ਮਸ਼ਹੂਰ ਮੈਡੀਕਲ ਮੈਗਜ਼ੀਨ ‘ਦਿ ਲੈਂਸੇਟ` ਵਿਚ ਮੋਦੀ ਦੀ ਤਿੱਖੀ ਆਲੋਚਨਾ

ਵਾਸ਼ਿੰਗਟਨ: ਭਾਰਤ ਵਿਚ ਕਾਲ ਦਾ ਰੂਪ ਬਣ ਕੇ ਆਈ ਕਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਪੂਰੀ ਦੁਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਵਿਗਿਆਨ ਤੇ ਖੋਜਕਰਤਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਰ ਹਾਲਾਤ ਇੰਨੇ ਭਿਆਨਕ ਕਿਵੇਂ ਬਣ ਗਏ। ਇਸੇ ਵਿਚਕਾਰ ਮਸ਼ਹੂਰ ਮੈਡੀਕਲ ਮੈਗਜ਼ੀਨ ‘ਦਿ ਲੈਂਸੇਟ` ਦੀ ਸੰਪਾਦਕੀ `ਚ ਮਹਾਮਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ।

ਸੰਪਾਦਕੀ `ਚ ਕਿਹਾ ਗਿਆ ਹੈ ਕਿ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਆਕਸੀਜਨ ਦੀ ਭਾਰੀ ਕਮੀ ਹੈ ਤੇ ਸੋਸ਼ਲ ਮੀਡੀਆ ਉਤੇ ਲੋਕ ਤੇ ਡਾਕਟਰ ਮੈਡੀਕਲ ਆਕਸੀਜਨ, ਹਸਪਤਾਲਾਂ `ਚ ਬੈੱਡ ਤੇ ਦੂਜੀਆਂ ਜਰੂਰਤਾਂ ਲਈ ਗੁੁਹਾਰ ਲਗਾ ਰਹੇ ਹਨ ਪਰ ਇਸ ਮੁਸ਼ਕਲ ਸਮੇਂ `ਚ ਉਨ੍ਹਾਂ ਦੀ ਮਦਦ ਤੇ ਉਕਤ ਹਾਲਾਤ ਲਈ ਜਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈ। ‘ਦਿ ਲੈਂਸੇਟ` ਅਨੁਸਾਰ ਅਜਿਹੇ ਮੁਸ਼ਕਲ ਸਮੇਂ `ਚ ਮੋਦੀ ਦੀ ਸੋਸ਼ਲ ਮੀਡੀਆ `ਤੇ ਆਪਣੀ ਆਲੋਚਨਾ ਤੇ ਖੁੱਲ੍ਹੀ ਚਰਚਾ ਨੂੰ ਦਬਾਉਣ ਦੀ ਕੋਸ਼ਿਸ਼ ਮੁਆਫੀ ਦੇ ਯੋਗ ਨਹੀਂ ਹੈ। ਤਣਜ ਕਸਦਿਆਂ ਕਿਹਾ ਗਿਆ ਹੈ ਕਿ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਦਾ ਧਿਆਨ ਟਵਿੱਟਰ ਉਤੇ ਆਪਣੀ ਆਲੋਚਨਾ ਨੂੰ ਹਟਾਉਣ `ਤੇ ਜ਼ਿਆਦਾ ਤੇ ਮਹਾਮਾਰੀ ਨੂੰ ਕਾਬੂ ਕਰਨ `ਤੇ ਘੱਟ ਸੀ। ਸੰਪਾਦਕੀ `ਚ ਕਿਹਾ ਗਿਆ ਕਿ ਕਰੋਨਾ ਖਿਲਾਫ ਸ਼ੁਰੂਆਤੀ ਸਫਲਤਾ ਤੋਂ ਬਾਅਦ ਸਰਕਾਰ ਦੀ ਟਾਸਕ ਫੋਰਸ ਦੀ ਮੀਟਿੰਗ ਅਪਰੈਲ ਤੱਕ ਇਕ ਵਾਰ ਵੀ ਨਹੀਂ ਹੋਈ ਤੇ ਇਸ ਸਭ ਦਾ ਨਤੀਜਾ ਸਾਡੇ ਸਾਹਮਣੇ ਹੈ। ‘ਦਿ ਲੈਂਸੇਟ` ਨੇ ਲਿਖਿਆ ਕਿ ਕੁਝ ਰਾਜਾਂ ਨੇ ਬੈੱਡ ਤੇ ਆਕਸੀਜਨ ਲਈ ਗੁਹਾਰ ਲਗਾ ਰਹੇ ਲੋਕਾਂ ਖਿਲਾਫ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਾਨੂੰਨਾਂ ਦੀ ਵਰਤੋਂ ਕੀਤੀ। ਸੰਪਾਦਕੀ ਅਨੁਸਾਰ ਸਰਕਾਰ ਵੱਲੋਂ ਚਿਤਾਵਨੀ ਦੇ ਬਾਵਜੂਦ ਕੁੰਭ ਤੇ ਰਾਜਨੀਤਿਕ ਰੈਲੀਆਂ ਦੀ ਇਜਾਜ਼ਤ ਦੇ ਕੇ ਲੱਖਾਂ ਲੋਕਾਂ ਨੂੰ ਇਕੱਠਾ ਕੀਤਾ ਗਿਆ, ਜਿਸ ਨਾਲ ਦੇਸ਼ `ਚ ਭਿਆਨਕ ਕਰੋਨਾ ਧਮਾਕਾ ਹੋ ਗਿਆ।
______________________________________
ਮੌਤਾਂ ਦੀ ਅਸਲੀਅਤ ਕਿਉਂ ਛੁਪਾਈ ਜਾ ਰਹੀ?
ਨਵੀਂ ਦਿੱਲੀ: ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਸਿਹਤ ਪ੍ਰਬੰਧਾਂ ਤੇ ਡਾਕਟਰਾਂ ਨੂੰ ਸਾਹ ਦਿਵਾਉਣ ਲਈ ਦੇਸ਼ ਵਿਚ ਤੁਰਤ ਤਾਲਾਬੰਦੀ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਸਵਾਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ? ਦੇਸ਼ ਵਿਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚਾਰ ਹਜ਼ਾਰ ਅਤੇ ਕੇਸ ਚਾਰ ਲੱਖ ਤੋਂ ਵੱਧ ਆਉਣ ਤੋਂ ਬਾਅਦ ਐਸੋਸੀਏਸ਼ਨ ਨੇ ਸਰਕਾਰ ਨੂੰ ਇਹ ਪੱਤਰ ਲਿਖਿਆ ਹੈ।
_____________________________________
ਕੇਂਦਰ ਨੇ ਵੈਕਸੀਨ ਬਰਾਮਦੀ ਦਾ ਅਪਰਾਧ ਕੀਤਾ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਰੋਨਾ ਵਾਇਰਸ ਰੋਕੂ ਵੈਕਸੀਨ ਬਰਾਮਦ ਕਰਨ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਬਰਾਮਦ ਕੀਤੀ ਗਈ ਵੈਕਸੀਨ ਦੀ ਡੋਜ਼ ਜੇਕਰ ਆਪਣੇ ਦੇਸ਼ ਵਿਚ ਲੋਕਾਂ ਨੂੰ ਲਗਾਈਆਂ ਹੁੰਦੀਆਂ ਤਾਂ ਭਾਰਤ ਵਿਚ ਵੱਡੀ ਗਿਣਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ। ਇਕ ਅਖਬਾਰ ਦੀ ਖਬਰ ਦਾ ਹਵਾਲਾ ਦਿੰਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ 93 ਮੁਲਕਾਂ ਨੂੰ ਵੈਕਸੀਨ ਵੇਚੀ ਹੈ ਜਿਨ੍ਹਾਂ ਵਿਚੋਂ 60 ਫੀਸਦ ‘ਚ ਕੋਵਿਡ-19 ਕੰਟਰੋਲ ਹੇਠ ਸੀ ਤੇ ਉਥੇ ਵਾਇਰਸ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਨਹੀਂ ਸੀ।