ਮਹਾਪੁਰਸ਼ੋ! ਹੁਣ ਤਾਂ ਰਹਿਮ ਕਰਕੇ ਪਾਸੇ ਹੋ ਜਾਓ!

ਅਰੁੰਧਤੀ ਰਾਏ
ਸਾਨੂੰ ਸਰਕਾਰ ਦੀ ਜ਼ਰੂਰਤ ਹੈ। ਹੁਣੇ। ਇਸੇ ਵਕਤ। ਸਰਕਾਰ ਜੋ ਸਾਡੇ ਕੋਲ ਹੈ ਨਹੀਂ। ਸਾਡੇ ਸਵਾਸ ਮੁੱਕਦੇ ਜਾ ਰਹੇ ਹਨ। ਅਸੀਂ ਮਰ ਰਹੇ ਹਾਂ। ਸਾਡੇ ਕੋਲ ਇਹ ਜਾਨਣ ਦੀ ਕੋਈ ਵਿਵਸਥਾ ਨਹੀਂ ਹੈ ਕਿ ਜੋ ਵੀ ਸਹਾਇਤਾ ਮਿਲ ਰਹੀ ਹੈ, ਉਸ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ।

ਕੀ ਕੀਤਾ ਜਾ ਸਕਦਾ ਹੈ? ਹੁਣ, ਇਸ ਵਕਤ?
ਅਸੀਂ 2024 ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਮੇਰੇ ਵਰਗਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਦਿਨ ਐਸਾ ਆਵੇਗਾ ਜਦੋਂ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਫਰਿਆਦ ਕਰਨੀ ਪਵੇਗੀ। ਨਿੱਜੀ ਤੌਰ `ਤੇ ਮੈਂ ਅਜਿਹੀ ਫਰਿਆਦ ਕਰਨ ਨਾਲੋਂ ਜੇਲ੍ਹ ਜਾਣਾ ਪਸੰਦ ਕਰਦੀ। ਪਰ ਅੱਜ ਜਦੋਂ ਅਸੀਂ ਆਪਣੇ ਘਰਾਂ, ਗਲੀਆਂ, ਹਸਪਤਾਲਾਂ `ਚ ਖੜ੍ਹੀਆਂ ਗੱਡੀਆਂ, ਵੱਡੇ ਸ਼ਹਿਰਾਂ, ਛੋਟੇ ਕਸਬਿਆਂ, ਪਿੰਡਾਂ, ਜੰਗਲਾਂ, ਖੇਤਾਂ ਵਿਚ ਮਰ ਰਹੇ ਹਾਂ – ਜਿੱਥੇ ਵੀ ਅਸੀਂ ਮਰ ਰਹੇ ਹਾਂ, ਮੈਂ ਆਪਣੇ ਸਵੈਮਾਣ ਨੂੰ ਤਿਆਗ ਕੇ ਇਕ ਆਮ ਨਾਗਰਿਕ ਦੇ ਰੂਪ `ਚ ਕਰੋੜਾਂ ਲੋਕਾਂ ਨਾਲ ਮਿਲ ਕੇ ਕਹਿ ਰਹੀ ਹਾਂ, ਜਨਾਬ, ਕ੍ਰਿਪਾ ਕਰ ਕੇ, ਹੁਣ ਤਾਂ ਰਹਿਮ ਕਰੋ। ਘੱਟੋ-ਘੱਟ ਹੁਣ ਤਾਂ ਪਾਸੇ ਹੋ ਜਾਓ। ਮੈਂ ਬੇਨਤੀ ਕਰਦੀ ਹਾਂ ਕਿ ਹੁਣ ਤਾਂ ਰਹਿਮ ਕਰ ਕੇ ਗੱਦੀ ਛੱਡ ਦਿਓ।
ਇਹ ਸੰਕਟ ਤੁਹਾਡਾ ਹੀ ਪੈਦਾ ਕੀਤਾ ਹੋਇਆ ਹੈ। ਇਸ ਨੂੰ ਠੀਕ ਕਰਨਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਤਾਂ ਇਸ ਨੂੰ ਬਦਤਰ ਹੀ ਬਣਾ ਸਕਦੇ ਹੋ। ਇਹ ਵਾਇਰਸ ਡਰ, ਨਫਰਤ ਅਤੇ ਅਗਿਆਨਤਾ ਨਾਲ ਭਰੇ ਵਾਤਾਵਰਨ ਵਿਚ ਵਧ-ਫੁਲ ਰਿਹਾ ਹੈ। ਇਹ ਉਦੋਂ ਹੋਰ ਫੈਲਦਾ ਹੈ, ਜਦੋਂ ਤੁਸੀਂ ਬੋਲ ਸਕਣ ਵਾਲਿਆਂ ਨੂੰ ਕੁਚਲਦੇ ਹੋ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਮੁਲਕ ਵਿਚ ਮੀਡੀਆ ਉਪਰ ਇਸ ਤਰ੍ਹਾਂ ਪਾਬੰਦੀ ਲਗਾ ਦਿੰਦੇ ਹੋ ਕਿ ਅਸਲ ਸਚਾਈ ਸਿਰਫ ਕੌਮਾਂਤਰੀ ਮੀਡੀਆ ਵਿਚ ਹੀ ਦੱਸੀ ਜਾ ਸਕਦੀ ਹੈ। ਵਾਇਰਸ ਉਦੋਂ ਫੈਲਦਾ ਹੈ, ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਆਪਣੇ ਕਾਰਜ ਕਾਲ ਦੌਰਾਨ ਇਕ ਵੀ ਪ੍ਰੈਸ ਕਾਨਫਰੰਸ ਨਹੀਂ ਕਰਦਾ ਅਤੇ ਜੋ ਐਨੇ ਭਿਆਨਕ ਸਮੇਂ ਵਿਚ ਵੀ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਨਾਕਾਬਿਲ ਹੈ।
ਜੇ ਤੁਸੀਂ ਹੁਣ ਵੀ ਗੱਦੀ ਨਹੀਂ ਤਿਆਗਦੇ ਤਾਂ ਸਾਡੇ `ਚੋਂ ਲੱਖਾਂ ਲੋਕ ਬਿਨਾਂ ਵਜ੍ਹਾ ਮਾਰੇ ਜਾਣਗੇ। ਸੋ, ਜਨਾਬ, ਕਿਰਪਾ ਕਰ ਕੇ ਹੁਣ ਪਾਸੇ ਹੋ ਜਾਓ। ਆਪਣੀ ਫਕੀਰ ਵਾਲੀ ਝੋਲਾ ਸਾਂਭ ਕੇ। ਆਪਣੀ ਇੱਜ਼ਤ ਬਚਾ ਕੇ। ਤੁਸੀਂ ਸਮਾਧੀ ਲਾ ਕੇ ਅਤੇ ਇਕਾਂਤਵਾਸ ਹੋ ਕੇ ਚੈਨ ਨਾਲ ਅਗਲੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਤੁਸੀਂ ਐਸੀ ਜ਼ਿੰਦਗੀ ਚਾਹੁੰਦੇ ਹੋ। ਜੇ ਇਹ ਸਮੂਹਿਕ ਮੌਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਤੁਹਾਡੇ ਲਈ ਉਹ ਵੀ ਸੰਭਵ ਨਹੀਂ ਹੋਵੇਗਾ।
ਤੁਹਾਡੀ ਪਾਰਟੀ ਵਿਚ ਬਥੇਰੇ ਲੋਕ ਹਨ ਜੋ ਤੁਹਾਡੀ ਜਗ੍ਹਾ ਲੈ ਸਕਦੇ ਹਨ। ਉਹ ਐਸੇ ਸੰਕਟ ਦੇ ਵੇਲੇ ਵਿਰੋਧੀ ਧਿਰ ਦੀ ਮਦਦ ਲੈਣਾ ਜਾਣਦੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੀ ਆਗਿਆ ਨਾਲ ਤੁਹਾਡੀ ਪਾਰਟੀ ਦਾ ਐਸਾ ਕੋਈ ਵਿਅਕਤੀ ਸਰਕਾਰ ਦੀ ਅਗਵਾਈ ਕਰ ਸਕਦਾ ਹੈ ਅਤੇ ਮੌਜੂਦਾ ਸੰਕਟ `ਤੇ ਕਾਬੂ ਪਾਉਣ ਲਈ ਕਮੇਟੀ ਦਾ ਮੁਖੀ ਬਣ ਸਕਦਾ ਹੈ।
ਰਾਜਾਂ ਦੇ ਮੁੱਖ ਮੰਤਰੀ ਆਪਣੇ ਨੁਮਾਇੰਦੇ ਚੁਣ ਸਕਦੇ ਹਨ ਤਾਂ ਜੋ ਹੋਰ ਪਾਰਟੀਆਂ ਨੂੰ ਵੀ ਲੱਗੇ ਕਿ ਉਨ੍ਹਾਂ ਦੀ ਵੀ ਇਸ ਵਿਚ ਕੋਈ ਨੁਮਾਇੰਦਗੀ ਹੈ। ਇਕ ਰਾਸ਼ਟਰੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੂੰ ਸੰਕਟ ਨਾਲ ਨਜਿੱਠਣ ਵਾਲੀ ਟੀਮ ਵਿਚ ਲਿਆ ਜਾ ਸਕਦਾ ਹੈ। ਵਿਗਿਆਨੀ, ਜਨ ਸਿਹਤ ਸਿਹਤ ਮਾਹਰ, ਡਾਕਟਰ, ਪੁਰਾਣੇ ਤਜਰਬੇਕਾਰ, ਉਚ ਅਧਿਕਾਰੀ ਇਸ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਸ਼ਾਇਦ ਇਹ ਤੁਹਾਡੀ ਸਮਝ ਵਿਚ ਨਾ ਆਵੇ ਪਰ ਇਸੇ ਨੂੰ ਲੋਕਤੰਤਰ ਕਿਹਾ ਜਾਂਦਾ ਹੈ। ਤੁਹਾਡੀ ਸੋਚ ਹੋ ਸਕਦੀ ਹੈ ਪਰ ਵਿਰੋਧੀ-ਧਿਰ ਦੀ ਅਣਹੋਂਦ ਵਿਚ ਕੋਈ ਲੋਕਤੰਤਰ ਨਹੀਂ ਹੁੰਦਾ। ਜੇ ਇਉਂ ਹੁੰਦਾ ਹੈ ਤਾਂ ਇਸ ਨੂੰ ਨਿਰੰਕੁਸ਼ਤਾ ਕਿਹਾ ਜਾਂਦਾ ਹੈ। ਇਸ ਵਾਇਰਸ ਨੂੰ ਤਾਨਾਸ਼ਾਹੀ ਪਸੰਦ ਹੈ।
ਜੇ ਤੁਸੀਂ ਹੁਣ ਐਸਾ ਨਹੀਂ ਕਰਦੇ, ਕਿਉਂਕਿ ਇਸ ਮਹਾਮਾਰੀ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ `ਤੇ ਦੇਖਿਆ ਜਾਣ ਲੱਗਾ ਹੈ ਜੋ ਪੂਰੀ ਦੁਨੀਆ ਲਈ ਖ਼ਤਰਾ ਹੈ, ਤਾਂ ਤੁਹਾਡੀ ਨਾਲਾਇਕੀ ਹੋਰ ਮੁਲਕਾਂ ਨੂੰ ਸਾਡੇ ਮੁਲਕ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਦੀ ਵਾਜਬੀਅਤ ਮੁਹੱਈਆ ਕਰ ਰਹੀ ਹੈ ਤਾਂ ਕਿ ਉਹ ਸਥਿਤੀ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਕੇ ਮਾਮਲੇ ਨੂੰ ਆਪਣੇ ਹੱਥ ਲੈ ਲੈਣ। ਜੋ ਪ੍ਰਭੂਸੱਤਾ ਅਸੀਂ ਜਾਨ-ਹੂਲਵੀਂ ਲੜਾਈ ਲੜ ਕੇ ਪ੍ਰਾਪਤ ਕੀਤੀ ਸੀ, ਇਹ ਉਸ ਲਈ ਖਤਰਾ ਹੈ। ਇਕ ਵਾਰ ਫਿਰ ਸਾਡਾ ਮੁਲਕ ਬਸਤੀ ਬਣ ਜਾਵੇਗਾ। ਇਹ ਗੰਭੀਰ ਸੰਸਾ ਹੈ। ਇਸ ਨੂੰ ਹਰਗਿਜ਼ ਨਜ਼ਰਅੰਦਾਜ਼ ਨਾ ਕਰੋ।
ਸੋ, ਮਹਾਪੁਰਸ਼ੋ, ਰਹਿਮ ਕਰੋ। ਜਵਾਬਦੇਹੀ ਦਾ ਹੁਣ ਇਹੀ ਕੰਮ ਹੈ ਜੋ ਤੁਸੀਂ ਕਰ ਸਕਦੇ ਹੋ। ਤੁਸੀਂ ਸਾਡੇ ਪ੍ਰਧਾਨ ਮੰਤਰੀ ਹੋਣ ਦਾ ਨੈਤਿਕ ਅਧਿਕਾਰ ਖੋ ਚੁੱਕੇ ਹੋ। -4 ਮਈ 2021
(ਅਨੁਵਾਦ: ਬੂਟਾ ਸਿੰਘ)