ਫਿਰ ਹੋ ਗਈ ਮਿਲਖ਼ਾ ਮਿਲਖ਼ਾ

ਮਿਲਖ਼ਾ ਸਿੰਘ ਦਾ ਜਨਮ (1935) ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿਚ ਹੋਇਆ। ਦੇਸ਼ ਦੀ ਵੰਡ ਵੇਲੇ ਉਸ ਦੇ ਮਾਤਾ-ਪਿਤਾ, ਭਰਾ ਅਤੇ ਦੋ ਭੈਣਾਂ ਫੌਤ ਹੋ ਗਈਆਂ। ਦਰਦ ਨਾਲ ਬਿੰਨ੍ਹਿਆ ਬਾਲ ਮਿਲਖਾ ਦਿੱਲੀ ਪੁੱਜਾ। ਬਾਅਦ ਵਿਚ ਉਸ ਦੀ ਇਕ ਭੈਣ ਉਸ ਨੂੰ ਕੈਂਪ ਵਿਚ ਮਿਲ ਪਈ। ਇਕ ਵਾਰ ਗੱਡੀ ਵਿਚ ਬਿਨਾਂ ਟਿਕਟ ਸਫਰ ਕਰਨ ‘ਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਹਾਲਾਤ ਦਾ ਝੰਬਿਆ ਮਿਲਖਾ ਸਿੰਘ ਇਕ ਵਾਰ ਡਾਕੂ ਬਣਨ ਬਾਰੇ ਵੀ ਸੋਚਦਾ ਹੈ, ਪਰ ਆਪਣੇ ਭਰਾ ਦੀ ਬਦੌਲਤ ਉਹ ਫੌਜ ਵਿਚ ਭਰਤੀ ਹੋ ਗਿਆ ਅਤੇ ਉਥੇ ਇਕ ਦੌੜ ਦੌਰਾਨ ਕੋਚ ਗੁਰਦੇਵ ਸਿੰਘ ਦੀ ਨਿਗ੍ਹਾ ‘ਚ ਆ ਗਿਆ। ਫਿਰ ਤਾਂ ਚੱਲ ਸੋ ਚੱਲ਼ææਅਤੇ ਉਸ ਨੇ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਤਮਗਿਆਂ ਦਾ ਢੇਰ ਲਾ ਦਿੱਤਾ। 1956 ਵਿਚ ਉਸ ਨੇ ਆਸਟਰੇਲੀਆ ‘ਚ ਹੋਈਆਂ ਮੈਲਬਰਨ ਉਲੰਪਿਕ ਖੇਡਾਂ ਵਿਚ 400 ਮੀਟਰ ਦੌੜ ਵਿਚ ਹਿੱਸਾ ਲਿਆ, ਪਰ ਕਾਮਯਾਬੀ ਨਾ ਮਿਲੀ। 1958 ਵਿਚ ਉਸ ਨੇ ਕੌਮੀ ਖੇਡਾਂ ਮੌਕੇ 200 ਅਤੇ 400 ਮੀਟਰ ਵਿਚ ਰਿਕਾਰਡ ਬਣਾਇਆ। ਉਸੇ ਸਾਲ ਏਸ਼ੀਆਈ ਖੇਡਾਂ ਵਿਚ ਸੋਨ ਤਮਗੇ ਜਿੱਤ ਕੇ ਬੱਲੇ ਬੱਲੇ ਕਰਵਾ ਦਿੱਤੀ। ਫਿਰ 1958 ਵਿਚ ਹੀ ਰਾਸ਼ਟਰਮੰਡਲ ਖੇਡਾਂ ਵਿਚ ਵੀ 400 ਮੀਟਰ ਵਿਚ ਸੋਨ ਤਮਗਾ ਜਿੱਤਿਆ। 1960 ਵਿਚ ਉਹ ਪਾਕਿਸਤਾਨ ਵਿਚ ਮਸ਼ਹੂਰ ਦੌੜਾਕ ਅਬਦੁੱਲ ਖਲਿਕ ਨਾਲ ਦੌੜਿਆ ਅਤੇ ਜਿੱਤ ਹਾਸਲ ਕੀਤੀ। ਉਥੇ ਹੀ ਜਨਰਲ ਆਯੂਬ ਖਾਨ ਨੇ ਉਹਦੇ ਲਈ ‘ਉਡਣਾ ਸਿੱਖ’ ਸ਼ਬਦ ਵਰਤਿਆ ਜੋ ਬਾਅਦ ਵਿਚ ਉਸ ਨਾਲ ਸਦਾ ਸਦਾ ਲਈ ਜੁੜ ਗਿਆ। 1960 ਦੀ ਰੋਮ ਉਲੰਪਿਕ ਖੇਡਾਂ ਵਿਚ ਉਹ ਤਮਗਾ ਜਿੱਤਦਾ ਜਿੱਤਦਾ ਰਹਿ ਗਿਆ ਅਤੇ ਚੌਥੇ ਨੰਬਰ ‘ਤੇ ਰਿਹਾ। 1962 ਦੀਆਂ ਏਸ਼ੀਆਈ ਖੇਡਾਂ ਜੋ ਜਕਾਰਤਾ (ਇੰਡੋਨੇਸ਼ੀਆ) ਵਿਚ ਹੋਈਆਂ, ਵਿਚ ਉਸ ਨੇ 400 ਮੀਟਰ ਅਤੇ 4 ਗੁਣਾਂ 400 ਮੀਟਰ ਰਿਲੇਅ ਦੌੜ ਵਿਚ ਸੋਨ ਤਮਗੇ ਜਿੱਤੇ। ਇਨ੍ਹਾਂ ਪ੍ਰਾਪਤੀ ਲਈ ਭਾਰਤ ਸਰਕਾਰ ਨੇ ਉਸ ਨੂੰ ਪਦਮਸ੍ਰੀ ਇਨਾਮ ਨਾਲ ਨਿਵਾਜਿਆ। ਮਿਲਖਾ ਸਿੰਘ ਅਤੇ ਨਿਰਮਲ ਕੌਰ ਦੇ ਘਰੇ ਤਿੰਨ ਧੀਆਂ ਅਤੇ ਇਕ ਬੇਟੇ ਨੇ ਜਨਮ ਲਿਆ। ਬੇਟਾ ਜੀਵ ਮਿਲਖਾ ਸਿੰਘ ਗੋਲਫ ਦਾ ਉਘਾ ਖਿਡਾਰੀ ਹੈ। 1999 ਵਿਚ ਇਸ ਜੋੜੀ ਨੇ ਹੌਲਦਾਰ ਬਿਕਰਮ ਸਿੰਘ ਦੇ 7 ਸਾਲਾ ਪੁੱਤਰ ਨੂੰ ਗੋਦ ਲੈ ਲਿਆ। ਉਹ 1999 ਵਿਚ ਕਾਰਗਿਲ ਦੀ ਲੜਾਈ ਦੌਰਾਨ ਸ਼ਹੀਦ ਹੋ ਗਿਆ ਸੀ।
________________________________
ਫਿਲਮ ਨਹੀਂ; ਉਡਣੇ ਸਿੱਖ ਬਾਰੇ ਦਸਤਾਵੇਜ਼
‘ਉਡਣੇ ਸਿੱਖ’ ਵਜੋਂ ਜੱਗ-ਜਹਾਨ ਵਿਚ ਮਸ਼ਹੂਰ ਮਿਲਖਾ ਸਿੰਘ ਬਾਰੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਨਾਲ ਇਕ ਵਾਰ ਫਿਰ, ਮਿਲਖਾ ਸਿੰਘ ਦੀ ਬੱਲੇ ਬੱਲੇ ਹੋ ਗਈ ਹੈ। ਇਹ ਫਿਲਮ ਫਿਲਮਸਾਜ਼ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਬਣਾਈ ਹੈ। ਇਸ ਤੋਂ ਪਹਿਲਾਂ ਉਹ ‘ਰੰਗ ਦੇ ਬਸੰਤੀ’ ਫਿਲਮ ਬਣਾ ਕੇ ਬਥੇਰੀ ਤਾਰੀਫ ਕਰਵਾ ਚੁੱਕਾ ਹੈ, ਪਰ ਇਸ ਫਿਲਮ ਨਾਲ ਉਸ ਦੇ ਵਾਰੇ ਨਿਆਰੇ ਹੋ ਗਏ ਹਨ। ਅਸਲ ਵਿਚ ਇਸ ਫਿਲਮ ਲਈ ਮਹਿਰਾ ਨੇ ਮਿਹਨਤ ਵੀ ਬਥੇਰੀ ਕੀਤੀ ਹੈ। ਕੁਝ ਲੋਕ ਅਤੇ ਆਲੋਚਕ ਇਹ ਫਿਲਮ ਕੁਝ ਵਧੇਰੇ ਹੀ ਲੰਮੀ ਹੋ ਗਈ ਕਹਿ ਰਹੇ ਹਨ, ਪਰ ਇਕ ਗੱਲ ਸਾਫ ਹੈ ਕਿ ਡਾਇਰੈਕਟਰ ਦੀ ਫਿਲਮ ਉਤੇ ਪਕੜ ਹੈ। ਫਿਲਮ ਫਲੈਸ਼-ਬੈਕ ਤਕਨੀਕ ਨਾਲ ਬਣਾਈ ਗਈ ਹੈ। ਵਾਰ ਵਾਰ ਕਹਾਣੀ ਅਗਾਂਹ-ਪਛਾਂਹ ਜਾਂਦੀ ਹੈ। ਮਜਾਲ ਹੈ ਕਿ ਦਰਸ਼ਕ ਦਾ ਧਿਆਨ ਉਖੜ ਜਾਵੇ! ਫਿਲਮ ਦੀ ਕਹਾਣੀ ਇੰਨੀ ਜ਼ੋਰਦਾਰ ਬਣ ਗਈ ਹੈ ਕਿ ਦਰਸ਼ਕ ਕਿਤੇ ਵੀ ਗੁਆਚਦਾ ਨਹੀਂ, ਸਗੋਂ ਅਸ਼-ਅਸ਼ ਕਰ ਉਠਦਾ ਹੈ। ਫਿਲਮ ਦੀ ਸੰਪਾਦਨ ਕਲਾ ਜਿਹੜੀ ਕਿਸੇ ਵੀ ਫਿਲਮ ਦੀ ਜਿੰਦ-ਜਾਨ ਹੁੰਦੀ ਹੈ, ਹੈਰਾਨ ਕਰਨ ਵਾਲੀ ਹੈ। ਇਹ ਫਿਲਮ ਆਖਰਕਾਰ ਜ਼ਿੰਦਗੀ ਦਾ ਜਸ਼ਨ ਹੋ ਨਿਬੜਦੀ ਹੈ। ਫਿਲਮ ਵਿਚ ਮਿਲਖਾ ਸਿੰਘ ਦਾ ਕਿਰਦਾਰ ਫਰਹਾਨ ਅਖਤਰ ਨੇ ਨਿਭਾਇਆ ਹੈ। ਉਸ ਨੇ ਇਸ ਕਿਰਦਾਰ ਵਿਚ ਰੂਹ ਫੂਕ ਦਿੱਤੀ ਹੈ। ਇਹ ਕਿਰਦਾਰ ਉਂਜ ਬੜਾ ਪੇਚੀਦਾ ਸੀ, ਕਿਉਂਕਿ ਮਿਲਖਾ ਸਿੰਘ ਦੀਆਂ ਅਣਗਿਣਤ ਭਾਵਨਾਵਾਂ ਨੂੰ ਇਕੋ ਵੇਲੇ ਸਕਰੀਨ ਉਤੇ ਸਾਕਾਰ ਕਰਨਾ ਹੁੰਦਾ ਸੀ। ਫਰਹਾਨ ਨੇ ਮਿਲਖਾ ਸਿੰਘ ਕੋਲੋਂ ਨਿੱਕੀ ਤੋਂ ਨਿੱਕੀ ਗੱਲ ਵੀ ਪੁੱਛੀ, ਉਹਦਾ ਸਟਾਈਲ ਸਮਝਿਆ। ਸ਼ਾਇਦ ਇਸੇ ਕਰ ਕੇ ਮਿਲਖਾ ਸਿੰਘ ਦੀ ਜੀਵਨ ਸਾਥਣ ਨਿਰਮਲ ਕੌਰ ਜੋ ਖੁਦ ਭਾਰਤੀ ਵਾਲੀਬਾਲ ਟੀਮ ਦੀ ਕੈਪਟਨ ਰਹਿ ਚੁੱਕੀ ਹੈ, ਕਹਿੰਦੀ ਹੈ: “ਇਸ ਮੁੰਡੇ ਨੇ ਤਾਂ ਕਮਾਲ ਕਰ ਦਿੱਤਾ।” ਫਿਲਮ ਵਿਚ ਫਰਹਾਨ ਦੀ ਅਦਾਕਾਰੀ ਦਾ ਸਵੈ-ਭਰੋਸਾ ਕਮਾਲ ਦਾ ਹੈ। ਉਸ ਨੇ ਇਹ ਕਿਰਦਾਰ ਇੰਨਾ ਖੁੱਭ ਕੇ ਨਿਭਾਇਆ ਹੈ ਕਿ ਹੁਣ ਜਦ ਕਦੀ ਵੀ ਮਿਲਖਾ ਸਿੰਘ ਦੀ ਗੱਲ ਚੱਲੇਗੀ, ਫਰਹਾਨ ਅਖਤਰ ਦਾ ਚਿਹਰਾ ਵੀ ਨਾਲ ਦੀ ਨਾਲ ਸਾਹਮਣੇ ਆਇਆ ਕਰੇਗਾ; ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਸੰਸਾਰ ਪ੍ਰਸਿੱਧ ਫਿਲਮ ‘ਗਾਂਧੀ’ ਵਿਚ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬੈੱਨ ਕਿੰਗਸਲੇ ਨਾਲ ਹੋਇਆ ਸੀ। ਫਿਲਮ ਵਿਚ ਜਦੋਂ ਦੌੜ ਮੁਕਾਬਲਾ ਸਕਰੀਨ ਉਤੇ ਆ ਰਿਹਾ ਹੁੰਦਾ ਹੈ, ਤਾਂ ਫਿਲਮ ਦੇ ਦਰਸ਼ਕ ਤਾੜੀਆਂ ਵਜਾਉਂਦੇ ਹਨ; ਐਨ ਉਸੇ ਤਰ੍ਹਾਂ ਜਦੋਂ ਅਸਲੀ ਮੁਕਾਬਲੇ ਵੇਲੇ ਲੋਕ ਸੀਟਾਂ ਤੋਂ ਉਠ ਉਠ ਕੇ ਤਾੜੀਆਂ ਅਤੇ ਕੂਕਾਂ ਮਾਰਦੇ ਹਨ। ਇਉਂ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਅਤੇ ਫਰਹਾਨ ਅਖਤਰ ਨੇ ਮਿਲਖਾ ਸਿੰਘ ਨੂੰ ਇਕ ਵਾਰ ਫਿਰ ਸਕਰੀਨ ਉਤੇ ਸਾਕਾਰ ਕਰ ਦਿੱਤਾ। ਇਸ ਫਿਲਮ ਵਿਚ ਫਰਹਾਨ ਹੀ ਨਹੀਂ, ਹੋਰ ਕਲਾਕਾਰਾਂ ਨੇ ਵੀ ਪੂਰਾ ਰੰਗ ਬੰਨ੍ਹਿਆ ਹੈ। ਸੋਨਮ ਕਪੂਰ ਨੇ ਤਾਂ ਸੁਹੱਪਣ ਦੇ ਰੰਗ ਬਖੇਰੇ ਹੀ ਹਨ; ਦਿਵਿਆ ਦੱਤਾ, ਪਵਨ ਮਲਹੋਤਰਾ ਅਤੇ ਪ੍ਰਕਾਸ਼ ਰਾਜ ਨੇ ਆਪੋ-ਆਪਣੇ ਕਿਰਦਾਰਾਂ ਨਾਲ ਫਿਲਮ ਵਿਚ ਜਾਨ ਪਾ ਦਿੱਤੀ ਹੈ। ਫੌਜ ਦੇ ਕੋਚ ਗੁਰਦੇਵ ਸਿੰਘ ਦੇ ਰੂਪ ਵਿਚ ਉਸ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਨਿੱਕੇ ਨਿੱਕੇ ਹੋਰ ਰੋਲ ਨਿਭਾਅ ਕੇ ਕਈ ਕਲਾਕਾਰਾਂ ਨੇ ਭਰਪੂਰ ਹਾਜ਼ਰੀ ਲੁਆਈ ਹੈ। ਮੁਹਾਲੀ ਦੇ ਮੁੰਡੇ ਜਪਤੇਜ ਸਿੰਘ ਨੇ ਮਿਲਖਾ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ।
_______________________________________
ਫਿਲਮ ਦੇਖ ਕੇ ਕਾਰਲ ਲੂਈਸ ਨੇ ਕੀਤਾ ਫੋਨ
‘ਭਾਗ ਮਿਲਖਾ ਭਾਗ’ ਦੀ ਕਲਗੀ ਵਿਚ ਇਕ ਹੋਰ ਫੂੰਦਾ ਲੱਗ ਗਿਆ ਹੈ। ਇਹ ਫਿਲਮ ਆਪਣੇ ਸਮੇਂ ਦੇ ਮਹਾਨ ਅਮਰੀਕੀ ਦੌੜਾਕ ਕਾਰਲ ਲੂਈਸ ਨੇ ਆਪਣੇ ਇਕ ਭਾਰਤੀ ਪ੍ਰਸੰਸਕ ਦੀ ਮੱਦਦ ਨਾਲ ਦੇਖੀ ਅਤੇ ਤੁਰੰਤ ਮਿਲਖਾ ਸਿੰਘ ਨੂੰ ਫੋਨ ਕੀਤਾ। ਮਿਲਖਾ ਸਿੰਘ ਨੇ ਕਾਰਲ ਲੂਈਸ ਦੇ ਫੋਨ ਦੀ ਪੁਸ਼ਟੀ ਕੀਤੀ ਹੈ।
ਉਹ ਦੱਸਦੇ ਹਨ: “ਕਾਰਲ ਇਸ ਗੱਲੋਂ ਬਹੁਤ ਪ੍ਰਭਾਵਤ ਹੋਇਆ ਕਿ ਮੈਂ ਇੰਨੇ ਔਖੇ ਹਾਲਾਤ ਵਿਚ ਵੀ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਕਾਰਲ ਨੇ ਮੈਨੂੰ ਤੋਹਫਾ ਭੇਜਣ ਕਈ ਵੀ ਆਖਿਆ ਹੈ ਅਤੇ ਮੈਥੋਂ ਸਿਰਨਾਵਾਂ ਲੈ ਲਿਆ ਹੈ। ਹੈਰਾਨ ਹਾਂ, ਉਸ ਨੇ ਕਿੰਨੇ ਤਰੱਦਦ ਨਾਲ ਮੇਰਾ ਫੋਨ ਲੱਭਿਆ ਹੋਵੇਗਾ।” ਇਸ ਤੋਂ ਪਹਿਲਾਂ ਇਹ ਦੋਵੇਂ ਮਹਾਨ ਖਿਡਾਰੀ ਇਕ-ਦੂਜੇ ਨੂੰ ਨਾ ਤਾਂ ਮਿਲੇ ਹਨ ਅਤੇ ਹੀ ਕਦੀ ਗੱਲਬਾਤ ਹੋਈ ਹੈ।

Be the first to comment

Leave a Reply

Your email address will not be published.