ਮੋਦੀ ਸਰਕਾਰ ਬਹੁਤ ਮਸਰੂਫ ਹੈ…

ਅਸੀਂ ਮਨੁੱਖਤਾ ਖਿਲਾਫ ਜੁਰਮਾਂ ਦੇ ਗਵਾਹ ਬਣ ਰਹੇ ਹਾਂ-2
ਭਾਰਤ ਵਿਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਮੁਲਕ ਦਾ ਸਾਰਾ ਢਾਂਚਾ ਹਿਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਰੇ ਸਾਥੀ ਜਦੋਂ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਸਨ ਤਾਂ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ ਕਰੋਨਾ ਦੀ ਮਾਰ ਹੇਠ ਤੜਫ ਰਹੇ ਸਨ। ਇਨ੍ਹਾਂ ਭਿਅੰਕਰ ਹਾਲਾਤ ਬਾਰੇ ਉਘੀ ਲੇਖਕ ਅਰੁੰਧਤੀ ਰਾਏ ਨੇ ਲੰਮਾ ਲੇਖ ਲਿਖਿਆ ਹੈ ਜਿਸ ਦੀ ਦੂਜੀ ਅਤੇ ਆਖਰੀ ਕਿਸ਼ਤ ਪੇਸ਼ ਕੀਤੀ ਜਾ ਰਹੀ ਹੈ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਇਸ ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਰੋਨਾ ਵਾਇਰਸ ਦੇ ਦੂਜੇ ਹਮਲੇ ਤੋਂ ਰੋਕਥਾਮ ਲਈ ਕੁਝ ਵੀ ਨਹੀਂ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਹੋਰ ਹੀ ਕੰਮਾਂ ਵਿਚ ਰੁਝੇ ਰਹੇ।

ਅਰੁੰਧਤੀ ਰਾਏ
ਅਨੁਵਾਦ : ਬੂਟਾ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
28 ਅਪਰੈਲ ਦੀ ਸਵੇਰ ਨੂੰ ਖਬਰ ਆਈ ਕਿ ਸਾਡੇ ਦੋਸਤ ਪ੍ਰਭੂਭਾਈ ਨਹੀਂ ਰਹੇ। ਮੌਤ ਤੋਂ ਪਹਿਲਾਂ ਉਨ੍ਹਾਂ `ਚ ਕੋਵਿਡ ਦੇ ਜਾਣੇ-ਪਛਾਣੇ ਲੱਛਣ ਮਿਲੇ ਸਨ; ਲੇਕਿਨ ਉਨ੍ਹਾਂ ਦੀ ਮੌਤ ਕੋਵਿਡ ਦੀ ਅਧਿਕਾਰਕ ਗਿਣਤੀ `ਚ ਦਰਜ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੀ ਮੌਤ ਬਿਨਾਂ ਟੈਸਟ ਜਾਂ ਬਿਨਾਂ ਇਲਾਜ ਘਰ `ਚ ਹੀ ਹੋਈ।
ਪ੍ਰਭੂਭਾਈ ਨਰਮਦਾ ਘਾਟੀ `ਚ ਡੈਮ ਵਿਰੋਧੀ ਅੰਦੋਲਨ ਦੇ ਪੁਰਾਣੇ ਘੁਲਾਟੀਏ ਸਨ। ਮੈਂ ਕੇਵੜੀਆ `ਚ ਉਨ੍ਹਾਂ ਦੇ ਘਰ ਕਈ ਵਾਰ ਰਹੀ ਹਾਂ ਜਿੱਥੇ ਦਹਾਕੇ ਪਹਿਲਾਂ ਆਦਿਵਾਸੀ ਲੋਕਾਂ ਦੇ ਪਹਿਲੇ ਸਮੂਹ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਉਜਾੜ ਦਿੱਤਾ ਗਿਆ ਸੀ ਤਾਂ ਜੋ ਉਥੇ ਡੈਮ ਦੀ ਉਸਾਰੀ ਕਰਨ ਵਾਲਿਆਂ ਅਤੇ ਅਫਸਰਾਂ ਦੀਆਂ ਬਸਤੀਆਂ ਵਸਾਈਆਂ ਜਾ ਸਕਣ।
ਪ੍ਰਭੂਭਾਈ ਦੇ ਪਰਿਵਾਰ ਵਰਗੇ ਉਜੜੇ ਹੋਏ ਪਰਿਵਾਰ ਅਜੇ ਵੀ ਉਸ ਬਸਤੀ ਦੇ ਕਿਨਾਰੇ ਰਹਿੰਦੇ ਹਨ, ਬੁਰੇ ਹਾਲ ਅਤੇ ਅਨਿਸ਼ਚਿਤ ਜ਼ਿੰਦਗੀ, ਉਸੇ ਜ਼ਮੀਨ ਉਪਰ ਗੈਰ-ਕਾਨੂੰਨੀ ਬਾਸ਼ਿੰਦੇ ਜੋ ਕਦੇ ਉਨ੍ਹਾਂ ਦੀ ਹੁੰਦੀ ਸੀ। ਕੇਵੜੀਆ `ਚ ਕੋਈ ਹਸਪਤਾਲ ਨਹੀਂ ਹੈ। ਸਿਰਫ ‘ਸਟੈਚੂ ਆਫ ਯੁਨਿਟੀ’ ਹੈ ਜੋ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦਾ ਹੈ ਜਿਸ ਦੇ ਨਾਮ `ਤੇ ਡੈਮ ਦਾ ਨਾਮ ਰੱਖਿਆ ਗਿਆ ਹੈ। 182 ਮੀਟਰ ਉਚਾ ਇਹ ਬੁੱਤ ਦੁਨੀਆ ਦਾ ਸਭ ਤੋਂ ਉਚਾ ਬੁੱਤ ਹੈ ਜਿਸ ਦੀ ਲਾਗਤ 42.2 ਕਰੋੜ ਅਮਰੀਕਨ ਡਾਲਰ ਹੈ। ਇਸ ਦੇ ਅੰਦਰ ਲਗਾਈ ਤੇਜ਼ ਰਫਤਾਰ ਲਿਫਟ ਸਰਦਾਰ ਪਟੇਲ ਦੇ ਸੀਨੇ ਦੀ ਉਚਾਈ ਤੱਕ ਡੈਮ ਦਾ ਨਜ਼ਾਰਾ ਲੈਣ ਲਈ ਸੈਲਾਨੀਆਂ ਨੂੰ ਉਪਰ ਲੈ ਜਾਂਦੀ ਹੈ।
ਬੇਸ਼ੱਕ ਤੁਸੀਂ ਨਦੀ ਘਾਟੀ ਸਭਿਅਤਾ ਨੂੰ ਨਹੀਂ ਦੇਖ ਸਕਦੇ ਜੋ ਇਸ ਵਿਸ਼ਾਲ ਜਲ-ਭੰਡਾਰ ਦੀਆਂ ਗਹਿਰਾਈਆਂ `ਚ ਤਬਾਹ ਹੋ ਕੇ ਡੁੱਬੀ ਹੋਈ ਹੈ, ਜਾਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਨਹੀਂ ਸੁਣ ਸਕਦੇ ਜਿਨ੍ਹਾਂ ਨੇ ਦੁਨੀਆ ਦੀ ਜਾਣਕਾਰੀ `ਚ ਸਭ ਤੋਂ ਖੂਬਸੂਰਤ ਅਤੇ ਗਹਿਰਾ ਸੰਘਰਸ਼ ਉਸਾਰਿਆ – ਮਹਿਜ਼ ਇਕ ਡੈਮ ਦੇ ਖਿਲਾਫ ਨਹੀਂ ਸਗੋਂ ਸਭਿਅਤਾ, ਖੁਸ਼ਹਾਲੀ ਅਤੇ ਤਰੱਕੀ ਦੇ ਮਨਜ਼ੂਰਸ਼ੁਦਾ ਵਿਚਾਰਾਂ ਦੇ ਖਿਲਾਫ। ਬੁੱਤ ਮੋਦੀ ਦਾ ਚਹੇਤਾ ਪ੍ਰੋਜੈਕਟ ਸੀ। ਉਨ੍ਹਾਂ ਨੇ ਅਕਤੂਬਰ 2018 ਵਿਚ ਇਸ ਦਾ ਉਦਘਾਟਨ ਕੀਤਾ।
ਜਿਸ ਦੋਸਤ ਨੇ ਪ੍ਰਭੂਭਾਈ ਬਾਰੇ ਸੰਦੇਸ਼ ਭੇਜਿਆ ਸੀ, ਉਸ ਨੇ ਨਰਮਦਾ ਘਾਟੀ `ਚ ਡੈਮ ਵਿਰੋਧੀ ਕਾਰਕੁਨ ਵਜੋਂ ਕਈ ਵਰ੍ਹੇ ਗੁਜ਼ਾਰ ਦਿੱਤੇ ਹਨ। ਉਸ ਨੇ ਲਿਖਿਆ: ‘ਇਹ ਲਿਖਦੇ ਹੋਏ ਮੇਰੇ ਹੱਥ ਕੰਬ ਰਹੇ ਹਨ। ਕੇਵੜੀਆ ਬਸਤੀ `ਚ ਅਤੇ ਆਲੇ-ਦੁਆਲੇ ਦੇ ਹਾਲਾਤ ਭਿਆਨਕ ਹਨ।`
ਭਾਰਤ ਵਿਚ ਕੋਵਿਡ ਦਾ ਗ੍ਰਾਫ ਸਟੀਕ ਅੰਕੜਿਆਂ ਨਾਲ ਬਣਦਾ ਹੈ, ਇਹ ਉਸ ਦੀਵਾਰ ਦੀ ਤਰ੍ਹਾਂ ਹਨ ਜੋ ਅਹਿਮਦਾਬਾਦ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਲੁਕੋਣ ਲਈ ਬਣਾਈ ਗਈ ਸੀ। ਇਸ ਲਈ ਕਿ ਫਰਵਰੀ 2020 ਵਿਚ ਡੋਨਾਲਡ ਟਰੰਪ ਨੇ ਉਸ ਰਸਤਿਓਂ ਹੋ ਕੇ ‘ਨਮਸਤੇ ਟਰੰਪ` ਪ੍ਰੋਗਰਾਮ `ਚ ਜਾਣਾ ਸੀ ਜਿਸ ਦੀ ਮੇਜ਼ਬਾਨੀ ਨਰਿੰਦਰ ਮੋਦੀ ਨੇ ਉਚੇਚੇ ਤੌਰ `ਤੇ ਕੀਤੀ ਸੀ।
ਇਹ ਅੰਕੜੇ ਭਿਆਨਕ ਹਨ, ਇਹ ਤੁਹਾਨੂੰ ਉਸ ਦੀ ਤਸਵੀਰ ਦਿਖਾਉਂਦੇ ਹਨ ਕਿ ਭਾਰਤ ਵਿਚ ਕਿਸ ਦਾ ਮਹੱਤਵ ਹੈ, ਲੇਕਿਨ ਯਕੀਨੀ ਤੌਰ `ਤੇ ਇਹ ਉਸ ਨੂੰ ਨਹੀਂ ਦਿਖਾਉਂਦੇ ਕਿ ਭਾਰਤ ਹਕੀਕਤ `ਚ ਕੀ ਹੈ। ਭਾਰਤ ਜੋ ਹਕੀਕਤ ਹੈ, ਉਸ ਵਿਚ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਿੰਦੂ ਦੇ ਰੂਪ `ਚ ਵੋਟ ਦੇਣ, ਲੇਕਿਨ ਕਿਸੇ ਨਾਚੀਜ਼ ਦੀ ਤਰ੍ਹਾਂ ਦਮ ਤੋੜ ਜਾਣ।
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।`
ਇਸ ਉਪਰ ਧਿਆਨ ਦੇਣ ਤੋਂ ਗੁਰੇਜ਼ ਕਰੋ ਕਿ ਅਪਰੈਲ 2020 ਵਿਚ ਹੀ, ਤੇ ਫਿਰ ਨਵੰਬਰ `ਚ ਖੁਦ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਆਕਸੀਜਨ ਦੀ ਖਤਰਨਾਕ ਕਮੀ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ।
ਇਸ ਉਪਰ ਸੋਚਣ ਤੋਂ ਗੁਰੇਜ਼ ਕਰੋ ਕਿ ਦਿੱਲੀ ਦੇ ਸਭ ਤੋਂ ਬੜੇ ਹਸਪਤਾਲਾਂ ਕੋਲ ਵੀ ਆਪਣਾ ਆਕਸੀਜਨ-ਜਨਰੇਸ਼ਨ ਪਲਾਂਟ ਕਿਉਂ ਨਹੀਂ ਹੈ। ਇਸ ਬਾਰੇ ਸੋਚਣ ਤੋਂ ਗੁਰੇਜ਼ ਕਰੋ ਕਿ ਕਿਉਂ ਪੀ.ਐਮ. ਕੇਅਰਜ਼ ਫੰਡ (ਉਹ ਅਪਾਰਦਰਸ਼ੀ ਸੰਸਥਾ ਜਿਸ ਨੇ ਹਾਲ ਹੀ ਵਿਚ ਵਧੇਰੇ ਜਨਤਕ ਪ੍ਰਧਾਨ ਮੰਤਰੀ ਰਾਹਤ ਕੋਸ਼ ਦੀ ਜਗ੍ਹਾ ਲੈ ਲਈ ਅਤੇ ਜੋ ਜਨਤਕ ਧਨ ਤੇ ਸਰਕਾਰੀ ਢਾਂਚੇ ਦੀ ਵਰਤੋਂ ਕਰਦਾ ਹੈ ਲੇਕਿਨ ਕਿਸੇ ਨਿੱਜੀ ਟਰੱਸਟ ਵਾਂਗ ਕੰਮ ਕਰਦਾ ਹੈ ਜਿਸ ਦੀ ਕੋਈ ਜਨਤਕ ਜਵਾਬਦੇਹੀ ਨਹੀਂ ਹੈ) ਹੁਣ ਅਚਾਨਕ ਆਕਸੀਜਨ ਸੰਕਟ ਨਾਲ ਨਜਿੱਠਣ ਲਈ ਕਿਉਂ ਅੱਗੇ ਆਇਆ ਹੈ। ਕੀ ਮੋਦੀ ਸਾਡੀ ਹਵਾ ਦੀ ਸਪਲਾਈ `ਚ ਵੀ ਸ਼ੇਅਰਾਂ ਦੇ ਮਾਲਕ ਹੋਣਗੇ?
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।`
ਇਹ ਸਮਝ ਲਓ ਕਿ ਸੁਲਝਾਉਣ ਲਈ ਮੋਦੀ ਸਰਕਾਰ ਦੇ ਕੋਲ ਕਿਤੇ ਜ਼ਰੂਰੀ ਬਹੁਤ ਸਾਰੀਆਂ ਸਮੱਸਿਆਵਾਂ ਸਨ ਅਤੇ ਹਨ। ਲੋਕਤੰਤਰ ਦੀ ਆਖਰੀ ਰਹਿੰਦ-ਖੂੰਹਦ ਦਾ ਖਾਤਮਾ, ਗੈਰ-ਹਿੰਦੂ ਘੱਟਗਿਣਤੀਆਂ ਨੂੰ ਸਤਾਉਣਾ ਅਤੇ ਹਿੰਦੂ ਰਾਸ਼ਟਰ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਅਣਥੱਕ ਰੁਝੇਵੇਂ ਵਾਲਾ ਕੰਮ ਹੈ।
ਮਿਸਾਲ ਵਜੋਂ, ਅਸਾਮ ਵਿਚ ਵਸੇ ਵੀਹ ਲੱਖ ਲੋਕਾਂ ਦੇ ਲਈ ਵਿਸ਼ਾਲ ਜੇਲ੍ਹਾਂ ਦੀ ਉਸਾਰੀ ਫੌਰੀ ਤੌਰ `ਤੇ ਜ਼ਰੂਰੀ ਹੈ ਜੋ ਪੁਸ਼ਤਾਂ ਤੋਂ ਉਥੇ ਰਹਿ ਰਹੇ ਹਨ ਅਤੇ ਅਚਾਨਕ ਉਨ੍ਹਾਂ ਦੀ ਨਾਗਰਿਕਤਾ ਖੋਹ ਲਈ ਗਈ ਹੈ। (ਇਸ ਮਾਮਲੇ ਵਿਚ ਸਾਡੀ ਸੁਤੰਤਰ ਸੁਪਰੀਮ ਕੋਰਟ ਸਖਤੀ ਨਾਲ ਸਰਕਾਰ ਦੇ ਪੱਖ `ਚ ਖੜ੍ਹੀ ਅਤੇ ਨਰਮੀ ਨਾਲ ਬਦਮਾਸ਼ਾਂ ਦੇ ਪੱਖ `ਚ ਖੜ੍ਹੀ।)
ਐਸੇ ਸੈਂਕੜੇ ਵਿਦਿਆਰਥੀ, ਕਾਰਕੁਨ ਅਤੇ ਨੌਜਵਾਨ ਮੁਸਲਮਾਨ ਹਨ ਜਿਨ੍ਹਾਂ ਉਪਰ ਮੁਸਲਿਮ ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀਆਂ ਵਜੋਂ ਮੁਕੱਦਮਾ ਚਲਾਇਆ ਜਾਣਾ ਹੈ। ਇਹ ਕਤਲੇਆਮ ਪਿਛਲੇ ਮਾਰਚ `ਚ ਪੂਰਬ-ਉਤਰੀ ਦਿੱਲੀ ਵਿਚ ਖੁਦ ਉਨ੍ਹਾਂ ਦੇ ਫਿਰਕੇ ਦੇ ਹੀ ਖਿਲਾਫ ਕੀਤਾ ਗਿਆ ਸੀ। ਜੇ ਤੁਸੀਂ ਭਾਰਤ ਵਿਚ ਮੁਸਲਮਾਨ ਹੋ ਤਾਂ ਕਤਲ ਕਰ ਦਿੱਤੇ ਜਾਣਾ ਤੁਹਾਡਾ ਆਪਣਾ ਹੀ ਇਕ ਜੁਰਮ ਹੈ। ਇਸ ਦਾ ਮੁੱਲ ਵੀ ਤੁਹਾਡੇ ਆਪਣੇ ਹੀ ਲੋਕਾਂ ਨੂੰ ਤਾਰਨਾ ਪਵੇਗਾ।
ਅਯੁੱਧਿਆ ਵਿਚ ਨਵੇਂ ਰਾਮ ਮੰਦਿਰ ਦੇ ਮਹੂਰਤ ਦਾ ਕੰਮ ਸੀ ਜਿਸ ਨੂੰ ਉਸ ਮਸਜਿਦ ਦੀ ਜਗ੍ਹਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਹਿੰਦੂਤਵ ਹੁੱਲੜਬਾਜਾਂ ਵੱਲੋਂ ਉਘੇ ਭਾਜਪਾ ਆਗੂਆਂ ਦੀ ਨਿਗਰਾਨੀ ਹੇਠ ਤੋੜ ਦਿੱਤਾ ਗਿਆ ਸੀ। (ਇਸ ਮਾਮਲੇ `ਚ ਸਾਡੀ ਸੁਤੰਤਰ ਸੁਪਰੀਮ ਕੋਰਟ ਸਖਤੀ ਨਾਲ ਸਰਕਾਰ ਦੇ ਪੱਖ `ਚ ਖੜ੍ਹੀ ਅਤੇ ਨਰਮੀ ਨਾਲ ਬਦਮਾਸ਼ਾਂ ਦੇ ਪੱਖ `ਚ ਖੜ੍ਹੀ।)
ਖੇਤੀ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਵਿਵਾਦਪੂਰਨ ਨਵੇਂ ਖੇਤੀ ਕਾਨੂੰਨ ਪਾਸ ਕਰਾਉਣੇ ਸਨ। ਜਦੋਂ ਉਹ ਵਿਰੋਧ ਵਿਚ ਸੜਕਾਂ ਉਪਰ ਉਤਰੇ ਤਾਂ ਲੱਖਾਂ ਕਿਸਾਨਾਂ ਨੂੰ ਕੁਟਾਪਾ ਚਾੜ੍ਹਨਾ ਸੀ ਅਤੇ ਉਨ੍ਹਾਂ ਉਪਰ ਅੱਥਰੂ ਗੈਸ ਸੁੱਟਣ ਦਾ ਮਹੱਤਵਪੂਰਨ ਕੰਮ ਸੀ।
ਫਿਰ ਨਵੀਂ ਦਿੱਲੀ ਦੇ ਬਸਤੀਵਾਦੀ ਕੇਂਦਰ ਦੀ ਫਿੱਕੀ ਪੈ ਰਹੀ ਚਮਕ-ਦਮਕ ਨੂੰ ਮੁੜ ਚਮਕਾਉਣ ਲਈ ਹਜ਼ਾਰਾਂ ਕਰੋੜ ਰੁਪਏ ਦੀ ਯੋਜਨਾ ਹੈ ਜਿਸ ਵੱਲ ਫੌਰੀ ਤੌਰ `ਤੇ ਧਿਆਨ ਦੇਣਾ ਜ਼ਰੂਰੀ ਸੀ। ਆਖਿਰਕਾਰ ਨਵੇਂ ਹਿੰਦੂ ਭਾਰਤ ਦੀ ਸਰਕਾਰ ਪੁਰਾਣੀਆਂ ਇਮਾਰਤਾਂ `ਚ ਕਿਵੇਂ ਰਹਿ ਸਕਦੀ ਹੈ?
ਜਦੋਂਕਿ ਮਹਾਮਾਰੀ ਨਾਲ ਬਦਹਾਲ ਦਿੱਲੀ ਵਿਚ ਲੌਕਡਾਊਨ ਹੈ, ‘ਸੈਂਟਰਲ ਵਿਸਟਾ` ਪ੍ਰੋਜੈਕਟ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲਾਜ਼ਮੀ ਸੇਵਾ ਕਰਾਰ ਦਿੱਤਾ ਗਿਆ ਹੈ। ਮਜ਼ਦੂਰ ਲਿਆਂਦੇ ਜਾ ਰਹੇ ਹਨ। ਸੰਭਵ ਹੈ ਯੋਜਨਾ ਵਿਚ ਥੋੜ੍ਹਾ ਬਦਲਾਓ ਲਿਆਉਂਦੇ ਹੋਏ ਇਸ ਵਿਚ ਸ਼ਮਸ਼ਾਨਘਾਟ ਵੀ ਜੋੜ ਦਿੱਤਾ ਜਾਵੇ।
ਕੁੰਭ ਮੇਲਾ ਵੀ ਲਾਉਣਾ ਸੀ ਤਾਂ ਜੋ ਲੱਖਾਂ ਹਿੰਦੂ ਤੀਰਥ ਯਾਤਰੀ ਛੋਟੇ ਜਿਹੇ ਸ਼ਹਿਰ ਵਿਚ ਭੀੜ ਦੇ ਰੂਪ ਵਿਚ ਇਕੱਠੇ ਹੋ ਸਕਣ, ਗੰਗਾ `ਚ ਇਸ਼ਨਾਨ ਕਰਨ ਲਈ ਅਤੇ ਧੰਨ-ਧੰਨ ਅਤੇ ਸ਼ੁੱਧ ਹੋ ਕੇ ਆਪਣੇ ਘਰਾਂ ਨੂੰ ਪਰਤਦੇ ਹੋਏ ਪੂਰੇ ਮੁਲਕ ਅੰਦਰ ਇਕ ਬਰਾਬਰ ਵਾਇਰਸ ਫੈਲਾਉਣ ਲਈ। ਕੁੰਭ ਧੂਮਧਾਮ ਨਾਲ ਚੱਲ ਰਿਹਾ ਹੈ, ਹਾਲਾਂਕਿ ਮੋਦੀ ਨੇ ਪੋਲਾ ਜਿਹਾ ਸੁਝਾਅ ਦਿੱਤਾ ਕਿ ਪਵਿੱਤਰ ਇਸ਼ਨਾਨ ਨੂੰ ‘ਚਿੰਨ੍ਹਾਤਮਕ` ਰੱਖਿਆ ਜਾ ਸਕਦਾ ਹੈ – ਹੁਣ ਇਸ ਦਾ ਭਾਵ ਕੁਝ ਵੀ ਹੋਵੇ।
(ਪਿਛਲੇ ਸਾਲ ਇਸਲਾਮੀ ਜਥੇਬੰਦੀ ‘ਤਬਲੀਗੀ ਜਮਾਤ’ ਦੇ ਜਲਸੇ ਵਿਚ ਸ਼ਾਮਿਲ ਹੋਣ ਵਾਲਿਆਂ ਨਾਲ ਜੋ ਵਾਪਰਿਆ, ਉਸ ਦੇ ਉਲਟ ਮੀਡੀਆ ਨੇ ਉਨ੍ਹਾਂ ਨੂੰ ‘ਕਰੋਨਾ ਜਹਾਦੀ` ਕਰਾਰ ਦਿੰਦੇ ਹੋਏ ਜਾਂ ਉਨ੍ਹਾਂ ਉਪਰ ਮਨੁੱਖਤਾ ਵਿਰੁੱਧ ਜੁਰਮ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਵੇਂ ਮੁਹਿੰਮ ਨਹੀਂ ਚਲਾਈ ਹੈ।)
ਕੁਝ ਕੁ ਹਜ਼ਾਰ ਰੋਹਿੰਗਿਆ ਸ਼ਰਨਾਰਥੀ ਵੀ ਸਨ ਜਿਨ੍ਹਾਂ ਨੂੰ ਇਕ ਰਾਜ-ਪਲਟੇ ਦਰਮਿਆਨ ਫੌਰੀ ਤੌਰ `ਤੇ ਮਿਆਂਮਾਰ ਦੀ ਨਸਲੀ-ਸਫਾਏ ਵਾਲੀ ਹਕੂਮਤ ਕੋਲ ਵਾਪਸ ਭੇਜਣਾ ਸੀ ਜਿਸ ਦੇ ਉਹ ਭਾਗੀ ਸਨ। (ਇਕ ਵਾਰ ਫਿਰ, ਸਾਡੀ ਸੁਪਰੀਮ ਕੋਰਟ ਕੋਲ ਇਸ ਮਾਮਲੇ ਦੀ ਪਟੀਸ਼ਨ ਪਹੁੰਚੀ ਸੀ, ਇਸ ਨੇ ਸਰਕਾਰ ਦੇ ਨਜ਼ਰੀਏ ਨਾਲ ਰਜ਼ਾਮੰਦੀ ਜ਼ਾਹਿਰ ਕੀਤੀ।)
ਸੋ, ਜਿਵੇਂ ਤੁਸੀਂ ਦੇਖ ਸਕਦੇ ਹੋ, ਸਰਕਾਰ ਬੇਹੱਦ, ਬੇਹੱਦ ਮਸਰੂਫ ਸੀ।
ਇਸ ਫੌਰੀ ਸਰਗਰਮੀ `ਚ ਸਭ ਤੋਂ ਉਪਰ ਇਕ ਚੋਣ ਹੈ ਜਿਸ ਨੂੰ ਪੱਛਮੀ ਬੰਗਾਲ ਵਿਚ ਜਿੱਤਣਾ ਹੈ। ਇਸ ਵਿਚ ਸਾਡੇ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਮੋਦੀ ਦੇ ਅਜ਼ੀਜ਼ ਅਮਿੱਤ ਸ਼ਾਹ ਦੇ ਲਈ ਘੱਟੋ-ਘੱਟ ਆਪਣੀ ਵਜ਼ਾਰਤ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਮਹੀਨਿਆਂ ਤੱਕ ਬੰਗਾਲ ਉਪਰ ਧਿਆਨ ਦੇਣਾ ਜ਼ਰੂਰੀ ਸੀ, ਆਪਣੀ ਪਾਰਟੀ ਦੇ ਘਾਤਕ ਪ੍ਰਚਾਰ ਨੂੰ ਫੈਲਾਉਣ ਲਈ, ਹਰ ਇਕ ਛੋਟੇ ਕਸਬੇ ਅਤੇ ਪਿੰਡ ਵਿਚ ਇਨਸਾਨਾਂ ਦੇ ਖਿਲਾਫ ਇਨਸਾਨਾਂ ਨੂੰ ਭੜਕਾਉਣ ਲਈ।
ਪੱਛਮੀ ਬੰਗਾਲ ਛੋਟਾ ਰਾਜ ਹੈ। ਚੋਣਾਂ ਇਕ ਦਿਨ ਵਿਚ ਕਰਵਾਈਆਂ ਜਾ ਸਕਦੀਆਂ ਸਨ, ਤੇ ਅਤੀਤ `ਚ ਇਉਂ ਹੁੰਦਾ ਰਿਹਾ ਹੈ; ਲੇਕਿਨ ਕਿਉਂਕਿ ਇਹ ਭਾਜਪਾ ਲਈ ਨਵਾਂ ਵਿਸਤਾਰ ਖੇਤਰ ਹੈ, ਇਸ ਲਈ ਪਾਰਟੀ ਨੂੰ ਵੋਟਿੰਗ ਦਾ ਕੰਮਕਾਜ ਦੇਖਣ ਲਈ ਆਪਣੇ ਕਾਡਰਾਂ ਜਿਨ੍ਹਾਂ `ਚ ਬਹੁਤ ਸਾਰੇ ਬੰਗਾਲ ਤੋਂ ਨਹੀਂ ਹਨ, ਨੂੰ ਇਲਾਕਾ-ਦਰ-ਇਲਾਕਾ ਲੈ ਕੇ ਜਾਣ ਲਈ ਵਕਤ ਵੀ ਤਾਂ ਚਾਹੀਦਾ ਸੀ।
ਚੋਣਾਂ ਨੂੰ ਅੱਠ ਪੜਾਵਾਂ `ਚ ਵੰਡਿਆ ਗਿਆ, ਜੋ ਇਕ ਮਹੀਨੇ ਤੋਂ ਵਧੇਰੇ ਸਮੇਂ ਤੱਕ ਚੱਲ ਕੇ 29 ਅਪਰੈਲ ਨੂੰ ਸਮਾਪਤ ਹੋਈਆਂ। ਜਿਉਂ-ਜਿਉਂ ਕਰੋਨਾ ਲਾਗ ਦੀ ਗਿਣਤੀ ਵਧਣ ਲੱਗੀ, ਰਾਜਨੀਤਕ ਪਾਰਟੀਆਂ ਨੇ ਚੋਣ ਕਮਿਸ਼ਨ ਤੋਂ ਚੋਣਾਂ ਦੀਆਂ ਤਾਰੀਕਾਂ ਉਪਰ ਮੁੜ ਵਿਚਾਰ ਕਰਨ ਦੀ ਫਰਿਆਦ ਕੀਤੀ।
ਕਮਿਸ਼ਨ ਨੇ ਇਨਕਾਰ ਕਰ ਦਿੱਤਾ ਅਤੇ ਸਖਤੀ ਨਾਲ ਭਾਜਪਾ ਦਾ ਸਾਥ ਦਿੱਤਾ, ਤੇ ਮੁਹਿੰਮ ਜਾਰੀ ਰਹੀ। ਭਾਜਪਾ ਦੇ ਸਟਾਰ ਪ੍ਰਚਾਰਕ ਖੁਦ ਪ੍ਰਧਾਨ ਮੰਤਰੀ ਦਾ ਜੇਤੂਆਂ ਵਾਂਘ ਅਤੇ ਬਿਨਾਂ ਮਾਸਕ ਪਾਏ, ਬਿਨਾਂ ਮਾਸਕ ਵਾਲੀ ਭੀੜ ਦੇ ਸਾਹਮਣੇ ਭਾਸ਼ਣ ਦਿੰਦੇ ਹੋਏ, ਲੋਕਾਂ ਨੂੰ ਬੇਮਿਸਾਲ ਗਿਣਤੀ `ਚ ਆਉਣ ਲਈ ਧੰਨਵਾਦ ਕਰਦੇ ਹੋਏ ਦਾ ਵੀਡੀਓ ਕਿਸ ਨੇ ਨਹੀਂ ਦੇਖਿਆ?
ਉਹ 17 ਅਪਰੈਲ ਦੀ ਗੱਲ ਸੀ, ਜਦੋਂ ਰੋਜ਼ਾਨਾ ਲਾਗ ਦੇ ਅਧਿਕਾਰਕ ਅੰਕੜੇ ਦੋ ਲੱਖ ਵੱਲ ਵਧ ਰਹੇ ਸਨ। ਹੁਣ, ਜਦੋਂ ਵੋਟਿੰਗ ਖਤਮ ਹੋ ਚੁੱਕੀ ਹੈ, ਬੰਗਾਲ ਹੁਣ ਕਰੋਨਾ ਦਾ ਨਵਾਂ ਕੇਂਦਰ ਬਣਨ ਲਈ ਤਿਆਰ ਹੈ, ਇਕ ਨਵੇਂ ਟ੍ਰਿਪਲ ਮਿਊਟੈਂਟ ਸਟ੍ਰੇਨ ਨਾਲ ਜਿਸ ਦਾ ਨਾਮ ਹੈ – ਜ਼ਰਾ ਅੰਦਾਜ਼ਾ ਲਗਾਓ – ‘ਬੰਗਾਲ ਸਟ੍ਰੇਨ।`
ਅਖਬਾਰ ਖਬਰ ਦਿੰਦੇ ਹਨ ਕਿ ਰਾਜ ਦੀ ਰਾਜਧਾਨੀ ਕੋਲਕਾਤਾ ਵਿਚ ਟੈਸਟ ਕੀਤਾ ਜਾ ਰਿਹਾ ਹਰ ਦੂਜਾ ਸ਼ਖਸ ਕੋਵਿਡ ਪਾਜ਼ੇਟਿਵ ਮਿਲ ਰਿਹਾ ਹੈ। ਭਾਜਪਾ ਨੇ ਐਲਾਨ ਕੀਤਾ ਹੈ, ਜੇ ਉਹ ਬੰਗਾਲ ਜਿੱਤਦੀ ਹੈ ਤਾਂ ਇਹ ਯਕੀਨੀਂ ਬਣਾਏਗੀ ਕਿ ਲੋਕਾਂ ਨੂੰ ਮੁਫਤ ਵੈਕਸੀਨ ਲਗਾਏ ਜਾਣ; ਤੇ ਜੇ ਨਹੀਂ ਜਿੱਤਦੀ ਫਿਰ?
‘ਰੋਂਦੂ ਬੱਚਾ ਬਣਨ ਤੋਂ ਗੁਰੇਜ਼ ਕਰੋ।`

ਖੈਰ, ਵੈਕਸੀਨ ਦਾ ਕੀ ਹਾਲ ਹੈ? ਯਕੀਨਨ ਉਹ ਸਾਨੂੰ ਬਚਾ ਲੈਣਗੇ? ਕੀ ਭਾਰਤ ਵੈਕਸੀਨ ਦਾ ਪਾਵਰਹਾਊਸ ਨਹੀਂ ਹੈ? ਦਰਅਸਲ, ਭਾਰਤ ਸਰਕਾਰ ਦੋ ਨਿਰਮਾਤਾਵਾਂ ਉਪਰ ਪੂਰੀ ਤਰ੍ਹਾਂ ਨਿਰਭਰ ਹੈ, ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਅਤੇ ਭਾਰਤ ਬਾਇਓਟੈੱਕ।
ਦੋਵਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਵੈਕਸੀਨਾਂ ਵਿਚੋਂ ਦੋ ਨੂੰ ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਨੂੰ ਮੁਹੱਈਆ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਹਫਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਪ੍ਰਾਂਈਵੇਟ ਹਸਪਤਾਲਾਂ ਨੂੰ ਥੋੜ੍ਹਾ ਵੱਧ ਮੁੱਲ `ਤੇ ਵੇਚਣਗੇ, ਅਤੇ ਰਾਜ ਸਰਕਾਰਾਂ ਨੂੰ ਥੋੜ੍ਹਾ ਘੱਟ ਮੁੱਲ `ਤੇ। ਮੋਟੇ ਹਿਸਾਬ ਦੱਸਦੇ ਹਨ ਕਿ ਵੈਕਸੀਨ ਕੰਪਨੀਆਂ ਵੱਲੋਂ ਘਿਨਾਉਣੇ ਰੂਪ ਵਿਚ ਬੇਥਾਹ ਮੁਨਾਫੇ ਕਮਾਉਣ ਦੀ ਸੰਭਾਵਨਾ ਹੈ।
ਮੋਦੀ ਦੀ ਹਕੂਮਤ ਵਿਚ ਭਾਰਤ ਦੀ ਆਰਥਿਕਤਾ ਖੋਖਲੀ ਕਰ ਦਿੱਤੀ ਗਈ ਹੈ, ਕਰੋੜਾਂ ਲੋਕ ਜੋ ਪਹਿਲਾਂ ਤੋਂ ਹੀ ਸੰਕਟਪੂਰਨ ਜ਼ਿੰਦਗੀ ਜੀ ਰਹੇ ਸਨ ਉਨ੍ਹਾਂ ਨੂੰ ਭਿਆਨਕ ਗ਼ਰੀਬੀ `ਚ ਧੱਕ ਦਿੱਤਾ ਗਿਆ ਹੈ। ਇਕ ਬਹੁਤ ਬੜੀ ਗਿਣਤੀ ਹੁਣ ਆਪਣੇ ਗੁਜ਼ਾਰੇ ਲਈ ਕੌਮੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਨਰੇਗਾ) ਤੋਂ ਹੋਣ ਵਾਲੀ ਮਾਮੂਲੀ ਕਮਾਈ ਦੀ ਮੁਹਤਾਜ ਹੈ ਜਿਸ ਨੂੰ 2005 ਵਿਚ ਲਾਗੂ ਕੀਤਾ ਗਿਆ ਸੀ ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਸੀ।
ਇਹ ਉਮੀਦ ਕਰਨਾ ਅਸੰਭਵ ਹੈ ਕਿ ਭੁੱਖਮਰੀ ਦੇ ਕੰਢੇ ਉਪਰ ਰਹਿਣ ਵਾਲੇ ਪਰਿਵਾਰ ਆਪਣੇ ਮਹੀਨੇ ਦੀ ਜ਼ਿਆਦਾਤਰ ਕਮਾਈ ਦਾ ਭੁਗਤਾਨ ਟੀਕਾ ਲਗਾਉਣ ਲਈ ਕਰਨਗੇ। ਬਰਤਾਨੀਆ `ਚ ਟੀਕਾ ਮੁਫਤ ਹੈ ਅਤੇ ਇਕ ਮੌਲਿਕ ਹੱਕ ਹੈ। ਆਪਣੀ ਵਾਰੀ ਤੋੜ ਕੇ ਟੀਕਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਉਪਰ ਮੁਕੱਦਮਾ ਚੱਲ ਸਕਦਾ ਹੈ। ਭਾਰਤ ਵਿਚ ਟੀਕਾਕਰਨ ਮੁਹਿੰਮ ਦੇ ਪਿੱਛੇ ਸਾਰੀ ਪ੍ਰੇਰਨਾ ਕਾਰਪੋਰੇਟ ਮੁਨਾਫਾ ਨਜ਼ਰ ਆਉਂਦੀ ਹੈ।
ਜਦੋਂ ਇਹ ਭਿਆਨਕ ਪੈਮਾਨੇ ਦੀ ਤਬਾਹੀ ਸਾਡੇ ਮੋਦੀਪ੍ਰਸਤ ਭਾਰਤੀ ਟੀ.ਵੀ. ਚੈਨਲਾਂ ਉਪਰ ਦਿਖਾਈ ਜਾਂਦੀ ਹੈ ਤਾਂ ਤੁਸੀਂ ਗੌਰ ਕਰੋਗੇ ਕਿ ਉਹ ਸਭ ਕਿਵੇਂ ਇਕ ਰਟੀ-ਰਟਾਈ ਆਵਾਜ਼ `ਚ ਬੋਲਦੇ ਹਨ। ‘ਸਿਸਟਮ` ਢਹਿਢੇਰੀ ਹੋ ਗਿਆ ਹੈ, ਇਹ ਗੱਲ ਉਹ ਵਾਰ-ਵਾਰ ਕਹਿੰਦੇ ਹਨ। ਵਾਇਰਸ ਭਾਰਤ ਦੇ ਸਿਹਤ ਸੇਵਾ ‘ਸਿਸਟਮ` ਉਪਰ ਹਾਵੀ ਹੋ ਗਿਆ ਹੈ।
ਸਿਸਟਮ ਢਹਿਢੇਰੀ ਨਹੀਂ ਹੋਇਆ ਹੈ। ‘ਸਿਸਟਮ` ਤਾਂ ਹੈ ਹੀ ਨਹੀਂ ਸੀ। ਸਰਕਾਰ ਨੇ – ਇਸ ਸਰਕਾਰ ਨੇ ਅਤੇ ਇਸ ਤੋਂ ਪਹਿਲੀ ਕਾਂਗਰਸ ਦੀ ਸਰਕਾਰ ਨੇ – ਜਾਣ-ਬੁੱਝ ਕੇ ਜੋ ਵੀ ਮੈਡੀਕਲ ਦਾ ਮਾੜਾ-ਮੋਟਾ ਬੁਨਿਆਦੀ-ਢਾਂਚਾ ਸੀ, ਉਸ ਨੂੰ ਤਬਾਹ ਕਰ ਦਿੱਤਾ। ਲੱਗਭੱਗ ਨਦਾਰਦ ਜਨਤਕ ਸਿਹਤ ਵਿਵਸਥਾ ਵਾਲੇ ਮੁਲਕ ਵਿਚ ਜਦੋਂ ਮਹਾਮਾਰੀ ਫੈਲਦੀ ਹੈ ਤਾਂ ਇਹੀ ਕੁਝ ਹੁੰਦਾ ਹੈ।
ਭਾਰਤ ਆਪਣੀ ਕੁਲ ਘਰੇਲੂ ਪੈਦਾਵਾਰ ਦਾ 1.25% ਸਿਹਤ ਉਪਰ ਖਰਚ ਕਰਦਾ ਹੈ ਜੋ ਦੁਨੀਆ `ਚ ਜ਼ਿਆਦਾਤਰ ਮੁਲਕਾਂ ਤੋਂ ਘੱਟ ਹੈ, ਸਭ ਤੋਂ ਗਰੀਬ ਮੁਲਕਾਂ ਤੋਂ ਵੀ ਘੱਟ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਅੰਕੜਾ ਵੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਚੀਜ਼ਾਂ ਨੂੰ ਵੀ ਇਸ ਵਿਚ ਘੁਸੇੜ ਦਿੱਤਾ ਗਿਆ ਹੈ ਜੋ ਮਹੱਤਵਪੂਰਨ ਹਨ ਲੇਕਿਨ ਜੋ ਸਿਹਤ ਸੰਭਾਲ `ਚ ਆਉਂਦੀਆਂ ਹੀ ਨਹੀਂ। ਤਾਂ ਅਸਲ ਅੰਕੜਾ 0.34% ਹੋਣ ਦਾ ਅੰਦਾਜ਼ਾ ਹੈ।
ਤ੍ਰਾਸਦੀ ਇਹ ਹੈ ਕਿ ਇਸ ਭਿਆਨਕ ਰੂਪ `ਚ ਗਰੀਬ ਮੁਲਕ ਵਿਚ, ਸ਼ਹਿਰੀ ਇਲਾਕਿਆਂ `ਚ 78% ਅਤੇ ਪੇਂਡੂ ਇਲਾਕਿਆਂ `ਚ 71% ਸਿਹਤ ਸੰਭਾਲ ਪ੍ਰਾਂਈਵੇਟ ਸੈਕਟਰ ਕੋਲ ਹੈ, ਜਿਵੇਂ 2016 `ਚ ‘ਲਾਂਸੈਟ’ ਦੇ ਅਧਿਐਨ ਵਿਚ ਦੱਸਿਆ ਗਿਆ ਸੀ। ਜਨਤਕ ਖੇਤਰ `ਚ ਬਚੇ ਹੋਏ ਵਸੀਲਿਆਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਪ੍ਰਾਈਵੇਟ ਖੇਤਰ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਦੇ ਪਿੱਛੇ ਭ੍ਰਿਸ਼ਟ ਪ੍ਰਸ਼ਾਸਕਾਂ ਅਤੇ ਮੈਡੀਕਲ ਸੇਵਾਵਾਂ ਦੇਣ ਵਾਲਿਆਂ, ਭ੍ਰਿਸ਼ਟ ਰੈਫਰਲ ਅਤੇ ਬੀਮਾ ਘੁਟਾਲਿਆਂ ਦਾ ਇਕ ਗੱਠਜੋੜ ਹੈ।
ਸਿਹਤ ਸੰਭਾਲ ਮੌਲਿਕ ਹੱਕ ਹੈ। ਪ੍ਰਾਈਵੇਟ ਖੇਤਰ ਭੁੱਖਮਰੀ ਦੇ ਸ਼ਿਕਾਰ, ਬਿਮਾਰ, ਮਰ ਰਹੇ ਲੋਕਾਂ ਦੀ ਸੇਵਾ ਨਹੀਂ ਕਰੇਗਾ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਭਾਰਤ ਦੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਇਕ ਜੁਰਮ ਹੈ।
ਸਿਸਟਮ ਢਹਿਢੇਰੀ ਨਹੀਂ ਹੋਇਆ ਹੈ, ਸਰਕਾਰ ਨਾਕਾਮ ਰਹੀ ਹੈ। ਸ਼ਾਇਦ ‘ਨਾਕਾਮ` ਵੀ ਗੈਰ-ਵਾਜਿਬ ਸ਼ਬਦ ਹੈ ਕਿਉਂਕਿ ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ, ਉਹ ਮੁਜਰਮਾਨਾ ਅਣਦੇਖੀ ਨਹੀਂ ਹੈ ਸਗੋਂ ਮਨੁੱਖਤਾ ਦੇ ਖਿਲਾਫ ਜੁਰਮ ਹੈ।
ਵਾਇਰਸ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਭਾਰਤ ਵਿਚ ਮਾਮਲਿਆਂ ਦੀ ਗਿਣਤੀ ਬੇਤਹਾਸ਼ਾ ਵਧ ਕੇ ਰੋਜ਼ਾਨਾ ਪੰਜ ਲੱਖ ਤੋਂ ਵਧੇਰੇ ਹੋ ਜਾਵੇਗੀ। ਉਹ ਆਉਣ ਵਾਲੇ ਮਹੀਨਿਆਂ `ਚ ਕਈ ਲੱਖ ਲੋਕਾਂ ਦੀਆਂ ਮੌਤਾਂ ਦੀ ਪੇਸ਼ੀਨਗੋਈ ਕਰ ਰਹੇ ਹਨ। ਸ਼ਾਇਦ ਉਸ ਤੋਂ ਵੀ ਜ਼ਿਆਦਾ।
ਮੇਰੇ ਦੋਸਤਾਂ ਨੇ ਅਤੇ ਮੈਂ ਰੋਜ਼ਾਨਾ ਇਕ ਦੂਜੇ ਨੂੰ ਫੋਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਆਪਣੀ ਮੌਜੂਦਗੀ ਨੂੰ ਦਰਜ ਕਰਾ ਸਕੀਏ, ਆਪਣੇ ਸਕੂੂਲ ਦੀ ਜਮਾਤ `ਚ ਹਾਜ਼ਰੀ ਦੀ ਤਰ੍ਹਾਂ। ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਨਾਲ ਸੇਜਲ ਅੱਖਾਂ ਨਾਲ ਗੱਲ ਕਰਦੇ ਹਾਂ, ਕੰਬਦੇ ਹੋਏ, ਨਾ ਜਾਣਦੇ ਹੋਏ ਕਿ ਅਸੀਂ ਇਕ ਦੂਜੇ ਨੂੰ ਕਦੇ ਦੇਖ ਵੀ ਸਕਾਂਗੇ।
ਅਸੀਂ ਲਿਖਦੇ ਹਾਂ, ਅਸੀਂ ਕੰਮ ਕਰਦੇ ਹਾਂ, ਇਹ ਨਾ ਜਾਣਦੇ ਹੋਏ ਕਿ ਅਸੀਂ ਜੋ ਸ਼ੁਰੂ ਕੀਤਾ ਸੀ, ਉਸ ਨੂੰ ਨੇਪਰੇ ਚਾੜ੍ਹਨ ਲਈ ਜ਼ਿੰਦਾ ਵੀ ਰਹਿ ਸਕਾਂਗੇ। ਇਹ ਨਾ ਜਾਣਦੇ ਹੋਏ ਕਿ ਕੈਸੀ ਦਹਿਸ਼ਤ ਅਤੇ ਅਪਮਾਨ ਸਾਡਾ ਇੰਤਜ਼ਾਰ ਕਰ ਰਹੇ ਹਨ। ਇਸ ਸਭ ਕਾਸੇ ਤੋਂ ਮਹਿਸੂਸ ਹੋਣ ਵਾਲੀ ਜ਼ਲਾਲਤ। ਇਹੀ ਉਹ ਚੀਜ਼ ਹੈ ਜੋ ਸਾਨੂੰ ਤੋੜ ਦਿੰਦੀ ਹੈ।

ਸੋਸ਼ਲ ਮੀਡੀਆ ਉਪਰ ‘#ਮੋਦੀ ਮਸਟ ਰਿਜ਼ਾਈਨ’ ਟਰੈਂਡ ਕਰ ਰਿਹਾ ਹੈ। ਕੁਝ ਮੀਮਾਂ ਅਤੇ ਇਲਸਟ੍ਰੇਸ਼ਨਾਂ ਵਿਚ ਮੋਦੀ ਦੀ ਦਾੜ੍ਹੀ ਦੇ ਪਿੱਛਿਓਂ ਖੋਪੜੀਆਂ ਦੇ ਢੇਰ ਦੇ ਰੂਪ ਵਿਚ ਮੋਦੀ ਦਾ ਅਸਲ ਰੂਪ ਝਾਕਦਾ ਦਿਖਾਈ ਦਿਖਾਇਆ ਗਿਆ ਹੈ। ਮਸੀਹਾ ਮੋਦੀ ਲਾਸ਼ਾਂ ਦੀ ਰੈਲੀ ਵਿਚ ਭਾਸ਼ਣ ਦੇ ਰਿਹਾ ਹੈ। ਗਿਰਝਾਂ ਦੇ ਰੁੂਪ `ਚ ਮੋਦੀ ਅਤੇ ਅਮਿਤ ਸ਼ਾਹ ਦਿਸਹੱਦੇ ਉਪਰ ਲਾਸ਼ਾਂ ਲਈ ਨਜ਼ਰਾਂ ਗੱਡੀ ਬੈਠੇ ਹਨ ਜਿਨ੍ਹਾਂ ਤੋਂ ਵੋਟਾਂ ਦੀ ਫਸਲ ਵੱਢੀ ਜਾਣੀ ਹੈ; ਲੇਕਿਨ ਇਹ ਕਹਾਣੀ ਦਾ ਸਿਰਫ ਇਕ ਪਾਸਾ ਹੈ।
ਦੂਜਾ ਪਾਸਾ ਹੈ ਕਿ ਭਾਵਨਾਵਾਂ ਤੋਂ ਸੱਖਣੇ ਇਕ ਆਦਮੀ, ਖਾਲੀ ਅੱਖਾਂ ਅਤੇ ਅਣਮੰਨੀ ਮੁਸਕਰਾਹਟ ਵਾਲਾ ਸ਼ਖਸ, ਅਤੀਤ ਦੇ ਇੰਨੇ ਸਾਰੇ ਤਾਨਾਸ਼ਾਹਾਂ ਵਾਂਗ ਦੂਜਿਆਂ `ਚ ਤਿੱਖੀਆਂ ਭਾਵਨਾਵਾਂ ਜਗਾ ਸਕਦਾ ਹੈ। ਉਸ ਦੀ ਬਿਮਾਰੀ ਛੂਤ ਦੀ ਹੈ ਅਤੇ ਇਹੀ ਚੀਜ਼ ਉਸ ਨੂੰ ਵਿਲੱਖਣ ਬਣਾਉਂਦੀ ਹੈ।
ਉਤਰੀ ਭਾਰਤ ਵਿਚ, ਜਿੱਥੇ ਉਨ੍ਹਾਂ ਦਾ ਸਭ ਤੋਂ ਬੜਾ ਵੋਟ ਆਧਾਰ ਹੈ, ਤੇ ਜੋ ਆਪਣੀ ਸ਼ੁੱਧ ਗਿਣਤੀ ਦੇ ਜ਼ੋਰ, ਮੁਲਕ ਦੀ ਰਾਜਨੀਤਕ ਤਕਦੀਰ ਦਾ ਫੈਸਲਾ ਕਰਦਾ ਹੈ, ਉਥੇ ਉਸ ਵੱਲੋਂ ਦਿੱਤਾ ਗਿਆ ਸੰਤਾਪ ਅਜੀਬੋ-ਗਰੀਬ ਆਨੰਦ `ਚ ਬਦਲਦਾ ਨਜ਼ਰ ਆ ਰਿਹਾ ਹੈ।
ਫਰੈੱਡਰਿਕ ਡਗਲਸ ਨੇ ਠੀਕ ਹੀ ਕਿਹਾ ਸੀ: ‘ਤਾਨਾਸ਼ਾਹਾਂ ਦੀਆਂ ਸੀਮਾਵਾਂ ਉਨ੍ਹਾਂ ਲੋਕਾਂ ਦੀ ਸਹਿਣਸ਼ੀਲਤਾ ਤੋਂ ਤੈਅ ਹੁੰਦੀਆਂ ਹਨ ਜਿਨ੍ਹਾਂ ਉਪਰ ਉਹ ਜ਼ੁਲਮ ਕਰਦੇ ਹਨ।` ਭਾਰਤ ਵਿਚ ਅਸੀਂ ਸਹਿਣਸ਼ੀਲਤਾ ਦੀ ਆਪਣੀ ਕਾਬਲੀਅਤ ਉਪਰ ਕਿੰਨਾ ਮਾਣ ਕਰਦੇ ਹਾਂ।
ਕਿੰਨੀ ਖੂਬਸੂਰਤੀ ਨਾਲ ਅਸੀਂ ਆਪਣੇ ਗੁੱਸੇ ਤੋਂ ਮੁਕਤੀ ਪਾਉਣ ਦੀ ਖਾਤਰ ਧਿਆਨ ਲਗਾਉਣ ਅਤੇ ਇਕਾਗਰ ਹੋਣ ਲਈ, ਤੇ ਬਰਾਬਰੀ ਨੂੰ ਅਪਣਾਉਣ `ਚ ਆਪਣੀ ਨਾਲਾਇਕੀ ਨੂੰ ਸਹੀ ਠਹਿਰਾਉਣ ਲਈ ਖੁਦ ਨੂੰ ਸਿੱਖਿਅਤ ਕਰ ਲਿਆ ਹੈ। ਕਿੰਨੀ ਬੇਵਸੀ ਨਾਲ ਅਸੀਂ ਆਪਣੇ ਅਪਮਾਨ ਨੂੰ ਗਲੇ ਲਗਾ ਲੈਂਦੇ ਹਾਂ।
ਜਦੋਂ ਉਸ ਨੇ 2001 `ਚ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਦੇ ਰੂਪ `ਚ ਆਪਣੇ ਰਾਜਨੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਘਟਨਾ ਤੋਂ ਬਾਅਦ ਮੋਦੀ ਨੇ ਭਵਿੱਖੀ ਪੁਸ਼ਤਾਂ ਲਈ ਆਪਣੀ ਜਗਾ੍ਹ ਪੱਕੀ ਕਰ ਲਈ ਸੀ ਜੋ ਗੁਜਰਾਤ ਕਤਲੇਆਮ-2002 ਨਾਮ ਨਾਲ ਜਾਣੀ ਜਾਂਦੀ ਹੈ। ਥੋੜ੍ਹੇ ਦਿਨਾਂ ਅੰਦਰ ਹੀ ਹਜ਼ਾਰਾਂ ਮੁਸਲਮਾਨ ਕਤਲ ਕਰ ਦਿੱਤੇ ਗਏ, ਬਲਾਤਕਾਰ ਕੀਤੇ ਗਏ, ਜ਼ਿੰਦਾ ਜਲਾਏ ਗਏ।
ਇਹ ਸਭ ਇਕ ਟਰੇਨ ਅੰਦਰ ਅੱਗਜ਼ਨੀ ਦੇ ਭਿਆਨਕ ਕਾਂਡ ਦੇ ‘ਬਦਲੇ` ਵਜੋਂ ਕੀਤਾ ਗਿਆ ਜਿਸ ਵਿਚ 50 ਤੋਂ ਵਧੇਰੇ ਹਿੰਦੂ ਤੀਰਥ ਯਾਤਰੀ ਜ਼ਿੰਦਾ ਸੜ ਗਏ ਸਨ। ਇਕ ਵਾਰ ਹਿੰਸਾ ਰੁਕ ਜਾਣ ਤੋਂ ਬਾਅਦ ਮੋਦੀ ਜੋ ਉਸ ਸਮੇਂ ਤੱਕ ਆਪਣੀ ਪਾਰਟੀ ਵੱਲੋਂ ਨਾਮਜ਼ਦ ਮੁੱਖ ਮੰਤਰੀ ਸੀ, ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ।
ਉਸ ਨੂੰ ‘ਹਿੰਦੂ ਹਿਰਦੇ ਸਮਰਾਟ` ਦੇ ਰੂਪ ਵਿਚ ਪੇਸ਼ ਕਰਨ ਵਾਲੀ ਮੁਹਿੰਮ ਨੇ ਉਸ ਨੂੰ ਭਾਰੀ ਜਿੱਤ ਦਿੱਤੀ। ਉਦੋਂ ਤੋਂ ਲੈ ਕੇ ਮੋਦੀ ਇਕ ਵੀ ਚੋਣ ਨਹੀਂ ਹਾਰਿਆ। ਗੁਜਰਾਤ ਕਤਲੇਆਮ ਦੇ ਅਨੇਕ ਹਤਿਆਰੇ ਬਾਅਦ ਵਿਚ ਇਸ ਗੱਲ ਦੀ ਸ਼ੇਖੀ ਮਾਰਦੇ ਹੋਏ ਪੱਤਰਕਾਰ ਆਸ਼ੀਸ਼ ਖੇਤਰ ਵੱਲੋਂ ਕੈਮਰੇ ਉਪਰ ਰਿਕਾਰਡ ਕੀਤੇ ਗਏ, ਕਿ ਉਨ੍ਹਾਂ ਨੇ ਕਿਵੇਂ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਸੀ, ਕਿਵੇਂ ਗਰਭਵਤੀ ਮਾਵਾਂ ਦੇ ਪੇਟ ਪਾੜੇ ਗਏ ਅਤੇ ਪੇਟ ਵਿਚਲੇ ਬੱਚੇ ਦੇ ਸਿਰ ਪੱਥਰਾਂ ਨਾਲ ਪਟਕ ਕੇ ਫੇਹ ਦਿੱਤੇ ਸਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੁਝ ਕੀਤਾ, ਉਹ ਸਿਰਫ ਇਸ ਲਈ ਕਰ ਸਕੇ ਕਿਉਂਕਿ ਮੋਦੀ ਮੁੱਖ ਮੰਤਰੀ ਸਨ। ਉਹ ਟੇਪ ਰਾਸ਼ਟਰੀ ਟੀ.ਵੀ. ਉਪਰ ਦਿਖਾਈ ਗਈ। ਜਿੱਥੇ ਮੋਦੀ ਸੱਤਾ `ਚ ਬਣੇ ਰਹੇ, ਉਥੇ ਖੇਤਾਨ ਜਿਸ ਨੇ ਟੇਪਾਂ ਅਦਾਲਤਾਂ ਨੂੰ ਸੌਂਪੀਆਂ ਅਤੇ ਜਿਨ੍ਹਾਂ ਦੀ ਫਾਰੈਂਸਿਕ ਜਾਂਚ ਹੋਈ, ਅਨੇਕ ਮੌਕਿਆਂ `ਤੇ ਗਵਾਹ ਦੇ ਰੂਪ `ਚ ਅਦਾਲਤ `ਚ ਹਾਜ਼ਰ ਹੁੰਦੇ ਰਹੇ। ਸਮਾਂ ਗੁਜ਼ਰਨ ਨਾਲ ਕੁਝ ਹਤਿਆਰੇ ਗ੍ਰਿਫਤਾਰ ਕਰ ਲਏ ਗਏ, ਜੇਲ੍ਹ ਵਿਚ ਵੀ ਰਹੇ, ਲੇਕਿਨ ਅਨੇਕ ਨੂੰ ਛੱਡ ਦਿੱਤਾ ਗਿਆ।
ਆਪਣੀ ਹਾਲੀਆ ਕਿਤਾਬ ‘ਅੰਡਰਕਵਰ: ਮਾਈ ਜਰਨੀ ਇਨ ਟੂ ਡਾਰਕਨੈੱਸ ਆਫ ਹਿੰਦੂਤਵ’ ਵਿਚ ਖੇਤਾਨ ਦੱਸਦੇ ਹਨ ਕਿ ਕਿਵੇਂ ਮੁੱਖ ਮੰਤਰੀ ਦੇ ਰੂਪ ਵਿਚ ਮੋਦੀ ਦੀ ਹਕੂਮਤ ਦੌਰਾਨ, ਗੁਜਰਾਤ ਪੁਲਿਸ, ਜੱਜ, ਵਕੀਲ, ਸਰਕਾਰੀ ਪੱਖ ਅਤੇ ਜਾਂਚ ਕਮਿਸ਼ਨ ਸਾਰਿਆਂ ਨੇ ਮਿਲ ਕੇ ਸਬੂਤਾਂ ਨਾਲ ਛੇੜਛਾੜ ਕੀਤੀ, ਗਵਾਹਾਂ ਨੂੰ ਧਮਕਾਇਆ ਅਤੇ ਜੱਜਾਂ ਦੇ ਤਬਾਦਲੇ ਕੀਤੇ ਗਏ।
ਇਹ ਸਭ ਜਾਣਕਾਰੀ ਹੋਣ ਦੇ ਬਾਵਜੂਦ, ਭਾਰਤ ਦੇ ਬਹੁਤ ਸਾਰੇ ਕਥਿਤ ਬੁੱਧੀਜੀਵੀ, ਇੱਥੋਂ ਦੀਆਂ ਕਾਰਪੋਰੇਟ ਕੰਪਨੀਆਂ ਦੇ ਸੀ.ਈ.ਓ. ਅਤੇ ਉਨ੍ਹਾਂ ਦੀ ਮਾਲਕੀ ਵਾਲੇ ਮੀਡੀਆ ਘਰਾਣਿਆਂ ਨੇ ਸਖਤ ਘਾਲਣਾ ਘਾਲਦੇ ਹੋਏ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਕੀਤਾ। ਸਾਡੇ ਵਿਚੋਂ ਜੋ ਲੋਕ ਆਪਣੀ ਆਲੋਚਨਾ ਉਪਰ ਡਟੇ ਰਹੇ, ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
‘ਅੱਗੇ ਵਧੋ` ਉਨ੍ਹਾਂ ਦਾ ਮੂਲ-ਮੰਤਰ ਸੀ। ਇੱਥੋਂ ਤੱਕ ਕਿ ਅੱਜ ਵੀ, ਜਦੋਂ ਉਹ ਮੋਦੀ ਦੇ ਲਈ ਕੁਝ ਸਖਤ ਸ਼ਬਦ ਕਹਿੰਦੇ ਹਨ ਤਾਂ ਉਸ ਦੀ ਧਾਰ ਖੁੰਢੀ ਕਰਨ ਲਈ ਉਹ ਉਸ ਦੀ ਭਾਸ਼ਣ-ਕਲਾ ਅਤੇ ਉਸ ਦੀ ‘ਕਰੜੀ ਮਿਹਨਤ` ਦੀਆਂ ਤਾਰੀਫਾਂ ਕਰਨੀਆਂ ਨਹੀਂ ਭੁੱਲਦੇ।
ਕਿਤੇ ਵਧੇਰੇ ਸਖਤੀ ਨਾਲ ਉਹ ਵਿਰੋਧੀ ਧਿਰ ਦੇ ਰਾਜਨੀਤਕ ਆਗੂਆਂ ਦੀ ਨਿੰਦਾ ਕਰਦੇ ਹਨ ਅਤੇ ਉਨ੍ਹਾਂ ਉਪਰ ਧੌਂਸ ਦਿਖਾ ਕੇ ਉਨ੍ਹਾਂ ਨੂੰ ਅਪਮਾਨਿਤ ਕਰਦੇ ਹਨ। ਆਪਣੀ ਖਾਸ ਨਫਰਤ ਨੂੰ ਉਹ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਲਈ ਬਚਾ ਕੇ ਰੱਖਦੇ ਹਨ ਜੋ ਐਸਾ ਇਕੱਲਾ ਰਾਜਨੀਤਕ ਆਗੂ ਹੈ ਜਿਸ ਨੇ ਆਉਣ ਵਾਲੇ ਕੋਵਿਡ ਸੰਕਟ ਦੀ ਲਗਾਤਾਰ ਚਿਤਾਵਨੀ ਦਿੱਤੀ ਅਤੇ ਵਾਰ-ਵਾਰ ਸਰਕਾਰ ਤੋਂ ਮੰਗ ਕਰਦਾ ਰਿਹਾ ਕਿ ਸਰਕਾਰ ਲਈ ਜਿੰਨਾ ਸੰਭਵ ਹੋ ਸਕਦਾ ਹੈ, ਉਹ ਖੁਦ ਨੂੰ ਉਸ ਲਈ ਤਿਆਰ ਕਰੇ।
ਸਾਰੀਆਂ ਹੀ ਵਿਰੋਧੀ ਧਿਰ ਪਾਰਟੀਆਂ ਨੂੰ ਬਰਬਾਦ ਕਰਨ ਦੀ ਇਸ ਦੀ ਮੁਹਿੰਮ ਵਿਚ ਸੱਤਾਧਾਰੀ ਪਾਰਟੀ ਦੀ ਮਦਦ ਕਰਨਾ ਲੋਕਤੰਤਰ ਨੂੰ ਬਰਬਾਦ ਕਰਨ ਵਿਚ ਮਿਲੀਭੁਗਤ ਦੇ ਬਰਾਬਰ ਹੈ। ਤਾਂ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ, ਸਮੂਹਿਕ ਰੂਪ `ਚ ਉਨ੍ਹਾਂ ਦੇ ਬਣਾਏ ਹੋਏ ਜਹੱਨਮ ਵਿਚ, ਜਿੱਥੇ ਇਕ ਲੋਕਤੰਤਰ ਦੇ ਕੰਮਕਾਜ ਲਈ ਬੁਨਿਆਦੀ ਰੂਪ `ਚ ਜ਼ਰੂਰੀ ਹਰ ਸੁਤੰਤਰ ਸੰਸਥਾ ਨੂੰ ਸੰਕਟ `ਚ ਸੁੱਟ ਕੇ ਖੋਖਲੀ ਬਣਾ ਦਿੱਤਾ ਗਿਆ ਹੈ, ਤੇ ਜਿੱਥੇ ਬੇਕਾਬੂ, ਬੇਲਗਾਮ ਵਾਇਰਸ ਦਨਦਨਾ ਰਿਹਾ ਹੈ।
ਸੰਕਟ ਪੈਦਾ ਕਰਨ ਵਾਲੀ ਇਹ ਮਸ਼ੀਨ ਜਿਸ ਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਾਨੂੰ ਇਸ ਤਬਾਹੀ ਵਿਚੋਂ ਕੱਢਣ ਦੇ ਨਾਕਾਬਿਲ ਹੈ; ਖਾਸ ਕਰ ਕੇ ਇਸ ਲਈ ਕਿ ਇਸ ਸਰਕਾਰ ਵਿਚ ਇਕ ਆਦਮੀ ਇਕੱਲਾ ਫੈਸਲੇ ਕਰਦਾ ਹੈ, ਜੋ ਖਤਰਨਾਕ ਹੈ – ਤੇ ਉਹ ਬਹੁਤਾ ਸਮਝਦਾਰ ਨਹੀਂ ਹੈ। ਇਹ ਵਾਇਰਸ ਇਕ ਕੌਮਾਂਤਰੀ ਸਮੱਸਿਆ ਹੈ। ਇਸ ਨਾਲ ਨਜਿੱਠਣ ਲਈ ਘੱਟੋ-ਘੱਟ ਮਹਾਮਾਰੀ ਉਪਰ ਕਾਬੂ ਪਾਉਣ ਅਤੇ ਇੰਤਜ਼ਾਮ ਲਈ ਫੈਸਲੇ ਕਰਨ ਦਾ ਕੰਮ ਇਕ ਤਰ੍ਹਾਂ ਦੀ ਗੈਰ-ਪਾਰਟੀ ਸੰਸਥਾ ਦੇ ਹੱਥਾਂ `ਚ ਦੇਣਾ ਹੋਵੇਗਾ ਜਿਸ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰ, ਵਿਰੋਧੀ ਧਿਰ ਦੇ ਮੈਂਬਰ ਅਤੇ ਸਿਹਤ ਤੇ ਜਨਤਕ ਨੀਤੀਆਂ ਦੇ ਮਾਹਿਰ ਸ਼ਾਮਲ ਹੋਣ।
ਜਿੱਥੋਂ ਤੱਕ ਮੋਦੀ ਦੀ ਗੱਲ ਹੈ, ਕੀ ਆਪਣੇ ਜੁਰਮਾਂ ਨੂੰ ਮੁੱਖ ਰੱਖਦਿਆਂ ਉਸ ਵੱਲੋਂ ਅਸਤੀਫਾ ਦੇਣ ਦੀ ਕੋਈ ਸੰਭਵ ਗੁੰਜਾਇਸ਼ ਹੈ? ਜੇ ਕਰ ਸਕੇ ਤਾਂ ਉਹ ਬਸ ਉਨ੍ਹਾਂ ਜੁਰਮਾਂ ਤੋਂ ਇਕ ਮੋਹਲਤ ਹੀ ਦੇ ਦੇਵੇ – ਆਪਣੀ ਕਰੜੀ ਮਿਹਨਤ ਨਾਲ ਬਸ ਇਕ ਮੋਹਲਤ।
ਉਸ ਦੇ ਲਈ 56.4 ਕਰੋੜ ਡਾਲਰ ਦਾ ਬੋਇੰਗ 777, ਏਅਰ ਇੰਡੀਆ ਵਨ ਦਾ ਜਹਾਜ਼ ਵੀ.ਵੀ.ਆਈ.ਪੀ. ਸਫਰ ਲਈ, ਦਰਅਸਲ ਉਸ ਦੇ ਲਈ, ਤਿਆਰ ਹੈ ਅਤੇ ਫਿਲਹਾਲ ਰੱਨਵੇਅ ਉਪਰ ਵਿਹਲਾ ਖੜ੍ਹਾ ਹੈ। ਉਹ ਅਤੇ ਉਸ ਦੇ ਆਦਮੀ ਬਸ ਛੱਡ ਕੇ ਜਾ ਸਕਦੇ ਹਨ। ਬਾਕੀ ਦੇ ਲੋਕ ਉਨ੍ਹਾਂ ਦੀਆਂ ਗੜਬੜਾਂ ਨੂੰ ਠੀਕ ਕਰਨ ਲਈ ਜੋ ਕੁਝ ਹੋ ਸਕੇਗਾ ਉਹ ਕਰਨਗੇ।
ਨਹੀਂ, ਭਾਰਤ ਨੂੰ ਅਲੱਗ-ਥਲੱਗ ਨਹੀਂ ਕੀਤਾ ਜਾ ਸਕਦਾ। ਸਾਨੂੰ ਮਦਦ ਦੀ ਜ਼ਰੂਰਤ ਹੈ।
(ਸਮਾਪਤ)