ਸੁਰਿੰਦਰ ਗੀਤ
ਪੰਜਾਬ ਦੀ ਧਰਤੀ ਛੱਡ ਕੇ ਆਇਆਂ ਭਾਵੇਂ ਪੰਜ ਦਹਾਕੇ ਹੋਣ ਵਾਲੇ ਹਨ, ਪਰ ਅਜੇ ਤੱਕ ਦੇਸ਼ ਤੋਂ ਆਉਂਦੀਆਂ ਖਬਰਾਂ ਦੀ ਝਾਕ ਰਹਿੰਦੀ ਹੈ। ਕਾਰਨ ਇਹ ਹੈ ਕਿ ਸਾਡੀਆਂ ਜੜ੍ਹਾਂ ਨੂੰ ਉਸ ਧਰਤੀ ਨੇ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪਕੜ ਕੇ ਰੱਖਿਆ ਹੈ। ਇਹ ਕੋਈ ਮਾੜੀ ਗੱਲ ਨਹੀਂ। ਆਪਣੀ ਮਾਂ ਭੂਮੀ ਦੇ ਵਫਾਦਾਰ ਰਹਿਣਾ ਤੇ ਆਪਣੀ ਕਰਮ ਭੂਮੀ ਦਾ ਵੀ ਤਨੋਂ-ਮਨੋਂ ਸਤਿਕਾਰ ਕਰਨਾ। ਦੋਹਾਂ ਦੀ ਸੁੱਖ ਮੰਗਣਾ ਸੁਭਾਵਿਕ ਹੈ। ਜਦੋਂ ਜਹਾਜ਼ ਦੇ ਪਹੀਏ ਦਿੱਲੀ ਏਅਰਪੋਰਟ ਦੀ ਜ਼ਮੀਨ ਨੂੰ ਛੂੰਹਦੇ ਹਨ ਤਾਂ ਮਨ ਵਿਚ ਅਜੀਬ ਜਿਹੀ ਕਿਸਮ ਦੀ ਝਰਨਾਹਟ ਛਿੜਦੀ ਹੈ।
ਇਹ ਝਰਨਾਹਟ ਉਸ ਪਿਆਰ ਦਾ ਪ੍ਰਗਟਾਵਾ ਹੁੰਦੀ ਹੈ, ਜੋ ਸਾਡੇ ਮਨਾਂ ਵਿਚ ਆਪਣੇ ਦੇਸ਼ ਲਈ ਸਾਂਭਿਆ ਪਿਆ ਹੁੰਦਾ ਹੈ। ਇਸੇ ਤਰ੍ਹਾਂ ਭਾਰਤ ਤੋਂ ਵਾਪਿਸ ਪਰਤਦਿਆਂ ਕੈਨੇਡਾ ਪੁੱਜ ਕੇ ਘਰ ਪੁੱਜਣ ਦੀ ਕਾਹਲ ਹੁੰਦੀ ਹੈ। ਖੁਸ਼ੀ ਦੋਹਾਂ ਥਾਂਵਾਂ `ਤੇ ਹੁੰਦੀ ਹੈ। ਨਾ ਉਹ ਮੁਲਕ ਬੇਗਾਨਾ ਤੇ ਨਾ ਇਹ ਮੁਲਕ ਓਪਰਾ। ਮੇਰੀ ਗਜ਼ਲ ਦਾ ਇਕ ਸ਼ਿਅਰ ਹੈ:
ਮੇਰੀ ਜੋ ਕਰਮ ਭੂਮੀ ਹੈ
ਮੇਰੇ ਬੱਚਿਆਂ ਦੀ ਮਾਂ ਭੂਮੀ,
ਬੇਗਾਨਾ ਏਸ ਨੂੰ ਦੱਸੋ
ਮੇਰੇ ਤੋਂ ਕਹਿ ਕਿਵੇਂ ਹੋਵੇ!
ਖਬਰਾਂ ਤੋਂ ਸ਼ੁਰੂ ਕੀਤਾ ਹੈ ਤੇ ਇਸ ਲਈ ਪਹਿਲਾਂ ਖਬਰਾਂ ਵੱਲ ਹੀ ਜਾਂਦੀ ਹਾਂ। ਬਹੁਤ ਵਾਰ ਦੇਸ਼ ਤੋਂ ਮਾੜੀਆਂ ਖਬਰਾਂ ਹੀ ਆਉਂਦੀਆਂ ਹਨ। ਧਰਮ ਦੇ ਨਾਂ `ਤੇ ਹੋ ਰਹੀਆਂ ਮਨਮਾਨੀਆਂ, ਹੱਕਾਂ ਦੀ ਸ਼ੱਰੇਆਮ ਹੁੰਦੀ ਲੁੱਟ, ਘੱਟ ਗਿਣਤੀ ਦੇ ਲੋਕਾਂ `ਤੇ ਹੁੰਦੇ ਅਤਿਆਚਾਰ, ਨਸ਼ਿਆਂ ਦੇ ਮਾਰੂ ਪ੍ਰਭਾਵ, ਨਿੱਤ ਵਾਪਰਦੇ ਬਲਾਤਕਾਰ, ਅਦਾਲਤਾਂ ਵਿਚ ਕਿਸੇ ਕਿਸਮ ਦੀ ਸੁਣਵਾਈ ਦਾ ਨਾ ਹੋਣਾ, ਨਿਆਂ ਪ੍ਰਣਾਲੀ ਦਾ ਵਿਕ ਜਾਣਾ ਆਦਿ। ਉਪਰਲੀ ਕੁਰਸੀ ਤੋਂ ਲੈ ਕੇ ਐਨ ਹੇਠਲੀ ਕੁਰਸੀ ਤੱਕ ਵਿਛਿਆ ਭ੍ਰਿਸ਼ਟਾਚਾਰੀ ਦਾ ਜਾਲ, ਮਹਿੰਗਾਈ ਦੇ ਪੁੜਾਂ ਵਿਚ ਪੀਸੀ ਜਾ ਰਹੀ ਜਨਤਾ, ਚੁਣੇ ਹੋਏ ਨੇਤਾਵਾਂ ਦਾ ਭ੍ਰਿਸ਼ਟ ਹੋ ਜਾਣਾ ਤੇ ਆਪਣੇ ਤਖਤ ਦੇ ਪਾਵੇ ਮਜ਼ਬੂਤ ਕਰਨ ਲਈ ਸਾਹੂਕਾਰਾਂ ਦੇ ਹੱਥ ਦੇਸ਼ ਦਾ ਮਾਨ ਸਨਮਾਨ ਵੇਚਣ ਦੀਆਂ ਦਿਲ ਚੀਰਵੀਆਂ ਖਬਰਾਂ। ਭਾਵੇਂ ਇਹ ਵਰਤਾਰਾ ਨਵਾਂ ਨਹੀਂ, ਪਰ ਅੱਜ ਕਲ੍ਹ ਜਿਸ ਦਿਸ਼ਾ ਵੱਲ ਭਾਰਤ ਦਾ ਸਮੁੱਚਾ ਢਾਂਚਾ ਜਾ ਰਿਹਾ ਹੈ ਤੇ ਜੋ ਦਸ਼ਾ ਲੋਕਾਂ ਦੀ ਹੋ ਰਹੀ ਹੈ, ਉਹ ਬੇਹੱਦ ਦੁੱਖਦਾਈ, ਅਸਹਿ ਅਤੇ ਘਿਨੌਣੀ ਹੈ।
ਦੇਸ਼ ਨੂੰ ਆਜ਼ਾਦ ਹੋਇਆਂ ਭਾਵੇਂ ਕੋਈ 75 ਸਾਲ ਹੋ ਗਏ ਹਨ, ਪਰ ਇਹ ਆਜ਼ਾਦੀ ਸਿਰਫ ਤੇ ਸਿਰਫ ਸੱਤਾ ਬਦਲਣ ਦੀ ਆਜ਼ਾਦੀ ਹੈ। ਇਕ ਰੰਗ ਦੀ ਕੌਮ ਦੇ ਚਲੇ ਜਾਣ ਤੇ ਦੂਸਰੇ ਰੰਗ ਦੀ ਕੌਮ ਦੇ ਸੱਤਾ `ਤੇ ਕਾਬਜ਼ ਹੋਣ ਦੀ ਕਹਾਣੀ ਹੈ। ਮੈਂ ਆਪਣੀ ਸੁਰਤ ਵਿਚ ਕਦੇ ਕੁਝ ਸੁਖਾਵਾਂ ਵਾਪਰਦਾ ਨਹੀਂ ਦੇਖਿਆ, ਪਰ ਅੱਜ ਕਲ੍ਹ ਜੋ ਸੋਹਣੇ ਦੇਸ਼ ਭਾਰਤ ਵਿਚ ਹੋ ਰਿਹਾ ਹੈ, ਉਹ ਸਭ ਹੱਦਾਂ ਬੰਨੇ ਟੱਪ ਕੇ ਉਸ ਦਿਸ਼ਾ ਵੱਲ ਤੁਰ ਪਿਆ ਹੈ ਕਿ ਮੇਰੇ ਵਰਗੇ ਅਨੇਕਾਂ ਪਰਵਾਸੀ ਰਾਤ ਨੂੰ ਉੱਠ ਉੱਠ ਕੇ ਖਬਰਾਂ ਦੇਖਦੇ ਹਨ ਕਿ ਕਿਤੇ ਕੁਝ ਅਣਸੁਖਾਵਾਂ ਤਾਂ ਨਹੀਂ ਵਾਪਰ ਗਿਆ!
ਦਿੱਲੀ ਦੀਆਂ ਬਰੂਹਾਂ `ਤੇ ਬੈਠੇ ਕਿਸਾਨ, ਕਦੇ ਠੰਡ ਵਿਚ ਠੁਰ ਠੁਰ ਕਰਦੇ, ਕਦੇ ਗਰਮੀ ਨਾਲ ਸੜਦੇ, ਮੀਂਹ-ਹਨੇਰੀ ਅਤੇ ਹੋਰ ਸਮੱਸਿਆਵਾਂ ਮੱਥਾ ਲਾਉਂਦੇ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ, ਆਪਣੇ ਹੱਕਾਂ ਲਈ ਨਾਹਰੇ ਲਾ ਰਹੇ ਹਨ। ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਆਪਣੇ ਬੱਚਿਆਂ ਦਾ ਭਵਿੱਖ ਸਾਂਭਣ ਦਾ ਯਤਨ ਕਰਦੇ, ਆਪਣੇ ਪਿਉ-ਦਾਦੇ ਦੀ ਵਿਰਾਸਤ ਬਚਾਉਣ ਖਾਤਿਰ ਮੌਸਮਾਂ ਦੇ ਕਹਿਰ ਨੂੰ ਆਪਣੇ ਤਨਾਂ ਤੇ ਰੂਹਾਂ `ਤੇ ਝੱਲਦੇ ਹਨ। ਭਾਰਤ ਸਰਕਾਰ ਵਲੋਂ ਜਿਸ ਢੰਗ ਤਰੀਕੇ ਨਾਲ ਖੇਤੀ ਸੰਬੰਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ, ਉਹ ਪੂਰਨ ਤੌਰ `ਤੇ ਨਿੰਦਣਯੋਗ ਹੈ। ਇਕ ਪਾਸੇ ਮਹਾਂਮਾਰੀ ਕਰੋਨਾ ਦੀ ਆਮਦ ਤੇ ਦੂਸਰੇ ਪਾਸੇ ਖੇਤੀਬਾੜੀ ਸੰਬੰਧੀ ਨਵੇਂ ਆਰਡੀਨੈਂਸ ਲਿਆਉਣੇ ਤੇ ਨਾਟਕੀ ਢੰਗ ਨਾਲ ਪਾਸ ਕਰਕੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਤੋਂ ਬਿਨਾ ਹੋਰ ਕੀ ਹੈ? ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਦੀ ਐਮਰਜੈਂਸੀ ਨਹੀਂ ਸੀ। ਮਹਾਂਮਾਰੀ ਕਰੋਨਾ ਐਮਰਜੈਂਸੀ ਸੀ। ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣਾ ਸਰਕਾਰਾਂ ਦਾ ਪ੍ਰਮੁੱਖ ਕੰਮ ਸੀ। ਬਿਨਾ ਪ੍ਰਬੰਧ ਕੀਤਿਆਂ ਲਾਕਡਾਊਨ ਲਾ ਕੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਮੀਲਾਂ ਦਾ ਸਫਰ ਕਰਨ ਲਈ ਮਜਬੂਰ ਹੋਣਾ ਪਿਆ। ਅਖਬਾਰਾਂ ਵਿਚ ਛਪੀਆਂ ਜ਼ਖਮੀ ਪੈਰਾਂ ਦੀਆਂ ਤਸਵੀਰਾਂ ਨੇ ਭਾਰਤ ਦੇ ਇਤਿਹਾਸ ਨੂੰ ਸ਼ਰਮਸਾਰ ਕੀਤਾ ਹੈ। ਸੜਕਾਂ ਤੇ ਮਰਨ ਵਾਲਿਆਂ ਦੇ ਨਾਲ ਨਾਲ ਸੜਕ ਕਿਨਾਰੇ ਜੰਮੇ ਬੱਚਿਆਂ ਦੀ ਤੇ ਮਾਂਵਾਂ ਦੀ ਦੁਰਦਸ਼ਾ ਇਤਿਹਾਸ ਨੇ ਆਪਣੇ ਪੰਨਿਆਂ ਵਿਚ ਸਾਂਭ ਲਈ ਹੈ। ਬੱਚੇ ਨੂੰ ਜਨਮ ਦੇ ਕੇ, ਢਿੱਡੋਂ ਭੁੱਖੀ ਬੇਵਸ ਮਾਂ, ਖੂਨ ‘ਚ ਲਿਬੜੇ ਬੱਚੇ ਨੂੰ ਛਾਤੀ ਨਾਲ ਲਾ ਕੇ ਫਿਰ ਤੁਰ ਪੈਂਦੀ ਹੈ ਲੰਬੇ ਪੈਦਲ ਸਫਰ `ਤੇ। ਅੱਗੇ ਜਾ ਕੇ ਦੋ-ਤਿੰਨ ਸੌ ਮਜ਼ਦੂਰਾਂ ਨੂੰ ਬਿਠਾ ਕੇ ਉਨ੍ਹਾਂ ਉਪਰ ਜ਼ਹਿਰੀਲੀ ਦਿਵਾਈ ਦਾ ਸਪਰੇਅ ਕਰ ਦੇਣਾ ਹੱਦ ਦਰਜੇ ਦਾ ਘਿਨੌਣਾ ਕਾਰਾ ਸੀ, ਜਿਸ ਦਾ ਕਿਸੇ ਸ਼ਾਸਨ-ਪ੍ਰਸ਼ਾਸਨ ਨੇ ਨੋਟਿਸ ਨਹੀਂ ਲਿਆ। ਇਹ ਅਣ-ਮਨੁੱਖੀ ਘਿਨੌਣਾ ਵਰਤਾਰਾ ਸੀ, ਜਿਸ ਨੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ ਸਨ। ਉਹ ਦੇਸ਼, ਜੋ ਪੁਲਾੜ ਨੂੰ ਸਰ ਕਰਨ ਦੇ ਸੁਪਨੇ ਲੈ ਰਿਹਾ ਹੈ, ਜੋ ਚੰਦ ਤਾਰਿਆਂ `ਤੇ ਪੈੜਾਂ ਪਾਉਂਦਾ ਹੈ, ਉਸ ਦੇਸ਼ ਦੇ ਮਜਦੂਰਾਂ ਕਿਰਤੀਆਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋਵੇ… ਕੋਈ ਕੀ ਆਖੇ! ਅਜਿਹੇ ਸਮੇਂ ਸ਼ਬਦ ਹਾਰ ਜਾਂਦੇ ਹਨ। ਅੱਖਾਂ ਰੋਂਦੀਆਂ ਹਨ, ਭੁੱਖ ਵਿਲਕਦੀ ਵਿਲਕਦੀ ਦਮ ਤੋੜ ਜਾਂਦੀ ਹੈ ਤੇ ਵਕਤ ਸ਼ਰਮ ਨਾਲ ਸਿਰ ਝੁਕਾ ਲੈਂਦਾ ਹੈ। ਇਸ ਸਭ ਕਾਸੇ ਨੂੰ ਦੇਖ ਕੇ ਲਿਖੀ ਮੇਰੀ ਇਕ ਗਜ਼ਲ ਦਾ ਸ਼ਿਅਰ ਹੈ:
ਬਿਮਾਰੀ ਭੁੱਖ ਏਥੇ ਵੀ
ਬਿਮਾਰੀ ਭੁੱਖ ਓਥੇ ਵੀ,
ਤੇ ਕੇਵਲ ਮਰਨ ਦੀ ਖਾਤਿਰ
ਉਹ ਤੁਰਿਆ ਦੇਸ਼ ਨੂੰ ਜਾਵੇ।
ਅੱਜ ਫਿਰ ਇਕ ਪਾਸੇ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੀ ਤਰਥੱਲੀ ਤੇ ਦੂਜੇ ਪਾਸੇ ਕਈ ਰਾਜਾਂ ਦੀਆਂ ਚੋਣਾਂ। ਕਿਹੜੇ ਮਾੜੇ ਰਾਹ ਪੈ ਗਈ ਭਾਰਤ ਦੀ ਰਾਜਨੀਤੀ? ਕਿਸ ਤਰ੍ਹਾਂ ਦੀ ਸੋਚ ਅਪਨਾ ਰਹੇ ਨੇ ਸਾਡੇ ਰਾਜਨੀਤਕ ਲੋਕ? ਹੱਕ ਮੰਗਦੇ ਲੋਕਾਂ ਦੀ ਭੀੜ ਕਰੋਨਾ ਫੈਲਾ ਸਕਦੀ ਹੈ, ਪਰ ਚੋਣਾਂ ਲਈ ਕੀਤੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਰੈਲੀਆਂ ਦੀ ਕੋਈ ਗੱਲ ਨਹੀਂ ਕਰਦਾ। ਇਕਸਾਰਤਾ ਕਿਤੇ ਵੀ ਨਜ਼ਰ ਨਹੀਂ ਆ ਰਹੀ।
ਹਸਪਤਾਲਾਂ ਵਿਚ ਬੈਡ ਨਹੀਂ ਮਿਲ ਰਹੇ। ਆਕਸੀਜ਼ਨ ਨਾ ਮਿਲਣ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਵੈਂਟੀਲੇਟਰਾਂ ਪਿੱਛੇ ਰੌਲਾ ਪੈ ਰਿਹਾ ਹੈ। ਖਬਰਾਂ ਦੱਸਦੀਆਂ ਹਨ ਕਿ ਇਕ ਬੈਡ `ਤੇ ਤਿੰਨ ਤਿੰਨ ਮਰੀਜ਼ ਪਾਏ ਜਾ ਰਹੇ ਹਨ। ਕੁਝ ਫਰਸ਼ `ਤੇ ਪਏ ਹਨ; ਕੁਝ ਏਧਰ, ਕੁਝ ਓਧਰ। ਲਾਸ਼ਾਂ ਸਾੜਨ ਜਾਂ ਦਫਨਾਉਣ ਲਈ ਥਾਂ ਨਹੀਂ ਮਿਲ ਰਹੀ। ਦੁਨੀਆਂ ਭਰ ਨੂੰ ਕਰੋਨਾ ਦੇ ਟੀਕੇ ਤੇ ਆਕਸੀਜ਼ਨ ਸਪਲਾਈ ਕਰਨ ਵਾਲੇ ਦੇਸ਼ ਦਾ ਆਪਣਾ ਏਨਾ ਬੁਰਾ ਹਾਲ ਹੈ! ਲੱਖਾਂ ਦੀ ਗਿਣਤੀ ਵਿਚ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ। ਅਜਿਹਾ ਹਾਲ ਦੇਸ਼ ਦੇ ਕਿਸੇ ਇਕ ਸੂਬੇ ਜਾਂ ਸ਼ਹਿਰ ਦਾ ਨਹੀਂ, ਸਗੋਂ ਦੇਸ਼ ਦੇ ਹਰ ਕੋਨੇ `ਚੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ।
ਇਸ ਸਭ ਕੁਝ ਦੇ ਜਿ਼ੰਮੇਵਾਰ ਅਸੀਂ ਖੁਦ ਆਪ ਹਾਂ। ਵੋਟਾਂ ਸਮੇਂ ਆਪਣੀਆਂ ਛੋਟੀਆਂ-ਮੋਟੀਆਂ ਗਰਜ਼ਾਂ ਦੀ ਪੂਰਤੀ ਲਈ ਪਿਛਲੱਗ ਬਣ ਜਾਂਦੇ ਹਾਂ। ਚਾਰ ਕੁ ਦਮੜਿਆਂ ਦੀ ਚਮਕ ਜਾਂ ਨਿਜੀ ਗਰਜ਼ ਦੀ ਲਾਲਸਾ ਹਨੇਰ ਵਿਚ ਧਕੇਲ ਦਿੰਦੇ ਹਾਂ ਤੇ ਭ੍ਰਿਸ਼ਟ ਨੇਤਾਵਾਂ ਦੀ ਝੋਲੀਆਂ ਵਿਚ ਆਪਣਾ ਭਵਿੱਖ ਉਲਟਾ ਦਿੰਦੇ ਹਾਂ। ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਵਿਦੇਸ਼ਾਂ ਵੱਲ ਧਕੇਲ ਰਹੇ ਹਾਂ। ਜੇ ਵਰਤਾਰੇ ਨੂੰ ਠੱਲ੍ਹ ਨਾ ਪਈ ਤਾਂ ਪੰਜਾਬ ਦੇ ਪਿੰਡ ਸੁੰਨੇ ਹੋ ਜਾਣਗੇ। ਫਿਰ ਪੰਜਾਬ ਕਿਸ ਤਰ੍ਹਾਂ ਦਾ ਹੋਵੇਗਾ? ਜ਼ਰਾ ਸੋਚ ਕੇ ਵੇਖੋ!
ਸੰਖੇਪ ਵਿਚ ਇਉਂ ਕਹਿ ਲਵੋ ਕਿ ਅਸੀਂ ਪਰਜਾ ਤੋਂ ਵੋਟਾਂ ਬਣ ਕੇ ਵਿਕ ਰਹੇ ਹਾਂ ਅਤੇ ਵਿਕੇ ਹੋਏ ਲੋਕਾਂ ਦੀ ਆਪਣੀ ਆਵਾਜ਼ ਨਹੀਂ ਹੁੰਦੀ। ਆਓ, ਇਸ ਹਨੇਰੇ ਵਿਚ ਦੀਵਾ ਜਗਾਉਣ ਦਾ ਕੋਈ ਯਤਨ ਕਰੀਏ। ਰਾਜਨੀਤੀਵਾਨਾਂ ਨੂੰ ਪਰਖਣ ਦੇ ਨਾਲ ਨਾਲ ਆਪਣੀ ਵੀ ਪੜਚੋਲ ਕਰੀਏ।
ਕੋਸ ਨਾ ਤੂੰ ਹਨੇਰ ਨੂੰ
ਦੀਵਾ ਜਗਾ ਕੇ ਵੇਖ ਲੈ,
ਸੀਨੇ ਬਲਦੀ ਜੋਤ ਤੋਂ
ਪਰਦਾ ਉਠਾ ਕੇ ਵੇਖ ਲੈ।