ਬੇਕਾਬੂ ਕਰੋਨਾ: ਭਾਰਤ ਦੀ ਮਦਦ ਲਈ ਆਲਮੀ ਭਾਈਚਾਰੇ ਨੇ ਹੱਥ ਵਧਾਏ

ਵਾਸ਼ਿੰਗਟਨ: ਭਾਰਤ ‘ਚ ਕਰੋਨਾ ਮਹਾਮਾਰੀ ਦੀ ਬੇਕਾਬੂ ਦੂਜੀ ਲਹਿਰ ਨੂੰ ਵੇਖਦੇ ਹੋਏ ਵੱਡੀ ਗਿਣਤੀ ਦੇਸ਼ ਮਦਦ ਲਈ ਅੱਗੇ ਆਏ ਹਨ। ਅਮਰੀਕਾ, ਕੈਨੇਡਾ, ਨਿਊਜੀਲੈਂਡ ਇਥੋਂ ਤੱਕ ਭਾਰਤ ਦੇ ਗੁਆਂਢੀ ਮੁਲਕ ਚੀਨ ਨੇ ਵੀ ਮਦਦ ਲਈ ਹੱਥ ਵਧਾਏ ਹਨ। ਵੱਡੀ ਗਿਣਤੀ ਦੇਸ਼ਾਂ ਨੇ ਮਾਲੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਭਾਰਤ ਨੂੰ ਕਰੋਨਾ ਖਿਲਾਫ ਜੰਗ ਲਈ ਇਕ ਕਰੋੜ ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਨਿਊਜੀਲੈਂਡ ਦੀ ਵਿਦੇਸ਼ ਮੰਤਰੀ ਐੱਨ ਮਹੁਤਾ ਨੇ ਭਾਰਤ ਦੀ ਸਹਾਇਤਾ ਲਈ ਰੈੱਡਕ੍ਰਾਸ ਨੂੰ 10 ਲੱਖ ਨਿਊਜੀਲੈਂਡ ਡਾਲਰ (ਕਰੀਬ 7,20,365 ਅਮਰੀਕੀ ਡਾਲਰ) ਦੇਣ ਦਾ ਐਲਾਨ ਕੀਤਾ ਹੈ। ਟਰੂਡੋ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਗ ਗਾਰਨਿਊ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲਬਾਤ ਕਰਕੇ ਸਹਾਇਤਾ ਬਾਰੇ ਪੁੱਛਿਆ ਸੀ। ਉਨ੍ਹਾਂ ਕਿਹਾ,’’ਅਸੀਂ ਕੈਨੇਡੀਅਨ ਰੈੱਡਕ੍ਰਾਸ ਰਾਹੀਂ ਭਾਰਤੀ ਰੈੱਡਕ੍ਰਾਸ ਨੂੰ ਇਕ ਕਰੋੜ ਡਾਲਰ ਦੇਣ ਲਈ ਤਿਆਰ ਹਾਂ।
ਇਸ ਨਾਲ ਭਾਰਤ ਨੂੰ ਐਂਬੂਲੈਂਸ ਸੇਵਾਵਾਂ ਅਤੇ ਪੀ.ਪੀ.ਈ. ਕਿੱਟ ਆਦਿ ਖਰੀਦਣ ਦੀ ਸੌਖ ਹੋਵੇਗੀ।“ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਔਖ ਦੀ ਘੜੀ ‘ਚ ਕੈਨੇਡਾ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡਕ੍ਰਾਸ ਵੱਲੋਂ ਭਾਰਤੀ ਰੈੱਡਕ੍ਰਾਸ ਸੁਸਾਇਟੀ ਨਾਲ ਮਿਲ ਕੇ ਪਹਿਲਾਂ ਹੀ ਆਕਸੀਜਨ ਸਿਲੰਡਰ, ਕੰਸਨਟਰੇਟਰ ਅਤੇ ਹੋਰ ਮੈਡੀਕਲ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ ਦਾ ਕਹਿਣਾ ਹੈ ਕਿ ਇਹ ਕੌਮਾਂਤਰੀ ਸੰਗਠਨ ਭਾਰਤ ਲਈ ਆਪਣੀ ਮਦਦ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਖੜ੍ਹਾ ਹੈ। ਉਨ੍ਹਾਂ ਕਿਹਾ ‘ਹੁਣ ਜਦੋਂ ਭਾਰਤ ਨੂੰ ਮਹਾਮਾਰੀ ਦੇ ਡਰਾਉਣੇ ਰੂਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੂਰਾ ਸੰਯੁਕਤ ਰਾਸ਼ਟਰ ਪਰਿਵਾਰ ਭਾਰਤ ਦੇ ਲੋਕਾਂ ਨਾਲ ਖੜ੍ਹਾ ਹੈ।` ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐਸ. ਤ੍ਰਿਮੂਰਤੀ ਨੇ ਗੁਟੇਰੇਜ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ, ਸੰਯੁਕਤ ਰਾਸ਼ਟਰ ਵੱਲੋਂ ਸਾਥ ਦੇਣ ਅਤੇ ਭਾਵਨਾਤਮਕ ਇਕਜੁੱਟਤਾ ਪ੍ਰਗਟ ਕਰਨ ਲਈ ਉਸ ਦਾ ਧੰਨਵਾਦ ਕਰਦਾ ਹੈ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕੋਵਿਡ ਖਿਲਾਫ ਜੰਗ ‘ਚ ਭਾਰਤ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਚੀਨ ‘ਚ ਬਣਾਈ ਗਈ ਮਹਾਮਾਰੀ ਵਿਰੋਧੀ ਸਮੱਗਰੀ ਤੇਜੀ ਨਾਲ ਭਾਰਤ ਪਹੁੰਚਾਈ ਜਾ ਰਹੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਲਿਖੀ ਚਿੱਠੀ ‘ਚ ਵਾਂਗ ਨੇ ਕਿਹਾ ਕਿ ਭਾਰਤ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਚੀਨ ਪੂਰੀ ਹਮਦਰਦੀ ਰਖਦਾ ਹੈ। ਭਾਰਤ ‘ਚ ਚੀਨੀ ਸਫੀਰ ਸੁਨ ਵੇਈਡੋਂਗ ਨੇ ਇਸ ਚਿੱਠੀ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਹੈ ਜਿਸ ‘ਚ ਲਿਖਿਆ ਹੈ,”ਕਰੋਨਾ ਵਾਇਰ ਮਨੁੱਖਤਾ ਦਾ ਸਾਂਝਾ ਦੁਸ਼ਮਣ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟਤਾ ਨਾਲ ਅਤੇ ਤਾਲਮੇਲ ਬਣਾ ਕੇ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ।“
ਕਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਹੇ ਭਾਰਤ ਨੂੰ ਫਰਾਂਸ ਨੇ ਇਕਜੁੱਟਤਾ ਮਿਸ਼ਨ ਦੇ ਪਹਿਲੇ ਗੇੜ ਵਜੋਂ ਅੱਠ ਵੱਡੇ ਆਕਸੀਜਨ ਪਲਾਂਟਾਂ ਸਣੇ ਇਸਤੇਮਾਲ ਕਰਨ ਲਈ ਤਿਆਰ 28 ਟਨ ਮੈਡੀਕਲ ਸਮੱਗਰੀ ਭੇਜੀ ਹੈ।
ਫਰਾਂਸ ਦੇ ਸਫਾਰਤਖਾਨੇ ਨੇ ਕਿਹਾ ਕਿ ਹਰੇਕ ਪਲਾਂਟ ਕਈ ਸਾਲਾਂ ਤੱਕ 250 ਬਿਸਤਰਿਆਂ ਵਾਲੇ ਇਕ ਹਸਪਤਾਲ ਨੂੰ ਲਗਾਤਾਰ 24 ਘੰਟੇ ਆਕਸੀਜਨ ਦੇ ਸਕਦਾ ਹੈ ਅਤੇ ਇਹ ਪਲਾਂਟ ਆਸ-ਪਾਸ ਦੀ ਹਵਾ ਤੋਂ ਮੈਡੀਕਲ ਆਕਸੀਜਨ ਬਣਾਉਂਦੇ ਹਨ। ਫਰਾਂਸ ਦੇ ਸਫਾਰਤਖਾਨੇ ਨੇ ਇਕ ਬਿਆਨ ਵਿਚ ਕਿਹਾ, ‘’ਜਰੂਰਤ ਅਨੁਸਾਰ ਅੱਠ ਭਾਰਤੀ ਹਸਪਤਾਲਾਂ ਨੂੰ ਆਕਸੀਜਨ ਪਲਾਂਟ ਦਿੱਤੇ ਜਾਣਗੇ ਜਿਨ੍ਹਾਂ ਵਿਚੋਂ ਛੇ ਦਿੱਲੀ, ਇਕ ਹਰਿਆਣਾ ਅਤੇ ਇਕ ਤੇਲੰਗਾਨਾ `ਚ ਹੈ। ਇਨ੍ਹਾਂ ਹਸਪਤਾਲਾਂ ਦੀ ਪਛਾਣ ਭਾਰਤੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਇਕ ਵਿਸ਼ੇਸ਼ ਢੋਆ-ਢੁਆਈ ਵਾਲਾ ਜਹਾਜ਼ ਇਹ ਸਮੱਗਰੀ ਫਰਾਂਸ ਤੋਂ ਦਿੱਲੀ ਲੈ ਕੇ ਆਇਆ ਹੈ। ਇਸੇ ਤਰ੍ਹਾਂ ਤਾਇਵਾਨ ਨੇ ਭਾਰਤ ਨੂੰ 150 ਆਕਸੀਜਨ ਕੰਸਨਟਰੇਟਰ ਅਤੇ ਆਕਸੀਜਨ ਦੇ 500 ਸਿਲੰਡਰ ਭੇਜੇ ਹਨ। 150 ਆਕਸੀਜਨ ਕੰਸਨਟਰੇਟਰਾਂ ਤੇ 500 ਆਕਸੀਜਨ ਸਿਲੰਡਰਾਂ ਦੀ ਪਹਿਲੀ ਖੇਪ ਨਵੀਂ ਦਿੱਲੀ ਪਹੁੰਚ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਤਾਇਵਾਨ ਨਾਲ ਭਾਵੇਂ ਕਿ ਰਸਮੀ ਕੂਟਨੀਤਕ ਸਬੰਧ ਨਹੀਂ ਹਨ ਪਰ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਤੇ ਇਨ੍ਹਾਂ ਮੁਲਕਾਂ ਦੇ ਲੋਕਾਂ ਦੇ ਇਕ-ਦੂਜੇ ਨਾਲ ਚੰਗੇ ਸਬੰਧ ਹਨ।
__________________________________________
ਯੂਨੀਸੈਫ ਨੇ ਆਕਸੀਜਨ ਕੰਸਨਟਰੇਟਰ ਭਾਰਤ ਭੇਜੇ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈਫ ਨੇ ਕਰੋਨਾ ਲਾਗ ਦੇ ਸੱਜਰੇ ਉਭਾਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਜੀਵਨ ਰੱਖਿਅਕ ਸਾਮਾਨ ਦੀ ਸਪਲਾਈ ਭੇਜੀ ਹੈ। ਇਸ ਵਿਚ ਤਿੰਨ ਹਜਾਰ ਆਕਸੀਜਨ ਕੰਸਨਟਰੇਟਰ, ਟੈਸਟਾਂ ਸਬੰਧੀ ਸਮੱਗਰੀ ਅਤੇ ਹੋਰ ਸਾਮਾਨ ਸ਼ਾਮਲ ਹੈ। ਯੂਨੀਸੈਫ ਨੇ ਭਾਰਤ ਸਰਕਾਰ ਨੂੰ ਲਗਾਤਾਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਉਪ-ਤਰਜਮਾਨ ਫਰਹਾਨ ਹੱਕ ਨੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ ਦੇ ਟਵੀਟ ਦੇ ਹਵਾਲੇ ਨਾਲ ਕਿਹਾ ਕਿ ਉਹ ਅਤੇ ਸੰਯੁਕਤ ਰਾਸ਼ਟਰ ਪਰਿਵਾਰ ਕਰੋਨਾ ਮਹਾਮਾਰੀ ਦੇ ਔਖੇ ਸਮੇਂ ਦੌਰਾਨ ਲੋਕਾਂ ਨਾਲ ਖੜ੍ਹਾ ਹੈ ਅਤੇ ਦੇਸ਼ (ਭਾਰਤ) ਦੀ ਹਰ ਮਦਦ ਲਈ ਤਿਆਰ ਹੈ। ਹਵਾਈ ਕੰਪਨੀ ਬੋਇੰਗ ਨੇ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਲਈ ਇੱਕ ਕਰੋੜ ਡਾਲਰ ਦੇ ਮਦਦ ਪੈਕੇਜ ਦਾ ਐਲਾਨ ਕੀਤਾ ਹੈ।