ਕਰੋਨਾ: ਔਖੀ ਘੜੀ ਵਿਚ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ

ਚੰਡੀਗੜ੍ਹ: ਕਰੋਨਾ ਮਹਾਮਾਰੀ ਕਾਰਨ ਭਾਰਤ ਦਾ ਸਿਹਤ ਢਾਂਚਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ‘ਚ ਆਈ.ਸੀ.ਯੂ. ਬੈੱਡਾਂ ਦੀ ਘਾਟ ਹੋ ਗਈ ਹੈ। ਜੇਕਰ ਬੈੱਡ ਮਿਲ ਰਿਹਾ ਹੈ ਤਾਂ ਆਕਸੀਜਨ ਨਹੀਂ ਹੈ। ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ ‘ਚ ਦਰਦਨਾਕ ਮਾਹੌਲ ਬਣਿਆ ਹੋਇਆ ਹੈ। ਇਸ ਔਖੀ ਘੜੀ ਵਿਚ ਸਿੱਖ ਭਾਈਚਾਰਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ ਹੈ।

ਇੰਦਰਾਪੁਰਮ ਦਿੱਲੀ ਅਤੇ ਗਾਜ਼ੀਆਬਾਦ ਦੇ ਗੁਰਦੁਆਰੇ ਦੇ ਪ੍ਰਬੰਧਕ ਆਕਸੀਜਨ ਦੇ ਪ੍ਰਬੰਧ ਦੀ ਸੇਵਾ ਰਾਹੀਂ ਹਜ਼ਾਰਾਂ ਮਰੀਜ਼ਾਂ ਦੀ ਜਾਨ ਬਚਾ ਕੇ ਮਿਸਾਲ ਬਣ ਰਹੇ ਹਨ। ‘ਖਾਲਸਾ ਏਡ` ਸੰਸਥਾ ਵੱਲੋਂ ਵਲੰਟੀਅਰਾਂ ਰਾਹੀਂ ਆਕਸੀਜਨ ਦੀਆਂ ਮਸ਼ੀਨਾਂ ਲੋੜਵੰਦਾਂ ਤੱਕ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ। ‘ਵਾਈਸ ਆਫ ਵਾਈਸ` ਸੰਸਥਾ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ `ਚ ਆਕਸੀਜਨ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਤਾਂ ਕਿ ਗੱਡੀਆਂ `ਚ ਜਾ ਰਹੇ ਮਰੀਜ਼ਾਂ ਨੂੰ ਲੋੜ ਪੈਣ ਉਤੇ ਤੁਰਤ ਆਕਸੀਜਨ ਮੁਹੱਈਆ ਕਰਵਾਈ ਜਾ ਸਕੇ। ‘ਖਾਲਸਾ ਅਕਾਲ ਪੁਰਖ ਦੀ ਫ਼ੌਜ` ਸੰਸਥਾ ਵੱਲੋਂ 200 ਸਿਲੰਡਰਾਂ ਰਾਹੀਂ ਆਕਸੀਜਨ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਸੇਵਾ ਦਲ, ਯੂਨਾਈਟਿਡ ਸਿੱਖਸ ਤੇ ਹੋਰਨਾਂ ਵੱਲੋਂ ਕਰੋਨਾ ਦੇ ਮ੍ਰਿਤਕ ਸਰੀਰਾਂ ਦੇ ਸਸਕਾਰ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ `ਚ ਹੋਰ ਸਿੱਖ ਤੇ ਦੂਜੀਆਂ ਸੰਸਥਾਵਾਂ ਸਮੇਤ ਆਪਣੇ ਆਪਣੇ ਪੱਧਰ ਉਤੇ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ, ਪੰਥਕ ਅਕਾਲੀ ਲਹਿਰ ਤੇ ਹੋਰਨਾਂ ਵਲੋਂ ਵੀ ਲੰਗਰ ਸਮੇਤ ਲੋੜਵੰਦਾਂ ਤੱਕ ਹੋਰ ਸੇਵਾ ਪਹੁੰਚਾਈ ਜਾ ਰਹੀ ਹੈ।
ਖਾਲਸਾ ਏਡ ਇੰਡੀਆ ਦੇ ਇੰਚਾਰਜ ਅਮਨਪ੍ਰੀਤ ਸਿੰਘ ਮੁਤਾਬਕ ਆਕਸੀਜਨ ਦੀਆਂ 300 ਮਸ਼ੀਨਾਂ (ਈਵੋਕਸ ਆਕਸੀਜਨ ਕੰਸਟ੍ਰੇਟਰਸ) ਦਾ ਆਰਡਰ ਦਿੱਤਾ ਹੋਇਆ ਹੈ। 26 ਅਪਰੈਲ ਤੱਕ 65 ਮਸ਼ੀਨਾਂ ਦਿੱਲੀ ‘ਚ ਕੰਮ ਕਰ ਰਹੀਆਂ ਸਨ ਅਤੇ ਹਰ ਦੂਜੇ ਦਿਨ 30-40 ਮਸ਼ੀਨਾਂ ਹੋਰ ਆਉਂਦੀਆਂ ਜਾਣਗੀਆਂ। ਇਸ ਮਸ਼ੀਨ ‘ਚ ਆਕਸੀਜਨ ਮੁੱਕਣ ਦੀ ਸਮੱਸਿਆ ਹੀ ਨਹੀਂ ਹੈ, ਕਿਉਂਕਿ ਇਹ ਮਸ਼ੀਨ ਖੁਦ ਹੀ ਆਕਸੀਜਨ ਬਣਾਉਂਦੀ ਹੈ। ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ਰਾਹੀਂ ਸਬੰਧਤ ਮਰੀਜ਼ਾਂ ਦੇ ਘਰ ਵਲੰਟੀਅਰਾਂ ਰਾਹੀਂ ਮਸ਼ੀਨਾਂ ਪਹੁੰਚਾਈਆਂ ਜਾਂਦੀਆਂ ਹਨ ਅਤੇ ਲੋੜ ਖਤਮ ਹੋਣ ਉਤੇ ਉਥੋਂ ਹੀ ਦੂਜੀ ਥਾਂ ਭੇਜੀਆਂ ਜਾਂਦੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਆਕਸੀਜਨ ਲੰਗਰ ਤੇ 200 ਬੈੱਡਾਂ ਵਾਲੇ ਕਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਨੇ ਹਮ ਚਾਕਰ ਗੋਬਿੰਦ ਕੇ ਸੰਸਥਾ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਆਕਸੀਜਨ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਲੰਗਰ ਵਿਚ ਲੋੜਵੰਦ ਲੋਕਾਂ ਨੂੰ ਆਕਸੀਜਨ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਨੂੰ ਨਿਊ ਯਾਰਕ ਤੋਂ 100 ਆਕਸੀਜਨ ਕੰਨਸੈਂਟ੍ਰੇਟਰ ਭੇਜੇ ਗਏ ਹਨ ਤੇ ਇਹ ਕੰਸੈਂਟ੍ਰੇਟਰ ਵੀ ਜਲਦ ਹੀ ਸੰਗਤ ਦੀ ਸੇਵਾ ‘ਚ ਹਾਜਰ ਕੀਤੇ ਜਾਣਗੇ। ਕਮੇਟੀ ਵਲੋਂ ਕਲੋਨੀਆਂ ਤੇ ਘਰਾਂ ਦੇ ਬਾਹਰ ਸੈਨੀਟਾਈਜੇਸ਼ਨ ਮੁਹਿੰਮ ਵੀ ਅਰੰਭੀ ਹੋਈ ਹੈ। ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਕਰੋਨਾ ਪਾਜੀਟਿਵ ਆਏ ਪਰਿਵਾਰਾਂ ਤੇ ਹੋਰ ਲੋੜਵੰਦਾਂ ਲਈ ਲੰਗਰ ਦੀ ਸੇਵਾ ਪਹਿਲਾਂ ਹੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਕਰੋਨਾ ਮਰੀਜ਼ਾਂ ਵਾਸਤੇ ਜਿਸ ਤਰੀਕੇ ਦੀ ਜਰੂਰਤ ਹੋਵੇਗੀ, ਉਹ ਸੇਵਾ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
______________________________________________
ਸਿੱਖ ਸੰਸਥਾ ਕਰ ਰਹੀ ਹੈ ਸਸਕਾਰ ਦੀ ਸੇਵਾ
ਨਵੀਂ ਦਿੱਲੀ: ਮਨੁੱਖੀ ਅਧਿਕਾਰ ਅਤੇ ਸਮਾਜ ਸੇਵੀ ਸੰਸਥਾ ਯੂਨਾਈਟਡ ਸਿੱਖਜ ਵੱਲੋਂ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਸਸਕਾਰ ਦੀ ਸੇਵਾ ਨਿਭਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੰਸਥਾ ਵੱਲੋਂ ਉਨ੍ਹਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜੋ ਕਰੋਨਾ ਨਾਲ ਮਰਨ ਵਾਲੇ ਆਪਣੇ ਪਰਿਵਾਰਕ ਮੈਂਬਰ ਦਾ ਕਿਸੇ ਵੀ ਕਾਰਨ ਸਸਕਾਰ ਕਰਨ ‘ਚ ਅਸਮਰਥ ਹਨ। ਸੰਸਥਾ ਦੇ ਡਾਇਰੈਕਟਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਹੁਣ ਤੱਕ 350 ਤੋਂ ਵੱਧ ਵਿਅਕਤੀਆਂ ਦਾ ਉਨ੍ਹਾਂ ਵੱਲੋਂ ਸਸਕਾਰ ਕੀਤਾ ਜਾ ਚੁੱਕਾ ਹੈ।