2021 ਚੋਣਾਂ ਸੂਬਾ ਸਰਕਾਰਾਂ ਲਈ ਜਾਗਣ ਦਾ ਹੋਕਾ

ਗੁਲਜ਼ਾਰ ਸਿੰਘ ਸੰਧੂ
ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁਡੂਚੇਰੀ ਦੇ ਚੋਣ ਨਤੀਜੇ ਖੁਸ਼ੀਆਂ ਲੱਦੀ ਹੈਰਾਨੀ ਦੇਣ ਵਾਲੇ ਹਨ। ਅਸਾਮ ਨੂੰ ਛੱਡ ਕੇ ਸਾਰੀਆਂ ਥਾਂਵਾਂ ਉਤੇ ਰੱਬਾਂ ਦਾ ਰੱਬ ਬਣੀ ਭਾਜਪਾ ਨੂੰ ਮੰੂਹ ਦੀ ਖਾਣੀ ਪਈ ਹੈ। ਪੱਛਮੀ ਬੰਗਾਲ ਵਿਚ ਭਾਜਪਾ ਦੇ ਭਰਮ ਜਾਲ ਵਿਚ ਫਸੇ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ 34 ਵਿਧਾਇਕਾਂ ਵਿਚੋਂ ਸਿਰਫ ਪੰਜ ਦਾ ਜਿੱਤਣਾ ਭਾਜਪਾ ਦੇ ਭਵਿੱਖੀ ਨਿਘਾਰ ਦਾ ਸੂਚਕ ਹੈ।

ਚੋਣ ਪ੍ਰਚਾਰ ਦੇ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਰ ਆਏ ਦਿਨ ਭਰਮਾਊ ਰੈਲੀਆਂ ਕਰਨਾ ਤੇ ਜੈ ਸ੍ਰੀ ਰਾਮ ਦੇ ਨਾਅਰਿਆਂ ਤੇ ਹਿੰਦੂ ਮੰਦਰਾਂ ਵਿਚ ਨਤਮਸਤਕ ਹੋਣ ਨੇ ਭਾਜਪਾ ਦਾ ਹਿੰਦੂਤਵ ਏਜੰਡਾ ਉਭਾਰਿਆ, ਜਿਸ ਦਾ ਪ੍ਰਤੀਕਰਮ ਕਿਸੇ ਨੂੰ ਭੁੱਲਿਆ ਨਹੀਂ। ਨਰੇਂਦਰ ਮੋਦੀ ਦੇ ‘ਇਕ ਦੇਸ਼ ਇੱਕ ਭਾਸ਼ਾ’ ਦੇ ਨਾਅਰੇ ਵਿਚੋਂ ਇੱਕ ਧਰਮ ਦੀ ਬੂ ਆਉਣਾ ਵੀ ਭਾਜਪਾ ਨੂੰ ਲੈ ਡੁੱਬਿਆ ਹੈ।
ਵੱਡੀ ਗੱਲ ਇਹ ਕਿ ਕੇਂਦਰੀ ਸਰਕਾਰ ਦੇ ਸੂਬਾ ਸਰਕਾਰਾਂ ਨੂੰ ਕੇਂਦਰ ਅਧੀਨ ਲਿਆਉਣ ਦੇ ਉਪਰਾਲੇ ਵੀ ਗੁੱਝੇ ਨਹੀਂ ਰਹੇ। ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਦਾ ਸੂਬਾ ਸਰਕਾਰਾਂ ਨੂੰ ਪੁੱਛੇ ਬਿਨਾ ਕੇਂਦਰ ਵਲੋਂ ਘੜੇ ਜਾਣਾ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਸੰਵਿਧਾਨਕ ਨਿਯਮਾਂ ਅਨੁਸਾਰ ਕੱਲ੍ਹ ਤੱਕ ਦਾ ਖੇਤੀ ਦਾ ਵਿਸ਼ਾ ਸੂਬਾ ਸਰਕਾਰਾਂ ਦੇ ਆਧਾਰ ਖੇਤਰ ਵਿਚ ਰਿਹਾ ਹੈ, ਜਿਸ ਨੂੰ ਕੇਂਦਰ ਦੀ ਵਰਤਮਾਨ ਸਰਕਾਰ ਕਾਰੋਪਰੇਟਾਂ ਦੀ ਝੋਲੀ ਵਿਚ ਸੁੱਟਣ ਦੀ ਪੂਰੀ ਟਿੱਲ ਲਾ ਰਹੀ ਹੈ। ਇਸ ਦੇ ਵਿਰੋਧ ਵਿਚ ਦਿੱਲੀ ਦੇ ਆਲੇ-ਦੁਆਲੇ ਲੱਗੇ ਅੰਦੋਲਨਕਾਰੀਆਂ ਦਾ ਹਠ ਦਸਦਾ ਹੈ ਕਿ ਅਗਾਊਂ ਚੋਣਾਂ ਵਿਚ ਭਾਜਪਾ ਕੁਝ ਹੋਰ ਸੂਬਿਆਂ ਵਿਚ ਵੀ ਆਪਣਾ ਆਧਾਰ ਗੰਵਾਉਣ ਜਾ ਰਹੀ ਹੈ। ਸੱਜਰੇ ਚੋਣ ਨਤੀਜਿਆਂ ਨੇ ਮੋਰਚਿਆਂ ਉਤੇ ਬੈਠੇ ਕਿਸਾਨਾਂ ਦੀ ਸੋਚ ਉਤੇ ਮੋਹਰ ਲਾ ਦਿੱਤੀ ਹੈ। ਅੱਗੇ ਤੋਂ ਪ੍ਰਧਾਨ ਮੰਤਰੀ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ ਜਾਂ ਪਰਜੀਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚੇਗਾ। ਖਾਸ ਕਰਕੇ ਆਪਣੀਆਂ ਚੋਣ ਰੈਲੀਆਂ ਸਮੇਂ ਮਮਤਾ ਬੈਨਰਜੀ ਉਤੇ ਕੱਸੇ ਵਿਅੰਗਾਂ ਦਾ ਨਤੀਜਾ ਜਾਣਨ ਤੋਂ ਪਿੱਛੋਂ। ਭਾਜਪਾ ਨੇ ਉਸ ਸੂਬੇ ਵਿਚ ਜਿਹੜੀ ਉਡਾਣ ਲੋਕ ਸਭਾ ਸੀਟਾਂ ਜਿੱਤਣ ਸਮੇਂ ਭਰੀ ਸੀ, ਹੁਣ ਤ੍ਰਿਣਮੂਲ ਕਾਂਗਰਸ ਨੇ ਉਸ ਦੇ ਖੰਭ ਕੁਤਰ ਛੱਡੇ ਹਨ।
ਇਹ ਵਾਲੀਆਂ ਚੋਣਾਂ ਭਾਜਪਾ ਦੀ ਪੈਰ ਪਸਾਰੂ ਬਿਰਤੀ ਨੂੰ ਹੀ ਨਹੀਂ ਨਕਾਰਦੀਆਂ, ਸਰਬਹਿੰਦ ਕਾਂਗਰਸ ਦੇ ਵਧ ਰਹੇ ਨਿਘਾਰ ਵੱਲ ਵੀ ਇਸ਼ਾਰਾ ਕਰਦੀਆਂ ਹਨ। ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲ ਵਿਚ ਕਾਂਗਰਸ ਦਾ ਸਫਾਇਆ ਦਸਦਾ ਹੈ ਕਿ ਇਸ ਨੂੰ ਆਪਣੀ ਮੰਜੀ ਥੱਲੇ ਸੋਟਾ ਫੇਰਨ ਦੀ ਫੌਰੀ ਲੋੜ ਹੈ। ਹੁਣ ਇਹ ਪਾਰਟੀ ਪਰਿਵਾਰਕ ਮੋਹ ਤੱਜੇ ਬਿਨਾ ਆਪਣੀ ਸਾਖ ਬਹਾਲ ਨਹੀਂ ਕਰ ਸਕਦੀ। ਰਾਹੁਲ ਗਾਂਧੀ ਆਪਣੀ ਮਾਂ ਜਿੰਨਾ ਸਿਆਣਾ ਨਹੀਂ। ਉਸ ਨੇ ਡਾ. ਮਨਮੋਹਨ ਸਿੰਘ ਦੀ ਅਰਥ ਸ਼ਾਸਤਰ ਵਿਦਿਆ ਨੂੰ ਪਛਾਣਦਿਆਂ ਪੂਰੇ ਦਸ ਸਾਲ ਦੇਸ਼ ਦੀ ਸਾਰੀ ਵਾਗਡੋਰ ਉਸ ਨੂੰ ਸੌਂਪੀ ਰੱਖੀ ਅਤੇ ਦੇਸ਼ ਨੂੰ ਆਰਥਕ ਸੰਕਟ ਵਿਚ ਗ੍ਰਸਤ ਹੋਣ ਤੋਂ ਬਚਾ ਰੱਖਿਆ। ਚੰਗਾ ਹੋਵੇ ਜੋ ਵੀ. ਚਿਦੰਬਰਮ ਤੇ ਗੁਲਾਮ ਨਬੀ ਆਜ਼ਾਦ ਵਰਗੇ ਸਿਰਕੱਢ ਨੇਤਾਵਾਂ ਨੂੰ ਉਨ੍ਹਾਂ ਦੇ ਆਧਾਰ ਵਾਲੇ ਸੂਬੇ ਤੇ ਪ੍ਰਾਂਤ ਸੌਂਪ ਕੇ ਹਾਲ ਦੀ ਘੜੀ ਆਪਣੀ ਸਾਰੀ ਸਮਰਥਾ ਉੱਤਰ ਪ੍ਰਦੇਸ਼ ਉਤੇ ਕੇਂਦਰਤ ਕਰੇ, ਜਿਸ ਨੂੰ ਉਨ੍ਹਾਂ ਦੇ ਵਡੇਰੇ ਆਪਣਾ ਸਿਆਸੀ ਪਟੜਾ ਬਣਾ ਕੇ ਮੱਲਾਂ ਮਾਰਦੇ ਰਹੇ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨੇ ਕਾਂਗਰਸ ਨੂੰ ਜ਼ੀਰੋ ਕਰਕੇ ਤੇ ਭਾਜਪਾ ਦਾ ਰਥ ਰੋਕ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਮੁੜ ਅਨੇਕਤਾ ਵਿਚ ਏਕਤਾ ਤੇ ਏਜੰਡੇ ਵਲ ਵਧ ਰਿਹਾ ਹੈ।
ਕਾਂਗਰਸ ਪਾਰਟੀ ਤਾਮਿਲਨਾਡੂ ਵਿਚ ਸਟਾਲਿਨ ਨੂੰ ਦਿੱਤੀ ਮਦਦ ਦੇ ਢੋਲ ਵੀ ਨਹੀਂ ਵਜਾ ਸਕਦੀ, ਕਿਉਂਕਿ ਸਟਾਲਿਨ ਨੇ ਕਾਂਗਰਸ ਦੀ ਮਦਦ ਤੋਂ ਬਿਨਾ ਵੀ ਮੱਲ ਮਾਰ ਲੈਣੀ ਸੀ। ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਨਾਲੋਂ ਤੋੜ ਵਿਛੋੜਾ ਅਕਾਲੀਆਂ ਦੀ ਸਾਖ ਬਣਾਉਣ ਵਿਚ ਕਿੰਨਾ ਸਫਲ ਹੰੁਦਾ ਹੈ, ਸਮੇਂ ਨੇ ਦੱਸਣਾ ਹੈ। ਖਾਸ ਕਰਕੇ ਢੀਂਡਸਾ ਤੇ ਬ੍ਰਹਮਪੁਰਾ ਦੇ ਉੱਭਰ ਰਹੇ ਗਠਜੋੜ ਦੇ ਸਨਮੁਖ।
ਚਲੋ ਚਲੀ ਦੀਆਂ ਗੱਲਾਂ: ਇਨ੍ਹੀਂ ਦਿਨੀਂ ਪੰਜਾਬੀ ਸਾਹਿਤ, ਸਭਿਆਚਾਰ ਤੇ ਰਾਜਨੀਤੀ ਨਾਲ ਜੁੜੇ ਮਿੱਤਰ ਪਿਆਰਿਆਂ ਦੇ ਪਰਲੋਕ ਸਿਧਾਰਨ ਦੀ ਲਿਸਟ ਅੱਧੀ ਦਰਜਨ ਤੋਂ ਵੱਧ ਗਈ ਹੈ। ਸ਼ੀਲਾ ਸੰਧੂ, ਰਾਜਕਮਲ ਪ੍ਰਕਾਸ਼ਨ-ਨਵੀਂ ਦਿੱਲੀ, ਉਰਦੂ ਅਦੀਬ ਰਤਨ ਸਿੰਘ, ਪ੍ਰਸਿੱਧ ਸ਼ਾਸਕ, ਕੇਂਦਰੀ ਮੰਤਰੀ ਤੇ ਕਈ ਥਾਂਵਾਂ ਦੇ ਰਾਜਪਾਲ ਰਹਿ ਚੁਕੇ ਜਗਮੋਹਨ, ਜਾਣੇ-ਪਛਾਣੇ ਵਿਕਾਸਕਾਰ ਤੇ ਕਰਿੱਡ ਦੇ ਸੰਸਥਾਪਕ ਰਛਪਾਲ ਮਲਹੋਤਰਾ ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਨਿਜੀ ਪੱਧਰ ਉੱਤੇ ਮੇਰੇ ਲਈ ਸੱਤਰ ਸਾਲ ਪਹਿਲਾਂ ਦਿੱਲੀ ਵਿਚ ਢੋਈ ਦੇਣ ਵਾਲੇ ਆਪਣੇ ਨਾਨਕਾ ਪਰਿਵਾਰ ਦੇ ਆਖਰੀ ਮੈਂਬਰ ਸਰਬਦਿਆਲ ਸਿੰਘ ਕੰਗ ਦੇ ਤੁਰ ਜਾਣ ਦੀ ਖਬਰ ਦੁਖਦਾਈ ਹੈ। ਮੇਰੇ ਨਾਨਕਿਆਂ ਦਾ ਇਹ ਪਰਿਵਾਰ ਦਿੱਲੀ ਵਿਚ ਟੈਕਸੀ ਵਰਕਰਾਂ ਵਿਚ ਖਾਸ ਸਥਾਨ ਰੱਖਦਾ ਸੀ। ਮੀਰ ਮੁਸ਼ਤਾਕ ਦੇ ਪ੍ਰਧਾਨ ਹੰੁਦਿਆਂ ਇਸ ਪਰਿਵਾਰ ਦਾ ਵਡੇਰਾ ਸੁਖਦੇਵ ਸਿੰਘ ਕੰਗ ਦਿੱਲੀ ਦੀ ਟੈਕਸੀ ਯੂਨੀਅਨ ਦਾ ਸੈਕਟਰੀ ਰਿਹਾ। ਮੇਰੇ ਲਈ ਉਸ ਦੀ ਵੱਡੀ ਦੇਣ ਇਹ ਸੀ ਕਿ ਉਸ ਨੇ ਸਖਤੀ ਨਾਲ ਮੈਨੂੰ ਆਪਣੇ ਵਾਲੇ ਧੰਦੇ ਵਿਚ ਨਹੀਂ ਪੈਣ ਦਿੱਤਾ। ਜੇ ਸੁਖਦੇਵ ਮਾਮਾ ਸਖਤੀ ਨਾ ਕਰਦਾ ਤਾਂ ਮੈਂ ਟੈਕਸੀ ਦੇ ਧੰਦੇ ਤੱਕ ਸੀਮਤ ਹੋ ਕੇ ਰਹਿ ਜਾਣਾ ਸੀ।
ਜਿਥੋਂ ਤੱਕ ਜਗਮੋਹਨ ਦਾ ਸਬੰਧ ਹੈ, ਉਹ ਮੇਰੀ ਜੀਵਨ ਸਾਥਣ ਸੁਰਜੀਤ ਕੌਰ ਦੇ ਦਿੱਲੀ ਦੀ ਹੈਲਥ ਸਰਵਿਸ ਦੀ ਡਾਇਰੈਕਟਰ ਹੰੁਦਿਆਂ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਪਦਵੀ ਉਤੇ ਤਾਇਨਾਤ ਸੀ। ਫਿਰ ਜਦੋਂ ਸੁਰਜੀਤ ਜੰਮੂ-ਕਸ਼ਮੀਰ ਦੇ ਦੌਰੇ ਉਤੇ ਗਈ ਤਾਂ ਉਸ ਨੇ ਸੁਰਜੀਤ ਦੇ ਸ੍ਰੀਨਗਰ ਵਿਚ ਰਹਿਣ-ਸਹਿਣ ਦਾ ਖਾਸ ਧਿਆਨ ਰੱਖਿਆ ਸੀ। ਉਨ੍ਹੀਂ ਦਿਨੀਂ ਉਹ ਕਸ਼ਮੀਰ ਵਿਚ ਗਵਰਨਰ ਦੀ ਪਦਵੀ ’ਤੇ ਤਾਇਨਾਤ ਸੀ।
ਇਨ੍ਹਾਂ ਸਤਰਾਂ ਦੇ ਲਿਖਣ ਸਮੇਂ ਉਡਦੀ ਉਡਦੀ ਖਬਰ ਇਹ ਵੀ ਮਿਲੀ ਹੈ ਕਿ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵਾਲੇ ਕਰਨਜੀਤ ਸਿੰਘ ਦੀ ਪਤਨੀ ਵੀ ਵਿਛੋੜਾ ਦੇ ਗਈ ਹੈ। ਉਪਰ ਵਾਲਾ ਇਨ੍ਹਾਂ ਸਾਰੇ ਸੱਜਣਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ!
ਅੰਤਿਕਾ: ਸੰਦੀਪ
ਬੇਅਰਥ ਨਹੀਂ ਹੰੁਦਾ
ਸਮੰੁਦਰ ਦੀ ਹਿੱਕ ’ਤੇ
ਕਣੀਆਂ ਦਾ ਵਰਨਾ…
ਕੌਣ ਜਾਣੇ ਕਿਸ ਦੀ ਤਾਅ ਹੈ ਤੀਬਰ
ਆਪੇ ਵਿਚ ਸਮਾਉਣ ਦੀ…
ਉਂਜ ਹੀ ਤਾਂ ਨਹੀਂ ਉਛਲਦਾ ਸਾਗਰ
ਕਣੀਆਂ ਨੂੰ ਕਲਾਵੇ ਭਰਨ ਖਾਤਰ! (ਤਾਂਘ)