ਪੱਛਮੀ ਬੰਗਾਲ ਚੋਣ ਨਤੀਜਿਆਂ ਤੋਂ ਕਿਸਾਨ ਜਥੇਬੰਦੀਆਂ ਬਾਗੋਬਾਗ

ਚੰਡੀਗੜ੍ਹ: ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਬਾਗੋਬਾਗ ਹਨ। ਜਿਉਂ ਹੀ ਪੱਛਮੀ ਬੰਗਾਲ ‘ਚੋਂ ਭਾਜਪਾ ਦੀ ਹਾਰ ਤੈਅ ਹੋਈ, ਉਦੋਂ ਹੀ ਪੰਜਾਬ ਨਵੇਂ ਰੌਂਅ ਵਿਚ ਆ ਗਿਆ। ਕਿਸਾਨਾਂ ਦਾ ਹੌਸਲੇ ਵਧੇ ਹਨ ਅਤੇ ਇੰਜ ਲੱਗਣ ਲੱਗਾ ਹੈ ਕਿ ਕਿਸਾਨ ਮੋਰਚੇ ਨੇ ਵੱਡੀ ਲੜਾਈ ਜਿੱਤ ਲਈ।

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਪੰਜ ਸੂਬਿਆਂ ‘ਚ ਕਿਸਾਨ ਆਗੂਆਂ ਨੇ ਭਾਜਪਾ ਖਿਲਾਫ ਪ੍ਰਚਾਰ ਕੀਤਾ ਸੀ। ਸਭ ਤੋਂ ਵੱਧ ਪ੍ਰਚਾਰ ਪੱਛਮੀ ਬੰਗਾਲ ‘ਚ ਹੋਇਆ ਸੀ। ਨਵੇਂ ਬਣੇ ਹਾਲਾਤ ‘ਚ ਕੇਂਦਰ ਸਰਕਾਰ ਹੁਣ ਜਲਦੀ ਹੀ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਦੇ ਰਾਹ ਖੋਲ੍ਹ ਸਕਦੀ ਹੈ। ਪੱਛਮੀ ਬੰਗਾਲ ਦੀ ਸਿਆਸੀ ਸੱਟ ਭਾਜਪਾ ਲਈ ਕੋਈ ਛੋਟੀ ਨਹੀਂ ਹੈ। ਭਾਜਪਾ ਦੀ ਹਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ ਨੂੰ ਵੀ ਲਪੇਟੇ ‘ਚ ਲਿਆ ਹੈ। ਪੂਰੀ ਤਾਕਤ ਝੋਕਣ ਦੇ ਬਾਵਜੂਦ ਟੀ.ਐਮ.ਸੀ. ਨੇ ਭਾਜਪਾ ਦੇ ਪੈਰ ਬੰਗਾਲ ‘ਚ ਲੱਗਣ ਨਹੀਂ ਦਿੱਤੇ।
ਕੇਂਦਰ ਸਰਕਾਰ ਨੇ ਹੁਣ ਤੱਕ ਕਿਸਾਨ ਧਿਰਾਂ ਨਾਲ 11 ਗੇੜ ਦੀ ਗੱਲਬਾਤ ਕੀਤੀ ਹੈ। ਖੇਤੀ ਕਾਨੂੰਨਾਂ ‘ਤੇ ਗੱਲਬਾਤ ਕਾਫੀ ਸਮੇਂ ਤੋਂ ਹੁਣ ਬੰਦ ਹੈ। ਪ੍ਰਧਾਨ ਮੰਤਰੀ ਦਾ ਸਮੁੱਚਾ ਧਿਆਨ ਪੰਜ ਸੂਬਿਆਂ ਦੀਆਂ ਚੋਣਾਂ ਵੱਲ ਸੀ। ਚੋਣਾਂ ਮਗਰੋਂ ਹੀ ਖੜੋਤ ਟੁੱਟਣ ਦੇ ਆਸਾਰ ਸਨ। ਚੋਣ ਨਤੀਜੇ ਆਉਣ ਮਗਰੋਂ ਹੁਣ ਗੱਲਬਾਤ ਮੁੜ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ। ਕਿਸਾਨ ਧਿਰਾਂ ਨੇ ਪੱਛਮੀ ਬੰਗਾਲ ‘ਚ ਭਾਜਪਾ ਦੀ ਹਾਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਭੰਡਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਭਾਜਪਾ ਦੀ ਹਾਰ ਨੇ ਕਿਸਾਨ ਮੋਰਚੇ ਨੂੰ ਆਕਸੀਜਨ ਦਿੱਤੀ ਹੈ ਅਤੇ ਕਿਸਾਨਾਂ ਵਿਚ ਉਤਸ਼ਾਹ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦਾ ਪੱਛਮੀ ਬੰਗਾਲ ਵਿਚ ਪ੍ਰਚਾਰ ਚੰਗਾ ਰੰਗ ਲਿਆਇਆ ਹੈ।
ਚੋਣਾਂ ਵਿਚ ਮੋਦੀ ਦੇ ਹੰਕਾਰ ਨੂੰ ਨਕਾਰਿਆ ਗਿਆ ਹੈ। ਉਗਰਾਹਾਂ ਨੇ ਕਿਹਾ ਕਿ ਭਾਜਪਾ ਨੇ ਇਸ ਨੂੰ ਸਿਆਸੀ ਨੁਕਸਾਨ ਮੰਨਿਆ ਤਾਂ ਉਹ ਕਿਸਾਨ ਧਿਰਾਂ ਨਾਲ ਮੁੜ ਗੱਲਬਾਤ ਖੋਲ੍ਹੇਗੀ ਅਤੇ ਖੇਤੀ ਕਾਨੂੰਨ ਵਾਪਸ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੈਂਕੜ ਜਾਰੀ ਰੱਖੀ ਤਾਂ ਕਿਸਾਨ ਯੂਪੀ ‘ਚ ਵੀ ਬੰਗਾਲ ਵਰਗਾ ਰੰਗ ਦਿਖਾਉਣਗੇ। ਉਨ੍ਹਾਂ ਕਿਹਾ ਕਿ ਵੈਸੇ ਹੁਣ ਨਰਿੰਦਰ ਮੋਦੀ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਨਾਲ ਹੁਣ ਕਿਸਾਨ ਅੰਦੋਲਨ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਤਾਕਤਾਂ ਦੀ ਜਿੱਤ ਹੋਈ ਹੈ ਅਤੇ ਕਿਸਾਨ ਮੋਰਚੇ ਦਾ ਸੁਭਾਅ ਵੀ ਸੈਕੁਲਰ ਹੀ ਹੈ। ਉਨ੍ਹਾਂ ਆਸ ਕੀਤੀ ਕਿ ਜਲਦ ਸਰਕਾਰ ਗੱਲਬਾਤ ਸ਼ੁਰੂ ਕਰੇਗੀ।
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਬੰਗਾਲੀਆਂ ਨੇ ਭਾਜਪਾ ਦਾ ਹਿੰਦੂਤਵ ਵਾਲਾ ਪੈਂਤੜਾ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਨਾਲੋਂ ਵੀ ਵੱਧ ਜਸ਼ਨ ਭਾਜਪਾ ਦੀ ਹਾਰ ਦੇ ਮਨਾਏ ਹਨ ਅਤੇ ਕਿਸਾਨ ਧਿਰਾਂ ਨੂੰ ਕਈ ਮੀਟਿੰਗਾਂ ਵੀ ਮੁਲਤਵੀ ਕਰਨੀਆਂ ਪਈਆਂ ਹਨ।
_____________________________________________
ਭਾਜਪਾ ਕਿਸਾਨਾਂ ਦੇ ਮਸਲੇ ਫੌਰੀ ਹੱਲ ਕਰੇ: ਢੀਂਡਸਾ
ਪਟਿਆਲਾ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਹੋਈ ਹਾਰ ਤੋਂ ਹੁਣ ਭਾਜਪਾ ਨੂੰ ਸਬਕ ਸਿੱਖਣ ਦੀ ਲੋੜ ਹੈ ਅਤੇ ਨਫਰਤ ਦੀ ਰਾਜਨੀਤੀ ਛੱਡ ਕੇ ਦੇਸ਼ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਵਧਾਉਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਸ੍ਰੀ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੌਰੀ ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ।
_______________________________________________
ਕਿਸਾਨ ਮੋਰਚਿਆਂ ਉਤੇ ਜਸ਼ਨ ਵਾਲਾ ਮਾਹੌਲ
ਨਵੀਂ ਦਿੱਲੀ: ਪੱਛਮੀ ਬੰਗਾਲ, ਕੇਰਲ ਤੇ ਤਾਮਿਲਨਾਡੂ ਵਿਧਾਨ ਸਭਾਵਾਂ ਦੇ ਆਏ ਚੋਣ ਨਤੀਜਿਆਂ ਵਿਚ ਭਾਜਪਾ ਨੂੰ ਮਿਲੀ ਹਾਰ ‘ਤੇ ਵਰ੍ਹਦਿਆਂ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੋਟਰਾਂ ਨੂੰ ਭਗਵਾਂ ਪਾਰਟੀ ਨੂੰ ਸਜਾ ਦੇਣ ਸਬੰਧੀ ਕੀਤੀਆਂ ਗਈਆਂ ਅਪੀਲਾਂ ਹੀ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਦਾ ਕਾਰਨ ਬਣੀਆਂ ਹਨ। ਸਿੰਘੂ ਬਾਰਡਰ ‘ਤੇ ਮਠਿਆਈ ਵੰਡ ਰਹੇ ਮੋਰਚੇ ਦੇ ਮੈਂਬਰਾਂ ਨੇ ਪੱਛਮੀ ਬੰਗਾਲ ਤੇ ਹੋਰ ਰਾਜਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਸਾਨਾਂ ਦੀਆਂ ਅਪੀਲਾਂ ‘ਤੇ ਅਮਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।