ਭਾਅ ਜੀ! ਮੈਂ ਅਹਿਸਾਨ ਫਰਾਮੋਸ਼ ਨਹੀਂ ਹਾਂ…

ਸੁਕੰਨਿਆਂ ਭਾਰਦਵਾਜ ਨਾਭਾ
ਫੋਨ: 815-307-3112
ਨਹੀਂ ਸੀ ਪਤਾ ਕਿ ਉਹ ਇੰਨੀ ਜਲਦੀ ਚਲੇ ਜਾਣਗੇ-ਕੁਝ ਕਹਿਣਾ ਸੀ, ਕੁਝ ਸਾਂਝਾ ਕਰਨਾ ਸੀ; ਪਰ ਸਤਿਕਾਰ ਵਜੋਂ ਮਿਲ ਕੇ ਕਿਸੇ ਖਾਸ ਮੌਕਾ ਮੇਲ `ਤੇ ਜਦੋਂ ਉਹ ਮੈਨੂੰ ਗੱਲ ਕਰਨ ਦੇ ਕਾਬਲ ਲੱਗੇ ਤਾਂ ਹੀ ਆਪਣੇ ਵਲੋਂ ਸ਼ੁਕਰੀਆ ਕਰੂੰਗੀ। ਫੋਨ ਜਾਂ ਈਮੇਲ ਦਾ ਟੂਲ ਮੈਨੂੰ ਆਪਣੀਆਂ ਹੀ ਭੰਨਾਂ-ਘੜਤਾਂ ਵਿਚ ਸੂਤ ਨਾ ਬੈਠਾ। ਇੱਕ ਹਿਚਕਚਾਹਟ ਸੀ ਕਿ ਕਿਤੇ ਉਹ ਮੇਰੀ ਪਹਿਲਕਦਮੀ ਨੂੰ ਗਲਤ ਨਾ ਸਮਝ ਲੈਣ।

ਜਿੰਨੀ ਸਿਦਕਦਿਲੀ, ਸੱਚ, ਨਿਆਂ ਦੀ ਸੱਤਾ ਦੀ ਝੰਡਾਬਰਦਾਰੀ ਨਾਲ ਇਮਾਨਦਾਰੀ, ਪ੍ਰਤੀਬੱਧਤਾ, ਨਿਰਪੱਖਤਾ ਨਾਲ ਸਰਵਰੰਗ ਹਫਤਾਵਾਰੀ ਪਰਚਾ ਕੱਢ ਰਹੇ ਸਨ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਆਪਣੀ ਜਿ਼ੰਦਗੀ ਦਾ ਇੱਕ ਇੱਕ ਪਲ ਸਵਾਸ ਸਵਾਸ ਉਨ੍ਹਾਂ ਸੰਘਰਸ਼ ਦੇ ਲੇਖੇ ਲਾਇਆ। ਪੇਪਰ ਦੀ ਲੋਕ ਮਿਆਰੀ ਆਸਥਾ ਨੂੰ ਪ੍ਰਣਾਇਆ। ਪੇਪਰ ਦੀ ਇਸ ਦਿੱਖ ਨੂੰ ਸਥਾਪਤ ਕਰਨ ਅਤੇ ਹਾਸ਼ੀਏ `ਤੇ ਧੱਕੇ ਲੋਕਾਂ ਦੇ ਹਾਣ ਦਾ ਬਣਾਉਣ ਹਿੱਤ ਪੂਰਾ ਟਿੱਲ ਲਾਇਆ। ‘ਰੰਗ ਬੇਰੰਗ’ ਕਾਲਮ ਅਧੀਨ ‘ਕਮਲਿਆਂ ਦਾ ਟੱਬਰ-ਪੰਜਾਬੀ ਟ੍ਰਿਬਿਊਨ ਨਾਲ ਜੁੜੀਆਂ ਯਾਦਾਂ’ ਵਿਚ ਜਿਸ ਤਰ੍ਹਾਂ ਉਨ੍ਹਾਂ ਵਿਵਰਣ ਦਿੱਤੇ, ਉਨ੍ਹਾਂ ਵਿਚੋਂ ਕੁਝ ਦੀ ਮੈਂ ਵੀ ਚਸ਼ਮਦੀਦ ਹਾਂ। ਉਨ੍ਹਾਂ ਇਕੱਲੀ ਇਕੱਲੀ ਗੱਲ ਨੂੰ ਜਿਸ ਤਰ੍ਹਾਂ ਸੱਚ ਤੇ ਅਸਲੀਅਤ ਦੇ ਚੌਖਟੇ ਵਿਚ ਸਿਰਜਿਆ ਹੈ, ਉਸ ਤੋਂ ਉਨ੍ਹਾਂ ਦੀ ਸੱਚੀ ਸੁੱਚੀ ਖਰੀ ਅੰਤਰੀਵੀ ਸ਼ਖਸੀਅਤ ਦੇ ਦੀਦਾਰੇ ਹੁੰਦੇ ਹਨ ਤੇ ਕਿਤੇ ਵੀ ਮੁਲੰਮੇ ਦਾ ਆਭਾਸ ਨਹੀਂ ਹੁੰਦਾ।
ਇੰਨੀ ਗੰਭੀਰ ਬਿਮਾਰੀ ਦੇ ਨਾਲ ਜਿਵੇਂ ਉਨ੍ਹਾਂ ਪੇਪਰ ਨੂੰ ਜਨ-ਇਨਸਾਫ ਦੀ ਆਵਾਜ਼ ਬੁਲੰਦ ਕਰਨ, ਹਰ ਪੱਖ ਤੋਂ ਪ੍ਰਤਿਭਾਵਾਨ ਹੋਣ ਦੇ ਬਾਵਜੂਦ ਪੰਜਾਬੀ ਟ੍ਰਿਬਿਊਨ ਦੀ ਅੰਦਰੂਨੀ ਕੁੱਢਰ ਰਾਜਨੀਤੀ ਦੇ ਸ਼ਿਕਾਰ ਹੋ ਕੇ ਸੰਤਾਪ ਭੋਗਣ ਵਰਗੀ ਜਿ਼ੰਦਗੀ ਨੂੰ ਜਿਸ ਹੌਂਸਲੇ/ਹਿੰਮਤ ਨਾਲ ਨਿਭਾਇਆ, ਲਗਦਾ ਹੈ ਕਿ ਜਿਵੇਂ ਉਹ ਕੋਈ ਆਮ ਇਨਸਾਨ ਨਾ ਹੋਣ, ਜਿਵੇਂ ਸਿਰਜਣਹਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਟਾਸਕ ਹਿੱਤ ਦੁਨੀਆਂ ਵਿਚ ਭੇਜਿਆ ਹੋਵੇ। ਤਾਂ ਹੀ ਉਹ ਵ੍ਹੀਲ ਚੇਅਰ `ਤੇ ਹੁੰਦੇ ਹੋਏ ਵੀ ਆਪਣੇ ਪੇਪਰ ਨੂੰ ਸੱਚੀਂ ਮੁੱਚੀਂ ਪੁੱਤਰਾਂ ਵਾਂਗ ਪਾਲ ਕੇ ਕੋਈ ਵੀ ਲੋਭ ਲਾਲਚ ਜਾਂ ਗੈਰ-ਮਿਆਰੀ ਢੰਗ ਤਰੀਕੇ ਨਾ ਅਪਨਾ ਕੇ ਹੱਥੀਂ ਲਾਏ ਬੂਟੇ ਨੂੰ ਆਪਣੇ ਮੁੱਕਦੇ ਜਾ ਰਹੇ ਸੁਆਸਾਂ ਨਾਲ ਸਿੰਜਦੇ ਰਹੇ। ਨਹੀ ਤਾਂ ਡਾਲਰਾਂ ਦੀ ਚਕਾਚੌਂਧ ਨੇ ਵੱਡੇ ਵੱਡਿਆਂ ਨੂੰ ਵਾਹਣੀ ਪਾਇਆ ਹੋਇਆ ਹੈ। ਫਿਰ ਆਮ ਹਾਲਤ ਵਿਚ ਸਾਧਨ ਸੰਪੰਨ ਨੂੰ ਵੀ ਵਿਦੇਸ਼ੀ ਧਰਤੀ `ਤੇ ਪੰਜਾਬੀ ਪਰਚਾ ਕੱਢਣਾ, ਉਹ ਵੀ ਆਪਣੀਆਂ ਅਣਐਲਾਨੀਆਂ ਸ਼ਰਤਾਂ `ਤੇ, ਕਾਠ ਦੀ ਤਲਵਾਰ ਨਾਲ ਲੜਨ ਬਰਾਬਰ ਹੈ।
ਹੋ ਸਕਦਾ ਹੈ ਕਿ ਕਿਸੇ ਨੂੰ ਇਹ ਗੱਲ ਮਾਮੂਲੀ ਲੱਗੇ, ਪਰ ਮੇਰੇ ਇਸਤਰੀਤਵ, ਅਸਿਸਤਵ ਅਤੇ ਸੱਚ ਇਨਸਾਫ `ਤੇ ਪਹਿਰਾ ਦੇਣ ਵਾਲੇ ਪਰਿਵਾਰਕ ਸਟੇਟਸ ਨੂੰ ਮਿੱਟੀ ਵਿਚ ਮਿਲਾਉਣ ਦੇ ਤੁਲ ਸੀ। ਗੱਲ 89-90 ਦੀ ਹੈ, ਜਦੋਂ ਅਤਿਵਾਦ ਵੀ ਸਿਖਰ `ਤੇ ਸੀ। ਮੈਂ ਅਮਰਗੜ੍ਹ ਨੇੜੇ ਮਲੇਰਕੋਟਲਾ ਤੋਂ ਪੰਜਾਬੀ ਟ੍ਰਿਬਿਊਨ ਵਿਚ ਬਤੌਰ ਪੱਤਰਕਾਰ ਕੰਮ ਕਰਨਾ ਸ਼ੁਰੂ ਕੀਤਾ। ਪਹਿਲੇ ਤਿੰਨ ਮਹੀਨੇ (ਪ੍ਰੋਬੇਸ਼ਨਰੀ ਪੀਰੀਅਡ) ਦੌਰਾਨ ਹੀ ਮੈਂ ਪੇਪਰ ਵਿਚ ਪੰਜ ਪੇਜ ਦਾ ਸਪਲੀਮੈਂਟ ਦਿੱਤਾ, ਜਿਸ `ਤੇ ਸੰਪਾਦਕ ਹਰਭਜਨ ਸਿੰਘ ਹਲਵਾਰਵੀ ਨੇ ਸ਼ਾਬਾਸ ਦਿੱਤੀ ਤੇ ਮੇਰੀ ਅੱਗੋਂ ਲਈ ਉਮੀਦਵਾਰੀ ਵੀ ਨਿਯਮਿਤ ਕਰ ਦਿੱਤੀ। ਕੁਝ ਸਮੇਂ ਬਾਅਦ ਅਮਰਗੜ੍ਹ ਦੇ ਜੰਮਪਲ ਤੇ ਅਜੀਤ ਜਲੰਧਰ ਵਿਚ ਬਤੌਰ ਸੀਨੀਅਰ ਸਬ ਐਡੀਟਰ ਅਜੀਤ ਕੁਮਾਰ ਨੇ ਅਮਰਗੜ੍ਹ ਡੇਟ ਲਾਈਨ ਤੋਂ ਪੰਜਾਬੀ ਟ੍ਰਿਬਿਊਨ ਵਿਚ ਲਗਦੀਆਂ ਖਬਰਾਂ ਨੂੰ ਦੇਖ ਕੇ ਮੈਨੂੰ ਅਜੀਤ ਦੀ ਪੱਤਰਕਾਰੀ ਕਰਨ ਲਈ ਕਿਹਾ। ਪਰ ਬੱਚੇ ਛੋਟੇ ਹੋਣ ਕਾਰਨ ਤੇ ਇੱਕ ਹਰ ਰੋਜ ਪੰਦਰਾਂ ਕਿਲੋਮੀਟਰ ਜਾਣ-ਆਉਣ ਅਤੇ ਦੋਵੇਂ ਪੇਪਰਾਂ ਨੂੰ ਵੱਖ ਵੱਖ ਖਬਰਾਂ ਭੇਜਣ ਦੀ ਖਜਾਲਤ ਕਾਰਨ ਮੈਂ ਫੈਸਲਾ ਨਾ ਕਰ ਸਕੀ, ਪਰ ਦੋ ਕੁ ਮਹੀਨੇ ਮਗਰੋਂ ਉਹ ਅਮਰਗੜ੍ਹ ਕਿਸੇ ਸਮਗਮ `ਤੇ ਆਏ ਤੇ ਫਿਰ ਯਾਦ ਕਰਵਾਇਆ। ਮੈਂ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਕਿਹਾ ਕਿ ਪੰਜਾਬੀ ਟ੍ਰਿਬਿਊਨ ਨੂੰ ਜੋ ਖਬਰ ਭੇਜਦੇ ਹੋ, ਉਸੇ ਦੀ ਕਾਪੀ ਹੀ ਅਜੀਤ ਨੂੰ ਵੀ ਕੱਢ ਦਿਆ ਕਰੋ, ਵੱਖਰੇ ਤੌਰ `ਤੇ ਕੁਝ ਕਰਨ ਦੀ ਲੋੜ ਨਹੀਂ। ਫਸਟ ਕਾਪੀ, ਸੈਕੰਡ ਕਾਪੀ ਦਾ ਕੋਈ ਚੱਕਰ ਨਹੀਂ, ਪਰ ਮੈਨੂੰ ਸਾਥੀ ਪੱਤਰਕਾਰਾਂ ਤੋਂ ਪਤਾ ਚਲ ਚੁਕਾ ਸੀ ਕਿ ਪੇਪਰ ਤੁਹਾਡੀ ਪਹਿਲੀ ਖਬਰ ਨੂੰ ਹੀ ਤਰਜੀਹ ਦੇਵੇਗਾ ਕਾਪੀ (ਨਕਲ) ਨੂੰ ਨਹੀਂ।
ਕੁਝ ਦੇਰ ਬਾਅਦ ਮੇਰਾ ਕਪੂਰਥਲੇ ਜਾਣ ਦਾ ਸਬੱਬ ਬਣਿਆ ਤਾਂ ਉਨ੍ਹਾਂ ਦੇ ਇਸ ਭਰੋਸੇ ਉਤੇ ਫੈਸਲਾ ਕੀਤਾ ਕਿ ਚਲੋ ਰਸਤੇ ਵਿਚ ਪੈਂਦੇ ਜਲੰਧਰ ‘ਅਜੀਤ’ ਦੇ ਦਫਤਰ ਹੋ ਕੇ ਜਾਇਆ ਜਾਵੇ। ਜਦੋਂ ਕਾਊਂਟਰ `ਤੇ ਅਪਰੇਟਰ ਨੂੰ ‘ਐਡੀਟਰ ਸਰ’ ਨੂੰ ਮਿਲਣ ਬਾਰੇ ਕਿਹਾ ਤਾਂ ਉਨ੍ਹਾਂ ਤਪਾਕ ਨਾਲ ‘ਬਰਜਿੰਦਰ ਭਾਅ ਜੀ’ ਨੂੰ ਮਿਲਣਾ ਕਿਹਾ ਤਾਂ ਮੈਂ ਮੁੜ ਕਿਹਾ ਕਿ ‘ਨਹੀਂ ਜੀ, ਮੈਂ ਤਾਂ ਹਮਦਰਦ ਸਾਹਿਬ, ਅਜੀਤ ਦੇ ਚੀਫ ਐਡੀਟਰ ਨੂੰ ਮਿਲਣਾ ਹੈ।’ ਉਹਨੇ ਹੱਸ ਕੇ ਕਿਹਾ, ‘‘ਹਾਂ ਹਾਂ! ਤੁਸੀਂ ਰਿਸੈਪਸ਼ਨ `ਚ ਬੈਠੋ, ਭਾਅ ਜੀ ਦੋ ਵਜੇ ਆਉਣਗੇ, ਮਿਲਾ ਦੇਵਾਂਗੇ।’ ਮੈਂ ਹੈਰਾਨ, ਇਹ ਅਰਾਮ ਨਾਲ ਏਡੇ ਵੱਡੇ ਅਦਾਰੇ ਦੇ ਮਾਲਕ/ਸੰਪਾਦਕ ਨੂੰ ਭਾਅ ਜੀ ਕਹੀ ਜਾਂਦਾ ਹੈ, ਕੋਈ ਸਰ, ਸਾਹਿਬ ਨਹੀਂ। ਅਪਰੇਟਰ ਦੇ ਇਸ ਘਰੇਲੂ ਸੁਹਿਰਦ ਸਤਿਕਾਰਤ ਵਰਤਾਰੇ ਨੇ ਮੈਨੂੰ ਜਿਵੇਂ ਅਜੀਤ ਨਾਲ ਬੰਨ ਦਿੱਤਾ।
ਜਦੋਂ ਕਿ ਪੰਜਾਬੀ ਟ੍ਰਿਬਿਊਨ ਦਾ ਜਨਰਲ ਰਵੱਈਆ ਇਸ ਦੇ ਬਿਲਕੁਲ ਉਲਟ ਪੂਰਾ ਚੰਡੀਗੜ੍ਹੀਆ ਸੀ। ਛੋਟੇ ਤੋਂ ਬੜੇ ਤਕ ਬੌਸ ਦਾ ਅਹਿਸਾਸ। ਆਮ ਵਰਤਾਰਾ ਖੁਸ਼ਕ। ਜਿਵੇਂ ਹੀ ਖਬਰਾਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਮੇਰੇ ਤੋਂ ਪਹਿਲਾਂ ਅਜੀਤ ਲਈ ਨਾਭੇ ਤੋਂ ਪੱਤਰਕਾਰ ਜੋ ਕੰਮ ਤਾਂ ਘੱਟ-ਵੱਧ ਹੀ ਕਰਦਾ ਸੀ, ਪਰ ਇਲਾਕੇ ਵਿਚ ਸਾਰੇ ਅਖਬਾਰਾਂ ਦਾ ਇੱਕੋ ਇੱਕ ਨੁਮਾਇਦਾ ਕਹਿ ਕੇ ‘ਆਪਣੀ ਦੁਕਾਨਦਾਰੀ’ ਚੰਗੀ ਚਲਾਉਂਦਾ ਸੀ, ਉਹਨੂੰ ਆਪਣਾ ਇੱਕ ਛਤਰ ਰਾਜ ਖੁਸਦਾ ਜਾਪਿਆ। ਨਾਲ ਨਾਲ ਮੇਰੀ ਮਿਹਨਤ ਤੇ ਇਮਾਨਦਾਰੀ ਦੀ ਗੱਲ ਉਹਦੇ ਬਰਦਾਸ਼ਤ ਤੋਂ ਬਾਹਰ ਸੀ। ਨਾਭਾ, ਭਾਦਸੋਂ, ਗੋਬਿੰਦਗੜ੍ਹ ਸਮੇਤ ਸੰਗਰੂਰ ਦੇ ਵੀ ਕੁਝ ਹਿੱਸੇ ਵਿਚ ਮਾਰ ਕਰਦੇ ਇਸ ਪੱਤਰਕਾਰ ਨੂੰ ਇੱਕ ਔਰਤ ਪੱਤਰਕਾਰ ਦੀ ਇਹ ਰੁਸ਼ਨਾਈ ਹਜਮ ਨਹੀਂ ਹੋ ਰਹੀ ਸੀ। ਇਲਾਕੇ ਵਿਚ ਤੇ ਅਖਬਾਰਾਂ ਦੇ ਦਫਤਰ ਵਿਚ ਉਹਦੀ ‘ਵਧੀਆ ਕਾਰਗੁਜ਼ਾਰੀ’ ਦੇ ਚਰਚੇ ਹੋਣ ਦੇ ਬਾਵਜੂਦ ਉਹ ਆਪਣੀ ਤਿਕੜਮਬਾਜੀ ਨਾਲ ਸੰਪਾਦਕੀ ਅਮਲੇ ਨੂੰ ਗੇੜ ਵਿਚ ਪਾਉਣ ਦਾ ਧਨੀ ਸੀ। ਪਿਛੇ ਜਿਹੇ ਆ ਕੇ ਉਹਦੇ ਸਾਥੀ ਮੋਰਿੰਡਾ-ਰੋਪੜ ਦੇ ਪੱਤਰਕਾਰ ਦਾ ਹਲਵਾਰਵੀ ਸਾਹਿਬ ਦੇ ਪੀ. ਏ. ਨਾਲ ਜਾਅਲੀ ਬਿਲਾਂ ਦੇ ਗੇੜ ਵਿਚ ਨਾ ਆਉਣ ਕਾਰਨ ਦੋਵਾਂ ਨੂੰ ਹੀ ਪੇਪਰ ਵਿਚੋਂ ਡਿਸਮਿਸ ਕਰ ਦਿੱਤਾ ਗਿਆ, ਇਹ ਹੁੰਦਾ ਹੁੰਦਾ ਬਚਿਆ।
ਹਲਵਾਰਵੀ ਸਾਹਿਬ ਦੀ ਬਰਤਰਫੀ ਵੀ ਕੁਝ ਸਮੇਂ ਲਈ ਰੁਕ ਗਈ ਸੀ। ਉਹਨੇ ਟ੍ਰਿਬਿਊਨ ਵਿਚ ਚਲ ਰਹੀ ਗੰਧਲੀ ਸਿਆਸਤ ਨੂੰ ਹਥਿਆਰ ਬਣਾ ਕੇ ਸੰਪਾਦਕ ਹਲਵਾਰਵੀ ਸਮੇਤ ਨਿਊਜ਼ ਡੈਸਕ ਅਮਲੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਗੱਲ ਕੀ, ਇਹ ਆਧਾਰ ਬਣਾ ਕੇ ਕਿ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰ ਹੋ ਕੇ ਅਜੀਤ ਲਈ ਕੰਮ ਕਰਨਾ ਬਹੁਤ ਵੱਡਾ ਗੁਨਾਹ ਹੈ, ਪੱਤਰਕਾਰੀ ਕੈਂਸਲ ਕਰਨ ਦੀ ਵਿਉਂਤਬੰਦੀ ਹੋ ਗਈ। ਜਦੋਂ ਕਿ ਉਹ ਆਪ ਅੱਧੀ ਦਰਜਨ ਅਖਬਾਰਾਂ ਨੂੰ ਖਬਰਾਂ ਦਿੰਦਾ ਸੀ। ਹਲਵਾਰਵੀ ਸਾਹਿਬ ਦਾ ਵੀ ਰਵੱਈਆ ਆਪਣੇ ਪ੍ਰਧਾਨ ਸੇਵਕ ਵਾਂਗ ਪਿਛੇ ਮੁੜਨ ਦਾ ਨਹੀਂ ਸੀ। ਉਸ ਸਮੇਂ ਜੰਮੂ ਭਾਅ ਜੀ ਨੇ ਮੇਰੇ ਹੱਕ ਵਿਚ ਨਾਹਰਾ ਮਾਰਿਆ ਸੀ ਕਿ ਉਸ ਨੂੰ ਕੇਵਲ ਇੱਕ ਔਰਤ ਕਰਕੇ ਤੰਗ ਕੀਤਾ ਜਾ ਰਹਾ ਹੈ, ਜਦੋਂ ਕਿ ਉਹਦਾ ਦੋਸ਼ ਤਾਂ ਕੋਈ ਨਹੀਂ। ਡੈਸਕ ਦੀ ਇਕੋ ਇੱਕ ਲੇਡੀ ਸਬ ਐਡੀਟਰ ਅਰਵਿੰਦਰ ਕੌਰ ਨੇ ਵੀ ਅੱਧੇ ਦਿਨ ਦੀ ਹੜਤਾਲ ਕੀਤੀ ਸੀ, ਹਲਵਾਰਵੀ ਸਾਹਿਬ ਦੇ ਇਸ ਫੈਸਲੇ ਖਿਲਾਫ, ਜਿਸ ਦਾ ਮੈਨੂੰ ਦੇਰ ਬਾਅਦ ਪਤਾ ਲੱਗਾ।
ਭਾਅ ਜੀ ਕਰਮਜੀਤ ਸਿੰਘ, ਦਲਜੀਤ ਸਰਾਂ, ਗੁਰਦਿਆਲ ਬੱਲ, ਸ਼ਿੰਗਾਰਾ ਸਿੰਘ ਭੁੱਲਰ, ਦਲਬੀਰ ਸਿੰਘ, ਸ਼ਾਮ ਸਿੰਘ ਸਮੇਤ ਕਈਆਂ ਨੂੰ ਮੈਂ ਜਾਣਦੀ ਸਾਂ ਤੇ ਥੋੜ੍ਹਾ ਮਿਲ ਵੀ ਚੁਕੀ ਸਾਂ, ਪਰ ਜਿਵੇਂ ਭਾਅ ਜੀ ਨੇ ਆਪਣੇ ਲੜੀਵਾਰ ਵਿਚ ਆਪਣੇ ਇਨ੍ਹਾਂ ਦੋਸਤਾਂ ਦਾ ਚਰਿਤਰ ਵਿਸ਼ਲੇਸ਼ਣ ਕੀਤਾ ਹੈ, ਉਹ ਕਮਾਲ ਦੀ ਕਲਾਕਾਰੀ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇੰਨਾ ਨੇੜੇ ਤੋਂ ਤਾਂ ਇਹ ਵੀ ਆਪਣੇ ਆਪ ਨੂੰ ਨਹੀਂ ਜਾਣਦੇ ਹੋਣਗੇ। ਮੈਂ ਜੰਮੂ ਭਾਅ ਜੀ ਨੂੰ ਕਦੇ ਮਿਲੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਜਾਣਦੀ ਸੀ। ਕੁਝ ਦੇਰ ਤਾਂ ਮੈਂ ਸਮਝੀ ਕਿ ਇਹ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਜੰਮੂ ਹੋਣਗੇ, ਕਿਉਂਕਿ 70ਵਿਆਂ ਦੇ ਦਹਾਕੇ ਵਿਚ ਚੱਲੀਆਂ ਖੱਬੇ ਪੱਖੀਆਂ ਲਹਿਰਾਂ ਨੈਕਸੇਲਾਇਟ, ਨੌਜਵਾਨ ਸਭਾ, ਮੋਗਾ ਘੋਲ (ਰੀਗਲ ਸਿਨੇਮਾ ਘੋਲ), ਬੇਰੁਜਗਾਰ ਘੋਲ, ਪੰਜਾਬ ਸਟੂਡੈਂਟ ਯੂਨੀਅਨ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਹੱਤਿਆ ਤੇ ਘੋਲ, ਬੱਸ ਕਿਰਾਇਆ ਘੋਲ ਆਦਿ ਬਹੁਤ ਸਾਰੇ ਸੰਘਰਸ਼ ਵਿੱਢੇ ਗਏ, ਜਿਨ੍ਹਾਂ ਵਿਚ ਮੇਰੇ ਵੱਡੇ ਭਰਾ ਮਰਹੂਮ ਸੀ. ਐਮ. ਭਾਰਦਵਾਜ, ਸਵਰਗੀ ਰਘਵੀਰ ਸਿੰਘ ਲਮਦੀਪੁਰ (ਦੋਵੇਂ ਐਫ. ਸੀ. ਆਈ. ਸਟਾਫ ਯੂਨੀਅਨ ਆਗੂ), ਮਰਹੂਮ ਡਾ. ਸੰਤੋਖ ਸਿੰਘ (ਹਰਭਜਨ ਸਿੰਘ ਹਲਵਾਰਵੀ ਦੇ ਛੋਟੇ ਭਰਾ), ਟਰੇਡ ਯੂਨੀਅਨ ਆਗੂ ਪੰਜਾਬੀ ਯੂਨੀਵਰਸਟੀ ਪਟਿਆਲਾ ਸਵਰਗੀ ਕੌਰ ਸਿੰਘ ਸੇਖੋਂ, ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਪਿਛੋਂ ਛੋਟੇ ਭਰਾ ਵਿਧੂ ਸ਼ੇਖਰ ਪੰਮੀ, ਸੁਖਦੇਵ ਸਿੰਘ ਪਟਵਾਰੀ, ਮਾਲਵਿੰਦਰ ਸਿੰਘ ਮਾਲੀ ਤੇ ਹੋਰ ਖੱਬੇ ਪੱਖੀ ਕਾਰਕੁੰਨਾਂ ਨਾਲ ਸਰਗਰਮ ਭੂਮਿਕਾ ਵਿਚ ਰਹੇ। ਕੁਦਰਤੀ ਹੈ ਕਿ ਸਾਨੂੰ ਵੀ ਕੁਝ ਨਾ ਕੁਝ ਇਲਮ ਚਲਦੀਆ ਲਹਿਰਾਂ ਦਾ ਹੁੰਦਾ ਰਹਿੰਦਾ ਸੀ ਤੇ ਪਰਿਵਾਰਕ ਤੌਰ `ਤੇ ਹਮਦਰਦੀ ਵੀ। ਵੀਰ ਹੋਰਾਂ ਤੋਂ ਪਤਾ ਲੱਗਾ ਕਿ ਬਲਵਿੰਦਰ ਜੰਮੂ ਪੰਜਾਬੀ ਟ੍ਰਿਬਿਊਨ ਵਿਚ ਨਹੀਂ ਹੈ, ਫਿਰ ਇਹ ਜੰਮੂ ਕੌਣ ਹੋਇਆ? ਭਾਵੇਂ ਗੱਲ ਆਈ ਗਈ ਹੋ ਗਈ, ਪਰ ਇਸ ‘ਹਾਅ ਦੇ ਨਾਹਰੇ’ ਦੀ ਖੋਜ ਜਾਰੀ ਰਹੀ।
ਮਾਰਚ 2016 ਵਿਚ ਜਦੋਂ ਮੈ ਸ਼ਿਕਾਗੋ ਆਈ ਤਾਂ ਆਪਣੇ ਪ੍ਰਤੀਪਾਲਕ ਵੱਡੇ ਭਰਾ ਨੂੰ ਗੁਆ ਕੇ ਆਈ ਸੀ, ਪਰ ਜਦੋਂ ਮੈਂ ਰੱਖੜੀ `ਤੇ ਆਪਣੀਆਂ ਯਾਦਾਂ ਨੂੰ ਕਾਗਜ਼ `ਤੇ ਝਰੀਟਿਆ ਤਾਂ ਭਾਅ ਜੀ ਅਮੋਲਕ ਸਿੰਘ ਨੇ ਫੋਟੋਆਂ ਸਮੇਤ ਪੇਪਰ ਦੀ ਬੇਸ਼-ਕੀਮਤੀ ਥਾਂ ਮੇਰੇ ਨਿੱਜੀ, ਪਰ ਅਸਹਿ ਗਮ ਨੂੰ ਦੇ ਕੇ ਬਹੁਤ ਵੱਡਾ ਅਹਿਸਾਨ ਕੀਤਾ। 2018 ਵਿਚ ਮੇਰੇ ਹੱਥ ‘ਕਮਲਿਆਂ ਦਾ ਟੱਬਰ’ ਦੀ ਲੜੀਵਾਰ ਲਿਖਤ ਹੱਥ ਲੱਗ ਗਈ। ਜਦੋਂ ਪੰਜਾਬੀ ਟ੍ਰਿਬਿਊਨ ਵਿਚ ਵਾਪਰੇ ਘਟਨਾਕ੍ਰਮ ਬਾਰੇ ਪੜ੍ਹਿਆ ਤਾਂ ਸਾਰਾ ਕੁਝ ਚਲ-ਚਿੱਤਰ ਵਾਂਗ ਚਿੱਤਰਪਟ `ਤੇ ਉਕਰ ਗਿਆ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਭਾਅ ਜੀ ਦੀ ਉਕਤ ਲੜੀਵਾਰ ਹਾਲ ਬਿਆਨੀ ਨਾਲ ਮੈਨੂੰ ਲੱਗਾ ਕਿ ਮੇਰੀ ਖੋਜ ਵੀ ਸਿਰੇ ਚੜ੍ਹ ਗਈ ਹੈ। ਇਹ ਹਾਅ ਦਾ ਨਾਹਰਾ ਮਾਰਨ ਵਾਲੇ ਭਾਅ ਜੀ ਅਮੋਲਕ ਸਿੰਘ ਜੰਮੂ ਹੀ ਹੋ ਸਕਦੇ ਹਨ। ਸਿਰਫ ਮੋਹਰ ਲਾਉਣੀ ਹੀ ਬਾਕੀ ਸੀ। ਇਸ ਲਈ ਮੈਂ ਆਪਣੇ ਬੇਟੇ ਤੇ ਪਤੀ ਨਾਲ ਪੰਜਾਬ ਟਾਈਮਜ਼ ਦੇ ਸਾਲਾਨਾ ਸਮਾਗਮ ‘ਤੇ ਪਹੁੰਚੀ ਤੇ ਭਾਅ ਜੀ ਨੂੰ ਪਰਿਵਾਰ ਸਮੇਤ ਮਿਲ ਕੇ 30 ਕੁ ਸਾਲ ਪਹਿਲੇ ਕੀਤੇ ਉਪਕਾਰ ਬਦਲੇ ਸ਼ੁਕਰਾਨਾ ਕਰਨਾ ਚਾਹੁੰਦੀ ਸੀ, ਪਰ ਜਦੋਂ ਉਨ੍ਹਾਂ ਨੂੰ ਮਿਲੀ ਤਾਂ ਕੁਝ ਵੀ ਨਾ ਆਖ ਸਕੀ। ਉਹ ਮਸ਼ੀਨਾਂ ਵਿਚ ਜਕੜੇ ਬਿਲਕੁਲ ਸਾਇੰਸਦਾਨ ਸਟੀਫਨ ਹਾਕਿੰਗ ਦਾ ਰੂਪ ਹੀ ਲੱਗ ਰਹੇ ਸਨ। ਉਹ ਕੁਝ ਫੁਸਫੁਸਾਉਂਦੇ ਰਹੇ, ਪਰ ਮੈਂ ਕੁਝ ਵੀ ਸਮਝ ਨਾ ਸਕੀ। ਗੱਲ ਕਰਨ ਦਾ ਆਖਰੀ ਮੌਕਾ ਵੀ ਹੱਥੋਂ ਕਿਰਦਾ ਦਿਸਿਆ। ਫੋਟੋਆਂ ਖਿਚਾਉਣ ਵਾਲਿਆਂ ਦਾ ਰਸ਼ ਸੀ। ਮਨ ਦੀ ਪੀੜ ਨੂੰ ਮਨ ਵਿਚ ਹੀ ਦਬੋਚ ਕੇ ਉਥੇ ਜੁੜੀ ਭੀੜ ਦਾ ਹਿੱਸਾ ਬਣਨ ਦੀ ਕੋਸਿ਼ਸ਼ ਕੀਤੀ, ਪਰ ਵਿਅਰਥ। ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਸੀ ਕਿ ਜਦੋਂ ਕੋਈ ਲਿਖਤ ਝਰੀਟਕੇ ਈ-ਮੇਲ ਕਰਨੀ ਤਾਂ ਉਨ੍ਹਾਂ ਦਾ ਪਿਆਰਾ ਜਿਹਾ ‘ਥੈਂਕਸ’ ਜਦੋਂ ਲਿਖਤ ਦੀ ਮਕਬੂਲੀਅਤ ਦਾ ਆਉਂਦਾ ਤਾਂ ਮਨ ਨੂੰ ਧਰਵਾਸ ਆ ਜਾਂਦਾ ਕਿ ਲਿਖਤ ਠਿਕਾਣੇ ਲੱਗ ਗਈ ਹੈ।
ਇਹੋ ਜਿਹਾ ਹੀ ਕਹਿਣਾ ਹੈ ਨਾਭੇ ਤੋਂ ਬਬੀਤਾ ਸ਼ਰਮਾ ਦਾ, ਜੋ ਪਾਠਕ ਦੇ ਨਾਲ ਨਾਲ ਗਾਹੇ-ਬਗਾਹੇ ਕਲਮ-ਅਜ਼ਮਾਈ ਵੀ ਕਰਦੀ ਹੈ। ਮੈਡਮ ਕ੍ਰਿਪਾਲ ਕੌਰ ਦਾ ਕਹਿਣਾ ਸੀ ਕਿ ਜੰਮੂ ਸਾਹਿਬ ਨੇ ਉਨ੍ਹਾਂ ਨੂੰ ‘ਮਾਸੀ ਦਾ ਦਰਜਾ’ ਦੇ ਕੇ ਸੰਪਾਦਕ-ਪਾਠਕ/ਲੇਖਕ ਦਾ ਅੰਤਰ ਹੀ ਮੁਕਾ ਦਿੱਤਾ ਸੀ। ਉਹ ਤਾਂ ਭੋਗ ਸਮਾਗਮ `ਤੇ ਆਪਣੇ ਮਨ ਦੇ ਜਜ਼ਬਾਤ ਸ਼ੋਕ ਸਮਾਗਮ ਵਿਚ ਵਿਅਕਤ ਕਰਨਾ ਚਾਹੁੰਦੇ ਸਨ, ਪਰ ਕਿਸੇ ਕਾਰਨ ਉਨ੍ਹਾਂ ਨੂੰ ਮੌਕਾ ਨਾ ਮਿਲਿਆ। ਸੱਚੀਂ, ਰਿਸ਼ਤਿਆਂ ਦੀ ਪਾਕੀਜ਼ਗੀ ਤੇ ਮਾਨਵੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕੋਈ ਉਨ੍ਹਾਂ ਤੋਂ ਸਿੱਖੇ।
ਮੇਰਾ ਪਿਛਲੇ 30-40 ਸਾਲਾਂ ਤੋਂ ਅਖਬਾਰੀ ਦੁਨੀਆਂ ਤੇ ਸੰਪਾਦਕਾਂ, ਉਪ-ਸੰਪਾਦਕਾਂ ਨਾਲ ਵਾਹ ਵਾਸਤਾ ਰਿਹਾ ਹੈ, ਪਰ ਇਹੋ ਜਿਹੀ ਨਿਮਰਤਾ ਤੇ ਕਿਸੇ ਵੀ ਨਵੇਂ ਪੁਰਾਣੇ ਲੇਖਕ ਦੀ ਲਿਖਤ ਨੂੰ ਸਵੀਕਾਰ ਕੇ ‘ਥੈਂਕਸ’ ਕਰਨਾ ਸ਼ਾਇਦ ਕੋਈ ਨਹੀਂ ਜਾਣਦਾ ਕਿ ਇੱਕ ਕਲਮਕਾਰ ਵਾਸਤੇ ਇਹ ਕਿੱਡਾ ਵੱਡਾ ਰਿਵਾਰਡ ਹੈ, ਸਗੋਂ ਬਹੁਤਿਆਂ ਵਲੋਂ ਲਿਖਤ ਦੀ ਪਹੁੰਚ ਬਾਰੇ ਵਾਰ ਵਾਰ ਪੁੱਛਣ `ਤੇ ਵੀ ਕੁਝ ਦੱਸਿਆਂ ਨਹੀਂ ਜਾਂਦਾ। ਉਨ੍ਹਾਂ ਦਾ ਹਿਰਦਾ ਇੰਨਾ ਵਿਸ਼ਾਲ ਸੀ ਕਿ ਜਿਥੇ ਉਨ੍ਹਾਂ ਆਪਣੇ ਕਾਲਜ ਯੂਨੀਵਰਸਿਟੀ, ਕਾਰੋਬਾਰੀ ਅਦਾਰਿਆਂ ਦੇ ਮਿੱਤਰ ਮੰਡਲੀ ਨੂੰ ਆਪਣੇ ਨਾਲ ਜੋੜੀ ਰੱਖਿਆ, ਸਗੋਂ ਨਵੇਂ ਤੇ ਅਣਜਾਣਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਕੇ ਉਨ੍ਹਾਂ ਨੂੰ ਲਿਖਦੇ ਰਹਿਣ ਲਈ ਪ੍ਰੇਰਿਆ।
ਸ਼ਿਕਾਗੋ ਫੇਰੀ ਤੋਂ ਪਹਿਲਾਂ ਮੈਂ ਭਾਅ ਜੀ ਤੇ ਪੰਜਾਬ ਟਾਇਮਜ਼ ਬਾਰੇ ਕੁਝ ਵੀ ਨਹੀਂ ਜਾਣਦੀ ਸਾਂ। ਉਨ੍ਹਾਂ ਵੀ ਨਾ ਕਦੇ ਪਹਿਲਾਂ ਤੇ ਨਾ ਹੀ ਪਿਛੋਂ ਮੈਨੂੰ ਕੁਝ ਜਤਾਇਆ ਸੀ। ਮੈਂ ਇੱਕ ਵਾਰੀ ਮਿਲ ਕੇ 30 ਸਾਲ ਪਹਿਲਾਂ ਕੀਤੇ ਅਹਿਸਾਨ ਦਾ ਕੁਝ ਰਿਣ ਉਤਾਰਨਾ ਚਾਹੁੰਦੀ ਸੀ। ਮੈਂ ਕਸ਼ਮਕਸ਼ ਵਿਚ ਸਾਂ ਕਿ ਪਤਾ ਨਹੀਂ ਉਨ੍ਹਾਂ ਨੂੰ ਇਹ ਯਾਦ ਵੀ ਹੋਵੇਗਾ ਕਿ ਨਹੀਂ? ਜਾਣਦੀ ਨਹੀਂ ਸਾਂ, ਮਿਲੀ ਨਹੀਂ ਸਾਂ, ਇਸ ਕਰਕੇ ਪਤਾ ਨਹੀਂ ਪਛਾਣਨਗੇ ਵੀ ਕਿ ਨਹੀਂ? ਕਿਤੇ ਉਨ੍ਹਾਂ ਨੂੰ ਲੱਗੇ ਕਿ ਹੁਣ ਇਥੇ ਵਿਦੇਸ਼ੀ ਧਰਤੀ `ਤੇ ਖੁਦਗਰਜ਼ੀ ਵਜੋਂ ਕੋਈ ਖੁਸ਼ਾਮਦੀ ਚੱਕਰ ਹੈ, ਜਿਸ ਤੋਂ ਮੈਨੂੰ ਆਪ ਨੂੰ ਵੀ ਬਹੁਤ ਚਿੜ ਹੈ। ਕਿੰਨੇ ਸਾਰੇ ਸੁਆਲ ਧਰੇ-ਧਰਾਏ ਰਹਿ ਗਏ। ਲੱਗਦਾ ਸੀ, ਜੇ ਮੈਂ ਕੁਝ ਦੱਸਾਂਗੀ, ਇਹ ਉਨ੍ਹਾਂ ਨਾਲ ਧੱਕਾ ਹੋਵੇਗਾ। ਇੰਨੀ ਲਾਚਾਰ ਹਾਲਤ ਵਿਚ ਉਹ ਕਿਵੇਂ ਯਾਦ ਕਰਨਗੇ? ਮਨ ਦੀ ਗੁੱਥੀ ਨਾ ਖੋਲ੍ਹ ਸਕੀ। ਮਨ ਵਿਚ ਪੈਦਾ ਹੋਏ ਇਨ੍ਹਾਂ ਸ਼ੰਕਿਆਂ ਕਾਰਨ ਕਦੇ ਕੋਈ ਈਮੇਲ ਜਾਂ ਪੱਤਰ ਵੀ ਲਿਖ ਨਾ ਸਕੀ। ਭੈਣ ਜਸਪ੍ਰੀਤ ਨਾਲ ਵੀ ਕੋਈ ਜਾਣ-ਪਛਾਣ ਨਹੀਂ ਸੀ। ਬਸ ਉਕਤ ਕਿਸਮ ਦੀ ਜਕੋ-ਤੱਕੀ ਨੇ ਮੈਨੂੰ ਉਲਝਾਈ ਰੱਖਿਆ, ਪਰ ਹਮੇਸ਼ਾ ਦੋਸ਼ੀ ਮਹਿਸੂਸ ਕਰਦੀ ਰਹੀ, ਅਰਜੋਈ ਕਰਦੀ ਰਹੀ ਕਿ ਮਾਲਕ ਉਨ੍ਹਾਂ ਨੂੰ ਸਿਹਤਯਾਬੀ ਦੇਵੇ ਤਾਂ ਕਿ ਮੈਂ ਆਪਣੇ ਮਨ ਦੇ ਭਾਰ ਨੂੰ ਹਲਕਾ ਕਰ ਸਕਾਂ। ਹੁਣ ਇਸ ਪਛਤਾਵੇ ਵਿਚੋਂ ਨਿਕਲਣ ਦਾ ਇਹੀ ਰਸਤਾ ਸਮਝ ਪਿਆ ਹੋ ਸਕਦਾ ਹੈ, ਮੇਰੀ ਅੰਤਰ ਆਤਮਾ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚ ਜਾਵੇ ਤੇ ਮੇਰੇ ਇਨ੍ਹਾਂ ਪਛਤਾਵੇ ਦੇ ਸ਼ਬਦਾਂ ‘ਭਾਅ ਜੀ ਮੈਂ ਅਹਿਸਾਨ ਫਰੋਸ਼ ਨਹੀਂ’ ਨੂੰ ਤਸਲੀਮ ਕਰਕੇ ਇਸ ਆਤਮ ਗਿਲਾਨੀ ਤੋਂ ਸੁਰਖਰੂ ਕਰ ਦੇਣ।
ਇਹੋ ਜਿਹੀ ਪਰਉਪਕਾਰੀ ਆਤਮਾ ਅਜੋਕੇ ਪਦਾਰਥਵਾਦੀ ਯੁਗ ਵਿਚ ਕਿਤੇ ਸੰਭਵ ਹੈ। ਕਿਸੇ ਦੀ ਅੱਛਾਈ-ਸੱਚਾਈ ਦੀ ਵਕਾਲਤ ਵੀ ਕਰ ਦੇਣਾ ਤੇ ਕਦੇ ਉਹਨੂੰ ਅਹਿਸਾਸ ਤਕ ਵੀ ਨਾ ਕਰਾਉਣਾ। ਅਹਿਸਾਸ ਤਾਂ ਦੂਰ ਦੀ ਗੱਲ, ਬਿਨਾ ਜਾਣ-ਪਛਾਣ ਤੋਂ ਹੱਕ ਸੱਚ ਦੀ ਗੱਲ ਕਰਨੀ ਤੇ ਮੈਨੇਜਮੈਂਟ ਨਾਲ ਆਢਾ ਲਾ ਲੈਣਾ। ਜਦੋਂ ਕਿ ਆਪ ਵੀ ਉਸ ਸਮੇਂ ਅਥਾਰਟੀ ਦੀ ਅਣਦੇਖੀ ਦਾ ਸ਼ਿਕਾਰ ਸਨ, ਪਰ ਜਿਸ ਦੇ ਹੱਕ ਵਿਚ ਬੋਲਿਆ, ਉਸ ਦੇ ਡੇਰੇ ਖਬਰ ਵੀ ਨਹੀਂ। ਹੈ ਇਸ ਤਰ੍ਹਾਂ ਦੀ ਕੋਈ ਨਿਰਛੱਲ ਨਿਰਸੁਆਰਥ ਸ਼ਖਸੀਅਤ। ਅਜਿਹੇ ਮੌਕੇ ਤਾਂ ਆਪਣੇ ਵੀ ਮੂੰਹ ਫੇਰ ਲੈਂਦੇ ਹਨ।
ਪੱਚੀ ਅਪਰੈਲ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਉਨ੍ਹਾਂ ਦੇ ਭੋਗ ਸਮਾਗਮ ਵਿਚ ਅਸੀਂ ਕ੍ਰਿਸਟਲ ਲੇਕ ਤੋਂ ਮੈਡਮ ਕਿਰਪਾਲ ਕੌਰ, ਮੇਰੇ ਪਤੀ ਪ੍ਰੋ. ਬਸੰਤ ਲਾਲ, ਬੇਟੇ ਹਰਸ਼ਇੰਦੂ ਲਾਡੀ, ਪੋਤਰੇ ਨਿੱਕੂ ਸਮੇਤ ਸ਼ਾਮਲ ਹੋ ਕੇ ਅਰਦਾਸ ਜੋਦੜੀ ਕੀਤੀ ਸੀ ਕਿ ਮਾਲਕ ਉਨ੍ਹਾਂ ਦੀ ਜੀਵਨ ਸਾਥਣ ਭੈਣ ਜਸਪ੍ਰੀਤ ਕੌਰ, ਜਿਸ ਨਾਲ ਭਰ ਜੀਵਨ ਸਾਥ ਨਿਭਾਉਣ ਦਾ ਵਾਅਦਾ ਵਫਾ ਨਾ ਹੋ ਸਕਿਆ, ਸਪੁੱਤਰ ਮਨਦੀਪ ਸਿੰਘ ਸਮੇਤ ਪਰਿਵਾਰ, ਦੋਸਤਾਂ-ਮਿੱਤਰਾਂ ਤੇ ਸਕੇ-ਸਬੰਧੀਆਂ ਨੂੰ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਬਲ ਬੁੱਧੀ ਬਖਸ਼ੇ ਤੇ ਭਾਅ ਜੀ ਦੀ ਪਵਿਤਰ ਆਤਮਾ ਨੂੰ (ਇਹ ਲਿਖਣਾ ਕਿੰਨਾ ਔਖਾ ਹੈ) ਆਪਣੇ ਚਰਨ ਕਮਲਾਂ ਵਿਚ ਨਿਵਾਸ ਬਖਸ਼ੇ।
______________________________

ਵਾਰੀ ਆਪੋ ਆਪਣੀ…
ਮੈਨੂੰ ‘ਪੰਜਾਬ ਟਾਈਮਜ਼’ ਵੀਕਲੀ ਦੇ ਮੁੱਖ ਸੰਪਾਦਕ ਅਮੋਲਕ ਸਿੰਘ ਜੰਮੂ ਜੀ ਦੇ ਅਚਨਚੇਤ ਤੁਰ ਜਾਣ ਦਾ ਬੇਹੱਦ ਦੁੱਖ ਹੋਇਆ ਹੈ। ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਲਈ ਇਹ ਇੱਕ ਨਾ ਪੂਰਾ ਹੋਣਾ ਵਾਲਾ ਘਾਟਾ ਹੈ, ਪਰ ‘ਮਰਣਾ ਸੱਚ, ਜਿਉਣਾ ਝੂਠ’ ਇੱਕ ਅਟੱਲ ਸੱਚਾਈ ਹੈ। ਗੁਰਬਾਣੀ ਦਾ ਵੀ ਉਪਦੇਸ਼ ਹੈ,
ਰਾਣਾ ਰਾਉ ਨ ਕੋ ਰਹੈ
ਰੰਗੁ ਨ ਤੁੰਗੁ ਫਕੀਰੁ॥
ਵਾਰੀ ਆਪੋ ਆਪਣੀ
ਕੋਇ ਨ ਬੰਧੈ ਧੀਰ॥
ਸੋ ਪਰਮਾਤਮਾ ਅੱਗੇ ਅਰਦਾਸ ਹੈ ਕਿ ਅਮੋਲਕ ਸਿੰਘ ਜੰਮੂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਇਸ ਦੁੱਖ ਦੀ ਘੜੀ ਵਿਚ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
-ਡਾ. ਨੌਰੰਗ ਸਿੰਘ ਮਾਂਗਟ
ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ
ਪੀ. ਏ. ਯੂ. ਲੁਧਿਆਣਾ,
ਫੋਨ: 403-401-8787

______________________________

ਅਮੋਲਕ ਸਿੰਘ ਜੰਮੂ ਦਾ ਵਿਛੋੜਾ
‘ਪੰਜਾਬ ਟਾਈਮਜ਼’ ਦੇ ਬਾਨੀ, ਨਿਧੱੜਕ ਪੱਤਰਕਾਰੀ ਦੇ ਥੰਮ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰਕ ਸ. ਅਮੋਲਕ ਸਿੰਘ ਜੰਮੂ ਦਾ ਦੁਨੀਆਂ ਤੋਂ ਚਲੇ ਜਾਣਾ ਸਭਨਾਂ ਲਈ ਬਹੁਤ ਅਸਹਿ ਸਦਮਾ ਹੈ। ਉਹ ਬਹੁਤ ਹੀ ਆਸ਼ਾਵਾਦੀ, ਪ੍ਰੇਰਨਾਦਾਇਕ ਅਤੇ ਨਿੱਧੜਕ ਸ਼ਖਸੀਅਤ ਦੇ ਮਾਲਕ ਸਨ। ਜ਼ਿੰਦਗੀ ਨਾਲ ਮੁੱਢੋਂ ਹੀ ਸੰਘਰਸ਼ ਕਰਨ ਵਾਲੇ ਅਮੋਲਕ ਸਿੰਘ ਦੇ ਤੁਰ ਜਾਣ ਦਾ ਪਤਾ ਲੱਗਿਆ ਤਾਂ ਕਾਲਜੇ ‘ਚੋਂ ਰੁੱਗ ਜਿਹਾ ਭਰਿਆ ਗਿਆ। ਜਿ਼ੰਦਗੀ ਦੇ ਦੁੱਖਾਂ ਨੂੰ ਹੱਸ ਕੇ ਝੱਲਣ ਵਾਲੇ, ਰੱਬ ਦੀ ਰਜ਼ਾ ‘ਚ ਰਹਿਣ ਵਾਲੇ ਅਮੋਲਕ ਜੰਮੂ ਭਾਵੇਂ ਸਰੀਰਕ ਤੌਰ ‘ਤੇ ਸਾਡੇ ‘ਚ ਨਹੀਂ ਰਹੇ, ਪਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਸੱਚਾਈਆਂ, ਫਲਸਫੇ, ਪ੍ਰੇਰਨਾਦਾਇਕ ਯਾਦਾਂ ਕਦੇ ਦਿਲਾਂ ‘ਚੋਂ ਮਨਫੀ ਨਹੀਂ ਹੋ ਸਕਦੀਆਂ।
ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਰੱਬੀ ਰੂਹ ਸ਼ਖਸੀਅਤ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਿਵਾਰ, ਮਿੱਤਰ-ਸਨੇਹੀਆਂ ਨੂੰ ਭਾਣਾ ਮੰਨਣ ਅਤੇ ਉਨ੍ਹਾਂ ਦੇ ਜੀਵਨ ਸਿਧਾਂਤ ‘ਤੇ ਚੱਲਣ ਦਾ ਬਲ ਬਖਸ਼ੇ।
-ਸੁਰਜੀਤ ਜੱਸਲ, ਬਰਨਾਲਾ