ਸ਼ਬਦਾਂ ਦਾ ਖਿਡਾਰੀ ਐੱਸ. ਅਸ਼ੋਕ ਭੌਰਾ

ਪ੍ਰਿੰ. ਸਰਵਣ ਸਿੰਘ
ਧਿਆਨ ਚੰਦ ਹਾਕੀ ਦਾ ਐਸਾ ਖਿਡਾਰੀ ਸੀ, ਜਿਸ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ। ਐੱਸ. ਅਸ਼ੋਕ ਭੌਰਾ ਸ਼ਬਦਾਂ ਦਾ ਐਸਾ ਜਾਦੂਗਰ ਹੈ, ਜਿਸ ਨੂੰ ਸ਼ਬਦਾਂ ਦਾ ਖਿਡਾਰੀ ਕਿਹਾ ਜਾ ਸਕਦੈ। ਜੱਸੋਵਾਲ ਦੇ ਸ਼ਬਦਾਂ ਵਿਚ, “ਅਸ਼ੋਕ ਜਦੋਂ ਲਿਖਦਾ ਹੈ ਤਾਂ ਉਹਦੇ ਅੰਦਰ ਸ਼ਬਦ ਝਗੜਦੇ ਨੇ, ਮੈਨੂੰ ਬਾਹਰ ਕੱਢ, ਮੈਨੂੰ ਬਾਹਰ ਕੱਢ। ਉਹਦੀ ਹਰ ਲਿਖਤ ਮੁਕਲਾਵੇ ਦੀ ਰਾਤ ਵਰਗੀ ਹੁੰਦੀ ਹੈ।” ਉਹ ਸ਼ਬਦਾਂ ਦੀਆਂ ਕਿੱਕਾਂ ਮਾਰਦਾ ਹੈ, ਡਾਜਾਂ ਦਿੰਦਾ ਹੈ ਤੇ ਬੱਚੀਆਂ ਪੁਆਉਂਦਾ ਹੈ। ਆਪਣੇ ਕਾਲਮ ‘ਕਰਾਰਾ ਪੂਦਨਾ’ ਵਿਚ ਸ਼ਬਦਾਂ ਨੂੰ ਘੋਟਾ ਲਾਏ ਬਿਨਾ ਵੀ ਨਹੀਂ ਰਹਿੰਦਾ। ਉਸ ਨੇ ਦਰਜਨ ਤੋਂ ਵੱਧ ਅਖਬਾਰੀ ਕਾਲਮ ਲਿਖੇ ਹਨ ਤੇ ਖਿਡਾਰੀਆਂ ਨਾਲ ਸੰਬੰਧਿਤ ਸੌ ਤੋਂ ਵੱਧ ਖੇਡ ਫੀਚਰ।

ਉਹਦੀਆਂ ਕਿਤਾਬਾਂ ਦੇ ਨਾਂ ਹਨ: ਗੱਲੀਂ ਬਾਤੀਂ, ਨੈਣ-ਨਕਸ਼, ਅਗਨਬਾਣ, ਮੇਰੇ ਸਮਿਆਂ ਦੀ ਪੰਜਾਬੀ ਗਾਇਕੀ, ਅਮਰੀਕਾ ਦੇ ਰਾਸ਼ਟਰਪਤੀ, ਪੰਜਾਬ ਦੇ ਲੋਕ ਸਾਜ਼, ਮੇਰੇ ਸਮਿਆਂ ਦੀ ਪੰਜਾਬੀ ਗੀਤਕਾਰੀ, ਭਾਰਤ ਦੇ ਮਹਾਨ ਸੰਗੀਤਕਾਰ, ਕਲਮਾਂ ਦੇ ਸਿਰਨਾਵੇਂ, ਭੌਰੇ ਦੀਆਂ ਗੁੱਝੀਆਂ ਰਮਜ਼ਾਂ ਤੇ ਡੂਢ ਕਿੱਲਾ ਆਦਿ। ਉਹਨੇ ਖੇਡਾਂ ਬਾਰੇ ਲਿਖਣ-ਬੋਲਣ ਦੀ ਵੀ ਕੋਈ ਕਸਰ ਨਹੀਂ ਛੱਡੀ।
ਕਸਰਾਂ ਕੱਢਣ ਵਾਸਤੇ ਉਹ ਜੁਗਤੀ ਵੀ ਹੈ, ਜੁਗਾੜੂ ਵੀ। ਮੂੰਹ `ਚ ਬੱਤੀ ਦੰਦ ਹੁੰਦੇ ਹਨ, ਪਰ ਉਹ ਦੁਨੀਆਂ ਦੀਆਂ ਬੱਤੀ ਫੇਰੀਆਂ ਵਿਚ ਤੇਤੀ ਮੁਲਕਾਂ ਦੀਆਂ ਉਡਾਰੀਆਂ ਮਾਰ ਚੁੱਕੈ। ਮੈਂ ਹਾਲੇ ਤੱਕ ਉਹਦਾ ਭੇਤ ਨਹੀਂ ਪਾ ਸਕਿਆ। ਪਹਿਲਾਂ ਉਹਦਾ ਭੇਤ ਭਰਿਆ ਨਾਂ ਹੀ ਵੇਖੋ: ਐੱਸ. ਅਸ਼ੋਕ ਭੌਰਾ। ਪਤਾ ਨੀ ਲੱਗਦਾ ਇਸ ਵਿਚ ਕਿਹੜਾ ਜੁਗਾੜ ਹੈ? ਐੱਸ, ਅਸ਼ੋਕ ਦੇ ਮਗਰ ਲੱਗਾ ਹੁੰਦਾ ਤਾਂ ਸਮਝ ਲੈਂਦੇ ਕਿ ਨਾਂ ਅਸ਼ੋਕ ਸਿੰਘ ਹੋਵੇਗਾ; ਪਰ ਉਸ ਨੇ ਤਾਂ ਐੱਸ. ਦਾ ਫਾਨਾ ਅਸ਼ੋਕ ਦੇ ਮੂਹਰੇ ਠੋਕ ਕੇ ਆਪਣੇ ਨਾਂ ਨੂੰ ਹੀ ਬੁਝਾਰਤ ਬਣਾ ਦਿੱਤੈ! ਕਈ ਪਾਠਕ ਲੱਖਣ ਲਾਉਂਦੇ ਹੋਣਗੇ ਕਿ ਐੱਸ. ਕਿਸੇ ਕੁੜੀ ਦਾ ਸੰਕੇਤਕ ਨਾਂ ਹੋਵੇਗਾ। ਆਪਣੇ ਨਾਂ ਨਾਲ ਕੁੜੀ ਦਾ ਪੂਰਾ ਨਾਂ ਜੋੜਨ ਤੋਂ ਭੌਰਾ ਡਰਦਾ ਹੋਵੇਗਾ। ਐੱਸ. ਅਸ਼ੋਕ ਭੌਰਾ ਬਾਰੇ ਜੇ ਦਬੰਗ ਲੇਖਕਾ ਅਜੀਤ ਕੌਰ ਨੇ ਟਿੱਪਣੀ ਕਰਨੀ ਹੁੰਦੀ ਤਾਂ ਖੁਸ਼ਵੰਤ ਸਿਓਂ ਵਾਲੀ ਹੀ ਕਰਦੀ, “ਲਿਖਣ ਨੂੰ ਸ਼ੇਰ, ਡਰਨ ਨੂੰ ਗਿੱਦੜ!”
ਚਲੋ ਐੱਸ. ਨੂੰ ਛੱਡ ਕੇ ਉਹਦੇ ਭੌਰਾ ਹੋਣ ਦੀ ਗੱਲ ਵੀ ਕਰ ਲੈਂਦੇ ਹਾਂ। ਭੌਰਾ, ਭੰਵਰਾ ਵੀ ਹੋ ਸਕਦੈ ਤੇ ਬੰਗੇ ਲਾਗਲਾ ਪਿੰਡ ‘ਭੌਰਾ’ ਵੀ। ਪਹਿਲਾਂ ਪਹਿਲ ‘ਭੌਰਾ’ ਮੈਂ ਉਹਦਾ ਤਖੱਲਸ ਸਮਝਦਾ ਸਾਂ ਜਿਵੇਂ ਪਪੀਹਾ, ਪਰਵਾਨਾ, ਪਤੰਗਾ, ਪੰਛੀ, ਕੋਇਲ, ਹੰਸ, ਚਾਤ੍ਰਿਕ, ਦਰਦੀ, ਘਾਇਲ ਜਾਂ ਜ਼ਖਮੀ ਹੁੰਦਾ। ਟੇਢਾ ਜਿਹਾ ਤੁਰਦਾ ਉਹ ਲੱਗਦਾ ਵੀ ਜ਼ਖਮੀ ਹੈ। ਫਿਰ ਪਤਾ ਲੱਗਾ ਕਿ ਭੌਰਾ ਉਸ ਦਾ ਤਖੱਲਸ ਨਹੀਂ, ਉਹਦੇ ਪਿੰਡ ਦਾ ਨਾਂ ਹੈ। ਭੌਰਾ ਨਾਂ ਭਾਵੇਂ ਪਿੰਡ ਦਾ ਹੈ, ਪਰ ਉਡਾਰੀਆਂ ਮਾਰਦਾ ਅਸ਼ੋਕ ਹੈ ਸੱਚਮੁੱਚ ਹੀ ਭੌਰਾ। ਭਾਂਤ-ਸੁਭਾਂਤੇ ਬਾਗਾਂ ਬਗੀਚਿਆਂ `ਤੇ ਮੰਡਰਾਉਣ ਵਾਲਾ। ਜੰਗਲ ਬੇਲਿਆਂ ਤੇ ਫੁੱਲਾਂ ਕਲੀਆਂ ਨੂੰ ਸੁੰਘਣ ਤੇ ਚੱਖਣ ਵਾਲਾ। ਰੰਗ ਮਾਣਨ, ਮਹਿਕ ਸੁੰਘਣ, ਰਸ ਲੈਣ ਤੇ ਲੇਖਕ ਬਣ ਕੇ ਪਾਠਕਾਂ ਨੂੰ ਰਸ ਪਾਨ ਕਰਾਉਣ ਵਾਲਾ। ਉਹਦੀਆਂ ਉਡਾਰੀਆਂ ਦਾ ਕੋਈ ਲੇਖਾ ਨਹੀਂ। ਨਾਲੇ ਉਹ ਭੌਰਾ ਹੀ ਕਾਹਦਾ ਹੋਇਆ, ਜਿਹੜਾ ਟਿਕ ਕੇ ਬੈਠਾ ਰਹੇ।
ਗੁਰਬਚਨ ਸਿੰਘ ਭੁੱਲਰ ਨੇ ਉਸ ਬਾਰੇ ਲਿਖਿਆ: ਪੰਜਾਬੀ ਸਭਿਆਚਾਰ ਦਾ ਇਕ ਮੁੱਖ ਕਾਲਮ-ਲੇਖਕ ਐੱਸ. ਅਸ਼ੋਕ ਭੌਰਾ ਨੂੰ ਮੰਨ ਲਿਆ ਗਿਆ ਹੈ। ਅਸ਼ੋਕ ਦੇ ਵਿਸਿ਼ਆਂ ਦੀ ਫੁਲਵਾੜੀ ਵਿਚ ਟਹਿਕਦੇ ਮਹਿਕਦੇ ਫੁੱਲਾਂ ਦੀਆਂ ਸੁਗੰਧੀਆਂ ਤੇ ਰੰਗਾਂ ਦੀ ਵੰਨਗੀ ਹੈਰਾਨ ਕਰਨ ਵਾਲੀ ਹੈ! ਵਰਿਆਮ ਸਿੰਘ ਸੰਧੂ ਨੇ ਲਿਖਿਆ, “ਭੌਰੇ ਦੇ ਰਚਨਾ ਸੰਸਾਰ ਵਿਚ ਪੇਸ਼ ਵਿਸਿ਼ਆਂ ਦੀ ਵਿਵਿਧਤਾ ਤੇ ਵੰਨਗੀ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭੌਰਾ ਕਿਸੇ ਇਕ ਫੁੱਲ `ਤੇ ਮੰਡਰਾਉਣ ਵਾਲਾ ਇਕ-ਰਸਾ ਤੇ ਇਕ-ਮੁਖਾ ਆਸ਼ਕ ਲੇਖਕ ਨਹੀਂ। ਪੂਰੀ ਸਾਹਿਤਕ-ਸਮਾਜਕ ਜਿ਼ੰਮੇਵਾਰੀ ਤੇ ਵਫਾਦਾਰੀ ਨਾਲ ਜੱਗ-ਜਹਾਨ ਦੇ ਫਲਾਂ-ਫੁੱਲਾਂ `ਤੇ ਭੌਰਿਆਂ ਵਾਂਗ ਫਿਰ ਕੇ ਉਨ੍ਹਾਂ ਦੀ ਬਾਸ ਸੁੰਘਣਾ-ਸੁੰਘਾਉਣਾ ਉਹਦਾ ਦਸਤੂਰ ਹੈ। ਉਹ ਵਾਹ ਲੱਗਦੀ ਬਲਦੀ ਧਰਤੀ ਦੇ ਹਰੇਕ ਤਪਦੇ ਕਣ ਨੂੰ ਆਪਣੇ ਹੰਝੂਆਂ ਦੀ ਵਾਛੜ ਨਾਲ ਠਾਰਨ ਦੇ ਯਤਨ ਵਿਚ ਹੈ। ਉਹਦਾ ਦਿਲ ਵੰਨ-ਸੁਵੰਨੇ ਲੋਕਾਂ, ਧਿਰਾਂ, ਰਿਸ਼ਤਿਆਂ ਤੇ ਜੀਵਾਂ ਨਾਲ ਮਿਲ ਕੇ ਧੜਕਦਾ ਹੈ। ਉਹਦੇ ਸ਼ਬਦਾਂ ਵਿਚ ਹਰੇਕ ਜਣੇ ਦੀ ਪੀੜ ਨਾਲ ਇਕਸੁਰ ਹੋ ਕੇ ਹੂੰਗਣ ਦੀ ਤੜਪ ਵਿਲਕਦੀ ਹੈ। ਸਗਲ ਧਰਤ ਉਹਦੀ ਆਪਣੀ ਹੈ ਤੇ ਧੀਆਂ-ਪੁੱਤਾਂ ਦੀਆਂ ਬਿਪਤਾਵਾਂ ਤੇ ਵਿਲਕਣੀਆਂ ਵੀ ਉਹਦੀਆਂ ਆਪਣੀਆਂ ਹਨ।”
ਉਸ ਨੇ ਕਈ ਸ਼ੌਕ ਪਾਲੇ ਤੇ ਕਈ ਹੋਰ ਪਾਲਣੇ ਹਨ। ਹੁਣ ਨਵਾਂ ਸ਼ੌਕ ‘ਇੱਕੀ’ ਨਾਂ ਦਾ ਪਰਚਾ ਕੱਢਣ ਦਾ ਪਾਲ ਰਿਹੈ, ਜਿਸ ਵਿਚੋਂ ਪਤਾ ਨਹੀਂ ਕੀ ਕੱਢੇ ਪਾਵੇਗਾ? ਲੱਗਦੈ ਸ਼ੌਂਕੀ ਮੇਲੇ ਵਾਂਗ ਸ਼ੌਕ ਈ ਪੂਰਾ ਕਰੇਗਾ। ਉਂਜ ਜੀਹਦਾ ਸ਼ੌਕ ਪੂਰਾ ਹੋ`ਜੇ ਉਹਨੂੰ ਹੋਰ ਚਾਹੀਦੈ ਵੀ ਕੀ ਐ? ਸ਼ੌਕ-ਸ਼ੌਕ ਵਿਚ ਉਹ ਦੌੜਦਾ ਨਹੀਂ, ਉਡਿਆ ਫਿਰਦੈ। ਉਹਦੇ ਵਿਚ ਅਮੁੱਕ ਊਰਜਾ ਹੈ, ਜਿਹੜੀ ਉਸ ਨੂੰ ਉਡਾਈ ਫਿਰਦੀ ਹੈ।
ਜਦੋਂ ਉਹ ਕੋਈ ਫੀਚਰ ਲਿਖਣਾ ਸ਼ੁਰੂ ਕਰਦੈ ਤਾਂ ਉਹਦਾ ਭੌਰਵੀ ਅੰਦਾਜ਼ ਵੇਖੋ: “ਜੇ ਦੇਸ਼ ਦਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਉਲਝ ਸਕਦੈ, ਜੇ ਭਰਾ ਭੈਣ ਨੂੰ ਗਰਭਵਤੀ ਕਰ ਸਕਦੈ, ਜੇ ਪੁੱਤ ਜਾਇਦਾਦ ਦੇ ਲਾਲਚ ਵਿਚ ਮਾਂ ਦੀ ਧੌਣ ਵੱਢ ਸਕਦੈ, ਹਰਿਆਣੇ ਦਾ ਡੀ. ਐੱਸ. ਪੀ. ਪੰਜਾਬ `ਚ ਕੋਕੀਨ ਸਮੇਤ ਫੜਿਆ ਜਾ ਸਕਦੈ, ਭਗਵੇਂ ਕੱਪੜੇ ਪਾ ਕੇ ਸਾਧ ਚੇਲੀਆਂ ਨਾਲ ਰੰਗ ਰਲੀਆਂ ਮਨਾ ਸਕਦੈ, ਮਰਦ ਆਪਣੀ ਬੀਵੀ ਦੋਸਤਾਂ ਨੂੰ ਖੁਸ਼ ਕਰਨ ਲਈ ਪੇਸ਼ ਕਰ ਸਕਦੈ, ਮਰਦ ਬੱਚੇ ਜੰਮਣ ਦਾ ਚਾਅ ਪੂਰਾ ਕਰਨ ਲਈ ਵਿਅਕੁਲ ਹੋ ਸਕਦੈ, ਆਪਣੀ ਕੁੱਖ ਸੁਲੱਖਣੀ ਕਰਨ ਲਈ ਕਿਸੇ ਹੋਰ ਦੀ ਕੁੱਖ ਦਾ ਕਤਲ ਕੀਤਾ ਜਾ ਸਕਦੈ, ਔਰਤ ਔਰਤ ਨਾਲ ਤੇ ਮਰਦ ਮਰਦ ਨਾਲ ਵਿਆਹ ਕਰਵਾ ਸਕਦੈ, ਦਸ ਸਾਲ ਦੀ ਬੱਚੀ ਦੇ ਬੱਚਾ ਹੋ ਸਕਦੈ ਤੇ 80 ਸਾਲ ਦਾ ਬੁੱਢਾ 50ਵਾਂ ਵਿਆਹ ਕਰਵਾ ਸਕਦੈ ਤਾਂ ਸੱਚ ਮੰਨਿਓਂ, ਇਓਂ ਵੀ ਹੋ ਸਕਦੈ!”
ਪਾਠਕਾਂ `ਚ ਉਤਸੁਕਤਾ ਜਗਾ ਕੇ ਉਹ ‘ਇਓਂ ਵੀ ਹੋਣ’ ਦੀ ਕਹਾਣੀ ਬਿਆਨ ਕਰਨ ਲੱਗਦੈ। ਫਿਰ ਕਿਹੜਾ ਪਾਠਕ ਹੈ, ਜਿਹੜਾ ‘ਇਓਂ ਵੀ ਹੋ ਸਕਦੈ’ ਕਾਲਮ ਨਾ ਪੜ੍ਹੇ? ਪਾਠਕਾਂ ਦੀ ਨਬਜ਼ `ਤੇ ਹੱਥ ਰੱਖਣ ਵਾਲੇ ਲੇਖਕ ਪਾਠਕਾਂ ਨੂੰ ਇੰਜ ਹੀ ਪੱਟਦੇ ਹਨ।
ਸ਼ੌਕੀ ਅਸ਼ੋਕ ਭੌਰਾ ਜਦੋਂ ਤੇਤੀ ਸਾਲਾਂ ਦਾ ਨੌਜੁਆਨ ਸੀ, ਉਡਦਾ-ਉਡਦਾ ਮਸੀਂ ਬਚਿਆ ਨਹੀਂ ਤਾਂ ਉਹਦੇ ਸ਼ੌਕ ਉਦੋਂ ਹੀ ਪੂਰੇ ਹੋ ਜਾਂਦੇ। ਉਂਜ ਤਾਂ ਸ਼ੌਕ ‘ਪੂਰੇ’ ਹੋ ਜਾਣ ਦੇ ਮੌਕੇ ‘ਐੱਸ’ ਨੂੰ ਪੰਜਾਬ ਦੇ ਦਹਿਸ਼ਤੀ ਦਿਨਾਂ ਵਿਚ ਵੀ ਮਿਲੇ ਤੇ ਮਗਰੋਂ ਵੀ ਪਰ ਬੈਲਜੀਅਮ ਦੇ ਇਕ ਏਅਰ ਪੋਰਟ ਵਾਲਾ ਮੌਕਾ-ਮੇਲ ਰੱਬੀ ਰਹਿਮਤ ਸੀ। ਹੋਇਆ ਇੰਜ ਕਿ ਜਦੋਂ ਉਹ ਫਲਾਈਟ ਲੈਣ ਲਈ ਲੌਂਜ ਵਿਚ ਇੰਤਜ਼ਾਰ ਕਰ ਰਿਹਾ ਸੀ, ਤਦ ਇਕ ਪੰਜਾਬੀ ਪਿਆਕੜ ਦਾ ਨਸ਼ਾ ਉਤੋਂ ਦੀ ਹੋ ਗਿਆ। ਉਸ ਨੇ ਏਅਰ ਪੋਰਟ ਦਾ ਸ਼ੀਸ਼ਾ ਭੰਨ ਦਿੱਤਾ। ਉਸ ਦੀ ਪਤਨੀ, ਆਪਣੇ ਪਤੀ ਨੂੰ ਸੰਭਾਲਣ ਲੱਗੀ, ਪਰ ਉਹ ਉਸ ਤੋਂ ਸੰਭਲ ਨਹੀਂ ਸੀ ਰਿਹਾ। ਅਸ਼ੋਕ ਭੌਰਾ ਮਦਦ ਲਈ ਉੱਠ ਖੜ੍ਹਾ ਹੋਇਆ ਤੇ ਪਿਆਕੜ ਭਾਈਬੰਦ ਨੂੰ ਸੰਭਾਲਾ ਦੇਣ ਲੱਗਾ। ਗਾਉਣ ਵਜਾਉਣ ਵਾਲਿਆਂ ਨਾਲ ਪੀਣ ਖਾਣ ਹੋਣ ਕਰਕੇ ਉਸ ਪਾਸ ਸ਼ਰਾਬੀਆਂ ਕਬਾਬੀਆਂ ਨੂੰ ਸੰਭਾਲਣ ਦਾ ਚੰਗਾ ਤਜ਼ਰਬਾ ਸੀ; ਪਰ ਉਹ ਤਜ਼ਰਬਾ ਉਥੇ ਕਾਰਗਰ ਨਹੀਂ ਸੀ ਹੋ ਰਿਹਾ। ਸ਼ਰਾਬੀ ਦੀ ਮਸਤੀ ਲੱਥ ਨਹੀਂ ਸੀ ਰਹੀ। ਬੁਰਾ ਫਸਿਆ ਸੀ ਭੌਰਾ। ਨਾ ਉਹ ਸ਼ਰਾਬੀ ਨੂੰ ਉਸ ਹਾਲਤ ਵਿਚ ਛੱਡਣ ਜੋਗਾ ਸੀ, ਨਾ ਜਾਣ ਜੋਗਾ। ਉਧਰੋਂ ਫਲਾਈਟ ਜਾਣ ਦਾ ਟਾਈਮ ਹੋ ਗਿਆ। ਤਦੇ ਹਵਾਈ ਅੱਡੇ ਦਾ ਸਿਕਿਉਰਿਟੀ ਅਮਲਾ ਆ ਧਮਕਿਆ। ਅਮਲੇ ਨੇ ਤਿੰਨਾਂ ਨੂੰ ਹੀ ਇਕੋ ਪਰਿਵਾਰ ਸਮਝਿਆ ਤੇ ਜਹਾਜ਼ ਚੜ੍ਹਨੋਂ ਰੋਕ ਲਿਆ, ਮਤਾਂ ਜਹਾਜ਼ ਵਿਚ ਵੀ ਚੰਦ ਨਾ ਚੜ੍ਹਾ ਦੇਣ!
ਖੈਰ! ਸ਼ਰਾਬੀ ਨੂੰ ਰੋਕਣਾ ਤਾਂ ਬਣਦਾ ਸੀ, ਪਤਨੀ ਦਾ ਪਤੀ ਨਾਲ ਰਹਿਣਾ ਵੀ ਬਣਦਾ ਸੀ, ਪਰ ਭੌਰੇ ਨੂੰ ਇਸ ਲਈ ਰੋਕ ਲਿਆ ਕਿ ਉਹ ਵੀ ਉਨ੍ਹਾਂ ਦੇ ਨਾਲ ਸੀ। ਭੌਰੇ ਨੂੰ ਫਲਾਈਟ ਮਿੱਸ ਹੋ ਜਾਣ ਦਾ ਡਾਢਾ ਅਫਸੋਸ ਹੋਇਆ। ਪਿੱਛੋਂ ਪਤਾ ਲੱਗਾ ਕਿ ਜਿਸ ਜਹਾਜ਼ ਵਿਚ ਭੌਰੇ ਨੇ ਉੱਡਣਾ ਸੀ, ਉਹ ਹਾਦਸਾ-ਗ੍ਰਸਤ ਹੋ ਗਿਆ। ਉਸ ਜਹਾਜ਼ ਦੇ ਮੁਸਾਫਿਰਾਂ ਵਿਚੋਂ ਕੋਈ ਵੀ ਨਾ ਬਚਿਆ। ਭੌਰੇ ਨੇ ਰੱਬ ਦਾ ਸ਼ੁਕਰ ਮਨਾਇਆ। ਜੇ ਉਸ ਨੂੰ ਹਵਾਈ ਅੱਡੇ `ਤੇ ਉਹ ਸ਼ਰਾਬੀ ਨਾ ਮਿਲਦਾ ਤੇ ਉਸ ਨੂੰ ਸੰਭਾਲਦਿਆਂ ਉਹਦੀ ਫਲਾਈਟ ਨਾ ਖੁੰਝਦੀ ਤਾਂ ਚੰਗੇ ਭਲੇ ਦੀ ਜਾਹ ਜਾਂਦੀ ਹੋ ਜਾਣੀ ਸੀ! ਹਾਦਸੇ ਤੋਂ ਬਚਿਆ ਭੌਰਾ ਕਹਿੰਦਾ ਹੈ ਕਿ ਰੱਬ ਦੇ ਰੰਗ ਨਿਆਰੇ ਹਨ। ਕੀ ਪਤਾ ਰੱਬ ਹੀ ਸ਼ਰਾਬੀ ਦੇ ਭੇਸ ਵਿਚ ਭੌਰੇ ਨੂੰ ਬਚਾਉਣ ਆਇਆ ਹੋਵੇ! ਅਜਿਹੇ ਬੰਦੇ ਦਾ ਭੇਤ ਵੀ ਰੱਬ ਹੀ ਪਾ ਸਕਦੈ।
ਭੌਰੇ ਦੀਆਂ ਲਿਖਤਾਂ ਦੇ ਰੰਗ ਨਿਆਰੇ ਹਨ। ਨਿੱਤ ਨਿਆਰੇ ਵਿਸ਼ੇ ਚੁਣਦਾ ਹੈ। ਉਹਦੀ ਸ਼ੈਲੀ ਨਖਰੀਲੀ ਤੇ ਰਸੀਲੀ ਹੈ। ਉਹਦੀ ਲਿਖਤ ਉਤੇ ਭੌਰੇ ਦਾ ਨਾਮ ਨਾ ਵੀ ਲਿਖਿਆ ਹੋਵੇ, ਤਦ ਵੀ ਪੰਜ-ਸੱਤ ਸਤਰਾਂ ਪੜ੍ਹ ਕੇ ਪਤਾ ਲੱਗ ਜਾਂਦੈ ਕਿ ਇਹ ਅਸ਼ੋਕ ਭੌਰੇ ਦੀ ਹੈ। ਇਹ ਉਸ ਦੀ ਵੱਖਰੀ ‘ਪਛਾਣ’ ਹੈ, ਜੋ ਉਸ ਨੇ ਲਗਾਤਾਰ 44 ਸਾਲ ਲਿਖਦਿਆਂ ਬਣਾਈ ਹੈ। ਉਸ ਨੇ ਦਰਜਨਾਂ ਕਾਲਮ, ਸੈਂਕੜੇ ਆਰਟੀਕਲ, ਹਜ਼ਾਰਾਂ ਪੰਨੇ ਤੇ ਲੱਖਾਂ ਲਫਜ਼ ਲਿਖੇ ਹਨ। ਦਰਜਨ ਤੋਂ ਵੱਧ ਕਿਤਾਬਾਂ ਛਪਵਾਈਆਂ ਹਨ ਤੇ ਉਹ ਵੀ ਵੰਨ-ਸੁਵੰਨੀਆਂ। ਸ਼ੌਕ-ਸ਼ੌਕ ਵਿਚ ਸ਼ੌਂਕੀ ਮੇਲੇ ਲਾਏ, ਮੀਡੀਆਕਾਰੀ ਕੀਤੀ, ਟੀ. ਵੀ. ਪ੍ਰੋਗਰਾਮ, ਰੇਡੀਓਕਾਰੀ ਤੇ ਪੱਤਰਕਾਰੀ ਹੁਣ ਵੀ ਕਰੀ ਜਾ ਰਿਹੈ।
ਰੋਟੀਆਂ ਉਸ ਨੇ ਸਾਇੰਸ ਮਾਸਟਰ ਬਣਨ ਦੀਆਂ ਖਾਧੀਆਂ, ਪਰ ਸ਼ੌਕ ਪਾਲਿਆ ਗਾਉਣ-ਵਜਾਉਣ ਵਾਲਿਆਂ ਤੇ ਹੋਰਨਾਂ ਬਾਰੇ ਲਿਖਣ ਦਾ। ਸਲਾਮ ਹੈ ਉਹਦੀ ਲਗਨ ਨੂੰ ਤੇ ਸ਼ਾਬਾਸ਼ੇ ਉਹਦੇ ਸਿਰੜ ਦੇ। ਕੋਈ ਲਿਖਣ ਦੀ ਸਾਧਨਾ ਕਰੇ ਤਾਂ ਭੌਰੇ ਵਰਗੀ ਕਰੇ। ਭੌਰਾ ਪੰਜਾਬੀ ਕਲਮਕਾਰੀ ਦਾ ਮਾਣ ਹੈ।
2012 `ਚ ਉਹ ਬਿਮਾਰ ਹੋ ਗਿਆ। ਏਨਾ ਬਿਮਾਰ ਕਿ ਮਰਨੋਂ ਮਸਾਂ ਬਚਿਆ। ਫੇਫੜਿਆਂ `ਚ ਪਾਣੀ ਭਰ ਗਿਆ, ਜਿਸ ਨਾਲ ਸਾਹ ਰੁਕਣ ਲੱਗ ਪਿਆ। ਉਦੋਂ ਉਹਦਾ ਕਾਲਮ ‘ਇਓਂ ਵੀ ਹੁੰਦੈ’ ਰੁਕ ਗਿਆ। ਪਾਠਕ ਹਰਾਸੇ ਗਏ। ਏਨਾ ਸ਼ੁਕਰ ਕਿ ਅਮਰੀਕਾ ਵਿਚ ਸੀ। ਫਰਿਜ਼ਨੋ ਦੇ ਸੇਂਟ ਐਗਨਸ ਹਸਪਤਾਲ ਨੇ ਆਖਰੀ ਘੜੀਆਂ ਗਿਣਦੇ ਨੂੰ ਬਚਾ ਲਿਆ। ਅਮਰੀਕਾ ਦਾ ਇਲਾਜ ਮਾੜੇ ਧੀੜਿਆਂ ਦੀਆਂ ਜੁੱਲੀਆਂ ਵਿਕਾ ਦਿੰਦੈ, ਪਰ ਉਹਦੀ ਲਿਖਤ ਦਾ ਜਾਦੂ ਸੀ ਕਿ ਇਲਾਜ ਮੁਫਤ ਵਿਚ ਹੋ ਗਿਆ। ਇਲਾਜ ਕਰਨ ਵਾਲਾ ਸਿੱਖ ਡਾਕਟਰ ਆਪ ਉਹਦਾ ਪਾਠਕ ਨਹੀਂ ਸੀ, ਪਰ ਉਸ ਦਾ ਬਿਰਧ ਬਾਪ ਭੌਰੇ ਦਾ ਸੰਜੀਦਾ ਪਾਠਕ ਸੀ।
ਡਾਕਟਰ ਵੈਸੇ ਹੀ ਘਰ `ਚ ਗੱਲ ਕਰ ਬੈਠਾ। ਜਦੋਂ ਪਿਉ ਨੂੰ ਪਤਾ ਲੱਗਾ ਕਿ ਉਹਦੇ ਪੁੱਤਰ ਦਾ ਮਰੀਜ਼ ਅਸ਼ੋਕ ਉਹੀ ਐੱਸ. ਅਸ਼ੋਕ ਭੌਰਾ ਹੈ, ਜੀਹਦਾ ਕਾਲਮ ਉਹ ਹਰ ਹਫਤੇ ‘ਪੰਜਾਬ ਟਾਈਮਜ਼’ ਵਿਚ ਪੜ੍ਹਦਾ ਹੈ ਤਾਂ ਇਲਾਜ ਦਾ ਡੇਢ ਲੱਖ ਡਾਲਰ ਦਾ ਬਿੱਲ ਤਾਰਨ ਲਈ ਰਾਹ ਕੱਢਿਆ ਗਿਆ, ਯਾਨਿ ਪੰਜਾਬੀ ਜੁਗਾੜ ਕੀਤਾ ਗਿਆ। ਭੌਰੇ ਨੂੰ ਫਾਰਮਾਂ ਉਤੇ ਦਸਤਖਤ ਹੀ ਕਰਨੇ ਪਏ। ਜਿਹੋ ਜਿਹੀਆਂ ਹੈਰਾਨਕੁਨ ਕਹਾਣੀਆਂ ਉਹ ਹੋਰਨਾਂ ਦੀਆਂ ਲਿਖਦਾ ਸੀ, ਉਹੋ ਜਿਹੀ ਕਹਾਣੀ ਬਣ ਉਹਦੀ ਗਈ। ਉਹਦੇ ਖਾਬ ਖਿਆਲ `ਚ ਵੀ ਨਹੀਂ ਸੀ ਕਿ ਕੋਈ ਮਸੀਹਾ ਛੱਤ ਪਾੜ ਕੇ ਬਹੁੜੇਗਾ।
ਹਸਪਤਾਲੋਂ ਰੁਖਸਤ ਹੋ ਕੇ ਉਹ ਆਪਣੇ ਦਿਆਲੂ ਪਾਠਕ ਦਾ ਧੰਨਵਾਦ ਕਰਨ ਗਿਆ। ਬਜ਼ੁਰਗ ਨਿਰੰਜਣ ਸਿੰਘ ਨੇ ਉਹਨੂੰ ਸੀਨੇ ਨਾਲ ਲਾਇਆ ਤੇ ਆਪਣੀ ਰਹਿੰਦੀ ਉਮਰ ਉਹਨੂੰ ਲੱਗ ਜਾਣ ਦੀ ਅਸੀਸ ਦਿੰਦਿਆ ਕਿਹਾ, “ਜੀਂਦਾ ਰਹੇਂ ਪੁੱਤਰਾ, ਜੁਆਨੀਆਂ ਮਾਣੇ!
ਫਿਰ ਨਾ ਸਿਰਫ ਉਹਦੀ ਲੇਖਕ ਵਜੋਂ ਪ੍ਰਸ਼ੰਸਾ ਕੀਤੀ, ਸਗੋਂ ਝੱਗੇ ਚੁੰਨੀ ਨਾਲ ਪੰਜ ਸੌ ਡਾਲਰ ਦਾ ਪਿਆਰ ਦੇ ਕੇ ਤੋਰਿਆ। ਕੌਣ ਕਹਿੰਦੈ ਪੰਜਾਬੀ ਵਿਚ ਲਿਖਣ ਵਾਲਿਆਂ ਦੀ ਕਦਰ ਨਹੀਂ ਪੈਂਦੀ?
2011 ਵਿਚ ਉਹਦੀ 520 ਪੰਨਿਆਂ ਦੀ ਵੱਡਆਕਾਰੀ ਕਿਤਾਬ ਛਪੀ: ਗੱਲੀਂ ਬਾਤੀਂ। ਕਿਤਾਬ ਕਾਹਦੀ ਗੱਲਾਂ ਬਾਤਾਂ ਦਾ ਗ੍ਰੰਥ ਸੀ। ਮੈਂ ਕਾਫੀ ਦੇਰ ਸਿਰਹਾਣੇ ਰੱਖੀ ਰੱਖਿਆ। ਜਦੋਂ ਜਾਗ ਆਉਂਦੀ ਉਹਦੇ `ਚੋਂ ਵਾਕ ਲੈ ਲੈਂਦਾ। ਮੈਨੂੰ ਕੁਝ ਨਾ ਕੁਝ ਨਵਾਂ ਸੁੱਝ ਜਾਂਦਾ, ਜੋ ਲਿਖਣ ਦੇ ਕੰਮ ਆਉਂਦਾ। ਉਹਦੇ `ਚ ਲੋਹੜੇ ਦਾ ਮਸਾਲਾ ਭਰਿਆ ਹੋਇਆ ਸੀ। ਵਿਚੇ ਨਿਬੰਧ, ਵਿਚੇ ਕਥਾ ਵਾਰਤਾ, ਰੇਖਾ ਚਿੱਤਰ, ਸਫਰਨਾਮਾ, ਜੀਵਨੀ ਤੇ ਸਵੈਜੀਵਨੀ ਦੇ ਅੰਸ਼, ਇਤਿਹਾਸ, ਮਿਥਿਹਾਸ, ਕਵਿਤਾ, ਗੀਤਕਾਰੀ ਤੇ ਵਿਚੇ ਜਸੂਸੀ ਕਾਰੇ। ਵਿਚੇ ਅਟੱਲ ਕਥਨ। ਸਮਝੋ ਕੁੱਜੇ ਵਿਚ ਸਮੁੰਦਰ। ਵਿਚੇ ਹਾਸ ਵਿਅੰਗ ਸੀ: ਅਵਾਰਾ ਕੁੱਤਿਆਂ ਦਾ ਸੁਭਾਅ ਭੇਡਾਂ ਵਰਗਾ ਹੀ ਹੁੰਦਾ ਹੈ। ਜਿਧਰ ਨੂੰ ਇੱਕ ਤੁਰਦਾ ਹੈ, ਸਾਰੇ ਉਸੇ ਮਗਰ ਹੋ ਤੁਰਦੇ ਹਨ। ਮਜ਼ਾਕੀਆ ਲਹਿਜੇ `ਚ ਕਿਹਾ ਜਾਂਦੈ, ਇਕ ਕੁੱਤਾ ਤੁਰਿਆ ਜਾ ਰਿਹਾ ਸੀ, ਰਾਹ `ਚ ਇਕ ਹੋਰ ਕੁੱਤਾ ਟੱਕਰ ਗਿਆ। ਕਹਿਣ ਲੱਗਾ, ਕਿਧਰ ਮਹਾਰਾਜ? ਪੁੱਛ ਨਾ, ਆ ਜਾ ਮਗਰੇ। ਰਸਤੇ ਵਿਚ ਦੋ ਹੋਰ, ਚਾਰ ਹੋਰ, ਕੁੱਤੇ ਰਲਦੇ ਗਏ ਤੇ ਲੰਮੀ ਲਾਈਨ ਲੱਗ ਗਈ। ਸਭ ਤੋਂ ਮਗਰ ਰਲਣ ਵਾਲਾ ਕੁੱਤਾ ਕੁਝ ਸਿਆਣਾ ਸੀ। ਉਹਨੇ ਆਪਣੇ ਤੋਂ ਮੂਹਰਲੇ ਨੂੰ ਪੁੱਛਿਆ, “ਭਰਾਵਾ ਚੱਲੇ ਕਿਥੇ ਓਂ?”
“ਪਤਾ ਮੈਨੂੰ ਵੀ ਨਹੀਂ, ਅਗਲੇ ਨੂੰ ਪੁੱਛਦਾਂ।” ਪੁੱਛਗਿੱਛ ਸਭ ਤੋਂ ਮੂਹਰਲੇ ਕੁੱਤੇ ਤਕ ਪੁੱਜ ਗਈ, “ਭਰਾਵਾ ਚੱਲਿਆ ਕਿਥੇ ਐਂ? ਪਿੱਛੇ ਤਾਂ ਵੇਖ ਤੇਰੇ ਮਗਰ ਕਿੱਡੀ ਲਾਈਨ ਲੱਗੀ ਜਾਂਦੀ ਐ!”
ਆਗੂ ਦਾ ਜਵਾਬ ਸੁਣੋ, “ਜਾਣਾ ਕਿਤੇ ਨਾਨਕਿਆਂ ਨੂੰ ਏਂ। ਔਹ ਬਿਜਲੀ ਵਾਲਾ ਖੰਭਾ ਖਿੱਚੀ ਜਾਂਦੇ ਨੇ, ਜਿਥੇ ਗੱਡਣਗੇ ਆਪਾਂ ਪਿਸ਼ਾਬ ਕਰ ਕੇ ਆਉਣਾ!”
ਕੁੱਤੇ ਤਾਂ ਕੁੱਤੇ ਸਨ। ਜੇ ਉਹ ਭੇਡ ਚਾਲ ਵਜੋਂ ਬੰਦਿਆਂ ਦੇ ਵਿਦੇਸ਼ ਤੁਰੇ ਜਾਣ ਦੀ ਗੱਲ ਕਰਦਾ ਤਾਂ ਬੰਦਿਆਂ ਨੇ ਕੁੱਤਿਆਂ ਵਾਂਗ ਉਹਦੇ ਮਗਰ ਪੈ ਜਾਣਾ ਸੀ!
ਹੱਸਦਾ ਹਸਾਉਂਦਾ ਉਹ ਫਿਲਾਸਫੀ ਵੀ ਘੋਟਦਾ ਹੈ: ਸਾਰੀ ਰਾਤ ਜਾਗ ਕੇ, ਚੌਕੀਦਾਰੀ ਕਰ ਕੇ ਦਿਨ ਚੜ੍ਹਦੇ ਨੂੰ ਜਦੋਂ ਕੁੱਤਾ ਘੂਕ ਸੌਂਦਾ ਹੈ ਤਾਂ ਉਹ ਬੇਫਿਕਰ ਹੁੰਦਾ ਹੈ ਕਿ ਉਸ ਨੇ ਆਪਣਾ ਕੰਮ ਵਫਾਦਾਰੀ ਨਾਲ ਮੁਕਾਇਆ ਹੈ। ਇਸ ਵਾਕ ਨੇ ਮੈਨੂੰ ‘ਬਾਜ਼ੀ ਲੈ ਗਏ ਕੁੱਤੇ’ ਵਾਲਾ ਲੇਖ ਪੂਰਾ ਪੜ੍ਹਨ ਲਈ ਬਹਾਲ ਲਿਆ ਸੀ। ਮੇਰੇ ਅੱਗੇ ਕੁੱਤਿਆਂ ਦੀ ਦੁਨੀਆਂ ਸਾਕਾਰ ਹੋ ਗਈ ਸੀ। ਨੋਬਲ ਪ੍ਰਾਈਜ਼ ਸ਼ੁਰੂ ਕਰਨ ਵਾਲੇ ਐਲਫਰੇਡ ਨੋਬੈਲ ਦੀ ਗੱਲ ਕਰ ਕੇ ਉਸ ਨੇ ਰਿੱਛਾਂ ਵਰਗੇ ਕੁੱਤਿਆਂ ਤੋਂ ਲੈ ਕੇ ਚੂਹੇ ਜਿੱਡੇ ਕੁੱਤਿਆਂ ਦੀ ਕਥਾ ਸ਼ੁਰੂ ਕਰ ਦਿੱਤੀ ਸੀ, ਜੋ ਹੱਥ ਦੀ ਤਲੀ `ਤੇ ਟਿਕਾਏ ਜਾ ਸਕਦੇ ਸਨ। ਕੁੱਤਿਆਂ ਨਾਲ ਜੁੜੇ ਮੁਹਾਵਰੇ: ਸਾਲਾ ਕੁੱਤੇ ਵਾਂਗ ਭੌਂਕਦੈ, ਕੁੱਤੇ ਦਾ ਵੱਢਿਆ ਹੋਇਐ, ਬੰਦਾ ਬੜਾ ਕੁੱਤਾ, ਕੁੱਤੇ ਵਾਂਗ ਪੂਛ ਚੁੱਕੀ ਫਿਰਦਾ, ਕੁੱਤੇ ਦਾ ਪੁੱਤ ਤੇ ਕੁੱਤੇ ਵਾਂਗ ਲਮਕਦੀ ਜੀਭ ਗਿਣਾ ਕੇ ਬੂਟਾ ਸਿੰਘ ਸ਼ਾਦ ਦੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਉਤੇ ਪਹੁੰਚ ਗਿਆ ਸੀ। ਕੁੱਤਿਆਂ ਦੀ ਵਫਾਦਾਰੀ, ਕੁੱਤਿਆਂ ਦੀਆਂ ਕਿਸਮਾਂ, ਭੌਂਕਣ ਦੀ ਕਲਾ, ਖਾਧ ਖੁਰਾਕ, ਪਾਲਣਾ ਪੋਸਣਾ, ਸਹਿਣਸ਼ੀਲਤਾ ਤੇ ਵੱਢ ਖਾਣ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਦੀ ਸੁੰਘਣ ਸ਼ਕਤੀ ਉਸ ਨੇ ਇੰਜ ਬਿਆਨ ਕੀਤੀ:
-ਕੁੱਤੇ ਨੂੰ ਅੱਖ ਨਾਲੋਂ ਨੱਕ ਉਤੇ ਵਧੇਰੇ ਵਿਸ਼ਵਾਸ ਹੈ, ਕਿਉਂਕਿ ਉਹਦੇ ਕੋਲ ਸੁੰਘਣ ਦੀ ਸ਼ਕਤੀ ਵਧੇਰੇ ਹੁੰਦੀ ਹੈ। ਤੁਸੀਂ ਕੁੱਤੇ ਦੇ ਸਾਹਮਣੇ ਸ਼ੀਸ਼ਾ ਰੱਖੋ ਤਾਂ ਉਹ ਆਪਣੀ ਸ਼ਕਲ ਵੇਖ ਕੇ ਭੌਂਕੇਗਾ ਨਹੀਂ। ਉਹਨੂੰ ਅੱਖਾਂ ਇਹ ਦੱਸਦੀਆਂ ਹਨ ਕਿ ਸਾਹਮਣੇ ਕੋਈ ਕੁੱਤਾ ਹੈ, ਪਰ ਨੱਕ ਦੱਸੇਗਾ ਕਿ ਇਹ ਕੋਈ ਧੋਖਾ ਹੈ। ਤੁਸੀਂ ਆਪਣਾ ਚਿਹਰਾ ਬਦਲ ਕੇ ਆਪਣੇ ਕੁੱਤੇ ਕੋਲ ਜਾਓ, ਉਹ ਆਪਣੀ ਸੁੰਘਣ ਸ਼ਕਤੀ ਨਾਲ ਝੱਟ ਪਛਾਣ ਲਵੇਗਾ। ਬਿੱਲੀ ਨੂੰ ਮਨੁੱਖ ਨਾਲ ਨਹੀਂ, ਉਸ ਥਾਂ ਨਾਲ ਪਿਆਰ ਹੁੰਦਾ ਹੈ ਜਿਥੇ ਉਹ ਰਹਿੰਦੀ ਹੈ ਤੇ ਉਸ ਦੀ ਚੋਰੀ ਦੀ ਆਦਤ ਕਦੇ ਨਹੀਂ ਜਾਂਦੀ। ਇਸ ਦੇ ਉਲਟ ਕੁੱਤੇ ਦਾ ਸਥਾਨ ਨਾਲ ਨਹੀਂ ਇਨਸਾਨ ਨਾਲ ਪਿਆਰ ਹੁੰਦਾ ਹੈ।
ਗਾਇਕੀ ਬਾਰੇ ਲਿਖਿਆ ਉਹਦਾ ਇਕ ਪੈਰਾ ਹੀ ਗਾਗਰ ਵਿਚ ਸਾਗਰ ਹੈ: ਪਹਿਲਾਂ ਚਾਬੀ ਭਰ ਕੇ ਤਵੇ ਚਲਾਉਣ ਵਾਲੀਆਂ ਮਸ਼ੀਨਾਂ ਆਈਆਂ, ਫਿਰ ਰੀਲਾਂ ਚਲਾਉਣ ਵਾਲੀਆਂ ਟੇਪਾਂ ਧੜਾਧੜ ਪੰਜਾਬ ਦੇ ਵਿਹੜੇ ਆ ਵੜੀਆਂ। ਫੇਰ ਸੀ. ਡੀ./ਡੀ. ਵੀ. ਡੀ. ਅਤੇ ਹੁਣ ਪੈੱਨ ਡਰਾਈਵ। ਜਾਪਾਨ ਇਹ ਕ੍ਰਿਸ਼ਮਾ ਵੀ ਕਰਨ ਵਾਲਾ ਹੈ ਕਿ ਦੁਨੀਆਂ ਦੇ ਹਰ ਬੰਦੇ ਜਾਂ ਔਰਤ ਨੂੰ ਬਿਨਾ ਸੁਰ ਤੇ ਤਾਲ ਦੇ ਗਿਆਨ ਤੋਂ, ਸੁਰੀਲਾ ਗਾਇਕ ਬਣਾ ਸਕਦਾ ਹੈ। ਫਿਰ ਕੌਣ ਚੇਤੇ ਰੱਖੇਗਾ ਕਿ ਕੋਈ ਲਤਾ ਮੰਗੇਸ਼ਵਰ ਵੀ ਹੁੰਦੀ ਸੀ, ਸੁਰਿੰਦਰ ਕੌਰ ਵੀ, ਯਮਲਾ, ਮਾਣਕ ਤੇ ਗੁਰਦਾਸ ਮਾਨ ਵੀ। ਇੰਟਰਨੈੱਟ ਦੀ ਘੁਸਪੈਠ ਨੇ ਦੱਸ ਦਿੱਤਾ ਹੈ ਕਿ ਚੋਰੀ ਕਰਨਾ ਨਾ ਪਾਪ ਹੁੰਦਾ, ਨਾ ਮਹਾਂਪਾਪ।
ਅਸ਼ੋਕ 25 ਅਪਰੈਲ 1963 ਨੂੰ ਰਾਮ ਦਿੱਤੇ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਜੰਮਿਆ ਸੀ। ਉਹ ਸਾਧਾਰਨ ਪਰਿਵਾਰ ਦਾ ਸਾਧਾਰਨ ਬਾਲਕ ਸੀ, ਜੋ ਆਪਣੀ ਹਿੰਮਤ ਤੇ ਮਿਹਨਤ ਨਾਲ ਅੱਧੀ ਦੁਨੀਆ ਘੁੰਮਿਆ ਅਤੇ ਥਾਂ-ਥਾਂ ਭੌਰਾ-ਭੌਰਾ ਕਰਵਾਈ। ਉਹ ਖਿਡਾਰੀਆਂ, ਕਲਾਕਾਰਾਂ, ਗਾਇਕਾਂ, ਗੀਤਕਾਰਾਂ, ਸਿਆਸੀ ਨੇਤਾਵਾਂ, ਅਫਸਰਾਂ, ਅਖਬਾਰਾਂ ਰਸਾਲਿਆਂ ਦੇ ਐਡੀਟਰਾਂ ਅਤੇ ਰੇਡੀਓ-ਟੀ. ਵੀ. ਵਾਲਿਆਂ ਦੇ ਨਾ ਸਿਰਫ ਸੰਪਰਕ ਵਿਚ ਰਿਹਾ, ਸਗੋਂ ਯਾਰ ਜੁੱਟ ਵੀ ਰਿਹਾ। ਘੁੰਮਦਾ ਘੁੰਮਾਉਂਦਾ ਉਹ ਅਮਰੀਕਾ ਪੁੱਜ ਗਿਆ, ਜਿਥੇ ਪਰਿਵਾਰ ਵੀ ਸੱਦ ਲਿਆ।
ਉਸ ਨੇ ਚੌਦਾਂ ਸਾਲ ਦੀ ਉਮਰੇ ਪੇਂਡੂ ਟੂਰਨਾਮੈਂਟਾਂ `ਤੇ ਜਾਣਾ, ਮਾਈਕ `ਤੇ ਬੋਲਣਾ ਤੇ ਅਖਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਸੀ। ਉੱਨੀ ਸਾਲ ਦੀ ਉਮਰ ਵਿਚ ਦਿੱਲੀ ਦੀਆਂ ਏਸਿ਼ਆਈ ਦੀ ਰਿਪੋਰਟਿੰਗ ਕੀਤੀ। ਕਦੇ ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ, ਕਦੇ ਕਿਲਾ ਰਾਇਪੁਰ ਦੀਆਂ ਖੇਡਾਂ, ਕਦੇ ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ, ਗੱਲ ਕੀ ਪੰਜਾਬ ਦੇ ਛੋਟੇ ਵੱਡੇ ਪੇਂਡੂ ਖੇਡ ਮੇਲੇ ਕਵਰ ਕਰਦਾ ਰਿਹਾ, ਪਰ ਅਜੇ ਤੱਕ ਆਪਣੀਆਂ ਖੇਡ ਲਿਖਤਾਂ ਦਾ ਵੱਖਰਾ ਸੰਗ੍ਰਹਿ ਨਹੀਂ ਛਪਵਾਇਆ। ਉਸ ਨੇ ਦੇਸ਼ ਦੇ ਹੀ ਨਹੀਂ, ਸਗੋਂ ਵਿਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ਬਾਰੇ ਵੀ ਖੁੱਲ੍ਹ ਕੇ ਲਿਖਿਆ। ਅੱਜ ਕੱਲ੍ਹ ਅਮਰੀਕਾ ਵਿਚ ਉਹ ਕੈਲੀਫਰਨੀਆ ਦੇ ਗਾਖਲ ਭਰਾਵਾਂ ਦੇ ਯੂਨਾਈਟਿਡ ਕਲੱਬ ਦਾ ਜਨਰਲ ਸਕੱਤਰ ਹੈ।
ਉਹਦੀ ਖੇਡ ਸ਼ੈਲੀ ਦੀ ਝਲਕ: ਹਰਬੰਸ ਸਿੰਘ ਪੁਰੇਵਾਲ ਖੇਡ ਮੇਲੇ ਹਕੀਮਪੁਰ ਦੇ ਨਜ਼ਾਰੇ ਤੇ ਰੰਗ ਨਿਆਰੇ ਨੇ। ਦੁਆਬੇ ਦੀ ਧੁੰਨੀ `ਚ ਬਣੇ ਜਗਤਪੁਰ ਸਟੇਡੀਅਮ ਵਿਚ ਤਿੰਨੇ ਦਿਨ ਇਉਂ ਲੱਗਦਾ ਹੈ ਜਿਵੇਂ ਸੂਰਜ ਦੀ ਟਿੱਕੀ ਖੇਡਾਂ ਦਾ ਖੇੜਾ ਵਿਖਾਉਣ ਲਈ ਹੀ ਚੜ੍ਹੀ ਹੋਵੇ। ਉਸ ਸਟੇਡੀਅਮ ਵਿਚ ਖੇਡਾਂ ਦਾ ਸਮੁੰਦਰ ਰਿੜਕਿਆ ਜਾ ਰਿਹਾ ਹੁੰਦੈ। ਵਿਚੇ ਕਬੱਡੀ ਰਿੜਕੀ ਜਾਂਦੀ ਹੈ, ਵਿਚੇ ਕੁਸ਼ਤੀਆਂ ਘੁਲੀਆਂ ਜਾਂਦੀਆਂ, ਵਿਚੇ ਵਾਲੀਬਾਲ, ਵਿਚੇ ਦੌੜਾਂ ਤੇ ਛਾਲਾਂ, ਵਿਚੇ ਟਰੈਕਟਰ-ਟਰਾਲੀ ਬੈਕ ਮੁਕਾਬਲੇ, ਵਿਚੇ ਕੁੱਤਿਆਂ ਦੀ ਦੌੜ, ਬੈਲ ਗੱਡੀਆਂ ਦੀ ਦੌੜ, ਹਲਟ ਦੌੜ ਤੇ ਵਿਚੇ ਊਠ ਘੋੜਿਆਂ ਦੀ ਦੌੜ ਲੱਗੀ ਜਾਂਦੀ ਹੈ। ਵਿਚੇ ਨਿਹੰਗ ਸਿੰਘਾਂ ਦੀ ਨੇਜ਼ਾਬਾਜ਼ੀ, ਰੱਸਾਕਸ਼ੀ, ਮੁਗਦਰਾਂ ਤੇ ਬੋਰੀਆਂ ਦੇ ਬਾਲੇ ਅਤੇ ਵੱਟੇ ਵੇਲਣੇ ਚੁੱਕਣ ਦੇ ਮੁਕਾਬਲੇ ਹੋਈ ਜਾਂਦੇ ਨੇ। ਉਥੇ ਚਾਰ-ਚਾਰ ਮਾਈਕ `ਕੱਠੇ ਗੂੰਜਦੇ ਨੇ ਤੇ ਆਵਾਜ਼ਾਂ ਦਾ ਅਜਬ ਨਾਦ ਵੱਜਦਾ ਹੈ। ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋਫੈਸਰ ਮੱਖਣ ਸਿੰਘ ਦੀ ਲੱਛੇਦਾਰ ਕੁਮੈਂਟਰੀ ਦਰਸ਼ਕਾਂ ਨੂੰ ਬੰਨ੍ਹੀ ਰੱਖਦੀ ਹੈ… ਆਹ ਲੈ… ਲਾ`ਤਾ ਰੋਪੜੀ ਜਿੰਦਾ… ਸਿੱਟ`ਤੀਆਂ ਕੁੰਜੀਆਂ ਖੂਹ `ਚ… ਲਾ`ਤੀ ਕੈਂਚੀ… ਪਾ ਲਿਆ ਜੂੜ… ਧਾਵੀ ਕਹਿੰਦਾ ਮੈਂ ਜਾਊਂ… ਜਾਫੀ ਕਹਿੰਦਾ ਮੈਂ ਰੱਖੂੰ… ਜੀ ਓਏ ਸੋਹਣਿਆਂ! ਚੱਲਿਆ ਫਿੱਡਾ ਕੌਡੀ ਪਾਉਣ… ਵੱਜਦੀਆਂ ਧੌਲਾਂ… ਹੁੰਦਾ ਫਗਵਾੜੇ ਤੱਕ ਖੜਕਾ… ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ… ਝਾਕਾ ਹੋਰ ਨੂੰ ਤੇ ਟੱਚ ਕਿਸੇ ਹੋਰ ਨੂੰ ਬੱਲੇ ਓਏ ਚਲਾਕ ਸੱਜਣਾਂ… ਔਹ ਵੇਖੋ ਕੁੱਤਿਆਂ ਦੀ ਦੌੜ…ਬੁੱਧ ਸਿੰਘ ਧਲੇਤੇ ਦਾ ਕੁੱਤਾ ਲਾਦੇਨ ਜਾਂਦਾ ਧੂੜਾਂ ਪੱਟੀ … ਚਾਂਦਗੀ ਰਾਮ ਦੀ ਕੁੜੀ ਬਣ ਗਈ ਕੁਸ਼ਤੀ ਦੀ ਭਾਰਤ ਕੇਸਰੀ… ਰੁਸਤਮੇ ਹਿੰਦ ਕੇਸਰ ਸਿੰਘ ਦਾ ਪੋਤਾ ਪਲਵਿੰਦਰ ਚੀਮਾ ਜਿੱਤ ਗਿਆ ਘੋਲਾਂ ਦੀ ਝੰਡੀ… ਔਹ ਪੈਂਦੀ ਬਾਜ਼ੀ… ਵੇਖੋ ਨਚਦੀ ਘੋੜੀ… ਜਾਂਦਾ ਗੱਡੇ `ਤੇ ਚੜ੍ਹਿਆ ਸ਼ੌਕੀਨ ਜੱਟ… ਔਹ ਚੜ੍ਹ ਗਏ ਪਤੰਗ… ਆਉਂਦੇ ਆ ਧੂੜਾਂ ਪੱਟਦੇ ਦੌੜਾਕ… ਕਰ ਦਿਓ ਟਰੈਕ ਖਾਲੀ… ਜੀ ਆਇਆਂ ਐੱਮ. ਐੱਲ. ਏ. ਸਾਹਿਬ… ਪਾਓ ਜੀ ਪਾਓ ਮੰਤਰੀ ਜੀ ਦੇ ਹਾਰ … ਧੰਨਵਾਦ ਡੀ. ਸੀ. ਸਾਹਿਬ… ਸ਼ੁਕਰੀਆ ਸਾਰੇ ਮੀਡੀਏ ਦਾ… ਹੋ`ਜੋ ਪਰ੍ਹਾਂ-ਪਰ੍ਹਾਂ… ਕੋਈ ਨਿਹੰਗਾਂ ਦੇ ਘੋੜਿਆਂ ਥੱਲੇ ਨਾ ਆ`ਜੇ… ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ`ਜੇ!
ਲਓ ਹੁਣ ਐੱਸ. ਅੱਖਰ ਦਾ ਭੇਤ ਵੀ ਖੋਲ੍ਹ ਦਿੰਨੇ ਆਂ। ਨਾਂ ਰੱਖਣ ਲਈ ਗੁਰਦੁਆਰੇ ਦੇ ਭਾਈ ਜੀ ਨੇ ‘ਸੱਸਾ’ ਅੱਖਰ ਕੱਢਿਆ ਸੀ, ਜਿਸ ਤੋਂ ਮਾਮੇ ਨੇ ਉਹਦਾ ਨਾਂ ‘ਸਮਰਾਟ ਅਸ਼ੋਕ’ ਰੱਖ ਦਿੱਤਾ। ਸਮਰਾਟ ਨੂੰ ਸਕੂਲ ਦਾਖਲ ਕਰਾਇਆ ਤਾਂ ਮਾਸਟਰ ਨੇ ਅਸ਼ੋਕ ਕੁਮਾਰ ਲਿਖ ਦਿੱਤਾ। ਸਮਰਾਟ ਦੀ ਮਾਂ ‘ਐਸ ਅਸ਼ੋਕ ਨੂੰ’, ‘ਐਸ ਮੁੰਡੇ ਨੂੰ’, ‘ਐਸ ਟੁੱਟ ਪੈਣੇ ਨੂੰ’ ਕਹਿੰਦੀ ਗੁਆਂਢਣਾਂ ਨਾਲ ਗੱਲਾਂ ਕਰਦੀ। ਖਿਝੀ ਹੋਈ ‘ਐਸ ਥੇਹ ਹੋਣੇ ਨੂੰ’ ਕਹਿੰਦੀ ਗਾਲ੍ਹਾਂ ਕੱਢਦੀ। ਸ਼ਬਦਾਂ ਦੇ ਖਿਡਾਰੀ ਨੇ ਸ਼ਬਦਾਂ ਦੀ ਖੇਡ ਖੇਡਦਿਆਂ ਆਖਰ ਮਹਾਰਾਜ ਦਾ ਬਖਸਿ਼ਆ ‘ਸੱਸਾ’ ਆਪਣੇ ਨਾਂ ਦੇ ਅੱਗੇ ਲਾ ਲਿਆ, ਮਾਪਿਆਂ ਦਾ ‘ਅਸ਼ੋਕ’ ਵਿਚਾਲੇ ਤੇ ਮਾਸਟਰ ਦੇ ‘ਕੁਮਾਰ’ ਦੀ ਥਾਂ ਪਿੰਡ ਦਾ ਨਾਂ ‘ਭੌਰਾ’ ਪਿੱਛੇ ਜੋੜ ਕੇ ‘ਐੱਸ. ਅਸ਼ੋਕ ਭੌਰਾ’ ਦੇ ਨਾਂ ਦਾ ਜੁਗਾੜ ਕਰ ਲਿਆ। ਇਹੋ ਜੁਗਾੜ ਉਹਦੀ ਪੌਂ ਬਾਰਾਂ ਕਰਾਈ ਜਾ ਰਿਹੈ!