ਜਗਦੇਵ ਸਿੰਘ ਜੱਸੋਵਾਲ ਦੀਆਂ ਖੇਡਾਂ

ਪ੍ਰਿੰ. ਸਰਵਣ ਸਿੰਘ
ਜੱਸੋਵਾਲ ਦਾ ਕੱਦ ਸਵਾ ਛੇ ਫੁੱਟ ਤੇ ਭਾਰ ਸਵਾ ਕੁਇੰਟਲ ਸੀ। ਮਣਾਂ ਵਿਚ ਤਿੰਨ ਮਣ ਤੇਰਾਂ ਸੇਰ। ਉਹ ਤਿੰਨਾਂ ਵਿਚ ਵੀ ਸੀ ਤੇ ਤੇਰਾਂ ‘ਚ ਵੀ। ਖੜ੍ਹਾ ਤਾਂ ਦਿਸਣਾ ਸੀ, ਬੈਠਾ ਵੀ ਦਿਸਦਾ ਸੀ। ਉਹਦਾ ਕੱਦ ਹੀ ਵੱਡਾ ਨਹੀਂ, ਨਾਂ ਵੀ ਵੱਡਾ ਸੀ। ਪੂਰਾ ਨਾਂ ਉਹਦੇ ਕੱਦ ਕਾਠ ਜਿੱਡਾ ਸੀ-ਜਥੇਦਾਰ ਜਗਦੇਵ ਸਿੰਘ ਜੱਸੋਵਾਲ। ਉਹ ਵੱਡੀ ਫਿਫਟੀ ਲਾਉਂਦਾ ਸੀ ਤੇ ਪੱਗ ਵੀ ਵੱਡੀ ਬੰਨ੍ਹਦਾ ਸੀ। ਉਹਦੀ ਦਾੜ੍ਹੀ ਵੀ ਵੱਡੀ ਸੀ ਤੇ ਮੁੱਛਾਂ ਵੀ ਵੱਡੀਆਂ। ਝੱਗਾ ਵੀ ਵੱਡਾ, ਜੇਬਾਂ ਖੀਸੇ ਵੀ ਵੱਡੇ ਤੇ ਹੱਡ-ਗੋਡੇ ਵੀ ਵੱਡੇ ਸਨ। ਜੇ ਉਹ ਕਬੱਡੀ ਦਾ ਧਾਵੀ ਹੁੰਦਾ ਤਾਂ ਕਿਸੇ ਤੋਂ ਡੱਕਿਆ ਨਹੀਂ ਸੀ ਜਾਣਾ।

ਜੇ ਜਾਫੀ ਹੁੰਦਾ ਤਾਂ ਕਿਸੇ ਨੂੰ ਜਾਣ ਨਹੀਂ ਸੀ ਦੇਣਾ। ਖੇਡ ਜਗਤ ਵਿਚ ਉਹਦੀ ਧੰਨ-ਧੰਨ ਹੋਣੀ ਸੀ। ਫਿਰ ਮੈਂ ਉਹਦੇ ਰੇਖਾ ਚਿੱਤਰ ਦਾ ਨਾਂ ‘ਧਰਤੀ ਧਕੇਲ’ ਰੱਖਦਾ, ਜਿਵੇਂ ਪਰਵੀਨ ਕੁਮਾਰ ਦਾ ‘ਧਰਤੀਧੱਕ’ ਰੱਖਿਆ ਸੀ। ਕੁਮੈਂਟਰੀ ਕਰਦਿਆਂ ਕਹਿਣਾ ਸੀ, “ਟੇਕ ਕੇ ਧਰਤੀ ਮਾਂ ਨੂੰ ਮੱਥਾ, ਮੰਗ ਕੇ ਸੂਰਜ ਤੋਂ ਵਰ, ਚੱਲਿਆ ਜੱਗਾ ਜੱਸੋਵਾਲੀਆ ਕੌਡੀ ਪਾਉਣ… ਜੁਆਨ ਦੀ ਚੜ੍ਹਤ ਵੇਖੋ, ਧਰਤੀ ਕੰਬਦੀ ਆ ਧਰਤੀ ਧਕੇਲ ਦੇ ਕਦਮਾਂ ਥੱਲੇ! ਥੱਬੇ ਥੱਬੇ ਦੇ ਪੱਟ, ਮੂੰਗਲਿਆਂ ਵਰਗੇ ਡੌਲੇ, ਖਰਾਸ ਦੇ ਪੁੜ ਵਰਗੀ ਛਾਤੀ, ਮੁਗਦਰ ਵਰਗਾ ਜੁੱਸਾ, ਵੇਖਦੇ ਆਂ ਕਿਹੜਾ ਮਾਈ ਦਾ ਲਾਲ ਜੱਗੇ ਨੂੰ ਡੱਕਦਾ? ਕਬੱਡੀ ਕਬੱਡੀ ਕਬੱਡੀ… ਔਹ ਮਾਰਿਆ ਜਾਫੀ ਚਲਾ ਕੇ ਮੱਕੀ ਦੇ ਪੂਲੇ ਵਾਂਗ, ਨੲ੍ਹੀਂ ਰੀਸਾਂ ਜੱਗੇ ਦੀਆਂ, ਜੀਂਦਾ ਰਹਿ ਓ ਜੁਆਨਾਂ!”
ਉਸ ਨੇ ਪਿੰਡ ਜੱਸੋਵਾਲ ਦੀ ਮਸ਼ਹੂਰੀ ਉਵੇਂ ਹੀ ਕਰਾਈ ਜਿਵੇਂ ਕਿਲਾ ਰਾਇਪੁਰ ਦੀਆਂ ਖੇਡਾਂ ਨੇ ਕਿਲਾ ਰਾਇਪੁਰ ਦੀ ਕਰਾਈ। ਜੇ ਜਗਦੇਵ ਸਿੰਘ ਨਾਂ ਨਾਲ ਗੋਤ ਗਰੇਵਾਲ ਜੋੜੀ ਰੱਖਦਾ ਤਾਂ ਪਿੰਡ ਜੱਸੋਵਾਲ ਨੂੰ ਦੂਰ-ਦੁਰਾਡੇ ਦੇ ਲੋਕ ਨਾ ਜਾਣ ਸਕਦੇ। ਜਗਦੇਵ ਸਿੰਘ ਦੇ ਨਾਂ ਨਾਲ ਜੱਸੋਵਾਲ ਦਾ ਨਾਂ ਵੀ ਦੂਰ ਤਕ ਧੁੰਮਿਆ। ਉਹ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ ਸੀ ਤੇ ਗਾਉਣ ਮੇਲਿਆਂ ਦਾ ਮੋਹੜੀਗੱਡ। ਮੇਲਿਆਂ-ਗੇਲਿਆਂ ‘ਚ ਮੇਲ੍ਹਦਾ ਉਹ ਹੱਸਦਾ ਖੇਲ੍ਹਦਾ ਤੁਰ ਗਿਆ।
ਉਸ ਨੇ ਗਾਉਣ ਮੇਲਿਆਂ ਨਾਲ ਖੇਡ ਮੇਲਿਆਂ ਵਿਚ ਵੀ ਯੋਗਦਾਨ ਪਾਇਆ, ਜਿਸ ਦਾ ਬਹੁਤੇ ਬੰਦਿਆਂ ਨੂੰ ਪਤਾ ਨਹੀਂ। ਉਸ ਨੇ ਦਸਵੀਂ ਤਕ ਦੀ ਪੜ੍ਹਾਈ ਕਿਲਾ ਰਾਇਪੁਰ ਦੇ ਹਾਈ ਸਕੂਲ ਤੋਂ ਕੀਤੀ ਸੀ, ਜਿਥੇ ਉਹ ਹਾਕੀ ਵੀ ਖੇਡਿਆ। ਫਿਰ ਕਿਲਾ ਰਾਇਪੁਰ ਦੀਆਂ ਖੇਡਾਂ ਨਾਲ ਜੁੜ ਕੇ ਗਾਉਣ ਵਜਾਉਣ ਵਾਲਿਆਂ ਦਾ ਪ੍ਰਬੰਧ ਕਰਦਾ ਰਿਹਾ। ਇਕ ਵਾਰ ਉਸ ਨੇ ਮੈਨੂੰ ਕਿਲਾ ਰਾਇਪੁਰ ਦੀਆਂ ਖੇਡਾਂ ‘ਚ ਉਚੇਚਾ ਸੱਦਿਆ। ਮੰਤਵ ਸੀ ਓਲੰਪਿਕ ਚੈਂਪੀਅਨ ਅਲੈਕਸੀ ਸਿੰਘ ਗਰੇਵਾਲ ਨਾਲ ਮਿਲਾਉਣਾ ਤੇ ਉਹਦੇ ਬਾਰੇ ਆਰਟੀਕਲ ਲਿਖਵਾਉਣਾ। ਅਲੈਕਸੀ ਅਮਰੀਕਾ ਦਾ ਜੰਮਪਲ ਹੋਣ ਕਰਕੇ ਅਮਰੀਕਨ ਸਿਟੀਜ਼ਨ ਸੀ। ਉਸ ਨੇ ਅਮਰੀਕਾ ਵੱਲੋਂ ਹੀ ਓਲੰਪਿਕ ਖੇਡਾਂ ਵਿਚ ਭਾਗ ਲਿਆ ਸੀ ਤੇ ਸਾਈਕਲ ਦੌੜ ਵਿਚੋਂ ਗੋਲਡ ਮੈਡਲ ਜਿੱਤਿਆ ਸੀ। ਉਸ ਦਾ ਪਿਤਾ ਨਾਰੰਗਵਾਲ ਦਾ ਗਰੇਵਾਲ ਸੀ ਤੇ ਮਾਂ ਜਰਮਨ ਮੂਲ ਦੀ। ਉਦੋਂ ਅਲੈਕਸੀ ਖੇਡਾਂ ‘ਤੇ ਨਹੀਂ ਸੀ ਪਹੁੰਚ ਸਕਿਆ, ਕਿਉਂਕਿ ਅਗਲੀ ਓਲੰਪਿਕਸ ਲਈ ਤਿਆਰੀ ਚਲਦੀ ਸੀ; ਪਰ 2019 ਵਿਚ ਉਹ ਕਿਲਾ ਰਾਇਪੁਰ ਆਇਆ, ਜਿਥੇ ਮੈਂ ਉਸ ਨੂੰ ਮਿਲਿਆ, ਫੋਟੋ ਖਿੱਚੀ ਤੇ ਉਹਦੇ ਬਾਰੇ ਲਿਖਿਆ।
ਜੱਸੋਵਾਲ ਖੇਡਾਂ ਦਾ ਪ੍ਰੇਮੀ ਸੀ ਤੇ ਕਦੇ ਕਦੇ ਖੇਡਾਂ ਬਾਰੇ ਕੁਝ ਲਿਖ ਵੀ ਦਿੰਦਾ ਸੀ। ਪਹਿਲਵਾਨ ਦਾਰਾ ਸਿੰਘ, ਓਲੰਪੀਅਨ ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਫਲਾਈਂਗ ਸਿੱਖ ਮਿਲਖਾ ਸਿੰਘ ਤੇ ਬਿਸ਼ਨ ਸਿੰਘ ਬੇਦੀ ਦੀਆਂ ਅਕਸਰ ਗੱਲਾਂ ਕਰਦਾ। ਇਕ ਵਾਰ ਪ੍ਰੋ. ਮੋਹਨ ਸਿੰਘ ਮੇਲੇ ‘ਚ ਉਸ ਨੇ ਦੇਵੀ ਦਿਆਲ ਹੋਰਾਂ ਦਾ ਕਬੱਡੀ ਮੈਚ ਕਰਵਾਇਆ। ਨਾਲ ਕੁਸ਼ਤੀਆਂ ਵੀ ਕਰਵਾਈਆਂ। ਪਿੰਡ ਸੂਜਾਪੁਰ ਦਾ ਵਿਸ਼ਵ ਪ੍ਰਸਿੱਧ ਪਹਿਲਵਾਨ ਟਾਈਗਰ ਜੀਤ ਸਿੰਘ ਉਹਦਾ ਦੋਸਤ ਸੀ, ਜੀਹਨੂੰ ਉਹਨੇ ਪ੍ਰੋ. ਮੋਹਨ ਸਿੰਘ ਮੇਲੇ ਵਿਚ ਸਨਮਾਨਿਆ। ਪੱਤਰਕਾਰ ਸੁਰਿੰਦਰਪ੍ਰੀਤ ਸਿੰਘ ਨੇ ‘ਜੀਤ ਨੇ ਜੱਗ ਜਿੱਤਿਆ’ ਪੁਸਤਕ ਲਿਖੀ ਤਾਂ ਜੱਸੋਵਾਲ ਨੇ ਲਿਖਿਆ:
ਮੁਖਬੰਦ
ਕੁਸ਼ਤੀਆਂ ਦੇ ਅਖਾੜੇ ਸਾਡੇ ਪੁਰਾਤਨ ਪੇਂਡੂ ਪੰਜਾਬ ਦੀ ਵਿਰਾਸਤ ਦਾ ਵਡਮੁੱਲਾ ਅੰਗ ਹਨ। ਪਹਿਲੇ ਸਮਿਆਂ ਵਿਚ ਕਿਸੇ ਪਿੰਡ ਦੀ ਸ਼ਨਾਖਤ ਉਸ ਪਿੰਡ ਦੇ ਪਹਿਲਵਾਨਾਂ ਕਰਕੇ ਹੋਇਆ ਕਰਦੀ ਸੀ। ਉਹ ਉਸ ਪਿੰਡ ਦੀ ਮਿੱਟੀ ‘ਚੋਂ ਜੰਮ ਕੇ, ਸਰੀਰ ਨੂੰ ਸੰਭਾਲ ਕੇ, ਵਰਜਿਸ਼ ਕਰ ਕੇ, ਕੁਸ਼ਤੀ ਦੇ ਦਾਅ ਪੇਚ ਸਿੱਖ ਕੇ, ਆਲੇ-ਦੁਆਲੇ ਦੇ ਪਿੰਡਾਂ ਵਿਚ, ਪਹਿਲਵਾਨੀ ਨਾਲ ਆਪਣੇ ਪਿੰਡ ਦਾ ਨਾਂ ਚਮਕਾਇਆ ਕਰਦੇ ਸਨ। ਤਾਹੀਉਂ ਪਿੰਡ ਦੇ ਲੋਕ ਉਸ ਨੂੰ ਦੁੱਧ ਘਿਉ ਤੇ ਬਦਾਮ ਖਵਾਉਂਦੇ, ਲੀੜਾ ਲੱਤਾ ਦਿੰਦੇ ਤੇ ਦੂਰ ਦੂਰ ਤਕ ਉਸ ਦੇ ਨਾਲ ਇਉਂ ਤੁਰਿਆ ਕਰਦੇ ਸਨ, ਜਿਵੇਂ ਲਾੜੇ ਨਾਲ ਬਰਾਤ ਜਾਇਆ ਕਰਦੀ ਹੈ। ਉਨ੍ਹਾਂ ਸਮਿਆਂ ਵਿਚ ਜੀਵਨ ਵਿਚ ਨਾ ਜਿ਼ਆਦਾ ਕਾਹਲੀ ਹੰੁਦੀ ਸੀ, ਨਾ ਕੁੜੱਤਣ, ਨਾ ਵੈਰ ਵਿਰੋਧ ਤੇ ਨਾ ਹੀ ਬੰਦਿਆਂ ਦੇ ਦਿਲ ਦਿਮਾਗ ਵਿਚ ਕ੍ਰੋਧ ਹੁੰਦਾ ਸੀ। ਪੰਜਾਬ ਦੇ ਅਨੇਕਾਂ ਭਲਵਾਨਾਂ ਦੇ ਨਾਂ ਗੱਭਰੂਆਂ ਨੂੰ ਤੇ ਆਮ ਲੋਕਾਂ ਨੂੰ ਸਕੂਲੀ ਪਹਾੜਿਆਂ ਵਾਂਗ ਯਾਦ ਹੁੰਦੇ ਸਨ। ਪਹਿਲਵਾਨ ਕਿੱਕਰ ਸਿੰਘ ਤੇ ਗਾਮੇ ਦੇ ਨਾਂ ਬੱਚੇ-ਬੱਚੇ ਦੀ ਜ਼ਬਾਨ ‘ਤੇ ਸਨ।
ਜਿਵੇਂ ਸੰਗੀਤ ਦੇ ਅਨੇਕਾਂ ਘਰਾਣੇ ਹਨ, ਉਵੇਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਅਨੇਕਾਂ ਪਹਿਲਵਾਨੀ ਅਖਾੜੇ ਹੁੰਦੇ ਸਨ। ਸ਼ੇਰੋਂ ਤੇ ਸੁਰ ਸਿੰਘ ਅੰਮ੍ਰਿਤਸਰ ਜਿਲੇ ਵਿਚ, ਸ਼ਾਹਕੋਟ ਤੇ ਨਾਥਾਂ ਦੀ ਬਗੀਚੀ ਆਦਿ ਜਲੰਧਰ ਵਿਚ, ਆਲਮਗੀਰ ਤੇ ਜਗਰਾਓਂ ਲੁਧਿਆਣੇ, ਹੀਰੋਂ ਤੇ ਝਾਲੋਂ ਦੇ ਅਖਾੜੇ ਸੰਗਰੂਰ ਜਿਲੇ ਵਿਚ, ਸਰਹਿੰਦ ਤੇ ਜੱਸੋਵਾਲ ਪਟਿਆਲਾ, ਹੁਸਿ਼ਆਰਪੁਰ ਦਾ ਅਖਾੜਾ, ਡੂੰਮਛੇੜੀ, ਕਾਈਨੌਰ ਤੇ ਕੁੰਭੜਾ ਰੋਪੜ ਜਿਲੇ ‘ਚ, ਡੱਡੂ ਮਾਜਰਾ ਹੁਣ ਚੰਡੀਗੜ੍ਹ ‘ਚ ਚਲਾ ਗਿਆ ਹੈ। ਬਿਲਗੇ ਦਾ ਅਖਾੜਾ ਵੀ ਮਸ਼ਹੂਰ ਸੀ। ਕੱਲੂ, ਗੁਲਾਮ, ਗੁੰਗਾ, ਗੰਡਾ ਸਿੰਘ ਜੌਹਲ, ਕੇਸਰ ਸਿੰਘ, ਦਾਰਾ, ਕਰਤਾਰ, ਟਾਈਗਰ ਜੁਗਿੰਦਰ ਸਿੰਘ, ਮੇਹਰਦੀਨ, ਚਾਂਦਗੀ ਰਾਮ, ਸਕੰਦਰ ਪਹਿਲਵਾਨ, ਰਾਮ ਕ੍ਰਿਸ਼ਨ, ਕੇਹਰ ਸ਼ਮੇਰ, ਭੋਲਾ ਪਹਿਲਵਾਨ ਤੇ ਜਗਦੀਸ਼ ਕਿੰਨੇ ਹੀ ਨਾਂ ਯਾਦ ਆ ਰਹੇ ਹਨ।
ਘੁਲਦਿਆਂ ਦਾਅ ਮਾਰਨ ਦਾ ਬੜਾ ਮਹੱਤਵ ਰਿਹਾ ਹੈ। ਅਸਲ ਵਿਚ ਕੁਸ਼ਤੀ ਹੈ ਹੀ ਦਾਅ ਮਾਰਨ ਤੇ ਰੋਕਣ ਦੀ ਖੇਡ। ਕਲਾਜੰਗ ਮਾਰਨਾ, ਰੇਲਾ ਕਰਨਾ, ਢਾਕ ਚਾੜ੍ਹਨਾ, ਪੱਟੀਂ ਪੈਣਾ, ਮੁਲਤਾਨੀ ਮਾਰਨੀ, ਅੰਦਰ ਟੰਗੀ, ਬਾਹਰ ਟੰਗੀ, ਧੋਬੀ ਪਟੜਾ, ਮੋੜਾ, ਕਿੱਲੀ, ਸੂਤਨੇ ਹੱਥ ਪਾਉਣਾ, ਅੰਦਰਲੀ ਤੇ ਬਾਹਰਲੀ ਮਾਰਨੀ, ਸੁੱਟ ਕਰਨੀ, ਠਿੱਬੀ ਲਾਉਣੀ, ਕਰਚੀ ਮਾਰਨੀ, ਸਫਾਲ ਸੁੱਟਣਾ, ਬਾਹਾਂ ਬੰਨ੍ਹਣੀਆਂ, ਭੰਨ ਕੇ ਢਾਹੁਣਾ, ਝੋਲੀ ਕਰਨੀ, ਗਫੂਆ ਮਾਰਨਾ, ਨਕਾਲੋਂ ਪੁੱਟਣਾ, ਘੋੜੀ ਪਾਉਣੀ, ਮੱਛੀ ਗੋਤਾ ਮਾਰਨਾ, ਗੋਡਾ ਟੇਕਣਾ, ਬੁੜ੍ਹਕਾ ਕੱਢਣਾ, ਸਾਲਤੂ, ਮੁੰਨਾ ਫੇਰਨਾ, ਕੁੜੰਗਾ, ਜੂੜ, ਕੁੱਲਾ, ਚੌਮੁਖੀਆ, ਬਾਗੜੀ, ਰਾਮ ਬਾਣ, ਪੌੜੀ, ਕੁੰਡਾ, ਇੱਕ ਟੰਗੀ, ਸਵਾਰੀ, ਰੇੜ੍ਹ, ਚਰਖਾ, ਜਨੇਊ, ਕਰਾਸ, ਪੁੱਠੀ, ਪੁੱਠਾ, ਬਗਲ, ਸਾਵੀਂ, ਦਸਤੀ ਤੇ ਤੇਗਾ ਆਦਿ ਅਨੇਕਾਂ ਦਾਅ ਹਨ, ਜਿਨ੍ਹਾਂ ਨੇ ਦੇਸੀ ਕੁਸ਼ਤੀ ਨੂੰ ਕਲਾਮਈ ਤੇ ਮਨਮੋਹਣੀ ਬਣਾਈ ਰੱਖਿਆ।
ਜਗਜੀਤ ਸਿੰਘ ਹਾਂਸ, ਜੋ ਬਾਅਦ ਵਿਚ ਟਾਈਗਰ ਜੀਤ ਸਿੰਘ ਦੇ ਨਾਂ ਨਾਲ ਸੰਸਾਰ ਭਰ ਵਿਚ ਜਾਣਿਆ ਗਿਆ, ਉਹ ਲੁਧਿਆਣੇ ਜਿਲੇ ਦੇ ਛੋਟੇ ਜਿਹੇ ਪਿੰਡ ਸੂਜਾਪੁਰ ‘ਚ ਜਨਮ ਲੈ ਕੇ ਕੌਮਾਂਤਰੀ ਪੱਧਰ ਦਾ, ਫਰੀ ਸਟਾਈਲ ਹੈਵੀ ਵੇਟ ਕੁਸ਼ਤੀਆਂ ਦਾ ਪਹਿਲਵਾਨ ਹੈ। ਉਸ ਦਾ ਲੜਕਾ ਟਾਈਗਰ ਅਲੀ ਸਿੰਘ ਸੰਸਾਰ ਦੇ ਪਹਿਲੇ ਦਰਜੇ ਦੇ ਪਹਿਲਵਾਨਾਂ ‘ਚੋਂ ਇਕ ਹੈ। ਟਾਈਗਰ ਜੀਤ ਸਿੰਘ ਡਬਲਿਯੂ. ਡਬਲਿਯੂ. ਈ. ਦਾ ਮਘਦਾ ਚਿਰਾਗ ਹੈ। ਮੈਂ ਉਸ ਨੂੰ, ਉਸ ਦੇ ਪਿੰਡ ਸੂਜਾਪੁਰ ਤੋਂ ਲੈ ਕੇ ਕੈਨੇਡਾ ‘ਚ ਓਨਟਾਰੀਓ ਸੂਬੇ ਦੇ ਮਿਲਟਨ ਸ਼ਹਿਰ ਵਿਚਲੇ ਉਸ ਦੇ ਕਿਲਾਨੁਮਾ ਬੰਗਲੇ ਤਕ, ਉਸ ਦਾ ਰਹਿਣ-ਸਹਿਣ, ਬੋਲਣ-ਚਾਲਣ, ਉਠਣ-ਬੈਠਣ ਦੇਖਿਆ ਹੈ। ਉਸ ਦਾ ਲੰਬਾ ਕੱਦ, ਗੁੰਦਵਾਂ ਸਰੀਰ, ਮਘਦਾ ਚਿਹਰਾ, ਚਮਕਦੀਆਂ ਅੱਖਾਂ, ਫੜਕਦੇ ਡੌਲੇ ਦੇਖ ਕੇ ਉਹ ਇੱਕੀਵੀਂ ਸਦੀ ਦਾ ਇਕ ਅਜੂਬਾ ਲੱਗਦਾ ਹੈ। ਉਸ ਦੀ ਮਿੱਠੀ ਬੋਲੀ ਤੇ ਮਿਲਾਪੜਾ ਸੁਭਾਅ ਦੇਖ ਕੇ ਹਰ ਬੰਦਾ ਉਸ ਨਾਲ ਪਲਾਂ ਵਿਚ ਹੀ ਘਿਉ ਖਿੱਚੜੀ ਹੋ ਜਾਂਦਾ ਹੈ ਤੇ ਇਉਂ ਮਹਿਸੂਸ ਕਰਦਾ ਹੈ, ਜਿਵੇਂ ਉਹ ਉਸ ਨੂੰ ਚਿਰਾਂ ਤੋਂ ਜਾਣਦਾ ਹੋਵੇ।
ਅਜੋਕੇ ਪੰਜਾਬ ਵਿਚ ਨੌਜੁਆਨ ਆਪਣੀ ਜੁਆਨੀ ਨੂੰ ਮਿੱਟੀ ਵਿਚ ਰੋਲ ਰਹੇ ਹਨ, ਨਸਿ਼ਆਂ ‘ਚ ਖਚਤ ਹਨ ਤੇ ਲੜਾਈਆਂ ਝਗੜਿਆਂ ‘ਚ ਮਰ ਰਹੇ ਹਨ। ਕਾਟੋ ਕਲੇਸ਼ ਵਿਚ ਪਏ ਹੋਏ ਹਨ ਤੇ ਨਸਿ਼ਆਂ ਦੇ ਦਰਿਆ ਵਿਚ ਚੁੱਭੀਆਂ ਮਾਰਦੇ ਡੁੱਬ ਰਹੇ ਹਨ। ਉਨ੍ਹਾਂ ਨੂੰ ਕੁਦਰਤ ਵੱਲੋਂ ਮਿਲੀ ਜਿ਼ੰਦਗੀ ਦੀ ਅਣਮੁੱਲੀ ਦਾਤ ਸੰਭਾਲਣ ਵਾਸਤੇ ਟਾਈਗਰ ਜੀਤ ਸਿੰਘ ਦੀ ਸਿੱਖਿਆਦਾਇਕ ਜੀਵਨੀ ਪੜ੍ਹਨ ਦੀ ਲੋੜ ਹੈ। ਮੈਂ ਇਸ ਦੇ ਲੇਖਕ ਸੁਰਿੰਦਰਪ੍ਰੀਤ ਸਿੰਘ ਦੀ ਕਲਮ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ। ਇਨ੍ਹਾਂ ਨੇ ਇਹ ਪੁਸਤਕ ਲਿਖ ਕੇ ਕਾਲੀ ਬੋਲੀ ਰਾਤ ਦੇ ਹਨੇਰੇ ਵਿਚ ਭਾਵੇਂ ਇਕ ਛੋਟਾ ਜਿਹਾ ਦੀਵਾ ਹੀ ਜਗਾਇਆ ਹੈ, ਪਰ ਇਹ ਦੱਸਣ ਦਾ ਜ਼ਰੂਰ ਯਤਨ ਕੀਤਾ ਹੈ ਕਿ ਡੁੱਲ੍ਹੇ ਬੇਰਾਂ ਨੂੰ ਹਾਲੇ ਵੀ ਸੰਭਾਲਿਆ ਜਾ ਸਕਦਾ ਹੈ। ਲੋੜ ਟਾਈਗਰ ਜੀਤ ਸਿੰਘ ਵਰਗੇ ਹੀਰਿਆਂ ਦੇ ਦੱਸੇ ਮਾਰਗ ‘ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਰਨ ਦੀ ਹੈ। ਸੰਸਾਰ ਤੇ ਪਰਿਵਾਰ ਵਿਚ ਮਨੁੱਖ ਦਾ ਸਰੀਰ ਹੀ ਅਜਿਹਾ ਪੁਲ ਹੈ, ਜੋ ਦੋਹਾਂ ਪੱਤਣਾਂ ਨੂੰ ਜੋੜਦਾ ਹੈ। ਜੇ ਸਰੀਰ ਹੀ ਨਰੋਆ ਨਾ ਰਿਹਾ ਤਾਂ ਨਾ ਪਰਿਵਾਰ ਹੈ ਤੇ ਨਾ ਹੀ ਸੰਸਾਰ। ਇਕ ਚੰਗੇ ਨਰੋਏ ਸਰੀਰ ਵਿਚ ਹੀ ਇਕ ਚੰਗੀ ਆਤਮਾ ਵਾਸ ਕਰ ਸਕਦੀ ਹੈ। ਜੇ ਬੰਦੇ ਦਾ ਸਰੀਰ ਹੀ ਢਿਚਕੂੰ ਢਿਚਕੂੰ ਕਰਦਾ ਹੋਵੇ, ਬਿਮਾਰੀਆਂ ਦਾ ਖਾਧਾ ਜਾਂ ਨਸ਼ਈ ਹੋਵੇ ਤਾਂ ਉਸ ਵਿਚ ਚੰਗੀ ਆਤਮਾ ਦਾ ਵਾਸਾ ਨਹੀਂ ਹੋ ਸਕਦਾ। ਜਿਵੇਂ ਤਿੜਕੇ ਘੜੇ ਵਿਚ ਪਾਣੀ ਦੀ ਤਿੱਪ ਨਹੀਂ ਬਚਦੀ, ਇਉਂ ਹੀ ਤਿੜਕੇ ਸਰੀਰ ਵਿਚ ਵੀ ਚੰਗੀ ਆਤਮਾ ਬਚ ਨਹੀਂ ਸਕਦੀ। ਨਵੀਂ ਪੀੜ੍ਹੀ ਨੂੰ ਸੁਰਿੰਦਰਪ੍ਰੀਤ ਸਿੰਘ ਨੇ ਟਾਈਗਰ ਜੀਤ ਸਿੰਘ ਦੀ ਜੀਵਨੀ ਲਿਖ ਕੇ ਇਕ ਚੰਗਾ ਸੁਨੇਹਾ ਦਿੱਤਾ ਹੈ ਕਿ ਅਸੀਂ ਆਪਣੀ ਸਰੀਰ ਰੂਪੀ ਵਡਮੁੱਲੀ ਦੌਲਤ ਨੂੰ ਅਜਾਈਂ ਨਾ ਗਵਾਈਏ ਤੇ ਦੁੱਧ ਦੇ ਵਲਟੋਹਿਆਂ ਨੂੰ ਬੰਜਰ ਜਾਂ ਟਿੱਬਿਆਂ ਵਿਚ ਨਾ ਵਹਾਈਏ। ਇਸ ਯਤਨ ਲਈ ਲੇਖਕ ਵਧਾਈ ਦਾ ਪਾਤਰ ਹੈ। ਇਹ ਉਸ ਦਾ ਪੱਤਰਕਾਰੀ ਦੇ ਕਿੱਤੇ ਪ੍ਰਤੀ ਹੀ ਨਹੀਂ, ਸਗੋਂ ਕੌਮ ਪ੍ਰਤੀ ਵੀ ਸ਼ਲਾਘਾਯੋਗ ਯਤਨ ਹੈ। ਪੰਜਾਬੀ ਗੱਭਰੂ ਇਹ ਪੁਸਤਕ ਪੜ੍ਹ ਕੇ ਜ਼ਰੂਰ ਨਵੀਂ ਸੇਧ ਲੈਣਗੇ। ਉਹ ਟਾਈਗਰ ਜੀਤ ਸਿੰਘ ਵਰਗਿਆਂ ਦੇ ਗੌਰਵਮਈ ਜੀਵਨ ਨੂੰ ਅਪਨਾਉਣ ਲਈ ਉਤਸ਼ਾਹਿਤ ਹੋਣਗੇ, ਨਾ ਕਿ ਫਿਲਮਾਂ ਦੇ ਝੂਠੇ, ਮਨਘੜਤ ਤੇ ਦਿਖਾਵੇ ਦੇ ਐਕਟਰਾਂ ਦੀ ਨਕਲ ਕਰਨਗੇ।
ਪੰਜਾਬ ਦੇ ਪੁੱਤਰ ਸਦਾ ਜਿਊਣਯੋਗ ਜੀਵਨ ਧਾਰਾ ਵਿਚ ਕਾਰਜਸ਼ੀਲ ਰਹਿੰਦੇ ਆਏ ਹਨ। ਅਭਿਆਸ, ਕਿਰਤ, ਕਰਮ, ਸੰਜਮ, ਸਾਧਨਾ, ਸਮਰੱਥਾ, ਸੰਘਰਸ਼, ਸਹਿਯੋਗ, ਸਿਹਤਮੰਦ ਮਨੋਰੰਜਨ, ਸਹੀ ਮੁਕਾਬਲੇ, ਮੱਲਾਂ ਮਾਰਨੀਆਂ, ਮੱਲ ਤੇ ਚੋਬਰ ਬਣ ਕੇ ਰਹਿਣਾ, ਪੰਜਾਬੀ ਜੁੱਸਿਆਂ ਦਾ ਜ਼ਰੂਰੀ ਅੰਗ ਰਿਹਾ ਹੈ। ਗੁਰਵਾਕ ਵੀ ਹੈ:
ਹਉਂ ਗੁਸਾਈਂ ਕਾ ਪਹਲਵਾਨੜਾ॥
ਮੈਂ ਗੁਰ ਮਿਲ ਉਚ ਦੁਮਾਲੜਾ॥
ਪਹਿਲਵਾਨ, ਫੱਕਰ ਤੇ ਦਰਵੇਸ਼ ਹੋਇਆ ਕਰਦੇ ਹਨ। ਇਨ੍ਹਾਂ ਫੱਕਰਾਂ ਦੀ ਜੀਵਨ ਘਾਲਣਾ ਅਤੇ ਮਿਹਨਤ-ਮੁਸ਼ੱਕਤ ਚੰਦਨ ਦੀ ਮਹਿਕ ਵਰਗੀ ਹੁੰਦੀ ਹੈ। ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਠੀਕ ਹੀ ਕਿਹਾ ਹੈ:
ਡੰਡ ਬੈਠਕਾਂ ਬਾਝ ਨਾ ਬਣੇ ਮੱਲੀ,
ਜਿਉਂ ਹਿਸਾਬ ਨਾ ਬਾਝ ਪਹਾੜਿਆਂ ਦੇ।
ਭਾਈਆਂ ਬਾਝ ਨਾ ਮਹਿਫਿਲਾਂ ਸੋਂਹਦੀਆਂ ਨੇ,
ਜੰਜਾਂ ਸੋਂਹਦੀਆਂ ਨਾ ਬਾਝ ਲਾੜਿਆਂ ਦੇ।
ਪ੍ਰੋ. ਕਰਮ ਸਿੰਘ ਦੇ ਸ਼ਾਗਿਰਦ ਪਿਆਰਾ ਸਿੰਘ ਰਛੀਨ ਨੇ ਪੰਜਾਬ ਦੇ ਨਾਮਵਰ ਪਹਿਲਵਾਨਾਂ ਅਤੇ ਕੁਸ਼ਤੀ ਅਖਾੜਿਆਂ ਬਾਰੇ ਪੁਸਤਕ ਲਿਖ ਕੇ ਵਡਮੁੱਲਾ ਕਾਰਜ ਕੀਤਾ ਸੀ। ਸੁਰਿੰਦਰਪ੍ਰੀਤ ਸਿੰਘ ਨੇ ਪਹਿਲਵਾਨੀ ਦੇ ਧਰੂ ਤਾਰੇ ਟਾਈਗਰ ਜੀਤ ਸਿੰਘ ਦੀ ਜੀਵਨੀ ‘ਤੇ ਪੁਸਤਕ ਲਿਖ ਕੇ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ ਹੈ। ਅਜਿਹੇ ਯਤਨਾਂ ਦਾ ਸੁਆਗਤ ਕਰਨਾ ਬਣਦਾ ਹੈ। ਇਹ ਤਸੱਲੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਟਾਈਗਰ ਜੀਤ ਸਿੰਘ ਨੇ ਆਪਣੀ ਬਾਕੀ ਦੀ ਜਿੰ਼ਦਗੀ ਪੰਜਾਬ ਦੇ ਨੌਜੁਆਨਾਂ ਨੂੰ ਨਸਿ਼ਆਂ ਤੋਂ ਮੁਕਤ ਕਰਵਾਉਣ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਰਪਨ ਕਰਨ ਦਾ ਫੈਸਲਾ ਕੀਤਾ ਹੈ। ਉਹ ਪੰਜਾਬ ਵਿਚ ਦੋ ਵੱਡੇ ਖੇਡ ਕੰਪਲੈਕਸ ਵੀ ਉਸਾਰਨ ਦੀ ਸੋਚ ਰਿਹਾ ਹੈ, ਜਿਨ੍ਹਾਂ ਨਾਲ ਆਪਣੀ ਜੰਮਣ ਭੋਇੰ ਦਾ ਕਰਜ਼ ਉਤਾਰਨਾ ਚਾਹੁੰਦਾ ਹੈ। ਸਾਨੂੰ ਸਭ ਨੂੰ ਇਸ ਸ਼ੁਭ ਕਾਰਜ ਵਾਸਤੇ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਹ ਪੁਸਤਕ ਉਸੇ ਰਸਤੇ ਵੱਲ ਚੁੱਕਿਆ ਇਕ ਸਾਰਥਕ ਕਦਮ ਹੈ।
ਜਗਦੇਵ ਸਿੰਘ ਜੱਸੋਵਾਲ
27 ਅਪਰੈਲ 2003, ਲੁਧਿਆਣਾ।

ਜੱਸੋਵਾਲ ਵੱਡੇ ਦਿਲ ਵਾਲਾ ਬੰਦਾ ਸੀ। ਪਰਾਂਤ ਜਿੱਡਾ ਦਿਲ ਸੀ ਉਹਦਾ। ਆਇਆਂ ਗਿਆਂ ਨੂੰ ਪਰਾਂਤਾਂ ਭਰ-ਭਰ ਛਕਾਉਂਦਾ। ਜੱਗ ਭਰ-ਭਰ ਪਿਆਉਂਦਾ। ਉਹਦਾ ਘਰ ਆਉਣ-ਜਾਣ ਵਾਲਿਆਂ ਦਾ ਜੰਕਸ਼ਨ ਸੀ, ਜਿਥੇ ਆਵਾਜਾਈ ਬਣੀ ਰਹਿੰਦੀ। ਉਥੇ ਸਾਜ਼ ਵੀ ਵਜਦੇ ਤੇ ਭਾਂਡੇ ਵੀ ਖੜਕਦੇ। ਉਹਦੇ ਘਰ ਆਉਣ ਵਾਲਿਆਂ ‘ਚ ਵਿਚੇ ਗਵੱਈਏ ਹੁੰਦੇ, ਵਿਚੇ ਹਸੱਈਏ; ਵਿਚੇ ਲਿਖਾਰੀ, ਵਿਚੇ ਮਦਾਰੀ; ਵਿਚੇ ਜੋਗੀ, ਵਿਚੇ ਭੋਗੀ; ਵਿਚੇ ਭੰਡ, ਵਿਚੇ ਨਕਲੀਏ; ਵਿਚੇ ਜੌੜੇ ਤੇ ਵਿਚੇ ਭੌਰੇ। ਵਿਚੇ ਮਹਿੰਦਰ ਚੀਮਾ, ਵਿਚੇ ਪਰਗਟ ਗਰੇਵਾਲ। ਸਵਾ ਕੁਇੰਟਲ ਦੇ ਗੁਰਭਜਨ ਗਿੱਲ ਤੋਂ ਲੈ ਕੇ ਪੰਜਾਹ ਕਿੱਲੋ ਦੇ ਨਿੰਦਰ ਘੁਗਿਆਣਵੀ ਤੇ ਸਵਾ ਮਣ ਦੇ ਸੁਰਜੀਤ ਪਾਤਰ ਤੋਂ ਲੈ ਕੇ ਢਾਈ ਮਣ ਦੇ ਸ਼ਮਸ਼ੇਰ ਸੰਧੂ ਤਕ-ਸਭ ਆਉਂਦੇ ਜਾਂਦੇ ਰੌਣਕਾਂ ਲਾਈ ਰੱਖਦੇ। ਜੱਸੋਵਾਲ ਦਾ ‘ਆਲ੍ਹਣਾ’ ਉਹਦੇ ਲਈ ਭਾਵੇਂ ਆਲ੍ਹਣਾ ਸੀ, ਪਰ ਆਉਣ-ਜਾਣ ਵਾਲਿਆਂ ਲਈ ਨੂਰ ਮਹਿਲ ਦੀ ਸਰਾਂ ਸੀ, ਜਿਥੇ ਚਹਿਲ-ਪਹਿਲ ਹੁੰਦੀ ਰਹਿੰਦੀ। ਚੁੱਲ੍ਹੇ ਤਪਦੇ ਰਹਿੰਦੇ ਤੇ ਲੰਗਰ ਚਲਦਾ ਰਹਿੰਦਾ। ਉਹਦਾ ਕੁੱਤਾ ਕਿਸੇ ਨੂੰ ਭੌਂਕਦਾ, ਕਿਸੇ ਨੂੰ ਨਾ ਭੌਂਕਦਾ। ਜੱਸੋਵਾਲ ਬਿਮਾਰ ਹੋਇਆ ਤਾਂ ਦੁੱਧ ਲਈ ਬੱਕਰੀ ਰੱਖਣੀ ਪਈ। ਉਹ ਵਿਚੇ ਮਿਆਂਕੀ ਜਾਂਦੀ, ਵਿਚੇ ਮੀਂਗਣਾਂ ਨਾਲ ਵਿਹੜਾ ਸਿ਼ੰਗਾਰੀ ਜਾਂਦੀ। ਜੱਸੋਵਾਲ ਦੀ ਸਰਦਾਰਨੀ ਸੁਰਜੀਤ ਕੌਰ ਬੱਕਰੀ ਨੂੰ ਬੁਰਾ ਭਲਾ ਕਲਪਦੀ, “ਨੀ ਤੂੰ ਆਉਣ ਸਾਰ ਈ ਮਿਆਂਕੀ ਜਾਨੀ ਐਂ। ਮੈਨੂੰ ਦੇਖ`ਲਾ ਤੀਹ ਸਾਲ ਹੋ`ਗੇ, ਸੀ ਨੀ ਕੀਤੀ। ਚੁੱਪ ਕਰ`ਜਾ ਭੈਣੇ, ਬਥੇਰਾ ਮਿਆਂਕ ਲਿਆ।” ਉਹਦੀ ਬੁੜ ਬੁੜ ਕਿਸੇ ਨੂੰ ਸੁਣਦੀ, ਕਿਸੇ ਨੂੰ ਨਾ ਸੁਣਦੀ।
ਵਿਚੇ ਬੰਦੇ ਆਈ ਜਾਂਦੇ, ਵਿਚੇ ਜਾਈ ਜਾਂਦੇ। ਚੁੱਲ੍ਹਾ ਤਪਦਾ ਰਹਿੰਦਾ, ਰੌਣਕ ਮੇਲਾ ਲੱਗਿਆ ਰਹਿੰਦਾ। ਜਦੋਂ ਬੰਦੇ ਆਉਂਦੇ ਤਾਂ ਉਹ ਭੌਂਪੂ ਵਜਾਉਂਦਾ, ਜਿਸ ਦੀ ਆਵਾਜ਼ ਸੁਣ ਕੇ ਨੌਕਰ ਭੱਜਿਆ ਆਉਂਦਾ। ਉਹ ਕਹਿੰਦਾ, “ਕਾਕਾ, ਬੰਦੇ ਗਿਣ ਲੈ। ਦੋ ਦੋ ਮਿੱਸੇ ਪਰੌਂਠੇ, ਦਹੀਂ ਦੀ ਇਕ ਇਕ ਬਾਟੀ, ਅੰਬ ਦਾ ਅਚਾਰ, ਗੰਢਾ ਤੇ ਹਰੀ ਮਿਰਚ, ਲੱਸੀ ਤੇ ਗੁੜ। ਲੈ ਆ, ਬੱਸ ਛੇਤੀ ਲੈ ਆ। ਬੰਦੇ ਆ`ਗੇ। ਜਾਹ ਬੀਬੀ ਨੂੰ ਪੁੱਛ ਕਿਹੜੀ ਚੀਜ਼ ਹੈਗੀ, ਕਿਹੜੀ ਹੈਨੀ? ਆਹ ਸੁਣ ਹੋਕਾ। ਲੱਗਦਾ ਸਬਜ਼ੀ ਆਲਾ ਹੋਕਾ ਦਿੰਦਾ।”
ਜੱਸੋਵਾਲ ਨਾਲ ਨਿੰਦਰ ਘੁਗਿਆਣਵੀ ਤੇ ਨੌਕਰ ਬਾਹਰ ਨਿਕਲੇ। ਰੇਹੜੀ ਉਤੇ ਭੱਈਆ ਸਾਗ ਵੇਚਦਾ ਫਿਰਦਾ ਸੀ। ਜੱਸੋਵਾਲ ਨੇ ਪੁੱਛਿਆ, “ਕਾਕਾ, ਹਾਅ ਸਾਰਾ ਸਾਗ ਕਿੰਨੇ ਦਾ?”
ਭੱਈਆ ਬੋਲਿਆ, “ਇਹ ਸੌ ਰੁਪਏ ਕਾ ਹੈ ਜੀ।”
ਜੱਸੋਵਾਲ ਨੇ ਸੌ ਦਾ ਨੋਟ ਦਿੰਦਿਆਂ ਕਿਹਾ, “ਆਹ ਲੈ, ਲਾਹ ਦੇ ਸਾਰਾ ਈ।”
ਜਦੋਂ ਸਾਗ ਦੀ ਪੰਡ ਰਸੋਈ ‘ਚ ਰੱਖੀ ਤਾਂ ਬੀਬੀ ਰੌਲਾ ਪਾਉਣ ਲੱਗੀ, “ਲੈ ਹੈਂਅ, ਦੱਸੋ ਖਾਂ ਭਲਾ, ਐਨਾ ਸਾਗ ਕੀ ਪਸ਼ੂਆਂ ਨੂੰ ਪਾਉਣਾ ਸੀ? ਕੌਣ ਰਿਨੂੰ ਇਹਨੂੰ? ਮਣ ਪੱਕਾ ਸਾਗ ਚੱਕ ਲਿਆਏ… ਫੂਕਣਾ ਸੀ ਐਨਾ ਸਾਗ?”
ਜੱਸੋਵਾਲ ਨੇ ਆਖਿਆ, “ਗੁਆਂਢੀਆਂ ਦੇ ਘਰੀਂ ਦੇ ਆਓ… ਵੰਡ ਦਿਓ, ਚੁੰਡ ਦਿਓ, ਦਾਨ-ਪੁੰਨ ਕਰ ਦਿਓ, ਹਰੇਵਾਈ ਦਾਨ ਕਰਨੀ ਚੰਗੀ ਹੁੰਦੀ ਆ… ਘਰੇ ਹਰੇਵਾਈ ਆਈ ਆ, ਲੋਕ ਤਰਸਦੇ ਆ ਹਰੇਵਾਈ ਨੂੰ… ਚਾਰ-ਚੁਫੇਰੇ ਪੱਤਝੜ ਈ ਪੱਤਝੜ ਆ… ਵੰਡੋ ਕਾਕਾ, ਹਰੇਵਾਈ ਵੰਡੋ। ਮੈਂ ਖੁਸ਼ ਆਂ…।”
ਉਹ ਖੁਸ਼ੀ ਵੰਡਦਾ ਰਹਿੰਦਾ, ਬੀਬੀ ਬੁੜ ਬੁੜ ਕਰਨ ਪਿੱਛੋਂ ਚੁੱਪ ਵੱਟ ਲੈਂਦੀ। ਜੀਵਨ ਨੂੰ ਉਹ ਸਮਝਦਾ ਹੀ ਮੇਲਾ-ਗੇਲਾ ਸੀ। ਹਰੇਕ ਗੱਲ ਪਿੱਛੋਂ ਉਹ ‘ਹੈਂ ਜੀ’ ਕਹਿੰਦਾ। ਹੁੰਗਾਰਾ ਨਾ ਮਿਲਦਾ ਤਾਂ ਆਪ ਹੀ ‘ਹਾਂ ਜੀ’ ਕਹਿ ਕੇ ਗੱਲ ਮੁਕਾ ਦਿੰਦਾ। ਕਹਿੰਦਾ ਰਹਿੰਦਾ, “ਬੱਸ ਆਹੀ ਹੁੰਦਾ, ਆਹੀ ਹੋਣਾ ਸੀ, ਹੈ ਕਿ ਨਾ, ਹੈਂ ਜੀ?”
ਉਹਦਾ ਜਨਮ ਲੁਧਿਆਣੇ ਤੋਂ ਨੌਂ ਕਿਲੋਮੀਟਰ ਲਾਂਭੇ ਪਿੰਡ ਜੱਸੋਵਾਲ ਸੂਦਾਂ ਵਿਚ 30 ਅਪਰੈਲ 1935 ਨੂੰ ਹੋਇਆ ਸੀ। ਉਸ ਦਾ ਪਿਤਾ ਕਹਿੰਦਾ-ਕਹਾਉਂਦਾ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਸੀ, ਜਿਸ ਦੀ ਪਤਨੀ ਸਰਦਾਰਨੀ ਅਮਰ ਕੌਰ ਦੀ ਕੁੱਖੋਂ ਪੰਜ ਪੁੱਤਰਾਂ ਨੇ ਜਨਮ ਲਿਆ। ਉਹਦਾ ਨਿੱਕੇ ਹੁੰਦੇ ਦਾ ਨਾਂ ‘ਜੁਗੋ’ ਸੀ, ਜੋ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਜਥੇਦਾਰ ਜਗਦੇਵ ਸਿੰਘ ਜੱਸੋਵਾਲ ਬਣਿਆ। ਉਹ ਅੱਸੀ ਸਾਲਾਂ ਨੂੰ ਢੁੱਕਦਿਆਂ 22 ਦਸੰਬਰ 2014 ਨੂੰ ਪੂਰਾ ਹੋਇਆ।
‘ਜੁਗੋ’ ਜਦੋਂ ਬੱਚਾ ਸੀ ਤਾਂ ਕਾਟੋਆਂ ਦਾ ਸਿ਼ਕਾਰ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਪੇਂਡੂ ਬੱਚਿਆਂ ਨੂੰ ਭੁਲੇਖਾ ਸੀ ਕਿ ਕਾਟੋ ਦੇ ਚੌਰਸ ਸਿਰ ਵਿਚ ਦੁਆਨੀ ਹੁੰਦੀ ਹੈ। ਕਾਟੋ ਕਿੱਕਰ `ਤੇ ਚੜ੍ਹ ਕੇ ਜਾਨ ਬਚਾਉਣ ਲੱਗਦੀ ਤਾਂ ਜੁਗੋ ਹੋਰੀਂ ਡਲੇ ਮਾਰ ਕੇ ਕਾਟੋ ਨੂੰ ਹੇਠਾਂ ਸੁੱਟ ਲੈਂਦੇ। ਫਿਰ ਸਿਰ ਫੇਹ ਕੇ ਵੇਖਦੇ, ਪਰ ਦੁਆਨੀ ਨਾ ਨਿਕਲਦੀ। ਫਾਇਰ ਫੋਕਾ ਨਿਕਲ ਜਾਣ `ਤੇ ਦੂਜੀ ਕਾਟੋ ਮਗਰ ਪੈਂਦੇ, ਪਰ ਦੁਆਨੀ ਫਿਰ ਵੀ ਨਾ ਮਿਲਦੀ। ਉਨ੍ਹਾਂ ਨੇ ਬਥੇਰੀਆਂ ਕਾਟੋਆਂ ਮਾਰੀਆਂ। ਸ਼ਾਇਦ ਉਨ੍ਹਾਂ ਕਾਟੋਆਂ ਨੂੰ ਮਾਰਨ ਦਾ ਪਾਪ ਹੀ ਲੱਗਾ ਕਿ ਜੁਗੋ ਤੋਂ ਜਥੇਦਾਰ ਜਗਦੇਵ ਸਿੰਘ ਬਣੇ ਜੱਸੋਵਾਲ ਨੂੰ ਸਿਆਸਤ ਰਾਸ ਨਾ ਆਈ। ਸਿਆਸਤ ਵਿਚ ਉਹ ਖੱਜਲ ਖੁਆਰ ਹੀ ਹੋਇਆ।
ਪਹਿਲਾਂ ਪਹਿਲ ਲੱਗਦਾ ਰਿਹਾ ਕਿ ਅਕਾਲੀ ਦਲ ‘ਚੋਂ ਕੁਛ ਨਿਕਲੂ, ਫਿਰ ਲੱਗਣ ਲੱਗਾ ਕਿ ਕਾਂਗਰਸ ‘ਚੋਂ ਨਿਕਲੂ। ਉਹ ਕਦੇ ਅਕਾਲੀਆਂ ਨਾਲ ਤੇ ਕਦੇ ਕਾਂਗਰਸੀਆਂ ਨਾਲ ਰਲਦਾ ਰਿਹਾ। ਕਦੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜਦਾ, ਕਦੇ ਅਕਾਲੀ ਦਲ ਦੀ ਟਿਕਟ ‘ਤੇ। ਉਹ ਦੋਹਾਂ ਦਾ ਸਿ਼ਕਾਰ ਕਰਦਾ ਖੁਦ ਦੋਹਾਂ ਦਾ ਸਿ਼ਕਾਰ ਹੁੰਦਾ ਰਿਹਾ। ‘ਦੁਆਨੀ’ ਕਿਸੇ ਪਾਸਿਓਂ ਨਾ ਨਿਕਲੀ। ਸਮਝ ਲਓ ਸਿਆਸਤਦਾਨਾਂ ਦੇ ਕਾਟੋ ਕਲੇਸ਼ ਦੀ ਭੇਟ ਚੜ੍ਹਦਾ ਰਿਹਾ। ਅਖੀਰ ਕਹਿਣ ਲੱਗ ਪਿਆ, “ਕਾਂਗਰਸੀ ਤੇ ਅਕਾਲੀ ਇਕੋ ਜੇ ਹਨ!” ਸਿਆਸਤਦਾਨ ਬਣੇ ਖਿਡਾਰੀ ਨਵਜੋਤ ਸਿੱਧੂ ਤੇ ਪਰਗਟ ਹੋਰੀਂ ਵੀ ਹੁਣ ਇਹੋ ਕਹੀ ਜਾਂਦੇ ਹਨ।
1980ਵਿਆਂ ਦਾ ਦਹਿਸ਼ਤੀ ਦੌਰ ਸੀ। ਅਸੀਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਵੋਟਾਂ ਪਾਉਣ ਪੰਜਾਬੀ ਭਵਨ ਗਏ। ਲਾਈਨ ‘ਚ ਲੱਗੇ ਤਾਂ ਜੱਸੋਵਾਲ ਵੀ ਮਗਰੇ ਆ ਖੜ੍ਹਾ ਹੋਇਆ। ਖੜ੍ਹੇ-ਖੜ੍ਹੇ ਨੇ ਪੁੱਛਿਆ, “ਵੋਟ ਪਾ ਕੇ ਕੀ ਕਰਨੈ?” ਮੈਂ ਆਖਿਆ, “ਢੁੱਡੀਕੇ ਮੁੜਨੈਂ।” ਉਸ ਨੇ ਖੇਡ ਮੇਲੇ ਦਾ ਫੀਲਾ ਸੁੱਟਿਆ, “ਚੱਲੋ ਜਗਤਪੁਰ ਟੂਰਨਾਮੈਂਟ ‘ਤੇ ਚੱਲੀਏ। ਉਨ੍ਹਾਂ ਨੇ ਕਿਹਾ ਹੋਇਆ, ਸਰਵਣ ਨੂੰ ਵੀ ਨਾਲ ਲੈ ਕੇ ਆਈਂ।” ‘ਨਾਈ ਬੱਦੋਵਾਲ ਦਾ, ਇਹੋ ਕੁਛ ਭਾਲਦਾ’ ਵਾਲੀ ਗੱਲ ਸੀ। ਅਸੀਂ ਪੰਜ ਜਣੇ ਉਹਦੀ ਗੱਡੀ ਵਿਚ ਜਗਤਪੁਰ ਨੂੰ ਚੱਲ ਪਏ। ਨਾਲ ਉਹਦਾ ਗੰਨਮੈਨ ਤੇ ਡਰਾਈਵਰ ਸੀ। ਮੇਰੇ ਨਾਲ ਢੁੱਡੀਕੇ ਕਾਲਜ ਦਾ ਸਾਥੀ ਸੀ। ਇਕ ਮੈਚ ਦੀ ਕੁਮੈਂਟਰੀ ਕਰ ਕੇ ਮੈਂ ਹਾਜ਼ਰੀ ਲੁਆ ਦਿੱਤੀ। ਸਾਨੂੰ ਵਾਪਸ ਮੁੜਨ ਦੀ ਕਾਹਲੀ ਸੀ, ਪਰ ਜੱਸੋਵਾਲ ਨੂੰ ਕੋਈ ਕਾਹਲ ਨਹੀਂ ਸੀ। ਮੇਲੇ ‘ਚੋਂ ਨਿਕਲਣ ਨੂੰ ਉਹਦਾ ਦਿਲ ਨਹੀਂ ਸੀ ਕਰਦਾ। ਪੰਛੀ ਆਲ੍ਹਣਿਆਂ ਨੂੰ ਮੁੜਨ ਲੱਗ ਪਏ ਸਨ। ਅਸੀਂ ਉਹਨੂੰ ਖਿੱਚ ਕੇ ਬਾਹਰ ਲਿਆਂਦਾ।
ਗੱਡੀ ‘ਚ ਬੈਠੇ ਤਾਂ ਉਹ ਸਾਨੂੰ ਕਿਸੇ ਦੇ ਖੂਹ ‘ਤੇ ਲੈ ਗਿਆ। ਉਥੇ ਗੰਨੇ ਸਨ, ਦੁੱਧ ਸੀ ਤੇ ਦਾਰੂ ਸੀ। ਜੱਸੋਵਾਲ ਸਭ ਕੁਝ ਛਕੀ ਛਕਾਈ ਗਿਆ। ਖੂਹ ਤੋਂ ਵੀ ਉਸ ਨੂੰ ਖਿੱਚ ਕੇ ਹੀ ਗੱਡੀ ‘ਚ ਬਿਠਾਉਣਾ ਪਿਆ। ਉਹ ਲੋਰ ਵਿਚ ਸੀ। ਉਤੋਂ ਦਿਨ ਛਿਪ ਗਿਆ, ਬੱਤੀਆਂ ਜਗ ਪਈਆਂ। ਅਗਾਂਹ ਗਏ ਤਾਂ ਘੁਲਾੜੀ ਤੋਂ ਕੜ੍ਹਦੇ ਗੁੜ ਦੀ ਮਹਿਕ ਆ ਗਈ। ਗੱਡੀ ਘੁਲਾੜੀ ਵੱਲ ਮੋੜ ਲਈ। ਦਹਿਸ਼ਤੀ ਦੌਰ ਦਾ ਜੱਸੋਵਾਲ ਨੂੰ ਚੇਤਾ ਹੀ ਨਾ ਰਿਹਾ। ਘੁਲਾੜੀ ‘ਤੇ ਗਰਮਾ ਗਰਮ ਗੁੜ ਖਾਧਾ ਤੇ ਘਰ ਦੀ ਕੱਢੀ ਵੀ ਨਾ ਛੱਡੀ। ਡੂੰਘੇ ਹਨੇਰੇ ਲੁਧਿਆਣੇ ਨੂੰ ਚਾਲੇ ਪਾਏ। ਜੱਸੋਵਾਲ ਨੇ ਆਪਣੀ ਕਾਲੀ ਪੱਗ ਬੱਧੀ ਬਧਾਈ ਗੰਨਮੈਨ ਦੇ ਸਿਰ ‘ਤੇ ਰੱਖ ਦਿੱਤੀ, ਬਈ ਜੇ ਗੋਲੀ ਵੱਜੀ ਤਾਂ ਉਹਦੇ ਭੁਲੇਖੇ ਗੰਨਮੈਨ ਨੂੰ ਈ ਵੱਜੂ! ਗੱਡੀ ਫਿਲੌਰ ਤੋਂ ਜਰਨੈਲੀ ਸੜਕ ਉਤੇ ਆ ਚੜ੍ਹੀ। ਨਿਸ਼ਚਿੰਤ ਹੋਏ ਜੱਸੋਵਾਲ ਨੇ ਲੋਰ ਵਿਚ ਖੱਬਾ ਹੱਥ ਕੰਨ ‘ਤੇ ਰੱਖਿਆ ਤੇ ਸੱਜੀ ਬਾਂਹ ਬਾਰੀ ‘ਚੋਂ ਬਾਹਰ ਕੱਢ ਕੇ ਕਲੀ ਲਾਈ, ਜੋ ਹਨੇਰੇ ਵਿਚ ਦੂਰ ਤਕ ਗੂੰਜੀ। ਚਾਂਭਲਿਆ ਹੋਇਆ ਕਦੇ ਉਹ ਬੱਕਰੇ ਬੁਲਾਉਂਦਾ, ਕਦੇ ਗਿੱਧਾ ਪਾਉਂਦਾ।
ਸਤਲੁਜ ਦਾ ਪੁਲ ਆਇਆ ਤਾਂ ਗੱਡੀ ਰੁਕਵਾ ਲਈ। ਜੱਸੋਵਾਲ ਬਾਹਰ ਨਿਕਲ ਕੇ ਡੋਲਦਾ ਮੇਲ੍ਹਦਾ ਕੂਕਾਂ ਮਾਰਨ ਲੱਗਾ। ਉਹਦੀਆਂ ਕੂਕਾਂ ਪੁਲ ਤੋਂ ਲੰਘਦੀਆਂ ਸਤਲੁਜ ਦੇ ਕੰਢਿਆਂ ‘ਤੇ ਕੱਖ ਕਾਨ ਵਿਚ ਜਾ ਲੁਕੀਆਂ। ਉਹ ਵਜਦ ਵਿਚ ਆਇਆ ਬੋਲਿਆ, “ਮੇਰਾ ਜੀਅ ਕਰਦਾ ਬਈ ਮੈਂ ਇਉਂ ਈ ਗਾਉਂਦਾ ਮੇਲ੍ਹਦਾ ਮਰਾਂ। ਮੈਨੂੰ ਮੰਜੇ ‘ਤੇ ਪੈ ਕੇ ਹੱਡ ਗੋਡੇ ਨਾ ਰਗੜਾਉਣੇ ਪੈਣ।”
ਮੈਂ ਆਖਿਆ, “ਜੱਸੋਵਾਲ ਸਾਹਿਬ, ਇਹ ਤਾਂ ਕੰਮ ਈ ਬੜਾ ਸੌਖੈ। ਆਪਾਂ ਪੁਲ `ਤੇ ਖੜ੍ਹੇ ਆਂ ਤੇ ਗਾ ਵੀ ਰਹੇ ਆਂ। ਤੁਸੀਂ ਜੈਕਾਰਾ ਛੱਡੋ ਤੇ ਪੁਲ ਦੀ ਬੰਨੀ `ਤੇ ਖੜ੍ਹ ਕੇ ਸਤਲੁਜ `ਚ ਛਾਲ ਮਾਰੋ। ਸਿੱਧੇ ਸੱਚਖੰਡ ਜਾਓਂਗੇ। ਜਾਂ ਫੇਰ ਲਿਖ ਕੇ ਦੇ ਦਿਓ, ਧੱਕਾ ਦੇਣ ਦੀ ਸੇਵਾ ਅਸੀਂ ਕਰ ਦਿੰਨੇ ਆਂ!”
ਜੱਸੋਵਾਲ ਵਿਚਲਾ ਜੱਗਾ ਖਿਡਾਰੀ ਬੋਲਿਆ, “ਓਏ ਮੈਂ ਛਾਲ ਤਾਂ ਮਾਰ ਦਿਆਂ, ਪਰ ਸਤਲੁਜ `ਚ ਡੁੱਬਣ ਜੋਗਾ ਪਾਣੀ ਤਾਂ ਹੋਵੇ! ਇਹ ਤਾਂ ਊਈਂ ਸੁੱਕਾ ਪਿਆ। ਛਾਲ ਮਾਰ ਕੇ ਰੜੇ ਈ ਡਿੱਗੂੰ ਤੇ ਚੂਕਣਾ ਵਾਧੂ ਦਾ ਤੁੜਾਊਂ। ਫੇਰ ਤਾਂ ਹੱਡ ਗੋਡੇ ਹੋਰ ਵੀ ਰਗੜਾਉਣੇ ਪੈਣਗੇ। ਫੇਰ ਮੇਲੇ ਕੌਣ ਲਾਊ?”