ਅਮੋਲਕ ਸਿੰਘ ਜੰਮੂ ਬੜੇ ਗੂੜ੍ਹੇ ਪੂਰਨੇ ਛੱਡ ਕੇ ਗਏ ਹਨ

ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਟਾਈਮਜ਼ ਦੇ ਬਾਨੀ ਸੰਪਾਦਕ ਤੇ ਪਿਆਰੇ ਸ. ਅਮੋਲਕ ਸਿੰਘ ਜੰਮੂ ਸਾਡੇ ਵਿਚ ਨਹੀਂ ਰਹੇ। ਬੜੀ ਲੰਮੀ ਤੇ ਨਾਮੁਰਾਦ ਬਿਮਾਰੀ ਨਾਲ ਯੋਧਿਆਂ ਵਾਂਗ ਜੂਝਦੇ ਉਹ ਇਸ ਸੰਸਾਰ ਯਾਤਰਾ ਨੂੰ ਸਮਾਪਤ ਕਰ ਕੇ ਬੀਰਗਤੀ ਪ੍ਰਾਪਤ ਕਰ ਗਏ ਹਨ। ਅਰਦਾਸ ਹੈ ਕਿ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਾਂਤੀ ਮਿਲੇ।

ਸ. ਜੰਮੂ ਤੇ ਆਮ ਆਦਮੀ ਵਿਚ ਇਹ ਹੀ ਫਰਕ ਸੀ ਕਿ ਉਹ ਅਤਿ ਦੇ ਬੀਮਾਰ ਹੋਏ ਵੀ ਲਗਾਤਾਰ ਕੰਮ ਕਰਦੇ, ਬੁਲੰਦ ਹੌਸਲੇ ਵਿਚ ਰਹਿੰਦੇ ਤੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਦੱਸਦੇ। ਉਨ੍ਹਾਂ ਦੀ ਲਗਨ ਨੂੰ ਦੇਖ ਕੇ ਬੋਰਿਸ ਪੋਲਵਾਈ ਦੀ ਕਿਤਾਬ “ਇਕ ਅਸਲ ਇਨਸਾਨ ਦੀ ਦਾਸਤਾਨ” ਦੇ ਨਾਇਕ ਅਲੈਕਸੀ ਮਰੇਸੀਵ ਦੀ ਯਾਦ ਆਉਂਦੀ ਹੈ, ਜਿਸ ਨੇ ਦੂਜੇ ਮਹਾਂਯੁਧ ਵਿਚ ਦੋਵੇਂ ਲੱਤਾਂ ਕਟ ਜਾਣ ਪਿਛੋਂ ਵੀ ਹੌਸਲਾ ਨਾ ਹਾਰਿਆ ਤੇ ਨਕਲੀ ਲੱਤਾਂ ਲਵਾ ਕੇ ਫਿਰ ਜੰਗੀ ਪਾਇਲਟ ਬਣ ਕੇ ਲੜਿਆ; ਪਰ ਅਲੈਕਸੀ ਮਰੇਸੀਵ ਸਾਡੇ ਅਦੁੱਤੀ ਐਡੀਟਰ ਸਾਹਮਣੇ ਬੌਣਾ ਜਿਹਾ ਲਗਦਾ ਹੈ। ਉਸ ਨੇ ਤਾਂ ਫਿਰ ਵੀ ਮਨਸੂਈ ਲੱਤਾਂ ਲਵਾਈਆਂ ਸਨ, ਪਰ ਅਮੋਲਕ ਜੰਮੂ ਤਾਂ ਜਾਮ ਹੋ ਕੇ ਖੜ੍ਹੇ ਸਰੀਰ ਨਾਲ ਹੀ ਜੰਗੀ ਪੱਧਰ `ਤੇ ਲੜਦੇ ਰਹੇ। ਉਨ੍ਹਾਂ ਦੀ ਜੀਵਨ ਗਾਥਾ ਨੂੰ ਉਨ੍ਹਾਂ ਦਾ ਜਾਤੀ ਮਸਲਾ ਸਮਝ ਕੇ ਕਿਸੇ ਨੇ ਬਹੁਤਾ ਨਸ਼ਰ ਨਹੀਂ ਕੀਤਾ, ਪਰ ਜਦੋਂ ਵੀ ਕੋਈ ਇਸ ਵਲ ਧਿਆਨ ਦੇਵੇਗਾ, ਉਹ ਦੁਨੀਆਂ ਭਰ ਵਿਚ ਉਨ੍ਹਾਂ ਮੁੱਠੀਭਰ ਲੋਕਾਂ ਵਾਂਗ ਜਾਣੇ ਜਾਣਗੇ, ਜਿਹੜੇ ਯਾਦਗਾਰੀ ਮਿਸਾਲਾਂ ਕਾਇਮ ਕਰ ਗਏ ਹਨ। ਮੈਂ ਤਾਂ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਸਭ ਤੋਂ ਵੱਡੇ ਅਸਲੀ ਇਨਸਾਨ ਦੀ ਮਿਸਾਲ ਸਮਝਦਾ ਰਿਹਾ ਹਾਂ।
ਮੇਰਾ ਉਨ੍ਹਾਂ ਨਾਲ ਸਭ ਤੋਂ ਪਹਿਲਾਂ 2010 ਵਿਚ ਫੋਨ ਤੇ ਸੰਪਰਕ ਹੋਇਆ। ਅਮਰੀਕਾ ਆ ਕੇ ਮੈਂ ਕੁਝ ਲਿਖਣਾ ਚਾਹੁੰਦਾ ਸੀ, ਪਰ ਪੰਜਾਬੀ ਵਿਚ ਲਿਖਣ ਦਾ ਮੇਰਾ ਬਹੁਤਾ ਅਭਿਆਸ ਨਹੀਂ ਸੀ। ਮੈਂ ਚਾਹੁੰਦਾ ਸਾਂ ਕੋਈ ਅਖਬਾਰ ਅੱਗੇ ਵਧ ਕੇ ਮੈਨੂੰ ਬ੍ਰੇਕ ਦੇਵੇ ਤੇ ਮੇਰੀ ਟੁੱਟੀ ਫੁੱਟੀ ਲਿਖਤ ਨੂੰ ਛਾਪਣਾ ਅੰਗੀਕਾਰ ਕਰੇ। ਉਸ ਵੇਲੇ ਜਿੰਨੇ ਪੰਜਾਬੀ ਅਖਬਾਰ ਸਨ, ਮੈਂ ਸਭ ਦੇ ਸੰਪਾਦਕਾਂ ਨੂੰ ਫੋਨ ਖੜਕਾਏ, ਪਰ ਕੋਈ ਠੰਡਾ ਤੇ ਕੋਈ ਕੁਰਖਤ ਨਿਕਲਿਆ। ਪੰਜਾਬ ਟਾਈਮਜ਼ ਨੂੰ ਫੋਨ ਕਰਨ ਲਈ ਮੈਂ ਇਕ ਵਿਹਲੀ ਫੁਰਸਤ ਦੀ ਭਾਲ ਕਰਨ ਲੱਗਾ। ਕਾਰਨ ਇਹ ਕਿ ਇਸ ਦੇ ਐਡੀਟਰ ਦਾ ਲੜੀਵਾਰ ਲੇਖ “ਕਮਲਿਆਂ ਦਾ ਟੱਬਰ” ਪੜ੍ਹ ਕੇ ਮੈਂ ਜਾਣ ਚੁਕਾ ਸਾਂ ਕਿ ਉਹ ਵੀ ਪੰਜਾਬ ਯੂਨੀਵਰਸਿਟੀ ਵਿਚ ਉਦੋਂ ਕੁ ਹੀ ਪੜ੍ਹਦੇ ਸਨ, ਜਦੋਂ ਮੈਂ ਉੱਥੇ ਫੈਲੋਸ਼ਿਪ ਕਰਦਾ ਸਾਂ। ਸਾਡੇ ਵਿਭਾਗ ਵੀ ਨੇੜੇ-ਨੇੜੇ ਹੀ ਸਨ। ਜਿਸ ਚਾਚੇ ਦੀ ਚਾਹ ਦੀ ਦੁਕਾਨ ਦੀ ਉਹ ਗੱਲ ਲਿਖਦੇ ਸਨ, ਮੈਂ ਵੀ ਕਈ ਵਾਰੀ ਉੱਥੇ ਚਾਹ ਪੀ ਚੁਕਾ ਸਾਂ। ਉਨ੍ਹਾਂ ਦੇ ਅਧਿਆਪਕ ਹਰਦੇਵ ਸੱਚਰ ਕਿਸੇ ਵੇਲੇ ਮੇਰੇ ਵੀ ਮਨ ਚਾਹੇ ਅਧਿਆਪਕ ਰਹਿ ਚੁਕੇ ਸਨ। ਇਨ੍ਹਾਂ ਸਾਂਝਾਂ ਕਰ ਕੇ ਮੈਨੂੰ ਆਸ ਸੀ ਕਿ ਉਨ੍ਹਾਂ ਨਾਲ ਮੇਰੀ ਗੱਲ ਲੰਮੀ ਖਿਚੇਗੀ।
ਆਖਰ ਫੋਨ ਕਰਨ ਦੀ ਇਹ ਘੜੀ ਉਦੋਂ ਆਈ, ਜਦੋਂ ਮੇਰੀ ਪਤਨੀ ਸੈਂਟਾ ਕਲਾਰਾ ਦੇ ਕੋਹਲ ਮਾਲ ਵਿਚ ਸ਼ਾਪਿੰਗ ਕਰਨ ਵਿਚ ਰੁਝੀ ਹੋਈ ਸੀ ਤੇ ਮੈਂ ਇਕ ਪਾਸੇ ਬੈਠਾ ਬੋਰ ਹੋ ਰਿਹਾ ਸਾਂ। ਫੋਨ ਅਮੋਲਕ ਨੇ ਆਪ ਚੁੱਕਿਆ ਤੇ ਮੈਂ ਆਪਣੀ ਜਾਣ-ਪਛਾਣ ਕਰਵਾ ਕੇ ਮੁੱਦੇ ਦੀ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਬੜੇ ਸਨਮਾਨ ਨਾਲ ਨਿਵਾਜਿਆ ਤੇ “ਪ੍ਰੋਫੈਸਰ ਸਾਹਿਬ” ਕਹਿ ਕੇ ਸੰਬੋਧਨ ਕਰਦੇ ਰਹੇ।
ਉਨ੍ਹੀਂ ਦਿਨੀਂ ‘ਪੰਜਾਬ ਟਾਈਮਜ਼’ ਵਿਚ ਦਸਮ ਗ੍ਰੰਥ `ਤੇ ਬੜੀ ਭਖਵੀਂ ਚਰਚਾ ਚਲ ਰਹੀ ਸੀ। ਇਸ ਲਈ ਸਭ ਤੋਂ ਪਹਿਲਾਂ ਇਸੇ ਦੀ ਗੱਲ ਕੀਤੀ। ਮੈਂ ਕਿਹਾ, ਮੈਂ ਇਸ ਚਰਚਾ ਬਾਰੇ ਕੁਝ ਲਿਖਣਾ ਚਾਹੁੰਦਾ ਹਾਂ, ਛਾਪੋਗੇ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ, “ਤੁਸੀਂ ਕੁਝ ਵੀ ਲਿਖ ਕੇ ਭੇਜੋ, ਮੈਂ ਛਾਪਾਂਗਾ।” ਮੈਂ ਉਸੇ ਵੇਲੇ “ਚਰਿਤ੍ਰੋਪਾਖਿਆਨ” ਨਾਮੀ ਲੇਖ ਭੇਜਿਆ, ਜੋ ਉਨ੍ਹਾਂ ਨੇ 23 ਅਕਤੂਬਰ 2010 ਦੇ ਅੰਕ ਵਿਚ ਛਾਪਿਆ। ਇਸ ਲੇਖ ਤੋਂ ਬਾਅਦ ਇਸ ਅਖਬਾਰ ਵਿਚ ਦਸਮ ਗ੍ਰੰਥ ਦੀ ਚਰਚਾ ਹੀ ਸਮਾਪਤ ਹੋ ਗਈ। ਫਿਰ ਕਈ ਸਾਲ ਇਸ ਵਿਸ਼ੇ `ਤੇ ਡਾ. ਗੁਰਨਾਮ ਕੌਰ ਦੇ ਇਕ ਸਾਧਾਰਨ ਆਰਟੀਕਲ ਤੋਂ ਬਿਨਾ ਕੁਝ ਵੀ ਨਾ ਛਪਿਆ।
ਉਸੇ ਸਾਲ ਹੋਮਿਓਪੈਥੀ ਦੇ ਬਾਨੀ ਡਾ. ਹੈਨੀਮਨ ਦੀ ਪੁਸਤਕ “ਆਰਗੈਨਨ” ਦੇ ਪ੍ਰਕਾਸ਼ਨ ਦੀ ਦੂਜੀ ਸ਼ਤਾਬਦੀ ਸੀ। ਦੁਨੀਆਂ ਭਰ ਵਿਚ ਇਹ ਵਰ੍ਹਾ ਜੋਸ਼ ਨਾਲ ਮਨਾਇਆ ਗਿਆ। ਮੈਂ ਵੀ ਕੁਝ ਲੇਖ ਲਿਖ ਕੇ ਇਸ ਵਿਚ ਯੋਗਦਾਨ ਪਾਉਣਾ ਚਾਹੁੰਦਾ ਸਾਂ। ਅਮੋਲਕ ਨਾਲ ਗੱਲ ਕੀਤੀ ਤਾਂ ਉਨਾਂ ਨੇ ਇਸ ਵਿਚਾਰ ਦੀ ਆਓਭਗਤ ਕੀਤੀ ਤੇ ਨਾਲ ਹੀ ਆਪਣੇ ਇਲਾਜ ਦੀ ਸ਼ਰਤ ਵੀ ਰੱਖੀ। ਮੈਂ ਉਨ੍ਹਾਂ ਦਾ ਕੇਸ ਲੈਣ ਦੀ ਕੋਸਿ਼ਸ਼ ਕੀਤੀ, ਪਰ ਉਹ ਹਰ ਗੱਲ ਵਿਚ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਕੋਈ ਤਕਲੀਫ ਨਹੀਂ, ਕੋਈ ਡਰ ਨਹੀਂ, ਕੋਈ ਥਕਾਵਟ ਨਹੀਂ ਤੇ ਹੌਸਲਾ ਬੜੀ ਚੜ੍ਹਦੀ ਕਲਾ ਵਿਚ ਹੈ। ਮੈਨੂੰ ਉਨ੍ਹਾਂ ਦੀ ਗੱਲਬਾਤ ਵਿਚੋਂ ਕੋਈ ਅਜਿਹੀ ਅਲਾਮਤ ਨਾ ਮਿਲੀ, ਜਿਸ ਦੇ ਆਧਾਰ `ਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਸਿਰਫ ਕਲਿਨਿਕਲ ਲੱਛਣਾਂ ਦੇ ਆਧਾਰ `ਤੇ ਹੀ ਪਲੰਬਮ ਮਟੈਲੀਕਮ ਨਾਮੀ ਦਵਾ ਭੇਜਦਾ ਰਿਹਾ। ਇਹ ਦਵਾਈ ਲਗਾਤਾਰ ਕਮਜ਼ੋਰ ਤੇ ਬੇਕਾਰ ਹੁੰਦੇ ਪੱਠਿਆਂ (ਫਰੋਗਰੲਸਸਵਿੲਲੇ ਦੲਬਲਿਟਿਅਟਨਿਗ ਅਨਦ ਦੲਪਲੲਟਨਿਗ ਮੁਸਚਲੲਸ) ਨੂੰ ਖੁਰਨ ਤੋਂ ਰੋਕਦੀ ਹੈ ਤੇ ਮਰੀਜ਼ ਦੀਆਂ ਲੱਤਾਂ-ਬਾਹਾਂ ਨੂੰ ਤਾਕਤਵਰ ਰੱਖਦੀ ਹੈ; ਪਰ ਉਹ ਹਰ ਵਾਰ ਦੱਸਦੇ ਰਹੇ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ ਹੈ। ਇਸ ਗੱਲ ਦਾ ਰਾਜ਼ ਉਦੋਂ ਜਾਹਰ ਹੋਇਆ, ਜਦੋਂ ਮੈਂ 2012 ਜੂਨ ਵਿਚ ਉਨ੍ਹਾਂ ਨੂੰ ਜਾ ਕੇ ਮਿਲਿਆ। ਸ਼ਾਮ ਦਾ ਸਮਾਂ ਸੀ। ਉਹ ਵ੍ਹੀਲ ਚੇਅਰ ਵਿਚ ਇਸ ਤਰ੍ਹਾਂ ਬੈਠੇ ਹੋਏ ਸਨ, ਜਿਵੇਂ ਇਸ `ਤੇ ਕੋਈ ਖਾਲੀ ਕੋਟ ਟੰਗਿਆਂ ਹੁੰਦਾ ਹੈ। ਆਪਣੀ ਤਕਲੀਫ ਦੱਸਦਿਆਂ ਗਰਦਨ ਨੂੰ ਇੱਧਰ ਉੱਧਰ ਘੁਮਾ ਕੇ ਕਹਿਣ ਲੱਗੇ, “ਦੇਖ ਲਓ ਡਾਕਟਰ ਸਾਹਿਬ, ਮੇਰੀ ਮੂਵਮੈਂਟ (ੰੋਵੲਮੲਨਟ) ਤਾਂ ਇੰਨੀ ਕੁ ਹੀ ਹਾਂ।” ਮੈਂ ਅੱਗੇ ਵੱਧ ਕੇ ਉਨ੍ਹਾਂ ਦੀਆਂ ਬਾਹਾਂ ਤੇ ਲੱਤਾਂ ਟੋਹੀਆਂ। ਉਨ੍ਹਾਂ ਦੇ ਸਾਰੇ ਮਸਲ ਖੁਰ ਚੁਕੇ ਸਨ ਤੇ ਉਹ ਲਮਕਦੇ ਫੀਤਿਆਂ ਵਾਂਗ ਨਾਲ ਲੱਗੀਆਂ ਹੋਈਆਂ ਸਨ। ਮੈਨੂੰ ਨਿਰਾਸ਼ਾ ਹੋਈ ਕਿ ਬਹੁਤ ਦੇਰ ਹੋ ਚੁਕੀ ਸੀ। ਹੋਮਿਓਪੈਥੀ ਕੁਝ ਵੀ ਕਰੇ, ਪਰ ਟੀਸ਼ੂ (ਠਸਿਸੁੲ) ਤਬਦੀਲੀਆਂ ਨੂੰ ਉਲਟਾ ਨਹੀਂ ਸਕਦੀ।
ਉਹ ਭਾਵੇਂ ਅਤਿ ਦੀ ਕਠਿਨ ਸਥਿਤੀ ਵਿਚ ਸਨ, ਪਰ ਹਾਸਾ-ਠੱਠਾ ਪੂਰੀ ਮੌਜ ਨਾਲ ਕਰ ਰਹੇ ਸਨ। ਘੁਸ ਮੁਸਾ ਹੋਣ `ਤੇ ਉਨਾਂ ਨੇ ਆਪਣੀ ਸੇਵਾ ਕਰਦੇ ਲੜਕੇ ਨੂੰ ਕਿਹਾ, “ਜਾਹ ਕਾਕਾ, ਮਹਿਮਾਨਾਂ ਦੀ ਸੇਵਾ ਕਰ।” ਕਾਕਾ ਸ਼ਰਾਬ ਸੋਡੇ ਲੈ ਆਇਆ। ਮੇਰੇ ਮਨ੍ਹਾਂ ਕਰਨ `ਤੇ ਕਹਿਣ ਲੱਗੇ, “ਡਾਕਟਰ ਸਾਹਿਬ ਤੁਸੀਂ ਡਾਕਟਰ ਕਾਹਦੇ ਹੋ ਜੋ ਦਵਾਈ ਨਹੀਂ ਪੀਂਦੇ।” ਫਿਰ ਉਨ੍ਹਾਂ ਲੜਕੇ ਨੂੰ ਕਿਹਾ, “ਲਿਆ ਕਾਕਾ ਮੈਨੂੰ ਤਾਂ ਦੇਹ। ਬਰਫ ਪਾ ਦਈਂ ਥੋੜ੍ਹੀ।” ਲੜਕੇ ਨੇ ਉਨ੍ਹਾਂ ਦਾ ਪੈਗ ਬਣਾ ਕੇ ਗਿਲਾਸ ਵਿਚ ਨਲਕੀ ਰੱਖੀ ਤੇ ਉਨ੍ਹਾਂ ਦੇ ਮੂੰਹ ਵਲ ਕਰ ਦਿੱਤੀ। ਉਹ ਬੱਚਿਆਂ ਵਾਗ ਗੁਟ-ਗੁਟ ਕਰ ਕੇ ਪੀਣ ਲੱਗੇ। ਫਿਰ ਬੋਲੇ, “ਹਫਤਾ ਭਰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ, ਬਸ ਅੱਜ ਦੇ ਦਿਨ ਹੀ ਕੰਮ ਮੁਕਾ ਕੇ ਸ਼ੁਗਲ ਕਰੀਦਾ ਹੈ।” ਜਦੋਂ ਮੁੰਡਾ ਗੱਲਾਂ ਵਿਚ ਰਮ ਕੇ ਗਿਲਾਸ ਉਨ੍ਹਾਂ ਦੇ ਮੂੰਹ ਨੂੰ ਭੁੱਲ ਗਿਆ ਤਾਂ ਉਸ ਨੂੰ ਕਹਿਣ ਲੱਗੇ, “ਕਾਕਾ ਚੁੱਕ…ਆਪੇ ਧਿਆਨ ਰੱਖਿਆ ਕਰ।” ਦੋ ਘੰਟੇ ਗੱਲਾਂ ਮਾਰ ਕੇ ਜਦੋਂ ਅਸੀਂ ਚੱਲਣ ਲੱਗੇ, ਉਨ੍ਹਾਂ ਸਾਨੂੰ ਖਾਣਾ ਖਵਾਏ ਬਿਨਾ ਜਾਣ ਦੀ ਇਜਾਜ਼ਤ ਨਾ ਦਿੱਤੀ। ਉਨ੍ਹਾਂ ਦੀ ਧਰਮ ਪਤਨੀ ਜਸਪ੍ਰੀਤ ਤੇ ਬੱਚਿਆਂ ਨੇ ਸਾਨੂੰ ਖਾਣਾ ਖਵਾਇਆ। ਸਾਡੀ ਉਹ ਸ਼ਾਮ ਯਾਦਗਾਰੀ ਹੋ ਨਿਕਲੀ।
ਪਿਛਲੇ ਬੁੱਧਵਾਰ ਮੈਂ ਯੂਟਾ ਸਟੇਟ ਦੇ ਸ਼ਹਿਰ ਮੋਆਇਬ (ੰੋਬਿ) ਵਿਚ ਸਾਂ। ਸਵੇਰ ਤੋਂ ‘ਪੰਜਾਬ ਟਾਈਮਜ਼’ ਪੜ੍ਹਨ ਲਈ ਖੋਲ੍ਹਣ ਦੀ ਕੋਸਿ਼ਸ਼ ਕਰਦਾ ਰਿਹਾ, ਪਰ ਕਾਮਯਾਬ ਨਾ ਹੋਇਆ। ਜਦੋਂ ਅਖਬਾਰ ਗਿਆਰਾਂ ਵਜੇ ਵੀ ਨਾ ਆਇਆ, ਮੇਰਾ ਮੱਥਾ ਠਣਕ ਗਿਆ। ਮੈਂ ਮਨ ਵਿਚ ਸੋਚਿਆ ਕਿ ਅਮੋਲਕ ਸਿੰਘ ਠੀਕ ਠਾਕ ਹੋਣ! ਗੁਰਦਿਆਲ ਬੱਲ ਨੂੰ ਫੋਨ ਕਰ ਕੇ ਅਖਬਾਰ ਦੇ ਲੇਟ ਹੋਣ ਦਾ ਸਬੱਬ ਪੁੱਛਿਆ। ਉਨ੍ਹਾਂ ਉਹੀ ਕੁਝ ਦੱਸਿਆ, ਜਿਸ ਦਾ ਡਰ ਸੀ। ਕਹਿਣ ਲੱਗੇ, “ਪੰਜਾਬ ਟਾਈਮਜ਼ ਵਾਲੇ ਬਾਬੇ ਨਹੀਂ ਰਹੇ।”
ਖਬਰ ਬੜੀ ਦੁਖਦਾਈ ਸੀ, ਪਰ ਜਾਣਾ ਤਾਂ ਅੱਗੇ ਪਿੱਛੇ ਸਭ ਨੇ ਹੀ ਹੈ। ਅਮੋਲਕ ਸਿੰਘ ਜੰਮੂ ਇਕ ਜਰਨੈਲ ਵਾਂਗ ਆਪਣੀ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਆਪਣੇ ਪਿੱਛੇ ਬੜੇ ਗੂੜ੍ਹੇ ਪੂਰਨੇ ਛੱਡ ਕੇ ਗਏ ਹਨ, ਜਿਨ੍ਹਾਂ ਨੂੰ ਦੁਨੀਆਂ ਯਾਦ ਰੱਖੇਗੀ। ਉਨ੍ਹਾਂ ਦਾ ਜੀਵਨ ਔਕੜਾਂ ਤੋਂ ਘਬਰਾਉਣ ਵਾਲਿਆਂ ਲਈ ਨਵੀਂ ਉਤੇਜਨਾ ਦਾ ਚਾਨਣ ਮੁਨਾਰਾ ਬਣੇਗਾ। ਉਨ੍ਹਾਂ ਦੀ ਗਿਣਤੀ ਦੁਨੀਆਂ ਦੇ ਕੁਝ ਕੁ ਦਲੇਰ ਵਿਅਕਤੀਆਂ ਵਿਚ ਹੋਵੇਗੀ ਤੇ ਲੋਕ ਉਨ੍ਹਾਂ ਦੇ ਉੱਦਮ ਦੀਆਂ ਮਿਸਾਲਾਂ ਦਿਆ ਕਰਨਗੇ। ਉਮੀਦ ਹੈ ਕਿ ਜਿਨ੍ਹਾਂ ਵਿਸ਼ਾਲ ਤੇ ਪੱਕੀਆਂ ਲੀਹਾਂ `ਤੇ ਉਹ ‘ਪੰਜਾਬ ਟਾਈਮਜ਼’ ਨੂੰ ਖੜ੍ਹਾ ਕਰ ਕੇ ਗਏ ਹਨ, ਇਹ ਉਨ੍ਹਾਂ ਉੱਤੇ ਚਲ ਕੇ ਨਿੱਤ ਨਵੀਆਂ ਬੁਲੰਦੀਆਂ ਛੂਹੇਗਾ। ਹੁਣ ਇਹੀ ਤਮੰਨਾ ਹੈ ਕਿ ਉਨ੍ਹਾਂ ਦੀ ਅਮਰ ਜਯੋਤੀ ਦੀ ਲੋਅ ਦੂਰ ਦੂਰ ਤੀਕ ਫੈਲੇ ਤੇ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਮਿਲੇ!
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
____________________________________________

‘ਪੰਜਾਬ ਟਾਈਮਜ਼’
1978 ਤੋਂ ਪੰਜਾਬੀ ਟ੍ਰਿਬਿਊਨ ਪੜ੍ਹਨ ਦੀ ਆਦਤ ਬਣ ਚੁਕੀ ਸੀ। 2009 ਵਿਚ ਜਦੋਂ ਕੈਲੀਫੋਰਨੀਆ ਆ ਕੇ ‘ਪੰਜਾਬ ਟਾਈਮਜ਼’ ਪੜ੍ਹਨ ਨੂੰ ਮਿਲਿਆ ਤਾਂ ਅੰਤਾਂ ਦਾ ਸਕੂਨ ਮਿਲਿਆ।
ਦੋ-ਤਿੰਨ ਵਾਰ ਫੋਨ `ਤੇ ਗੱਲ ਵੀ ਕੀਤੀ। ਇੱਕੋ-ਇੱਕ ਅਖਬਾਰ ਹੈ, ਜਿਸ ਵਿਚ ਇੰਨੀ ਨਿੱਗਰ ਅਤੇ ਨਵੀਂ ਸਮੱਗਰੀ ਪੜ੍ਹਨ ਨੂੰ ਮਿਲਦੀ ਹੈ। ਪਰਮਾਤਮਾ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦਾ ਬਲ ਬਖਸ਼ੇ।
-ਦਵਿੰਦਰ ਕੌਰ