ਮਾਸਟਰ ਮਹਿੰਗਾ ਰਾਮ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਮਾਸਟਰ ਮਹਿੰਗਾ ਰਾਮ ਹਿਸਾਬ, ਭਾਵ ਮੈਥੇਮੈਟਿਕਸ ਦਾ ਟੀਚਰ ਸੀ। ਉਸ ਨੇ ਅੰਗਰੇਜ਼ਾਂ ਦੇ ਪ੍ਰਬੰਧ ਅਧੀਨ ਵੀ ਪੜ੍ਹਾਇਆ ਤੇ ਨਵੇਂ ਆਜ਼ਾਦ ਹੋਏ ਭਾਰਤ ਦੇ ਨਵੇਂ ਭਾਰਤੀ ਪ੍ਰਬੰਧ ਥੱਲੇ ਵੀ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਜਾਂਦੇ-ਜਾਂਦੇ ਅੰਗਰੇਜ਼ ਭਾਰਤ ਨੂੰ ਤਿੰਨ ਹਿੱਸਿਆਂ-ਮੌਜੂਦਾ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ (ਪੂਰਬੀ ਪਾਕਿਸਤਾਨ) ‘ਚ ਵੰਡ ਗਏ ਤਾਂ ਭਾਰਤੀ ਸਕੂਲਾਂ ਦਾ ਸਾਰਾ ਪ੍ਰਬੰਧ ਵੀ ਉਥਲ-ਪੁਥਲ ਹੋ ਗਿਆ। ਜਿਵੇਂ ਪਹਿਲਾਂ ਸਕੂਲਾਂ ‘ਚ ਉਰਦੂ ਪੜ੍ਹਾਇਆ ਜਾਂਦਾ ਸੀ ਤੇ ਦੇਸ਼ ਦੀ ਵੰਡ ਮਗਰੋਂ ਪਾਕਿਸਤਾਨ ਦੀ ਅੱਡਰੀ ਵੰਡ ਹੋਣ ਨਾਲ ਉਰਦੂ ਨੂੰ ਵੀ ਨਾਲ ਹੀ ਪਾਕਿਸਤਾਨ ਵਾੜ ਦਿੱਤਾ, ਤੇ ਇਸ ਦੀ ਪੜ੍ਹਾਈ ਸਕੂਲਾਂ ‘ਚ ਬੰਦ ਕਰਕੇ ਇਸ ਦੀ ਥਾਂ ਹਿੰਦੀ ਪੜ੍ਹਾਈ ਜਾਣ ਲੱਗੀ; ਤਾਂ ਇੱਕ ਵਾਰੀ ਤਾਂ ਵਿੱਦਿਆ ਪ੍ਰਬੰਧ ਵਿਚ ਇੱਕ ਖਲਾਅ ਜਿਹਾ ਪੈਦਾ ਹੋਇਆ ਲੱਗਿਆ।

ਮਾਸਟਰ ਮਹਿੰਗਾ ਰਾਮ ਦਾ ਵਿਸ਼ਾ ਹਿਸਾਬ ਦਾ ਹੋਣ ਕਾਰਕੇ ਉਸ ਨੂੰ ਸਕੂਲ ‘ਚ ਕੋਈ, ਵੰਡ ਦੀ ਹੋਈ ਤਬਦੀਲੀ ਦਾ ਬਹੁਤਾ ਝਟਕਾ ਨਾ ਲੱਗਿਆ। ਉਸ ਪਹਿਲਾਂ ਅੰਗਰੇਜ਼ਾਂ ਦੇ ਸਕੂਲੀ ਪ੍ਰਬੰਧ ਥੱਲੇ ਪੂਰੀ ਵਫਾਦਾਰੀ ਤੇ ਸਿ਼ੱਦਤ ਨਾਲ ਸਕੂਲ ‘ਚ ਪੜ੍ਹਾਇਆ, ਫਿਰ ਜਦੋਂ ਨਵੇਂ ਸਿਰਜੇ ਭਾਰਤ ‘ਚ ਕਾਂਗਰਸ ਦੀ ਨਵੀਂ ਸਰਕਾਰ ਬਣੀ ਤਾਂ ਉਸ ਨੇ ਆਪਣੇ ਆਪ ਨੂੰ ਉਸ ਪ੍ਰਬੰਧ ਦੇ ਅਨੁਕੂਲ ਢਾਲਣ ਲਈ ਵੀ ਬਹੁਤਾ ਚਿਰ ਨਾ ਲਾਇਆ। ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰਾਉਣ ਪ੍ਰਤੀ ਉਸ ਝੱਟ ਹੀ ਨਵੇਂ ਆਜ਼ਾਦ ਭਾਰਤ ਦੇ ਪ੍ਰਬੰਧ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਲਿਆ। ਉਹ ਆਪਣੇ ਵਿਸ਼ੇ ‘ਚ ਮਾਹਿਰ ਸੀ, ਵਿਦਿਆਰਥੀਆਂ ਨੂੰ ਹਿਸਾਬ ਦੇ ਵਿਸ਼ੇ ‘ਚ ਪਰਪੱਕ ਕਰਨ ਲਈ, ਪੜ੍ਹਾਉਣ ਦੇ ਉਸ ਦੇ ਆਪਣੇ ਹੀ ਤੌਰ-ਤਰੀਕੇ ਤੇ ਵਿਧੀਆਂ ਸਨ। ਉਹ ਸਖਤ ਵੀ ਬੜਾ ਸੀ, ਰੋਹਬ ਵੀ ਸੀ ਤੇ ਹਿਸਾਬ ਪੜ੍ਹਾਉਣ ਦੇ ਤੌਰ-ਤਰੀਕਿਆਂ ਉਤੇ ਉਸ ਦੀ ਪਕੜ ਵੀ ਮਜਬੂਤ ਸੀ। ਚਿੱਟੀ ਪੱਗ, ਤੁਰਲੇਦਾਰ, ਖੱਬੇ ਪਾਸੇ ਪੱਗ ਦਾ ਲੰਬਾ ਲੜ ਲਮਕਦਾ ਹੁੰਦਾ ਸੀ। ਸਿਰੋਂ ਭਾਵੇਂ ਰੋਡਾ ਸੀ, ਪਰ ਆਪਣੇ ਤਰੀਕੇ ਨਾਲ ਬੰਨੀ ਚਿੱਟੀ ਪੱਗ, ਕੁੰਡਲੀਆਂ ਮੁੱਛਾਂ ਤੇ ਸਫਾ-ਚੱਟ ਦਾਹੜੀ ਵਾਲੀ ਉਸ ਦੀ ਆਪਣੀ ਹੀ ਵਿਲੱਖਣ ਦਿੱਖ ਸੀ, ਜੋ ਸਭ ਨੂੰ ਪ੍ਰਭਾਵਿਤ ਕਰਦੀ ਸੀ। ਪੰਜਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਉਹ ਹਿਸਾਬ ਪੜ੍ਹਾਉਂਦਾ ਸੀ। ਅੱਠਵੀਂ ਜਮਾਤ ਦਾ ਇਮਤਿਹਾਨ ‘ਪੰਜਾਬ ਸਕੂਲ ਬੋਰਡ’ ਦੇ ਅਧੀਨ ਸੀ; ਜਿਸ ‘ਚ ਉਸ ਦੇ ਵਿਦਿਆਰਥੀ ਅੱਬਲ ਦਰਜੇ ‘ਚ ਇਮਤਿਹਾਨ ਪਾਸ ਕਰਕੇ, ਅਗਲੇਰੀਆਂ ਜਮਾਤਾਂ ਲਈ ਪਰਪੱਕ ਆਧਾਰ ਬਣਾ ਕੇ ਹਾਈ ਸਕੂਲ ‘ਚ ਵੜਦੇ ਸਨ।
ਮੇਰਾ ਜਨਮ ਪਾਕਿਸਤਾਨ ਬਣਨ ਤੋਂ ਬਾਅਦ ਦਾ ਹੋਣ ਕਰਕੇ ਮੈਨੂੰ ਪਹਿਲੇ ਅੰਗਰੇਜ਼ਾਂ ਦੇ ਪ੍ਰਬੰਧ ਦੇ ਪ੍ਰਸੰਗ ‘ਚ ਤਾਂ ਕੋਈ ਅਨੁਭਵ ਨਹੀਂ ਹੋਇਆ, ਪਰ ਮਾਸਟਰ ਮਹਿੰਗਾ ਰਾਮ ਦੇ ਨਾਲ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਰਹੇ ਲਗਾਤਾਰ ਸਬੰਧ ਕਰਕੇ ਉਸ ਦੇ ਪੜ੍ਹਾਉਣ ਦੇ ਤੌਰ-ਤਰੀਕਿਆਂ ਤੋਂ ਅੰਗਰੇਜ਼ੀ ਪ੍ਰਬੰਧ ਦੇ ਅਸਰ ਦੀ ਝਲਕ ਜਰੂਰ ਪੈਂਦੀ ਰਹਿੰਦੀ ਸੀ। ਨਵੇਂ ਸਕੂਲ ਪ੍ਰਬੰਧ ਮੁਕਾਬਲੇ ਉਹ ਅੰਗਰੇਜ਼ਾਂ ਦੇ ਪ੍ਰਬੰਧ ਦਾ ਦੀਵਾਨਾ ਸੀ, ਉਸ ਦੀ ਉਹ ਘਾਟ ਵੀ ਮਹਿਸੂਸ ਕਰਦਾ ਸੀ, ਜੋ ਜਮਾਤ ਪੜ੍ਹਾਉਂਦਿਆਂ ਉਹ ਅਕਸਰ ਹੀ ਜਿ਼ਕਰ ਕਰਦਾ ਰਹਿੰਦਾ ਸੀ।
ਭਾਰਤ ਆਜ਼ਾਦ ਹੋਣ ਮਗਰੋਂ ਸਕੂਲਾਂ ‘ਚ ਪਹਿਲੀ ਤਬਦੀਲੀ ਦੇਖਣ ਨੂੰ ਇਹ ਮਿਲੀ ਕਿ ਬੱਚਿਆਂ ਨੂੰ ਸਿੱਖਾਇਆ ਜਾਣ ਲੱਗਾ ਕਿ ‘ਸਤਿ ਸ੍ਰੀ ਅਕਾਲ’, ‘ਨਮਸਤੇ’ ਜਾਂ ‘ਅਸਲਾਮਾਲੇਕਮ’ ਕਹਿਣ ਦੀ ਥਾਂ ‘ਜੈ ਹਿੰਦ’ ਕਿਹਾ ਜਾਏ; ਖਾਸ ਕਰ ਜਦੋਂ ਕਿਸੇ ਵੀ ਮਾਸਟਰ ਨੂੰ ਮਿਲਣਾ ਤਾਂ ਵੜੇ ਅਦਬ ਨਾਲ ਸੱਜਾ ਹੱਥ ਉੱਪਰ ਚੁੱਕ, `ਗੂਠੇ ਨਾਲ ਦੀਆਂ ਦੋ ਉਂਗਲੀਆਂ ਖੋਲ੍ਹ ਕੇ ਮੱਥੇ ਨੂੰ ਲਾ ਜ਼ੋਰ ਨਾਲ ਉਚੀ ਦੇ ਕੇ ਕਹਿਣਾ, ‘ਮਾਹਟ ਜੀ, ਜੈ ਹਿੰਦ।’ ਮਾਸਟਰ ਤੋਂ ਬਦਲ ਕੇ ‘ਮਾਹਟ’ ਜਾਂ ‘ਮਾਹਟਰ’ ਹੀ ਬੋਲਿਆ ਕਰਦੇ ਸੀ। ਇਕੱਲੇ ਸਕੂਲ ਵਿਚ ਹੀ ਨਹੀਂ, ਸਗੋਂ ਸਕੂਲੋਂ ਬਾਹਰ ਵੀ ਜੇ ਕਦੇ ਕੋਈ ਮਾਸਟਰ ਟੱਕਰੇ ਤਾਂ ਉਚੀ ਦੇ ਕੇ ਫੌਜੀਆਂ ਵਾਂਗ ਸਲੂਟ ਮਾਰ ਕੇ ‘ਮਾਹਟਰ ਜੀ ਜੈ ਹਿੰਦ’ ਕਹਿਣਾ; ਜੇ ਕਿਤੇ ਸਕੂਲੋਂ ਬਾਹਰ ਟੱਕਰਿਆ `ਤੇ ਮਾਸਟਰ ਨੂੰ ‘ਜੈ ਹਿੰਦ’ ਨਾ ਕਿਹਾ ਤਾਂ ਅਗਲੇ ਦਿਨ ਸਕੂਲੇ ਆਉਂਦਿਆਂ ਦੀ ਹੀ ਸ਼ਾਮਤ ਆ ਜਾਇਆ ਕਰਦੀ ਸੀ: ਤੇ ਮਾਸਟਰ ਨੇ ਕਹਿਣਾ ਕਿ ਤੈਂ ਜਦ ਕੱਲ੍ਹ ਮੈਨੂੰ ਦੇਖਿਆ ਤਾਂ ‘ਜੈ ਹਿੰਦ’ ਕਿਉਂ ਨਹੀਂ ਕਿਹਾ?
ਇੱਕ ਵਾਰੀ ਦੀ ਗੱਲ ਹੈ, ਅਸੀਂ ਛੋਟੇ ਛੋਟੇ ਕਈ ਜਣੇ ਬਾਹਰ ਖੇਡਦੇ ਸੀ। ਮਾਸਟਰ ਮਹਿੰਗਾ ਰਾਮ ਸਾਈਕਲ `ਤੇ ਆਉਂਦਾ ਦਿਸ ਪਿਆ। ਤੁਰਲੇ ਵਾਲੀ ਬੰਨੀ ਚਿੱਟੀ ਪੱਗ, ਕੰਨ ਉਪਰ ਦੀ ਖੱਬੇ ਪਾਸੇ ਛੱਡਿਆ ਲੜ, ਉਹ ਲੰਡਾ ਸਾਈਕਲ ਰੱਖਦਾ ਸੀ, ਭਾਵ ਉਸ ਦੇ ਸਾਈਕਲ ਮਗਰ ਕੈਰੀਅਰ ਨਹੀਂ ਸੀ ਹੁੰਦਾ, ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਮਗਰ ਬਿਠਾ ਕੇ ਨਾ ਲੈਜਾਣਾ ਪਏ; ਕਿਉਂਕਿ ਦੂਹਰੀ ਸਵਾਰੀ ਨਾਲ ਸਾਈਕਲ ਕੱਚੇ ਰਾਹਾਂ ‘ਚ ਚਲਾਉਣਾ ਡਾਢੀ ਮੁਸ਼ੱਕਤ ਵਾਲੀ ਗੱਲ ਸੀ: ਸੜਕਾਂ ਬਣੀਆਂ ਨਹੀਂ ਸਨ, ਰਸਤੇ ਕੱਚੇ, ਖੁੱਭਲੀਆਂ ਟੋਇਆਂ ਵਾਲੇ ਉਚੇ ਨੀਂਵੇ ਸਨ। ਜਦੋਂ ਮਾਸਟਰ ਮਹਿੰਗਾ ਰਾਮ ਦਾ ਜੰਗਾਲਿਆ ਲੰਡਾ ਸਾਈਕਲ ਨੇੜੇ ਆਇਆ ਤਾਂ ਸਾਰੇ ਨਿਆਣੇ ਚੌਕੰਨੇ ਹੋ ਗਏ ਤੇ ਇੱਕ ਦੂਸਰੇ ਤੋਂ ਕਾਹਲੇ, ਤੇ ਹਰ ਕੋਈ ਚਾਹੇ ਕਿ ਸਭ ਤੋਂ ਪਹਿਲਾਂ ‘ਜੈ ਹਿੰਦ’ ਮੈਂ ਕਹਿਣੀ ਹੈ!
ਜਿਉਂ ਹੀ ਮਾਸਟਰ ਮਹਿੰਗਾ ਰਾਮ ਦਾ ਸਾਈਕਲ ਬਰਾਬਰ ਆਇਆ ਤਾਂ ਅਸਾਂ ਸਾਰੇ ਨਿਆਣਿਆਂ ਦਾ ਝੁੰਡ ਉਚੀ ਉਚੀ ‘ਮਾਹਟਰ ਜੀ ਜੈ ਹਿੰਦ, ਮਾਹਟ ਜੀ ਜੈ ਹਿੰਦ’ ਕਹਿਣ ਲੱਗੇ ਤਾਂ ਇਸ ਰੌਲੇ-ਗੌਲੇ ‘ਚ ਸਾਨੂੰ ਮਾਸਟਰ ਜੀ ਨੂੰ ਬੁਲਾਈ ‘ਜੈ ਹਿੰਦ’ ਦਾ ਉਸ ਦਿੱਤਾ ਜੁਆਬ ਖਬਰੇ ਸੁਣਿਆ ਕਿ ਨਹੀਂ, ਇਸ ਦਾ ਤਾਂ ਸਾਨੂੰ ਕੋਈ ਪਤਾ ਨਹੀਂ, ਪਰ ਉਸ ਸ਼ੁਰਕ ਦੇ ਕੇ ਸਾਡੇ ਕੋਲੋਂ ਨਿਕਲਣ ਲਈ ਆਪਣਾ ਸਾਈਕਲ ਤੇਜ਼ ਜਰੂਰ ਕਰ ਲਿਆ। ਹੁਣ ਮਾਸਟਰ ਮਹਿੰਗਾ ਰਾਮ ਮੂਹਰੇ ਮੂਹਰੇ ਸਾਈਕਲ ਉਤੇ ਅਤੇ ਅਸੀਂ ਮਗਰ ਮਗਰ ‘ਜੈ ਹਿੰਦ, ਜੈ ਹਿੰਦ’ ਕਰਦੇ ਦੌੜ ਤੁਰੇ; ਜਿਉਂ ਜਿਉਂ ਅੱਗੇ ਅੱਗੇ ਜਾਂਦੇ ਮਾਸਟਰ ਦੇ ਮਗਰ ਦੌੜਦੇ ਗਏ, ਤਾਂ ਰੌਲਾ ਰੱਪਾ ਸੁਣ ਏਧਰ-ਓਧਰ ਖੇਡਦੇ ਹੋਰ ਵੀ ਹਮ ਉਮਰ ਨਿਆਣੇ ਨਾਲ ਰਲਦੇ ਗਏ। ਕੱਚੇ ਰਾਹੇ ਮਾਸਟਰ ਮਹਿੰਗਾ ਰਾਮ ਦਾ ਸਾਈਕਲ ਧੂੜਾਂ ਪੁੱਟਦਾ ਪਿੰਡ ਦੀ ਫਿਰਨੀ ‘ਚ ਮੂਹਰੇ ਮੂਹਰੇ ਅਤੇ ਅਸੀਂ, ਹੁਣ ਤੱਕ ਪੰਦਰਾਂ ਵੀਹ ਨਿਆਣਿਆਂ ਦਾ ਵੱਡਾ ਹੋ ਚੁਕਾ ਜਥਾ, ਮਗਰੇ ਮਗਰ ਧੂੜਾਂ ਉਡਾਉਂਦਾ, ਸੰਘ ਪਾੜਦੇ, ਉਚੀ ਤੋਂ ਉਚੀ ਇੱਕ ਦੂਸਰੇ ਤੋਂ ਹੋਰ ਉਚੀ ਆਵਾਜ਼ ਵਿਚ ‘ਮਾਹਟ ਜੀ ਜੈ ਹਿੰਦ, ਮਾਹਟ ਜੀ ਜੈ ਹਿੰਦ’ ਕਰਦੇ, ਆਲੇ-ਦੁਆਲੇ ਦੇ ਘਰਾਂ ਵਾਲਿਆਂ ਨੂੰ ਵੀ ਚੌਕੰਨੇ ਕਰਦੇ ਆਪਣੇ ‘ਜੈ ਹਿੰਦ’ ਦੇ ਮਿਸ਼ਨ ਵਿਚ ਮਘਨ ਪੂਰੀ ਰਫਤਾਰ ਨਾਲ ਫਿਰਨੀ ਤੇ ਖੜਦੁੰਬ ਮਚਾਈ ਰੱਖਿਆ।
ਨਾ ਹੀ ਮਾਸਟਰ ਸਾਡੀ ਬੁਲਾਈ ‘ਜੈ ਹਿੰਦ’ ਦਾ ਜੁਆਬ ਦਏ ਤੇ ਨਾ ਹੀ ਅਸੀਂ ਪਿੱਛੇ ਪਿੱਛੇ ਦੌੜਨੋ ਹਟੀਏ। ਮਾਸਟਰ ਮਹਿੰਗਾ ਰਾਮ ਨੇ ਪੂਰੇ ਪਿੰਡ ‘ਚ ਆਪਣਾ ਨਿਕਲਦਾ ਜਲੂਸ ਦੇਖ, ਸਾਥੋਂ ਖਹਿੜਾ ਛੁਡਾਉਣ ਲਈ ਤੇਜ ਤੋਂ ਤੇਜ ਸਾਈਕਲ ਚਲਾ ਚਲਾ ਆਪ ਵੀ ਹੰਭ ਗਿਆ ਤੇ ਨਿਆਣਿਆਂ ਨੂੰ ਵੀ ਮਗਰ ਦੌੜਦਿਆਂ ਸਾਹੋ ਸਾਹੀ ਕਰ ਦਿੱਤਾ। ਮਾਸਟਰ ਜੀ ਦਾ ਉਤਨਾ ਚਿਰ ਖਹਿੜਾ ਨਾ ਛੁੱਟਿਆ ਜਿੰਨਾ ਚਿਰ ਨਿਆਣੇ ਥੱਕ-ਟੁੱਟ ਕੇ ਖਿਲਰ ਪੱਤਰ ਨਾ ਗਏ ਤੇ ਮਸਟਰ ਜੀ ਸ਼ੂਟਾਂ ਵੱਟਦੇ ਅਗਲੇ ਪਿੰਡ ਦੇ ਰਾਹੇ ਨਾ ਚੜ੍ਹ ਗਏ!
ਅਗਲੇ ਦਿਨ ਜਦੋਂ ਸਕੂਲ ਪਹੁੰਚੇ ਤਾਂ ਮਾਸਟਰ ਮਹਿੰਗਾ ਰਾਮ ਨੇ ਪਹਿਲਾ ਕੰਮ ਇਹ ਕੀਤਾ ਕਿ ਜਿਹੜੇ ਨਿਆਣੇ ਉਸ ਦੀ ਪਛਾਣ ‘ਚ ਆਏ, ਕੰਨੋ ਫੜ ਫੜ ਜਮਾਤ ਤੋਂ ਬਾਹਰ ਕੱਢ ਇੱਕ ਕਤਾਰ ‘ਚ ਖੜ੍ਹੇ ਕਰ ਲਏ। ਗੁੱਸੇ ਨਾਲ ਲਾਲੋ-ਲਾਲ, ਪਸੀਨੇ ਨਾਲ ਤ੍ਰੇਲੋ-ਤ੍ਰੇਲੀ ਹੋਏ ਸਾਡੇ ਹਿਸਾਬ ਦੇ ਮਾਸਟਰ ਜੀ ਨੇ ਖੂਭ ਝਿੜਕਿਆ, ਡਾਂਟ ਪਾਈ ਤੇ ਨਾਲ ਹੀ ਡੰਡਾ ਪ੍ਰੇਡ ਵੀ ਕੀਤੀ, ਤੇ ਨਾਲੇ ਆਖੀ ਜਾਵੇ, ‘ਤੁਸੀਂ ਕੱਲ੍ਹ ਸਾਰੇ ਪਿੰਡ ‘ਚ ਮੇਰਾ ਰੱਜ ਕੇ ਜਲੂਸ ਕੱਢਿਆ।’ ਸਾਨੂੰ ਜਲੂਸ-ਜਲਾਸ ਦਾ ਤਾਂ ਕੋਈ ਪਤਾ ਨਾ ਲੱਗਿਆ ਕਿ ਕਿਵੇਂ ਨਿਕਲਿਆ! ਅਸੀਂ ਤਾਂ ਨਵੀਂ ਨਵੀਂ ਸਿੱਖੀ ‘ਜੈ ਹਿੰਦ’ ਬੁਲਾਉਣ ਵਲ ਧਿਆਨ ਦਿੰਦਿਆਂ ਮਾਸਟਰ ਜੀ ਨੂੰ ਸਾਈਕਲ ਮਗਰ ਦੌੜਦਿਆਂ ‘ਜੈ ਹਿੰਦ’ ਜਰੂਰ ਬੁਲਾਈ। ਇਹ ਵੀ ਚੇਤੇ ਹੈ ਕਿ ਸਾਰੇ ਪਿੰਡ ਦੀ ਫਿਰਨੀ ਦੁਆਲੇ ਦੌੜਦਿਆ ਤੇ ਅਗਲੇ ਪਿੰਡ ਦੇ ਰਾਹ ਪੈਣ ਤੱਕ, ਸਾਨੂੰ ਮਾਸਟਰ ਜੀ ਨੂੰ ਬੁਲਾਈ ‘ਜੈ ਹਿੰਦ’ ਦੇ ਸਵੀਕਾਰ ਹੋਣ ਦਾ ਜੁਆਬ ਕੋਈ ਨਹੀਂ ਸੀ ਸੁਣਿਆ, ਇਸੇ ਕਰਕੇ ਹੋਰ ਉਚੀ ਉਚੀ ‘ਜੈ ਹਿੰਦ’ ਬੁਲਾਉਂਦਾ ਨਿਆਣਿਆਂ ਦਾ ਜਥਾ ਮਗਰੇ ਮਗਰ ਭਗਦੜ ਮਚਾਉਂਦਾ ਦੌੜੀ ਗਿਆ।
ਕਈ ਦਿਨ ਸਮਝ ਨਾ ਪਈ ਕਿ ‘ਜੈ ਹਿੰਦ’ ਕਹਿਣ ਬਦਲੇ ਇਹ ਅਣਕਿਆਸੀ ਸਾਡੀ ਝਾੜ ਝੰਬ ਤੇ ਡੰਡਾ ਪਰੇਡ ਕਿਸ ਖੁਸ਼ੀ ‘ਚ ਹੋ ਗਈ? ਅਸੀ ਤਾਂ ਵਿਦਿਆਰਥੀਆਂ ਨੂੰ ਨਵੀਆਂ ਚਾੜ੍ਹੀਆਂ ਜਾ ਰਹੀਆਂ ‘ਜੈ ਹਿੰਦ’ ਦੀਆਂ ਹਦਾਇਤਾਂ `ਤੇ ਹੀ ਫੁੱਲ ਚੜ੍ਹਾਉਣ ਦੀ ਕੋਸਿ਼ਸ਼ ਕਰਦੇ ਮਾਸਟਰ ਜੀ ਦੇ ਸਾਈਕਲ ਦੇ ਪਿੱਛੇ ਪਿੱਛੇ ਦੌੜਦੇ ਗਏ ਤੇ ਦੌੜਦੇ ਹੀ ਗਏ। ਉਨ੍ਹਾਂ ਦੀ ‘ਜੈ ਹਿੰਦ’ ਦੀ ਪਰਵਾਨਗੀ ਦਾ ਜੁਆਬ ਜਾਂ ਸਾਨੂੰ ਰੌਲੇ ਰੱਪੇ ‘ਚ ਸੁਣਿਆ ਨਾ, ਜਾਂ ਉਨ੍ਹਾਂ ਜੁਆਬ ਦੇਣਾ ਮੁਨਾਸਬ ਹੀ ਨਾ ਸਮਝਿਆ-ਇਸ ਦਾ ਵੀ ਸਾਨੂੰ ਕੋਈ ਥਹੁ ਪਤਾ ਨਹੀਂ। ਇਸ ਘਟਨਾ ਤੋਂ ਬਾਅਦ ਤਾਂ ਘਰੇ ਆਏ ਕਿਸੇ ਪ੍ਰਾਹੁਣੇ ਨੂੰ ‘ਸਤਿ ਸ੍ਰੀ ਅਕਾਲ’ ਬੁਲਾਉਣੋਂ ਵੀ ਝਿਜਕ ਹੋਣ ਲੱਗਿਆ ਸੀ ਕਿ ਜੇ ਅਣਜਾਣਪੁਣੇ ‘ਚ ਕੋਈ ਕੁਤਾਹੀ ਹੋ ਗਈ ਤਾਂ ਕਿਤੇ ਘਰੋਂ ਪ੍ਰਾਹੁਣੇ ਦੇ ਜਾਣ ਮਗਰੋਂ, ਆਪਣੇ ਘਰ ‘ਚ ਹੀ ਸ਼ਾਮਤ ਨਾ ਆ ਜਾਏ।
ਹੁਣ ਮੁੜ ਮਾਸਟਰ ਜੀ ਦੇ ‘ਹਿਸਾਬ’ ਦਾ ਵਿਸ਼ਾ ਪੜ੍ਹਾਉਣ ਵਲ ਆਉਂਦੇ ਹਾਂ; ਸ਼ਾਇਦ ਮਾਸਟਰ ਜੀ ਨੇ ਵੀ ਆਪਣੇ ਹਿਸਾਬ-ਕਿਤਾਬ ਦੀਆਂ ਗਿਣਤੀਆਂ ਮਿਣਤੀਆਂ ਲਾ ਬੀਜ-ਗਣਿਤ (ਅਲਜਬਰਾ) ਦਾ ਸਮੀਕਰਨ (ਇਕੂਏਜਨ) ਹੱਲ ਕਰ ਲਿਆ ਹੋਵੇ ਕਿ ਵਿੱਦਿਆ ਮਹਿਕਮੇ ਨੇ ਚੰਗਾ ‘ਜੈ ਹਿੰਦ’ ਬੁਲਾਉਣ ਦਾ ਨਵਾਂ ਪੰਗਾ ਸਕੂਲਾਂ ‘ਚ ਪਾ ਦਿੱਤਾ ਕਿ ਜਦੋਂ ਨਮਸਤੇ, ਅਸਲਾਮਾਲੇਕਮ ਅਤੇ ਸਤਿ ਸ੍ਰੀ ਅਕਾਲ ਬੁਲਾਉਣ ਦੀਆਂ ਖੁੱਲ੍ਹਾਂ ਸਨ ਤਾਂ ਪਿੰਡਾਂ ਵਿਚ ਦੀ ਸਾਈਕਲ `ਤੇ ਲੰਘਦਿਆਂ ਅਜਿਹੇ ਨਿਆਣਿਆਂ ਦੇ ਪਾਏ ਖੜਦੁੰਬ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ। ਜਿਉਂ ਜਿਉਂ ਅੱਗੇ ਸਮਝ ਪੈਂਦੀ ਗਈ ਤਾਂ ਆਪਣੇ ਮਨ ਦਾ ਉਲਝਿਆ ਬੀਜ-ਗਣਿਤ ਦਾ ਸਮੀਕਰਨ ਵੀ ਹੱਲ ਹੁੰਦਾ ਲੱਗਿਆ ਕਿ ਮਾਸਟਰ ਮਹਿੰਗਾ ਰਾਮ ਨੇ ਭਾਵੇਂ ਆਜ਼ਾਦ ਭਾਰਤ ਦੇ ਨਵੇਂ ਵਿੱਦਿਆ ਪ੍ਰਬੰਧ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਬਰਾਬਰ ਤੁਰਨ ਦਾ ਯਤਨ ਕੀਤਾ ਤਾਂ ‘ਜੈ ਹਿੰਦ’ ਦੇ ਝਮੇਲੇ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਤਾਜ਼ੀ ਤਾਜ਼ੀ ਆਈ ਆਜ਼ਾਦੀ ਜਿਹੜੀ ਅੰਗਰੇਜ਼ਾਂ ਦੇ ਚਲੇ ਜਾਣ ਉਪਰੰਤ ਭਾਰਤ ਦੇਸ਼ ਦੇ ਟੁਕੜੇ ਹੋਣ ਦੇ ਨਾਲ ਨਾਲ ਲੱਖਾਂ ਲੋਕਾਂ ਦਾ ਕਤਲੇਆਮ ਕਰ ਕਰਾ; ਬਰਾਬਰ ਖੁਸ਼ੀ ਖੁਸ਼ੀ ਵਸਦੇ ਭਾਈਚਾਰਿਆਂ ਦੇ ਮਨਾਂ ‘ਚ ਜ਼ਹਿਰ ਦਾ ਬੀਜ ਭਰ ਨੁਕਸਾਨ ਹੋ ਗਿਆ, ਉਹ ਇਕੱਲੀ ਫੋਕੀ ‘ਜੈ ਹਿੰਦ’ ਦੀ ਰਟ ਲਾਉਣ ਨਾਲ ਪੂਰਾ ਨਹੀਂ ਹੋਣਾ।
ਬਟਵਾਰੇ ਸਮੇਂ ਹੋਏ ਬੇਤਹਾਸ਼ਾ ਜਾਨੀ-ਮਾਲੀ ਨੁਕਸਾਨ ਨੂੰ ਕਿਸੇ ਵੀ ਨਵੇਂ ਤਕੀਆ ਕਲਾਮ ਜਾਂ ਨਾਹਰੇ ਨਾਲ ਸਹਿਜੇ ਪੂਰਾ ਨਹੀਂ ਕੀਤਾ ਜਾ ਸਕਦਾ। ਸਾਡੀ ਹੋਈ ਝਾੜ ਝੰਬ ਤੇ ਡੰਡਾ ਪ੍ਰੇਡ ਨਾਲ ਮਨਾਂ `ਤੇ ਹੋਏ ਜ਼ਖਮਾਂ ਨੂੰ ਇਉਂ ਮੱਲਮ ਲਾਉਣ ਦਾ ਯਤਨ ਕਰਨ ਲੱਗੇ ਕਿ ਸਾਡੇ ‘ਹਿਸਾਬ’ ਦੇ ਵਿਸ਼ੇ ‘ਚ ਬਹੁਤ ਕਾਬਲ ਮਾਸਟਰ ਮਹਿੰਗਾ ਰਾਮ ਦੀ ਆਪਣੀ ਵੀ ਮਜਬੂਰੀ ਹੋ ਸਕਦੀ ਹੈ, ਜਿਹੜੀ ਦੇਸ਼ ਦੇ ਬਟਵਾਰੇ ਉਪਰੰਤ ਹੋਈ ਬਰਬਾਦੀ ਦੇ, ਉਸ ਦੇ ਅੰਦਰ ਸਮੋਏ ਦਰਦ ਨੂੰ ਫੋਕੇ ‘ਜੈ ਹਿੰਦ’ ਕਹਿਣ ਨਾਲ ਕਿਵੇਂ ਦੂਰ ਕੀਤਾ ਜਾ ਸਕਦਾ ਹੈ?