ਹਵਾ ਦਾ ਵਧਦਾ ਪ੍ਰਦੂਸ਼ਣ

ਡਾ. ਗੁਰਿੰਦਰ ਕੌਰ
ਬਰਮਿੰਘਮ ਯੂਨੀਵਰਸਿਟੀ ਅਤੇ ਯੂ. ਸੀ. ਐੱਲ. ਦੇ ਖੋਜਾਰਥੀਆਂ ਦੀ ਇਕ ਅੰਤਰਰਾਸ਼ਟਰੀ ਟੀਮ, ਜਿਸ ਵਿਚ ਯੂ. ਕੇ., ਬੈਲਜੀਅਮ, ਜਮਾਇਕਾ ਅਤੇ ਭਾਰਤ ਦੇ ਵਿਗਿਆਨੀ ਸ਼ਾਮਲ ਹਨ, ਨੇ 28 ਅਪਰੈਲ 2021 ਨੂੰ ਆਪਣੀ ਇਕ ਖੋਜ ਰਿਲੀਜ਼ ਕੀਤੀ ਹੈ, ਜਿਸ ਅਨੁਸਾਰ ਭਾਰਤ ਦੇ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਹਵਾ ਦਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਇਨ੍ਹਾਂ ਖੋਜਾਰਥੀਆਂ ਨੇ ਇਹ ਅਧਿਐਨ ਵਿਚ ਪੁਲਾੜ ਵਿਚ ਲੱਗੇ ਯੰਤਰਾਂ (ਸੈਟੇਲਾਈਟਸ) ਦੁਆਰਾ 2005-2018 ਤੱਕ ਦੇ ਅਰਸੇ ਦੌਰਾਨ ਨਿਕਾਸ ਹੋਏ ਹਵਾ ਦੇ ਪ੍ਰਦੂਸ਼ਣ ਦੇ ਅੰਕੜਿਆਂ ਦੇ ਆਧਾਰ ਉਤੇ ਕੀਤਾ ਹੈ।

ਇਸ ਅਧਿਐਨ ਅਨੁਸਾਰ ਦਿੱਲੀ ਅਤੇ ਕਾਨਪੁਰ ਵਿਚ 2005 ਤੋਂ 2018 ਤੱਕ ਪੀ. ਐੱਮ. 2.5 ਅਤੇ ਨਾਈਟਰੋਜਨ ਆਕਸਾਈਡ ਦੇ ਕਣਾਂ ਦੀ ਮਾਤਰਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਦੋਂ ਕਿ ਇਸੇ ਅਰਸੇ ਵਿਚ ਇਨ੍ਹਾਂ ਦੋਹਾਂ ਪ੍ਰਦੂਸ਼ਣਾਂ ਦੀ ਮਾਤਰਾ ਲੰਡਨ ਅਤੇ ਬਰਮਿੰਘਮ ਵਿਚ ਲਗਾਤਾਰ ਘਟਦੀ ਰਿਕਾਰਡ ਕੀਤੀ ਗਈ ਹੈ।
ਇਸ ਅਧਿਐਨ ਵਿਚ ਹਵਾ ਦੇ ਪ੍ਰਦੂਸ਼ਣਾਂ ਵਿਚ ਫਾਰਮੈਲਡੀਹਾਈਡ ਵੀ ਪਾਇਆ ਹੈ, ਜਿਸ ਬਾਰੇ ਹਾਲੇ ਤੱਕ ਦੀਆਂ ਖੋਜਾਂ ਵਿਚ ਵਿਗਿਆਨੀਆਂ ਨੇ ਕਦੇ ਜ਼ਿਕਰ ਨਹੀਂ ਕੀਤਾ ਸੀ। ਦਿੱਲੀ, ਕਾਨਪੁਰ, ਲੰਡਨ ਅਤੇ ਬਰਮਿੰਘਮ ਦੀ ਹਵਾ ਵਿਚ ਫਾਰਮੈਲਡੀਹਾਈਡ ਦੀ ਹੋਂਦ ਨੇ ਖੋਜਾਰਥੀਆਂ ਨੂੰ ਵੀ ਹੈਰਾਨੀ ਵਿਚ ਪਾ ਦਿੱਤਾ। ਅਧਿਐਨ ਕਰ ਰਹੇ ਖੋਜਾਰਥੀਆਂ ਅਨੁਸਾਰ ਲੰਡਨ ਅਤੇ ਬਰਮਿੰਘਮ ਵਿਚ ਫਾਰਮੈਲਡੀਹਾਈਡ ਦਾ ਨਿਕਾਲ ਨਿੱਜੀ ਦੇਖਭਾਲ ਅਤੇ ਸਫਾਈ ਲਈ ਵਰਤੇ ਜਾਣ ਵਾਲੇ ਉਤਪਾਦਾਂ ਅਤੇ ਹੋਰ ਘਰੇਲੂ ਸਰੋਤਾਂ ਤੋਂ ਪੈਦਾ ਹੁੰਦਾ ਹੈ, ਜਦੋਂਕਿ ਭਾਰਤ ਵਿਚ ਇਨ੍ਹਾਂ ਸਰੋਤਾਂ ਦੇ ਨਾਲ ਨਾਲ ਵਾਹਨਾਂ ਤੋਂ ਵੀ ਪੈਦਾ ਹੋ ਰਿਹਾ ਹੈ।
ਭਾਰਤ ਦੇ ਸ਼ਹਿਰਾਂ ਵਿਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਬਾਰੇ ਆਇਆ ਇਹ ਕੋਈ ਪਹਿਲਾ ਅਧਿਐਨ ਨਹੀਂ ਹੈ। ਹਰ ਸਾਲ ਦੁਨੀਆਂ ਦੀ ਕੋਈ ਨਾ ਕੋਈ ਸੰਸਥਾ ਇੱਥੋਂ ਦੇ ਵਧ ਰਹੇ ਹਵਾ ਦੇ ਪ੍ਰਦੂਸ਼ਣ ਬਾਰੇ ਰਿਪੋਰਟ ਰਿਲੀਜ਼ ਕਰਦੀ ਹੈ, ਪਰ ਭਾਰਤ ਅਤੇ ਰਾਜ ਸਰਕਾਰਾਂ ਪ੍ਰਦੂਸ਼ਣ ਨੂੰ ਘਟਾਉਣ ਦੇ ਉਪਰਾਲੇ ਕਰਨ ਦੀ ਥਾਂ ਹਰ ਵਾਰ ਬਹਾਨੇ ਬਣਾ ਕੇ ਉਸ ਨੂੰ ਟਾਲੀ ਜਾਂਦੀਆਂ ਹਨ। ਵਰਲਡ ਏਅਰ ਕੁਆਲਿਟੀ ਰਿਪੋਰਟ 2020, ਜੋ ਇਸੇ ਸਾਲ 17 ਮਾਰਚ ਨੂੰ ਰਿਲੀਜ਼ ਹੋਈ ਹੈ, ਅਨੁਸਾਰ ਦਿੱਲੀ ਲਗਾਤਾਰ ਤੀਜੇ ਸਾਲ ਵੀ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਰਹੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਪਹਿਲੇ 15 ਸ਼ਹਿਰਾਂ ਵਿਚੋਂ 14 ਅਤੇ ਪਹਿਲੇ 30 ਵਿਚੋਂ 22 ਭਾਰਤ ਵਿਚ ਹਨ; ਜਦੋਂ ਕਿ ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਸਿਰਫ ਦੋ-ਦੋ ਸ਼ਹਿਰ ਹੀ ਹਨ।
ਹਵਾ ਦਾ ਵਧਦਾ ਪ੍ਰਦੂਸ਼ਣ ਇਕੱਲਾ ਵਾਤਾਵਰਨ ਨੂੰ ਹੀ ਪ੍ਰਦੂਸ਼ਿਤ ਨਹੀਂ ਕਰਦਾ, ਸਗੋਂ ਇਹ ਹਰ ਤਰ੍ਹਾਂ ਦੇ ਜੈਵਿਕਾਂ (ਬਨਸਪਤੀ, ਜੀਵ-ਜੰਤੂਆਂ ਅਤੇ ਮਨੁੱਖਾਂ) ਦੀ ਸਿਹਤ ਉਤੇ ਵੀ ਬੁਰਾ ਅਸਰ ਪਾਉਂਦਾ ਹੈ। ਇੰਡੀਆ ਸਟੇਟ-ਲੈਵਲ ਡਿਸੀਜਿਜ਼ ਬਰਡਨ ਇਨੀਸ਼ੀਏਟਿਵ ਅਨੁਸਾਰ 2019 ਦੌਰਾਨ ਭਾਰਤ ਵਿਚ 17 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਕਾਰਨ ਮਰ ਗਏ ਸਨ। ਗਰੀਨਪੀਸ ਸੰਸਥਾ ਦੀ ਸਾਊਥ-ਈਸਟ ਏਸ਼ੀਆ ਦੀ 2020 ਦੀ ਇਕ ਰਿਪੋਰਟ ਅਨੁਸਾਰ ਇਕੱਲੇ ਦਿੱਲੀ ਸ਼ਹਿਰ ਦੇ 34,000 ਵਿਅਕਤੀ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮੌਤ ਦੇ ਮੂੰਹ ਵਿਚ ਜਾ ਪਏ ਸਨ। ਹਵਾ ਦੇ ਪ੍ਰਦੂਸ਼ਣ ਦਾ ਬੁਰਾ ਅਸਰ ਸਿਰਫ ਦਿੱਲੀ ਸ਼ਹਿਰ ਦੇ ਲੋਕਾਂ ਦੀ ਸਿਹਤ ਉਤੇ ਹੀ ਨਹੀਂ ਪੈ ਰਿਹਾ ਹੈ, ਇਸ ਪ੍ਰਦੂਸ਼ਣ ਨਾਲ ਮੁੰਬਈ ਵਿਚ 2020 ਦੌਰਾਨ 25,000; ਬੰਗਲੂਰੂ ਵਿਚ 12,000; ਹੈਦਰਾਬਾਦ ਅਤੇ ਚੇਨੱਈ-ਦੋਹਾਂ ਸ਼ਹਿਰਾਂ ਵਿਚ ਕਰੀਬ 11-11 ਹਜ਼ਾਰ ਲੋਕ ਮਰ ਗਏ ਸਨ। ਹਵਾ ਦੇ ਪ੍ਰਦੂਸ਼ਣ ਦਾ ਸਭ ਤੋਂ ਬੁਰਾ ਅਸਰ ਬੱਚਿਆਂ ਦੀ ਸਿਹਤ ਉਤੇ ਪੈਂਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸਜ਼, ਕਲਾਵਤੀ ਸਾਰਨ ਚਿਲਡਰਨ`ਜ਼ ਹਾਸਪੀਟਲ ਅਤੇ ਵੱਲਭ ਭਾਈ ਪਟੇਲ-ਚੈਸਟ ਇੰਸਟੀਚਿਊਟ ਦੇ ਖੋਜਾਰਥੀਆਂ ਦੀ ਇਕ ਖੋਜ ਅਨੁਸਾਰ ਹਵਾ ਦੇ ਪ੍ਰਦੂਸ਼ਣ ਦੇ ਵਧ ਰਹੇ ਪੱਧਰ ਨਾਲ 3 ਤੋਂ 5 ਸਾਲ ਦੇ ਬੱਚਿਆਂ ਵਿਚ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਵਿਚ 21 ਤੋਂ 28 ਫੀਸਦ ਵਾਧਾ ਹੋ ਜਾਂਦਾ ਹੈ। ਹਵਾ ਪ੍ਰਦੂਸ਼ਣ ਸ਼ਹਿਰਾਂ ਵਿਚ ਵੱਸਦੇ ਗਰੀਬ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਧੱਕ ਦਿੰਦਾ ਹੈ।
ਬਰਮਿੰਘਮ ਯੂਨੀਵਰਸਿਟੀ ਦੀ ਹਾਲ ਵਿਚ ਰਿਲੀਜ਼ ਹੋਈ ਇਕ ਰਿਪੋਰਟ ਅਨੁਸਾਰ ਦਿੱਲੀ ਵਿਚ 46,000 ਤੋਂ ਵੱਧ ਗਰੀਬ ਲੋਕ ਦਿਨ ਭਰ ਦੀ ਮਿਹਨਤ ਤੋਂ ਬਾਅਦ ਮਹਿੰਗਾਈ ਅਤੇ ਰਹਿਣ ਲਈ ਥਾਂ ਨਾ ਮਿਲਣ ਕਾਰਨ ਅਕਸਰ ਫੁੱਟਪਾਥ ਉਤੇ ਹੀ ਸੌਂਦੇ ਹਨ। ਇਹ ਲੋਕ ਕੰਮ ਵੀ ਵੱਧ ਪ੍ਰਦੂਸ਼ਣ ਵਾਲੀਆਂ ਥਾਂਵਾਂ ਜਿਵੇਂ ਉਦਯੋਗਾਂ, ਥਰਮਲ ਪਲਾਂਟਾਂ, ਉਸਾਰੀ ਵਾਲੀਆਂ ਥਾਂਵਾਂ ਆਦਿ ਉਤੇ ਕਰਦੇ ਹਨ ਅਤੇ ਰਹਿੰਦੇ ਵੀ ਵੱਧ ਪ੍ਰਦੂਸ਼ਣ ਵਾਲੀਆਂ ਥਾਂਵਾਂ ਉਤੇ ਹਨ, ਜਿਸ ਕਰਕੇ ਹਵਾ ਦੇ ਖਤਰਨਾਕ ਪ੍ਰਦੂਸ਼ਣ ਦੀ ਲਪੇਟ ਵਿਚ ਆ ਕੇ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਹਰ ਸਾਲ ਦੇਸ ਵਿਚ ਹਵਾ ਦੇ ਪ੍ਰਦੂਸ਼ਣ ਕਾਰਨ ਇੰਨੀਆਂ ਮੌਤਾਂ ਹੋ ਜਾਣ ਦੇ ਬਾਵਜੂਦ ਸਾਡੇ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੋਚੇ-ਸਮਝੇ ਬਿਨਾ ਹੀ ਬਿਆਨ ਦੇ ਦਿੱਤਾ ਸੀ ਕਿ ਕੋਈ ਵੀ ਖੋਜ ਇਹ ਨਹੀਂ ਦੱਸਦੀ ਹੈ ਕਿ ਭਾਰਤੀ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਮਰਦੇ ਹਨ। ਜਾਵੜੇਕਰ ਦੇ ਇਸ ਬਿਆਨ ਦਾ ਜਵਾਬ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਡਾਇਰੈਕਟਰ ਮਾਰੀਆ ਨਾਈਅਰ ਨੇ ਮੈਡਰਿਡ ਵਿਚ ਹੋਈ ਸੀ. ਓ. ਪੀ. 25 ਦੀ ਕਾਨਫਰੰਸ ਵਿਚ ਵਿਅੰਗ ਵਜੋਂ ਦਿੱਤਾ ਸੀ ਅਤੇ ਕਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਭਾਰਤੀਆਂ ਉਤੇ ਹਵਾ ਦੇ ਪ੍ਰਦੂਸ਼ਣ ਦਾ ਕੋਈ ਅਸਰ ਨਾ ਹੁੰਦਾ, ਪਰ ਅਫਸੋਸ! ਇਹ ਸੱਚਾਈ ਨਹੀਂ ਹੈ।
ਹਵਾ ਦੇ ਪ੍ਰਦੂਸ਼ਣ ਨਾਲ ਇਕੱਲੇ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੀ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀ ਔਸਤ ਉਮਰ ਵੀ ਘਟ ਜਾਂਦੀ ਹੈ। ਜਿੱਥੇ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ, ਉਥੇ ਜ਼ਿਆਦਾ ਅਸਰ ਪੈਂਦਾ ਹੈ। ਹਵਾ ਦੇ ਪ੍ਰਦੂਸ਼ਣ ਦਾ ਅਸਰ ਹਰ ਇਕ ਦੇਸ ਦੀ ਆਰਥਿਕਤਾ ਉਤੇ ਵੀ ਪੈਂਦਾ ਹੈ। ਗਰੀਨਪੀਸ ਸੰਸਥਾ ਦੀ 2020 ਦੀ ਇਕ ਰਿਪੋਰਟ ਅਨੁਸਾਰ ਦੁਨੀਆਂ ਦੇ 28 ਸ਼ਹਿਰਾਂ ਦੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਹਵਾ ਦੇ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਦਿੱਲੀ ਸ਼ਹਿਰ ਨੂੰ ਹੋਇਆ, ਜੋ 58,895 ਕਰੋੜ ਰੁਪਏ ਸੀ। ਮੁੰਬਈ ਨੇ ਲਗਭਗ 26 ਹਜ਼ਾਰ ਕਰੋੜ, ਬੰਗਲੂਰੂ ਨੇ 12 ਹਜ਼ਾਰ ਕਰੋੜ, ਹੈਦਰਾਬਾਦ ਨੇ 11 ਹਜ਼ਾਰ ਕਰੋੜ ਅਤੇ ਚੇਨੱਈ ਨੇ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਿਆ ਹੈ। ਆਰਥਿਕ ਨੁਕਸਾਨ ਤੋਂ ਬਿਨਾ ਹਵਾ ਦੇ ਪ੍ਰਦੂਸ਼ਣ ਦੀ ਸਮਾਜ ਨੂੰ ਵੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਹਵਾ ਦੇ ਪ੍ਰਦੂਸ਼ਣ ਨਾਲ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਨਾਲ ਨਾਲ ਦਿਲ ਤੇ ਚਮੜੀ ਦੀ ਬਿਮਾਰੀਆਂ ਉਤੇ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਜਿਹੜੇ ਲੋਕ ਇਨ੍ਹਾਂ ਬਿਮਾਰੀਆਂ ਦੀ ਤਾਬ ਨਾ ਝੱਲਦਿਆਂ ਮਰ ਜਾਂਦੇ ਹਨ, ਉਨ੍ਹਾਂ ਦੇ ਸਕੇ-ਸੰਬੰਧੀ ਆਪਣੇ ਕਿਸੇ ਨਾ ਕਿਸੇ ਸਾਕ ਸੰਬੰਧੀ ਨੂੰ ਖੋਅ ਦਿੰਦੇ ਹਨ, ਜੋ ਕਦੇ ਨਾ ਪੂਰਾ ਹੋਣ ਵਾਲਾ ਸਮਾਜਿਕ ਘਾਟਾ ਹੈ।
ਦਿੱਲੀ ਦੇ ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਵਾਹਨਾਂ ਅਤੇ ਉਦਯੋਗਾਂ ਦੀ ਵਧਦੀ ਗਿਣਤੀ, ਨਿਰਮਾਣ ਕਾਰਜ, ਕੂੜੇ ਦੇ ਜਲਦੇ ਢੇਰ, ਥਰਮਲ ਪਲਾਂਟ, ਸੜਕਾਂ ਉਤੇ ਉਡਦੀ ਧੂੜ, ਉਤਰੀ ਰਾਜਾਂ ਵਿਚ ਫਸਲਾਂ ਦੀ ਰਹਿੰਦ-ਖਹੂੰਦ ਨੂੰ ਹਰ ਸਾਲ ਲੱਗਦੀ ਅੱਗ ਅਤੇ ਉਸ ਦਾ ਧੂੰਆਂ ਅਤੇ ਦੀਵਾਲੀ ਸਮੇਂ ਜਲਦੇ ਪਟਾਖੇ ਆਦਿ ਹਨ। ਕੋਵਿਡ-19 ਦੇ ਲੌਕਡਾਊਨ ਸਮੇਂ ਸਰਕਾਰ ਨੂੰ ਮਜ਼ਬੂਰੀਵੱਸ ਉਦਯੋਗ ਅਤੇ ਨਿੱਜੀਵਾਹਨ ਬੰਦ ਕਰਨੇ ਪਏ ਸਨ ਤਾਂ ਇੱਥੋਂ ਦਾ ਅਸਮਾਨ ਬਿਲਕੁਲ ਸਾਫ ਹੋ ਗਿਆ ਸੀ, ਜਦੋਂ ਕਿ ਉਸ ਸਮੇਂ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਆਪਣੀ ਹਾੜ੍ਹੀ ਦੀ ਫਸਲ ਚੁੱਕ ਰਹੇ ਅਤੇ ਫਸਲਾਂ ਦੀ ਰਹਿੰਦ-ਖਹੂੰਦ ਨੂੰ ਵੀ ਅੱਗ ਲਾ ਰਹੇ ਸਨ। ਕੋਇਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ, ਜੋ ਹਰ ਰੋਜ਼ ਵਾਤਾਵਰਨ ਵਿਚ ਵੱਡੀ ਮਾਤਰਾ ਵਿਚ ਸਲਫਰਡਾਇਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਪੀ. ਐੱਮ. 10 ਅਤੇ ਪੀ. ਐੱਮ. 2.5 ਦੇ ਕਣ ਸੁੱਟਦੇ ਹਨ, ਉਤੇ ਐਮ. ਓ. ਈ. ਐੱਫ. ਸੀ. ਸੀ. ਵੱਲੋਂ 2015 ਵਿਚ ਨਿਰਧਾਰਤ ਕੀਤੇ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ।
ਥਰਮਲ ਪਲਾਂਟਾਂ ਦੇ ਮਾਲਕਾਂ ਨੇ 2015 ਦੇ ਵਾਤਾਵਰਣ ਨਿਯਮਾਂ ਵਿਚ ਢਿੱਲ ਦੇਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ ਅਤੇ ਉਸ ਵਿਚ ਉਨ੍ਹਾਂ ਨੂੰ 2022 ਤੱਕ ਢਿੱਲ ਮਿਲ ਗਈ ਹੈ। ਸੈਂਟਰ ਫਾਰ ਸਾਇੰਸ ਅਤੇ ਇਨਵਾਇਰਨਮੈਂਟ ਦੀ ਇਕ ਰਿਪੋਰਟ ਅਨੁਸਾਰ ਹਾਲ ਦੀ ਘੜੀ 12 ਥਰਮਲ ਪਲਾਂਟਾਂ ਵਿਚੋਂ ਸਿਰਫ 2 ਪਲਾਂਟ ਹੀ ਵਾਤਾਵਰਨ ਨਿਯਮਾਂ ਉਤੇ ਪੂਰੇ ਉਤਰਦੇ ਹਨ। ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਢਿੱਲਾਂ ਦਿੱਲੀ ਦੇ ਵਾਤਾਵਰਨ ਨੂੰ ਤੇਜ਼ੀ ਨਾਲ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਹਨ।
ਹਵਾ ਦਾ ਪ੍ਰਦੂਸ਼ਣ ਇੱਕ ਅਦਿੱਖ ਜ਼ਹਿਰ ਹੈ, ਜੋ ਰੋਜ਼ਾਨਾ ਹਜ਼ਾਰਾਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ। ਜੇ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਹਵਾ ਦੇ ਇਸ ਪ੍ਰਦੂਸ਼ਣ ਨੇ ਪਹਿਲਾਂ ਲੋਕਾਂ ਦੇ ਫੇਫੜੇ ਬਹੁਤ ਕਮਜ਼ੋਰ ਕੀਤੇ ਹੋਏ ਹਨ, ਜੋ ਹੁਣ ਕੋਵਿਡ-19 ਦੀ ਮਾਰ ਨਾ ਸਹਿੰਦੇ ਹੋਏ ਘੜੀ-ਪਲਾਂ ਵਿਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਹਨ। ਸਰਕਾਰਾਂ ਨੂੰ ਹਵਾ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਸਖਤ ਲੋੜ ਹੈ।