ਗੁਲਜ਼ਾਰ ਸਿੰਘ ਸੰਧੂ
ਕੋਵਿਡ-19 ਦੇ ਦਿਨਾਂ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਨਾਲ ਜੁੜੇ ਜਿਹੜੇ ਸੱਜਣ ਵਿਛੋੜਾ ਦੇ ਗਏ, ਉਨ੍ਹਾਂ ਵਿਚ ਮੇਰੇ ਚੰਡੀਗੜ੍ਹ ਦਾ ਵਸਨੀਕ ਹੋਣ ਸਮੇਂ ਦਾ ਮਿੱਤਰ ਪ੍ਰੇਮ ਗੋਰਖੀ ਵੀ ਸੀ। ਉਸ ਨੂੰ ਪੰਜਾਬੀ ਟ੍ਰਿਬਿਊਨ ਦੇ ਅਮਲੇ ਵਿਚ ਸ਼ਾਮਲ ਕਰਨ ਵਾਲਾ ਭਾਵੇਂ ਬਰਜਿੰਦਰ ਸਿੰਘ ਹਮਦਰਦ ਸੀ, ਪਰ ਉਹ ਮੇਰੇ ਸੰਪਾਦਕ ਹੁੰਦਿਆਂ ਵੀ ਪਰੂਫ ਰੀਡਰਾਂ ਦੀ ਟੀਮ ਦਾ ਮੁਖੀ ਰਿਹਾ। ਉਹ ‘ਮਿੱਟੀ ਰੰਗੇ ਲੋਕ’ ਤੇ ‘ਜੀਣ ਮਰਨ’ ਕਹਾਣੀ ਸੰਗ੍ਰਹਿਆਂ ਦਾ ਰਚੈਤਾ ਹੈ, ਮੈਨੂੰ ਉਦੋਂ ਨਹੀਂ ਸੀ ਪਤਾ; ਉਸ ਦੀ ਰਚਨਾਕਾਰੀ ਦੀ ਇਹ ਧੁਨ ਮੇਰੇ ਟ੍ਰਿਬਿਊਨ ਛੱਡਣ ਤੋਂ ਪਿੱਛੋਂ ਵੀ ਜਾਰੀ ਰਹੀ-ਛੋਟੀ ਕਹਾਣੀਆਂ ਦੀਆਂ ਦੋ ਪੁਸਤਕਾਂ ‘ਅਰਜਣ ਸਫੇਦੀ ਵਾਲਾ’ ਤੇ ‘ਧਰਤੀ ਪੁੱਤਰ’ ਸਮੇਤ। ਉਸ ਨੇ ਦੋ ਤਿੰਨ ਕਹਾਣੀ ਸੰਗ੍ਰਹਿਆਂ ਦਾ ਸੰਕਲਨ ਤੇ ਸੰਪਾਦਨ ਵੀ ਕੀਤਾ ਅਤੇ ਇਕ ‘ਗੈਰ ਹਾਜ਼ਰ ਆਦਮੀ’ ਨਾਂ ਦੀ ਵੱਡ ਆਕਾਰੀ ਸਵੈਜੀਵਨੀ ਵੀ ਲਿਖੀ ਤੇ ਪ੍ਰਕਾਸ਼ਿਤ ਕਰਵਾਈ।
ਉਸ ਦੀਆਂ ਰਚਨਾਵਾਂ ਵਿਚ ਗਰੀਬ ਤੇ ਦਲਿਤ ਵਸੋਂ ਦੇ ਮਸਲਿਆਂ ਤੇ ਦੁੱਖਾਂ ਦਾ ਪ੍ਰਗਟਾਵਾ ਹੈ।
ਉਸ ਦੀ ਸਾਹਿਤਕ ਘਾਲਣਾ ਨੂੰ ਮੁਖ ਰੱਖਦਿਆਂ ਉਹਨੂੰ ਪਟਿਆਲਾ, ਪਲਾਹੀ, ਦਿੱਲੀ, ਤਲਵਾੜਾ, ਫਾਜਿ਼ਲਕਾ, ਜਲੰਧਰ, ਕਪੂਰਥਲਾ, ਸੰਗਰੂਰ ਤੇ ਲੁਧਿਆਣਾ ਦੀਆਂ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਵਲੋਂ ਪੁਰਸਕਾਰਾਂ-ਸਨਮਾਨਾਂ ਨਾਲ ਨਿਵਾਜਿਆ ਗਿਆ। 2018 ਵਿਚ ਮੇਰੀ ਦੇਖ-ਰੇਖ ਥੱਲੇ ਕੰਮ ਕਰਦੀ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਉਸ ਨੂੰ ਉਸ ਵਰ੍ਹੇ ਦੀ ਸਭ ਤੋਂ ਵੱਡੀ ਦੇਣ ਲਈ ਨਿਵਾਜਿਆ। ਪ੍ਰੇਮ ਗੋਰਖੀ ਦੋ ਸਾਲ ਜਲੰਧਰ ਤੋਂ ਛਪਦੇ ਮਾਸਕ ਰਸਾਲੇ ‘ਲਕੀਰ’ ਦੇ ਸੰਪਾਦਕੀ ਅਮਲੇ ਵਿਚ ਵੀ ਕੰਮ ਕਰਦਾ ਰਿਹਾ। ਉਹ ਆਪਣੀ ਸਵੈ-ਜੀਵਨੀ ਵਿਚ ਆਪਣੇ ਆਪ ਨੂੰ ਕਿੰਨਾ ਵੀ ਗੈਰਹਾਜ਼ਰ ਮੰਨਦਾ ਹੋਵੇ, ਆਪਣੀ ਦੇਣ ਸਦਕਾ ਸਦਾ ਹੀ ਹਾਜ਼ਰ ਰਹੇਗਾ। ਉਹਦੇ ਵਾਂਗ ਵਿਛੋੜਾ ਦੇਣ ਵਾਲਿਆਂ ਵਿਚ ਮੰਡੀ ਬੋਰਡ ਦਾ ਸਾਬਕਾ ਚੇਅਰਮੈਨ ਜੁਗਰਾਜ ਸਿੰਘ ਗਿੱਲ, ਉਘਾ ਸੀ. ਪੀ. ਆਈ. ਲੀਡਰ ਜੋਗਿੰਦਰ ਦਿਆਲ ਤੇ ਰੰਗਮੰਚ ਵਾਲੀ ਕੰਵਲਜੀਤ ਢਿੱਲੋਂ ਦੇ ਮਾਤਾ ਜੀ ਤੋਂ ਬਿਨਾ ਜਨਮੇਜਾ ਸਿੰਘ ਜੌਹਲ ਦੀ ਪਤਨੀ ਤੇ ਡਾ. ਐਸ. ਐਸ. ਜੌਹਲ ਦੀ ਨੂੰਹ ਨਰਿੰਦਰ ਕੌਰ ਵੀ ਸ਼ਾਮਲ ਹਨ। ਉਮਰ ਦੀ ਸਭ ਤੋਂ ਛੋਟੀ ਨਰਿੰਦਰ ਕੌਰ ਕਿਸੇ ਕਾਰਨ ਕਰੋਨਾ ਦੀ ਲਪੇਟ ਵਿਚ ਆ ਗਈ, ਜੋ ਅਤਿ ਮੰਦਭਾਗੀ ਗੱਲ ਹੈ।
ਧਰਤੀ ਦੀ ਹਿੱਕ ਉਤੇ ਸੂਰਜੀ ਕਿਰਨਾ ਦਾ ਚਾਨਣ: ਕਰੋਨਾ ਤਾਲਾਬੰਦੀ ਦੇ ਦਿਨਾਂ ਵਿਚ ਇੰਦਰਜੀਤ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ ‘ਕੋਰੇ ਕਾਗਜ਼ `ਤੇ ਰੱਖੇ ਫੁੱਲ’ (ਲੋਕਗੀਤ ਪ੍ਰਕਾਸ਼ਨ, ਪੰਨੇ 106, ਮੁੱਲ 250 ਰੁਪਏ) ਪੜ੍ਹਨ ਨੂੰ ਮਿਲੀ। ਸੰਜੋਗ-ਵਿਯੋਗ ਤੇ ਸੁਹਜ-ਭਾਵਨਾ ਨਾਲ ਓਤ-ਪੋਤ ਇਹ ਕਵਿਤਾਵਾਂ ਮਨੁੱਖੀ ਮਨ ਦੇ ਵਿਦਿਆਨਕ ਪੁੱਠ ਵਾਲੇ ਭਾਵਾਂ ਦੀ ਬਾਤ ਪਾਉਂਦੀਆਂ ਹਨ।
ਉਸ ਦਾ ਦਿਲ ਟੁੱਟਿਆ ਜ਼ਰੂਰ ਹੋਵੇਗਾ
ਜਦ ਤੂੰ ਉਹਦਾ ਸੁਟਿਆ ਗੁਲਾਬ ਹੋਵੇਗਾ।
ਉਸ ਨੂੰ ਨਾ ਤੱਕਣਾ ਸਿਰਫ ਤੇਰੀ ਹੀ ਸੀ ਜ਼ਿਦ
ਉਸ ਜਾਣ ਲੱਗਿਆਂ ਤੈਨੂੰ ਤੱਕਿਆ ਜ਼ਰੂਰ ਹੋਵੇਗਾ।
ਤੂਫਾਨ ਦਾ ਮਿਜਾਜ਼
ਮੋਟੇ ਮੋਟੇ ਨੈਣ ਤੇਰੇ ਸਾਂਵਲਾ ਜਾ ਰੰਗ ਨੀਂ
ਮੱਥੇ ਉੱਤੇ ਖਿੜਿਆ ਰਹੇ ਕਾਲਾ ਕਾਲਾ ਚੰਨ ਨੀਂ।
ਲੋਹੇ ਦੀਆਂ ਝਾਂਜਰਾਂ ਜਦ ਅੱਡੀ ਨਾਲ ਖਹਿੰਦੀਆਂ
ਸੱਚੀ ਮੁੱਚੀ ਸੱਚੀ ਮੇਰੀ ਜਿੰਦ ਕੱਢ ਲੈਂਦੀਆਂ।
ਤਿੱਖੇ ਤਿੱਖੇ ਨੱਕ ਵਿਚ ਭਾਰਾ ਭਾਰਾ ਕੋਕਾ ਨੀਂ
ਇੰਜ ਜਾਪੇ ਮਿਲਣੇ ਦਾ ਕਿੱਦਾਂ ਹੋਵੇ ਹੋਕਾ ਨੀਂ।
ਸਾਦਗੀ ਦੀ ਮੂਰਤੇ ਨੀਂ ਤੇਰਾ ਨਖਰਾ ਕਮਾਲ ਏ
ਸੱਚੀ ਮੁੱਚੀ ਸੱਚੀ ਤੇਰੀ ਅਦਾ ਬੇਮਿਸਾਲ ਏ। (ਵਣਜਾਰਨ)
ਵਿਗਿਆਨਕ ਵਿੱਦਿਆ ਤੇ ਵਿਗਿਆਨਕ ਸੋਚ ਨੂੰ ਪਰਨਾਇਆ ਹੋਣ ਦੇ ਬਾਵਜੂਦ ਇੰਦਰਜੀਤ ਆਤਮਕ ਸਮਤੋਲ ਨੂੰ ਪਛਾਣਦਾ ਹੈ:
ਮੇਰੇ ਸਿਲੇ ਨੈਣਾਂ ’ਚ ਲਿਖਿਆ ਹੀ ਰਹਿ ਗਿਆ
ਸਵਾਲ ਤੇਰਾ ਸੀ, ਜਵਾਬ ਮੇਰਾ ਸੀ।
ਦੱਸ ਤਾਂ ਸਹੀ ਕੀ ਕਰਦਾ ਮੈਂ ਇੱਕ ਦਿਨ ਦੀ ਬਹਾਰ ਦਾ
ਇਕਰਾਰ ਤੇਰਾ ਸੀ, ਇਨਕਾਰ ਮੇਰਾ ਸੀ। (ਮੇਰਾ ਕਲਾਮ)
ਇੰਦਰਜੀਤ ਆਪਣੇ ਆਪ ਨੂੰ ਰੁੱਖ ਸਮਝ ਕੇ ਹਵਾਵਾਂ ਨੂੰ ’ਵਾਜਾਂ ਮਾਰਨ ਦੇ ਸੁਪਨੇ ਹੀ ਨਹੀਂ ਲੈਂਦਾ, ਸੁਪਨਿਆਂ ਵਿਚ ਆਪਣੇ ਆਪ ਨੂੰ ਮਰਿਆ ਵੀ ਦੇਖਦਾ ਹੈ।
ਮੈਂ, ਰਾਤੀਂ ਸੁਪਨੇ ਦੇ ਵਿਚ
ਆਪਣੇ ਆਪ ਨੂੰ ਮੋਇਆ ਵੇਖਿਆ
ਛੱਡ ਕੇ ਮਤਲਬੀ ਦੁਨੀਆਂ ਨੂੰ
ਆਪਣਿਆਂ ਦੇ ਸੰਗ ਹੋਇਆ ਵੇਖਿਆ।
ਕਵੀ ਦੀ ਇਸ ਭਾਵਨਾ ਨੇ ਮੈਨੂੰ ਕਾਵਿਕ ਉਤਮਤਾ ਦੇ ਮਹਾਰਥੀ ਮੀਰ ਤਕੀ ਮੀਰ ਦਾ ਸ਼ਿਅਰ ਹੀ ਚੇਤੇ ਨਹੀਂ ਕਰਾਇਆ ਆਪਣੇ ਮਰਹੂਮ ਮਿੱਤਰ ਤਾਰਾ ਸਿੰਘ (ਕਾਮਲ) ਦੇ ਬੋਲ ਵੀ ਚੇਤੇ ਕਰਵਾ ਦਿੱਤੇ ਹਨ:
ਅਹਿਦ-ਏ-ਜਵਾਨੀ ਰੋ ਰੋ ਕਾਟਾ
ਪੀਰੀ ਮੇਂ ਲੀਂ ਆਖੇਂ ਮੰੂਦ
ਯਾਨਿ ਰਾਤ ਬਹੁਤ ਥੇ ਜਾਗੇ
ਸੁਬ੍ਹਾ ਹੂਈ ਆਰਾਮ ਕੀਆ।
-ਮੀਰ ਤਕੀ ਮੀਰ)
ਰਾਤ ਫੇਰ ਤੁਸੀਂ ਸੁਪਨੇ ਆਏ
ਆ ਕੇ ਬਹਿ ਗਏ ਕੋਲ,
ਰਾਤ ਫੇਰ ਚੰਨ ਅਰਸ਼ੋਂ ਲੱਥਾ
ਜ਼ਿਮੀ ਦੀ ਭਰ ਗਿਆ ਝੋਲ।
-ਤਾਰਾ ਸਿੰਘ (ਕਾਮਲ)
ਉਹਦੀ ਰਚਨਾ ਵਿਚ ਵੱਡੇ ਕਵੀਆਂ ਵਾਲੀ ਕੋਮਲਤਾ ਨਫਾਸ ਤੇ ਉਤਮਤਾ ਹੋਵੇ, ਨਾ ਹੋਵੇ, ਉਨ੍ਹਾਂ ਦੇ ਪੈਰ ਚਿੰਨ੍ਹਾਂ ਉੱਤੇ ਚਲਣ ਦਾ ਯਤਨ ਜਰੂਰ ਕਰਦਾ ਹੈ। ਉਹਦੇ ਲਈ ਮਾਂਵਾਂ-ਧੀਆਂ ਦਾ ਰਿਸ਼ਤਾ ਵੀ ਸਿਦਕ ਸ਼ਹੀਦੀ ਦਾ ਸੰਦੇਸ਼ ਦੇਣ ਵਾਲਾ ਹੈ।
ਕਾਲਿਆਂ ਬਾਗਾਂ ਦੀ ਸ਼ਗਨੀਂ ਮਹਿੰਦੀ ਨੀ ਮਾਏ
ਸਿਦਕੀ ਪਾਣੀ ਵਿਚ ਘੋਲ ਅੱਜ ਲਾਵੀਂ
ਫਿਰ ਹਥੋਂ ਨਾ ਲਹਿੰਦੀ ਨੀ ਮਾਏ।
ਤੂੰ ਰੱਬ ਜੇਡ ਉਮਰਾਂ ਮਾਣੇ ਨੀ ਮਾਏ
ਬਿਨ ਮਾਂਵਾਂ ਦੇ ਦਸ ਕਾਹਦੇ ਪੇਕੇ
ਕੌਣ ਧੀਆਂ ਨੂੰ ਸਿਆਣੇ ਨੀ ਮਾਏ।
ਸਾਡੇ ਵਰਗੇ ਉਰਦੂ ਸ਼ਾਇਰੀ ਦੇ ਪਾਠਕਾਂ ਨੂੰ ਇੰਦਰਜੀਤ ਦੀ ਕਵਿਤਾ ਵਿਚ ਵਜਨ ਤੇ ਬਹਿਰ ਦੀ ਘਾਟ ਕਿੰਨੀ ਵੀ ਰੜਕਦੀ ਹੋਵੇ, ਵਿਸ਼ਾ ਵਸਤੂ ਹਾਂ ਪੱਖੀ ਹੈ। ਕੋਰੇ ਕਾਗਜ਼ `ਤੇ ਰੱਖੇ ਫੁੱਲਾਂ ਦਾ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ: (ਮੁਸ਼ਤਾਕ ਵਾਰਸੀ ਮਲੇਰ ਕੋਟਲਾ)
ਦੂਰੋਂ ਨਾ ਕਰ ਤਮਾਸ਼ਾ ਆ ਵੇਖ ਨੇੜੇ ਹੋ ਕੇ
ਅੱਖਾਂ ’ਚ ਤੈਰਦੇ ਨੇ ਸਦੀਆਂ ਦੇ ਕਾਲੇ ਸੋਕੇ।
ਦੋ ਚਾਰ ਹੀਂਘਾਂ ਵੀ ਨਾ ਲੈ ਪਾਈ ਰੀਝਾਂ ਭੰਨੀ
ਟੁੱਟੀ ਉਹ ਪੀਂਘ ਚੰਦਰੀ ਕੀਹਦਾ ਸਰਾਪ ਹੋ ਕੇ।
ਸ਼ਾਇਦ ਉਹ ਜਾਣ ਜਾਏ ਮੁਸ਼ਤਾਕ ਦਿਲ ਦੀ ਹਾਲਤ
ਘੱਲੇ ਗੁਲਾਬ ਜੇਕਰ ਸੂਲਾਂ ’ਚ ਤੂੰ ਪਰੋ ਕੇ।