚ ਜਦੋਂ ਕੁਦਰਤੀ ਤੌਰ `ਤੇ ਜਾਂ ਵੈਕਸੀਨ ਦੀ ਮਦਦ ਨਾਲ ਵਿਕਸਤ ਕੀਤੀ ਗਈ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ ਤਾਂ ਲੋਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਕੇ ਹੀ ਲਾਗ ਤੋਂ ਆਪਣਾ ਬਚਾਅ ਕਰ ਸਕਣਗੇ। ਜੀਨੋਮਿਕਸ ਤੇ ਅੰਦਰੂਨੀ ਜੀਵ ਵਿਗਿਆਨ ਸੰਸਥਾ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਕਿਹਾ, ‘’ਇਸ ਸਾਲ ਦੇ ਸ਼ੁਰੂ ਵਿਚ ਜਿਵੇਂ ਹੀ ਨਵੇਂ ਕੇਸ ਘਟਣੇ ਸ਼ੁਰੂ ਹੋਏ ਲੋਕਾਂ ਨੇ ਇਕ-ਦੂਜੇ ਨਾਲ ਇਸ ਤਰ੍ਹਾਂ ਮਿਲਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਵਾਇਰਸ ਹੈ ਹੀ ਨਹੀਂ। ਰੋਗਾਂ ਤੋਂ ਲੜਨ ਦੀ ਸ਼ਕਤੀ ਪਹਿਲਾਂ ਹੀ ਘਟਣੀ ਸ਼ੁਰੂ ਹੋ ਚੁੱਕੀ ਹੈ। ਲੋਕਾਂ ਨੇ ਵੱਡੇ ਇਕੱਠ ਕਰਨੇ ਸ਼ੁਰੂ ਕਰ ਦਿੱਤੇ, ਮਾਸਕ ਪਾਉਣੇ ਬੰਦ ਕਰ ਦਿੱਤੇ ਅਤੇ ਵਾਇਰਸ ਨੂੰ ਮੁੜ ਹਮਲਾ ਕਰਨ ਦਾ ਮੌਕਾ ਮਿਲ ਗਿਆ।“
ਉਨ੍ਹਾਂ ਕਿਹਾ, ‘’ਅਸੀਂ ਤੀਜੀ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਇਹ ਕਦੋਂ ਆਵੇਗੀ ਤੇ ਕਿੰਨੀ ਗੰਭੀਰ ਹੋਵੇਗੀ ਪਰ ਜੇਕਰ ਲੋਕ ਆਉਣ ਵਾਲੇ ਮਹੀਨਿਆਂ ਵਿਚ ਸਾਵਧਾਨੀ ਵਰਤਦੇ ਹਨ, ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਅਸੀਂ ਵੱਡੀ ਗਿਣਤੀ ਲੋਕਾਂ ਦਾ ਟੀਕਾਕਰਨ ਕਰ ਸਕੀਏ ਤਾਂ ਤੀਜੀ ਲਹਿਰ ਘੱਟ ਗੰਭੀਰ ਹੋ ਸਕਦੀ ਹੈ।“ਹਾਲਾਂਕਿ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਬਦਲਾਅ ਇਕ ਆਮ ਪ੍ਰਕਿਰਿਆ ਹੈ ਅਤੇ ਬਦਲਾਅ ਆਮ ਤੌਰ `ਤੇ ਸਾਵਧਾਨੀ, ਇਲਾਜ ਜਾਂ ਟੀਕਾਕਰਨ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਕੌਮੀ ਬਾਇਓਮੈਡੀਕਲ ਜੀਨੋਮਿਕਸ ਸੰਸਥਾ, ਕਲਿਆਣੀ ਦੇ ਡਾਇਰੈਕਟਰ ਅਤੇ ਭਾਰਤੀ ਵਿਗਿਆਨ ਸੰਸਥਾ, ਬੰਗਲੌਰ ਦੇ ਪ੍ਰੋਫੈਸਰ ਡਾ. ਸੌਮਿੱਤਰਾ ਦਾਸ ਨੇ ਕਿਹਾ, ‘’ਹਰ ਵਾਇਰਸ ਸਰੀਰ ਵਿਚ ਆਪਣੇ ਦੁਹਰਾਓ ਦੌਰਾਨ ਬਦਲਾਅ ਕਰਦਾ ਹੈ ਪਰ ਉਸ ਦੇ ਦੁਹਰਾਓ ਵਿਚ ਕਮੀਆਂ ਹੁੰਦੀਆਂ ਹਨ ਅਤੇ ਵਾਇਰਸ ਦੀ ਹਰ ਕਾਪੀ ਉਸ ਦਾ ਸਟੀਕ ਦੁਹਰਾਓ ਨਹੀਂ ਹੋ ਸਕਦੀ ਹੈ। ਵਾਇਰਸ ਦੇ ਰੂਪ ਵਿਚ ਛੋਟੇ ਜਾਂ ਵੱਡੇ, ਕਿਸੇ ਵੀ ਬਦਲਾਅ ਨੂੰ ਮਿਊਟੇਸ਼ਨ ਕਹਿੰਦੇ ਹਨ। ਇਕ ਵਾਇਰਸ ਵਿਚ ਅਜਿਹੇ ਹਜ਼ਾਰਾਂ ਬਦਲਾਅ ਹੁੰਦੇ ਹਨ।“
_______________________________________________
ਨਵਾਂ ਕਰੋਨਾ ਘੱਟ ਉਮਰ ਵਾਲਿਆਂ ਨੂੰ ਬਣਾ ਰਿਹੈ ਸ਼ਿਕਾਰ
ਅਮਰਾਵਤੀ: ਆਂਧਰਾ ਪ੍ਰਦੇਸ਼, ਕਰਨਾਟਕ ਤੇ ਤੇਲੰਗਾਨਾ ‘ਚ ਕਰੋਨਾ ਵਾਇਰਸ ਦਾ ਬਹੁਤ ਹੀ ਘਾਤਕ ਨਵਾਂ ਰੂਪ ਬੀ.1.617 ਤੇ ਬੀ.1. ਤੇਜੀ ਨਾਲ ਫੈਲ ਰਿਹਾ ਹੈ ਤੇ ਚਿੰਤਾ ਦੀ ਸਭ ਤੋਂ ਵੱੱਡੀ ਗੱਲ ਇਹ ਹੈ ਕਿ ਇਹ ਰੂਪ ਬਾਲਗਾਂ ਤੋਂ ਇਲਾਵਾ ਘੱਟ ਉਮਰ ਵਰਗ ਨੂੰ ਵੀ ਤੇਜੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਸਿਹਤ ਵਿਭਾਗ ਨੇ ਸੈਲੂਲਰ ਤੇ ਅਣੂ-ਬਾਇਓਲੋਜੀ ਕੇਂਦਰ ਦੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਕਰੋਨਾ ਦੇ ਐਨ440ਕੇ ਰੂਪ ਦੇ ਮਾਮਲੇ ਉਕਤ ਸੂਬੇ ‘ਚ ਨਾ ਦੇ ਬਰਾਬਰ ਹਨ ਤੇ ਨਾ ਹੀ ਇਹ ਉਕਤ ਖੇਤਰ ‘ਚ ਇਸ ਸਮੇਂ ਕਰੋਨਾ ਵਾਇਰਸ ਦੇ ਫੈਲਣ ਦਾ ਕਾਰਨ ਹੈ।
ਸਰਕਾਰ ਅਨੁਸਾਰ ਦੱਖਣੀ ਭਾਰਤ (ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ) ਵਿਚ ਅਪਰੈਲ ਮਹੀਨੇ ਕਰੋਨਾ ਪਾਜੀਟਿਵ ਮਰੀਜ਼ਾਂ ਦੇ ਲਏ ਗਏ ਨਮੂਨਿਆਂ ‘ਚ ਬੀ.1.617 ਤੇ ਬੀ.1 ਦੀ ਪਛਾਣ ਹੋਈ ਹੈ, ਜੋ ਕਿ ਬਹੁਤ ਹੀ ਘਾਤਕ ਹੈ ਤੇ ਬਾਲਗਾਂ ਤੋਂ ਇਲਾਵਾ ਛੋਟੀ ਉਮਰ ਵਰਗ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ।