ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਦਿਹਾੜਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਦੇ ਚੱਲਦਿਆਂ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਸੰਖੇਪ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਰਾਗੀ ਜਥਿਆਂ ਨੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ।

ਇਸ ਦੌਰਾਨ ਦਰਬਾਰ ਸਾਹਿਬ, ਅਕਾਲ ਤਖਤ ਅਤੇ ਗੁਰਦੁਆਰਾ ਬਾਬਾ ਅਟਲ ਸਾਹਿਬ ਵਿਖੇ ਜਲੌਅ ਸਜਾਏ ਗਏ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਬੀਬੀ ਜਗੀਰ ਕੌਰ ਨੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਦੀ ਬਾਣੀ ਪੰਜ ਵੱਖ-ਵੱਖ ਭਾਸ਼ਾਵਾਂ ਵਿਚ ਛਪਵਾਉਣ, ਗੁਰੂ ਸਾਹਿਬ ਦੇ ਜਨਮ ਅਸਥਾਨ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫਰ ਦੀ ਦਸਤਾਵੇਜ਼ੀ ਫਿਲਮ ਤਿਆਰ ਕਰਵਾਉਣ ਅਤੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਗੁਰੂ ਸਾਹਿਬ ਦੇ ਨਾਂ ‘ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਸ਼ਤਾਬਦੀ ਸਮਾਗਮ ਵਿਸ਼ਾਲ ਪੱਧਰ ‘ਤੇ ਨਹੀਂ ਕੀਤੇ ਜਾ ਸਕੇ ਪਰ ਇਹ ਸਮਾਗਮ ਸਾਰਾ ਸਾਲ ਜਾਰੀ ਰਹਿਣਗੇ। ਮਾਹੌਲ ਠੀਕ ਹੋਣ ‘ਤੇ ਇਸ ਸਬੰਧੀ ਵੱਡੇ ਸਮਾਗਮ ਵੀ ਕਰਵਾਏ ਜਾਣਗੇ।
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੌਜੂਦਾ ਕਰੋਨਾ ਕਾਲ ਦੌਰਾਨ ਸਿੱਖ ਕੌਮ ਨੂੰ ਇਕ ਅਜਿਹਾ ਆਧੁਨਿਕ ਹਸਪਤਾਲ ਸਥਾਪਤ ਕਰਨਾ ਚਾਹੀਦਾ ਹੈ, ਜਿਥੇ ਇਲਾਜ ਬਿਲਕੁਲ ਮੁਫਤ ਹੋਵੇ। ਇਸ ਕਾਰਜ ਲਈ ਕੋਈ ਇਕ ਸੰਸਥਾ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਅੱਗੇ ਆਵੇ।
ਸਿੱਖ ਕੌਮ ਦੇ ਨੁਮਾਇੰਦੇ, ਚਿੰਤਕ ਅਤੇ ਸੰਗਤ ਇਸ ਬਾਰੇ ਆਪਣੇ ਸੁਝਾਅ ਅਕਾਲ ਤਖਤ ਨੂੰ ਭੇਜਣ। ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਸੁਹਿਰਦ ਯਤਨਾਂ ‘ਤੇ ਜ਼ੋਰ ਦਿੱਤਾ ਅਤੇ ਹਰ ਸਿੱਖ ਨੂੰ ਇਕ-ਇਕ ਪੌਦਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਆਖਿਆ ਤਾਂ ਜੋ ਉਹ ਵੀ ਅਜਿਹੇ ਸੰਕਟ ਦੌਰਾਨ ਆਪਣੇ ਘਰ ਪਰਤ ਸਕਣ।
ਮੋਦੀ ਗੁਰਦੁਆਰਾ ਸੀਸਗੰਜ ਸਾਹਿਬ ਨਤਮਸਤਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦਿੱਲੀ ਸਥਿਤ ਗੁਰਦੁਆਰੇ ‘ਚ ਮੱਥਾ ਟੇਕਿਆ ਅਤੇ ਗੁਰੂ ਚਰਨਾਂ ‘ਚ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕਰਨ ਅਤੇ ਆਪਣੇ ਹੌਸਲੇ ਲਈ ਗੁਰੂ ਤੇਗ ਬਹਾਦਰ ਦਾ ਦੁਨੀਆਂ ਭਰ ‘ਚ ਸਨਮਾਨ ਹੈ। ਮੋਦੀ ਨੇ ਟਵੀਟ ਕੀਤਾ, ‘ਸ੍ਰੀ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਮੌਕੇ ‘ਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਪੱਛੜੇ ਲੋਕਾਂ ਦੀ ਸੇਵਾ ਕਰਨ ਦੀਆਂ ਕੋਸ਼ਿਸ਼ਾਂ ਅਤੇ ਆਪਣੇ ਹੌਸਲੇ ਲਈ ਦੁਨੀਆਂ ਭਰ ‘ਚ ਉਨ੍ਹਾਂ ਦਾ ਸਨਮਾਨ ਹੈ। ਉਨ੍ਹਾਂ ਅਨਿਆਂ ਅਤੇ ਜ਼ੁਲਮ ਖਿਲਾਫ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਕਈ ਲੋਕਾਂ ਨੂੰ ਮਜ਼ਬੂਤੀ ਤੇ ਪ੍ਰੇਰਨਾ ਦਿੰਦੀ ਹੈ।’
_________________________________________________
ਮੁੰਬਈ ਰੇਲ ਸਟੇਸ਼ਨ ‘ਤੇ ਨੌਵੇਂ ਗੁਰੂ ਦੀ ਤਸਵੀਰ ਸਥਾਪਤ
ਅੰਮ੍ਰਿਤਸਰ: ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਮੌਕੇ ਨਵੀਂ ਮੁੰਬਈ ਦੀ ਸਿੱਖ ਸੰਗਤ ਵੱਲੋਂ ਉਥੋਂ ਦੇ ਇਕ ਰੇਲਵੇ ਸਟੇਸ਼ਨ ‘ਤੇ ਗੁਰੂ ਸਾਹਿਬ ਦੀ ਤਸਵੀਰ ਸਥਾਪਤ ਕੀਤੀ ਗਈ। ਇਹ ਸੇਵਾ ਗੁਰੂ ਗੋਬਿੰਦ ਸਿੰਘ ਸੇਵਕ ਜਥਾ ਟਰੱਸਟ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੈਂਟੀ ਨੇ ਸੁਪਰੀਮ ਕੌਸ਼ਲ ਨਵੀਂ ਮੁੰਬਈ ਗੁਰਦੁਆਰਾ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਮਗਰੋਂ ਕੀਤੀ। ਇਸ ਮੌਕੇ ਗੁਰਪੁਰਬ ਮਨਾਉਂਦਿਆਂ ਗੁਰਦੁਆਰਾ ਸੀ.ਬੀ.ਡੀ. ਬੇਲਾਪੁਰ, ਗੁਰਦੁਆਰਾ ਪਨਵੇਲ, ਗੁਰਦੁਆਰਾ ਨਰੂਲਾ, ਗੁਰਦੁਆਰਾ ਅਰੌਲੀ ਅਤੇ ਗੁਰਦੁਆਰਾ ਖਾਰਗੜ੍ਹ ਵਿਖੇ ਲੋੜਵੰਦਾਂ ਨੂੰ ਆਕਸੀਜਨ ਸਿਲੰਡਰ ਵੀ ਵੰਡੇ ਗਏ।