ਮਾਂਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਗੁਰੂ ਤੋਂ ਬਾਅਦ ਮਾਂ ਦਾ ਰਿਸ਼ਤਾ ਸਰਵੋਤਮ ਮੰਨਿਆ ਜਾਂਦਾ ਹੈ। ਕਹਿੰਦੇ ਹਨ, ਗੁਰੂ ਦੀ ਕਿਰਪਾ ਤੇ ਮਾਂ ਦੀ ਅਸੀਸ ਮਨੁੱਖ ਦਾ ਜੀਵਨ ਸੰਵਾਰ ਦਿੰਦੀ ਹੈ। ਰੱਬ ਮਾਂ ਦੇ ਰੂਪ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੰਦਾ ਹੈ। ਬੱਚਿਆਂ ਲਈ ਮਾਂ ਦਾ ਰਿਸ਼ਤਾ ਪੂਜਣਯੋਗ ਹੁੰਦਾ ਹੈ। ਇਕ ਬੱਚੇ ਲਈ ਦੁਨੀਆਂ ਦੀ ਸਭ ਤੋਂ ਵੱਧ ਪਿਆਰੀ ਤੇ ਖੂਬਸੂਰਤ ਔਰਤ ਉਸ ਦੀ ਮਾਂ ਹੀ ਹੁੰਦੀ ਹੈ। ਮਾਂ ਤੇ ਪੁੱਤ ਅਤੇ ਮਾਂ ਤੇ ਧੀ ਦੇ ਪਿਆਰ ਦੇ ਸਮਤੁਲ ਹੋਰ ਕੋਈ ਪਿਆਰ ਨਹੀਂ ਹੁੰਦਾ। ਮਾਂ ਤੇ ਧੀ ਦੇ ਪਿਆਰ ਦੀ ਗਹਿਰਾਈ, ਸ਼ਿੱਦਤ ਤੇ ਘਣਤਾ ਨੂੰ ਨਾਪਣਾ-ਤੋਲਣਾ ਕਠਿਨ ਹੈ।

ਧੀ ਦੇ ਬਾਲਪਨ ਦੀ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਅਵਸਥਾ, ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਨ ਦੀ ਅਵਸਥਾ, ਵਿਆਹੇ ਜਾਣ ਤੇ ਵਿਆਹ ਹੋ ਜਾਣ ਪਿੱਛੋਂ ਦੀ ਅਵਸਥਾ ਦੇ ਵੱਖ-ਵੱਖ ਪੜਾਅ ਜ਼ਰੂਰ ਹਨ, ਪਰ ਹਰੇਕ ਸਮੇਂ ਮਾਂ ਅਤੇ ਧੀ ਦੇ ਪਿਆਰ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਵੇਖਿਆ ਜਾ ਸਕਦਾ ਹੈ।
ਮਾਂਵਾਂ ਤੇ ਠੰਢੀਆਂ ਛਾਂਵਾਂ
ਮੈਂ ਮਾਂ ਦੀ ਧੀ ਸਦਵਾਵਾਂ…।
ਕਹਿੰਦੇ ਹਨ, ਇਕ ਮਾਂ ਆਪਣਾ ਬਚਪਨ ਆਪਣੀ ਬੇਟੀ ਵਿਚੋਂ ਦੇਖਦੀ ਹੈ। ਵੇਖਦਿਆਂ-ਵੇਖਦਿਆਂ ਉਹ ਕੋਮਲ ਪਰੀ ਉਸ ਦੀ ਦੋਸਤ, ਉਸ ਦੀ ਸਹੇਲੀ, ਉਸ ਦੀ ਭੈਣ ਵੀ ਬਣ ਜਾਂਦੀ ਹੈ। ਮਾਂ ਤੇ ਧੀ ਨਾਲੋਂ ਵਧੀਆ ਦੋਸਤੀ ਹੋਰ ਕਿਧਰੇ ਘੱਟ ਹੀ ਵੇਖਣ ਨੂੰ ਮਿਲਦੀ ਹੋਵੇਗੀ। ਮਾਂ ਵਲੋਂ ਦਿੱਤੀ ਸਕਾਰਾਤਮਕ ਸੇਧ ਸਾਰੀ ਉਮਰ ਵਾਸਤੇ ਉਸ ਦੀ ਧੀ ਦੇ ਰਾਹ ਰੁਸ਼ਨਾਉਂਦੀ ਰਹਿੰਦੀ ਹੈ। ਸਮਾਜ ਵਿਗਿਆਨ, ਸਮਾਜ ਸ਼ਾਸਤਰ ਤੇ ਲੋਕਾਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਸੂਝ ਪੂਰਵਕ ਗੱਲਾਂ ਮਾਂ ਹੀ ਆਪਣੀ ਧੀ ਨੂੰ ਸਮਝਾਉਂਦੀ ਹੈ। ਮਾਂ ਆਪਣੇ ਜੀਵਨ ਦੇ ਵਧੀਆ ਨਿਰਣੇ ਆਪਣੀ ਧੀ ਉੱਪਰ ਲਾਗੂ ਕਰਨ ਦੇ ਯਤਨ ਵਿਚ ਹੁੰਦੀ ਹੈ ਤਾਂ ਜੋ ਧੀ ਜੀਵਨ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਤੋਂ ਸੇਧ ਹਾਸਲ ਕਰ ਸਕੇ। ਪੰਜਾਬੀ ਲੋਕ ਗੀਤਾਂ ਵਿਚ ਮਾਂਵਾਂ-ਧੀਆਂ ਦਰਮਿਆਨ ਲੰਮੀਆਂ/ਗੂੜ੍ਹੀਆਂ ਗੱਲਾਂ ਚੱਲਦੀਆਂ ਹਨ:
ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲੋੜੀਆਂ
ਕਣਕਾਂ ਲੰਮੀਆਂ,
ਧੀਆਂ ਕਿਉਂ ਜੰਮੀਆਂ ਨੀ ਮਾਏ…

ਮਾਂਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ।
ਕਣਕਾਂ ਨਿਸਰੀਆਂ,
ਧੀਆਂ ਕਿਉਂ ਵਿਸਰੀਆਂ, ਮਾਏ…
ਮਾਂ ਤੇ ਧੀ ਦਾ ਰਿਸ਼ਤਾ ਬੇਤੋਲ, ਬੇਜੋੜ, ਅਣਮੇਲ, ਲਾਸਾਨੀ ਤੇ ਗੂੜ੍ਹਾ ਬਣ ਕੇ ਪ੍ਰਗਟ ਹੁੰਦਾ ਹੈ। ਇਸ ਰਿਸ਼ਤੇ ਨਾਲੋਂ ਵਧੇਰੇ ਆਪਣੇਪਨ ਦਾ ਅਹਿਸਾਸ, ਨੇੜਤਾ ਤੇ ਨਿੱਘ ਹੋਰ ਕਿਸੇ ਰਿਸ਼ਤੇ ਵਿਚ ਨਹੀਂ ਹੁੰਦਾ ਹੋਵੇਗਾ। ‘ਮਾਂ ਵਰਗਾ ਘਣਛਾਂਵਾਂ ਬੂਟਾ’ ਹੋਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਾਂ ਆਪਣੀ ਧੀ ਲਈ ਰੱਖਿਆ ਪ੍ਰਦਾਤੀ ਹੁੰਦੀ ਹੈ। ਮਾਂ ਉਸ ਲਈ ਬਿਹਤਰੀਨ ਅਧਿਆਪਕ ਤੇ ਨਿਗਰਾਨ ਹੁੰਦੀ ਹੈ। ਧੀ ਨੂੰ ਉਹ ਨੈਤਿਕ ਤੇ ਸਮਾਜਿਕ ਸਿੱਖਿਆ ਪ੍ਰਦਾਨ ਕਰਦੀ ਹੈ। ਕਿਸੇ ਮੁਸੀਬਤ ਵੇਲੇ, ਦੁੱਖ ਦੇ ਵਕਤ ਜਾਂ ਸੰਕਟ ਦੀ ਘੜੀ ਵਿਚ ਧੀ-ਪੁੱਤਰ ਨੂੰ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਅਜਿਹੇ ਸਮੇਂ ‘ਹਾਇ ਰੱਬਾ’ ਜਾਂ ‘ਹਾਇ ਮਾਂ’ ਹੀ ਮੂੰਹੋਂ ਨਿਕਲਣ ਵਾਲੇ ਸਭ ਤੋਂ ਪਿਆਰੇ ਸ਼ਬਦ ਹੁੰਦੇ ਹਨ। ਧੀ ਨੂੰ ਪਤਾ ਹੈ ਕਿ ਉਸ ਨੇ ਆਪਣੀ ਮਾਂ ਦੇ ਘਰ ਸਦਾ ਨਹੀਂ ਬੈਠੀ ਰਹਿਣਾ, ਫਿਰ ਵੀ ਧੀ ਨੂੰ ਦਿਲਾਸਾ ਹੈ ਕਿ ਮਾਂ ਦੇ ਨਾਲ ਹੀ ਉਸ ਦਾ ਜਹਾਨ ਵੱਸਦਾ ਹੈ। ਮਾਂ ਨੂੰ ਮੁਖਾਤਿਬ ਹੁੰਦਿਆਂ ਉਹ ਕਹਿੰਦੀ ਹੈ:
ਮਾਏ ਨੀ ਸੁਣ ਮੇਰੀਏ ਮਾਏ,
ਨਾ ਕਰ ਮੇਰੀ ਮੇਰੀ ਨੀ
ਇਹ ਧੀਆਂ ਦਿਨ ਚਾਰ ਦਿਹਾੜੇ
ਜੋਗੀ ਵਾਲੀ ਫੇਰੀ ਨੀ
ਮਾਏ ਨੀ ਸੁਣ ਮੇਰੀਏ ਮਾਏ,
ਪਏ ਵਿਛੋੜੇ ਭਾਰੀ ਨੀ
ਵਾਲ ਗੋਰੀ ਦੇ ਬਿਸੀਅਰ ਕਾਲੇ
ਜ਼ੁਲਫਾਂ ਲੈਣ ਹੁਲਾਰੇ ਨੀ…।

ਮਾਏ ਪੀਲੀ ਪੀਲੀ ਛੋਲਿਆਂ ਦੀ ਦਾਲ
ਕੋਈ ਨੀ ਪ੍ਰਾਹੁਣਾ ਆ ਨੀ ਗਿਆ…।
ਮਾਂ ਦਾ ਪਿਆਰ ਕਾਗਜ਼ ਦੇ ਕਿਸੇ ਪੁਰਜ਼ੇ ਉੱਪਰ ਲਿਖੇ ਸਵਾਲ ਜਾਂ ਉਸ ਦੇ ਜਵਾਬ ਦਾ ਮੁਥਾਜ ਨਹੀਂ ਹੁੰਦਾ। ਮਾਂ ਦਾ ਪਿਆਰ ਤਾਂ ਸਮੁੰਦਰ ਜਿੰਨੀ ਗਹਿਰਾਈ ਤੇ ਅਸਮਾਨ ਜਿੰਨੀ ਵਿਸ਼ਾਲਤਾ ਜਿਹਾ ਹੁੰਦਾ ਹੈ। ਮਾਂ ਸਿਰਫ ‘ਮਾਂ’ ਹੀ ਹੋ ਸਕਦੀ ਹੈ। ਵਿਗਿਆਨ ਨੇ ਅਜੇ ਤੱਕ ਮਾਂ ਦੇ ਪਿਆਰ ਦੀ ਗਹਿਰਾਈ ਤੇ ਵਿਸ਼ਾਲਤਾ ਨੂੰ ਨਾਪਣ ਵਾਲਾ ਕੋਈ ਯੰਤਰ ਤਿਆਰ ਨਹੀਂ ਕੀਤਾ। ਮਾਂ ਦੇ ਪਿਆਰ ਭਰੇ ਬੋਲਾਂ ਦੀ ਕੀਮਤ ਤੇ ਮਹੱਤਵ ਕੋਈ ਉਨ੍ਹਾਂ ਬੱਚਿਆਂ ਕੋਲੋਂ ਪੁੱਛੇ, ਜਿਨ੍ਹਾਂ ਦੀਆਂ ਮਾਂਵਾਂ ਨਹੀਂ ਹੁੰਦੀਆਂ। ਸੁਭਾਗਿਆਂ ਨੂੰ ਮਿਲਦਾ ਹੈ ਮਾਂ ਦਾ ਅਦੁੱਤੀ ਪਿਆਰ! ਕਿੰਨੀ ਮਧੁਰ ਤੇ ਕਾਲਜੇ ਨੂੰ ਧੂਹ ਪਾਉਣ ਵਾਲੀ ਹੁੰਦੀ ਹੈ ਮਾਂ ਦੀ ਮਧੁਰ ਆਵਾਜ਼! ਧੀ ਵਾਸਤੇ ਮਾਂ ਦੇ ਪਿਆਰ ਦਾ ਹੋਰ ਕੋਈ ਬਦਲ ਹੁੰਦਾ ਹੀ ਨਹੀਂ:
ਪੀਹ ਪੀਹ ਕੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਂਵਾਂ ਬਾਝੋਂ ਵੇ
ਕੋਈ ਪੁੱਛਦਾ ਨਾ ਬਾਤਾਂ…।

ਅੱਖੀਆਂ ਜਲ ਭਰ ਆਈਆਂ ਨੀ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏ…।
ਮਾਂ ਬਹੁਤ ਭਾਵੁਕ, ਸੰਵੇਦਨਸ਼ੀਲ ਤੇ ਨਾਜ਼ੁਕ ਤਬੀਅਤ ਦੀ ਮਾਲਕ ਹੁੰਦੀ ਹੈ। ਉਹ ਆਪਣੇ ਬੱਚਿਆਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ। ਬੱਚੇ ਦਾ ਦੁੱਖ ਸੁਣ/ਵੇਖ ਕੇ ਮਾਂ ਦਾ ਮੋਮ ਵਰਗਾ ਦਿਲ ਪਿਘਲ ਜਾਂਦਾ ਹੈ। ਮਾਂ-ਪੁੱਤ ਦੇ ਪਿਆਰ, ਮਾਂਵਾਂ-ਧੀਆਂ ਦੀ ਦੋਸਤੀ, ਅੰਮੜੀ ਦੀਆਂ ਝਿੜਕਾਂ ਆਦਿ ਦੀਆਂ ਗੱਲਾਂ ਜਗਤ ਪ੍ਰਸਿੱਧ ਹਨ। ਮਾਂ ਹਰੇਕ ਪਲ ਆਪਣੇ ਬੱਚੇ ਦੇ ਸਵਾਸਾਂ ਵਿਚ ਹਾਜ਼ਰ ਰਹਿੰਦੀ ਹੈ। ਮਾਂ ਨੂੰ ਰੱਬ ਦਾ ਰੂਪ ਕਹਿ ਕੇ ਵਡਿਆਇਆ ਜਾਂਦਾ ਹੈ ਤੇ ਉਸ ਨੂੰ ਸਨਮਾਨ ਦਿੱਤਾ ਜਾਂਦਾ ਹੈ। ਮਾਂ ਦੇ ਪਿਆਰ ਦੀ ਟੋਹ ਨੂੰ, ਮਮਤਾ ਦੇ ਨਿੱਘ ਨੂੰ ਸਿਰਫ ਉਸ ਦੇ ਧੀਆਂ-ਪੁੱਤਰ ਹੀ ਸਮਝ ਸਕਦੇ ਹਨ। ਬੱਚਿਆਂ ਦਾ ਰੋਮ-ਰੋਮ ਮਾਂ ਦੇ ਪਿਆਰ ਦਾ ਰਿਣੀ ਹੁੰਦਾ ਹੈ। ਪੰਜਾਬੀ ਲੋਕ-ਗੀਤਾਂ ਵਿਚ ਮਾਂਵਾਂ-ਧੀਆਂ ਆਪਣੇ ਦੁੱਖ-ਸੁੱਖ ਫਰੋਲਦੀਆਂ ਹਨ:
ਮਾਏ ਪੀੜ੍ਹੀ ਬੈਠੀਏ ਨੀ
ਧੀਆਂ ਕਿਉਂ ਦਿੱਤੀਆਂ ਦੂਰ,
ਸਾਵਣ ਆਇਆ…।
ਮਹਿਲ ਹੇਠ ਮੇਰੀ ਮਾਂ ਖੜ੍ਹੀ
ਸੁਣ ਸੁਣ ਨੈਣ ਭਰੇ
ਨਾ ਰੋ ਅੰਮੜੀ ਮੇਰੀਏ
ਧੀਆਂ ਦੇ ਦੁੱਖ ਬੁਰੇ…।

ਕਾਲੇ ਖੰਭ ਨੇ ਕਾਂਵਾਂ ਦੇ
ਧੀਆਂ ਪਰਦੇਸ ਗਈਆਂ
ਧੰਨ ਜਿਗਰੇ ਮਾਂਵਾਂ ਦੇ…।
ਬਹੁਤੇ ਪੰਜਾਬੀ ਲੋਕ ਗੀਤਾਂ ਨੇ ਸਮੇਂ ਦੇ ਭਾਵੁਕ ਵੇਗ ਵਿਚੋਂ ਜਨਮ ਲਿਆ ਹੁੰਦਾ ਹੈ। ਅਜਿਹਾ ਇਕ ਲੰਮਾ ਲੋਕ ਗੀਤ ਮਾਂ-ਧੀ ਦੇ ਪਿਆਰ ਦਾ ਪ੍ਰਗਟਾਵਾ ਵੀ ਕਰਦਾ ਹੈ ਤੇ ਉਨ੍ਹਾਂ ਦੇ ਦਿਲਾਂ ਦੀ ਹੂਕ ਬਣ ਕੇ ਵੀ ਪ੍ਰਗਟ ਹੁੰਦਾ ਹੈ:
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ
ਰਵ੍ਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ
ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀ ਮਾਂ
ਮੈਂ ਚੱਲੀ ਬੇਗਾਨੇ ਦੇਸ ਨੀ ਮਾਂ
ਮੇਰੀ ਡੋਲੀ ਨੂੰ ਹੋਰ ਛੁਪਾ ਕੇ ਨੀ ਮਾਂ
ਧੀਆਂ ਕੱਢਣ ਘਰੋਂ ਹੱਥੀਂ ਮਾਪੇ ਨੀ ਮਾਂ…।

ਕਲੀਆਂ: ਮਾਂਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ…।
ਸਮਾਜਿਕ ਦ੍ਰਿਸ਼ ਦੀਆਂ ਕੁਝ ਝਾਕੀਆਂ ਬਹੁਤ ਖੂਬਸੂਰਤ ਵੀ ਹਨ, ਮਨਮੋਹਕ ਵੀ ਹਨ; ਘਿਣਾਉਣੀਆਂ ਵੀ ਹਨ, ਡਰਾਉਣੀਆਂ ਵੀ ਹਨ, ਸਹਿਮ ਪੈਦਾ ਕਰਨ ਵਾਲੀਆਂ ਵੀ ਹਨ ਤੇ ਚਿੰਤਾ ਵਿਚ ਡੁਬੋ ਦੇਣ ਵਾਲੀਆਂ ਵੀ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀ ਚੰਦਰੀ ਹਵਾ ਚੱਲੀ ਹੈ ਕਿ ਕਈ ਹਾਲਤਾਂ ਵਿਚ ਰਿਸ਼ਤਿਆਂ ਦਾ ਬਹੁਤ ਬੁਰੀ ਤਰ੍ਹਾਂ ਘਾਣ ਹੋਇਆ ਹੈ। ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਕਲੰਕਿਤ ਹੋ ਰਹੇ ਰਿਸ਼ਤਿਆਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ। ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਕਿਸੇ ਕੁਲਹਿਣੀ ਮਾਂ ਨੇ ਆਪਣੀਆਂ ਦੋ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਮੁਕਾਇਆ, ਕਿਸੇ ਕਲਯੁਗੀ ਧੀ ਨੇ ਆਪਣੀ ਵਿਧਵਾ ਮਾਂ ਨੂੰ ਜਿਉਂਦੀ ਨੂੰ ਸਾੜ ਦਿੱਤਾ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ‘ਚੁਬਾਰੇ ਦੀਆਂ ਚਾਰੇ ਕੰਧਾਂ ਹੀ ਨਹੀਂ ਹਿੱਲਦੀਆਂ’ ਸਗੋਂ ਭੁਚਾਲ ਆ ਜਾਂਦਾ ਹੈ। ਸਮਾਜਿਕ ਤਾਣਾ-ਬਾਣਾ ਡੋਲਣ ਲੱਗਦਾ ਹੈ। ਇਨਸਾਨੀਅਤ ਸ਼ਰਮਿੰਦਗੀ ਵਿਚ ਡੁੱਬਣ ਲੱਗਦੀ ਹੈ। ਅਜਿਹੀਆਂ ਨਾਖੁਸ਼ਗਵਾਰ ਘਟਨਾਵਾਂ ਸਮਾਜ ਦਾ ਮੂੰਹ ਚਿੜ੍ਹਾਉਂਦੀਆਂ ਹਨ। ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਹੈ। ਕਹਿੰਦੇ ਹਨ ਕਿ ਬੱਚੇ ਲਈ ਧਰਤੀ, ਅਸਮਾਨ ਤੇ ਦੁਨੀਆਂ ਦਾ ਦਾਇਰਾ ਬੇਸ਼ੱਕ ਛੋਟਾ ਪ੍ਰਤੀਤ ਹੋਣ ਲੱਗ ਪਵੇ, ਪਰ ਮਾਂ ਦਾ ਆਂਚਲ ਫਿਰ ਵੀ ਸਭ ਨਾਲੋਂ ਵੱਡਾ ਹੁੰਦਾ ਹੈ।
ਅਸਲ ਵਿਚ ਮਾਂ ਦੇ ਰਿਸ਼ਤੇ ਦਾ ਕੋਈ ਬਦਲ ਹੈ ਹੀ ਨਹੀਂ। ਇਸ ਰਿਸ਼ਤੇ ਦਾ ਆਪਣਾ ਨਿਵੇਕਲਾ ਅਧਿਆਤਮ ਹੁੰਦਾ ਹੈ। ਇਸ ਪਵਿੱਤਰ ਰਿਸ਼ਤੇ ਦਾ ਆਪਣਾ ਵਿਲੱਖਣ ਮਹਾਤਮ ਵੀ ਹੁੰਦਾ ਹੈ। ਮਾਂਵਾਂ-ਧੀਆਂ ਦੇ ਰਿਸ਼ਤੇ ਵਿਚਲੇ ਮਹਾਤਮ ਬਾਰੇ ਸ਼ਬਦਾਂ ਰਾਹੀਂ ਕਹਿ ਸਕਣਾ ਕਠਿਨ ਹੈ। ਮਾਂ ਆਪਣੇ ਬੱਚਿਆਂ ਦੀ ਖਾਤਰ ਹਰੇਕ ਮੌਸਮ/ਰੁੱਤ ਦੀ ਕਰੋਪੀ ਨੂੰ ਆਪਣੇ ਸਿਰ ਅਤੇ ਤਨ-ਮਨ ‘ਤੇ ਝਲਦੀ ਹੈ। ਬੱਚੇ ਨੂੰ ਆਪਣੀ ਕੁੱਖ ਵਿਚ ਭਰੂਣ ਰੂਪ ਵਿਚ ਧਾਰਨ ਕਰਨ ਦੇ ਸਮੇਂ ਤੋਂ ਲੈ ਕੇ ਆਪਣੀ ਪੂਰੀ ਉਮਰ ਮਾਂ ਆਪਣੇ ਬੱਚੇ ਦੇ ਲੇਖੇ ਲਾ ਦਿੰਦੀ ਹੈ। ਤੰਗੀਆਂ-ਤੁਰਸ਼ੀਆਂ ਝੱਲਦੀ ਹੈ। ਆਪਣਾ ਦਰਦ ਆਪਣੇ ਅੰਦਰ ਹੀ ਪੀ ਲੈਂਦੀ ਹੈ, ਪਰ ਆਪਣੇ ਬੱਚਿਆਂ ਸਾਹਵੇਂ ਉਹ ਆਪਣਾ ਵੱਧ ਤੋਂ ਵੱਧ ਖੂਬਸੂਰਤ ਚਿਹਰਾ ਲੈ ਕੇ ਪ੍ਰਸਤੁਤ ਹੁੰਦੀ ਹੈ। ਵੱਖ-ਵੱਖ ਭਾਸ਼ਾਵਾਂ ਦੇ ਲੋਕ ਗੀਤਾਂ ਵਿਚ ਮਾਂ ਦੀ ਮਮਤਾ ਤੇ ਮਾਂ ਦੇ ਪਿਆਰ ਨੂੰ ਸਰਵੋਤਮ ਪਿਆਰ ਵਜੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਵਿਚ ਕਈ ਅਜਿਹੇ ਲੋਕ ਗੀਤ ਮਿਲਦੇ ਹਨ, ਜੋ ਮਾਂ-ਧੀ ਦੇ ਪਿਆਰ ਦੀ ਤਰਜਮਾਨੀ ਕਰਨ ਵਾਲੇ ਅਮਰ ਲੋਕ ਗੀਤ ਬਣ ਗਏ ਹਨ:
ਉੱਡ ਉੱਡ ਚਿੜੀਏ ਨੀ
ਉੱਡ ਬਹਿ ਜਾ ਖਿੜਕੀ,
ਮੇਰੀ ਅੰਮੜੀ ਬਾਝੋਂ ਨੀ
ਮੈਂ ਸਭ ਨੇ ਝਿੜਕੀ,
ਉੱਡ ਉੱਡ ਚਿੜੀਏ ਨੀ
ਉੱਡ ਬਹਿ ਜਾ ਉਖਲੀ,
ਮੇਰੀ ਅੰਮੜੀ ਬਾਝੋਂ ਨੀ
ਕੌਣ ਭੇਜੇ ਗੁਥਲੀ?
ਉੱਡ ਉੱਡ ਚਿੜੀਏ ਨੀ
ਉੱਡ ਬਹਿ ਜਾ ਖੂਹੇ,
ਮੇਰੀ ਅੰਮੜੀ ਬਾਝੋਂ ਨੀ
ਕੌਣ ਭੇਜੇ ਸੂਹੇ?…
ਪੰਜਾਬੀ ਲੋਕ ਗੀਤਾਂ ਵਿਚ ਮਾਂ-ਧੀ ਦੇ ਪਿਆਰ ਦੀ ਗੱਲ ਭਾਵਨਾਤਮਕ ਸੁਰ ਵਿਚ ਹੁੰਦੀ ਆਈ ਹੈ। ਸਮਾਜਚਾਰੇ ਵਿਚ ਮਾਂ-ਧੀ ਦਾ ਪਿਆਰ ਆਪਣੀ ਗੂੜ੍ਹੀ ਛਾਪ ਛੱਡਦਾ ਆਇਆ ਹੈ। ਮਾਂਵਾਂ-ਧੀਆਂ ਦੇ ਪਿਆਰ ਨੂੰ ਪੰਜਾਬੀ ਲੋਕ ਗੀਤਾਂ ਨੇ ਬੜੇ ਮੋਹ ਭਰੇ ਤੇ ਕਲਾਤਮਿਕ ਲਹਿਜੇ ਰਾਹੀਂ ਪ੍ਰਗਟ ਕੀਤਾ ਹੈ। ਪੰਜਾਬੀ ਲੋਕ ਗੀਤਾਂ ਤੇ ਸਮਾਜ ਵਿਚ ਪਾਏ ਜਾਂਦੇ ਮਾਂ ਤੇ ਧੀ ਦੇ ਅਨੂਠੇ ਪਿਆਰ ਦੀਆਂ ਗਾਥਾਵਾਂ ਨੂੰ ਜੱਗ ਗਾਉਂਦਾ ਆਇਆ ਹੈ। ਸ਼ਾਲਾ! ਕਾਲਜੇ ਨੂੰ ਧੂਹ ਪਾਉਣ ਵਾਲਾ ਮਾਂਵਾਂ ਤੇ ਧੀਆਂ ਦਾ ਰਿਸ਼ਤਾ ਸਦਾ ਸਲਾਮਤ ਰਹੇ! ਸਲਾਮਤ ਰਹਿਣ ਮਾਂਵਾਂ ਦੇ ਧੀਆਂ-ਪੁੱਤ ਤੇ ਘੁੱਗ ਵੱਸਦੀਆਂ ਰਹਿਣ ਬੱਚਿਆਂ ਦੀਆਂ ਮਾਂਵਾਂ!