ਆਦਮ ਖਾਣੀ ਅਪਰੈਲ ਮਗਰੋਂ ਮੌਤ ਮੂੰਹੀਂ ਮਈ ਕਿੱਦਾਂ ਭੁਗਤ ਰਿਹਾ ਹੈ ਭਾਰਤ!

ਜਤਿੰਦਰ ਪਨੂੰ
ਅਸੀਂ ਪਿਛਲੇ ਹਫਤੇ ਇਹ ਜਿ਼ਕਰ ਕੀਤਾ ਸੀ ਕਿ ਸਮੁੱਚੇ ਭਾਰਤ ਉੱਤੇ ਕਬਜ਼ੇ ਲਈ ਇੱਕ ਲੀਡਰ ਦੀ ਲਾਲਸਾ ਦੀ ਦਾੜ੍ਹ ਹੇਠ ਆਏ ਹੋਏ ਭਾਰਤ ਵਿਚ ਕਰੋਨਾ ਵਾਇਰਸ ਦੀ ਮਾਰ ਪਿਛਲੇ ਸਮੇਂ ਵਿਚ ਕਿਸ ਤਰ੍ਹਾਂ ਵਧੀ ਹੈ। ਅਸੀਂ ਲਿਖਿਆ ਸੀ ਕਿ ‘ਫਰਵਰੀ ਦੇ ਅੰਤਲੇ ਦਿਨ ਕਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਭਾਰਤ ਵਿਚ ਇੱਕ ਲੱਖ ਸੱਤਰ ਹਜ਼ਾਰ ਤੋਂ ਥੋੜ੍ਹੀ ਉੱਤੇ ਸੀ, ਮਾਰਚ ਦੇ ਅੰਤਲੇ ਦਿਨ ਤੱਕ ਚੋਣਾਂ ਲਈ ਰਾਜਸੀ ਲੀਡਰਾਂ ਦੇ ਜਲਸੇ ਸ਼ੁਰੂ ਹੋਣ ਕਾਰਨ ਪੰਜ ਲੱਖ ਪਚਾਸੀ ਹਜ਼ਾਰ ਤੋਂ ਟੱਪ ਗਈ ਤੇ ਪ੍ਰਧਾਨ ਮੰਤਰੀ ਨੇ ਦੌਰੇ ਉਦੋਂ ਸਮੇਟੇ, ਜਦੋਂ ਐਕਟਿਵ ਕੇਸਾਂ ਦੀ ਗਿਣਤੀ ਵੀਹ ਲੱਖ ਤੋਂ ਟੱਪ ਗਈ।

ਫਿਰ ਇਹ ਰੁਕੀ ਨਹੀਂ। ਹਾਲਾਤ ਕਾਬੂ ਤੋਂ ਬਾਹਰ ਹੋਣ ਨਾਲ ਅਪਰੈਲ ਮੁੱਕਣ ਤੱਕ ਇਹ ਗਿਣਤੀ ਬੱਤੀ ਲੱਖ ਟੱਪ ਗਈ। ਫਰਵਰੀ ਮੁੱਕਣ ਤੱਕ ਮੌਤਾਂ ਦੀ ਗਿਣਤੀ ਭਾਰਤ ਵਿਚ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤੱਕ ਇਹ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ, ਪਰ ਅਪਰੈਲ ਮੁੱਕਣ ਤੱਕ ਭਾਰਤ ਵਿਚ ਮੌਤਾਂ ਦੀ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈ। ਅਪਰੈਲ ਦਾ ਮਹੀਨਾ ਭਾਰਤ ਵਿਚ ਸੰਤਾਲੀ ਹਜ਼ਾਰ ਮੌਤਾਂ ਦਾ ਕਾਰਨ ਬਣ ਗਿਆ। ਇਤਿਹਾਸ ਵਿਚ ਭਾਰਤ ਵਿਚ ਕਦੇ ਏਨੀਆਂ ਮੌਤਾਂ ਨਹੀਂ ਹੋਈਆਂ।’
ਸਪੱਸ਼ਟ ਹੈ ਕਿ ਇੱਕ ਆਗੂ ਦੀ ਰਾਜਸੀ ਹਾਬੜ ਦੇ ਕਾਰਨ ਅਪਰੈਲ ਆਦਮ-ਖਾਣਾ ਸਾਬਤ ਹੋਇਆ ਸੀ। ਮਈ ਦੇ ਪਹਿਲੇ ਹਫਤੇ ਨੇ ਗੱਲ ਹੋਰ ਅੱਗੇ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਚਲਾਉਣ ਵਾਲਿਆਂ ਦੀ ਲੋਕਾਂ ਵੱਲ ਅਸਲੋਂ ਬੇਫਿਕਰੀ ਵੀ ਹੋਰ ਨੰਗੀ ਕਰ ਦਿੱਤੀ ਹੈ। ਭਾਰਤ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਮਾਰਚ ਅੰਤ ਤੀਕ ਪੰਜ ਲੱਖ ਪਚਾਸੀ ਹਜ਼ਾਰ ਹੋਈ ਸੀ, ਅਪਰੈਲ ਮੁੱਕਣ ਤੱਕ ਬੱਤੀ ਲੱਖ ਟੱਪੀ ਸੀ, ਉਹ ਮਈ ਦੇ ਪਹਿਲੇ ਸੱਤ ਦਿਨਾਂ ਵਿਚ ਸੈਂਤੀ ਲੱਖ ਨੂੰ ਟੱਪ ਗਈ ਹੈ। ਮੌਤਾਂ ਦੀ ਗਿਣਤੀ ਫਰਵਰੀ ਮੁੱਕਣ ਤੱਕ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤੱਕ ਵਧ ਕੇ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ ਸੀ, ਪਰ ਅਪਰੈਲ ਮੁੱਕਣ ਤੱਕ ਇਹੋ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈ ਸੀ। ਮਈ ਦੇ ਪਹਿਲੇ ਸੱਤ ਦਿਨਾਂ ਪਿੱਛੋਂ ਇਹ ਦੋ ਲੱਖ ਅਠੱਤੀ ਹਜ਼ਾਰ ਹੋ ਗਈ ਹੈ ਅਤੇ ਇਸ ਦਾ ਮਤਲਬ ਹੈ ਕਿ ਇੱਕੋ ਹਫਤੇ ਵਿਚ ਅਠਾਈ ਹਜ਼ਾਰ ਮੌਤਾਂ ਹੋ ਗਈਆਂ ਹਨ। ਜੇ ਇਹੋ ਰਫਤਾਰ ਜਾਰੀ ਰਹੇਗੀ ਤਾਂ ਆਦਮ-ਖਾਣੇ ਅਪਰੈਲ ਦੇ ਬਾਅਦ ਮੌਤ-ਮੂੰਹੀਂ ਮਈ ਕਿੱਥੋਂ ਤੱਕ ਪੁਚਾਵੇਗੀ, ਕਹਿ ਸਕਣਾ ਔਖਾ ਹੈ। ਹਾਲਾਤ ਏਦਾਂ ਦੇ ਹਨ ਕਿ ਇਸ ਬਾਰੇ ਕੋਈ ਵੱਡੇ ਤੋਂ ਵੱਡਾ ਡਾਕਟਰ ਜਾਂ ਵਾਇਰਾਲੋਜੀ ਦਾ ਹੋਰ ਮਾਹਰ ਕੁਝ ਕਹਿਣ ਦੇ ਸਮਰੱਥ ਨਹੀਂ।
ਜੀ ਹਾਂ, ਕੋਈ ਕੁਝ ਕਹਿਣ ਦੇ ਇਸ ਕਰ ਕੇ ਵੀ ਸਮਰੱਥ ਨਹੀਂ ਕਿ ਇਸ ਵਕਤ ਭਾਰਤ ਦੇਸ਼ ਦੀ ਡੋਰ ਉਹ ਆਗੂ ਫੜੀ ਬੈਠਾ ਹੈ, ਜਿਹੜਾ ਖੁਦ ਨੂੰ ਦੇਸ਼ ਦਾ ਆਗੂ ਘੱਟ ਮੰਨਦਾ ਤੇ ਰਾਜਾ ਮੰਨਣ ਦੀ ਮਾਨਸਿਕਤਾ ਦਾ ਵੱਧ ਸਿ਼ਕਾਰ ਹੈ। ਉਸ ਦੀ ਹਉਮੈ ਇਥੋਂ ਤੱਕ ਚਲੀ ਗਈ ਹੈ ਕਿ ਸਿਸਟਮ ਦਾ ਕੋਈ ਨੁਕਸ ਵੀ ਕੱਢਿਆ ਜਾਵੇ ਤਾਂ ਉਹ ਆਪਣੇ ਵੱਲ ਉਂਗਲ ਉਠ ਰਹੀ ਮੰਨਦਾ ਤੇ ਉਸ ਉਂਗਲ ਅਤੇ ਉਂਗਲ ਉਠਾਉਣ ਵਾਲੇ ਨੂੰ ਨਿਸ਼ਾਨੇ ਉੱਤੇ ਰੱਖ ਸਕਦਾ ਹੈ, ਪਰ ਦੇਸ਼ ਵਿਚ ਜਿਹੋ ਜਿਹੇ ਹਾਲਾਤ ਹਨ, ਜਿੱਦਾਂ ਦਾ ਚੀਕ-ਚਿਹਾੜਾ ਪੈਂਦਾ ਅਸੀਂ ਲੋਕ ਸੁਣ ਰਹੇ ਹਾਂ, ਉਹ ਉਸ ਨੂੰ ਨਹੀਂ ਸੁਣਦਾ। ਜੇ ਉਹ ਆਗੂ ਲੋਕਾਂ ਦੀਆਂ ਚੀਕਾਂ ਸੁਣ ਸਕਦਾ ਤਾਂ ਉਸ ਨੂੰ ਸੁਣ ਜਾਣਾ ਸੀ ਕਿ ਇੱਕ ਦਿਨ ਤਾਮਿਲਨਾਡੂ ਦੇ ਸ਼ਹਿਰ ਚੇਂਗਲਪੱਟੂ ਦੇ ਸਰਕਾਰੀ ਹਸਪਤਾਲ ਵਿਚ ਆਕਸੀਜਨ ਮੁੱਕ ਗਈ ਤਾਂ ਤੇਰਾਂ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਦੋਂ ਤੱਕ ਅਜੇ ਨਵੇਂ ਮੁੱਖ ਮੰਤਰੀ ਨੇ ਸਹੁੰ ਨਹੀਂ ਸੀ ਚੁੱਕੀ। ਪ੍ਰਧਾਨ ਮੰਤਰੀ ਮੋਦੀ ਕਹਿ ਸਕਦਾ ਹੈ ਕਿ ਉਥੇ ਮੇਰਾ ਰਾਜ ਨਹੀਂ ਤੇ ਨਾਲੇ ਉਹ ਬੜੀ ਦੂਰ ਦੱਖਣ ਦੇ ਰਾਜ ਦੀ ਗੱਲ ਹੈ, ਇਸ ਲਈ ਪਤਾ ਨਹੀਂ ਲੱਗਾ, ਪਰ ਉੱਤਰਾਖੰਡ ਹੈ ਵੀ ਨੇੜੇ ਤੇ ਉਸ ਰਾਜ ਦੀ ਸਰਕਾਰ ਵੀ ਨਰਿੰਦਰ ਮੋਦੀ ਦੇ ਆਸ਼ੀਰਵਾਦ ਨਾਲ ਭਾਜਪਾ ਦੀ ਹੈ। ਜਿਸ ਦਿਨ ਚੇਂਗਲਪੱਟੂ ਵਿਚ ਮੌਤਾਂ ਹੋਈਆਂ, ਉੱਤਰਾਖੰਡ ਰਾਜ ਦੇ ਰੁੜਕੀ ਵਿਚ ਵੀ ਉਸੇ ਦਿਨ ਆਕਸੀਜਨ ਮੁੱਕ ਜਾਣ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਸੀ ਤੇ ਭਾਜਪਾ ਸਰਕਾਰ ਨੇ ਜਿ਼ੰਮੇਵਾਰੀ ਨਹੀਂ ਸੀ ਲਈ। ਸ਼ਾਇਦ ਉੱਤਰਾਖੰਡ ਵੀ ਦੂਰ ਹੋਵੇਗਾ, ਪਰ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਮਸਾਂ ਚਾਰ ਕਿਲੋਮੀਟਰ ਭਾਜਪਾ ਦੀ ਹਰਿਆਣਾ ਸਰਕਾਰ ਵਾਲੇ ਗੁਰੂ ਗ੍ਰਾਮ ਵਿਚ ਵੀ ਉਸੇ ਦਿਨ ਆਕਸੀਜਨ ਮੁੱਕ ਜਾਣ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਸੀ। ਜਿੱਦਾਂ ਦਾ ਪ੍ਰਧਾਨ ਮੰਤਰੀ, ਓਦਾਂ ਦੇ ਇਸ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਮੁੱਖ ਮੰਤਰੀ ਅਤੇ ਉਹੋ ਜਿਹਾ ਰਾਜ ਚੱਲੀ-ਚਲਾਈ ਜਾਂਦਾ ਹੈ, ਜਿਸ ਵਿਚ ਮਰੀਜ਼ਾਂ ਦਾ ਮਰ ਜਾਣਾ ਕੋਈ ਖਾਸ ਅਰਥ ਨਹੀਂ ਰੱਖਦਾ ਜਾਪਦਾ। ਜੇ ਲੋਕਾਂ ਦਾ ਮਰਨਾ ਕੁਝ ਅਰਥ ਰੱਖਦਾ ਹੁੰਦਾ ਤਾਂ ਉਹ ਕੁਝ ਨਾ ਹੁੰਦਾ, ਜੋ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਅਤੇ ਉਸ ਦੀ ਪਾਰਟੀ ਦੀ ਸਰਕਾਰ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿਚ ਵੀ ਹੈ ਤੇ ਉਸ ਰਾਜ ਵਿਚ ਇਸ ਪਾਰਟੀ ਦੇ ਚਾਰ ਵਿਧਾਇਕ ਕਰੋਨਾ ਦੀ ਬਿਮਾਰੀ ਨਾਲ ਮਰ ਚੁਕੇ ਹਨ। ਤੀਸਰੇ ਵਿਧਾਇਕ ਦੀ ਮੌਤ ਹੋਈ ਤਾਂ ਉਸ ਦੇ ਪੁੱਤਰ ਨੇ ਰੋਂਦਿਆਂ ਕਿਹਾ ਕਿ ਮੇਰਾ ਬਾਪ ਆਪਣੀ ਪਾਰਟੀ ਦੇ ਮੁੱਖ ਮੰਤਰੀ ਆਦਿਤਿਆਨਾਥ ਦੇ ਦਫਤਰ ਨੂੰ ਫੋਨ ਕਰਦਾ ਰਿਹਾ, ਕਿਸੇ ਨੇ ਫੋਨ ਨਹੀਂ ਚੁੱਕਿਆ, ਉਸ ਨੇ ਚਿੱਠੀ ਭੇਜੀ ਤਾਂ ਕਿਸੇ ਨੇ ਨਹੀਂ ਪੜ੍ਹੀ ਤੇ ਜਦੋਂ ਉਸ ਦੀ ਮੌਤ ਬਾਰੇ ਭਾਜਪਾ ਦਫਤਰ ਨੂੰ ਦੱਸਿਆ ਤਾਂ ਉਥੋਂ ਵੀ ਕਿਸੇ ਪ੍ਰਵਾਹ ਨਹੀਂ ਸੀ ਕੀਤੀ। ਸਾਰੀ ਉਮਰ ਦਾ ਭਾਜਪਾ ਦਾ ਵਫਾਦਾਰ ਵਰਕਰ ਆਕਸੀਜਨ ਦੇ ਇੱਕ ਸਿਲੰਡਰ ਨੂੰ ਰੋਂਦਾ ਜਾਨ ਦੇ ਗਿਆ, ਜਦੋਂ ਪਾਰਟੀ ਤੇ ਸਰਕਾਰ ਆਪਣੇ ਉਸ ਵਿਧਾਇਕ ਦੀ ਸਾਰ ਲੈਣ ਨਹੀਂ ਗਈ ਤਾਂ ਉਹ ਆਮ ਲੋਕਾਂ ਬਾਰੇ ਵੀ ਚਿੰਤਾ ਨਹੀਂ ਕਰਨ ਲੱਗੀ। ਇਹੋ ਕਾਰਨ ਹੈ ਕਿ ਇਸ ਦੇਸ਼ ਵਿਚ ਹਰ ਕਿਸੇ ਰਾਜ ਦੀ ਸਰਕਾਰ ਆਕਸੀਜਨ ਦੇ ਚਾਰ ਸਿਲੰਡਰ ਲੈਣ ਲਈ ਪਹਿਲਾਂ ਹਾਈ ਕੋਰਟ ਵੱਲ ਅਤੇ ਫਿਰ ਸੁਪਰੀਮ ਕੋਰਟ ਵੱਲ ਦੌੜਾਂ ਲਾਉਂਦੀ ਦਿਖਾਈ ਦਿੰਦੀ ਹੈ।
ਅਰਵਿੰਦ ਕੇਜਰੀਵਾਲ ਤਾਂ ਨਰਿੰਦਰ ਮੋਦੀ ਨੂੰ ਬਰਦਾਸ਼ਤ ਨਹੀਂ ਹੁੰਦਾ, ਪਰ ਜਿਸ ਕਰਨਾਟਕ ਵਿਚ ਵਿਰੋਧੀ ਧਿਰਾਂ ਦਾ ਤਖਤ ਪਲਟ ਕੇ ਭਾਜਪਾ ਦੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਸੀ, ਉਸ ਦੀ ਸਰਕਾਰ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਹਾਈ ਕੋਰਟ ਜਾ ਪੁੱਜੀ ਹੈ। ਭਾਜਪਾ ਦੀ ਕਰਨਾਟਕ ਸਰਕਾਰ ਦੀ ਅਰਜ਼ੀ ਉੱਤੇ ਹਾਈ ਕੋਰਟ ਨੇ ਭਾਜਪਾ ਦੀ ਕੇਂਦਰ ਸਰਕਾਰ ਦੇ ਖਿਲਾਫ ਹੁਕਮ ਕਰ ਦਿੱਤਾ ਕਿ ਇਸ ਰਾਜ ਨੂੰ ਲੋੜ ਜੋਗੀ ਆਕਸੀਜਨ ਸਪਲਾਈ ਦਿੱਤੀ ਜਾਵੇ ਤਾਂ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਕੇਂਦਰ ਸਰਕਾਰ ਆਪਣੀ ਹੀ ਪਾਰਟੀ ਦੀ ਕਰਨਾਟਕ ਸਰਕਾਰ ਵਿਰੁੱਧ ਸੁਪਰੀਮ ਕੋਰਟ ਜਾ ਪੁੱਜੀ। ਸੁਪਰੀਮ ਕੋਰਟ ਨੇ ਕਿਹਾ ਕਿ ਕਰਨਾਟਕ ਦੀ ਸਰਕਾਰ ਵੀ ਠੀਕ ਕਹਿੰਦੀ ਹੈ, ਹਾਈ ਕੋਰਟ ਨੇ ਵੀ ਗਲਤ ਨਹੀਂ ਕੀਤਾ ਅਤੇ ਉਸ ਕੋਰਟ ਦੇ ਹੁਕਮ ਨੂੰ ਰੱਦ ਕਰਾਉਣ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਕੁਝ ਕਰ ਕੇ ਦੱਸੇ। ਨਰਿੰਦਰ ਮੋਦੀ ਸਰਕਾਰ ਨੇ ਅਦਾਲਤ ਨੂੰ ਫਿਰ ਟਾਲਣ ਦਾ ਯਤਨ ਕੀਤਾ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਹੋ ਜਿਹੇ ਹਾਲਾਤ ਪੈਦਾ ਨਾ ਕਰੇ ਕਿ ਸਾਨੂੰ ਉਸ ਦੇ ਖਿਲਾਫ ਹੋਰ ਸਖਤੀ ਕਰਨੀ ਪੈ ਜਾਵੇ। ਮੋਦੀ ਸਰਕਾਰ ਆਪਣੀ ਪਾਰਟੀ ਦੀ ਰਾਜ ਸਰਕਾਰ ਨੂੰ ਵੀ ਤੰਗ ਕਰਦੀ ਹੈ।
ਇਸ ਹਾਲਤ ਵਿਚ ਕਿਸੇ ਨੇ ਇੱਕ ਸੰਦੇਸ਼ ਭੇਜਿਆ ਹੈ ਕਿ ਦੇਸ਼ ਦਾ ਇਤਿਹਾਸ ਇਹ ਗੱਲ ਕਦੀ ਭੁੱਲ ਨਹੀਂ ਸਕੇਗਾ ਕਿ ਇਸ ਦੇਸ਼ ਦੇ ਇੱਕ ਹਾਕਮ ਨੇ ਆਪਣੀ ਸੱਤਾ ਦੇ ਲਾਲਚ ਵਿਚ ਦੇਸ਼ ਨੂੰ ਸ਼ਮਸ਼ਾਨ ਬਣਾ ਦਿੱਤਾ ਸੀ। ਅਸੀਂ ਉਸ ਸੰਦੇਸ਼ ਨਾਲ ਪੂਰੇ ਸਹਿਮਤ ਨਹੀਂ, ਪਰ ਇਹ ਗੱਲ ਕਹਿ ਸਕਦੇ ਹਾਂ ਕਿ ਦੇਸ਼ ਨੂੰ ਸ਼ਮਸ਼ਾਨ ਬਣਾ ਭਾਵੇਂ ਨਾ ਦਿੱਤਾ ਹੋਵੇ, ਸ਼ਮਸ਼ਾਨ ਬਣਦਾ ਨਹੀਂ ਰੋਕਿਆ। ਜਦੋਂ ਉਸ ਨੂੰ ਕੁਝ ਕਰਨ ਦੀ ਲੋੜ ਸੀ, ਉਹ ਚੋਣ-ਚੱਕਰ ਵਿਚ ਰੁੱਝਾ ਹੋਇਆ ਸੀ। ਜਦੋਂ ਹਾਲਤ ਹੱਦੋਂ ਵੱਧ ਵਿਗੜ ਗਈ, ਫਿਰ ਖਤਾਨਾਂ ਵਿਚ ਰਿੜ੍ਹ ਚੁਕੀ ਗੱਡੀ ਦੇ ਮਗਰ ਦੌੜਨ ਵਾਂਗ ਉਹ ਅੱਧੇ ਮਨ ਨਾਲ ਹਾਲਾਤ ਵੱਲ ਧਿਆਨ ਦੇਣ ਲੱਗਾ ਵੀ ਹੋਵੇ ਤਾਂ ਲੋਕਾਂ ਨੂੰ ਇਸ ਦਾ ਯਕੀਨ ਨਹੀਂ। ਲੋਕ ਸਿਸਟਮ ਤੋਂ ਉਕਤਾਉਂਦੇ ਜਾ ਰਹੇ ਹਨ।
ਇਹੋ ਜਿਹੇ ਹਾਲਾਤ ਵਿਚ ਭਾਰਤ ਨੂੰ ਆਦਮ-ਖਾਣੀ ਅਪਰੈਲ ਝਈਆਂ ਲੈ-ਲੈ ਪੈਂਦੀ ਸੀ, ਉਸ ਦੇ ਮੁੱਕਣ ਮਗਰੋਂ ਮੌਤ-ਮੂੰਹੀਂ ਮਈ ਮਹੀਨਾ ਉਸ ਤੋਂ ਵੱਧ ਔਖਾ ਹੋ ਕਿ ਭਾਰਤ ਭੁਗਤਦਾ ਪਿਆ ਹੈ। ਕੋਈ ਨਹੀਂ ਜਾਣਦਾ ਕਿ ਬਣੇਗਾ ਕੀ!