ਪ੍ਰਿੰæ ਸਰਵਣ ਸਿੰਘ
ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਚੁੱਕਾ ਹੈ। ਲੋਕ ਮਾਨਸਿਕਤਾ ਵਿਚ ਉਸ ਨੂੰ ‘ਹੀਰੋ’ ਦਾ ਮੁਕਾਮ ਹਾਸਲ ਹੈ। ਜਦੋਂ ਕੋਈ ਜੁਆਨ ਕਿਤੇ ਦੌੜਨ ਦੀ ਸ਼ੇਖੀ ਮਾਰ ਰਿਹਾ ਹੋਵੇ ਤਾਂ ਸੁਣਨ ਵਾਲੇ ਆਖਦੇ ਹਨ, “ਤੂੰ ਕਿਹੜਾ ਮਿਲਖਾ ਸਿੰਘ ਐਂ!”
‘ਭਾਗ ਮਿਲਖਾ ਭਾਗ’ ਫਿਲਮ ਨਾਲ ਮੈਨੂੰ ਜੁਆਨ ਮਿਲਖਾ ਸਿੰਘ ਮੁੜ ਯਾਦ ਆ ਗਿਐ। 1958 ‘ਚ ਮੈਂ ਉਹਨੂੰ ਪਹਿਲੀ ਵਾਰ ਫਿਲਮੀ ਪਰਦੇ ‘ਤੇ ਦੌੜਦਾ ਵੇਖਿਆ ਸੀ। ਉਦੋਂ ਉਸ ਨੇ ਕਰਡਿਫ ਦੀਆਂ ਕਾਮਨਵੈਲਥ ਖੇਡਾਂ ‘ਚੋਂ ਗੋਲਡ ਮੈਡਲ ਜਿੱਤਿਆ ਸੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਉਹਦੀ ਦੌੜ ਦਾ ਟ੍ਰੇਲਰ ਵਿਖਾਇਆ ਗਿਆ ਜੋ ਅਸੀਂ ਜਗਰਾਓਂ ਦੇ ਸਿਨਮਾ ਘਰ ‘ਚ ਵੇਖਿਆ। ਸੰਭਵ ਹੈ, ਮੇਰੇ ਖੇਡ ਲੇਖਕ ਬਣਨ ਵਿਚ ਉਸ ਦੌੜ ਦੇ ਦ੍ਰਿਸ਼ ਦਾ ਵੀ ਕੁਝ ਅਸਰ ਹੋਵੇ। ਫਿਰ ਮੈਂ 1962 ‘ਚ ਉਸ ਨੂੰ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਦੌੜਦਿਆਂ ਵੇਖਿਆ। ਨਾ ਸਿਰਫ ਵੇਖਿਆ ਬਲਕਿ ਉਸੇ ਟਰੈਕ ਉਤੇ ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਪ੍ਰੈਕਟਿਸ ਕਰ ਰਹੇ ਸਾਂ। ਉਹ ਛਕ-ਛਕ ਕਰਦਾ ਦੌੜਦਾ ਸੀ ਤੇ ਉਹਦਾ ਚਿੱਟਾ ਕੱਛਾ ਹਵਾ ‘ਚ ਸ਼ੂਕਦਾ ਸੀ।
ਮੈਨੂੰ ਉਸ ਨਾਲ 1966 ਵਿਚ ਕੀਤੀ ਪਹਿਲੀ ਇੰਟਰਵਿਊ ਵੀ ਯਾਦ ਆ ਗਈ ਹੈ। ਉਸ ਨੂੰ ‘ਫਲਾਈਂਗ ਸਿੱਖ’ ਕਿਹਾ ਜਾਂਦਾ ਸੀ ਤੇ ‘ਦੌੜ ਦਾ ਬਾਦਸ਼ਾਹ’ ਵੀ। ਫਲਾਈਂਗ ਸਿੱਖ ਦਾ ਖਿਤਾਬ ਉਸ ਨੂੰ ਪਾਕਿਸਤਾਨ ਦੀ ਧਰਤੀ ‘ਤੇ ਮਿਲਿਆ ਸੀ ਜਿਥੇ ਉਹ ਦੇਸ਼ ਵੰਡ ਤੋਂ ਪਹਿਲਾਂ ਜੰਮਿਆ ਸੀ। ਮਿਲਖਾ ਸਿੰਘ ਨੇ ਲਿਖਵਾਈ ਤੇ ਪੰਜਾਬੀ ਦੇ ਨਾਮਵਰ ਕਵੀ ਪਾਸ਼ ਨੇ ਲਿਖੀ ਉਸ ਦੀ ਸਵੈਜੀਵਨੀ ਦਾ ਨਾਂ ਇਸੇ ਕਰਕੇ ‘ਫਲਾਈਂਗ ਸਿੱਖ ਮਿਲਖਾ ਸਿੰਘ’ ਰੱਖਿਆ ਸੀ। ਸਵੈਜੀਵਨੀ ਲਿਖਣ ਦੇ ਕਾਰਜ ਨੂੰ ‘ਦੇਸ ਪ੍ਰਦੇਸ’ ਦੇ ਬਾਨੀ ਐਡੀਟਰ ਤਰਸੇਮ ਪੁਰੇਵਾਲ ਨੇ ਸਿਰੇ ਚੜ੍ਹਵਾਇਆ ਸੀ। ਇਹ ਗੱਲ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਮੈਨੂੰ ਦੱਸੀ ਸੀ ਜਿਹੜਾ ਪਾਸ਼ ਦਾ ਜੋਟੀਦਾਰ ਰਿਹਾ ਹੈ। ਆਖਰੀ ਕਾਂਡ ਲਿਖਣ ਵੇਲੇ ਪਾਸ਼ ਦੇ ਅੜ ਬਹਿਣ ਦੀ ਕਹਾਣੀ ਸ਼ਮਸ਼ੇਰ ਸੰਧੂ ਹੀ ਲਿਖੇ ਤਾਂ ਵਧੇਰੇ ਜਚੇਗੀ। ‘ਦੌੜ ਦਾ ਬਾਦਸ਼ਾਹ’ ਸਿਰਲੇਖ ਮੈਂ ਮਿਲਖਾ ਸਿੰਘ ਦੇ ਰੇਖਾ ਚਿੱਤਰ ਦਾ ਰੱਖਿਆ ਸੀ ਜੋ ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉਘੇ ਖਿਡਾਰੀ’ ਵਿਚ ਛਪਿਆ।
ਮਿਲਖਾ ਸਿੰਘ ਤੋਂ ਬਾਅਦ 400 ਮੀਟਰ ਦੌੜ ਵਿਚ ਅਜਮੇਰ ਸਿੰਘ ਚਮਕਿਆ ਸੀ ਜੋ ਏਸ਼ੀਆ ਦਾ ਚੈਂਪੀਅਨ ਬਣਿਆ। ਉਹ ਮੇਰਾ ਮਿੱਤਰ ਸੀ। ਮੇਰੇ ਕਹਿਣ ‘ਤੇ ਉਹ ਮੈਨੂੰ ਮਿਲਖਾ ਸਿੰਘ ਦੇ ਘਰ ਲੈ ਗਿਆ। ਘਰੇਲੂ ਮਹੌਲ ਵਿਚ ਖੁੱਲ੍ਹ ਕੇ ਗੱਲਾਂ ਹੋਈਆਂ। ਮਿਲਖਾ ਸਿੰਘ ਦਾ ਬਚਪਨ ਪੱਛਮੀ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਵਿਚ ਕਸਬੇ ਕੋਟ ਅੱਦੂ ਕੋਲ ਪਿੰਡ ਗੋਬਿੰਦਪੁਰਾ ਵਿਚ ਬੀਤਿਆ ਸੀ। ਉਹ ਪੰਜ ਭਰਾ ਸਨ ਤੇ ਤਿੰਨ ਭੈਣਾਂ। ਉਨ੍ਹਾਂ ਦੇ ਦੋ ਕੱਚੇ ਕੋਠੇ ਸਨ-ਇਕ ਵਿਚ ਡੰਗਰ ਬੱਝਦੇ ਤੇ ਦੂਜੇ ‘ਚ ਟੱਬਰ ਸੌਂਦਾ। ਪਿੰਡੋਂ ਪੰਜ ਮੀਲ ਦੂਰ ਉਹ ਨੰਗੇ ਪੈਰੀਂ ਪੜ੍ਹਨ ਜਾਂਦਾ। ਤਪਦੀ ਧੁੱਪ ‘ਚ ਤੱਤੇ ਰੇਤਲੇ ਰਾਹ ‘ਤੇ ਉਹਦੇ ਪੈਰ ਭੁੱਜਦੇ ਤਾਂ ਉਹ ਦੌੜਨ ਲੱਗ ਪੈਂਦਾ ਤੇ ਕਿਸੇ ਰੁੱਖ ਦੀ ਛਾਂਵੇਂ ਰੁਕ ਕੇ ਠੰਢੇ ਕਰਦਾ। ਤੱਤੀ ਰੇਤ ਉਤੇ ਦੌੜਨਾ ਉਸ ਦੇ ਜੀਵਨ ਦੀਆਂ ਮੁੱਢਲੀਆਂ ਦੌੜਾਂ ਸਨ।
ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਉਹਦਾ ਵੱਡਾ ਭਾਈ ਮੱਖਣ ਸਿੰਘ ਮੁਲਤਾਨ ਫੌਜ ਵਿਚ ਸੀ। ਗੋਬਿੰਦਪੁਰੇ ਨੂੰ ਜਨੂੰਨੀ ਲੁਟੇਰਿਆਂ ਨੇ ਘੇਰਾ ਪਾਇਆ ਤਾਂ ਬਾਰਾਂ ਤੇਰਾਂ ਸਾਲ ਦੇ ਮਿਲਖਾ ਸਿੰਘ ਨੇ ਦੌੜ ਕੇ ਮੁਲਤਾਨ ਜਾਣ ਵਾਲੀ ਗੱਡੀ ਜਾ ਫੜੀ। ਗੱਡੀ ‘ਚ ਥਾਂ ਪਰ ਥਾਂ ਲਹੂ ਡੁੱਲ੍ਹਿਆ ਹੋਇਆ ਸੀ। ਉਹ ਜ਼ਨਾਨੇ ਡੱਬੇ ਵਿਚ ਸੀਟਾਂ ਹੇਠ ਜਾ ਲੁਕਿਆ। ਔਰਤਾਂ ਉਹਨੂੰ ਜੇਬਕਤਰਾ ਸਮਝ ਕੇ ਰੌਲਾ ਪਾਉਣ ਲੱਗੀਆਂ। ਮਾਸੂਮ ਮਿਲਖਾ ਸਿੰਘ ਤਰਲਾਇਆ ਕਿ ਉਹ ਰੌਲਾ ਨਾ ਪਾਉਣ, ਨਹੀਂ ਤਾਂ ਜਨੂੰਨੀ ਉਹਦਾ ਜੂੜਾ ਵੇਖ ਕੇ ਉਹਨੂੰ ਮਾਰ ਦੇਣਗੇ। ਜ਼ਨਾਨੀਆਂ ਵਿਚ ਰੱਬੋਂ ਦਇਆ ਵੱਧ ਹੁੰਦੀ ਹੈ। ਉਹ ਰੋਂਦੇ ਬੱਚੇ ‘ਤੇ ਤਰਸ ਖਾ ਗਈਆਂ ਤੇ ਉਹਨੂੰ ਲੁਕਿਆ ਰਹਿਣ ਦਿੱਤਾ। ਇਉਂ ਉਹ ਦੌੜਾਂ ਦਾ ਬਾਦਸ਼ਾਹ ਬਣਨ ਲਈ ਬਚ ਗਿਆ!
ਮਿਲਖਾ ਸਿੰਘ ਮੁਲਤਾਨ ਪੁੱਜ ਗਿਆ ਤੇ ਆਪਣੀ ਭਰਜਾਈ ਨਾਲ ਫੌਜੀ ਟਰੱਕ ਵਿਚ ਫਿਰੋਜ਼ਪੁਰ ਆ ਗਿਆ। ਮੱਖਣ ਸਿੰਘ ਫੌਜ ‘ਚ ਹੁੰਦਿਆਂ ਵੀ ਆਪਣੇ ਪਰਿਵਾਰ ਨੂੰ ਨਾ ਬਚਾ ਸਕਿਆ। ਗੋਬਿੰਦਪੁਰਾ ਅੱਗ ਦੀ ਭੇਟ ਚੜ੍ਹ ਗਿਆ। ਸਾਰੇ ਸਿੱਖ, ਸਣੇ ਮਿਲਖਾ ਸਿੰਘ ਦੇ ਮਾਤਾ ਪਿਤਾ ਤੇ ਭੈਣ ਭਾਈਆਂ ਦੇ, ਕਤਲ ਕਰ ਦਿੱਤੇ ਗਏ। ਕੇਵਲ ਵਿਆਹੀ ਹੋਈ ਭੈਣ ਆਪਣੇ ਸਹੁਰਿਆਂ ਨਾਲ ਬਚ ਕੇ ਦਿੱਲੀ ਆ ਸਕੀ।
ਫਿਰੋਜ਼ਪੁਰ ਦੇ ਸ਼ਰਨਾਰਥੀ ਕੈਂਪ ‘ਚ ਰੁਲਣ, ਪਰਿਵਾਰ ਦੇ ਜੀਆਂ ਨੂੰ ਯਾਦ ਕਰਨ ਤੇ ਰੋਣ ਅਤੇ ਰੋਟੀ-ਟੁੱਕ ਲਈ ਫੌਜੀਆਂ ਦੇ ਬੂਟ ਪਾਲਸ਼ ਕਰਨ ਪਿੱਛੋਂ ਉਹ ਦਿੱਲੀ ਆਪਣੀ ਭੈਣ ਨੂੰ ਜਾ ਮਿਲਿਆ। ਭੈਣ ਆਪਣੇ ਵੀਰੇ ਲਈ ਬੇਹੀ ਰੋਟੀ ਵੀ ਸਹੁਰਿਆਂ ਤੋਂ ਲੁਕਾ ਕੇ ਰੱਖਦੀ ਤੇ ਉਹ ਸੁੱਕੀ ਰੋਟੀ ਪਾਣੀ ਨਾਲ ਨਿਗਲਦਾ। ਨਿੱਤ ਉਹਨੂੰ ਤਾਅਨੇ-ਮਿਹਣੇ ਸੁਣਨੇ ਪੈਂਦੇ। ਉਹਨੇ ਫੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਛਾਤੀ ਪੂਰੀ ਨਾ ਹੋਣ ਕਾਰਨ ਜਵਾਬ ਮਿਲ ਜਾਂਦਾ। ਨਿਰਾਸ਼ ਹੋਇਆ ਉਹ ਅਵਾਰਾਗਰਦ ਬਣ ਗਿਆ, ਚੋਰੀ ਕੀਤੀ, ਚਾਕੂ ਚਲਾਏ ਤੇ ਰੇਲ ਗੱਡੀ ‘ਚ ਬੇਟਿਕਟਾ ਸਫਰ ਕਰਦਿਆਂ ਫੜਿਆ ਗਿਆ। ਭੈਣ ਨੇ ਟੂੰਮਾਂ ਗਹਿਣੇ ਰੱਖ ਕੇ ਜੇਲ੍ਹੋਂ ਕਢਾਇਆ। ਭਰਾ ਦੀ ਮਦਦ ਨਾਲ 1952 ਵਿਚ ਉਹ ਫੌਜ ਦਾ ਲਾਂਗਰੀ ਬਣਿਆ। ਰੰਗਰੂਟੀ ਕਰਨ ਵੇਲੇ ਕਰਾਸ ਕੰਟਰੀ ਲੱਗੀ ਤਾਂ ਉਹ ਛੇਵੇਂ ਨੰਬਰ ‘ਤੇ ਆਇਆ। ਉਸਤਾਦ ਨੇ ਪੁੱਛਿਆ, “ਜੁਆਨ ਚਾਰ ਸੌ ਮੀਟਰ ਦੀ ਦੌੜ ਲਾ ਲਏਂਗਾ?”
ਮਿਲਖਾ ਸਿੰਘ ਨੇ ਪੁੱਛਿਆ, “ਚਾਰ ਸੌ ਮੀਟਰ ਦੀ ਦੌੜ ਕਿੰਨੀ ਹੁੰਦੀ ਐ?”
ਉਤਰ ਮਿਲਿਆ, “ਟਰੈਕ ਦਾ ਇਕ ਪੂਰਾ ਚੱਕਰ।”
ਮਿਲਖਾ ਸਿੰਘ ਨੇ ਕਿਹਾ, “ਇਕ ਚੱਕਰ ਤਾਂ ਕੀ, ਮੈਂ ਦਸ ਚੱਕਰ ਲਾ ਸਕਦਾਂ।”
ਉਸਤਾਦ ਨੇ ਸਮਝਾਇਆ ਕਿ ਇਕੋ ਚੱਕਰ ਵਿਚ ਹੀ ਦਸ ਚੱਕਰਾਂ ਜਿੰਨਾ ਜ਼ੋਰ ਲਾਉਣਾ ਹੁੰਦੈ। ਮਿਲਖਾ ਸਿੰਘ ਨੂੰ ਦੌੜਨ ਦਾ ਮੌਕਾ ਮਿਲਿਆ ਤਾਂ ਉਹ ਸਾਧਾਰਨ ਦਾਲ ਰੋਟੀ ਖਾ ਕੇ ਦੌੜਨ ਦਾ ਅਭਿਆਸ ਕਰਨ ਲੱਗਾ। ਰਾਤ ਨੂੰ ਜਦੋਂ ਹੋਰ ਫੌਜੀ ਸੁੱਤੇ ਹੁੰਦੇ ਤਾਂ ਉਹ ਚੋਰੀ ਛਿਪੇ ਟਰੈਕ ਵਿਚ ਦੌੜਿਆ ਫਿਰਦਾ। ਹਨੇਰੇ ‘ਚ ਦੌੜਦਾ, ਕੁਝ ਪਲ ਬਹਿੰਦਾ ਤੇ ਫੇਰ ਦੌੜਨ ਲੱਗ ਪੈਂਦਾ। ਜਦੋਂ ਸਰੀਰ ਦੀ ਸੱਤਿਆ ਮੁੱਕ ਜਾਂਦੀ ਤਾਂ ਆਪਣੀ ਚਾਰਪਾਈ ਹੇਠਾਂ ਪਲੇਟ ਨਾਲ ਢਕੀ ਰੋਟੀ ਖਾ ਕੇ ਸੌਂ ਜਾਂਦਾ। ਉਹਨੂੰ ਕੋਈ ਸਾਇੰਟੇਫਿਕ ਕੋਚਿੰਗ ਨਹੀਂ ਸੀ ਮਿਲ ਰਹੀ। ਬੱਸ ਦੌੜਨ ਦੀ ਲਗਨ ਹੀ ਉਹਦੀ ਕੋਚਿੰਗ ਸੀ!
ਉਸ ਨੇ 70 ਮੁਲਕਾਂ ਵਿਚ 82 ਦੌੜਾਂ ਦੌੜੀਆਂ ਜਿਨ੍ਹਾਂ ‘ਚ 79 ਵਾਰ ਉਹਨੂੰ ਜਿੱਤ ਨਸੀਬ ਹੋਈ। ਉਸ ਨੇ ਤਿੰਨ ਉਲੰਪਿਕ ਖੇਡਾਂ ਅਤੇ ਦੋ ਏਸ਼ੀਆਈ ਤੇ ਕਾਮਨਵੈਲਥ ਖੇਡਾਂ ਵਿਚ ਭਾਗ ਲਿਆ। ਕਈ ਤਮਗੇ ਜਿੱਤੇ ਤੇ ਕਈ ਰਿਕਾਰਡ ਰੱਖੇ। 1960 ਵਿਚ ਉਸ ਨੇ 200 ਮੀਟਰ ਦੌੜ 20æ8 ਸੈਕੰਡ ਤੇ 400 ਮੀਟਰ 45æ6 ਸੈਕੰਡ ‘ਚ ਲਾਈ। ਉਹਦੇ ਇਹ ਰਿਕਾਰਡ ਦਹਾਕਿਆਂ ਤੱਕ ਕਾਇਮ ਰਹੇ। ਟੋਕੀਓ-58 ਦੀਆਂ ਏਸ਼ਿਆਈ ਖੇਡਾਂ ਸਮੇਂ ਪਾਕਿਸਤਾਨ ਦਾ ਦੌੜਾਕ ਅਬਦੁੱਲ ਖਾਲਿਕ ਕਿਸੇ ਨੂੰ ਨਿਗਾਹ ਹੇਠ ਨਹੀਂ ਸੀ ਲਿਆਉਂਦਾ। 200 ਮੀਟਰ ਦੀ ਦੌੜ ਤੋਂ ਪਹਿਲਾਂ ਮਿਲਖਾ ਸਿੰਘ ਨੂੰ ਮਿਲਾਇਆ ਤਾਂ ਉਹਨੇ ਫੜ੍ਹ ਮਾਰੀ, “ਏਸ ਸਿਖੜੇ ਨੇ ਮੇਰਾ ਧੱਕਾ ਕਿਥੋਂ ਸਹਿਣਾ ਏਂ?”
ਅਬਦੁੱਲ ਖਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਜਿਹੜਾ 200 ਮੀਟਰ ਦੀ ਦੌੜ ਜਿਤਦਾ ਉਹ ਏਸ਼ੀਆ ਦਾ ਬੈਸਟ ਅਥਲੀਟ ਬਣਨਾ ਸੀ। ਦੌੜ ਸ਼ੁਰੂ ਹੋਈ ਤੇ ਅਖੀਰ ਤਕ ਦੋਵੇਂ ਬਰਾਬਰ ਦੌੜਦੇ ਗਏ। ਜੋਸ਼ ਵਿਚ ਸਾਰਾ ਸਟੇਡੀਅਮ ਪੈਰਾਂ ਭਾਰ ਖੜ੍ਹਾ ਹੋ ਗਿਆ। ਦੌੜ ਪੂਰੀ ਹੋਣ ‘ਤੇ ਮਿਲਖਾ ਸਿੰਘ ਲੜਖੜਾ ਕੇ ਡਿੱਗ ਪਿਆ। ਕੁਝ ਸਮਾਂ ਉਡੀਕਣ ਤੇ ਦੌੜ ਸਮਾਪਤੀ ਦੀ ਫੋਟੋ ਘੋਖਣ ਉਪਰੰਤ ਐਲਾਨ ਹੋਇਆ-ਮਿਲਖਾ ਸਿੰਘ ਫਸਟ!
ਮਿਲਖਾ ਸਿੰਘ ਦੇ ਖੁਸ਼ੀ-ਵੱਸ ਹੰਝੂ ਵਹਿ ਨਿਕਲੇ। ਉਹਦੇ ਉਤੇ ਕੈਮਰਿਆਂ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਸਾਥੀਆਂ ਦੀਆਂ ਜੱਫੀਆਂ ਨੇ ਉਹਨੂੰ ਮਧੋਲ ਲਿਆ। ਡੌਰ-ਭੌਰ ਉਹ ਆਪਣੇ ਕਮਰੇ ‘ਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ। ਉਹਨੇ ਆਪਣੇ ਆਪ ਨੂੰ ਗਹੁ ਨਾਲ ਵੇਖਿਆæææਭੁਜਦੇ ਪੈਰਾਂ ਨਾਲ ਰੇਤਲੇ ਰਾਹਾਂ ‘ਤੇ ਰੁੱਖਾਂ ਦੀਆਂ ਛਾਂਵਾਂ ਵੱਲ ਦੌੜਦਾ, ਲਹੂ ਲਿਬੜੀ ਗੱਡੀ ‘ਚ ਲੁਕ ਕੇ ਸਫਰ ਕਰਦਾ, ਸ਼ਰਨਾਰਥੀ ਕੈਂਪ ‘ਚ ਰੁਲਦਾ, ਬੂਟ ਪਾਲਸ਼ ਕਰਦਾ, ਲੁਕਾ ਕੇ ਰੱਖੀ ਬੇਹੀ ਰੋਟੀ ਨਿਗਲਦਾ, ਉਸ ਨੇ ਮੁੰਦੀਆਂ ਅੱਖਾਂ ਮੁੜ ਖੋਲ੍ਹੀਆਂ। ਸਿਰ ਬਾਹਾਂ ਵਿਚ ਘੁੱਟ ਲਿਆ ਤੇ ਮੰਜੇ ‘ਤੇ ਲੇਟ ਗਿਆ। ਜੋ ਕੁਝ ਖ਼ੁਆਬ ‘ਚ ਵੀ ਨਹੀਂ ਸੀ, ਉਹ ਹਕੀਕਤ ਬਣ ਗਿਆ ਸੀ। ਜਪਾਨ ਦਾ ਸ਼ਹਿਨਸ਼ਾਹ ਉਹਨੂੰ ਇਨਾਮ ਦੇ ਰਿਹਾ ਸੀ। ਤਿਰੰਗਾ ਲਹਿਰਾ ਰਿਹਾ ਸੀ ਤੇ ‘ਜਨ ਗਨ ਮਨ’ ਗੂੰਜ ਰਿਹਾ ਸੀ। ਦੁਨੀਆਂ ਵਿਚ ‘ਮਿਲਖਾ ਸਿੰਘ-ਮਿਲਖਾ ਸਿੰਘ’ ਹੋ ਰਹੀ ਸੀ!
ਉਸੇ ਸਾਲ ਕਾਰਡਿਫ ਦੀਆਂ ਕਾਮਨਵੈਲਥ ਖੇਡਾਂ ਹੋਈਆਂ। ਉਹ 400 ਮੀਟਰ ਦੌੜ ਭਾਰਤ ਦੇ ਪਹਿਲੇ ਅਥਲੀਟ ਵਜੋਂ ਜਿੱਤਿਆ। ਬਰਤਾਨੀਆ ਦੀ ਮਲਕਾ ਨੇ ਉਹਨੂੰ ਆਪਣੇ ਕੋਲ ਸੱਦ ਕੇ ਵਧਾਈ ਦਿੱਤੀ। ਕਈ ਸਾਲ ਪਿੱਛੋਂ ਮਿਲਖਾ ਸਿੰਘ ਇੰਗਲੈਂਡ ਗਿਆ ਤਾਂ ਸ਼ਹਿਜ਼ਾਦੀ ਐਨ ਨੇ ਆਪਣੀ ਬੱਘੀ ਮਿਲਖਾ ਸਿੰਘ ਕੋਲ ਰੁਕਵਾ ਲਈ ਤੇ ‘ਹੈਲੋ ਮਿਲਖਾ ਸਿੰਘ’ ਕਹਿ ਕੇ ਹਾਲ ਚਾਲ ਪੁੱਛਿਆ। ਇੰਡੋ-ਪਾਕਿ ਅਥਲੈਟਿਕ ਮੀਟ ਲਾਹੌਰ ਹੋਈ ਤਾਂ ਉਥੇ ਉਹ ਕਈ ਕਦਮਾਂ ਦੀ ਲੀਡ ਨਾਲ ਫਸਟ ਆਇਆ। ਅਨਾਊਂਸਰ ਕਹਿਣ ਲੱਗਾ, “ਮਿਲਖਾ ਸਿੰਘ ਨੇ ਇਹ ਦੌੜ, ਦੌੜ ਕੇ ਨਹੀਂ, ਉਡ ਕੇ ਪੂਰੀ ਕੀਤੀ ਏ। ਅਸੀਂ ਇਹਨੂੰ ‘ਫਲਾਈਂਗ ਸਿੱਖ’ ਦਾ ਖਿਤਾਬ ਦੇਨੇ ਆਂ।”
1960 ਵਿਚ ਜਦੋਂ ਰੋਮ ਦੀਆਂ ਉਲੰਪਿਕ ਖੇਡਾਂ ਹੋਈਆਂ ਉਦੋਂ 400 ਮੀਟਰ ਦੌੜ ਦਾ ਉਲੰਪਿਕ ਰਿਕਾਰਡ 45æ9 ਸੈਕੰਡ ਸੀ। ਸਵੀਡਨ ‘ਚ ਮਿਲਖਾ ਸਿੰਘ ਇਹ ਦੌੜ 45æ9 ਸੈਕੰਡ ਵਿਚ ਦੌੜ ਚੁੱਕਾ ਸੀ। ਪੈਰਿਸ ਵਿਚ ਉਸ ਨੇ ਇਹ ਦੌੜ 45æ8 ਸੈਕੰਡ ਵਿਚ ਲਾ ਕੇ ਪਹਿਲਾ ਰਿਕਾਰਡ ਤੋੜ ਦਿੱਤਾ। ਉਸ ਦਾ ਵਿਸ਼ਵਾਸ ਪੱਕਾ ਹੋ ਗਿਆ ਕਿ ਉਹ ਉਲੰਪਿਕ ਜਿੱਤ ਲਏਗਾ।
ਰੋਮ ਦੇ ਉਲੰਪਿਕ ਸਟੇਡੀਅਮ ਵਿਚ 400 ਮੀਟਰ ਦੀ ਫਾਈਨਲ ਦੌੜ ਸ਼ੁਰੂ ਹੋਈ ਤਾਂ ਬਹੁਤੇ ਲੋਕਾਂ ਦੀਆਂ ਨਿਗਾਹਾਂ ਮਿਲਖਾ ਸਿੰਘ ਉਤੇ ਸਨ। ਦਾੜ੍ਹੀ ਤੇ ਜੂੜੇ ਨਾਲ ਉਹ ਨਿਰਾਲਾ ਦਿਸ ਰਿਹਾ ਸੀ। ਢਾਈ ਸੌ ਮੀਟਰ ਉਹ ਬਹੁਤ ਤੇਜ਼ ਦੌੜਿਆ ਤੇ ਲੱਗਦਾ ਸੀ ਕਿ ਉਹ ਸਭ ਤੋਂ ਮੂਹਰੇ ਹੈ। ਮਿਲਖਾ ਸਿੰਘ ਦੇ ਦੱਸਣ ਅਨੁਸਾਰ ਉਸ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹ ਖਤਰਨਾਕ ਹੱਦ ਤਕ ਤੇਜ਼ ਦੌੜ ਰਿਹੈ। ਸਿਰ ‘ਚ ਆਈ ਸੋਚ ਇਕਦਮ ਉਹਦੇ ਪੈਰਾਂ ‘ਚ ਲਹਿ ਗਈ ਜਿਵੇਂ ਤੇਜ਼ ਰਫਤਾਰ ਚਲਦੀ ਗੱਡੀ ਗੇਅਰ ‘ਚੋਂ ਨਿਕਲ ਜਾਵੇ। ਟਰੈਕ ਦੀ ਟੇਢ ਤੋਂ ਸੇਧ ‘ਤੇ ਪੁੱਜਦਿਆਂ ਉਹ ਕੱਟਿਆ ਗਿਆ। ਸੇਧ ਉਤੇ ਲਾਇਆ ਸਿਰਤੋੜ ਜ਼ੋਰ ਵੀ ਕੁਝ ਨਾ ਕਰ ਸਕਿਆ। ਉਹ ਚੌਥੀ ਥਾਂ ਆ ਸਕਿਆ ਪਰ ਉਸ ਦਾ ਸਮਾਂ 45æ6 ਸੈਕੰਡ ਪਹਿਲੇ ਉਲੰਪਿਕ ਰਿਕਾਰਡ ਨਾਲੋਂ ਬਿਹਤਰ ਸੀ। ਉਸ ਮੁਲਾਕਾਤ ਵਿਚ ਉਸ ਨੇ ਮੱਥੇ ‘ਤੇ ਹੱਥ ਮਾਰਦਿਆਂ ਕਿਹਾ ਸੀ, “ਢਾਈ ਸੌ ਮੀਟਰ ‘ਤੇ ਕੀਤੀ ਗਲਤੀ ਦਾ ਅਹਿਸਾਸ ਮੈਨੂੰ ਸਾਰੀ ਉਮਰ ਰਹੇਗਾ।”
ਫੌਜੀ ਨੌਕਰੀ ਪਿੱਛੋਂ ਮਿਲਖਾ ਸਿੰਘ ਨੇ ਖੇਡ ਵਿਭਾਗ ਦੀ ਡਾਇਰੈਕਟਰੀ ਕੀਤੀ। ਵਾਲੀਬਾਲ ਦੀ ਖਿਡਾਰਨ ਨਿਰਮਲ ਸੈਣੀ ਨਾਲ ਪਿਆਰ ਵਿਆਹ ਕਰਵਾਇਆ। ਉਨ੍ਹਾਂ ਦਾ ਪੁੱਤਰ ਚਿਰੰਜੀਵ ਗੌਲਫ ਵਿਚ ਕੌਮਾਂਤਰੀ ਪੱਧਰ ‘ਤੇ ਚਮਕਿਆ। ਮਿਲਖਾ ਸਿੰਘ ਨੇ ਐਲਾਨ ਕੀਤਾ ਜੇ ਕੋਈ ਭਾਰਤੀ ਅਥਲੀਟ ਉਹਦੇ ਜਿਊਂਦੇ ਜੀਅ ਉਹਦਾ ਰਿਕਾਰਡ ਤੋੜੇ ਦੇਵੇ ਤਾਂ ਉਹ ਲੱਖ ਰੁਪਏ ਦਾ ਇਨਾਮ ਦੇਵੇਗਾ। 1960 ਵਿਚ ਘਾਹ ਵਾਲੇ ਤੇ ਸਿੰਡਰ ਟਰੈਕ ਸਨ ਅਤੇ ਸਮਾਂ ਸਟਾਪ ਘੜੀਆਂ ਨਾਲ ਹੱਥੀਂ ਲਿਆ ਜਾਂਦਾ ਸੀ। ਸੈਕੰਡ ਵੀ ਅਜੇ ਸੌਵੇਂ ਹਿੱਸੇ ਤੱਕ ਨਹੀਂ ਸਨ ਵੰਡੇ ਜਾਂਦੇ। ਉਦੋਂ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਮਿਲਖਾ ਸਿੰਘ ਨੇ 45æ6 ਸੈਕੰਡ ਦਾ ਰਿਕਾਰਡ ਰੱਖਿਆ ਸੀ। ਹੁਣ ਸਪਾਈਕਸ ਵੀ ਹੌਲੇ ਫੁੱਲ ਹਨ ਤੇ ਸਿੰਥੈਟਿਕ ਟਰੈਕ ਵੀ ਰਬੜ ਵਰਗੇ ਹਨ। ਮਿਲਖਾ ਸਿੰਘ ਦੇ ਕਿੱਲਾਂ ਵਾਲੇ ਬੂਟ ਪਟਿਆਲੇ ਨੈਸ਼ਨਲ ਸਪੋਰਟਸ ਇੰਸਟੀਚਿਊਟ ਵਿਚ ਰੱਖੇ ਹੋਏ ਹਨ ਜੋ ਦੇਸ਼ ਦੇ ਜੁਆਨਾਂ ਨੂੰ ਵੰਗਾਰ ਰਹੇ ਹਨ, “ਆਵੇ ਕੋਈ ਨਿੱਤਰੇ!”
Leave a Reply