ਕਿਸਾਨ ਮੋਰਚਿਆਂ ਤੋਂ ਚੜ੍ਹਦੀ ਕਲਾ ਵਾਲੀਆਂ ਖਬਰਾਂ ਦੀ ਕਮੀ

ਸੁਖਵੀਰ ਸਿੰਘ ਕੰਗ
ਫੋਨ: 91-85678-72291
ਕਿਸੇ ਵੀ ਯਤਨ, ਸੰਘਰਸ਼ ਜਾਂ ਮੁਹਿੰਮ ਨੂੰ ਮਿਲੀ ਭਰਵੀਂ ਹਮਾਇਤ ਨੂੰ ਨਿਜੀ ਤੌਰ `ਤੇ ਨਹੀਂ ਲੈਣਾ ਚਾਹੀਦਾ। ਕਈ ਵਾਰ ਉਹ ਹਮਾਇਤ ਮੁੱਦੇ ਨੂੰ ਵੀ ਹੋ ਸਕਦੀ ਹੈ, ਖਾਸ ਕਰ ਉਦੋਂ, ਜਦੋਂ ਯਤਨ, ਸੰਘਰਸ਼ ਜਾਂ ਮੁਹਿੰਮ ਸਮੂਹਿਕ ਹੋਵੇ, ਇਸ ਦਾ ਪ੍ਰਭਾਵ ਖੇਤਰ ਵਿਸ਼ਾਲ ਹੋਵੇ ਅਤੇ ਇਸ ਦਾ ਕੱਦ ਤੇ ਘੇਰਾ ਬਹੁਤ ਵੱਡਾ ਹੋਵੇ। ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਕਿਸਾਨਾਂ ਨੇ ਸੰਘਰਸ਼ ਅਰੰਭ ਕੀਤਾ ਅਤੇ ਵੱਖ-ਵੱਖ ਮੋਰਚਿਆਂ ਤੋਂ ਇਨ੍ਹਾਂ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤਾਂ

ਉਦੋਂ ਤੋਂ ਲੈ ਕੇ ਰੇਲ ਪਟੜੀਆਂ ਉੱਪਰ ਧਰਨਿਆਂ, ਦਿੱਲੀ ਕੂਚ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ਉੱਪਰ ਲਾਏ ਮੋਰਚਿਆਂ ਸਮੇਤ ਸੰਘਰਸ਼ ਨਾਲ ਸਬੰਧਤ ਹਰ ਗਤੀਵਿਧੀ ਤੋਂ ਲੰਬਾ ਸਮਾਂ ਚੜ੍ਹਦੀ ਕਲਾ ਵਾਲੀਆਂ, ਹੌਸਲੇ ਨਾਲ ਭਰਪੂਰ ਅਤੇ ਲੋਕਾਂ ਵਿਚ ਨਵੀਂ ਉਮੀਦ ਜਗਾਉਣ ਵਾਲੀਆਂ ਖਬਰਾਂ ਦੀ ਬਹੁਤ ਭਰਮਾਰ ਰਹੀ।
ਇਨ੍ਹਾਂ ਹਾਂ-ਪੱਖੀ ਨਤੀਜਿਆਂ ਦੀ ਉਮੀਦ ਲੈ ਕੇ ਆਉਣ ਵਾਲੀਆਂ ਖਬਰਾਂ, ਤਕਰੀਰਾਂ ਅਤੇ ਇਨ੍ਹਾਂ ਦੀਆਂ ਵੀਡੀਓਜ਼ ਨੇ ਸਿੱਧੇ ਤੌਰ `ਤੇ, ਖਬਰਾਂ ਰਾਹੀਂ ਅਤੇ ਨੈਟ ਮੀਡੀਆ ਉੱਪਰ ਫੈਲ ਕੇ ਲੋਕਾਂ ਵਿਚ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ। ਪੰਜਾਬ ਜਾਂ ਪੂਰਾ ਦੇਸ਼ ਹੀ ਨਹੀਂ, ਸਾਰੇ ਵਿਸ਼ਵ ਨੂੰ ਇਸ ਵਿਲੱਖਣ ਅੰਦੋਲਨ ਤੋਂ ਬਹੁਤ ਆਸਾਂ ਬੱਝ ਗਈਆਂ। ਇਸ ਅੰਦੋਲਨ ਦੇ ਪੂਰੇ ਜੋਬਨ `ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਸਮੁੱਚੇ ਵਿਸ਼ਵ ਦੀ ਨਜ਼ਰੇ ਚੜ੍ਹ ਗਿਆ ਸੀ। ਇਸ ਅੰਦੋਲਨ ਦਾ ਕੱਦ ਅਤੇ ਦਾਇਰਾ ਏਨਾ ਵਿਸ਼ਾਲ ਹੋ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਅੰਦੋਲਨ ਵਿਚ ਕਿਸਾਨਾਂ, ਆਮ ਲੋਕਾਂ, ਸਮਾਜ ਦੇ ਸਭ ਵਰਗਾਂ ਸਮੇਤ ਬੁੱਧੀਜੀਵੀਆਂ, ਸੰਗਠਨਾਂ ਅਤੇ ਪ੍ਰਤਿਭਾਵਾਨ ਸ਼ਖਸੀਅਤਾਂ ਦੀ ਆਪ ਮੁਹਾਰੀ ਭਰਵੀਂ ਸ਼ਮੂਲੀਅਤ ਇਸ ਦੀ ਤਾਕਤ ਬਣ ਗਈ। ਇਸੇ ਸ਼ਮੂਲੀਅਤ ਨੇ ਦੁਨੀਆਂ ਨੂੰ ਕਾਇਲ ਕੀਤਾ, ਪਰ ਕੁਝ ਲੋਕ ਇਸ ਨੂੰ ਨਿੱਜੀ ਪੱਧਰ `ਤੇ ਲੈ ਬੈਠੇ।
ਅੰਦੋਲਨ ਨੂੰ ਦੇਸ਼ ਅਤੇ ਵਿਦੇਸ਼ ਤੋਂ ਮਿਲੀ ਇਸ ਰਿਕਾਰਡ-ਤੋੜ ਹਮਾਇਤ ਨੂੰ ਸੰਭਾਲਣ ਲਈ ਅਤੇ ਕਾਇਮ ਰੱਖਣ ਲਈ ਇਸ ਦੇ ਸੰਚਾਲਕਾਂ ਨੂੰ ਜਿਸ ਪੱਧਰ ਦੀ ਮਿਹਨਤ ਅਤੇ ਤਪੱਸਿਆ ਦੀ ਲੋੜ ਸੀ, ਪੰਜਾਬੀ ਤੇ ਭਾਰਤੀ ਲੋਕ ਅਤੇ ਆਗੂ ਉਸ ਪੱਧਰ ਦੇ ਅਭਿਆਸ ਦੇ ਆਦੀ ਨਹੀਂ ਸਨ। ਅਜਿਹੇ ਵੱਡੇ ਅੰਦੋਲਨਾਂ ਨੂੰ ਸਮਰਪਿਤ, ਸੱਚੀ, ਇਮਾਨਦਾਰ, ਸਪੱਸ਼ਟ ਅਤੇ ਨਿਰੋਲ ਤਰਜ਼ਮਾਨੀ ਵਾਲੀ ਅਗਵਾਈ ਦੀ ਲੋੜ ਹੁੰਦੀ ਹੈ, ਜੋ ਪੀੜਤ ਲੋਕਾਂ ਅਤੇ ਮੁੱਦਿਆਂ ਦੇ, ਵਫਾਦਾਰੀ ਨਾਲ ਨੇੜੇ ਹੋ ਕੇ ਵਿਚਰੇ। ਅੰਦੋਲਨ ਦੌਰਾਨ ਸਰਕਾਰ ਨਾਲ ਚੱਲੇ ਮੀਟਿੰਗਾਂ ਦੇ ਦੌਰ, ਭਰਵੀਂ ਵਿਦੇਸ਼ੀ ਹਮਾਇਤ, ਸਰਕਾਰ ਦੇ ਅੜੀਅਲ ਰਵੱਈਏ, 26 ਜਨਵਰੀ ਦੀਆਂ ਕੁਝ ਅਣ-ਕਿਆਸੀਆਂ ਤੇ ਕੁਝ ਗਿਣੀਆਂ-ਮਿਥੀਆਂ ਘਟਨਾਵਾਂ ਅਤੇ ਫਿਰ ਉੱਪਰੋ-ਥਲੀ ਵਾਪਰੇ ਹੇਠਲੇ ਮਿਆਰ ਦੇ ਘਟਨਾਕ੍ਰਮ ਦਰਮਿਆਨ ਸਿਰਜੇ ਬਿਰਤਾਂਤ ਦੇ ਸਿਲਸਿਲੇ ਤੋਂ ਪਹਿਲਾਂ ਕਿਸਾਨ ਅੰਦੋਲਨ ਵਿਚੋਂ ਆਉਣ ਵਾਲੀਆਂ ਖਬਰਾਂ ਲੋਕਾਂ ਲਈ ਉਤਸ਼ਾਹਜਨਕ, ਦਿਲ-ਖਿੱਚਵੀਆਂ, ਹੌਸਲਾ ਵਧਾਉਣ ਵਾਲੀਆਂ ਅਤੇ ਨਿੱਤ ਨਵੀਂ ਉਮੀਦ ਜਗਾਉਣ ਵਾਲੀਆਂ ਬਣੀਆਂ ਰਹੀਆਂ।
26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਵਾਪਰੀਆਂ ਘਟਨਾਵਾਂ ਉਪਰੰਤ ਸਟੇਜਾਂ ਤੋਂ ਅਤੇ ਸੋਸ਼ਲ ਮੀਡੀਏ ਉੱਪਰ ਕੀਤੀ ਗਈ ‘ਅਪਣਾ ਢਿੱਡ ਨੰਗਾ’ ਕਰਨ ਵਾਲੀ ਬਿਆਨਬਾਜ਼ੀ ਅੰਦੋਲਨ ਦੀ ਸਾਖ ਵਾਸਤੇ ਸਭ ਤੋਂ ਵੱਧ ਮੰਦਭਾਗੀ ਸਾਬਤ ਹੋਈ, ਜਿਸ ਸਦਕਾ ਸਰਕਾਰ ਦੇ ਦਮਨ-ਚੱਕਰ ਚਲਾਉਣ ਦੇ ਹੌਸਲੇ ਵਧੇ ਅਤੇ ਠਾਣਿਆਂ ਤੇ ਜੇਲ੍ਹਾਂ ਵਿਚ ਕਿਸਾਨਾਂ ਤੇ ਨੌਜਵਾਨਾਂ ਨੂੰ ਤਸ਼ੱਦਦ ਦਾ ਸਿ਼ਕਾਰ ਹੋਣਾ ਪਿਆ। ਇਨ੍ਹਾਂ ਦੀ ਹੋਈ ਦੁਰਗਤ ਪ੍ਰਤੀ ਕਿਸਾਨ ਆਗੂਆਂ ਦੇ ਅਪਨਾਏ ਬੇਰੁਖੀ ਵਾਲੇ ਰਵੱਈਏ ਤੋਂ ਪੈਦਾ ਹੋਏ ਤਣਾਅ ਕਾਰਨ ਜਥੇਬੰਦੀਆਂ ਅਤੇ ਲੋਕਾਂ ਵਿਚ ਆਪਸੀ ਖਿੱਚੋਤਾਣ ਅਤੇ ਪਾਟੋਧਾੜ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਸ ਅੰਦੋਲਨ ਵਿਚ ਕਿਸਾਨਾਂ, ਆਮ ਲੋਕਾਂ ਸਮੇਤ ਲਗਭਗ ਸਾਰੇ ਵਰਗਾਂ ਦੀ ਸ਼ਮੂਲੀਅਤ ਆਪ-ਮੁਹਾਰੇ ਹੋ ਰਹੀ ਸੀ, ਅੱਜ ਉਸੇ ਅੰਦੋਲਨ ਦੇ ਆਗੂ ਇਕੱਠ ਵਾਸਤੇ ਲੋਕਾਂ ਨੂੰ ਆਵਾਜ਼ਾਂ ਮਾਰਦੇ ਦੇਖੇ-ਸੁਣੇ ਜਾ ਰਹੇ ਹਨ। ਮੋਰਚਿਆਂ ਦੀਆਂ ਗਤੀਵਿਧੀਆਂ ਦਾ ਵਧੇਰੇ ਹਿੱਸਾ ਖੁਦ ਹੀ ਪੈਦਾ ਕੀਤੀ ਆਪਸੀ ਜੰਗ ਨਾਲ ਨਜਿੱਠਣ ਵੱਲ ਕੇਂਦਰਤ ਹੈ।
ਕਿਸਾਨ ਅੰਦੋਲਨ ਅਤੇ ਕਿਸਾਨ ਹਿਤਾਂ ਨਾਲ ਸਬੰਧਤ ਤਾਜ਼ਾ ਪੈਦਾ ਹੋ ਰਹੇ ਮਸਲਿਆਂ ਬਾਰੇ ਕਿਸਾਨ ਆਗੂਆਂ ਦੀ ਧਾਰੀ ਚੁੱਪ ਦੇ ਨਾਲ ਨਾਲ ਸਰਕਾਰ ਦਾ ਖੇਤੀ ਸਬੰਧੀ ਲਾਗੂ ਕੀਤੇ ਜਾ ਰਹੇ ਮਾਰੂ ਨਿਯਮਾਂ ਦਾ ਜਾਰੀ ਰਹਿਣਾ ਆਗੂਆਂ ਦੀ ਕਾਰਗੁਜ਼ਾਰੀ ਸਾਰੇ ਬਹੁਤ ਸ਼ੱਕ ਅਤੇ ਸੁਆਲ ਪੈਦਾ ਕਰ ਰਿਹਾ ਹੈ। ਇਸ ਵਰਤਾਰੇ ਦੇ ਕਾਰਨਾਂ ਅਤੇ ਕਾਰਕਾਂ ਨੂੰ ਖੋਜਣਾ, ਦੂਰ ਕਰਨਾ ਅਤੇ ਉਠਦੇ ਸੁਆਲਾਂ ਦੇ ਜੁਆਬ ਦੇਣਾ ਮੋਰਚਿਆਂ ਦੀ ਪਹਿਲੀ ਤਰਜੀਹ ਹੋਣਾ ਚਾਹੀਦਾ ਹੈ। ਮੋਰਚਿਆਂ ਦੇ ਵਜੂਦ ਨੂੰ ਲੈ ਕੇ ਹੋਣ ਵਾਲੀ ਜਿ਼ੰਮੇਵਾਰ ਬਿਆਨਬਾਜ਼ੀ ਅਤੇ ਸਹੀ ਸੂਚਨਾਂ ਦੀ ਕਮੀ ਹੁਣ ਲੋਕਾਂ ਨੂੰ ਖਟਕਣ ਲੱਗੀ ਹੈ। ਮੋਰਚਿਆਂ ਦੇ ਬੁਲਾਰਿਆਂ ਅਤੇ ਆਗੂਆਂ ਦੇ ਬਿਆਨਾਂ ਦੀਆਂ ਸੁਰਾਂ, ਰੰਗ ਅਤੇ ਨਿਸ਼ਾਨੇ ਹੁਣ ਬਦਲ ਗਏ ਹਨ। ਇਹ ਸਭ ਹੁਣ ਕੀਤੇ ਕੰਮਾਂ ਅਤੇ ਦਿੱਤੇ ਬਿਆਨਾਂ ਦੀਆਂ ਸਫਾਈਆਂ ਦੇਣ ਵਿਚ ਹੀ ਉਲਝ ਕੇ ਰਹਿ ਗਏ ਹਨ।
ਮੋਰਚਿਆਂ ਦੇ ਬਿਆਨਾਂ ਦੇ ਤੀਰ ਅਤੇ ਕਾਰਜਾਂ ਦੇ ਖੇਤਰ ਹੁਣ ਸਰਕਾਰ ਵਲੋਂ ਹਟ ਕੇ ਆਪਣਿਆਂ ਨੂੰ ਫੁੰਡਣ ਅਤੇ ਹੇਠਾਂ ਸੁੱਟਣ ਵੱਲ ਹੋ ਗਏ ਹਨ। ਕਿਸਾਨ ਅੰਦੋਲਨ ਦੇ ਹੋ ਚੁਕੇ ਉੱਚੇ ਕੱਦ ਅਤੇ ਵਿਸ਼ਾਲ ਦਾਇਰੇ ਨੂੰ ਦੇਖਦਿਆਂ ਸੰਚਾਲਕਾਂ, ਬੁਲਾਰਿਆਂ ਅਤੇ ਆਗੂਆਂ ਨੂੰ ਲੋੜ ਤਾਂ ਆਪਣਾ ਵਿਚਾਰਕ ਪੱਧਰ, ਅਧਿਐਨ, ਮਿਹਨਤ, ਤਪੱਸਿਆ ਅਤੇ ਲੋਕ-ਸੰਪਰਕ ਵਧਾਉਣ ਦੀ ਸੀ, ਪਰ ਅੰਦੋਲਨ ਦੀ ਇਸ ਪ੍ਰਾਪਤੀ ਨੂੰ ਵਿਅਕਤੀਗਤ ਸਮਝ ਉਹ ਆਪਣਾ ਸਮਾਜਿਕ ਪੱਧਰ, ਜਥੇਬੰਦਕ ਦਾਇਰਾ, ਹੈਂਕੜ, ਉੱਚਤਾ ਦੀ ਭਾਵਨਾ ਅਤੇ ਲੋਕਾਂ ਤੋਂ ਦੂਰੀ ਵਧਾਉਣ ਦੇ ਰਸਤੇ ਤੁਰ ਪਏ। ਲੋਕਾਂ ਨੂੰ ਇੰਜ ਜਾਪਣ ਲੱਗ ਪਿਆ ਹੈ ਕਿ ਕਿਸਾਨ ਸੰਘਰਸ਼ ਦੇ ਸਿੰਗ ਹੁਣ ਸਰਕਾਰ ਨਾਲ ਨਹੀਂ, ਸਗੋਂ ਅੰਦੋਲਨ ਵਿਚਲੇ ਮੁਕਾਬਲੇ ਦੇ ਆਗੂਆਂ ਦੇ ਆਪਸ ਵਿਚ ਫਸੇ ਹੋਏ ਹਨ। ਅੰਦੋਲਨ ਵਿਚ ਸ਼ਮੂਲੀਅਤ ਅਤੇ ਮਿਲਣ ਵਾਲੀ ਹਮਾਇਤ ਦਾ ਘੇਰਾ ਵੀ ਸੀਮਤ ਹੋਣ ਲੱਗਾ ਹੈ।
ਅੰਦੋਲਨ ਦੇ ਪਿੜ ਦੀ ਮੁੱਖ ਰੌਣਕ ਅਤੇ ਤਾਕਤ ਬਣਨ ਵਾਲੇ ਲਗਾਤਾਰ ਆਉਣ-ਜਾਣ ਵਾਲੇ ਲੋਕਾਂ ਦੀ ਦਿਲਚਸਪੀ ਅਤੇ ਵਿਸ਼ਵਾਸ ਬਣਾਈ ਰੱਖਣ ਲਈ ਹੁਣ ਨਵੇਂ ਸਿਰੇ ਤੋਂ ਯਤਨ ਕਰਨੇ ਪੈਣਗੇ ਤਾਂ ਕਿ ਅੰਦੋਲਨ ਦੇ ਮੋਰਚਿਆਂ ਤੋਂ ਉਤਸ਼ਾਹ, ਹੌਸਲੇ ਅਤੇ ਚੜ੍ਹਦੀ ਕਲਾ ਵਾਲੀਆਂ ਖਬਰਾਂ ਅਤੇ ਸੂਚਨਾਵਾਂ ਆਉਂਦੀਆਂ ਰਹਿਣ ਅੰਦੋਲਨ ਦਾ ਪ੍ਰਭਾਵ ਕਾਇਮ ਰੱਖਣ ਲਈ, ਦਬਦਬਾ ਬਣਾਈ ਰੱਖਣ ਲਈ, ਸਰਕਾਰ ਖਿਲਾਫ ਟਿਕੇ ਰਹਿਣ ਲਈ, ਭਰੋਸੇ ਉੱਪਰ ਖਰਾ ਉੱਤਰਨ ਲਈ ਅਤੇ ਜਿੱਤ ਵੱਲ ਵਧਣ ਲਈ ਇਹ ਹੁਣ ਜਰੂਰੀ ਵੀ ਹੋ ਗਿਆ ਹੈ।