ਮਾਂਵਾਂ ਕਿਧਰੇ ਨਹੀਂ ਜਾਂਦੀਆਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ‘ਵਕਤ ਹੀ ਨਹੀਂ ਮਿਲਿਆ’ ਜਿਹੇ ਬਹਾਨਿਆਂ ਨੂੰ ਦਰਕਿਨਾਰ ਕਰਨ ਅਤੇ ਵਕਤ ਦੀਆਂ ਕੰਨੀਆਂ ਵਕਤ-ਸਿਰ ਫੜ ਲੈਣ ਯਾਨਿ ਮੌਕਾ ਸਾਂਭ ਲੈਣ ਦੀ ਸਲਾਹ ਦਿੱਤੀ ਹੈ, ਕਿਉਂਕਿ ਵਕਤ ਕਦੋਂ ਚੁਆਤੀ ਲਾ ਜਾਵੇ? ਇਹਦਾ ਅਹਿਸਾਸ ਤਾਂ ਵਕਤ ਲੰਘ ਜਾਣ ਪਿਛੋਂ ਹੀ ਹੁੰਦਾ।

ਦਰਅਸਲ ਮਨੁੱਖ ਜਦ ਵਕਤ ਵਿਚੋਂ ਸੁਪਨਿਆਂ ਦੀ ਸਰਜਮੀਂ ਸਿਰਜਣ ਦਾ ਸੁਹਜ ਅਤੇ ਸਲੀਕਾ ਸਮਝ ਲਵੇ ਤਾਂ ਵਕਤ ਉਸ ਦੇ ਪੈਰਾਂ ਵਿਚ ਜਿ਼ੰਦਗੀ ਦੀਆਂ ਸੱਭੇ ਖੈਰਾਂ ਧਰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਾਂਵਾਂ ਦੇ ਪਿਆਰ ਅਤੇ ਉਨ੍ਹਾਂ ਦੀ ਅਹਿਮੀਅਤ ਦਾ ਗੁਣਗਾਨ ਕੀਤਾ ਹੈ। ਉਹ ਕਹਿੰਦੇ ਹਨ, “ਮਾਂਵਾਂ ਹੀ ਬੱਚਿਆਂ ਦੇ ਮੱਥਿਆਂ `ਤੇ ਉਗਮਦੀਆਂ ਨੇ ਉਮੀਦ, ਉਤਸ਼ਾਹ, ਉਮਾਹ, ਉਦਮ ਤੇ ਉਦੇਸ਼ ਦਾ ਸਿਰਨਾਂਵਾਂ। ਇਨ੍ਹਾਂ ਦੀ ਰਹਿਨੁਮਾਈ ਵਿਚ ਉਦਾਸੀ ਤੇ ਉਪਰਾਮਤਾ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ।…ਮਾਂ ਹੀ ਮਕਾਨ ਨੂੰ ਘਰ, ਚੁੱਲ੍ਹੇ ਨੂੰ ਚੌਂਕਾ, ਵਿਹੜੇ ਨੂੰ ਭਾਗਾਂ-ਭਰਿਆ, ਘਰ ਨੂੰ ਸਵਰਗ ਅਤੇ ਸਬੰਧਾਂ ਵਿਚਲੀ ਸੁਗੰਧ ਅਤੇ ਸੰਵੇਦਨਾ ਹੁੰਦੀ। ਮਾਂਵਾਂ ਸਦਕਾ ਹੀ ਮਨੁੱਖ ਸੋਗ, ਸਰਾਪ, ਸੰਤਾਪ, ਸਿਸਕੀਆਂ ਨੂੰ ਸਹਿ ਕੇ ਜਿ਼ੰਦਗੀ ਨੂੰ ਜਿਊਣਯੋਗਾ ਕਰਦਾ।” ਡਾ. ਭੰਡਾਲ ਆਖਦੇ ਹਨ, “ਮਾਂ, ਮੁਸੀਬਤਾਂ ਨਾਲ ਮੱਥਾ ਲਾਉਂਦੀ, ਦੁੱਖਾਂ ਦੇ ਪਹਾੜ ਢਾਹੁੰਦੀ ਅਤੇ ਦਰਦ ਦੇ ਦਰਿਆਵਾਂ ਤੋਂ ਪਾਰ ਲੰਘਾਉਂਦੀ।” ਮਾਂ ਦੇ ਪਿਆਰ ਦਾ ਵਾਸਤਾ ਪਾਉਂਦਿਆਂ ਉਨ੍ਹਾਂ ਨਸੀਹਤ ਕੀਤੀ ਹੈ, ਮਾਂ ਤੁਰ ਗਈ ਤਾਂ ਉਸ ਦੀ ਅਸੀਸ ਤੇ ਗਲਵੱਕੜੀ ਕਦੇ ਨਹੀਂ ਮਿਲਣੀ। ਮਾਂ ਨੂੰ ਜਾ ਕੇ ਮਿਲੋ। ਉਸ ਦੀ ਝੋਲੀ ਨੂੰ ਸੁਖਨ ਅਤੇ ਸਕੂਨ ਨਾਲ ਲਬਰੇਜ਼ ਕਰੋ।

ਡਾ. ਗੁਰਬਖਸ਼ ਸਿੰਘ ਭੰਡਾਲ

ਮਾਂਵਾਂ ਕਿਧਰੇ ਨਹੀਂ ਜਾਂਦੀਆਂ। ਹਰ ਦਮ ਬੱਚਿਆਂ ਦੇ ਕੋਲ। ਹਰ ਪਲ, ਅੱਜ ਵੀ ਤੇ ਕੱਲ੍ਹ ਵੀ। ਹੁਣ ਵੀ ਤੇ ਭਲਕੇ ਵੀ। ਕੋਲ ਰਹਿੰਦਿਆਂ ਵੀ ਅਤੇ ਦੂਰ ਵੱਸਦਿਆਂ ਵੀ। ਜਿਊਂਦੀਆਂ ਵੀ ਅਤੇ ਮਰ ਕੇ ਵੀ।
ਮਾਂਵਾਂ ਤਾਂ ਸੋਚਾਂ ਅਤੇ ਸੁਪਨਿਆਂ ਵਿਚ ਸਾਡੀ ਉਂਗਲ ਪਕੜਦੀਆਂ, ਰਾਹ ਦਿਖਾਉਂਦੀਆਂ। ਔਕੜਾਂ ਦੀ ਸੂਹ ਦਿੰਦੀਆਂ ਅਤੇ ਇਨ੍ਹਾਂ `ਤੇ ਕਾਬੂ ਪਾਉਣ ਦੀ ਤਰਕੀਬ ਸੁਝਾਉਂਦੀਆਂ। ਮੰਜਿ਼ਲਾਂ ਦੇ ਰਾਹੇ ਪਾਉਂਦੀਆਂ।
ਮਾਂਵਾਂ ਮਰਨ ਤੋਂ ਬਾਅਦ, ਮੌਕਾ-ਬ-ਮੌਕਾ ਸੁਪਨੇ ‘ਚ ਆਉਂਦੀਆਂ। ਕਦੇ ਲੋਰੀਆਂ ਸੁਣਾਉਂਦੀਆਂ, ਕਦੇ ਵਾਲਾਂ ਵਿਚ ਹੱਥ ਫੇਰਦੀਆਂ, ਕਦੇ ਬੱਚੇ ਨੂੰ ਲੱਗੀ ਭੁੱਖ ਤੋਂ ਫਿਕਰਮੰਦ ਹੁੰਦੀਆਂ ਅਤੇ ਕਦੇ ਉਨ੍ਹਾਂ ਦੇ ਨੈਣਾਂ ਵਿਚ ਉਗੀ ਹੋਈ ਉਪਰਾਮਤਾ ਅਤੇ ਉਦਾਸੀ ਨੂੰ ਦੂਰ ਕਰਨ ਦਾ ਸਬੱਬ ਬਣਦੀਆਂ।
ਮਾਂ ਤੋਂ ਮੁਨਕਰੀ, ਖੁਦ ਤੋਂ ਮੁਨਕਰੀ। ਆਪਣੀ ਹੋਂਦ ਨੂੰ ਨਕਾਰਨ ਅਤੇ ਜੜ੍ਹਾਂ ਤੋਂ ਹੀ ਇਨਕਾਰ। ਭਲਾ ਮਾਂ ਤੋਂ ਬਗੈਰ ਬੰਦੇ ਦੀ ਕੀ ਹੋਣੀ? ਕਿਸ ਨੇ ਉਸ ਨੂੰ ਇਸ ਰੰਗਲੀ ਦੁਨੀਆਂ ਦਿਖਾਉਣੀ ਸੀ? ਕਿਸ ਨੇ ਸਾਹਾਂ ਦੀ ਅਨਾਇਤ ਉਸ ਦੀ ਝੋਲੀ ‘ਚ ਪਾਉਣੀ ਸੀ?
ਮਾਂਵਾਂ ਦੇ ਨੈਣਾਂ ਵਿਚ ਮਰਨਹਾਰੀ ਉਡੀਕ ਧਰਨ ਵਾਲੇ, ਉਸ ਦੀਆਂ ਆਸਾਂ ਦਾ ਸਿਵਾ ਸੇਕਣ ਵਾਲੇ ਅਤੇ ਉਸ ਦੀਆਂ ਔਂਸੀਆਂ ਨੂੰ ਔਂਤਰੀਆਂ ਕਰਨ ਵਾਲੇ, ਮਾਂ-ਹੀਣ। ਇਸ ਤੋਂ ਤਾਂ ਮਾਂਵਾਂ ਨਿਪੁੱਤੀਆਂ ਹੀ ਚੰਗੀਆਂ।
ਮਾਂਵਾਂ ਹੋਣ ਦਾ ਮਾਣ ਅਤੇ ਜੀਵਨ ਦੀਆਂ ਸੁਗਾਤਾਂ ਵੰਡਣ ਦਾ ਫਖਰ ਅਤੇ ਹਾਸਲਤਾ ਸਿਰਫ ਮਾਂਵਾਂ ਨੂੰ ਹਾਸਲ। ਮਾਂਵਾਂ ਤੋਂ ਬਗੈਰ ਜੱਗ ਸੁੰਨਾ। ਘਰਾਂ ਵਿਚ ਬੋਲਦੇ ਉਲੂ। ਹਵੇਲੀਆਂ ਵਿਚ ਵਰਤਦੀ ਸੁੰਨ ਅਤੇ ਵਕਤ ਦੀ ਕੁੱਖ ਵਿਚ ਉਗਦੀਆਂ ਹਾਵਾਂ, ਬਦ-ਦੁਆਵਾਂ ਅਤੇ ਹਉਕੇ।
ਮਾਂ ਤਾਂ 11 ਸਾਲ ਪਹਿਲਾਂ ਸਦਾ ਲਈ ਅਲਵਿਦਾ ਕਹਿ ਗਈ ਸੀ, ਪਰ ਇਉਂ ਜਾਪਦਾ ਇਹ ਕੱਲ੍ਹ ਦੀ ਗੱਲ ਹੈ, ਅੱਜ ਦੀ ਗੱਲ ਹੈ, ਹੁਣ ਦੀ ਗੱਲ ਹੈ ਅਤੇ ਪਲ ਕੁ ਪਹਿਲਾਂ ਦੀ ਗੱਲ ਹੈ। ਇਹ ਕੇਹਾ ਝੱਲ ਕਿ ਸੱਲ ਹੁੰਦਿਆਂ ਵੀ ਇਸ ਦਾ ਕੋਈ ਹੱਲ ਨਹੀਂ। ਨਾ ਹੀ ਮਾਂ ਕਦੇ ਚੇਤਿਆਂ ਵਿਚੋਂ ਵਿਸਰ ਸਕਦੀ। ਇਹ ਤਾਂ ਹਰਦਮ ਤੁਹਾਡੇ ਅੰਦਰ ਵੱਸਦੀ, ਤੁਹਾਡੀਆਂ ਦੁਆਵਾਂ ਮੰਗਦੀ, ਅਸੀਸਾਂ ਨਾਲ ਮਾਲਾਮਾਲ ਕਰਦੀ।
ਮਾਂਵਾਂ ਹੀ ਬੱਚਿਆਂ ਦੇ ਮੱਥਿਆਂ `ਤੇ ਉਗਮਦੀਆਂ ਨੇ ਉਮੀਦ, ਉਤਸ਼ਾਹ, ਉਮਾਹ, ਉਦਮ ਤੇ ਉਦੇਸ਼ ਦਾ ਸਿਰਨਾਂਵਾਂ। ਇਨ੍ਹਾਂ ਦੀ ਰਹਿਨੁਮਾਈ ਵਿਚ ਉਦਾਸੀ ਤੇ ਉਪਰਾਮਤਾ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ।
ਮਾਂਵਾਂ ਹੀ ਅਸੀਸ, ਆਸਥਾ, ਅਜ਼ੀਜ਼, ਆਦਰ, ਅਦਬ, ਅਦਾਬ, ਆਤਮਿਕਤਾ, ਅਰਮਾਨ ਤੇ ਆਸ ਦਾ ਨਾਮਕਰਨ। ਇਨ੍ਹਾਂ ਸਦਕਾ ਹੀ ਔਗੁਣ, ਅਵੱਗਿਆ, ਔਕੜਾਂ, ਅਸਫਲਤਾ ਅਤੇ ਅਰਾਜਕਤਾ ਨੂੰ ਨਮੋਸ਼ੀ ਸਹਿਣੀ ਪੈਂਦੀ।
ਮਾਂਵਾਂ ਹੀ ਸੋਚਾਂ, ਸੁਪਨੇ, ਸਦਭਾਵਨਾ, ਸਿਰੜ, ਸਿਦਕ, ਸੰਭਾਵਨਾ, ਸਫਲਤਾ, ਸਿਰਨਾਵਾਂ, ਸਹਿਜ, ਸੁਹਜ, ਸੁਖਨ, ਸਕੂਨ, ਸੰਵੇਦਨਾ, ਸੂਖਮਤਾ, ਸਾਦਗੀ, ਸੁਹੱਪਣ ਸੁੰਦਰਤਾ, ਸਾਂਝਾਂ, ਸਿਆਣਪਾਂ, ਸਮਝਦਾਰੀ, ਸਬੰਧਾਂ ਅਤੇ ਸਨਮਾਨ ਹੁੰਦੀਆਂ। ਮਾਂਵਾਂ ਸਦਕਾ ਹੀ ਮਨੁੱਖ ਸੋਗ, ਸਰਾਪ, ਸੰਤਾਪ, ਸਿਸਕੀਆਂ ਨੂੰ ਸਹਿ ਕੇ ਜਿ਼ੰਦਗੀ ਨੂੰ ਜਿਊਣਯੋਗਾ ਕਰਦਾ।
ਮਾਂਵਾਂ ਹੀ ਹਾਸੇ, ਹੌਂਸਲੇ, ਹਿੰਮਤ, ਹਰਦਿਲ, ਹੱਸਮੁੱਖਤਾ ਰੂਪੀ ਜੀਵਨ-ਜਾਚ ਬੱਚਿਆਂ ਨੂੰ ਦਿੰਦੀਆਂ। ਇਨ੍ਹਾਂ ਸਦਕਾ ਹੀ ਹਾਰਾਂ, ਹੌਕਿਆਂ, ਹਾਵਿਆਂ, ਹਿਚਕੀਆਂ ਦੀ ਹਿੱਕ `ਤੇ ਮਟਕਦੀਆਂ ਤੋਰਾਂ ਦਾ ਜਸ਼ਨ ਉਕਰਿਆ ਜਾਂਦਾ।
ਮਾਂ ਹੀ ਕੀਰਤੀ, ਕਿਰਤ, ਕਰਮਯੋਗਤਾ, ਕ੍ਰਿਤਾਰਥਾ, ਕਾਮਾ, ਕਰਮਸ਼ੈਲੀ, ਕਹਾਣੀ, ਕਲਾ, ਕਲਮ, ਕਰਮ, ਕਿਤਾਬ, ਕਾਇਦਾ ਅਤੇ ਕਰਾਮਾਤਾਂ ਹੁੰਦੀਆਂ। ਇਹ ਹੀ ਕਾਲਖਾਂ, ਕੁਰੀਤੀਆਂ, ਕਮੀਨਗੀਆਂ, ਕੁਰਾਹਾਂ, ਕੰਗਾਲੀ, ਕੁਕਰਮ, ਕੁਤਾਹੀਆਂ, ਕੁਲਹਿਣੀਆਂ ਸੋਚਾਂ ਦੀ ਹਿੱਕ `ਤੇ ਸੂਰਜ ਦੀ ਮਸ਼ਾਲ ਧਰਦੀਆਂ ਅਤੇ ਕਲਯੁੱਗ ਨੂੰ ਸਤਯੁੱਗ ਬਣਾਉਂਦੀਆਂ।
ਮਾਂ ਹੀ ਖਬਤ, ਖਿਆਲ, ਖੁਆਬ, ਖੁਸ਼ੀ ਦੀ ਧਰਾਤਲ ਹੁੰਦੀਆਂ, ਪਰ ਇਹ ਕਦੇ ਵੀ ਖਰਮਸਤੀ, ਖਰੂਦ, ਖਾਕ, ਖਤਰਨਾਇਕ, ਖਲਨਾਇਕ, ਖੂਨ ਜਾਂ ਖਲਜਗਣ ਨਹੀਂ ਹੁੰਦੀਆਂ।
ਮਾਂ ਦੀ ਰੂਹ ਵਿਚੋਂ ਗਜ਼ਬ, ਗੁਲਜ਼ਾਰ, ਗੁਣ, ਗੁਰਬਾਣੀ, ਗਜ਼ਾ, ਗੀਤ, ਗ੍ਰੰਥ, ਗੁਰੂ ਪੈਦਾ ਹੁੰਦੇ। ਪਰ ਕਦੇ ਵੀ ਗੁਨਾਹ, ਗੁੱਸਾ, ਗੁਮਾਨ, ਗਰੂਰ, ਗਲਤਫਹਿਮੀ, ਗੁੰਮਨਾਮੀ, ਗੱਦਾਰੀ, ਗਲਤੀ ਨਹੀਂ ਜਨਮਦੀ।
ਮਾਂ ਦੀ ਆਤਮਿਕਤਾ ਵਿਚ ਹੀ ਘਰ, ਘਾਲਣਾ, ਘਰ-ਗ੍ਰਹਿਸਥੀ ਹੁੰਦੀ। ਕਦੇ ਵੀ ਘ੍ਰਿਣਾ, ਘਬਰਾਹਟ ਨੂੰ ਆਪਣੇ ਨੇੜੇ ਨਹੀਂ ਫਰਕਣ ਦਿੰਦੀ।
ਮਾਂ ਦੀ ਸੋਚ ਧਰਾਤਲ ਵਿਚ ਹਮੇਸ਼ਾ ਉਗਦੇ ਨੇ ਚਾਅ, ਚਹਿਕਣੀ, ਚੰਨ-ਚਾਨਣੀ, ਚਾਹਤ, ਚੰਗਿਆਈ ਅਤੇ ਚਮਕ ਦਾ ਸਿਰਨਾਵਾਂ; ਪਰ ਕਦੇ ਵੀ ਚੋਰੀ, ਚੰਦਰਾਪਣ, ਚਲਾਕੀ ਜਾਂ ਚੰਦਰੀਆਂ ਆਦਤਾਂ ਮਾਂਵਾਂ ਨਹੀਂ ਵਣਜਦੀਆਂ।
ਮਾਂ ਹੀ ਹੁੰਦੀ ਜੋ ਛਾਂ, ਛਣਕਾਟਾ, ਛਮਛਮ ਬਰਸਦੀ ਠੰਢਕ ਵਰਤਾਉਂਦੀ, ਪਰ ਕਦੇ ਵੀ ਛਾਨਣੀ ਵਿਚ ਨਹੀਂ ਛੱਟਦੀ ਅਤੇ ਨਾ ਹੀ ਛਮਕਾਂ ਦੀ ਮਾਰ ਹੇਠ ਪਿੰਡੇ ਨੂੰ ਲਾਸਾਂ ਨਾਲ ਚਿੱਤਰਦੀ।
ਮਾਂ ਕਾਰਨ ਹੀ ਜ਼ਮੀਰ, ਜਜ਼ਬਾਤ, ਜਰੂਰਤ, ਜਾਗ੍ਰਿਤੀ, ਜੋਤ, ਜਗੀਰਾਂ, ਜ਼ੈਲਦਾਰੀਆਂ, ਜੁਗਨੂੰ ਜਗਦੇ। ਮਾਂਵਾਂ ਦੇ ਹੁੰਦਿਆਂ ਕਦੇ ਵੀ ਜੰ਼ਜ਼ੀਰਾਂ, ਜੇਲ੍ਹ, ਜ਼ਬਰਦਸਤੀ, ਜ਼ਬਰ, ਜੁਲਮ ਦਾ ਪ੍ਰਛਾਵਾਂ ਵੀ ਨੇੜੇ ਨਹੀਂ ਢੁਕਦਾ।
ਮਾਂ ਜਿਉਂਦੀ ਤਾਂ ਝਰਨੇ, ਝੂਲਾ, ਝੂਮਰ ਵਰਗੀਆਂ ਰਹਿਮਤਾਂ ਮਿਲਦੀਆਂ ਅਤੇ ਕਦੇ ਵੀ ਝੁਕਣਾ, ਝਗੜਨਾ ਜਾਂ ਝੰਮੇਲਿਆਂ ਵਿਚ ਪੈਣ ਦੀ ਨੌਬਤ ਹੀ ਨਹੀਂ ਆਉਂਦੀ।
ਮਾਂ ਦੇ ਸਦਕੇ ਹੀ ਟਮਕਦੇ ਨੇ ਮਨ ਅੰਬਰ ਵਿਚ ਤਾਰੇ, ਟਹਿਕਦੇ ਨੇ ਜੀਵਨ ਬਗੀਚੀ ਦੇ ਬੂਟੇ ਅਤੇ ਟੁਣਕਦੇ ਨੇ ਭਿੱਜੇ ਹੋਏ ਅਹਿਸਾਸ। ਮਾਂ ਨਾ ਹੋਵੇ ਤਾਂ ਰੁੱਸ ਜਾਂਦੀਆਂ ਨੇ ਟਾਹਣੀਆਂ, ਬੁੱਸ ਜਾਂਦੀ ਏ ਟਹਿਕ ਅਤੇ ਰੁੱਸ ਜਾਂਦਾ ਏ ਟਿਮਕਦੇ ਤਾਰਿਆਂ ਦਾ ਛੱਜ।
ਮਾਂ ਹੀ ਝੋਲੀ ਵਿਚ ਪਾਉਂਦੀ ਹੈ ਠਰੰਮਾ, ਠਹਿਰਾਅ, ਠੱਲ੍ਹਣਾ, ਠੰਢਕ, ਠੁਮਕਣੀ ਪਰ ਕਦੇ ਵੀ ਸਾਨੂੰ ਨਹੀਂ ਦਿੰਦੀ ਠੱਗੀ, ਠਰਕ ਜਾਂ ਠੁਮਕੇ ਲਾ ਕੇ ਜਿਸਮ ਵੇਚਣ ਦੀ ਲਚਾਰਗੀ ਜਾਂ ਨਿਲੱਜਤਾ।
ਮਾਂ ਦੀ ਕੁੱਖ ਵਿਚੋਂ ਹੀ ਮਿਲਦੀ ਹੈ ਸਿਖਿਆ ਕਿ ਕਦੇ ਨਹੀਂ ਡਰਨਾ ਤੇ ਡਗਮਗਾਉਣਾ ਸਗੋਂ ਡੰਗੋਰੀ ਬਣ ਕੇ ਕਿਸੇ ਲਈ ਮਾਰਗ-ਦਰਸ਼ਕ ਜਰੂਰ ਬਣਨਾ।
ਮਾਂ ਤਾਂ ਢਿਡੋਂ ਹੀ ਸਾਨੂੰ ਪੈਰਾਂ `ਤੇ ਖੜ੍ਹਨ, ਕਿਸੇ ਦੇ ਰਾਹਾਂ ਵਿਚ ਚਾਨਣ ਦਾ ਛਿੜਕਾਅ ਕਰਨ ਅਤੇ ਮੰਜਿ਼ਲਾਂ ਨੂੰ ਸਰ ਕਰਨ ਦਾ ਕਰਨ ਦਾ ਗੁਰ ਸਿਖਾਉਂਦੀ।
ਮਾਂ ਦੇ ਨੈਣਾਂ ਵਿਚ ਉਗੀਆਂ ਤਮੰਨਾਵਾਂ, ਤਾਂਘਾਂ, ਤਰੰਗਾਂ, ਤੱਕਣੀ ਤੇ ਤੋਰ, ਬੱਚੇ ਵਿਚੋਂ ਝਲਕਦੀ। ਬੱਚੇ ਕਦੇ ਵੀ ਤੰਗੀਆਂ, ਤੁਰਸ਼ੀਆਂ, ਤੜਫਣਾ, ਤੰਗ-ਨਜ਼ਰੀਆ ਜਾਂ ਤਨਹਾਈ ਦੇ ਰਾਹੇ ਨਹੀਂ ਪੈਂਦੇ।
ਮਾਂ ਹੀ ਬੱਚੇ ਨੂੰ ਥਪਥਪਾਉਂਦੀ, ਥਪਕੀ ਦਿੰਦੀ, ਥਰਥਰਹਾਟ ਪੈਦਾ ਕਰਦੀ ਅਤੇ ਥਿਰਕਣ ਵਿਚੋਂ ਜਿ਼ੰਦਗੀ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਦੀ, ਪਰ ਕਦੇ ਵੀ ਥਿੜਕਣ ਨਹੀਂ ਦਿੰਦੀ ਅਤੇ ਨਾ ਹੀ ਥਕਾਵਟ ਹੋਣ ਦਿੰਦੀ।
ਮਾਂ ਹੀ ਦਾਮਨ, ਦੀਪ, ਦਿਲ, ਦਿਮਾਗ, ਦਿਲਜੋਈ, ਦਬੰਗਤਾ, ਦਵਾ, ਦੁਆ, ਦਲੇਰੀ ਅਤੇ ਦਿਲਗੀਰੀ ਨੂੰ ਜਨਮਦੀ; ਪਰ ਕਦੇ ਵੀ ਬੱਚੇ ਦੀ ਜੀਵਨ-ਸ਼ੈਲੀ ਵਿਚ ਦਗਾ, ਦਾਗ, ਦੁੱਖ, ਦਰਦ, ਦੋਖੀ, ਦਗੇਬਾਜ, ਦਰਦਵੰਤਾ ਨਹੀਂ ਧਰਦੀ। ਬੱਚੇ ਦੀ ਪੀੜ ਵਿਚ ਕਈ ਵਾਰ ਮਾਂ ਪੀੜ ਪੀੜ ਹੋ ਸਿਵਿਆਂ ਨੂੰ ਵੀ ਤੁਰ ਪੈਂਦੀ।
ਮਾਂ ਹੀ ਧਰਤੀ, ਧਰਮ, ਧੌਲ, ਧੀਰਜ, ਧਨ, ਧੰਨਭਾਗਤਾ ਅਤੇ ਧਮਾਲ ਦਾ ਨਾਮ ਹੁੰਦੀ, ਪਰ ਕਦੇ ਵੀ ਇਹ ਧੋਖੇ ਦਾ ਰੂਪ ਨਹੀਂ ਧਾਰਦੀ।
ਮਾਂ ਹੀ ਨਾਮ, ਨਰਮਾਈ, ਨਿੱਘ, ਨੇਕਨੀਤੀ, ਨਿਆਮਤ, ਨਿਰਪੱਖਤਾ, ਨਿਰਭਰਤਾ, ਨਿਆਰਾਪਣ, ਨਿਮਾਣਤਾ ਅਤੇ ਨਿਰਮਾਣਤਾ ਦਾ ਨਾਮ ਹੁੰਦੀ। ਉਹ ਕਦੇ ਵੀ ਬੱਚੇ ਨੂੰ ਨਾਲਾਇਕੀ, ਨਿਘਾਰ, ਨਿਲੱਜਤਾ, ਨਾਂਹ ਨਹੀਂ ਸਮਝਾਉਂਦੀ।
ਮਾਂ ਹੀ ਪਵਿੱਤਰ, ਪਾਕੀਜ਼, ਪਹਿਲ, ਪ੍ਰੇਰਨਤਾ, ਪੂਰਨਤਾ, ਪ੍ਰਾਥਨਾ, ਪਗਡੰਡੀ, ਪ੍ਰਗਤੀ, ਪਰੰਪਰਾ ਅਤੇ ਪਹਾੜ ਜੇਡੇ ਜੇਰੇ ਵਾਲੀ। ਉਹ ਕਦੇ ਵੀ ਪਾਪ, ਪਾਖੰਡ, ਪਲਿੱਤਣ, ਪਲੀਤਪੁਣਾ ਜਾਂ ਪੇਤਲੇ ਵਿਚਾਰਾਂ ਨੂੰ ਮਨ ਦੇ ਗਰਾਈਂ ਨਹੀਂ ਵੜਨ ਦਿੰਦੀ।
ਮਾਂ ਤਾਂ ਫੱਕਰ, ਫਕੀਰ, ਫਰਾਖਦਿਲ, ਫਰਮਾਬਰਦਾਰ, ਫਰਮਾਇਸ਼ ਅਤੇ ਫੱਕਰਾਂ ਦੀ ਲੋਈ ਜਿਹੀ, ਪਰ ਕਦੇ ਵੀ ਮਾਂ ਫੱਫੇਕੁੱਟਣੀ, ਫਰੇਬੀ, ਫੁਹਸ਼, ਜਾਂ ਫੰਦਾ ਨਹੀਂ ਬਣਦੀ। ਉਹ ਤਾਂ ਜਿ਼ੰਦਗੀ-ਦਾਤੀ ਅਤੇ ਜੀਵਨ-ਜੋਤ ਨੂੰ ਜਗਦੀ ਰੱਖਣ ਲਈ ਖੁਦ ਹੀ ਤੇਲ ਅਤੇ ਬੱਤੀ ਬਣਦੀ।
ਮਾਂ ਬੰਦਗੀ, ਬਾਦਸ਼ਾਹੀ, ਬਹਿਸ਼ਤ, ਬੰਦਿਆਈ, ਬ੍ਰਹਮਾ ਅਤੇ ਬੁੱਧ ਦਾ ਰੂਪ। ਮਾਂ ਨਹੀਂ ਹੋ ਸਕਦੀ ਬਦਰੂਹ, ਬੁਰਾਈ, ਬਦਮਗਜ਼, ਬਦਨੀਤ, ਬੇਗਾਨੀ, ਬੇਲੱਜ਼ ਅਤੇ ਬੇਈਮਾਨ। ਉਸ ਦੀ ਰਗ ਰਗ ਵਿਚ ਸਮਾਈ ਹੁੰਦੀ ਹੈ ਸਮ-ਭਾਵਨਾ, ਸਮ-ਸੋਚ ਤੇ ਸਮਦਰਸ਼ੀ ਆਭਾ ਦਾ ਜਲੌਅ। ਉਹ ਤਾਂ ਸਮੁੱਚੀ ਦੁਨੀਆਂ ਦੀਆਂ ਦੁਆਵਾਂ ਮੰਗਦਿਆਂ, ਕਿਸੇ ਪਿੱਛੇ ਆਪਣੇ ਪਰਿਵਾਰ ਦੀ ਭਲਾਈ ਦੀ ਅਰਦਾਸ ਕਰਦੀ।
ਮਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਡਲਕਦੀ ਏ ਭਲਿਆਈ, ਭਗਤੀ, ਭ੍ਰਾਤਰੀਭਾਵ, ਭਗਾਉਤੀ, ਭੈਰਵੀ ਅਤੇ ਭਾਗਾਂ-ਭਰੀ ਅਨਾਇਤ। ਉਹ ਕਿਵੇਂ ਸੋਚ ਸਕਦੀ ਏ ਭਗਦੜ, ਭਰਮ, ਭੁਲੇਖਾ, ਭਾਂਜਵਾਦ, ਭਰਮਣਾ, ਭੁੱਖ ਜਾਂ ਭੁਰਨਾ। ਉਹ ਤਾਂ ਜੀਵਨ ਦੀ ਰੀਤ।
ਮਾਂ ਹੀ ਮਾਂ, ਮੰਨਤ, ਮਨਾਉਤ, ਮਿਹਰ, ਮਾਣ, ਮਿਹਨਤ, ਮਹੂਰਤ, ਮੰਡਲ, ਮਾਰਗ, ਮੰਜਿ਼ਲ, ਅਤੇ ਮੰਗਲਮਈ। ਮਾਂ ਕਦੇ ਵੀ ਆਪਣੀ ਔਲਾਦ ਨੂੰ ਮੰਗਣਾ, ਮਾਂਵਾਂਪਣ, ਮੁਖਾਲਫਤ, ਮੁਸ਼ਕਿਲ, ਮੌਤ ਨਹੀਂ ਵਰਜਦੀ। ਇਹ ਬਦ-ਦੁਆਵਾਂ ਨੂੰ ਪਿੰਡੇ ਜਰਦੀ ਅਤੇ ਬੱਚਿਆਂ ਦੇ ਜਿਉਣ ਲਈ ਪਲ ਪਲ ਖੁਰਦੀ।
ਮਾਂ ਯਮਲਾ ਹੁੰਦੀ, ਪਰ ਕਦੇ ਵੀ ਯਮਦੂਤ ਨਹੀਂ ਤੇ ਨਾ ਹੀ ਯਰਗਮਾਲ ਬਣਨ ਦਿੰਦੀ ਆਪਣੇ ਬੱਚਿਆਂ ਨੂੰ।
ਮਾਂ ਹੀ ਰਹਿਮਤ, ਰੱਬ, ਰਾਗ, ਰਾਗਣੀ, ਰੂਹ, ਰੁੱਤ, ਰੂਹ-ਰੰਗਤਾ, ਰਵਾਨਗੀ, ਰੂਹਾਨੀਅਤ, ਰਮਜ਼ਾਂ, ਰੰਗ, ਰਸ, ਰਮਤਾ ਯੋਗੀ, ਰੱਬ-ਰਜਾਈ ਅਤੇ ਰੱਬੋਂ ਹੀ ਵਰਸੋਈ ਹੁੰਦੀ। ਮਾਂ ਨੂੰ ਕਿਵੇਂ ਕਹੋਗੇ ਕਿ ਉਹ ਰੋਗ, ਰੁਸਵਾਈ, ਰੁਆਂਸੀ, ਰੋਣ ਅਤੇ ਰਕਤਜੀਵੀ ਹੋ ਸਕਦੀ?
ਮਾਂ ਤਾਂ ਹੁੰਦੀ ਏ ਲੋਅ, ਲੰਗਾਰ ਸਿਉਂਦੀ, ਪਿਆਸਿਆਂ ਲਈ ਲੋਟਾ, ਪਲ ਪਲ ਜਿਊਣ ਵਾਲਾ ਲਮਹਾ, ਲਿਆਕਤ ਦੀ ਇਮਾਨਤ ਹੁੰਦੀ; ਪਰ ਮਾਂ ਕਦੇ ਵੀ ਲਾਹਨਤ, ਲੇਰ, ਲਿਲਕੜੀ ਨਹੀਂ। ਸਗੋਂ ਮੁਸੀਬਤਾਂ ਨਾਲ ਮੱਥਾ ਲਾਉਂਦੀ, ਦੁੱਖਾਂ ਦੇ ਪਹਾੜ ਢਾਹੁੰਦੀ ਅਤੇ ਦਰਦ ਦੇ ਦਰਿਆਵਾਂ ਤੋਂ ਪਾਰ ਲੰਘਾਉਂਦੀ।
ਮਾਂ ਵਰਦਾਨ, ਵਸੀਹਤ, ਵਣਜ, ਵਰਤਾਰਾ, ਵਕਤ, ਵਿਰਸਾ ਅਤੇ ਵਿਰਾਸਤ ਦਾ ਸੁੱਚਾ ਹਰਫ। ਉਹ ਵੈਰਾਗ, ਵੈਣ, ਵਰਲਾਪ, ਵਖਤ ਜਾਂ ਵਹਿਮਾਂ ਭਰੇ ਸਮਿਆਂ ਦਾ ਕਾਲਖੀ ਮੁਹਾਂਦਰਾ ਪਰਿਵਾਰਕ ਦਿਸਹੱਦਿਆਂ ਤੋਂ ਬਹੁਤ ਦੂਰ ਰੱਖਦੀ। ਉਸ ਦੀ ਲੋਚਾ ਤਾਂ ਹਾਸੇ-ਖੁਸ਼ੀਆਂ ਦਾ ਵਣਜ ਕਰਦਿਆਂ, ਆਪਣੀ ਔਲਾਦ ਦੀ ਸੋਚ ਨੂੰ ਤਾਰਿਆਂ ਨਾਲ ਭਰ, ਇਸ ਦੇ ਚੌਗਿਰਦੇ ਵਿਚ ਸੂਰਜਾਂ ਦੀ ਖੇਤੀ ਕਰਨੀ ਹੁੰਦੀ।
ਮਾਂਵਾਂ ਤਾਂ ਉਮਰ ਤੋਂ ਵੀ ਮੁਨਕਰ ਹੋ ਜਾਂਦੀਆਂ। ਤਾਂ ਹੀ ਮਾਂਵਾਂ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਅਤੇ ਉਨ੍ਹਾਂ ਲਈ ਬੱਚੇ ਕਦੇ ਵੀ ਜਵਾਨ ਨਹੀਂ ਹੁੰਦੇ।
ਮਾਂ ਅੰਬਰ ਦਾ ਸਿਰਨਾਵਾਂ ਹੁੰਦੀ, ਚਨਣ ਭਰੀਆਂ ਰਾਹਵਾਂ ਹੁੰਦੀ, ਮਿਲਦੀਆਂ ਅਸੀਮ ਦੁਆਵਾਂ ਹੁੰਦੀ ਅਤੇ ਹਰ ਪਲ ਸੁਘੜ ਸਲਾਹਾਂ ਹੁੰਦੀ।
ਮਾਂ, ਧਰਤੀ ਦੀ ਕੁੱਖ ਵਰਗੀ, ਗੋਦ ‘ਚੋਂ ਮਿਲਦੇ ਸੁੱਖ ਵਰਗੀ। ਮਾਂ, ਸਮੁੰਦਰ ਦਾ ਰੂਪ ਹੁੰਦੀ, ਨਿਆਮਤਾਂ ਦਾ ਸੁੰਦਰ ਸਰੂਪ ਹੁੰਦੀ।
ਮਾਂ, ਵਾਵਾਂ ਦੀ ਲੋਰ ਹੁੰਦੀ। ਜੀਵਨ-ਸਾਜ਼ ਦਾ ਸ਼ੋਰ ਹੁੰਦੀ। ਮਾਂ, ਵਗਦੇ ਦਰਿਆਵਾਂ ਜਿਹੀ ਪਾਕ, ਜਿਸ ਦੀਆਂ ਲਹਿਰਾਂ ਕਰਦੀਆਂ ਜਾਪ। ਮਾਂ, ਬਿਰਖਾਂ ਦੇ ਵਿਹੜੇ ਬਹਾਰ, ਕੁਦਰਤ ਦਾ ਸੁੰਦਰ ਵਿਸਥਾਰ। ਮਾਂ, ਤਵਾਰੀਖ ਦੀ ਸ਼ਾਹ-ਅਸਵਾਰ, ਜਿਸ ਦਾ ਕੋਈ ਨਹੀਂ ਪਾਰਾਵਾਰ।
ਮਾਂ, ਮਰਹਮ, ਸੇਕ, ਦਵਾ। ਅਰਦਾਸ, ਅਸੀਸ ਤੇ ਦੁਆ। ਮਾਂ, ਸੁਪਨਿਆਂ ਦੀ ਸਿਰਜਣਹਾਰੀ, ਜਿਸ ਤੋਂ ਜਾਵੇ ਕੁਦਰਤ ਬਲਿਹਾਰੀ। ਮਾਂ, ਮੰਨਤ, ਮਮਤਾ ਤੇ ਮਾਣ, ਕੁਲ ਦਾ ਹੁੰਦੀ ਨਾਮੋ-ਨਿਸ਼ਾਨ। ਮਾਂ, ਰੱਬ, ਰਹਿਮਤ ਤੇ ਰੂਹ-ਰੇਜ਼, ਸਦਾ ਅਤੁੱਲ, ਅਮੁੱਲ, ਅਭੇਜ।
ਮਾਂ, ਸੂਰਜ ਵੀ ਬੱਚਿਆਂ ਲਈ ਅੰਗੇ,
ਤੇ ਧੁੱਪਾਂ ਜਿਹੀਆਂ ਦੁਆਵਾਂ ਮੰਗੇ।
ਮਾਂ, ਮਰ ਕੇ ਵੀ ਬੱਚਿਆਂ ਵਿਚ ਜੀਵੇ,
ਨਕਸ਼-ਨੁਹਾਰ ਨੈਣੀਂ ਥੀਵੇ।
ਮਾਂ ਜਦ ਮਰਦੀ ਤਾਂ ਜੱਗ ਵਿਰਾਨ,
ਟੁੱਟਣ ਰਿਸ਼ਤੇ ਤੇ ਘਰ ਸੁੰਨਸਾਨ।

ਮਾਂ, ਜਦ ਤੋਂ ਤੁਰ ਗਈਓਂ ਦੂਰ।
ਕਿਸੇ ਨਾ ਝਿੜਕਿਆ ਨਾ ਹੀ ਘੂਰ।
ਮਾਂ, ਕਿਸੇ ਨਾ ਆਖਿਆ ਆ ਕੇ ਮਿਲ ਜਾ,
ਹਾਲ ਨਾ ਪੁੱਛਿਆ ਰੋਂਦੇ ਦਿਲ ਦਾ।
ਮਾਂ, ਬਿਨ ਤੇਰੇ ਕਿਸੇ ਮਾਰੀ ਨਾ ਹਾਕ,
ਨਾ ਬੁਲਾਇਆ ਆਖ ਜੁਆਕ।
ਮਾਂ, ਆਪੇ ਵਿਲਕਾਂ ਤੇ ਚੁੱਪ ਹੋ ਜਾਵਾਂ
ਤੇ ਰੋਂਦੇ ਖੁਦ ਨੂੰ ਖੁਦ ਵਰਾਵਾਂ।
ਮਾਂਵਾਂ ਦੇ ਹੱਥਾਂ ਨਾਲ ਤਿਆਰ ਕੀਤੇ ਹੋਏ ਖਾਣਾ ਖਾਣ ਲੱਗਿਆਂ ਢੇਰ ਸਾਰੀਆਂ ਹੁੱਜਤਾਂ ਕਰਦੇ ਸਾਂ ਬਚਪਨੇ ‘ਚ, ਪਰ ਮਾਂ ਤੋਂ ਦੂਰ ਜਾ ਕੇ ਪਰਦੇਸਾਂ ਵਿਚ ਪਤਾ ਲਗਦਾ ਹੈ ਕਿ ਮਾਂ ਦੇ ਹੱਥਾਂ ਦੀ ਪਕਾਈ ਤੇ ਮੋਹ ਨਾਲ ਖਵਾਈ ਰੋਟੀ ਦੇ ਕੀ ਅਰਥ ਸਨ ਅਤੇ ਉਹ ਕਿਉਂ ਘਿਓ ਵਾਂਗ ਲੱਗਦੀ ਸੀ?
ਬੇਚੈਨੀ ਭਰੀਆਂ ਤੇ ਫਿਕਰਾਂ ਲੱਧੀਆਂ ਜਾਗਦੀਆਂ ਰਾਤਾਂ ਦਾ ਦਰਦ ਹੀ ਜਾਣਦਾ ਹੈ ਕਿ ਮਾਂ ਦੀ ਬੁੱਕਲ ਵਿਚ ਬਿਤਾਈਆਂ ਰਾਤਾਂ ਨੂੰ ਕਿਉੁਂ ਗੂੜ੍ਹੀ ਨੀਂਦ ਆਉਂਦੀ ਸੀ ਅਤੇ ਸਵੇਰੇ ਉਠਾਉਣ `ਤੇ ਵੀ ਘੜੀ ਪਲ ਹੋਰ ਸੌਂਣ ਦਾ ਬਹਾਨਾ ਬਣਾਈਦਾ ਸੀ। ਹੁਣ ਤਾਂ ਅੱਖ ਖੁੱਲ੍ਹਦੇ ਸਾਰ, ਜਿੰ਼ਦਗੀ ਕੋਹਲੂ ਦਾ ਬਲਦ ਬਣ ਜਾਂਦੀ। ਮਾਂ ਦੀ ਸੰਗਤਾ ਵਿਚ ਮਾਣੀ ਜੱਨਤ ਕਦ ਮਿਲਦੀ ਏ ਮਾਂ ਦੇ ਤੁਰ ਜਾਣ ਤੋਂ ਬਾਅਦ। ਖਾਲੀਪਣ, ਜਿਸ ਨੇ ਕਦੇ ਨਹੀਂ ਭਰਨਾ। ਖਾਲੀ ਨੈਣਾਂ ਦਾ ਸੁਪਨਾ, ਜਿਸ ਨੇ ਕਦੇ ਪੂਰਾ ਨਹੀਂ ਹੋਣਾ।
ਮਾਂ ਸਦਾ ਦੁਆ ਦਿੰਦੀ। ਕਦੇ ਖਫਾ ਨਹੀਂ ਹੁੰਦੀ। ਸਿਰਫ ਘੂਰਦੀ। ਕਦੇ ਨਹੀਂ ਰੁੱਸਦੀ, ਸਿਰਫ ਗੁੱਸੇ ਹੋਣ ਦਾ ਬਹਾਨਾ ਕਰਦੀ। ਕਦੇ ਨਿਰਾਸ਼ ਨਹੀਂ ਹੋਣ ਦਿੰਦੀ, ਸਦਾ ਉਤਸ਼ਾਹਿਤ ਕਰਦੀ। ਉਤਰਿਆ ਮੂੰਹ, ਰੁਆਂਸਿਆ ਚਿਹਰਾ ਜਾਂ ਕਦਮਾਂ ਵਿਚ ਸਿੱਥਲਤਾ ਹੋਵੇ ਤਾਂ ਮਾਂ ਦਾ ਧਿਆਨ ਧਰਨਾ, ਕਦਮਾਂ ਵਿਚ ਸਫਰ, ਸੋਚਾਂ ਵਿਚ ਸੁਪਨੇ ਅਤੇ ਮੱਥੇ `ਤੇ ਸਿਰਨਾਵਿਆਂ ਦੀ ਇਬਾਰਤ ਖੁਣੀ ਜਾਂਦੀ ਆ।
ਮਾਂ ਹੀ ਹੁੰਦੀ, ਜੋ ਬੱਚਿਆਂ ਨੂੰ ਹਸਾ ਕੇ ਖੁਦ ਰੋਂਦੀ। ਔਲਾਦ ਨੂੰ ਰਜਾ ਕੇ ਖੁਦ ਭੁੱਖੀ ਸੌਂਦੀ। ਬੱਚਿਆਂ ਨੂੰ ਸੁਆ ਕੇ ਜਾਗਦੀ ਰਹਿੰਦੀ। ਬੱਚਿਆਂ ਨੂੰ ਅਰਾਮ ਕਰਨ ਲਈ ਕਹਿ ਖੁਦ ਕੰਮ ਵਿਚ ਰੁੱਝ ਜਾਂਦੀ ਅਤੇ ਬੱਚਿਆਂ ਨੂੰ ਜੀਵਨੀ ਨਿਆਮਤ ਕਹਿੰਦੀ। ਪਾਟੀ ਚੁੰਨੀ ਲੈ ਕੇ ਧੀ ਦੇ ਸਿਰ `ਤੇ ਫੁੱਲਕਾਰੀ ਸਜਾਉਂਦੀ। ਨੰਗੇ ਪੈਰੀ ਹੁੰਦੀ ਵੀ ਆਪਣੇ ਲਾਡਲੇ ਨੂੰ ਬੂਟ ਪਵਾਉਂਦੀ। ਖੁਦ ਅੱਖਰਾਂ ਤੋਂ ਕੋਰੀ ਹੁੰਦਿਆਂ ਵੀ ਬੱਚਿਆਂ ਦੇ ਮੱਥੇ ‘ਚ ਗਿਆਨ ਦਾ ਦੀਵਾ ਜਗਾਉਂਦੀ।
ਮਾਂ ਹੀ ਮਕਾਨ ਨੂੰ ਘਰ, ਚੁੱਲ੍ਹੇ ਨੂੰ ਚੌਂਕਾ, ਵਿਹੜੇ ਨੂੰ ਭਾਗਾਂ-ਭਰਿਆ, ਘਰ ਨੂੰ ਸਵਰਗ ਅਤੇ ਸਬੰਧਾਂ ਵਿਚਲੀ ਸੁਗੰਧ ਅਤੇ ਸੰਵੇਦਨਾ ਹੁੰਦੀ।
ਮਾਂ, ਕੈਦਿਆਂ, ਕਿਤਾਬਾਂ ਤੇ ਕਲਮਾਂ ਦੀ ਕੁੱਖ। ਮਾਣ-ਸਨਮਾਨ, ਰੁਤਬਿਆਂ, ਕੁਰਸੀਆਂ ਅਤੇ ਚੌਧਰਾਂ ਦੀ ਚੰਗੇਰ। ਘਰਾਂ, ਕੋਠੀਆਂ, ਮਹਿਲਾਂ, ਜਮੀਨਾਂ, ਜਾਇਦਾਦਾਂ ਤੋਂ ਉਪਰ। ਪਿਆਰ, ਮੋਹ, ਅਪਣੱਤ ਅਤੇ ਆਪਣੇਪਣ ਦਾ ਸੁੱਚਾ ਨਾਮ। ਗੁਰਦੁਆਰਾ, ਮੰਦਿਰ, ਮਸਜਿਦ, ਗਿਰਜਾਘਰ ਤੋਂ ਉਚਾ ਅਸਥਾਨ।
ਮਾਂ ਹੀ ਹੁੰਦੀ, ਜੋ ਬੱਚਿਆਂ ਨੂੰ ਦੇਰ ਰਾਤ ਤੀਕ ਦਰਾਂ `ਤੇ ਖੜ੍ਹੀ ਉਡੀਕਦੀ। ਪਰਦੇਸ ਗਿਆਂ ਦੇ ਪਰਤਣ ਦੀ ਆਸ ਵਿਚ ਬਾਹਰਲੇ ਦਰਵਾਜੇ `ਤੇ ਆਸਣ ਲਾਉਂਦੀ। ਫੋਨ `ਤੇ ‘ਪੁੱਤ ਕਦੋਂ ਆਵੇਂਗਾ?’ ਦਾ ਵਾਕ ਸਦਾ ਦੁਰਹਾਉਂਦੀ; ਪਰ ਕੇਹੀ ਵਿਡੰਬਣਾ ਹੈ ਕਿ ਉਸ ਦੀ ਔਲਾਦ ਹੀ ਉਸ ਦੀ ਰੂਹ ਵਿਚੋਂ ਨਿਕਲੀਆਂ ਹਾਕਾਂ ਨੂੰ ਸੁਣਨ ਤੋਂ ਮੁਨਕਰ ਹੋ ਜਾਂਦੀ। ਮਾਂ ਦੀ ਉਡੀਕ ਨੂੰ ਲੰਮੇਰਾ ਨਾ ਕਰਨਾ, ਕਿਉਂਕਿ ਮਾਂਵਾਂ ਜਦ ਤੁਰ ਜਾਂਦੀਆਂ ਤਾਂ ਤੁਹਾਨੂੰ ਕਿਸੇ ਨੇ ਨਹੀਂ ਉਡੀਕਣਾ। ਕਿਸੇ ਨੇ ਨਹੀਂ ਪਿੰਡ ਆਉਣ ਲਈ ਕਹਿਣਾ। ਕਿਸੇ ਨੇ ਨਹੀਂ ਪੁੱਛਣਾ ਕਿ ਬੇਟਾ ਰੋਟੀ ਖਾਧੀ ਵੀ ਆ ਕਿ ਨਹੀਂ? ਇਕ ਪਛਤਾਵਾ ਬਣਨ ਤੋਂ ਪਹਿਲਾਂ ਮਾਂ ਦੇ ਪਛਤਾਵੇ ਨੂੰ ਪੂੰਝੋ। ਮਾਂ ਨੂੰ ਜਾ ਕੇ ਮਿਲੋ। ਉਸ ਦੀ ਝੋਲੀ ਨੂੰ ਸੁਖਨ ਅਤੇ ਸਕੂਨ ਨਾਲ ਲਬਰੇਜ਼ ਕਰੋ।
ਮਾਂ ਤੁਰ ਗਈ ਤਾਂ ਉਸ ਦੀ ਅਸੀਸ ਤੇ ਗਲਵੱਕੜੀ ਕਦੇ ਨਹੀਂ ਮਿਲਣੀ।