ਕੈਪਟਨ ਸਰਕਾਰ ਵੱਲੋਂ ਲੋਕਾਂ ਉਤੇ ਸਖਤੀ ਆਸਰੇ ਜੰਗ ਜਿੱਤਣ ਉਤੇ ਜ਼ੋਰ

ਚੰਡੀਗੜ੍ਹ: ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਪੰਜਾਬ ਵਿਚ ਕਹਿਰ ਬਣ ਕੇ ਆਈ ਹੈ। ਸੂਬੇ ਵਿਚ ਸਿਹਤ ਸੇਵਾਵਾਂ ਦਮ ਤੋੜ ਰਹੀਆਂ ਹਨ। ਸਰਕਾਰ ਦੇ ਹੱਥ ਖੜ੍ਹੇ ਜਾਪ ਰਹੇ ਹਨ। ਅਜਿਹੇ ਸਮੇਂ ਲੋਕਾਂ ਨੂੰ ਹੌਂਸਲਾ ਤੇ ਬਾਂਹ ਫੜਨ ਦੀ ਥਾਂ ਕੈਪਟਨ ਸਰਕਾਰ ਸਖਤੀ ਉਤੇ ਜੋਰ ਦੇ ਰਹੀ ਹੈ।

ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜਰ ਪੰਜਾਬ ਵਿਚ ਪਾਬੰਦੀਆਂ ਦਾ ਘੇਰਾ ਸਖਤ ਕਰ ਦਿੱਤਾ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ 15 ਮਈ ਤੱਕ ਪਾਬੰਦੀਆਂ ਆਇਦ ਕਰ ਦਿੱਤੀਆਂ ਹਨ। ਨਵੇਂ ਨੋਟੀਫਿਕੇਸ਼ਨ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਹੁਣ ਕਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਦਾਖਲਾ ਮਿਲ ਸਕੇਗਾ ਜਾਂ ਦੋ ਹਫਤਿਆਂ ਅੰਦਰ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਲਏ ਜਾਣ ਵਾਲਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ।
ਨੋਟੀਫਿਕੇਸ਼ਨ ਅਨੁਸਾਰ ਹੁਣ ਪਿੰਡਾਂ ਵਿਚ ਠੀਕਰੀ ਪਹਿਰੇ ਲੱਗਣਗੇ ਜਦਕਿ ਸ਼ਹਿਰਾਂ ‘ਚ ਹਫਤਾਵਾਰੀ ਮੰਡੀਆਂ ਬੰਦ ਰਹਿਣਗੀਆਂ। ਰੋਜ਼ਾਨਾ ਰਾਤਰੀ ਕਰਫਿਊ ਸਾਮ ਨੂੰ ਛੇ ਤੋਂ ਸਵੇਰੇ ਪੰਜ ਵਜੇ ਤੱਕ ਰਹੇਗਾ ਅਤੇ ਹਫਤਾਵਾਰੀ ਲੌਕਡਾਊਨ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਪਬਲਿਕ ਟਰਾਂਸਪੋਰਟ 50 ਫੀਸਦੀ ਸਮਰੱਥਾ ਨਾਲ ਚੱਲ ਸਕੇਗੀ। ਕਾਰਾਂ ਆਦਿ ‘ਚ ਸਿਰਫ ਦੋ ਲੋਕ ਹੀ ਸਫਰ ਕਰ ਸਕਣਗੇ ਜਦਕਿ ਦੋਪਹੀਆ ਵਾਹਨਾਂ ‘ਤੇ ਸਿਰਫ ਇਕ ਵਿਅਕਤੀ ਹੀ ਸਫਰ ਕਰ ਸਕੇਗਾ। ਸਿਨੇਮਾ ਹਾਲ, ਬਾਰ, ਜਿਮ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਰੈਸਟੋਰੈਂਟ ਵਗੈਰਾ ਤੋਂ ਰਾਤ 9 ਵਜੇ ਤੱਕ ਸਿਰਫ ਹੋਮ ਡਲਿਵਰੀ ਹੋ ਸਕੇਗੀ। ਸਕੂਲਾਂ ਤੇ ਕਾਲਜਾਂ ਸਮੇਤ ਵਿੱਦਿਅਕ ਅਦਾਰੇ ਬੰਦ ਰਹਿਣਗੇ ਜਦਕਿ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।
ਸਾਰੀਆਂ ਭਰਤੀ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਵੇਂ ਹੀ ਸਿਆਸੀ ਇਕੱਠਾਂ ਅਤੇ ਹਰ ਤਰ੍ਹਾਂ ਦੇ ਸਮਾਗਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਦਫਤਰ ਅਤੇ ਬੈਂਕ ਹੁਣ ਪੰਜਾਹ ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਪ੍ਰਾਈਵੇਟ ਦਫਤਰ ਬੰਦ ਰਹਿਣਗੇ ਅਤੇ ਇਨ੍ਹਾਂ ਦੇ ਮੁਲਾਜ਼ਮ ‘ਵਰਕ ਫਰਾਮ ਹੋਮ‘ ਕਰ ਸਕਣਗੇ। ਵਿਆਹ ਤੇ ਹੋਰ ਸਮਾਗਮਾਂ ‘ਚ ਹੁਣ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ। ਸਰਕਾਰੀ ਦਫਤਰਾਂ ਵਿਚ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੈਲਥ ਤੇ ਫਰੰਟ ਲਾਈਨ ਵਰਕਰਾਂ, ਜਿਨ੍ਹਾਂ ਨੇ ਲੰਘੇ 15 ਦਿਨਾਂ ਦੌਰਾਨ ਟੀਕੇ ਦੀ ਇਕ ਵੀ ਡੋਜ਼ ਨਹੀਂ ਲਈ, ਨੂੰ ਛੁੱਟੀ ‘ਤੇ ਭੇਜਿਆ ਜਾਵੇਗਾ। ਉਹ ਜਦ ਤੱਕ ਵੈਕਸੀਨ ਨਹੀਂ ਲਗਵਾਉਣਗੇ, ਉਦੋਂ ਤੱਕ ਛੁੱਟੀ ‘ਤੇ ਰਹਿਣਗੇ।
ਮਾਲ ਮਹਿਕਮੇ ਲਈ ਹਦਾਇਤ ਹੈ ਕਿ ਆਮ ਲੋਕਾਂ ਨੂੰ ਸੰਪਤੀ ਦੀ ਵੇਚ ਵੱਟਤ ਦੀ ਰਜਿਸਟਰੀ ਲਈ ਘੱਟ ਤੋਂ ਘੱਟ ਰਜਿਸਟਰੀਆਂ ਲਈ ਅਗਾਊਂ ਸਮਾਂ ਦੇਵੇ। ਸਰਕਾਰੀ ਦਫਤਰਾਂ ਵਿਚ ਪਬਲਿਕ ਡੀਲਿੰਗ ਘਟਾ ਕੇ ਲੋਕ ਸ਼ਿਕਾਇਤਾਂ ਆਨ ਲਾਈਨ ਢੰਗ ਨਾਲ ਦੂਰ ਕੀਤੀਆਂ ਜਾਣ।
__________________________________
ਕਾਂਗਰਸ ਨੇ ਲੋਕਾਂ ਦੀ ਮਦਦ ਲਈ ਵਧਾਇਆ ਹੱਥ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਪਾਰਟੀ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਵਿਚ ਪਾਰਟੀ ਦੇ ਆਗੂ ਅਤੇ ਵਰਕਰ ਲੋਕਾਂ ਦੀ ਮਦਦ ਕਰਨਗੇ। ਇਸ ਸਬੰਧੀ ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਕੰਟਰੋਲ ਰੂਮ ਦੀ ਸ਼ੁਰੂਆਤ ਕੀਤੀ ਗਈ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਇਲਾਕੇ ‘ਚ ਕਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ। ਜਾਖੜ ਨੇ ਕਿਹਾ ਕਿ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ‘ਚ ਸਾਰੇ ਜੀਅ ਹੀ ਪਾਜੀਟਿਵ ਆ ਗਏ ਹਨ, ਉਥੇ ਖਾਣਾ ਪਹੁੰਚਾਇਆ ਜਾ ਸਕਦਾ ਹੈ, ਜਦ ਕਿ ਜਿਨ੍ਹਾਂ ਨੂੰ ਆਕਸੀਜਨ, ਐਂਬੂਲੈਂਸ ਜਾਂ ਹੋਰ ਡਾਕਟਰੀ ਮਦਦ ਦੀ ਲੋੜ ਹੈ ਉਨ੍ਹਾਂ ਨੂੰ ਇਹ ਮਦਦ ਦੇਣ ਵਿਚ ਪਾਰਟੀ ਵਰਕਰ ਸਹਿਯੋਗ ਕਰਨ।