ਗੁਲਜ਼ਾਰ ਸਿੰਘ ਸੰਧੂ
ਦੇਸ਼ ਵਿਚ ਦਿੱਲੀ ਲਖਨਊ ਜਿੰਨਾ ਹੀ ਉਰਦੂ ਭਾਸ਼ੀ ਸ਼ਹਿਰ ਰਿਹਾ ਹੈ। ਦੇਸ਼ ਵੰਡ ਤੋਂ ਪਿੱਛੋਂ ਪੰਜਾਬੀ ਸ਼ਰਨਾਰਥੀਆਂ ਦੀ ਆਮਦ ਨੇ ਉਰਦੂ ਭਾਸ਼ੀ ਵਸੋਂ ਉਤੇ ਅਸਰ ਤਾਂ ਪਾਇਆ ਪਰ ਇਨ੍ਹਾਂ ਵਿਚ ਵੀ ਬਹੁ ਗਿਣਤੀ ਉਨ੍ਹਾਂ ਦੀ ਸੀ ਜੋ ਉਰਦੂ ਨੂੰ ਬਰਾਬਰ ਦਾ ਪਿਆਰ ਕਰਦੇ ਸਨ। ਉਰਦੂ ਭਾਸ਼ਾ ਦੀ ਅਮੀਰੀ ਵਿਚ ਸਰ ਮੁਹੰਮਦ ਇਕਬਾਲ, ਮੌਲਾਨਾ ਹਾਲੀ, ਜੋਸ਼ ਮਲਸਿਆਨੀ, ਫੈਜ਼ ਅਹਿਮਦ ਫੈਜ਼, ਰਾਜਿੰਦਰ ਸਿੰਘ ਬੇਦੀ, ਖਵਾਜਾ ਅਹਿਮਦ ਅੱਬਾਸ, ਕ੍ਰਿਸ਼ਨ ਚੰਦਰ, ਸਆਦਤ ਹਸਨ ਮੰਟੋ, ਪਿਤਰ ਬੁਖਾਰੀ ਆਦਿ ਲੇਖਕਾਂ ਦਾ ਵੱਡਾ ਹੱਥ ਸੀ ਜੋ ਪੰਜਾਬੀ ਮੂਲ ਦੇ ਸਨ। ਉਰਦੂ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦੇ ਸਾਂਝੇ ਯਤਨਾਂ ਨੇ ਰਾਸ਼ਟਰੀ ਭਾਸ਼ਾ ਦੇ ਸੁਹਾਗੇ ਨੂੰ ਪੂਰੀ ਸਫਲਤਾ ਨਹੀਂ ਲੈਣ ਦਿੱਤੀ। ਕੁਝ ਸੁਤੰਤਰ ਭਾਰਤ ਦੀ ਦਿੱਲੀ ਉਤੇ ਮਹਿੰਦਰ ਸਿੰਘ ਰੰਧਾਵਾ ਦਾ ਪ੍ਰਥਮ ਡਿਪਟੀ ਕਮਿਸ਼ਨਰ ਬਣਨਾ ਵੀ ਕੰਮ ਆਇਆ। ਉਸ ਨੇ ਇਥੇ ਪ੍ਰੀਤਲੜੀ ਵਾਲੇ ਗੁਰਬਖਸ਼ ਸਿੰਘ ਤੇ ਪੁਸਤਕ ਮਾਲਾ ਵਾਲੇ ਨਾਨਕ ਸਿੰਘ ਨੂੰ ਹੀ ਢੋਈ ਨਹੀਂ ਦਿੱਤੀ, ਦੇਵਿੰਦਰ ਸਤਿਆਰਥੀ ਨੂੰ ‘ਆਜ ਕਲ’ ਦਾ ਐਡੀਟਰ ਲਵਾਉਣ ਵਿਚ ਵੀ ਧੜੱਲੇਦਾਰ ਭੂਮਿਕਾ ਨਿਭਾਈ। ਭਾਰਤੀ ਖੇਤੀ ਬਾੜੀ ਖੋਜ ਕੌਂਸਲ ਦੇ ਪ੍ਰਕਾਸ਼ਨ ਵਿਭਾਗ ਵਿਚ ਪੰਜਾਬੀ ਤੇ ਉਰਦੂ ਨੂੰ ਬੰਗਾਲੀ, ਮਰਾਠੀ, ਤਾਮਿਲ ਤੇ ਤੈਲਗੂ ਦੇ ਬਰਾਬਰ ਪਥ-ਪ੍ਰਦਰਸ਼ਨ ਵਜੋਂ ਚੁਣੀਆਂ ਗਈਆਂ ਛੇ ਜ਼ੁਬਾਨਾਂ ਵਿਚ ਸ਼ਾਮਲ ਕਰਨ ਵਾਲਾ ਵੀ ਉਹੀਓ ਸੀ। ਪੰਜਾਬੀਆਂ ਦੇ ਚੰਗੇ ਭਾਗਾਂ ਨੂੰ ਉਦੋਂ ਗੁਰਮੁਖ ਸਿੰਘ ਮੁਸਾਫਰ ਦੀ ਵੀ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨਾਲ ਸੁਰ ਰਲਦੀ ਸੀ ਜੋ ਪੰਜਾਬੀ ਪਿਆਰਾ ਸੀ।
ਮੈਂ ਦਿੱਲੀ ਵਿਚ ਇਨ੍ਹਾਂ ਭਾਸ਼ਾਵਾਂ ਦੇ ਉਤਰਾ-ਚੜ੍ਹਾ ਦਾ ਚਸ਼ਮਦੀਦ ਗਵਾਹ ਹਾਂ। ਮੈਂ ਖੁਸ਼ਵੰਤ ਸਿੰਘ, ਪ੍ਰੇਮ ਭਾਟੀਆ, ਸ਼ਾਮ ਲਾਲ ਅਦੀਬ ਆਦਿ ਅਨੇਕਾਂ ਪੰਜਾਬੀਆਂ ਨੂੰ ਅੰਗਰੇਜ਼ੀ ਪੱਤਰਕਾਰੀ ਵਿਚ ਨਾਮਣਾ ਖੱਟਦੇ ਵੀ ਤੱਕਿਆ ਹੈ। ਇਹ ਵੀ ਪੰਜਾਬੀ ਸੁਭਾਅ ਦਾ ਹੀ ਕ੍ਰਿਸ਼ਮਾ ਸੀ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਤੇ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਦੋ ਪੰਜਾਬੀ ਮੂਲ ਦੇ ਵਿਦਵਾਨ ਡਾæ ਗੋਪੀ ਚੰਦ ਨਾਰੰਗ ਤੇ ਡਾæ ਬਿਪਨ ਚੰਦਰ ਬਣੇ। ਹੁਣ ਵੀ ਦਿੱਲੀ ਯੂਨੀਵਰਸਟੀ ਦੇ ਪੰਜਾਬੀ ਤੇ ਉਰਦੂ ਨੂੰ ਖੁੱਡੇ ਲਾਉਣ ਵਾਲਿਆਂ ਨੂੰ ਸਿਰਕੱਢ ਪੰਜਾਬੀਆਂ ਨੇ ਹੀ ਨੱਥ ਪਾਉਣੀ ਹੈ। ਮੈਂ ਇਨ੍ਹਾਂ ਵਿਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕੇਂਦਰ ਸਰਕਾਰ ਦੇ ਕੈਬੀਨਟ ਮੰਤਰੀ ਕਪਿਲ ਸਿੱਬਲ ਤੇ ਮਨੀਸ਼ ਤਿਵਾੜੀ ਹੀ ਨਹੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਸ਼ਾਮਲ ਸਮਝਦਾ ਹਾਂ। ਹੁਣ ਤਾਂ ਦਿੱਲੀ ਦੇ ਰਾਜਪਾਲ ਦੀ ਕੁਰਸੀ ਉਤੇ ਵੀ ਉਘਾ ਉਰਦੂ ਪ੍ਰੇਮੀ ਨਜੀਬ ਜੰਗ ਆ ਬੈਠਾ ਹੈ। ਕੋਈ ਅਣਹੋਣੀ ਨਹੀਂ ਹੋਣ ਲੱਗੀ।
ਮਨੁੱਖੀ ਵਸੀਲੇ ਮੰਤਰਾਲੇ ਵਲੋਂ ਦਿੱਲੀ ਯੂਨੀਵਰਸਟੀ ਨੂੰ ਪਾਇਲਟ ਵਿਸ਼ਵਵਿਦਿਆਲੇ ਵਜੋਂ ਚੁਣਨਾ ਮੰਦ ਭਾਗਾ ਹੈ, ਉਸ ਸੰਸਥਾ ਨੂੰ ਜਿਹੜੀ ਉਸ ਖੇਤਰ ਦੀ ਹੈ ਜਿਥੋਂ ਦੇ ਵਸਨੀਕ ਸਰਕਾਰ ਦੀਆਂ ਪੰਜਾਬੀ ਤੇ ਉਰਦੂ ਮਾਰੂ ਨੀਤੀਆਂ ਤੋਂ ਪਹਿਲਾਂ ਹੀ ਸਤੇ ਹੋਏ ਹਨ। ਮੈਂ ਮੰਨਦਾ ਹਾਂ ਕਿ ਕੇਂਦਰੀ ਮੰਤਰਾਲੇ ਨੇ ਨਵਾਂ ਫੈਸਲਾ ਕਿੱਤਾ ਮੁਖੀ ਵਿਦਿਆ ਨੂੰ ਪਹਿਲ ਦੇਣ ਅਤੇ ਵਿਚ-ਵਿਚਾਲੇ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਡਾਵਾਂਡੋਲਤਾ ਖਤਮ ਕਰਨ ਲਈ ਲਿਆ ਹੈ ਪਰ ਇਸ ਦੀ ਅਜ਼ਮਾਇਸ਼ ਲਈ ਕੋਈ ਛੋਟੀ ਤੇ ਦੂਰ ਦੀ ਸੰਸਥਾ ਚੁਣਨੀ ਚਾਹੀਦੀ ਸੀ ਜਿਸ ਵਿਚ ਅਚਾਨਕ ਹੀ ਬੇਕਾਰ ਹੋਣ ਵਾਲੇ ਅਧਿਆਪਕਾਂ ਦੀ ਨਫਰੀ ਇੰਨੀ ਜ਼ਿਆਦਾ ਨਾ ਹੁੰਦੀ। ਕੋਈ ਵੀ ਕਦਮ ਸਹਿਜ ਨਾਲ ਪੁੱਟਿਆਂ ਹੀ ਸਫਲਤਾ ਮਿਲਦੀ ਤੇ ਉਹ ਵੀ ਕਿਸੇ ਨਾਜ਼ਕ ਖੇਤਰ ਤੋਂ ਦੂਰ। ਅੱਜ ਨਹੀਂ ਤਾਂ ਕੱਲ ਇਹੀਓ ਹੋਵੇਗਾ, ਮੈਨੂੰ ਵਿਸ਼ਵਾਸ਼ ਹੈ।
ਉਚਾ ਲਧਾਣਾ ਬਨਾਮ ਮੱਠ ਵਾਲੀ ਪੱਦੀ
ਅਜੀਤ ਸੰਸਥਾ ਨੇ ਬੰਗਾ ਨੇੜੇ ਡਾæ ਸਾਧੂ ਸਿੰਘ ਹਮਦਰਦ ਦੇ ਜੱਦੀ ਪਿੰਡ ਪੱਦੀ ਮੱਠ ਅਤੇ ਉਚਾ ਲਧਾਣਾ ਵਿਖੇ ਅਜੀਤ ਸਮਾਚਾਰ ਪੱਤਰ ਸਮੂਹ ਨੇ ਆਪਣੇ ਬਾਨੀ ਦੀ ਯਾਦ ਵਿਚ ਅਜੀਤ ਹਰਿਆਵਲ ਲਹਿਰ ਲਿਜਾ ਕੇ ਮੈਨੂੰ ਆਪਣਾ ਬਚਪਨ ਚੇਤੇ ਕਰਵਾ ਦਿੱਤਾ ਹੈ। ਮੈਂ ਅਨੇਕ ਵਾਰ ਆਪਣੀ ਮਾਂ ਦੀ ਕੁਛੜ ਜਾਂ ਬਾਪ ਦੇ ਬੋਤੇ ਉਤੇ ਬਹਿ ਕੇ ਆਪਣੇ ਜੱਦੀ ਪਿੰਡ ਸੂਨੀ ਤੇ ਰੇਲਵੇ ਸਟੇਸ਼ਨ ਬੰਗਾ ਦੇ ਅੱਧ ਵਿਚ ਪੈਂਦੀ ਮੱਠ ਵਾਲੀ ਪੱਦੀ ਵਿਚੋਂ ਲੰਘਿਆ ਹਾਂ। ਇਥੋਂ ਦੇ ਮੰਨੇ-ਪ੍ਰਮੰਨੇ ਮੱਠ ਦੇ ਰੁੱਖਾਂ ਦੀ ਛਾਂ ਅਤੇ ਖੂਹੀ ਦੇ ਮਿੱਠੇ ਪਾਣੀ ਨਾਲ ਪੱਲੇ ਬੱਧੇ ਪਰੌਂਠੇ ਖਾਣਾ ਵੀ ਨਿਯਮ ਸੀ। ਇਹ ਗੱਲ ਵੱਖਰੀ ਹੈ ਕਿ ਹੁਣ ਕਾਰ ਵਾਲਾ ਹੋਣ ਤੋਂ ਪਿੱਛੋਂ ਪਠਲਾਵਾ ਤੋਂ ਪੱਦੀ ਤੇ ਕਜਲਾ ਰਾਹੀਂ ਜਾਣ ਦੀ ਥਾਂ ਪਠਲਾਵਾ ਤੋਂ ਝਿੱਕਾ ਲੁਧਾਣਾ ਰਾਹੀਂ ਬੰਗਾ ਜਾਣ ਦੀ ਆਦਤ ਪੈ ਗਈ ਹੈ। ਮੈਨੂੰ ਜਾਪਦਾ ਹੈ ਪੱਦੀ ਮੱਠ ਦੇ ਵੱਡੇ ਮਾਰਗ ਉਤੇ ਰੁੱਖ ਲਗਣ ਨਾਲ ਉਹ ਮਾਰਗ ਵੀ ਹੋਰ ਖੁੱਲ੍ਹਾ ਹੋ ਜਾਵੇਗਾ ਤੇ ਮੈਂ ਝਿੱਕੇ ਲਧਾਣੇ ਦਾ ਲੰਮਾ ਪੈਂਡਾ ਛੱਡ ਕੇ ਮੁੜ ਆਪਣੇ ਜਾਣੇ-ਪਛਾਣੇ ਮਾਰਗ ਜਾਣ ਲੱਗਾਂਗਾ। ਖਾਸ ਕਰਕੇ ਇਸ ਲਈ ਕਿ ਇਸ ਦੇ ਆਲੇ-ਦੁਆਲੇ ਅਜੀਤ ਸਮੂਹ ਵਲੋਂ ਲਵਾਏ ਰੁੱਖਾਂ ਦੀ ਛਾਂ ਹੋਵੇਗੀ। ਮੈਂ ਚਾਹਵਾਂਗਾ ਕਿ ਦੋਵਾਂ ਪਿੰਡਾਂ ਦੇ ਵਸਨੀਕ, ਪੰਚ ਤੇ ਸਰਪੰਚ ਨਵੇਂ ਪੌਦਿਆਂ ਦੀ ਉਸੇ ਤਰ੍ਹਾਂ ਦੇਖਭਾਲ ਕਰਨ ਜਿਵੇਂ ਖਡੂਰ ਸਾਹਿਬ (ਅੰਮ੍ਰਿਤਸਰ) ਖੇਤਰ ਦੇ ਵਸਨੀਕ ਉਥੋਂ ਦੇ ਗੁਰਧਾਮ ਵਲੋਂ ਲਗਵਾਏ ਪੌਦਿਆਂ ਦੀ ਕਰਦੇ ਹਨ। ਵੇਖ ਕੇ ਮਜ਼ਾ ਆ ਜਾਂਦਾ ਹੈ। ਮੈਨੂੰ ਇਨ੍ਹਾਂ ਰੁੱਖਾਂ ਦੀ ਛਾਂ ਮਾਣਦਿਆਂ ਆਪਣੇ ਸਤਿਕਾਰਯੋਗ ਤੇ ਸੀਨੀਅਰ ਮਿੱਤਰ ਡਾæ ਸਾਧੂ ਸਿੰਘ ਹਮਦਰਦ ਨੂੰ ਚੇਤੇ ਕਰਨਾ ਚੰਗਾ ਲੱਗੇਗਾ ਜੋ ਅਮਰ ਸਿੰਘ ਦੁਸਾਂਝ ਦੇ ਬੇਟੇ ਨੂੰ ਐਮਾਂ ਜੱਟਾਂ ਵਿਆਹੁਣ ਆਇਆ ਮੇਰੇ ਘਰ ਸੂਨੀ ਪਧਾਰਿਆ ਸੀ ਤੇ ਮੇਰੇ ਵਿਆਹ ਸਮੇਂ ਮੇਰੀ ਬਰਾਤ ਵਿਚ ਵੀ ਬਹੁੜਿਆ ਸੀ।
ਤਰਲੋਚਨ ਸਿੰਘ ਦਾ ਸੁੱਚਾ ਅੱਧ
ਜਿਸ ਦਿਨ ਦੀ ਆਪਣੇ ਮਿੱਤਰ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦੀ ਜੀਵਨ ਸਾਥਣ ਦੇ ਤੁਰ ਜਾਣ ਦੀ ਖਬਰ ਮਿਲੀ ਹੈ, ਮੇਰੇ ਮਨ ਵਿਚ ਪਤਨੀ ਲਈ ਵਰਤਿਆ ਜਾਂਦਾ ਅੰਗਰੇਜ਼ੀ ਦਾ ਸ਼ਬਦ ‘ਬੈਟਰ ਹਾਫ’ ਭਾਵ ਵਧੀਆ ਅੱਧ ਮੁੜ ਮੁੜ ਚੱਕਰ ਲਾ ਰਿਹਾ ਹੈ। ਮੈਂ ਉਮਰ ਵਿਚ ਤਰਲੋਚਨ ਸਿੰਘ ਨਾਲੋਂ ਛੋਟਾ ਹਾਂ ਪਰ ਬੈਠਦਿਆਂ-ਉਠਦਿਆਂ ਜਾਂ ਸਫ਼ਰ ਕਰਦਿਆਂ ਮੈਨੂੰ ਤੁਰ ਗਈ ਆਤਮਾ ਵਲੋਂ ਜੇਠਾਂ ਵਾਲਾ ਸਤਿਕਾਰ ਮਿਲਦਾ ਰਿਹਾ ਹੈ। ਮੈਂ ਤਰਲੋਚਨ ਸਿੰਘ ਨੂੰ ਕੁਲਵੰਤ ਸਿੰਘ ਵਿਰਕ ਦੇ ਵਾਰਸ ਵਜੋਂ ਜਾਣਦਾ ਆਇਆ ਹਾਂ। ਉਦੋਂ ਤੋਂ ਜਦੋਂ ਉਸ ਨੇ ਵਿਰਕ ਤੋਂ ਜ਼ਿਲਾ ਫਿਰੋਜ਼ਪੁਰ ਦੇ ਸੰਚਾਰ ਅਧਿਕਾਰੀ ਦੀ ਜਿੰਮੇਵਾਰੀ ਸੰਭਾਲੀ ਸੀ। ਉਸ ਦਿਨ ਤੋਂ ਅੱਜ ਤੱਕ ਉਹ ਸ਼ ਪ੍ਰਤਾਪ ਸਿਘ ਕੈਰੋਂ ਤੋਂ ਲੈ ਕੇ ਗਿਆਨੀ ਜ਼ੈਲ ਸਿੰਘ ਤੱਕ ਸਾਰੇ ਮੁੱਖ ਮੰਤਰੀਆਂ ਅਤੇ ਕੇਂਦਰ ਦੇ ਸਿਰਕੱਢ ਮੰਤਰੀਆਂ ਤੇ ਰਾਸ਼ਟਰਪਤੀਆਂ ਤੱਕ ਨਾਲ ਵਿਚਰਦਾ ਆਇਆ ਹੈ। ਉਸ ਨੇ ਜੀਵਨ ਦਾ ਵੱਡਾ ਹਿੱਸਾ ਸਿਆਸੀ ਝੂਠ ਸੱਚ ਨਾਲ ਖਹਿੰਦਿਆਂ ਲੰਘਾਇਆ ਹੈ, ਵੱਡੇ ਲੋਕਾਂ ਦੇ ਅੰਗ-ਸੰਗ ਰਹਿ ਕੇ। ਮੈਂ ਚਾਹਾਂਗਾ ਕਿ ਉਹ ਇਸ ਵੱਡੇ ਸਦਮੇ ਤੋਂ ਵਿਹਲਾ ਹੋ ਕੇ ਸਾਨੂੰ ਰਾਜ ਤੇ ਦੇਸ਼ ਦੇ ਇਨ੍ਹਾਂ ਮਹਾਰਥੀਆਂ ਨਾਲ ਵੀ ਮਿਲਾਵੇ। ਉਸ ਕੋਲ ਕਲਮ ਦਾ ਸਾਥ ਵੀ ਸੁੱਚਿਆਂ ਵਰਗਾ ਹੀ ਹੈ।
ਅੰਤਿਕਾ: (ਮੋਹਨ ਸਿੰਘ ਦੀਵਾਨਾ)
ਖੂੰਜੇ ਅੰਦਰ ਲੁਕਿਆ ਸ਼ਾਇਰ
ਮਜਲਸ ਲਾਈ ਬੈਠਾ ਹੈ।
ਮਜਲਸ ਅੰਦਰ ਸ਼ਾਇਰ ਕੋਈ
ਚੀਜ਼ ਗੰਵਾਈ ਬੈਠਾ ਹੈ।
ਦੁਨੀਆਂ ਅੰਦਰ ਲਾਲ ਅਨੋਖੇ
ਪਾਈ ਗੰਵਾਈ ਬੈਠਾ ਹੈ।
ਅਕਲਾਂ ਮਾਰੇ ਬੰਦਿਆਂ ਵਿਚ
ਆਜ਼ਾਦ ਸ਼ੁਦਾਈ ਬੈਠਾ ਹੈ।
Leave a Reply