ਡਾ. ਬਲਜਿੰਦਰ ਸਿੰਘ ਸੇਖੋਂ
ਫੋਨ: 905-871-1197
ਨਵੀਂ ਤਕਨਾਲੋਜੀ ਨੇ ਆਮ ਲੋਕਾਂ ਨੂੰ ਜਾਣਕਾਰੀ ਦਾ ਨਵਾਂ ਸਰੋਤ ਇੰਟਰਨੈਟ ਦੇ ਦਿੱਤਾ ਹੈ। ਇਸ ਵਿਚ ਬਹੁਤ ਸਾਰੀ ਲਾਭਦਾਇਕ ਜਾਣਕਾਰੀ ਬੜੇ ਸੌਖੇ ਤਰੀਕੇ ਮਿਲ ਜਾਂਦੀ ਹੈ, ਪਰ ਜ਼ਰੂਰੀ ਨਹੀਂ ਕਿ ਜੋ ਸਰੋਤ ਤੁਸੀਂ ਵੇਖ ਰਹੇ ਹੋ, ਉਹ ਬਿਲਕੁਲ ਸਹੀ ਹੋਵੇ। ਪਹਿਲਾਂ ਆਪਣੀ ਗੱਲ ਦੀ ਪੋ੍ਰੜਤਾ ਕਰਨ ਲਈ ਲੋਕ ਕਹਿ ਦਿੰਦੇ ਸਨ ਕਿ “ਇਹ ਬਿਲਕੁਲ ਸੱਚ ਹੈ, ਕਿਉਂਕਿ ਇਹ ਮੈਂ ਇਸ ਜਾਂ ਉਸ ਕਿਤਾਬ ਵਿਚ ਪੜ੍ਹੀ ਹੈ।” ਪਰ ਆਮ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਾ ਕਿ ਜ਼ਰੂਰੀ ਨਹੀਂ ਕਿ ਹਰ ਗੱਲ ਜੋ ਕਿਸੇ ਕਿਤਾਬ ਵਿਚ ਲਿਖੀ ਹੈ, ਉਹ ਸਹੀ ਹੋਵੇ। ਬਹੁਤ ਸਾਰੇ ਲੇਖਕ ਸੁਣੀ-ਸੁਣਾਈ ਗੱਲ ਨੂੰ ਬਿਨਾ ਕਿਸੇ ਪੜਤਾਲ ਦੇ ਲਿਖ ਜਾਂਦੇ ਹਨ, ਪਰ ਅਸਲ ਵਿਚ ਉਹ ਝੂਠੀ ਜਾਂ ਨਿਰਆਧਾਰ ਹੁੰਦੀ ਹੈ।
ਲਿਖਤਾਂ ਵਿਚ ਤਾਂ ਜਿੰਨ, ਭੂਤ, ਪ੍ਰੇਤ, ਛਲੇਡਿਆਂ ਦਾ ਵੀ ਵਿਸਥਾਰ ਮਿਲਦਾ ਹੈ, ਪਰ ਹੈ ਉਹ ਸਰਾਸਰ ਝੂਠਾ। ਕਿੰਨੀਆਂ ਹੀ ਲਿਖਤਾਂ ਵਿਚ ਸਰੀਰ ਵਿਚਲੀ ਆਤਮਾ ਬਾਰੇ ਲਿਖਿਆ ਗਿਆ ਹੈ, ਪਰ ਸਾਇੰਸਦਾਨਾਂ ਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਇਹ ਲਿਖਤ ਵੀ ਮਿਲਦੀ ਹੈ ਕਿ ਰੂਸ ਵਿਚ ਸਾਇੰਸਦਾਨਾਂ ਨੇ ਕਿਸੇ ਮਰ ਰਹੇ ਵਿਅਕਤੀ ਨੂੰ ਸ਼ੀਸ਼ੇ ਦੇ ਸੀਲ ਬੰਦ ਬਕਸੇ ਵਿਚ ਰੱਖ ਦਿੱਤਾ ਅਤੇ ਉਸ ਦੀ ਜਦ ਮੌਤ ਹੋਈ, ਸ਼ੀਸ਼ੇ ਵਿਚ ਤਰੇੜ ਪੈ ਗਈ, ਜੋ ਸਾਬਤ ਕਰਦੀ ਹੈ ਕਿ ਮਰਨ ਵੇਲੇ ਰੂਹ (ਆਤਮਾ) ਉਸ ਦਾ ਸਰੀਰ ਛੱਡ ਕੇ ਜਾ ਰਹੀ ਸੀ ਤਾਂ ਹੀ ਸ਼ੀਸ਼ਾ ਟੁੱਟਿਆ। ਕੁਝ ਨੇ ਤਾਂ ਆਤਮਾ ਦਾ ਭਾਰ ਵੀ ਤੋਲ ਲਿਆ, ਮਰਨ ਤੋਂ ਪਹਿਲਾਂ ਤੇ ਮਰਨ ਉਪਰੰਤ ਭਾਰ ਨੂੰ ਅੰਕਿਤ ਕਰਕੇ, ਪਰ ਸਾਇੰਸਦਾਨਾਂ ਮੁਤਾਬਿਕ ਇਸ ਤੋਲਣ ਦੀ ਵਿਧੀ ਵਿਚ ਕਈ ਖਾਮੀਆਂ ਸਨ। ਸਾਇੰਸਦਾਨਾਂ ਦੀ ਬਹੁਤ ਡੂੰਘੀ ਖੋਜ ਦੇ ਬਾਵਜੂਦ, ਉਨ੍ਹਾਂ ਨੂੰ ਸਰੀਰ ਵਿਚ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਮਿਲੀ।
ਪੰਜਾਬੀਆਂ, ਭਾਰਤੀਆਂ ਵਿਚ ਇਹ ਚਰਚਾ ਕਈ ਵਾਰ ਚੱਲੀ ਹੈ ਕਿ ਸਾਡੇ ਸਭਿਆਚਾਰ ਵਿਚ ਪਵਿੱਤਰ ਮੰਨੇ ਜਾਂਦੇ ਪਿੱਪਲ ਅਤੇ ਬੋਹੜ ਇਸ ਲਈ ਪੂਜੇ ਜਾਂਦੇ ਰਹੇ, ਕਿਉਂਕਿ ਹੋਰ ਚੰਗੇ ਗੁਣਾ ਤੋਂ ਇਲਾਵਾ ਇਹ ਦੂਸਰੇ ਬੂਟਿਆਂ ਦੇ ਉਲਟ, ਦਿਨ ਨੂੰ ਹੀ ਨਹੀਂ ਸਗੋਂ ਰਾਤ ਨੂੰ ਵੀ ਆਕਸੀਜਨ ਛੱਡਦੇ ਹਨ। ਇਸ ਗੱਲ ਦੀ ਪ੍ਰੋੜਤਾ ਵਿਚ ਉਹ ਕੁਝ ਬੂਟਿਆਂ ਵਿਚ ਖਾਸ ਕਿਸਮ ਦੀ ਪ੍ਰਕਾਸ਼ ਸੰਸਲੇਸ਼ਣ ਕਿਰਿਆ, ਕੈਮ (ਕਰੈਸੂੂਲੇਸੀਅਨ ਐਸਿਡ ਮੈਟਾਬੋਲਿਜ਼ਮ) ਦਾ ਹਵਾਲਾ ਦਿੰਦੇ ਹਨ, ਜੋ ਉਨ੍ਹਾਂ ਮੁਤਾਬਿਕ ਪਿੱਪਲ ਅਤੇ ਬੋਹੜ ਦੇ ਰੁੱਖ ਵਿਚ ਵੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਲਿਖਤਾਂ ਇੰਟਰਨੈੱਟ `ਤੇ ਮਿਲਦੀਆਂ ਹਨ ਅਤੇ ਰੇਡੀਓ, ਟੈਲੀਵਿਜ਼ਨਾਂ ਦੇ ਪ੍ਰੋਗਰਾਮਾਂ ਵਿਚ ਵੀ ਚਰਚਾ ਦਾ ਵਿਸ਼ਾ ਬਣਦੀਆਂ ਹਨ।
ਜੇ ਇੰਟਰਨੈੱਟ `ਤੇ ਜਾਣਕਾਰੀ ਦੇ ਸਰੋਤ, ਗੂਗਲ ‘ਬਾਬਾ’ ਦੀ ਗੱਲ ਹੀ ਕਰਨੀ ਹੈ ਤਾਂ ਇਸ ਵਿਚ ਵੀ ਦੋ ਕਿਸਮਾਂ ਹਨ-ਇੱਕ ਆਮ ਗੂਗਲ ਅਤੇ ਇੱਕ ਗੂਗਲ ਸਕਾਲਰ। ਆਮ ਗੂਗਲ ਵਿਚ ਜੋ ਵੀ ਲੋਕ ਲਿਖ ਦਿੰਦੇ ਹਨ, ਸ਼ਾਮਿਲ ਹੈ; ਪਰ ਗੂਗਲ ਸਕਾਲਰ ਵਿਚ ਸਿਰਫ ਜੋ ਲਿਖਤਾਂ ਸਹੀ ਸਾਇੰਸ ਦੇ ਰਸਾਲਿਆਂ ਵਿਚ ਛਪੀਆਂ ਹਨ, ਉਹ ਹੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਪਿੱਪਲ ਜਾਂ ਬੋਹੜ ਦੇ ਇਸ ਜਾਦੂਈ ਗੁਣ ਬਾਰੇ ਆਮ ਗੂਗਲ ਵਿਚ ਲਿਖਤਾਂ ਹਨ, ਪਰ ਗੂਗਲ ਸਕਾਲਰ ਵਿਚ ਇਸ ਬਾਰੇ ਕੁਝ ਵੀ ਲਿਖਿਆ ਨਹੀਂ ਮਿਲਦਾ।
ਸਾਇੰਸ ਵਿਚਲੀ ਜਾਣਕਾਰੀ ਮੁਤਾਬਿਕ ਇਹ ਠੀਕ ਹੈ ਕਿ ਬੂਟਿਆਂ ਵਿਚ ਪ੍ਰਕਾਸ਼ ਸੰਸਲੇਸ਼ਨ (ਫੋਟੋਸਿੰਸਥੇਸਿਸ), ਜਿਸ ਵਿਚ ਕਾਰਬਨ ਡਾਇਆਕਸਾਈਡ ਅਤੇ ਪਾਣੀ ਤੋਂ ਗੁਲੂਕੋਜ਼ ਬਣਦੀ ਹੈ, ਦੀਆਂ ਤਿੰਨ ਕਿਸਮਾਂ ਹਨ-ਸੀ 3, ਸੀ 4 ਅਤੇ ਕੈਮ। ਆਮ ਬੂਟਿਆਂ (85%) ਵਿਚ ਸਾਰੀ ਦੀ ਸਾਰੀ ਕਿਰਿਆ ਰੌਸ਼ਨੀ ਵਿਚ ਹੁੰਦੀ ਹੈ, ਇਸ ਨੂੰ ਸੀ 3 (ਕਾਰਬਨ 3) ਫੋਟੋਸਿੰਸਥੇਸਿਸ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿਚ ਕਾਰਬਨ ਡਾਇਆਕਸਾਈਡ, ਜਿਸ ਵਿਚ ਇੱਕ ਕਾਰਬਨ ਹੁੰਦਾ ਹੈ, ਤੋਂ ਪਹਿਲੇ ਪਹਿਲ, ਤਿੰਨ ਕਾਰਬਨ ਵਾਲਾ ਰਸਾਇਣ (ਫੌਸਫੋਗਲਾਇਸੀਰਿਕ ਐਸਡ) ਬਣਦਾ ਹੈ। ਇਸ ਵਿਚ ਕਮੀ ਇਹ ਹੈ ਕਿ ਬਹੁਤ ਸਾਰੀ ਤਾਕਤ ਉਹੀ ਰਸਾਇਣ (ਰੁਬਿਸਕੋ), ਜੋ ਕਾਰਬਨ ਡਾਇਆਕਸਾਈਡ ਤੋਂ ਗੁਲੂਕੋਜ਼ ਬਣਾਉਂਦਾ ਹੈ, ਕਾਰਬਨ ਡਾਇਆਕਸਾਈਡ ਦੀ ਥਾਂ ਆਕਸੀਜਨ ਵਰਤ ਕੇ ਅਜਾਈਂ ਗੁਆ ਦਿੰਦਾ ਹੈ। ਇਹ ਫਜ਼ੂਲ ਦੀ ਕਿਰਿਆ ਉਸ ਸਮੇਂ ਹੁੰਦੀ ਹੈ, ਜਦ ਪੱਤੇ ਵਿਚ ਕਾਰਬਨ ਡਾਇਆਕਸਾਈਡ ਦੀ ਥਾਂ ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ। ਪ੍ਰਕਾਸ਼ ਸੰਸਲੇਸ਼ਣ ਵੇਲੇ ਆਕਸੀਜਨ ਦੀ ਮਾਤਰਾ ਤਾਂ ਵਧਣੀ ਹੋਈ, ਕਿਉਂਕਿ ਇਹ ਇਸ ਕਿਰਿਆ ਵਿਚ ਬਣ ਰਹੀ ਹੈ। ਸਾਲ 2016 ਵਿਚ ਛਪੇ ਇਕ ਖੋਜ ਪੱਤਰ ਅਨੁਸਾਰ ਅਮਰੀਕਾ ਵਿਚ ਇਸ ਕਿਰਿਆ (ਫੋਟੋਰੈਸਪੀਰੇਸ਼ਨ) ਨਾਲ ਸੋਇਆਬੀਨ ਅਤੇ ਕਣਕ ਦਾ ਝਾੜ ਕ੍ਰਮਵਾਰ 36% ਅਤੇ 20% ਘਟ ਜਾਂਦਾ ਹੈ। ਇਹ ਘਾਟਾ ਜੇ ਸਾਰੀਆਂ ਫਸਲਾਂ ਦਾ ਜੋੜ ਲਿਆ ਜਾਵੇ ਤਾਂ ਖਰਬਾਂ-ਖਰਬਾਂ ਡਾਲਰ ਦਾ ਬਣ ਜਾਂਦਾ ਹੈ। ਸਾਇੰਸਦਾਨ ਇਸ ਗੱਲ `ਤੇ ਵੀ ਬਹਿਸ ਕਰਦੇ ਰਹਿੰਦੇ ਹਨ ਕਿ ਇਹ ਰੁਬਿਸਕੋ ਜੀਵ ਵਿਕਾਸ (ਐਵੋਲਿਊਸ਼ਨ) ਦੌਰਾਨ ਅਪਣਾ ਸਥਾਨ ਕਾਇਮ ਕਿਸ ਤਰ੍ਹਾਂ ਰੱਖ ਸਕਿਆ ਅਤੇ ਰੱਖ ਰਿਹਾ ਹੈ, ਜਦ ਕਿ ਇਸ ਵਿਚ ਇਹ ਐਡੀ ਵੱਡੀ ਕਮੀ ਹੈ। ਸ਼ਾਇਦ ਜੀਵ ਵਿਕਾਸ ਦੌਰਾਨ ਇਸ ਤੋਂ ਚੰਗਾ ਬਦਲ ਬੂਟਿਆਂ ਵਿਚ ਨਾ ਆਇਆ ਜਾਂ ਕਾਇਮ ਰਹਿ ਸਕਿਆ। ਇਸ ਵੱਡੇ ਫਜ਼ੂਲ ਘਾਟੇ ਤੋਂ ਬਚਣ ਲਈ ਜੀਵਾਂ ਦੇ ਵਿਕਾਸ ਦੌਰਾਨ, ਕੁਝ ਕੁ ਬੂਟਿਆਂ ਵਿਚ, ਦੂਸਰੀਆਂ ਦੋ ਕਿਰਿਆਵਾਂ ਹੋਂਦ ਵਿਚ ਆਈਆਂ, ਜਿਨ੍ਹਾਂ ਵਿਚ ਕਾਰਬਨ ਡਾਇਆਕਸਾਈਡ ਨੂੰ ਪੱਤਿਆਂ ਵਿਚ ਲੈਣ ਅਤੇ ਆਕਸੀਜਨ ਬਣਨ ਦੀਆਂ ਕਿਰਿਆਵਾਂ ਨੂੰ ਵੱਖ ਵੱਖ ਸਮੇਂ ਜਾਂ ਵੱਖ ਵੱਖ ਥਾਂ `ਤੇ ਕਰ ਲਿਆ ਗਿਆ।
ਸੀ 4 ਫੋਟੋਸਿੰਸਥੇਸਿਸ ਵਿਚ ਬੂਟੇ ਕਾਰਬਨ ਡਾਇਆਕਸਾਈਡ ਨੂੰ ਪਹਿਲਾਂ ਪੱਤੇ ਦੇ ਖਾਸ ਸੈੱਲਾਂ (ਬੰਡਲ ਸ਼ੀਥ) ਵਿਚ ਲੈ ਕੇ ਉਸ ਦਾ 4 ਕਾਰਬਨ ਦਾ ਰਸਾਇਣ, ਮੈਲਿਕ ਐਸਿਡ, ਬਣਾ ਲੈਂਦੇ ਹਨ ਅਤੇ ਬਾਅਦ ਵਿਚ ਮੈਲਿਕ ਐਸਡ ਨੂੰ ਹੋਰ ਕਿਸਮ ਦੇ ਸੈੱਲਾਂ (ਮੀਜ਼ੋਫਿਲ) ਵਿਚ ਲਿਜਾ ਕੇ ਗੁਲੂਕੋਜ਼ ਬਣਾ ਲਈ ਜਾਂਦੀ ਹੈ। ਇਸ ਕਿਸਮ ਦੀ ਫੋਟੋਸਿੰਸਥੇਸਿਸ ਮੱਕੀ, ਗੰਨੇ, ਜੁਆਰ, ਬਾਜਰਾ ਆਦਿ ਵਿਚ ਹੁੰਦੀ ਹੈ। ਇਹ ਦੋਨੋ ਕਿਰਿਆਵਾਂ ਸਿਰਫ ਰੌਸ਼ਨੀ ਵਿਚ ਹੀ ਹੁੰਦੀਆਂ ਹਨ।
ਕੈਮ (ਕਰੈਸੂੂਲੇਸੀਅਨ ਐਸਿਡ ਮੈਟਾਬੋਲਿਜ਼ਮ) ਬਹੁਤ ਗਰਮੀ ਅਤੇ ਸੋਕੇ (ਮਾਰੂਥਲ) ਵਿਚ ਉੱਗਣ ਵਾਲੇ ਬੂਟਿਆਂ ਵਿਚ ਸ਼ੁਰੂ ਹੋਈ। ਇਹ ਬੂਟੇ ਦਿਨ ਵੇਲੇ ਪ੍ਰਕਾਸ਼ ਸੰਸਲੇਸ਼ਣ ਲਈ ਕਾਰਬਨ ਡਾਇਆਕਸਾਈਡ ਲੈਣ ਜਾਂ ਆਕਸੀਜਨ ਛੱਡਣ ਲਈ ਆਪਣੇ ਪੱਤਿਆਂ ਦੇ ਸੁਰਾਖ (ਸਟੋਮੈਟਾ) ਖੋਲ੍ਹਦੇ ਹੀ ਨਹੀਂ, ਇਸ ਤਰ੍ਹਾਂ ਕਰਨ ਨਾਲ ਇਹ ਦੁਰਲੱਭ ਪਾਣੀ ਅਜਾਈਂ ਗੁਆਉਣ ਤੋਂ ਬਚੇ ਰਹਿੰਦੇ ਹਨ। ਇਹ ਰਾਤ ਨੂੰ ਸੁਰਾਖ ਖੋਲ੍ਹ ਕੇ ਅਪਣੇ ਅੰਦਰ ਕਾਰਬਨ ਡਾਇਆਕਸਾਈਡ ਭਰ ਲੈਂਦੇ ਹਨ, ਜਿਸ ਨੂੰ ਉਹ ਇੱਕ ਤੇਜ਼ਾਬ (ਮੈਲਿਕ ਐਸਿਡ) ਬਣਾ ਕੇ ਜਮ੍ਹਾਂ ਕਰ ਲੈਂਦੇ ਹਨ। ਦਿਨ ਵੇਲੇ ਇਹੀ ਤੇਜ਼ਾਬ ੁਟੁੱਟ ਕੇ ਕਾਰਬਨ ਡਾਇਆਕਸਾਈਡ ਬਣਾ ਦਿੰਦਾ ਹੈ ਅਤੇ ਬੂਟੇ ਬਿਨਾ ਆਪਣੇ ਸੁਰਾਖ ਖੋਲ੍ਹੇ ਇਸ ਤੋਂ ਗੁਲੂਕੋਜ਼ ਬਣਾ ਲੈਂਦੇ ਹਨ। ਦਿਨ ਵੇਲੇ ਦੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਵਿਚ ਇਹ ਆਕਸੀਜਨ ਬਣਾਉਂਦੇ ਹਨ, ਜੋ ਆਮ ਕਰਕੇ ਦਿਨ ਵੇਲੇ ਹੀ ਹੌਲੀ ਹੌਲੀ ਖਾਰਜ ਹੁੰਦੀ ਰਹਿੰਦੀ ਹੈ ਅਤੇ ਬਾਕੀ ਹਨੇਰਾ ਪੈਣ `ਤੇ ਪੱਤਿਆਂ ਦੇ ਸੁਰਾਖ ਖੁਲ੍ਹਣ ਤੇ ਬਾਹਰ ਨਿਕਲ ਜਾਂਦੀ ਹੈ। ਸੋ ਇਹ ਬੂਟੇ ਵੀ ਰਾਤ ਨੂੰ ਕਾਰਬਨ ਡਾਇਆਕਸਾਈਡ ਤਾਂ ਲੈਂਦੇ ਹਨ, ਪਰ ਸਾਰੀ ਰਾਤ ਆਕਸੀਜਨ ਬਣਾਉਂਦੇ ਜਾਂ ਛੱਡਦੇ ਨਹੀਂ। ਕੈਮ ਪ੍ਰਕਾਸ਼ ਸੰਸਲੇਸ਼ਣ, ਥੋਹਰਾਂ, ਮੋਟੇ ਪੱਤਿਆਂ ਵਾਲੇ ਬੂਟਿਆਂ (ਸਟੋਨਕਰੌਪ), ਅਨਾਨਾਸ (ਪਾਈਨਐਪਲ), ਕੁਝ ਵੇਲਾਂ ਅਤੇ ਅਰਿੰਡ ਆਦਿ ਵਿਚ ਹੁੰਦੀ ਹੈ। ਪਿੱਪਲ ਅਤੇ ਬੋਹੜ ਇਸ ਸ਼੍ਰੇਣੀ ਵਿਚ ਨਹੀਂ ਆਉਂਦੇ।
ਸੋ ਪਹਿਲੀ ਗੱਲ ਤਾਂ ਇਹ ਕਿ ਕੈਮ ਵਿਚ ਵੀ ਕੋਈ ਬੂਟਾ ਰਾਤ ਵੇਲੇ ਆਕਸੀਜਨ ਬਣਾਉਂਦਾ ਜਾਂ ਛੱਡਦਾ ਨਹੀਂ ਅਤੇ ਦੂਸਰੇ ਪਿੱਪਲ ਜਾਂ ਬੋਹੜ ਨੂੰ ਇਹ ਕਹਿ ਕੇ ਕਿ ਇਹ ਕੈਮ ਕਿਸਮ ਦੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਰਾਹੀਂ ਰਾਤ ਨੂੰ ਆਕਸੀਜਨ ਛੱਡਦੇ ਹਨ ਤਾਂ ਬਿਲਕੁਲ ਹੀ ਤੱਥਹੀਣ ਹੈ, ਕਿਉਂਕਿ ਇਹ ਸੀ 3 ਕਿਸਮ ਦੀ ਪ੍ਰਕਾਸ਼ ਸੰਸਲੇਸ਼ਣ ਹੀ ਕਰਦੇ ਹਨ। ਇਹ ਗੱਲ ਵਾਰ ਵਾਰ ਬਿਨਾ ਕਿਸੇ ਠੋਸ ਸਬੂਤ ਦੇ ਦੁਹਰਾਈ ਜਾਂਦੀ ਹੈ। ਇਹ ਉਸੇ ਲੜੀ ਦੀ ਇੱਕ ਤੱਥ ਹੀਣ ਗੱਲ ਹੈ, ਜਿਸ ਵਿਚ ਭਾਰਤ ਵਿਚ ਭਾਜਪਾ ਸਰਕਾਰ ਆਉਣ ਬਾਅਦ ਕਈ ਗੱਲਾਂ ਨੂੰ ਬਿਨਾ ਕਿਸੇ ਸਬੂਤ ਦੇ ਧਾਰਮਿਕ ਪੱਖ ਤੋਂ ਜਿਆਦਾ ਹੀ ਪ੍ਰਚਾਰਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਗਊ ਮੂਤਰ, ਜੋ ਪਸ਼ੂ ਦੇ ਸਰੀਰ ਵਿਚੋਂ ਨਕਾਰੇ ਪਦਾਰਥ ਹਨ, ਨੂੰ ਵੀ ਕਿੰਨੀਆਂ ਹੀ ਬਿਮਾਰੀਆਂ ਦਾ ਤੋੜ ਦੱਸਿਆ ਗਿਆ, ਜੋ ਬਿਲਕੁਲ ਗਲਤ ਹੈ। ਪਿੱਪਲ ਅਤੇ ਬੋਹੜ ਦੇ ਇਨ੍ਹਾਂ ਗੁਣਾਂ ਬਾਰੇ ਦਸਦੀਆਂ ਲਿਖਤਾਂ ਵੀ ਇਸੇ ਝੂਠੇ ਪ੍ਰਚਾਰ ਤੰਤਰ ਦੀ ਦੇਣ ਹਨ।