ਡਾ. ਗੁਰੂਮੇਲ ਸਿੱਧੂ
ਕਲੋਵਿਸ, ਕੈਲੀਫੋਰਨੀਆ
ਸੰਤੋਖ ਮਿਨਹਾਸ ਦੀ ਹੁਣੇ ਜਿਹੇ ਛਪੀ ਪੁਸਤਕ ‘ਉਕਾਬ ਵਾਲਾ ਪਾਸਪੋਰਟ’ ਮੇਰੇ ਧਿਆਨ ਗੋਚਰੇ ਹੈ। ਇਹ ਪੁਸਤਕ ਦੋ ਗੱਲਾਂ ਕਰਕੇ ਨਿਰਾਲੀ ਹੈ-ਇਕ ਤਾਂ ਇਹ ਹੱਡੀਂ ਹੰਢਾਏ ਅਨੁਭਵ ਦਾ ਦਸਤਾਵੇਜ਼ ਹੈ ਅਤੇ ਦੂਜੇ, ਸਾਹਿਤ ਦੇ ਇਕ ਅਣਗੌਲੀ ਵਿਧਾ ‘ਨਿਬੰਧ’ ਵਿਚ ਲਿਖੀ ਹੋਈ ਹੈ। ਮੂਲ ਰੂਪ ਵਿਚ ਮਿਨਹਾਸ ਇਕ ਕਵੀ ਹੈ, ਭਾਵੇਂ ਉਸ ਦੀ ਕਲਮ-ਕਮਾਈ ਵਿਚ ਇੱਕ ਮੈਗਜ਼ੀਨ ਦੀ ਸੰਪਾਦਨਾ ਅਤੇ ਇੱਕ ਸੀਰੀਅਲ ਦੀ ਕਹਾਣੀ ਅਤੇ ਸੰਵਾਦ ਵੀ ਸ਼ਾਮਿਲ ਹਨ।
ਉਸ ਦੀਆਂ ਤਿੰਨ ਕਾਵਿ-ਪੁਸਤਕਾਂ: ਇੱਕ ਸੰਪਾਦ ਕੀਤੀ ਹੋਈ, ‘ਆਪਣੀ ਆਪਣੀ ਗਾਥਾ’ ਅਤੇ ਦੋ ਮੌਲਿਕ ਕਾਵਿ-ਸੰਗ੍ਰਹਿ, ‘ਅੱਖਾਂ ‘ਚ ਬਲਦੇ ਸੂਰਜ’ ਤੇ ‘ਫੁੱਲ, ਤਿਤਲੀ ਤੇ ਉਹ’ ਛਪ ਚੁਕੀਆਂ ਹਨ। ਇਨ੍ਹਾਂ ਪੁਸਤਕਾਂ ਦੀਆਂ ਨਜ਼ਮਾਂ ਨੂੰ ਪੜ੍ਹਨ-ਸੁਣਨ ਦਾ ਮੌਕਾ ਮਿਲਿਆ ਹੈ। ਬਹੁਤੀਆਂ ਨਜ਼ਮਾਂ ਵਿਚ ਭਾਵਾਂ ਦੀ ਚਿੱਤਰਕਾਰੀ ਮਿਲਦੀ ਹੈ, ਜੋ ਪੇਸ਼ਕਾਰੀ ਸਮੇਂ ਮੂਰਤੀਮਾਨ ਹੋ ਜਾਂਦੀ ਹੈ। ਕਵਿਤਾ ਤੇ ਕਵੀ ਇੱਕ ਦੂਜੇ ਵਿਚ ਅਭੇਦ ਹੋ ਕੇ ਸਰਵਣੀ ਤੇ ਦਰਸ਼ਣੀ (ਉਦੋਿ-ੜਸਿੁਅਲ) ਪ੍ਰਭਾਵ ਪੈਦਾ ਕਰਦੇ ਹਨ। ਇਸੇ ਲਈ ਸੰਤੋਖ ਨੂੰ ਆਡੀਓ-ਵਿਜ਼ੂਅਲ ਕਵੀ ਦਾ ਨਾਂ ਦਿੱਤਾ ਹੈ।
ਸੰਤੋਖ ਨੇ ਪਿਛਲੇ ਕੁਝ ਸਾਲਾਂ ਵਿਚ ਸਾਹਿਤ ਦੇ ਇੱਕ ਪਛੜੇ ਹੋਏ ਰੂਪ, ਨਿਬੰਧ ‘ਤੇ ਕਲਮ ਅਜ਼ਮਾਈ ਹੈ। ਇਹ ਨਿਬੰਧ ਉਸ ਦੀ ਹਥਲੀ ਪੁਸਤਕ ‘ਉਕਾਬ ਵਾਲਾ ਪਾਸਪੋਰਟ’ ਵਿਚ ਦਰਜ ਹਨ। ਨਿਬੰਧ, ਸਾਹਿਤ ਦੀ ਅਜਿਹੀ ਵਿਧਾ ਹੈ, ਜਿਸ ਦੀ ਸਮੱਗਰੀ ਨੂੰ ਸਰਲਤਾ, ਸੰਜਮਤਾ ਅਤੇ ਸੰਜੀਦਗੀ ਲੋੜੀਦੀ ਹੈ। ਸਰਲਤਾ ਤੋਂ ਭਾਵ ਹੈ ਵਿਚਾਰ ਦੀ ਸਪੱਸ਼ਟਤਾ, ਸੰਜਮਤਾ ਤੋਂ ਮੁਰਾਦ ਹੈ ਵਿਸ਼ੇ-ਵਸਤੂ ਨੂੰ ਅਕਾਰਥ ਸ਼ਬਦ ਅਡੰਬਰ ਤੋਂ ਮੁਕਤ ਰੱਖਣਾ ਅਤੇ ਸੰਜੀਦਗੀ ਤੋਂ ਮਤਲਬ ਹੈ ਬੇਹੁਦਰੇ ਤੇ ਨਿਰਾਰਥਕ ਸ਼ਬਦਾਂ ਦੀ ਭਰਤੀ ਤੋਂ ਬਚਾਈ ਰੱਖਣਾ। ਹਥਲੀ ਪੁਸਤਕ ਵਿਚੋਂ ਇਨ੍ਹਾਂ ਤਿੰਨਾਂ ਖਾਸੀਅਤਾਂ ਦੀ ਪੇਸ਼ਕਾਰੀ ਉਪਲਭਦ ਹੁੰਦੀ ਹੈ।
‘ਉਕਾਬ ਵਾਲਾ ਪਾਸਪੋਰਟ’ ਦੇ ਨਿਬੰਧਾਂ ਦੇ ਵਿਸ਼ੇ, ਨਿਤਾਪ੍ਰਤੀ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਦਸਤਪੰਜਾ ਲੈਂਦੇ ਹਨ। ਇਨ੍ਹਾਂ ਵਿਚ ਕੁਝ ਹੱਡ-ਬੀਤੀਆਂ ਤੇ ਕੁਝ ਜੱਗ-ਬੀਤੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਨਿਬੰਧਾਂ ਵਿਚੋਂ ਜੀਵਨ ਦੇ ਤਲਖ, ਤੁਰਸ਼ ਤੇ ਸ਼ੀਰੀਂ ਤਜਰਬਿਆਂ ਦਾ ਖੱਟਾ-ਮਿੱਠਾ ਤੇ ਕੌੜਾ-ਕੁਸੈਲਾ ਸੁਆਦ ਆਉਂਦਾ ਹੈ। ਇਸ ਪੁਸਤਕ ਵਿਚ ਬੰਦੇ ਦੀ ਕਹਿਣੀ, ਕਥਨੀ ਤੇ ਕਰਨੀ ਬਾਰੇ ਰੌਚਕ ਅਤੇ ਦਿਲਚਸਪ ਸੰਵਾਦ ਤੇ ਵਿਚਾਰ ਸ਼ਾਮਿਲ ਹਨ। ਖਾਸ ਕਰਕੇ ਦੇਸ-ਪਰਦੇਸ ਦੇ ਅੰਤਰ-ਸੰਬੰਧਾਂ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਯਾਦਾਂ, ਦਿਲ ਦੀਆਂ ਤਾਂਘਾਂ ਅਤੇ ਮਨ ਦੇ ਅਹਿਸਾਸਾਂ ਦੀਆਂ ਪਿੜੀਆਂ ਨੂੰ ਬੁਣਨ ਤੇ ਉਧੇੜਨ ਦਾ ਯਤਨ ਕੀਤਾ ਗਿਆ ਹੈ। ਪਰਵਾਸ ਸਿਧਾਰਨ ਦੀ ਚਾਹਤ ਬੰਦੇ ਦੀ ਲਾਲਸਾ ਵੱਸ ਪੈਦਾ ਹੋਈ ਮਜਬੂਰੀ ਨੂੰ ਜਨਮ ਦਿੰਦੀ ਹੈ, ਜੋ ਸਮੇਂ ਨਾਲ ਸੰਤਾਪ ਭੋਗਣ ਦਾ ਅਣ-ਚਾਹਿਆ ਕਾਰਨ ਬਣਦੀ ਹੈ। ਪ੍ਰੌੜ ਉਮਰੇ ਪਰਦੇਸੀ ਹੋਇਆ ਬੰਦਾ, ਪਿੱਤਰੀ ਸਭਿਆਚਾਰ ਦੇ ਸਮਾਜਿਕ ਰੁਤਬਿਆਂ ਅਤੇ ਨਿੱਜੀ ਰਿਸ਼ਤਿਆਂ ਦਾ ਭਰਮ ਪਾਲਦਾ ਹੋਇਆ ਪਰਾਏ ਸਭਿਆਚਾਰ ਨੂੰ ਨਿੰਦਣ ਤੇ ਨੀਵਾਂ ਦਰਸਾਉਣ ਦੇ ਯਤਨਾਂ ਵਿਚ ਉਲਝ ਜਾਂਦਾ ਹੈ। ਆਪੇ ਸਹੇੜੀਆਂ ਪੁੱਠੀਆਂ-ਸਿੱਧੀਆਂ ਤੜਾਵਾਂ ਦੀ ਖਿੱਚੋਤਾਣ, ਨਾ ਤਾਂ ਅਗਲੀ ਪੀੜ੍ਹੀ ਦੀਆਂ ਜੜ੍ਹਾਂ ਲੱਗਣ ਦਿੰਦੀ ਹੈ ਅਤੇ ਨਾ ਪਿੱਤਰੀ ਸਭਿਆਚਾਰ ਦੀਆਂ ਰੇਤੀਆਂ ਹੋਈਆਂ ਜੜ੍ਹਾਂ ਨੂੰ ਹਰਾ ਹੋਣ ਦਿੰਦੀ ਹੈ। ਪਰਦੇਸ ਧਾਉਣ ਵੇਲੇ ਬੰਦੇ ਦੀ ਮਜਬੂਰੀ ਵਿਚ ਔਲਾਦ ਦੀ ਬਿਹਤਰੀ ਦੀ ਲਾਲਸਾ ਛੁਪੀ ਹੋਈ ਹੁੰਦੀ ਹੈ। ਨਾਲ ਹੀ ਬੰਦੇ ਦੇ ਧੁਰ ਅੰਦਰ ਇਹ ਅਹਿਸਾਸ ਵੀ ਮਘਦਾ ਰਹਿੰਦਾ ਹੈ ਕਿ ਉਹ ਪਿਛਲੀ ਕਿਰਤ ਕਮਾਈ ਨੂੰ ਗੁਆ ਬੈਠੇਗਾ। ਇਹ ਦਵੰਧ ਪਰਦੇਸੀ ਹੋਏ ਬੰਦੇ ਲਈ ਸੰਤਾਪ ਭੋਗਣ ਦਾ ਕਾਰਨ ਬਣਦਾ ਹੈ, ਚਾਹੇ ਉਹ ਖਾਂਦੇ-ਪੀਂਦੇ ਪਰਿਵਾਰ ‘ਚੋਂ ਉਠ ਕੇ ਆਇਆ ਹੋਵੇ ਤੇ ਚਾਹੇ ਮਸੀਂ ਗੁਜ਼ਰ ਬਸਰ ਕਰਦੇ ਘਰੋਂ ਹੋਵੇ।
ਪੁਸਤਕ ਦੇ ਕਈ ਨਿਬੰਧਾਂ ਵਿਚ ਬੰਦੇ ਦੇ ਵਰਤਾਰੇ, ਰਹੁਰੀਤ ਅਤੇ ਮਾਨਸਿਕਤਾ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਲੇਖਕ ਦਾ ਵਿਚਾਰ ਹੈ ਕਿ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਕੁਝ ਬੰਦੇ ਦਾਲ ਦੇ ਕੋਕੜੂਆਂ ਵਾਂਗ ਹੁੰਦੇ ਹਨ। ‘ਕੋਕੜੂ ਕਿਸਮ ਦੇ ਬੀਬਿਆਂ ਸੂਰਤਾਂ ਵਰਗੇ ਲੋਕ, ਤਹਾਡੇ ਦੁੱਖ-ਸੁੱਖ ਦੇ ਸਾਥੀ-ਸੰਗੀ ਬਣਨ ਦਾ ਢਕੌਂਚ ਰੱਚ ਕੇ ਨੇੜਤਾ ਬਣਾ ਲੈਂਦੇ ਹਨ ਤੇ ਤੁਹਾਨੂੰ ਸਾਰੇ ਦਾ ਸਾਰਾ ਪੜ੍ਹ ਜਾਂਦੇ ਹਨ। ਜਦ ਉਹ ਤੁਹਾਡੇ ਤੌਰ-ਤਰੀਕਿਆਂ ਦਾ ਥਹੁ-ਪਤਾ ਪਾ ਲੈਂਦੇ ਹਨ ਤਾਂ ਸਹਿਜੇ-ਸਹਿਜੇ ਦਾਲ ਦੇ ਕੋਕੜੂਆਂ ਵਾਲੀ ਪ੍ਰਵਿਰਤੀ ਦਾ ਰੰਗ ਧੂੜਨਾ ਸ਼ੁੁਰੂ ਕਰ ਦਿੰਦੇ ਹਨ। ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਸੀਂ ਕਦ ਉਨ੍ਹਾਂ ਦੇ ਸੁੱਟੇ ਰੰਗ ਵਿਚ ਰੰਗੇ ਗਏ ਹੋ। ਪਤਾ ਉਦੋਂ ਲਗਦਾ ਹੈ, ਜਦ ਤੁਸੀਂ ਆਪਣਿਆਂ ਵਿਚ ਹੀ ਬਦਰੰਗ ਮਹਿਸੂਸ ਕਰਦੇ ਹੋ।’
ਮਾਨਸਿਕ ਤੌਰ ‘ਤੇ ਬੰਦਾ ਸਮਾਜਿਕ ਜੀਵ ਹੈ। ਉਸ ਦਾ ਆਪਣੇ ਆਪ ਤੋਂ ਟੁੱਟ ਕੇ ਇਕੱਲਾ ਰਹਿ ਜਾਣਾ, ਸਮਕਾਲ ਦੀ ਭਾਵੀ ਵੀ ਹੈ ਤੇ ਤ੍ਰਾਸਦੀ ਵੀ। ਸੰਤੋਖ ਇਸ ਮਨੋਸਥਿਤੀ ਨੂੰ ਬੜੇ ਮਾਰਮਿਕ ਢੰਗ ਨਾਲ ਬਿਆਨ ਕਰਦਾ ਲਿਖਦਾ ਹੈ ਕਿ ਹਰ ਜੀਵ ਆਪਣਾ-ਆਪਣਾ ਕੁਨਬਾ ਪਾਲਦਾ ਹੈ ਅਤੇ ਇਕੱਠਿਆਂ ਰਹਿਣਾ-ਸਹਿਣਾ ਤੇ ਰਸਣਾ-ਵਸਣਾ ਉਸ ਦੀ ਸਮਾਜਿਕ ਪਛਾਣ ਹੈ। ਅਖਾਣਾਂ ਤੇ ਕਹਾਵਤਾਂ ਦਾ ਸਹਾਰਾ ਲੈਂਦਿਆਂ ਉਹ ਲਿਖਦਾ ਹੈ ਕਿ ਸਮੇਂ ਦੇ ਝੱਖੜਾਂ ਨੂੰ ਸਾਂਝ ਦੀ ਕੰਧ ਰੋਕ ਦਿੰਦੀ ਹੈ। ਇਕੱਲੇ ਰੁੱਖ ਦਾ ਓਨਾ ਮਾਣ ਨਹੀਂ ਹੁੰਦਾ, ਜਿੰਨਾ ਜੰਗਲ ਦਾ ਹਿੱਸਾ ਹੋਣ ਨਾਲ ਹੁੰਦਾ ਹੈ। ਇਕੱਲੀ ਕੂੰਜ ਨੂੰ ਤਾਂ ਕਾਂ ਘੇਰ ਲੈਂਦੇ ਹਨ, ਪਰ ਕੂੰਜਾਂ ਦੀ ਡਾਰ ਤੋਂ ਭੈਅ ਖਾਂਦੇ ਹਨ। ਇਨ੍ਹਾਂ ਵਿਚਾਰਾਂ ਵਿਚੋਂ ਗੁਜ਼ਰਦੇ ਸਮੇਂ ਦੀ ਉਖੜੀ ਤੇ ਉਧੜੀ ਹੋਈ ਤਸਵੀਰ ਉਭਰਦੀ ਹੈ। ਫਲਸਰੂਪ, ਮਨਾਂ ਵਿਚ ਵਸੇ ਮਾਰੂਥਲਾਂ ਦਾ ਅਹਿਸਾਸ ਹੁੰਦਾ ਹੈ ਅਤੇ ਆਦਮੀ ਤੁਰਦਾ ਹੋਇਆ ਵੀ ਖੜ੍ਹਾ ਲਗਦਾ ਹੈ।
ਸ਼ੈਲੀ ਅਤੇ ਸ਼ਬਦਾਬਲੀ ਦਾ ਅਨੂਠਾ ਸੁਮੇਲ ਇਸ ਪੁਤਸਕ ਦਾ ਹਾਸਲ ਹੈ। ‘ਘਰ ਦੇ ਭਾਗ ਡਿਉੜੀ ਤੋਂ ਹੀ ਦਿਸ ਪੈਂਦੇ ਹਨ’ ਦੀ ਕਹਾਵਤ ਵਾਂਗ ਇਸ ਪੁਸਤਕ ਦੀ ਸਮੱਗਰੀ ਦੀ ਅਨੁਕੂਲਤਾ ਅਤੇ ਕਲਾ-ਕੌਸ਼ਲਤਾ ਦਾ ਅੰਦਾਜ਼ਾ ਇਸ ਵਿਚਲੇ ਨਿਬੰਧਾਂ ਦੇ ਸਿਰਲੇਖਾਂ ਤੋਂ ਭਲੀਭਾਂਤ ਲੱਗ ਜਾਂਦਾ ਹੈ ਜਿਵੇਂ: ਉਕਾਬ ਵਾਲਾ ਪਾਸਪੋਰਟ, ਦਾਲ ਦੇ ਕੋਕੜੂ, ਧੁਖਦੇ ਘਰਾਂ ਦਾ ਧੂਆਂ, ਦੋ ਟਕਿਆਂ ਦੀ ਨੌਕਰੀ, ਮਨਾਂ ਵਿਚ ਵਸੇ ਮਾਰੂਥਲ, ਮੁਸਕਾਨ ਦੀ ਉਡੀਕ, ਫੁੱਲਾਂ ਜੋਗੀ ਧਰਤ, ਤਰੀ ਵਾਲੀ ਮੱਛੀ, ਤੁਰਦੇ ਪੈਰਾਂ ‘ਤੇ ਖੜ੍ਹਾ ਆਦਮੀ, ਬੰਦੇ ਦੀ ਬੰਦੇ ‘ਚੋਂ ਤਲਾਸ਼ ਅਤੇ ਸਿੰਬਲ ਦਾ ਰੁੱਖ ਤੇ ਭੂਰੀ ਚਿੜੀ ਆਦਿ। ਨਿਬੰਧਾਂ ਵਿਚਲੇ ਕਥਨ ਬੜੇ ਸਰਲ, ਰੌਚਕ ਤੇ ਰਸਕ ਹਨ ਅਤੇ ਇਨ੍ਹਾਂ ਨੂੰ ਸੁਹਜਵਾਦੀ ਸ਼ਬਦਾਂ, ਵਾਕਾਂ ਤੇ ਵਾਕੰਸ਼ਾਂ ਨਾਲ ਪੇਸ਼ ਕੀਤਾ ਗਿਆ ਹੈ। ਕਥਨਾਂ ਦੀਆਂ ਮਿਸਾਲਾਂ ਥਾਂ ਪੁਰ ਥਾਂ ਖਿੱਲਰੀਆਂ ਪਈਆਂ ਹਨ ਜਿਵੇਂ: ਸ਼ਬਦਾਂ ਦਾ ਉਤਾਰ ਪਹਿਨਣਾ-ਹੰਢਾਉਣਾ, ਰਿਸ਼ਤਿਆਂ ਦੇ ਮੋਹ ਦਾ ਨਿੱਘ, ਜ਼ਿੰਦਗੀ ਦੀ ਦਾਲ ਦੇ ਕੋਕੜੂ, ਨੇੜਤਾ ਦੀ ਭੀੜ ਨਾਲੋਂ ਆਪਣੇ ਮੋਹ ਦੀ ਤੰਦ ਕੱਤਣਾ, ਘਰ ਦਾ ਉਦਾਸ ਰੰਗ, ਆਂਢ-ਗੁਆਂਢ ਤੇ ਅਜਨਬੀ, ਫੁੱਲ ਤੇ ਕਿਤਾਬਾਂ, ਹੱਥਾਂ ਦੀ ਸਿਰਜੀ ਦੌਲਤ, ਸ਼ੌਕ ਮਨੁੱਖ ਦਾ ਆਪਣਾ ਸਿਰਜਿਆ ਸੰਸਾਰ, ਆਦਿ।
ਸ਼ਾਹਿਤਕ ਸ਼ੈਲੀ, ਵਿਸ਼ਾ ਵਸਤੂ ਨੂੰ ਰੌਚਕ ਬਣਾ ਸਕਦੀ ਹੈ। ਇਸ ਵਿਚ ਸ਼ਬਦਾਂ ਦੀ ਚੋਣ ਤੇ ਚਿਣਤ, ਸੁਰਤਾਲ, ਬਿਆਨ ਦੀ ਸ਼ਿੱਦਤ ਅਤੇ ਸਾਦਗੀ ਸ਼ਾਮਿਲ ਹਨ। ਖਾਸ ਕਰਕੇ ਸ਼ੈਲੀ ਦਾ ਵਿਸ਼ੇ ਦੇ ਮਿਜਾਜ਼ ਨਾਲ ਡੂੰਘਾ ਸੰਬੰਧ ਹੈ। ਮਿਜਾਜ਼ ਦੀ ਪੁਖਤਗੀ ਵਿਸ਼ੇ ਦੀ ਸੁਭਾਵਿਕ ਮੌਲਿਕਤਾ `ਤੇ ਨਿਰਭਰ ਹੈ। ਨਿਰਸੰਦੇਹ, ਇਸ ਪੁਸਤਕ ਦੇ ਵਿਸ਼ੇ ਸਾਮੀਅਕ ਤੇ ਵਿਹਾਰਕ ਘਟਨਾਵਾਂ ‘ਚੋਂ ਜਨਮੇ ਹਨ ਅਤੇ ਸ਼ੈਲੀ ਨੇ ਇਨ੍ਹਾਂ ਨੂੰ ਮਾਰਮਿਕ ਬਣਾਉਣ ਵਿਚ ਪੂਰਾ ਸਾਥ ਨਿਭਾਇਆ ਹੈ।
ਬਹੁਤ ਸਾਰੀਆਂ ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਭਾਰਤੀ ਲੇਖਕਾਂ ਨੇ ਪਰਦੇਸ ਵਿਚ ਰਹਿੰਦਿਆਂ ਭਾਰਤ ਦੇ ਲੋਕਾਂ ਅਤੇ ਸਭਿਆਚਾਰ ਬਾਰੇ ਲਿਖੀਆਂ ਹਨ ਜਿਵੇਂ: ਪੰਡਿਤ ਨਹਿਰੂ ਦੀ ‘ਧਸਿਚੋਵੲਰੇ ੋਾ ੀਨਦਅਿ’, ਨੀਲ ਮੁਕਰਜੀ ਦੀ ‘ਠਹੲ ਼ਵਿੲਸ ੋਾ ੌਟਹੲਰਸ’, ਸੁਜਾਤਾ ਗਿਲਡਾ ਦੀ ‘ੳਨਟਸ ਅਨਦ ਓਲੲਪਹੲਨਟਸ’, ਮਿਰਜ਼ਾ ਵਾਹੀਦ ਦੀ ਠਹੲ ਭੋੋਕ ੋਾ ਘੋਲਦ ਼ੲਅਵੲਸ ਆਦਿ। ਇਨ੍ਹਾਂ ਪੁਸਤਕਾਂ ਵਿਚ ਲੇਖਕ ਭਾਰਤ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਸੁਭਾਵਾਂ ਨੂੰ ਆਪਣੀ-ਆਪਣੀ ਐਨਕ ਥਾਣੀਂ ਦੇਖਦੇ ਹਨ। ਸੰਤੋਖ ਮਿਨਹਾਸ ਦੀ ਪੁਸਤਕ ਵਿਚੋਂ ਵੀ ਕੁਝ ਇਸੇ ਤਰ੍ਹਾਂ ਦੇ ਹਵਾਲੇ ਮਿਲਦੇ ਹਨ। ਪੁਸਤਕ ਦੇ ਨਿਬੰਧਾਂ ਦਾ ਅਨੰਦ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ।
ਪੰਜਾਬੀ ਸਾਹਿਤ ਵਿਚ ਲੇਖਾਂ ਦੀਆਂ ਪੁਸਤਕਾਂ ਤਾਂ ਮਿਲਦੀਆਂ ਹਨ, ਪਰ ਨਿਬੰਧਾਂ ਦੀਆਂ ਕਿਤਾਬਾਂ ਦੀ ਘਾਟ ਹੈ। ਲੇਖ, ਆਮ ਕਰਕੇ ਸਰਸਰੀ ਜਿਹੀ ਜਾਣਕਾਰੀ ਪੇਸ਼ ਕਰਦੇ ਹਨ ਅਤੇ ਨਿਬੰਧ ਵਿਸ਼ੇ ਨੂੰ ਪੁਣ-ਛਾਣ ਕੇ ਟੀਕਾ-ਟਿੱਪਣੀ ਸਹਿਤ ਪ੍ਰਸਤੁਤ ਕਰਦੇ ਹਨ। ਇਸ ਪੁਸਤਕ ਦੇ ਨਿਬੰਧ ਇਨ੍ਹਾਂ ਖਾਸੀਅਤਾਂ ਦੇ ਧਾਰਨੀ ਹਨ।