ਕਿੱਥੋਂ ਦਾ ਸੀ ਬੰਦਾ ਸਿੰਘ ਬਹਾਦਰ

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-7
ਹਰਪਾਲ ਸਿੰਘ
ਫੋਨ: 916-236-8830
ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਅਤੇ ਜਨਮ ਮਿਤੀ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਡਾæ ਗੰਡਾ ਸਿੰਘ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਲਿਖਦੇ ਹਨ ਕਿ ਉਸ ਦਾ ਜਨਮ ਕੱਤਕ ਸੁਦੀ 15 ਸੰਮਤ 1727 ਬਿਕਰਮੀ (ਭਾਵ 27 ਅਕਤੂਬਰ 1670) ਨੂੰ ਪੱਛਮੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਰਾਜੌਰੀ ਸਥਾਨ ‘ਤੇ ਹੋਇਆ। ਪੀæਐਨæ ਬਾਲੀ (ਕਰਤਾ ‘ਮੋਹਿਆਲਾਂ ਦਾ ਇਤਿਹਾਸ’) ਬੰਦੇ ਦੇ ਜਨਮ ਮਿਤੀ ਬਾਰੇ ਡਾæ ਗੰਡਾ ਸਿੰਘ ਨਾਲ ਤਾਂ ਸਹਿਮਤ ਹੈ, ਪਰ ਬੰਦੇ ਦੇ ਜਨਮ ਸਥਾਨ ਬਾਰੇ ਉਸ ਦਾ ਵਿਚਾਰ ਹੈ ਕਿ ਬੰਦੇ ਦਾ ਜਨਮ ਪੁਣਛ ਜ਼ਿਲ੍ਹੇ ਦੇ ਪਿੰਡ ਮੇਂਧੜ ਵਿਚ ਹੋਇਆ।
ਗਣੇਸ਼ ਦਾਸ ਵਢੇਰਾ ਨੇ ਬੰਦੇ ਬਾਰੇ ਫਾਰਸੀ ਜ਼ੁਬਾਨ ਵਿਚ ਲਿਖਿਆ ਹੈ, “ਗੁਰੂ ਗੋਬਿੰਦ ਸਿੰਘ ਗੋਦਾਵਰੀ ਨੂੰ ਜਾ ਰਹੇ ਸਨ ਕਿ ਉਨ੍ਹਾਂ ਨੂੰ ਅਜਿਹਾ ਸ਼ਖ਼ਸ ਮਿਲਿਆ ਜਿਸ ਨੂੰ ਨਾ ਕੋਈ ਬਹੁਤਾ ਜਾਣਦਾ ਸੀ, ਨਾ ਹੀ ਉਸ ਦੀ ਕੋਈ ਵਿਸ਼ੇਸ਼ਤਾਈ ਹੀ ਸੀ; ਨਾ ਹੀ ਉਸ ਦੇ ਪਿਛੋਕੜ ਦਾ ਪਤਾ ਸੀ। ਗੁਰੂ ਸਾਹਿਬ ਨੇ ਉਸ ਨੂੰ ਆਪਣੇ ਨਵੇਂ ਧਰਮ ਵਿਚ ਸ਼ਾਮਲ ਕਰ ਕੇ ਆਪਣਾ ਨਾਇਬ ਥਾਪ, ਮਾਖੋਵਾਲ (ਭਾਵ ਅਨੰਦਪੁਰ ਸਾਹਿਬ) ਤੋਰ ਦਿੱਤਾ।” ਬਟਾਲੇ ਦੇ ਅਹਿਮਦ ਸ਼ਾਹ ਨੇ ਵੀ ਇਸ ਤਰ੍ਹਾਂ ਦੀ ਕਹਾਣੀ ਦਾ ਜ਼ਿਕਰ ਕੀਤਾ ਹੈ।
ਜੇæਡੀæ ਕਨਿੰਘਮ ‘ਹਿਸਟਰੀ ਆਫ ਸਿੱਖਸ’ ਵਿਚ ਲਿਖਦੇ ਹਨ ਕਿ ਬੰਦਾ ਬਹਾਦਰ ਦੱਖਣੀ ਭਾਰਤ ਦਾ ਬਾਸ਼ਿੰਦਾ ਸੀ। ਇਸੇ ਤਰ੍ਹਾਂ ਮੇਜਰ ਏæ ਈæ ਬਾਰਸਟੋਅ ਦਾ ਕਹਿਣਾ ਹੈ ਕਿ ਬੰਦਾ ਦੱਖਣ ਭਾਰਤ ਤੋਂ ਸੀ (ਹੈਂਡਬੁੱਕ ਆਫ ਸਿੱਖਸ); ਪਰ ਇਨ੍ਹਾਂ ਵਿਚੋਂ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਉਹ ਕਿਸ ਆਧਾਰ ‘ਤੇ ਕਿਸੇ ਨਿਸ਼ਚਿਤ ਸਥਾਨ ਅਤੇ ਨਿਸ਼ਚਿਤ ਤਾਰੀਖ ਨੂੰ ਬੰਦੇ ਦੇ ਜਨਮ ਨਾਲ ਜੋੜ ਰਹੇ ਹਨ।
ਮੇਜਰ ਜੇਮਸ ਬਰਾਊਨ (ਇੰਡੀਆ ਟਰੈਕਸ) ਅਨੁਸਾਰ ਬੰਦਾ ਜਲੰਧਰ ਦੁਆਬ ਦੇ ਪਿੰਡ ਪੰਡੋਰੀ ਦਾ ਵਸਨੀਕ ਸੀ, ਪਰ ਇਹ ਪੰਡੋਰੀ ਕਿਹੜੀ ਸੀ, ਇਸ ਦੀ ਜਾਣਕਾਰੀ ਨਹੀਂ ਮਿਲਦੀ। ਹੁਣ ਇਕ ਵਿਚਾਰ ਇਹ ਵੀ ਹੈ ਕਿ ਇਹ ਪੰਡੋਰੀ ਗੁਰਦਾਸਪੁਰ ਜ਼ਿਲ੍ਹੇ ਵਿਚ ਪਠਾਨਕੋਟ ਨੇੜੇ ਸਥਿਤ ਮੋਹਿਆਲ ਬ੍ਰਾਹਮਣਾਂ ਦੀ ਮਲਕੀਅਤ ਵਾਲੀ ਪੰਡੋਰੀ ਬ੍ਰਾਹਮਣਾਂ ਹੈ (ਬੰਦੇ ਨੂੰ ਮੋਹਿਆਲ ਬ੍ਰਾਹਮਣ ਸਾਬਤ ਕਰਨ ਲਈ ਇਹ ਕਹਾਣੀ ਘੜੀ ਗਈ ਜਾਪਦੀ ਹੈ)।
ਡੇਰਾ ਬਾਬਾ ਬੰਦਾ ਬਹਾਦਰ, ਰਿਆਸੀ (ਜੰਮੂ) ਦੀ ਮਾਤਾ ਜੋਗਿੰਦਰ ਕੌਰ ਦਾ ਕਹਿਣਾ ਹੈ ਕਿ ਬੰਦੇ ਦਾ ਜਨਮ ਪੀਰ ਪੰਜਾਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸੁੰਦਰ ਰਮਣੀਕ ਪਿੰਡ ਜ਼ੋਰੇ-ਕੇ-ਗੜ੍ਹ ਵਿਖੇ ਹੋਇਆ, ਪਰ ਕਸ਼ਮੀਰ ਦੇ ਨਕਸ਼ੇ ਵਿਚ ਇਹ ਸਥਾਨ ਲੱਭਣਾ ਨਾ-ਮੁਮਿਕਨ ਹੈ। ਬੈਰਾਗੀ ਮਹਾਂ ਮੰਡਲ ਪੰਜਾਬ ਅਤੇ ਅਖਿਲ ਭਾਰਤੀ ਬੰਦਈ ਸਿੱਖ ਸੰਘਰਸ਼ ਦਾ ਵਿਸ਼ਵਾਸ ਹੈ ਕਿ ਬੰਦੇ ਦਾ ਜਨਮ 16 ਅਕਤੂਬਰ 1670 ਨੂੰ ਤੱਛਕ ਦੇ ਸਥਾਨ ‘ਤੇ ਹੋਇਆ। ਗਿਆਨੀ ਭਜਨ ਸਿੰਘ ਆਪਣੀ ਪੁਸਤਕ ‘ਸਾਡੇ ਸ਼ਹੀਦ’ ਵਿਚ ਲਿਖਦੇ ਹਨ ਕਿ ਕਸ਼ਮੀਰੀ ਸਿੱਖਾਂ ਨੂੰ ਆਪਣੀ ਖੋਜ ਵਿਚ ਰਾਜੌਰੀ ਤੋਂ ਲਗਭਗ 50 ਕਿਲੋਮੀਟਰ ਦੂਰ ਤੱਛਕ ਵਿਚ ਇਕ ਬਰਬਾਦ ਕਿਲ੍ਹੇ ਦੇ ਨਿਸ਼ਾਨ ਮਿਲੇ ਹਨ ਜਿੱਥੇ ਬੰਦਾ ਬਹਾਦਰ ਦਾ ਜਨਮ ਹੋਇਆ ਸੀ। ਬੰਦੇ ਦਾ ਪਿਤਾ ਰਾਮਦੇਵ ਪਹਾੜੀ ਰਾਜਾ ਸੀ ਜੋ ਤੱਛਕ ਦੇ ਆਲੇ ਦੁਆਲੇ ਦੇ ਇਲਾਕੇ ‘ਤੇ ਰਾਜ ਕਰਦਾ ਸੀ। ਸੋ, ਬੰਦਾ ਬਹਾਦਰ ਰਾਜੇ ਦਾ ਪੁੱਤਰ ਸੀ।
ਜਲੰਧਰ ਤੋਂ ਛਪਦੇ ਅਖਬਾਰ ‘ਪੰਜਾਬ ਕੇਸਰੀ’ ਵਿਚ ਅਖਿਲ ਭਾਰਤੀ ਬੰਦਈ ਸਿੱਖ ਸੰਪਰਦਾ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼ ਮੱਕੜ ਲਿਖਦੇ ਹਨ ਕਿ ਬੰਦਾ ਜੰਮੂ ਕਸ਼ਮੀਰ ਰਾਜ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਤੱਛਕ ਵਿਚ 16 ਅਕਤੂਬਰ 1670 ਨੂੰ ਸ੍ਰੀ ਰਾਮਦੇਵ ਭਾਰਦਵਾਜ ਦੇ ਘਰ ਪੈਦਾ ਹੋਇਆ, ਪਰ ਉਹ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਰਾਮਦੇਵ ਬ੍ਰਾਹਮਣ ਸੀ ਜਾਂ ਰਾਜਪੂਤ।
ਡਾæ ਹਰੀ ਰਾਮ ਗੁਪਤਾ ‘ਹਿਸਟਰੀ ਆਫ ਸਿੱਖਸ-ਭਾਗ 2’ ਵਿਚ ਲਿਖਦੇ ਹਨ ਕਿ ਬੰਦਾ ਕਾਹਨ ਦੀ ਪਹਾੜੀ ਰਿਆਸਤ ਸਿਰਮੌਰ ਤੋਂ ਬਿਨਾਂ ਹੋਰ ਕਿਧਰੇ ਵੀ ਜਨਮਿਆ ਨਹੀਂ ਹੋ ਸਕਦਾ। ਬੰਦੇ ਦੀਆਂ ਸਾਰੀਆਂ ਕਾਰਵਾਈਆਂ ਦੱਸਦੀਆਂ ਹਨ ਕਿ ਉਹ ਕਾਹਨ ਦੇ ਖਿੱਤੇ ਤੋਂ ਪੂਰੀ ਤਰ੍ਹਾਂ ਵਾਕਫ ਸੀ। ਇਸੇ ਲਈ ਉਸ ਨੇ ਆਪਣੀ ਰਾਜਧਾਨੀ ਮੁਖਲਿਸ ਗੜ੍ਹ ਨੂੰ ਬਣਾਇਆ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਹੇਠ ਸਥਿਤ ਸੀ।
ਓæ ਪੀæ ਰਲਹਨ ਨੇ ਵੀ ਆਪਣੀ ਪੁਸਤਕ ‘ਹਿਸਟਰੀ ਆਫ ਦਿ ਸਿੱਖ ਪੀਪਲ’ ਵਿਚ ਬੰਦੇ ਨੂੰ ਸਿਰਮੌਰ ਰਿਆਸਤ ਦਾ ਵਸਨੀਕ ਦੱਸਿਆ ਹੈ, ਪਰ ਡਾæ ਗੋਪਾਲ ਸਿੰਘ ਇਸ ਤੋਂ ਇਨਕਾਰੀ ਹੁੰਦਿਆਂ ਇਹ ਕਹਿੰਦਾ ਹੈ ਕਿ ਬੰਦੇ ਦੇ ਸ਼ਿਵਾਲਿਕ ਅਤੇ ਹਿਮਾਲਿਆ ਦੀਆਂ ਹੇਠਲੀਆਂ ਪਹਾੜੀਆਂ ਦਾ ਚੰਗਾ ਜਾਣਕਾਰ ਹੋਣਾ ਉਸ ਦੇ ਸਿਰਮੌਰ ਵਾਸੀ ਹੋਣ ਦਾ ਕੋਈ ਪੁਖ਼ਤਾ ਸਬੂਤ ਨਹੀਂ ਹੈ। ਪ੍ਰਿੰæ ਸੰਤ ਸਿੰਘ ਸੇਖੋਂ ਅਨੁਸਾਰ ਬੰਦਾ ਬਹਾਦਰ ਹੋਰ ਕੋਈ ਨਹੀਂ ਸੀ, ਸਗੋਂ ਗੁਰੂ ਗੋਬਿੰਦ ਸਿੰਘ ਹੀ ਵੱਖਰੇ ਭੇਸ ਵਿਚ ਸਨ। ਉਂਜ, ਇਹ ਗੱਲ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਨੂੰ ਬੰਦੇ ਦਾ ਭੇਸ ਧਾਰਨ ਦੀ ਕੀ ਲੋੜ ਸੀ?
ਐਮæ ਐਸ਼ ਚੰਦੇਲਾ ਅਨੁਸਾਰ “ਜੇ ਮੰਨ ਲਿਆ ਜਾਵੇ ਕਿ ਲਛਮਣ ਦੇਵ (ਭਾਵ ਬੰਦਾ) ਨੇ ਬੈਰਾਗੀ ਮੱਤ ਕਸੂਰ ਨੇੜੇ ਸਥਿਤ ਬਾਬਾ ਰਾਮ ਥੰਮਣ ਦੇ ਸਥਾਨ ‘ਤੇ ਧਾਰਨ ਕੀਤਾ ਤਾਂ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਲਗਦੀ ਹੈ ਕਿ ਉਸ ਦਾ ਜਨਮ ਸਥਾਨ, ਜੇਮਸ ਬਰਾਊਨ ਦੇ ਕਥਨ ਅਨੁਸਾਰ, ਜਲੰਧਰ ਦੁਆਬ ਵਿਚ ਸੀ। ਜੇ ਮੌਜੂਦਾ ਪ੍ਰਮਾਣਾਂ ਨੂੰ ਇਕੱਠਾ ਕਰ ਕੇ ਦੇਖਿਆ ਜਾਵੇ ਤਾਂ ਬੰਦੇ ਦੇ ਊਨਾ ਨੇੜੇ (ਹੁਣ ਹਿਮਾਚਲ ਪ੍ਰਦੇਸ਼) ਸਥਿਤ ਪੰਡੋਰੀ ਵਿਚ ਜਨਮੇ ਹੋਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈ।”
ਮਿਰਜ਼ਾ ਮੁਹੰਮਦ ਹਾਰਿਸੀ ਜੋ ਬੰਦੇ ਦਾ ਸਮਕਾਲੀ ਸੀ, ਨੇ ਆਪਣੀ ਪੁਸਤਕ ‘ਇਬਰਤਨਾਮਾ’ (1718 ਈਸਵੀ) ਵਿਚ ਲਿਖੀ। ਉਹ ਬੰਦੇ ਬਹਾਦਰ ਦੇ ਜਨਮ ਸਥਾਨ ਬਾਰੇ ਲਿਖਦਾ ਹੈ, “ਅਗਲੇ ਸਾਲ ਜੋ ਸੰਨ 1121 ਹਿਜਰੀ (1709) ਦੀ ਸੀ, ਤਕੜੇ ਵਜੂਦ ਤੇ ਬੁਲੰਦ ਇਰਾਦੇ ਵਾਲਾ ਇਕ ਵਿਅਕਤੀ ਚਕਲਾ ਸਰਹਿੰਦ ਦੇ ਕਿਸੇ ਪਿੰਡ ਵਿਚੋਂ ਪ੍ਰਗਟ ਹੋਇਆ ਤੇ ਉਸ ਨੇ ਦਾਅਵਾ ਕੀਤਾ ਕਿ ਮੈਂ ਉਹੋ (ਗੁਰੂ) ਗੋਬਿੰਦ ਸਿੰਘ ਹਾਂ ਤੇ ਉਸ ਲਾਅਨਤੀ (ਅਫ਼ਗਾਨ) ਤੋਂ ਖੁਦ ਨੂੰ ਬਚਾ ਕੇ ਬਾਹਰ ਨਿਕਲ ਆਇਆ ਹਾਂ ਤੇ ਇਸ ਥਾਂ ‘ਤੇ ਪੁੱਜ ਗਿਆ ਹਾਂ।”
1731 ਈਸਵੀ ਵਿਚ ਖਾਫੀ ਖਾਨ ਦੁਆਰਾ ਲਿਖੀ ਪੁਸਤਕ ‘ਮੁੰਤਖਬੁ-ਲ-ਲੁਬਾਬ’ ਇਸ ਗੱਲ ਦੀ ਜਾਣਕਾਰੀ ਦਿੰਦੀ ਹੈ ਕਿ ਬੰਦਾ ਪੰਜਾਬ ਦਾ ਵਸਨੀਕ ਸੀ। ਉਸ ਅਨੁਸਾਰ “ਜਦ ਉਸ (ਗੁਰੂ ਗੋਬਿੰਦ ਸਿੰਘ) ਦੇ ਕਤਲ ਦੀ ਖ਼ਬਰ ਪੰਜਾਬ ਜੋ ਇਸ ਗੁੰਮਰਾਹ ਫਿਰਕੇ ਦਾ ਗੜ੍ਹ ਹੈ, ਪਹੁੰਚੀ ਤਾਂ ਉਨ੍ਹਾਂ ਵਿਚੋਂ ਇਕ ਬੇਸ਼ਰਮ ਸ਼ਖ਼ਸ ਜਿਸ ਦੇ ਨਾਮ ਬਾਰੇ ਮੱਤਭੇਦ ਹਨ (ਉਸ ਦਾ ਇਸ਼ਾਰਾ ਬੰਦੇ ਵੱਲ ਹੈ), ਨੇ ਇਹ ਐਲਾਨ ਕੀਤਾ ਕਿ ਉਹ ਮਕਤੂਲ ਗੁਰੂ (ਗੋਬਿੰਦ ਸਿੰਘ) ਦੀ ਰੂਹ ਦਾ ਅਵਤਾਰ ਬਣ ਕੇ ਆਇਆ ਹੈ ਤੇ ਇਸ ਨਵੇਂ ਜੀਵਨ ਵਿਚ ਗੁਰੂ (ਗੋਬਿੰਦ ਸਿੰਘ) ਨੇ ਆਪਣੀ ਸ਼ਕਲ ਬਦਲ ਲਈ ਹੈ ਤੇ ਉਹ ਦਾੜ੍ਹੀ ਤੇ ਸਿਰ ਦੇ ਵਾਲਾਂ ਸਹਿਤ ਇਸ ਕਹਿਰ ਦੇ ਮਾਰੇ ਸ਼ਖ਼ਸ ਦੇ ਰੂਪ ਵਿਚ ਪ੍ਰਗਟ ਹੋ ਗਿਆ ਹੈ।”
ਬੁੱਧ ਸਿੰਘ ਅਰੋੜਾ (ਰਿਸਾਲਾ ਦਰ ਅਹਿਵਾਲ ਨਾਨਕ ਸ਼ਾਹ ਦਰਵੇਸ਼-1783 ਈਸਵੀ) ਜੋ ਲਾਹੌਰ ਦਾ ਰਹਿਣ ਵਾਲਾ ਅਤੇ ਜਾਤ ਦਾ ਅਰੋੜਾ ਸੀ (ਕੁਝ ਵਿਦਵਾਨ ਉਸ ਨੂੰ ਜਾਤ ਦਾ ਖੱਤਰੀ ਲਿਖਦੇ ਹਨ), ਲਿਖਦਾ ਹੈ ਕਿ ਬੰਦਾ ਬੈਰਾਗੀ ਸੀ, ਭਾਵ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਬੈਰਾਗੀ ਸੰਪਰਦਾਇ ਨਾਲ ਸਬੰਧਤ ਸੀ। ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਪੁਣਛ ਦੇ ਪਿੰਡ ਰਾਜੌਰੀ ਦੀ ਬਜਾਇ, ਜਲੰਧਰ ਦੁਆਬ ਵਿਚ ਕਰਤਾਰਪੁਰ ਦੇ ਨਜ਼ਦੀਕ ਪੰਡੋਰੀ ਵਿਚ ਹੋਇਆ ਦੱਸਦਾ ਹੈ। ਉਸ ਦੇ ਸ਼ਬਦਾਂ ਅਨੁਸਾਰ “ਬੰਦਾ ਨਾਮੀ ਬੈਰਾਗੀ ਵਾਸੀ ਪਿੰਡ ਪੰਡੋਰੀ ਜੋ ਜਲੰਧਰ ਦੁਆਬੇ (ਦੇ ਇਲਾਕੇ) ਦੇ ਤੁਅਲਕੇ ਕਰਤਾਰਪੁਰ ਵਿਚ ਸਥਿਤ ਹੈ, ਦੀ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਅਤੇ ਅਸੀਮ ਭਰੋਸਾ ਸੀ। ਬੰਦਾ ਸਿੰਘ ਬਹਾਦਰ ਬਾਜ਼ੀਗਰ ਜਾਤ ਨਾਲ ਸਬੰਧ ਰੱਖਦਾ ਸੀ। ਦੱਖਣ ਦੇ ਸਫ਼ਰ ਸਮੇਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ।” ਬੁੱਧ ਸਿੰਘ ਅਨੁਸਾਰ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦੀ ਦੇਹ ਦਾ ਸਸਕਾਰ ਕਰਨ ਉਪਰੰਤ ਪੰਜਾਬ ਵੱਲ ਰਵਾਨਾ ਹੋਇਆ।
ਫਾਰਸੀ ਦੇ ਵਿਦਵਾਨ ਜੋ ਲਗਭਗ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਸਨ, ਦੇ ਵਿਚਾਰਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਚੰਦ ਇਕ ਇਤਿਹਾਸਕਾਰਾਂ ਨੂੰ ਛੱਡ ਕੇ ਬਹੁਤੇ ਬੰਦੇ ਦੀਆਂ ਗਤੀਵਿਧੀਆਂ ਸਮੇਂ ਮੌਜੂਦ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚ ਇਹ ਗੱਲ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਵਿਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਪਿੰਡ ਵਿਚ ਹੋਇਆ। ਉਹ ਬੰਦੇ ਨੂੰ ਪੰਜਾਬ ਦਾ ਵਸਨੀਕ ਹੀ ਮੰਨਦੇ ਹਨ ਜੋ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਕਦਰਾਂ-ਕੀਮਤਾਂ ਤੋਂ ਜਾਣੂੰ ਸੀ।
ਜੇ ਬੰਦੇ ਦੇ ਜਨਮ ਸਥਾਨ ਦਾ ਫ਼ੈਸਲਾ ਦਲੀਲਾਂ ਦੇ ਆਧਾਰ ‘ਤੇ ਕਰੀਏ ਤਾਂ ਇਹ ਗੱਲ ਕਿਵੇਂ ਮੰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਅਣਜਾਣ ਕਸ਼ਮੀਰੀ ਜਾਂ ਬੈਰਾਗੀ ਸਾਧੂ ਨੂੰ ਜੋ ਸਿੱਖੀ ਵਿਚਾਰਧਾਰਾ ਅਤੇ ਪਰੰਪਰਾਵਾਂ ਤੋਂ ਜਾਣੂੰ ਨਹੀਂ ਹੈ, ਆਪਣਾ ਨਾਇਬ ਥਾਪ ਕੇ ਖਾਲਸੇ ਦੀ ਵਾਗਡੋਰ ਉਸ ਨੂੰ ਸੰਭਾਲ ਦਿੰਦੇ! ਪੰਜਾਬ ਦੇ ਸਿੱਖ ਵੀ ਅਜਿਹੇ ਵਿਅਕਤੀ ਦੀ ਅਗਵਾਈ ਕਬੂਲ ਨਹੀਂ ਕਰ ਸਕਦੇ ਸਨ ਜੋ ਦੂਜੇ ਪ੍ਰਾਂਤ ਦਾ ਬੈਰਾਗੀ ਸਾਧੂ ਹੋਵੇ ਅਤੇ ਜਿਸ ਨੂੰ ਪੰਜਾਬ ਦੀ ਰਾਜਨੀਤੀ ਤੇ ਜੁਗਰਾਫੀਏ ਦੀ ਸਮਝ ਨਾ ਹੋਵੇ। ਇਸ ਲਈ ਮੰਨਣਾ ਬਣਦਾ ਹੈ ਕਿ ਬੰਦਾ ਪੰਜਾਬ ਦਾ ਵਸਨੀਕ ਸੀ, ਉਸ ਦੀ ਬੋਲ ਚਾਲ ਵਿਚ, ਉਸ ਦੇ ਵਿਚਾਰਾਂ ਅਤੇ ਰਹਿਣ-ਸਹਿਣ ਵਿਚ ਸਿੱਖ ਸਭਿਆਚਾਰ ਦੀ ਛਾਪ ਸੀ। ਉਹ ਮਿਲਣ ਵਾਲੇ ਹਰ ਵਿਅਕਤੀ ਅਤੇ ਆਪਣੇ ਸਾਥੀਆਂ ਨੂੰ ‘ਸਿੰਘ’ ਸ਼ਬਦ ਨਾਲ ਸੰਬੋਧਨ ਕਰਦਾ ਸੀ। ਉਹ ਸਿਰਲੱਥ ਸੂਰਮਾ ਸੀ ਜੋ ਜੰਗਾਂ ਯੁੱਧਾਂ ਦੀਆਂ ਗਹਿਰਾਈਆਂ ਨੂੰ ਸਮਝ ਕੇ ਉਨ੍ਹਾਂ ਬਾਰੇ ਫੈਸਲੇ ਆਪ ਕਰਦਾ ਸੀ। ਅਜਿਹਾ ਕੋਈ ਕਸ਼ਮੀਰੀ ਜਾਂ ਬੈਰਾਗੀ ਸਾਧੂ ਨਹੀਂ ਕਰ ਸਕਦਾ। ਜੇ ਬੰਦੇ ਦੀਆਂ ਜੜ੍ਹਾਂ ਪੰਜਾਬ ਵਿਚ ਨਾ ਹੁੰਦੀਆਂ, ਤਾਂ ਉਹ ਆਪਣਾ ਸੁੱਖ ਆਰਾਮ ਤਿਆਗ ਕੇ ਸਿੱਖਾਂ ਤੇ ਪੰਜਾਬ ਲਈ ਨਿਰਦਈ ਲੜਾਈਆਂ ਵਿਚ ਸ਼ਾਮਲ ਨਾ ਹੁੰਦਾ।
ਡਾæ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ’ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਹਨ, “ਬੰਦਾ ਸਿੰਘ ਬਹਾਦਰ, ਬਾਦਸ਼ਾਹ ਬਹਾਦਰ ਸ਼ਾਹ ਦੀ ਸ਼ਾਹੀ ਫੌਜ ਵਿਚ ਉਸ ਸਿੱਖ ਰਜਮੈਂਟ ਦਾ ਕਮਾਂਡਰ ਸੀ ਜਿਹੜੀ ਬੜੇ ਚਿਰ ਤੋਂ ਗੁਰੂ ਜੀ ਦੀ ਆਗਿਆ ਨਾਲ ਸਿੱਖਾਂ ਨੂੰ ਭਰਤੀ ਕਰ ਕੇ ਕਾਇਮ ਕੀਤੀ ਗਈ ਸੀ।” ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਇਕ ਹੁਕਮਨਾਮਾ ਬਹਾਦਰ ਸ਼ਾਹ ਦੀ ਫੌਜ ਵਿਚ ਸਿੱਖ ਸੈਨਿਕ ਹੋਣ ਦੀ ਪੁਸ਼ਟੀ ਕਰਦਾ ਹੈ। ਕੇਸਰ ਸਿੰਘ ਛਿੱਬਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਵਿਚ ਵੀਹ ਹਜ਼ਾਰ ਸਿੱਖ ਸੈਨਿਕ ਸਨ। ‘ਮਹਿਮਾ ਪ੍ਰਕਾਸ਼’ ਦਾ ਲੇਖਕ ਸਰੂਪ ਦਾਸ ਭੱਲਾ ਆਪਣੀ ਲਿਖਤ ਵਿਚ ਇਕ ਵਾਰ ਕਿਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਵੱਡੇ ਅਧਿਕਾਰੀ ਦੇ ਬੈਠੇ ਹੋਣ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਸਿੱਖ ਉਸ ਨੂੰ ਕੁਝ ਠੱਠਾ ਮਾਖੌਲ ਕਰ ਰਹੇ ਸਨ। ਇਸ ‘ਤੇ ਗੁਰੂ ਜੀ ਨੇ ਸਿੱਖਾਂ ਨੂੰ ਰੋਕਦਿਆਂ ਕਿਹਾ ਸੀ ਕਿ ਉਹ ਇਸ ਨਾਲ ਮਾਖੌਲ ਕਰ ਕੇ ਆਪਣੇ ਆਪ ਦਾ ਮਾਖੌਲ ਨਾ ਉਡਾਉਣ, ਕਿਉਂਕਿ ਇਹ ਵਿਅਕਤੀ ਬਾਦਸ਼ਾਹ ਦੀ ਫੌਜ ਵਿਚ ਬਹੁਤ ਵੱਡਾ ਮਰਾਤਦਾਨ (ਅਧਿਕਾਰੀ) ਹੈ। ਸਿੱਖਾਂ ਦੀ ਜਿਹੜੀ ਫੌਜ ਬਹਾਦਰ ਸ਼ਾਹ ਨਾਲ ਨਾਂਦੇੜ ਗਈ ਸੀ, ਬੰਦਾ ਬਹਾਦਰ ਉਸ ਫੌਜ ਦਾ ਕਮਾਂਡਰ ਸੀ। ਉਸ ਨੂੰ ਜੰਗਾਂ ਯੁੱਧਾਂ ਦੀ ਨੀਤੀ ਦਾ ਪੂਰਾ ਗਿਆਨ ਸੀ। ਇਹ ਤਜਰਬਾ ਉਸ ਨੂੰ ਮੁਗਲਾਂ ਦੀ ਫੌਜ ਦੇ ਕਮਾਂਡਰਾਂ ਨਾਲ ਰਹਿ ਕੇ ਹੋਇਆ ਸੀ। ਇਹ ਕੰਮ ਕੋਈ ਬੈਰਾਗੀ ਜਾਂ ਸ਼ਰਾਰਤੀ ਸਾਧੂ ਨਹੀਂ ਕਰ ਸਕਦਾ ਸੀ ਜਿਸ ਦੀ ਗੁਰੂ ਨਾਲ ਸੰਗਤ ਕੁਝ ਸਮੇਂ ਲਈ ਸੀ।
(ਚਲਦਾ)

Be the first to comment

Leave a Reply

Your email address will not be published.