ਆਖਰ ਕੀ ਸੁਨੇਹਾ ਦਿੰਦੇ ਹਨ ਪੰਜ ਸੂਬਿਆਂ ਦੇ ਚੋਣ ਨਤੀਜੇ

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਪਿਛਲੇ ਦਿਨੀਂ ਪੱਛਮੀ ਬੰਗਾਲ ਸਮੇਤ ਜਿਨ੍ਹਾਂ ਪੰਜ ਸੂਬਿਆਂ ਵਿਚ ਵੋਟਿੰਗ ਦਾ ਕੰਮ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਨਿਸ਼ਚਿਤ ਮਿਤੀ 2 ਮਈ ਨੂੰ ਸਵੇਰੇ ਅਰੰਭ ਕਰ ਦਿੱਤੀ ਗਈ। ਜਿਉਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਤਮਾਮ ਮੀਡੀਆ ਦਾ ਧਿਆਨ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਤੋਂ ਪਲਟ ਕੇ ਇਕ ਵਾਰ ਫਿਰ ਵੋਟਾਂ ਦੀ ਗਿਣਤੀ ਵੱਲ ਆਕਰਸ਼ਿਤ ਹੋ ਗਿਆ।

ਹਾਲਾਂਕਿ ਇਸ ਤੋਂ ਪਹਿਲਾਂ ਬੀਤੇ ਦੋ ਢਾਈ ਮਹੀਨਿਆਂ ਦਰਮਿਆਨ ਅਕਸਰ ਦੇਸ਼ ਦੇ ਲੋਕਾਂ ਦੀ ਚਰਚਾ ਦਾ ਕੇਂਦਰ ਪੱਛਮੀ ਬੰਗਾਲ ਦੀਆਂ ਉਕਤ ਚੋਣਾਂ ਸਨ, ਜਿਨ੍ਹਾਂ ਨੂੰ ਜਿੱਤਣ ਲਈ ਭਾਜਪਾ ਪਿਛਲੇ ਦੋ-ਢਾਈ ਸਾਲ ਤੋਂ ਜੁਟੀ ਹੋਈ ਸੀ ਅਤੇ ਉਧਰ ਸੂਬੇ ਦੀ ਸੱਤਾ `ਤੇ ਬਿਰਾਜਮਾਨ ਮਮਤਾ ਬੈਨਰਜੀ ਵੀ ਇਸ ਵਾਰੀ ਆਪਣੀ ਪਾਰਟੀ ਨੂੰ ਜਿਤਾ ਕੇ ਹੈਟ੍ਰਿਕ ਲਾਉਣ ਦੀ ਕੋਸ਼ਿਸ਼ ਵਿਚ ਸਨ। ਇਲੈਕਸ਼ਨ ਤਾਂ ਭਾਵੇਂ ਦੂਜੇ ਸੂਬਿਆਂ ਵਿਚ ਵੀ ਹੋ ਰਹੇ ਸਨ, ਪਰ ਅੱਠ ਭਾਗਾਂ ਵਿਚ ਹੋਣ ਵਾਲੇ ਪੱਛਮੀ ਬੰਗਾਲ ਦੀਆਂ ਚੋਣਾਂ ਦਰਅਸਲ ਭਾਜਪਾ ਦੇ ਲੀਡਰਾਂ ਲਈ ਇਕ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਇਹੋ ਵਜ੍ਹਾ ਹੈ ਕਿ ਇਕ ਅੰਦਾਜ਼ੇ ਮੁਤਾਬਿਕ ਪੱਛਮੀ ਬੰਗਾਲ ਦੀਆਂ ਇਨ੍ਹਾਂ ਇਲੈਕਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 21 ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਲਈ ਵੋਟਾਂ ਮੰਗੀਆਂ।
ਉਧਰ ਅਪਰੈਲ ਮਹੀਨੇ ਵਿਚ ਜਦੋਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਆਪਣਾ ਜੋਰ ਫੜਿਆ ਤਾਂ ਦੇਸ਼ ਦੇ ਵਧੇਰੇ ਲੋਕਾਂ ਦਾ ਧਿਆਨ ਇਲੈਕਸ਼ਨ ਦੀ ਥਾਂ ਬੀਮਾਰੀ ਵਲ ਹੋ ਗਿਆ, ਪਰ ਇਸ ਸਭ ਕਾਸੇ ਦੇ ਬਾਵਜੂਦ ਪੱਛਮੀ ਬੰਗਾਲ ਵਿਚ ਉਸੇ ਰਫਤਾਰ ਨਾਲ ਚੁਣਾਵੀ ਸਭਾਵਾਂ ਦਾ ਸਿਲਸਿਲਾ ਚਲਦਾ ਰਿਹਾ। ਇਥੋਂ ਤਕ ਕਿ ਪਹਿਲਾਂ ਕਲਕੱਤਾ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਝਾੜ ਪਾਈ ਅਤੇ ਫਿਰ ਮਦਰਾਸ ਹਾਈਕੋਰਟ ਨੇ ਤਾਂ ਆਪਣੀਆਂ ਸਖਤ ਟਿੱਪਣੀਆਂ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਦੇਸ਼ ਅੰਦਰ ਕਰੋਨਾ ਦੀ ਦੂਜੀ ਲਹਿਰ ਫੈਲਾਉਣ ਲਈ ਇਲੈਕਸ਼ਨ ਕਮਿਸ਼ਨ ਜਿ਼ੰਮੇਵਾਰ ਹੈ। ਇਸ ਤੋਂ ਬਾਅਦ ਇਕ ਵਾਰ ਤਾਂ ਇੰਜ ਲੱਗਣ ਲੱਗਾ ਸੀ ਕਿ ਜਿਵੇਂ ਸ਼ਾਇਦ ਇਲੈਕਸ਼ਨ ਦੀ ਇਸ ਪ੍ਰਕਿਰਿਆ ਨੂੰ ਇਥੇ ਹੀ ਰੋਕ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ ਸਗੋਂ ਚੋਣਾਂ ਦਾ ਕਾਰਜ ਮੁਕੰਮਲ ਹੋਇਆ ਅਤੇ ਨਿਸ਼ਚਿਤ ਮਿਤੀ `ਤੇ ਵੋਟਾਂ ਦੀ ਗਿਣਤੀ ਵੀ ਕਰਨੀ ਅਰੰਭ ਕਰ ਦਿੱਤੀ ਗਈ ਤੇ ਫਿਰ ਜਿਵੇਂ ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ, ਤਿਵੇਂ ਹੀ ਮੀਡੀਆ ਅਤੇ ਲੋਕਾਂ ਦਾ ਸਾਰਾ ਧਿਆਨ ਇਕ ਵਾਰ ਫਿਰ ਕਰੋਨਾ ਤੋਂ ਹਟ ਕੇ ਚੋਣ ਨਤੀਜਿਆਂ ਵਲ ਖਿੱਚਿਆ ਗਿਆ।
ਵੈਸੇ ਜਿਨ੍ਹਾਂ ਪੰਜ ਰਿਆਸਤਾਂ ਵਿਚ ਚੋਣਾਂ ਹੋਈਆਂ ਸਨ, ਉਨ੍ਹਾਂ ਵਿਚ ਲੋਕਾਂ ਲਈ ਸਭ ਤੋਂ ਵੱਧ ਦਿਲਚਸਪੀ ਤੇ ਉਤਸੁਕਤਾ ਪੱਛਮੀ ਬੰਗਾਲ ਦੇ ਨਤੀਜਿਆਂ ਨੂੰ ਜਾਣਨ ਲਈ ਸੀ। ਦੋ ਮਈ ਨੂੰ ਜਿਵੇਂ ਜਿਵੇਂ ਦੁਪਹਿਰ ਹੁੰਦੀ ਗਈ ਤਾਂ ਜਿਵੇਂ ਮਮਤਾ ਬੈਨਰਜੀ ਦੀ ਪਾਰਟੀ ਆਪਣੇ ਤਮਾਮ ਵਿਰੋਧੀਆਂ ਨੂੰ ਧਾਰਾਸ਼ਾਈ ਕਰਦਿਆਂ ਇਕ ਵੱਡੀ ਲੀਡ ਵਲ ਵਧਦੀ ਦਿਖਾਈ ਦੇਣ ਲੱਗੀ ਅਤੇ ਦੁਪਹਿਰ ਦੇ ਇਕ ਵਜੇ ਦੇ ਕਰੀਬ ਤਾਂ ਜਿਵੇਂ ਮਮਤਾ ਦੀਦੀ ਜਾ ਜਾਦੂ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਣ ਲੱਗਾ।
ਦਰਅਸਲ ਪੱਛਮੀ ਬੰਗਾਲ ਜਿੱਥੇ ਕਿ ਭਾਜਪਾ ਮਮਤਾ ਨੂੰ ਸੱਤਾ ਤੋਂ ਬੇਦਖਲ ਕਰ ਸੂਬੇ ਦੀ ਵਾਗਡੋਰ ਆਪ ਸੰਭਾਲਣ ਲਈ ਤਰਲੋ ਮੱਛੀ ਹੋ ਰਹੀ ਸੀ ਤਾਂ ਇਨ੍ਹਾਂ ਨਤੀਜਿਆਂ ਦੀ ਆਮਦ ਨੇ ਉਨ੍ਹਾਂ ਦੀਆਂ ਤਮਾਮ ਆਸਾਂ-ਉਮੀਦਾਂ `ਤੇ ਪਾਣੀ ਫੇਰ ਦਿੱਤਾ। ਉਧਰ ਕਾਂਗਰਸ ਵਾਲਾ ਲੈਫਟ ਫਰੰਟ ਸ਼ਾਇਦ ਬੰਗਾਲ ਵਿਚ ਆਪਣੀ ਖੋਈ ਹੋਈ ਜਮੀਨ ਦੀ ਭਾਲ ਵਿਚ ਸੀ, ਪਰ ਪੱਛਮੀ ਬੰਗਾਲ ਨਤੀਜਿਆਂ ਨੇ ਜਿਵੇਂ ਮਮਤਾ ਦੇ ਤਮਾਮ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਕੇ ਰੱਖ ਦਿੱਤਾ।
ਚੋਣ ਰੈਲੀਆਂ ਦੌਰਾਨ ਜੋ ਆਗੂ ਮਮਤਾ ਬੈਨਰਜੀ ਨੂੰ ਵਿਅੰਗਮਈ ਸ਼ੈਲੀ ਵਿਚ “ਦੀਦੀ ਓ ਦੀਦੀ” ਆਖਦੇ ਸਨ, ਉਨ੍ਹਾਂ ਸਭਨਾਂ ਨੂੰ ਬੰਗਾਲ ਦੀ ਜਨਤਾ ਨੇ ਆਪਣਾ ਫਤਵਾ ਦਿੰਦਿਆਂ ਇਕ ਤਰ੍ਹਾਂ ਨਾਲ ਸਾਫ ਟਕੇ ਦਾ ਜਵਾਬ ਦੇ ਦਿੱਤਾ।
ਦਰਅਸਲ ਮਮਤਾ ਬੈਨਰਜੀ ਦੇ ਸਾਫ ਸੁਥਰੇ ਵਿਅਕਤੀਤਵ ਅਤੇ ਅਕਸ ਦੇ ਸਾਹਮਣੇ ਜਿਵੇਂ ਵੱਡੇ ਵੱਡੇ ਤੀਸ ਮਾਰ ਖਾਂ ਸਿਆਸਤ ਦੇ ਚਾਣਕਿਆ ਕਹੇ ਜਾਣ ਵਾਲੇ ਲੋਕ ਵੀ ਢਹਿ-ਢੇਰੀ ਹੁੰਦੇ ਵਿਖਾਈ ਦਿੱਤੇ। ਮਮਤਾ ਨੂੰ ਹਰਾਉਣ ਦੀਆਂ ਹਰ ਤਰ੍ਹਾਂ ਦੀਆਂ ਸ਼ਾਤਰਾਨਾਂ ਚਾਲਾਂ ਅਤੇ ਪਲਾਨ ਜਿਵੇਂ ਮੱਕੜੀ ਦੇ ਜਾਲੇ ਵਾਂਗ ਚਕਨਾਚੂਰ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਵੋਟਾਂ ਦੇ ਧਰੁਵੀਕਰਨ ਦੇ ਤਮਾਮ ਮਨਸੂਬੇ ਜਿਵੇਂ ਦਮ ਤੋੜਦੇ ਵਿਖਾਈ ਦਿੱਤੇ।
ਉਧਰ ਤਾਮਿਲਨਾਡੂ, ਜਿੱਥੇ ਇਸ ਵਾਰ ਦੋ ਸਿਆਸੀ ਮਹਾਂਰਥੀਆਂ ਜੈਲਲਿਤਾ ਅਤੇ ਕਰੁਣਾ ਨਿਧੀ ਦੀ ਮੌਜੂਦਗੀ ਦੇ ਬਿਨਾ ਇਲੈਕਸ਼ਨ ਹੋ ਰਹੇ ਸਨ, ਜਿਸ ਵਿਚ ਕਮਲ ਹਸਨ ਦੀ ਪਾਰਟੀ ਵੀ ਕਿਸਮਤ ਆਜ਼ਮਾਈ ਕਰ ਰਹੀ ਸੀ, ਉਥੇ ਵੀ ਪਿਛਲੇ ਦਸ ਸਾਲਾਂ ਤੋਂ ਸੱਤਾ `ਤੇ ਬਿਰਾਜਮਾਨ ਏ. ਆਈ. ਏ. ਡੀ. ਐਮ. ਕੇ. ਨੂੰ ਉਸ ਦੀ ਵਿਰੋਧੀ ਪਾਰਟੀ ਡੀ. ਐਮ. ਕੇ. ਨੇ ਸੱਤਾ ਤੋਂ ਬੇਦਖਲ ਕਰਦਿਆਂ ਵਾਗਡੋਰ ਆਪਣੇ ਹੱਥ ਵਿਚ ਕਰਨ ਵਿਚ ਕਾਮਯਾਬੀ ਹਾਸਲ ਕੀਤੀ।
ਕੇਰਲ ਵਿਚ ਇੱਕ ਵਾਰ ਫਿਰ ਤੋਂ ਲੋਕਾਂ ਨੇ ਖੱਬੇ ਪੱਖੀ ਐਲ. ਡੀ. ਐਫ `ਚ ਆਪਣਾ ਵਿਸ਼ਵਾਸ ਜਤਾਇਆ, ਜਦ ਕਿ ਆਸਾਮ ਦੇ ਵੋਟਰਾਂ ਨੇ 2016 ਤੋਂ ਸੱਤਾ `ਤੇ ਬਿਰਾਜਮਾਨ ਭਾਜਪਾ ਦੇ ਕਮਲ ਨੂੰ ਇਕ ਵਾਰ ਫਿਰ ਖਿੜਾਇਆ। ਉਧਰ ਪੁਡੂਚਿਰੀ ਵਿਚ ਵੀ ਐਨ. ਡੀ. ਏ. ਨੂੰ ਬਹੁਮੱਤ ਵਲ ਵਧਦੇ ਵੇਖਿਆ ਗਿਆ।
ਹੁਣ ਜੇ ਉਕਤ ਨਤੀਜਿਆਂ `ਤੇ ਅਸੀਂ ਇਕ ਉਡਦੀ ਝਾਤ ਮਾਰੀਏ ਤਾਂ ਜਾਂ ਉਕਾ-ਪੁੱਕਾ ਜਾਇਜ਼ਾ ਲਈਏ ਤਾਂ ਕਹਿ ਸਕਦੇ ਹਾਂ ਕਿ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਹਿੱਸੇ ਇੱਕ ਵੱਡੀ ਨਾਕਾਮੀ ਆਈ ਹੈ। ਕਿਉਂਕਿ ਪੱਛਮੀ ਬੰਗਾਲ `ਚ ਜਿਸ ਤਰ੍ਹਾਂ ਦੀ ਤਿਆਰੀ ਨਾਲ ਉਹ ਚੋਣ ਮੈਦਾਨ ਵਿਚ ਉਤਰੀ ਸੀ, ਨਤੀਜੇ ਸਾਹਮਣੇ ਆਉਣ ਉਪਰੰਤ ਉਸ ਦੇ ਪੱਲੇ ਵੱਡੀ ਨਿਰਾਸ਼ਾ ਪਈ ਹੈ। ਬੰਗਾਲ ਦੇ ਨਤੀਜਿਆਂ ਨੇ ਦਰਅਸਲ ਪਾਰਟੀ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਪ੍ਰਚਲਿਤ ਵਿਚਾਰਧਾਰਾ ਜਿਵੇਂ ਕਿ ਧਾਰਮਿਕ ਵਖਰੇਵਿਆਂ ਆਦਿ ਵਾਲੀਆਂ ਨੀਤੀਆਂ ਨੂੰ ਤਬਦੀਲ ਕਰਨ ਬਾਰੇ ਸੋਚ-ਵਿਚਾਰ ਕਰੇ ਅਤੇ ਨਾਲ ਹੀ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਜਮੀਨੀ ਸਤਹ `ਤੇ ਉਤਰ ਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਯਕੀਨੀ ਬਣਾਵੇ। ਇਸ ਦੇ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਸ ਤਰ੍ਹਾਂ ਨਾਲ ਚੋਣ ਸਭਾਵਾਂ ਵਿਚ ‘ਦੀਦੀ ਓ ਦੀਦੀ’ ਕਹਿ ਕੇ ਵਿਅੰਗ ਕਸਿਆ ਗਿਆ, ਉਸ ਨੂੰ ਵੀ ਸੂਬੇ ਦੇ ਲੋਕਾਂ, ਵਿਸ਼ੇਸ਼ ਤੌਰ `ਤੇ ਔਰਤਾਂ ਨੇ ਆਪਣੇ ਅਪਮਾਨ ਵਜੋਂ ਵੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਵਧੇਰੇ ਲੋਕਾਂ ਦੀ ਹਮਦਰਦੀ ਵੀ ਮਮਤਾ ਬੈਨਰਜੀ ਦੇ ਹਿੱਸੇ ਆਈ।
ਭਾਜਪਾ ਦੀ ਹਾਰ ਦਾ ਇੱਕ ਵੱਡਾ ਕਾਰਨ ਕਿਸਾਨ ਆਗੂਆਂ ਵਲੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਸੀ। ਕਿਸਾਨਾਂ ਦੀ ਇਸ ਅਪੀਲ ਨੇ ਪਾਰਟੀ ਵਿਰੁੱਧ ਇਕ ਸੰਕੇਤਕ ਵਿਰੋਧੀ ਹਵਾ ਨੂੰ ਹੱਲਾਸ਼ੇਰੀ ਦਿੱਤੀ। ਇਸ ਤੋਂ ਇਲਾਵਾ ਇਲੈਕਸ਼ਨ ਦੌਰਾਨ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਪੈਰ `ਤੇ ਸੱਟ ਵੱਜੀ ਅਤੇ ਇਸ ਉਪਰੰਤ ਉਹ ਆਪਣੀ ਹਰ ਚੋਣ ਸਭਾ ਪੱਟਾ ਲਿਪਟਿਆ ਪੈਰ ਲੈ ਕੇ ਸਟੇਜ `ਤੇ ਆ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦੀ ਸੀ ਤਾਂ ਉਸ ਨਾਲ ਵੀ ਉਨ੍ਹਾਂ ਨੂੰ ਲੋਕਾਂ ਦੀ ਵਧੇਰੇ ਹਮਦਰਦੀ ਮਿਲੀ ਤੇ ਨਿਰਸੰਦੇਹ ਇਹ ਹਮਦਰਦੀ ਉਸ ਦੇ ਵੋਟ ਬੈਂਕ ਵਿਚ ਤਬਦੀਲ ਹੁੰਦੀ ਗਈ।
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਇਲਾਵਾ ਪੱਛਮੀ ਬੰਗਾਲ ਵਿਚ ਅੱਠ ਭਾਗਾਂ ਵਿਚ ਹੋਇਆ ਇਲੈਕਸ਼ਨ ਵੀ ਪਾਰਟੀ ਲਈ ਇਕ ਵੱਡਾ ਡਰਾਬੈਕ ਸਿੱਧ ਹੋਇਆ ਹੈ, ਕਿਉਂਕਿ ਵੋਟਾਂ ਦੇ ਆਖਰੀ ਦੋ ਤਿੰਨ ਚਰਨਾਂ ਦੌਰਾਨ ਜਿਵੇਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜੋਰ ਫੜਿਆ ਅਤੇ ਇਸ ਉਪਰੰਤ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਨਾਲ ਨਿਪਟਣ ਨੂੰ ਲੈ ਕੇ ਮੋਦੀ ਸਰਕਾਰ ਦੀ ਵਿਦੇਸ਼ੀ ਮੀਡੀਆ ਨੇ ਭੰਡੀ ਕੀਤੀ, ਉਹ ਵੀ ਪਾਰਟੀ ਦੀ ਹਾਰ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਭਾਵੇਂ ਭਾਜਪਾ ਆਸਾਮ ਵਿਚ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ, ਪਰ ਜਿਸ ਤਰ੍ਹਾਂ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿਚ ਉਸ ਦੀ ਦੁਰਗਤ ਹੋਈ ਹੈ, ਉਹ ਯਕੀਨਨ ਇਕ ਕੌਮੀ ਪਾਰਟੀ ਲਈ ਚਿੰਤਨ-ਮੰਥਨ ਕਰਨ ਦੀ ਮੰਗ ਕਰਦਾ ਹੈ।
ਦੂਜੇ ਪਾਸੇ ਜਿੱਥੋਂ ਤੱਕ ਕਾਂਗਰਸ ਦਾ ਸੁਆਲ ਹੈ ਤਾਂ ਉਹ ਵੀ ਇਨ੍ਹਾਂ ਚੋਣਾਂ ਵਿਚ ਕਿਸੇ ਇਕ ਵੀ ਸੂਬੇ ਵਿਚ ਆਪਣੇ ਬਲਬੂਤੇ ਸਰਕਾਰ ਬਣਾਉਣ `ਚ ਅਸਫਲ ਰਹੀ ਹੈ। ਭਾਵੇਂ ਉਹ ਕੇਰਲ ਅਤੇ ਆਸਾਮ ਵਿਚ ਵਿਰੋਧੀ ਧਿਰ ਵਜੋਂ ਸਨਮਾਨਜਨਕ ਸੀਟਾਂ ਲੈਣ `ਚ ਸਫਲ ਹੋਈ ਹੈ, ਪਰ ਫਿਰ ਵੀ ਇਕ ਕੌਮੀ ਪਾਰਟੀ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਉਹ ਹਾਲੇ ਵੀ ਕਾਫੀ ਦੂਰ ਜਾਪਦੀ ਹੈ।
ਬਾਕੀ ਜਿਥੋਂ ਤੱਕ ਕਮਲ ਹਸਨ, ਅਸਦੂਦੀਨ ਓਵੇਸੀ ਵਰਗੇ ਖੇਤਰੀ ਪਾਰਟੀਆਂ ਵਾਲਿਆਂ ਆਗੂਆਂ ਦਾ ਸੁਆਲ ਹੈ ਤਾਂ ਇਹ ਨਤੀਜੇ ਉਨ੍ਹਾਂ ਨੂੰ ਇਹੋ ਸੁਨੇਹਾ ਦਿੰਦੇ ਜਾਪਦੇ ਹਨ ਕਿ ਇਨ੍ਹਾਂ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਜਮੀਨੀ ਸਤਹ `ਤੇ ਹੋਰ ਵਧੇਰੇ ਸੁਚਾਰੂ ਢੰਗ ਨਾਲ ਲੋਕਾਂ ਵਿਚ ਵਿਚਰਨ ਦੀ ਲੋੜ ਹੈ।