ਬਾਪੂ

ਅਵਤਾਰ ਸਿੰਘ ਬਿਲਿੰਗ ਮੂਲ ਰੂਪ ਵਿਚ ਗਲਪਕਾਰ ਹੈ। ਉਨ੍ਹਾਂ ਨੇ ਕਹਾਣੀਆਂ ਲਿਖੀਆਂ ਅਤੇ ਨਾਵਲਾਂ ਦੀ ਰਚਨਾ ਕੀਤੀ, ਜਿਨ੍ਹਾਂ ਅੰਦਰ ਪੰਜਾਬ ਦਾ ਬੰਦਾ ਆਪਣੇ ਪੂਰੇ ਵਜੂਦ ਨਾਲ ਪੇਸ਼ ਹੋਇਆ ਹੈ। ਉਨ੍ਹਾਂ ਦੇ ਨਾਵਲ ਅਸਲ ਵਿਚ ਪੰਜਾਬੀ ਰਹਿਤਲ ਦੀ ਬਾਤ ਪਾਉਂਦੇ ਹਨ। ਇਸ ਲੇਖ ਵਿਚ ਉਨ੍ਹਾਂ ਆਪਣੇ ਬਾਪੂ ਬਾਰੇ ਗੱਲਾਂ ਕੀਤੀਆਂ ਹਨ। ਇਸ ਲੇਖ ਵਿਚ ਵੀ ਉਨ੍ਹਾਂ ਬਾਪੂ ਦੇ ਬਹਾਨੇ ਪੰਜਾਬ ਅਤੇ ਪੰਜਾਬੀਅਤ ਦੀਆਂ ਗੱਲਾਂ ਹੀ ਕੀਤੀਆਂ ਹਨ।

ਅਵਤਾਰ ਸਿੰਘ ਬਿਲਿੰਗ

ਬਾਪੂ ਉੱਦਮੀ ਮਨੁੱਖ, ਬਹੁਤ ਮਿਹਨਤੀ ਕਿਸਾਨ ਅਤੇ ਬੜਾ ਮਿਲਾਪੜਾ ਇਨਸਾਨ ਸੀ। ਮਿੱਠ ਬੋਲੜਾ। ਹਰ ਕਿਸੇ ਨੂੰ ਉੱਡ ਕੇ ਮਿਲਦਾ। ਪਿੰਡ ਵਿਚ ਮਿੱਤਰਾਂ ਮੁਲਾਹਜ਼ੇਦਾਰਾਂ ਨੂੰ ਮਿਲੇ ਬਿਨਾਂ ਨਾ ਰਹਿ ਸਕਦਾ। ਅਨਪੜ੍ਹ, ਪੜ੍ਹੇ-ਲਿਖੇ ਹਰ ਇਕ ਤੋਂ ਕੁਝ ਸਿੱਖਣਾ ਚਾਹੁੰਦਾ; ਅੰਤਾਂ ਦਾ ਗੰਭੀਰ ਸਰੋਤਾ। ਨਿੱਜੀ ਅਕੀਦੇ ਜਾਂ ਵਿਸ਼ਵਾਸ ਪੱਖੋਂ ਵਿਰੋਧੀ ਵਿਚਾਰਾਂ ਨੂੰ ਵੀ ਮਾਨਤਾ ਦੇਣ ਵਾਲਾ। ਗਰੀਬ ਅਮੀਰ, ਸਾਧ ਫਕੀਰ, ਪੰਡਤ ਭਾਈ ਜੀ, ਹਰ ਇਕ ਵਿਅਕਤੀ ਪਾਸੋਂ ਕੋਈ ਗੁਣ ਲੈਣਾ ਲੋਚਦਾ। ਸ਼ੌਕ ਵਜੋਂ ਕਵੀਸ਼ਰੀ ਕਰਦਾ। ਨੇੜਲੇ ਪਿੰਡਾਂ ਤੋਂ ਆਪਣੇ ਸਾਥੀ ਕਵੀਸ਼ਰਾਂ ਦੇ ਆਗੂ ਵਜੋਂ ਅੱਗੇ ਹੋ ਕੇ ਗਾਉਂਦਾ। ਮਲਕਪੁਰੀਏ ਜਰਨੈਲ ਸਿੰਘ ‘ਨਿਰਾਲਾ` ਉਰਫ ‘ਸਾਰੰਗ` ਦਾ ਲਾਡਲਾ, ਕਾਬਲ ਸ਼ਾਗਿਰਦ, ਲੋਹੜੇ ਦੀ ਯਾਦਾਸ਼ਤ ਰੱਖਦਾ। ਕਵੀਸ਼ਰੀ ਦੇ ਸਾਰੇ ਪ੍ਰਸੰਗ ਉਹ ਖੇਤੀ ਦੇ ਆਹਰ ਲੱਗਿਆ, ਬਲਦ ਹੱਕਦਾ, ਜ਼ਬਾਨੀ ਯਾਦ ਕਰ ਲੈਂਦਾ। ਹਲ ਵਾਹੁੰਦਾ, ਉਹੀ ਛੰਦ ਗਾਉਂਦਾ, ਦੁਹਰਾਉਂਦਾ ਰਹਿੰਦਾ। ਉਹ ਮੇਰੇ ਬਚਪਨ ਤੋਂ ਹੀ ਮੈਨੂੰ ਪੜ੍ਹੀ ਵਿੱਦਿਆ ਨੂੰ ਕੰਠ ਕਰਨ ਬਾਰੇ ਟੋਟਕੇ ਸੁਣਾਉਂਦਾ
ਘੋੜਾ ਅੜੇ, ਰੋਟੀ ਸੜੇ, ਬਾਣੀ ਵਿਸਰ ਜਾਇ
ਕਹਿ ਚੇਲੇ ਕਿਸ ਕਾਇ?
ਗੁਰੂ ਜੀ, ਫੇਰੇ ਬਿਨਾਂ।
ਮੈਂ ਤੀਜੀ ਜਮਾਤ ਵਿਚ ਸੀ ਜਦੋਂ ਉਸ ਨੇ ਆਪਣੇ ਉਸਤਾਦ ਦੀ ਰਚੀ ਭਾਈ ਕਨ੍ਹਈਆ ਬਾਰੇ ਇਕ ਬੈਂਤ ਮੈਨੂੰ ਖੁਸ਼ਖਤ ਗੁਰਮੁਖੀ ਵਿਚ ਲਿਖ ਕੇ ਯਾਦ ਕਰਵਾ ਦਿੱਤੀ ਜਿਸ ਵਿਚ ਸਮਦਰਸ਼ੀ ਸਿੱਖ ਭਾਈ ਕਨ੍ਹਈਆ ਜੀ ਜੰਗ ਵਿਚ ਡਿੱਗੇ ਜ਼ਖਮੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਲਾਉਂਦੇ ਹਨ। ਉਸ ਬੈਂਤ ਦੀਆਂ ਸਿਰਫ ਦੋ ਸਤਰਾਂ ਮੇਰੇ ਚੇਤੇ ਨੇ ਹੁਣ ਤਕ ਸੰਭਾਲ ਰੱਖੀਆਂ ਹਨ:
ਡੱਬੀ ਮੱਲ੍ਹਮ ਦੀ ਦੇ ਕੇ ਸਾਰੰਗ ਜੀ
ਕਹਿੰਦੇ ਸਤਿਗੁਰੂ ਜ਼ਖਮਾਂ ‘ਤੇ ਲਾ ਦਿਆ ਕਰ।
ਬਾਪੂ ਨੂੰ ਅਸਮਾਨੋਂ ਗੱਲ ਫੁਰਦੀ। ਸਟੇਜ ਦਾ ਧਨੀ। ਪਿੰਡ ਵਿਚ ਜਿਹੜਾ ਮਰਜ਼ੀ ਸਮਾਗਮ ਹੁੰਦਾ, ਸਟੇਜ ਸਦਾ ਬਾਪੂ ਹੀ ਸੰਭਾਲਦਾ। ਮੌਕੇ ਢੁੱਕਦੀ ਛੋਟੀ ਮੋਟੀ ਕਵਿਤਾ ਆਪ ਵੀ ਜੋੜ ਲੈਂਦਾ। ਉਸ ਕੋਲ ਹਰ ਕਿਸੇ ਨੂੰ ਖੁਸ਼ ਕਰਨ ਦਾ ਹੁਨਰ ਸੀ। ਸਾਡੇ ਪਿੰਡ ਵਿਚਲੇ ਕਿੰਨੇ ਹੀ ਕਾਸ਼ਤਕਾਰ ਤੇ ਗੈਰ-ਕਾਸ਼ਤਕਾਰ ਸਾਥੀਆਂ ਨੇ ਮਿਲ ਕੇ ਕੀਰਤਨ ਜੱਥਾ ਬਣਾਇਆ ਸੀ ਜੋ ਹਰ ਸੰਗਰਾਂਦ/ਗੁਰਪੁਰਬ ਨੂੰ ਗੁਰਦੁਆਰੇ ਕੀਰਤਨ ਕਰਦੇ। ਪਿੰਡ ਦੀਆਂ ਲੜਕੀਆਂ ਦੇ ਆਨੰਦ ਪੜ੍ਹਾਉਂਦੇ। ਬਾਪੂ ਨੂੰ ਉਸ ਦੇ ਉਸਤਾਦ ਦੀ ਲਿਖੀ ਲੰਬੀ ਕਵਿਤਾ ਪੜ੍ਹਨ ਲਈ ਸਿਫਾਰਸ਼ਾਂ ਪੈਂਦੀਆਂ:
ਜਾਹ ਧੀਏ ਮੇਰੀਏ ਲਾਡਲੀਏ
ਤੂੰ ਨਾਲ ਸੁੱਖਾਂ ਦੇ ਵੱਸਦੀ ਰਹਿ…
ਉੱਥੇ ਇਕੱਠਾ ਹੋਇਆ ਸਾਰਾ ਇਨਾਮ ਅਤੇ ਕੀਰਤਨ ਭੇਟਾ ਇਹ ਨਿਸ਼ਕਾਮ ਜੱਥਾ ਨਵੇਂ ਵਿਕਾਸ ਕਰਦੇ ਗੁਰੂਘਰ ਨੂੰ ਭੇਟ ਕਰ ਦਿੰਦਾ। ਖੇਤੀ ਦੇ ਕੰਮ ਦਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਹੁੰਦਾ, ਹਰ ਸੰਗਰਾਂਦ ਤੋਂ ਪਹਿਲੀ ਸ਼ਾਮ ਬਾਪੂ ਅਤੇ ਉਸ ਦੇ ਸਾਥੀ ਸਾਡੇ ਪਿੰਡਾਂ ਤੋਂ 20 ਕਿਲੋਮੀਟਰ ਦੂਰ ਨਵੇਂ ਬਣ ਰਹੇ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਵਿਖੇ ਸਾਈਕਲਾਂ ਉਪਰ ਜਾਂਦੇ। ਰਾਤ ਦਾ ਅਤੇ ਦੂਜੇ ਦਿਨ ਦੁਪਹਿਰ ਦਾ ਮੁਫਤ ਦੀਵਾਨ ਸਜਾ ਕੇ ਧੰਨ ਹੋਏ ਮੁੜਦੇ। ਉਦੋਂ ਹਾਲੇ ਅੱਜ ਵਾਲੇ ਡੇਰੇਦਾਰ ਬਾਬੇ ਪੈਦਾ ਨਹੀਂ ਸੀ ਹੋਏ। ਉੱਥੋਂ ਦੇ ਬੜੇ ਸਾਧਾਰਨ, ਨਿਸ਼ਕਾਮ, ਤਿਆਗੀ ਬਾਬਾ ਪਿਆਰਾ ਸਿੰਘ ਦੇ ਆਦੇਸ਼ ਅਨੁਸਾਰ, ਇਸ ਨੂੰ ‘ਸੇਵਾ` ਸਮਝਦੇ, ਗੁਰੂਘਰ ਦੀ ਮਾਇਆ ਨੂੰ ‘ਜ਼ਹਿਰ` ਜਾਂ ‘ਪੂਜਾ ਦਾ ਧਾਨ` ਮੰਨਦੇ, ਕਦੇ ਵੀ ਸਵੀਕਾਰ ਨਾ ਕਰਦੇ। ਧੁਨ ਦੇ ਪੱਕੇ ਇਹ ਪੁੰਨ ਦਾ ਕਾਰਜ ਉਹ ਲਗਾਤਾਰ 18 ਸਾਲ ਕਰਦੇ ਰਹੇ।
ਆਪਣੇ ਸਾਰੇ ਦੋਸਤਾਂ ਵਾਂਗ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਬਾਪੂ ਬੜਾ ਖੁੱਲ੍ਹ-ਖਿਆਲੀਆ ਸੀ। ਗੁਰੂਘਰ ਦਾ ਅਨਿਨ ਸ਼ਰਧਾਲੂ ਪਰ ਸ਼ਹੀਦਾਂ ਸਮਾਧਾਂ, ਹੱਥ ਹੌਲਿਆਂ, ਮਾੜੇ ਚੰਗੇ ਸੁਪਨਿਆਂ ਜਾਂ ਸਵਰ ਸ਼ਗਨ ਵਿਚਾਰਨ ਵਿਚ ਵੀ ਵਿਸ਼ਵਾਸ ਰੱਖਦਾ। ਚੰਗੇ ਭਲੇ ਹਲ ਨੂੰ ਵਗਦੇ ਬਲਦ ਦੇ ਫਾਲਾ ਵੱਜਦਾ ਜਾਂ ਸੁਪਨੇ ਵਿਚ ਬਾਪੂ ਨੂੰ ਕੋਈ ਸੁਰਗ ਸਿਧਾਰਿਆ ਬੰਦਾ ਦਿਸ ਜਾਂਦਾ ਤਾਂ ਉਹ ਸਾਡੀ ਬੀਬੀ ਨੂੰ ਖੁਆਜੇ ਦੀ ‘ਕੜਾਹੀ` ਕਰਨ ਦੀ ਤਾੜਨਾ ਕਰਦਾ। ਦਿਨ ਢਲੇ ਸਾਡੀ ਮਾਤਾ ਘਿਉ ਭੁੰਨਵਾਂ ਦਲੀਆ ਲੈ ਕੇ ਖੂਹ ‘ਤੇ ਪਹੁੰਚ ਜਾਂਦੀ। ਬਾਪੂ ਖੂਹ ਜਾਂ ਖੂਹੀ ਦੀ ਮੌਣ ਕੋਲ ਆਟੇ ਦਾ ਬਣਾਇਆ ਚਿਰਾਗ ਬਾਲਦਾ, ਅੰਗਿਆਰੀ ਦੀ ਅੱਗ ਬਣਾਉਂਦਾ, ਹਵਨ ਦਿੰਦਾ ‘ਜੈ ਹੋ ਤੇਰੀ!` ਆਖਦਾ ਮੱਥਾ ਟੇਕਦਾ। ਸਭ ਨੂੰ ‘ਕੜਾਹੀ` ਵੰਡਦਾ। “ਖੁਆਜਾ ਖੇਤੀ ਦਾ ਦੇਵਤਾ ਹੈ, ਪੁੱਤਰਾ। ਅਰ ਪ੍ਰੇਤ ਜੂਨੀ ਦੀ ਕਰੂਰ ਨਿਗਾਹ ਕਦੇ ਕਦਾਈਂ ਬੰਦਿਆਂ ਵੱਲ ਵੀ ਹੋ ਜਾਂਦੀ ਐ।” ਕਾਲਜ ਦੀ ਹਵਾ ਲੱਗਣ ਕਰ ਕੇ ਜੇ ਮੈਂ ਕਦੇ ਇਤਰਾਜ਼ ਕਰਦਾ ਤਾਂ ਬਾਪੂ ਤਸੱਲੀ ਨਾਲ ਆਖਦਾ। ਮਾਸ ਆਂਡਾ ਨਾ ਖਾਣ ਦਾ ਉਸ ਨੇ ਮੇਰੇ ਜਨਮ ਤੋਂ ਮਗਰੋਂ ਲੰਮਾ ਸਮਾਂ ਬਿਮਾਰ ਪੈ ਜਾਣ ਕਾਰਨ ਨੇਮ ਪਾ ਦਿੱਤਾ ਸੀ। ਸਾਡੀ ਬੀਬੀ ਨੇ ਆਂਡਾ ਕਦੇ ਮੂੰਹ ਉੱਤੇ ਧਰ ਕੇ ਨਹੀਂ ਦੇਖਿਆ। ਬਚਪਨ ਵਿਚ ਸਾਡੇ ਭੈਣ ਭਰਾਵਾਂ ਵਿਚੋਂ ਕਿਸੇ ਨੂੰ ਜ਼ੁਕਾਮ ਹੋ ਜਾਂਦਾ ਤਾਂ ਆਂਡਾ ਉਬਾਲ ਕੇ ਜਾਂ ਦੁੱਧ ਵਿਚ ਫੈਂਟ ਕੇ ਜ਼ਰੂਰ ਦੇ ਦਿੰਦੀ। ਬਾਪੂ ਹੋਰ ਮਿੱਤਰ ਬੇਲੀਆਂ ਵਾਂਗ ਆਪਣੇ ਵਰਤਣ ਜੋਗੀ ‘ਰੂੜੀ ਮਾਰਕਾ` ਸ਼ਾਮ ਦੇ ਮੂੰਹ ਝਾਕਰੇ ਵਿਚ ਸਾਡੇ ਡੰਗਰਾਂ ਵਾਲੇ ਘਰ ਹੀ ਕੱਢ ਲੈਂਦਾ। “ਜਾਹ ਦੇਖ ਕੇ ਆ, ਮੱਲਾ। ਐਧਰ ਬਾਹਰ ਫਿਰਨੀ ‘ਤੇ ਕਿਤੇ ਪੁਲਿਸ ਤਾਂ ਨ੍ਹੀਂ ਆਉਂਦੀ?” ਮੈਨੂੰ ਨਿਆਣੇ ਨੂੰ ਉਹ ਕਦੇ ਸੂਏ ਦੇ ਪੁਲ ਵੱਲ ਨਠਾਉਂਦਾ।
ਪਿੰਡ ਵਿਚ ਸਕੂਲ ਨਾ ਹੋਣ ਕਾਰਨ ਉਹ ਗੁਰਦੁਆਰੇ ਵਿਖੇ ਭਾਈ ਜੀ ਜਵਾਲਾ ਸਿੰਘ ਪਾਸੋਂ ਗੁਰਮੁਖੀ, ਪੰਜ ਗਰੰਥੀ, ਦਸ ਗਰੰਥੀ ਪੜ੍ਹਿਆ ਸੀ। ਮੁਹਾਰਨੀ, ਭੁਲਾਵੇਂ ਅੱਖਰ, ਇਕ ਤੋਂ ਸੌ ਤਕ ਪੰਜਾਬੀ ਤੇ ਅੰਗਰੇਜ਼ੀ ਵਿਚ ਗਿਣਤੀ, ਪੈਂਤੀ ਪੁੱਠੀ ਅਤੇ ਸਿੱਧੀ ਇਕੋ ਸਾਹ ਵਿਚ ਪੜ੍ਹ ਦਿੰਦਾ। ਅੱਧੇ ਤੋਂ ਸਾਢੇ ਤਿੰਨ ਤਕ ਦੇ ਪਹਾੜੇ ਜ਼ਬਾਨੀ ਯਾਦ ਸਨ। ਮੈਨੂੰ ਪੜ੍ਹਾਉਣ ਦਾ ਉਸ ਨੂੰ ਬੇਹੱਦ ਸ਼ੌਕ ਸੀ। ਮੇਰੇ ਪਿੰਡ ਦੇ, ਪਿੰਡ ਵਿਚ ਹੀ ਪੜ੍ਹਾਉਂਦੇ, ਆਪਣੇ ਸੰਗੀ ਸਾਥੀਆਂ ‘ਹੈੱਡ ਮਾਸਟਰ` ਜੋਗਿੰਦਰ ਸਿੰਘ ਅਤੇ ਮਾਸਟਰ ਕਸ਼ਮੀਰਾ ਸਿੰਘ ਦੀ ਰੀਸ ਉਹ ਮੈਨੂੰ ਵੀ ਦਸਵੀਂ ਤੋਂ ਬਾਅਦ ਜੇ.ਬੀ.ਟੀ. ਕਰਵਾ ਕੇ ਅਧਿਆਪਕ ਬਣਾਉਣਾ ਲੋਚਦਾ।” ਛੋਟੀ ਪੜ੍ਹਾਈ ਤਾਂ ਛੋਟੀਓ ਹੁੰਦੀ, ਨੌਰੰਗ ਸਿਆਂ! ਜੇ ਮੇਰੀ ਮੰਨਦਾ ਤੂੰ ਮੁੰਡੇ ਨੂੰ ਬੀ.ਏ. ਐਮ.ਏ. ਕਰਵਾ ਦੇਵੇਂ, ਇਹਨੂੰ ਕਿਸੇ ਦਿਨ ਪ੍ਰੋਫੈਸਰ/ਪ੍ਰਿੰਸੀਪਲ ਲੱਗਿਆ ਲਵੀਂ।” ਦਸਵੀਂ ਵਿਚੋਂ ਮੇਰੀ ਫਸਟ ਕਲਾਸ ਆਉਣ ਮਗਰੋਂ ਬਾਪੂ ਉਸ ਸ਼ੁਭਚਿੰਤਕ ਨੂੰ ਨਾਲ ਲੈ ਕੇ ਮੈਨੂੰ ਏ.ਐਸ. ਕਾਲਜ ਖੰਨਾ ਵਿਖੇ ਬੜੇ ਚਾਅ ਨਾਲ ਆਪ ਦਾਖਲ ਕਰਵਾ ਕੇ ਆਇਆ ਸੀ। ਮਾਇਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਅਜਿਹੇ ਸੱਜਣਾਂ ਦੀ ਦਲੀਲ ਸਦਕਾ ਹਰਸ਼ਾਏ ਪਿਤਾ ਨੇ ਮੈਨੂੰ ਐਮ.ਏ. ਇੰਗਲਿਸ਼ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵੱਲ ਤੋਰਿਆ ਸੀ ਪਰ ਉਸ ਦੀ ਸ਼ੁਰੂ ਤੋਂ ਇਕ ਸ਼ਰਤ ਸੀ। ਜਿੱਥੇ ਫੇਲ੍ਹ ਹੋ ਗਿਆ, ਝੱਟ ਹਟਾ ਲੈਣਾ ਹੈ। ਫੀਸਾਂ ਭਰਨ ਲਈ ਉਹ ਅੜਦੇ ਥੁੜਦੇ ਇਨ੍ਹਾਂ ਮਿੱਤਰਾਂ ਪਾਸੋਂ ਹੀ ਮਾਇਆ ਉਧਾਰ ਫੜਦਾ। ਜਦੋਂ ਪੜ੍ਹਾਈ ਤੋਂ ਵਿਹਲਾ ਹੁੰਦਾ, ਮੈਨੂੰ ਖੇਤੀ ਵਿਚ ਲਗਾ ਕੇ ਰੱਖਦਾ, ਜਿੱਥੇ ਸਾਡੀ ਮਾਂ ਵੀ ਸੱਤਰਵਿਆਂ ਤਕ ਉਸ ਦਾ ਹੱਥ ਵਟਾਉਂਦੀ। ਹੋਰ ਸੁਆਣੀਆਂ ਵਾਂਗ ਦੁੱਧ ਰਿੜਕਣ, ਗੋਹਾ ਕੂੜਾ ਕਰਨ ਦਾ ਕੰਮ ਨਿਬੇੜ ਕੇ ‘ਹਾਜ਼ਰੀ` ਪਹੁੰਚਦੀ ਕਰਨੀ, ਘੰਟਾ ਦੋ ਘੰਟੇ ਨੱਕੇ ਛੱਡਣੇ ਜਾਂ ਫਸਲ ਵਿਚੋਂ ਕੱਖ-ਕੰਡਾ ਕੱਢਣਾ, ਫੇਰ ਦੁਪਹਿਰ ਦੀ ਰੋਟੀ ਲੈ ਕੇ ਆਉਣੀ। ਤੀਜੇ ਪਹਿਰ ਦੀ ਚਾਹ ਦਾ ਸਾਮਾਨ ਕਈ ਵਾਰੀ ਨਾਲ ਹੀ ਲੈ ਆਉਣਾ। ਭਲੇ ਵੇਲੇ ਸਨ ਜਦੋਂ ਖੂਹਾਂ ਦੇ ਰਾਹ ਰਸਤੇ ਸੁਆਣੀਆਂ ਨਾਲ ਭਰੇ ਰਹਿੰਦੇ। ਪੱਠੇ ਵੱਢਣੇ, ਛੱਲੀਆਂ ਕੱਢਣੀਆਂ, ਨਰਮਾ ਚੁਗਣਾ, ਭਰੀਆਂ ਬੰਨ੍ਹਵਾਉਣੀਆਂ; ਹਾੜ੍ਹੀ ਸਾਉਣੀ ਅਨੇਕਾਂ ਕੰਮ ਹੁੰਦੇ। ਮੇਰੇ ਲਈ ਵੀ ‘ਸਕੂਲੋਂ ਘਰ ਅਤੇ ਘਰੋਂ ਸਿੱਧਾ ਖੇਤ!` ਪਹੁੰਚਣਾ ਉਸ ਦਾ ਹੁਕਮ ਸੀ। ਸਕੂਲੋਂ/ਕਾਲਜੋਂ ਆਏ ਤੋਂ ਹਰ ਰੋਜ਼ ਪੁੱਛਦਾ, ਉਸ ਦਿਨ ਮੈਨੂੰ ਕੀ ਪੜ੍ਹਾਇਆ ਗਿਆ ਸੀ; ਪੇਪਰਾਂ ਵਿਚ ਮੇਰੇ ਕਿੰਨੇ ਨੰਬਰ ਸਨ। ਗੱਲ ਕੀ, ਬਾਪੂ ਬੇਹੱਦ ਸੁਚੇਤ ਮਨੁੱਖ ਸੀ।
ਖੇਤੀ ਵਿਚ ਉਹ ਇਕੱਲਾ ਇਕਲਾਪਾ ਸੀ। ਇਕ ਤਾਂ ਸਾਡੀ ਜ਼ਮੀਨ ਮਾਰੂ। ਜਿਹੜੀ ਖਿਝੇ ਹੋਏ ਦਾਦੇ ਨੇ ਦਿੱਤੀ, ਉਸ ਵਿਚੋਂ ਸਿਰਫ ਡੇਢ ਏਕੜ; ਜਿਸ ਨੂੰ ਖੂਹ ਨਾਲ ਸਿੰਜਿਆ ਜਾ ਸਕਦਾ। ਮੇਰੀ ਅਣਖੀਲੀ ਅਤੇ ਸੁਭਾਅ ਦੀ ਕੌੜੀ ਮਾਤਾ ਨੇ ਛੋਟੇ ਰੰਡੇ ਤਾਏ ਨੂੰ ‘ਰੋਟੀ` ਦੇਣੀ ਸਵੀਕਾਰ ਨਾ ਕੀਤੀ। ਹਾਲਾਂਕਿ ਜਦੋਂ ਮੇਰਾ ਪਿਤਾ ਕੁਆਰਾ ਸੀ, ਉਸ ਤਾਏ ਦੀ ਅਤਿ ਸੁਨੱਖੀ ਤੇ ਸਖੀਦਿਲ ਘਰਵਾਲੀ ਦਾ ਲਾਡਲਾ ਦਿਉਰ ਸੀ ਜਿਸ ਨੂੰ ਉਹ ‘ਥਾਂ ਸਿਰ ਦਾ ਮਣਕਾ` ਸਮਝਦੀ। ਕਹਿੰਦੇ, ਭਰਜਾਈ ਉੱਤੇ ਛੋਟੇ ਦਿਉਰ ਦਾ ਤਾਏ ਨਾਲੋਂ ਵੀ ਵੱਧ ਅਧਿਕਾਰ ਸੀ। ਤਾਈ ਥੋੜ੍ਹੇ ਸਾਲਾਂ ਬਾਅਦ ਹੀ ਪਿੱਛੋਂ ਆਈ ਬਿਮਾਰੀ ਟੀ.ਬੀ. ਦੀ ਸ਼ਿਕਾਰ ਹੋ ਗਈ। ਦਾਦੀ ਮੇਰੀ ਕਈ ਸਾਲ ਪਹਿਲਾਂ ਗੁਜ਼ਰ ਚੁੱਕੀ ਸੀ। ਬਾਪੂ ਅਤੇ ਤਾਇਆ ਰਲ ਕੇ, ਇਕ ਸੀਰੀ ਰੱਖ ਕੇ ਚੰਗੀ ਖੇਤੀ ਕਰਦੇ ਰਹੇ ਸਨ। ਤਾਈ ਦੇ ਚਲਾਣੇ ਮਗਰੋਂ ਬਾਪੂ ਦਾ ਗੁਆਂਢ ਵਿਚੋਂ ਲੱਗੀ ਸਿਫਾਰਸ਼ ਨਾਲ ਵਿਆਹ ਹੋਇਆ ਪਰ ਮੇਰੇ ਦਾਦੇ ਦੇ ਸ਼ਬਦਾਂ ਵਿਚ ਮੇਰੀ ‘ਸਤੀ ਸਵਿੱਤਰੀ` ਬੀਬੀ ਨੇ ਵਿਆਹੁਲੀ ਆਉਂਦੀ ਨੇ ਹੀ ਛੋਟੇ ਤਾਏ ਨਾਲ ਸਾਂਝ ਪਾਉਣ ਤੋਂ ਉੱਕਾ ਇਨਕਾਰ ਕਰਦਿਆਂ ਗਰੀਬੀ ਭੋਗਣ ਨੂੰ ਤਰਜੀਹ ਦਿੱਤੀ। ਦਾਦਾ ਸੱਥ ਵਿਚ ਬੈਠਾ ਮੱਥੇ ਹੱਥ ਮਾਰਦਾ। ਤਿੱਖੀ ਪਿਆਸ ਦੇ ਸਤਾਏ ਉਹ ਛੱਪੜ ਦਾ ਪਾਣੀ ਪੀ ਬੈਠੇ ਸਨ। ਮੇਰੀ ਮਾਤਾ ਨੂੰ ਉਹ ਕਿਸੇ ਕੌੜ ਲਵੇਰੀ ਨਾਲ ਮੇਲਦਾ, ‘ਧੋਤੇ ਖੁਰਾਂ ਵਾਲੀ` ਆਖਦਾ, ਜਿਸ ਨੇ ਉਸ ਦਾ ਚੰਗਾ ਭਲਾ ਚਲਦਾ ਲਾਣਾ ‘ਅੱਠੀਖੰਡ` ਕਰ ਦਿੱਤਾ ਸੀ। ਸੋ ਉਹ ਆਪਣੀ ਤਿੰਨ ਹਿੱਸੇ ਜ਼ਮੀਨ ਲੈ ਕੇ ਛੜੇ ਤਾਏ ਨਾਲ ਅਲੱਗ ਹੋ ਗਿਆ। ਬਾਪੂ ਨੂੰ ਹੋਰ ਲੋਕਾਂ ਪਾਸੋਂ ਜ਼ਮੀਨ ਵਟਾਈ ਉਪਰ ਲੈ ਕੇ ਖੇਤੀ ਕਰਨੀ ਪੈਂਦੀ ਜਿਸ ਦੀ ਉਪਜ ਵਿਚੋਂ ਅੱਧੀ ਮਾਲਕ ਨੂੰ ਦੇਣੀ ਹੁੰਦੀ। ਹਰੀ ਕ੍ਰਾਂਤੀ ਹਾਲੇ ਦੂਰ ਸੀ। ਹਲਟਾਂ ਦਾ ਜ਼ਮਾਨਾ ਸੀ। ਵਾਹੇ ਸੁਹਾਗੇ ਖੇਤਾਂ ਨੂੰ ਬਲਦਾਂ ਨਾਲ ਸਿੰਜ ਕੇ, ਜਦੋਂ ਕਣਕ ਬੀਜਣ ਦਾ ਮੌਕਾ ਹੁੰਦਾ, ਬਾਪੂ ਆਪਣਾ ਸ਼ੌਕ ਪਾਲਦਾ, ਇਕੋ-ਇਕ ਸਾਲਾਨਾ ਸਮਾਗਮ ਨਾ ਛੱਡ ਸਕਦਾ, ਐਨ ਉਸ ਵੇਲੇ ਕਵੀਸ਼ਰੀ ਕਰਨ ਚਲਿਆ ਜਾਂਦਾ। ਸਾਰਿਆਂ ਤੋਂ ਅੱਗੇ ਹੋ ਕੇ ਗਾਉਣ ਕਾਰਨ ਬਾਪੂ ਦਾ ਪੇਟ ਤੇ ਛਾਤੀ ਦਰਦ ਕਰਦੀ ਜਿਸ ਨੂੰ ਉਹ ‘ਤਣੇ ਚੜ੍ਹਾਂ` ਆਖਦਾ। ਬਿਮਾਰ ਹੋ ਜਾਂਦਾ। ਕਵੀਸ਼ਰੀ ਕਰਨ ਬਦਲੇ ਹੱਥ ਲੱਗੇ ਦਸ ਪੰਦਰਾਂ ਦਮੜੇ ਡਾਕਟਰ ਬੈਜਨਾਥ ਦੇ ਦੁੱਧ ਚਿੱਟੇ ਟੀਕਿਆਂ ਅਤੇ ਮਿੱਠੀਆਂ ਮਿਕਸਚਰ-ਖੁਰਾਕਾਂ ਦੀ ਭੇਟ ਚੜ੍ਹ ਜਾਂਦੇ। ਕਣਕ ਬੀਜਣ ਦੀ ਵੱਤਰ ਖੁੰਝ ਜਾਂਦੀ। ਸਾਡੇ ਬਚਪਨ ਵਿਚ ਬਾਪੂ ਦਾ ਇਹ ਸ਼ੌਕ ਬੀਬੀ ਨੂੰ ਬੇਹੱਦ ਪਸੰਦ ਸੀ। ਗੂੜ੍ਹੀ ਸਰਦੀ ਦੀ ਰੁੱਤ ਵਿਚ ਵੱਡੇ ਤੜਕੇ ਪਿਤਾ ਨੂੰ ਚਾਹ ਪਿਲਾ ਕੇ ਚਾਈਂ-ਚਾਈਂ ਖੂਹ ਜਾਂ ਘੁਲਾੜੀ ਜੋੜਨ ਲਈ ਤੋਰ ਕੇ ਉਹ ਦੁੱਧ ਰਿੜਕਦੀ, ਚੱਕੀ ਪੀਂਹਦੀ; ਉਸ ਨੂੰ ਕੋਈ ਲੋਰ ਚੜ੍ਹਦੀ। ਬਾਪੂ ਤੋਂ ਸੁਣ ਕੇ ਕੰਠ ਕੀਤਾ ਇਹ ਬੰਦ ਆਪਮੁਹਾਰੇ ਗੁਣਗੁਣਾਉਂਦੀ:
ਰੁੱਤ ਸਰਦ ਪਵੇ ਜਦ ਕੱਕਰ ਜੀ,
ਪੈਰਾਂ ਤੋਂ ਨੰਗਾ ਫੱਕਰ ਜੀ
ਲਾਵੇ ਖੇਤਾਂ ਦੇ ਵਿਚ ਚੱਕਰ ਜੀ,
ਦੋਲੇ ਦੀ ਬੁੱਕਲ ਮਾਰੀ।
ਜੱਟਾ ਤੇਰਾ ਹੁਲੀਆ ਬਦਲਿਆ ਨਾ,
ਹੋਰ ਦੁਨੀਆਂ ਬਦਲਗੀ ਸਾਰੀ।
ਮਾਮਿਆਂ ਨੂੰ ਬਾਪੂ ਦੀ ਇਸ ਦਿਲਚਸਪੀ ਉੱਤੇ ਮਾਣ ਸੀ ਪਰ ਮੇਰਾ ਨਾਨਾ ਇਸ ਨੂੰ ਘਟੀਆ ਸ਼ੁਗਲ ਸਮਝਦਾ, ‘ਕਮੀਣਾਂ ਦਾ ਕਿੱਤਾ` ਆਖਦਾ। ਸੋ ਗਰੀਬੀ ਦਾ ਸਤਾਇਆ ਬਾਪੂ ਆਪਣੇ ਸ਼ੌਕ ਦੀ ਬਦਖੋਈ ਸੁਣਦਾ, ਹੋਰ ਖਿਝਦਾ ਅਤੇ ਨਾਨੇ ਨੂੰ ਅਪਸ਼ਬਦ ਬੋਲਦਾ। ਬੀਬੀ ਕਲਪਦੀ, ਤੜਫਦੀ; ਕਲੇਸ਼ ਛਿੜ ਪੈਂਦਾ। ਪਿਤਾ ਖਫਾ ਹੁੰਦਾ, ਬੀਬੀ ਦੀ ਤੁਲਨਾ ਹੋਰ ਔਰਤਾਂ ਨਾਲ ਕਰਦਾ। ਛੋਟੇ ਕੱਦ ਦੀ ਸਾਡੀ ਮਾਤਾ ਸਾਹਮਣੇ ਆਪਣੀ ਮਰ ਚੁੱਕੀ ‘ਰੰਗੀਲੀ ਮਟਕੀਲੀ, ਅੰਗ ਦੀ ਪਤਲੀ, ਮੁਟਿਆਰ ਜਵਾਨ` ਭਾਬੀ ਦੇ ਨਿੱਘੇ, ਮਿਲਾਪੜੇ ਸੁਭਾਅ ਦੀ ਸਿਫਤ ਕਰਦਾ, ਮਾਤਾ ਨੂੰ ਚਿੜਾਉਂਦਾ। ਦਾਜ ਦਹੇਜ ਨਾ ਦੇਣ ਦੇ ਤਾਹਨੇ ਮਾਰਦਾ, ਉੱਠਦਾ; ਵੱਡੇ ਤਾਏ ਵੱਲ ਤੁਰ ਜਾਂਦਾ। ਫੌਜ ਵਿਚੋਂ ਪੈਨਸ਼ਨ ਆਇਆ, ਵੀਹ ਵਰ੍ਹੇ ਵੱਡਾ ਤਾਇਆ ਘਰ ਆਏ ਛੋਟੇ ਵੀਰ ਨੂੰ ਰੰਮ ਦੇ ਦੋ ਹਾੜੇ ਲਵਾ ਦਿੰਦਾ। ਰੰਗਾਂ ਵਿਚ ਹੋਇਆ ਬਾਪੂ ਆਪਣੇ ਪੈਨਸ਼ਨੀਏਂ ਭਰਾ ਅਤੇ ਭਾਬੀ ਸਾਹਮਣੇ ਬੀਬੀ ਦੇ ਖਾਨਦਾਨ ਨੂੰ ਅਬਾ ਤਬਾ ਬੋਲਦਾ। ਮਾਂ ਵੱਲੋਂ ਪਿਤਾ ਨੂੰ ਬੁਲਾਉਣ ਲਈ ਦੌੜਾਇਆ, ਨਿੱਕਾ ਨਿਆਣਾ ਮੈਂ ਅਜਿਹੀਆਂ ਗੱਲਾਂ ਸੁਣਦਾ, ਦੁਖੀ ਹੁੰਦਾ।
ਬਾਹਰ ਸਾਰਿਆਂ ਨੂੰ ਖਿੜੇ ਮੱਥੇ ਮਿਲਦਾ ਸਾਡਾ ਰੰਗ ਰੰਗੀਲਾ ਪਿਤਾ ਘਰ ਵੜਦਿਆਂ ਮੁਰਝਾ ਜਾਂਦਾ। ਉਹ ਲਚਕੀਲੇ ਸੁਭਾਅ ਦਾ ਸੀ, ਜਦੋਂ ਕਿ ਮਾਂ ਲਈ ਲਿਫਣਾ-ਝੁਕਣਾ ਅਸੰਭਵ ਸੀ। ਬੇਸ਼ੱਕ ਉਹ ਬੜੇ ਉੱਚੇ ਸੁੱਚੇ ਆਚਰਨ ਦੀ ਮਾਲਕ ਸੀ ਪਰ ਅਜਿਹੇ ਮੌਕੇ ਬਾਪੂ ਨੂੰ ਰਿਝਾਉਣਾ ਨਾ ਜਾਣਦੀ । ਵੱਡਾ ਹੋਇਆ, ਇਕ ਵਾਰੀ ਮੈਂ ਇਹੀ ਗੱਲ ਬੀਬੀ ਨੂੰ ਆਖ ਬੈਠਾ। ਸਾਰੀ ਉਮਰ ਪਰਿਵਾਰ ਲਈ ਲਹੂ ਮਿੱਟੀ ਇਕ ਹੁੰਦੇ ਰਹੇ ਪਿਤਾ ਵੱਲ ਹੁਣ ਤਾਂ ਕੁਝ ਨਰਮ ਵਤੀਰਾ ਅਪਣਾਵੇ ਪਰ ਮਾਤਾ ਹਵਨ ਦੀ ਅਗਨੀ ਵਾਂਗ ਭੜਕਦੀ ਬੋਲੀ; “ਮਖਿਆ, ਇਹਨੂੰ ਰਿਝਾਏ-ਵਡਿਆਏ ਬਿਨਾਂ ਹੀ ਤੁਸੀਂ ਚਾਰੇ ਭੈਣ ਭਾਈ ਅਸਮਾਨੋਂ ਡਿਗ ਪੇ ਹੋਣੇ ਐਂ? ਅਰ ਬੈਜਨਾਥ ਦੇ ਹਸਪਤਾਲ ‘ਚ ਪਏ, ਇਹਦੀ ਮਰੀ ਮੁੱਕੀ ਭਾਬੋ ਦੇ ਇਸ ‘ਥਾਉਂ ਸਿਰ ਦੇ ਮਣਕੇ` ਨੂੰ ਬਾਰੀਕ ਤਾਪ ਤੋਂ ਬਚਾਉਣ ਖਾਤਰ ਆਪਣਾ ਸਾਰਾ ਟੂੰਬ ਛੱਲਾ ਵੀ ਮੈਂ ਐਵੇਂ ਭੰਗ ਦੇ ਭਾਣੇ ਵੇਚਤਾ ਹੋਊ? ਜਦ ਮੈਂ ਤੇਰੇ ਪਿਉ ਨੂੰ ਕਦੇ ਰਿਝਾਇਆ ਵਡਿਆਇਆ ਈ ਨਹੀਂ, ਤੇਰੀ ਨਿਗ੍ਹਾ ‘ਚ ਤਾਂ ਆਪਣੀ ਰਣੀ ਚਣੀ ਵੀ ਫਿਰ ਮੈਂ ਊਈਓਂ ਡਾਕਟਰ ਦੀ ਝੋਲੀ ‘ਚ ਪਾ`ਤੀ ਹੋਊ? ਮੇਰਾ ਕੋਈ ਕਸੂਰ ਨ੍ਹੀਂ ਪੁੱਤ। ਦੋਸ਼ ਕਰਮਾਂ ਆਪਣਿਆਂ। ਨਿੱਤ ਬੋਲ ਕਬੋਲ ਬੋਲਦਾ ਬੰਦਾ ਇਕ ਨਾ ਇਕ ਦਿਨ ਸੁਣਨ ਆਲ਼ੇ ਦੇ ਮਨੋਂ ਲਹਿ ਜਾਂਦੈ, ਕਾਕਾ।” ਤੇ ਮਾਂ, ਜਿਸ ਨੂੰ ਮੈਂ ਬਹੁਤ ਸਾਧਾਰਨ ਸੁਆਣੀ ਸਮਝਦਾ, ਉਸ ਨੇ ਸੁਖਮਨੀ ਸਾਹਿਬ ਵਿਚੋਂ ਦ੍ਰਿਸ਼ਟਾਂਤ ਦਿੱਤਾ; “ਆਪਨੀ ਪਰਤੀਤ ਆਪ ਹੀ ਖੋਵਹਿ…”” ਉਹ ਅੰਦਰੋਂ ਬਾਹਰੋਂ, ਕਥਨੀ ਕਰਨੀ ਪੱਖੋਂ ਇਕ ਹੋਣ ਨੂੰ ‘ਰਾਜਪੂਤੀ ਸ਼ਾਨ` ਜਾਂ ‘ਸਰਦਾਰੀ ਸਮਝ` ਆਖਦੀ ਜਦੋਂਕਿ ਪਿਤਾ ਦਾ ਵਿਸ਼ਵਾਸ ਕੁਝ ਇਸ ਤਰ੍ਹਾਂ ਦਾ ਸੀ:
ਤਿੰਨੇ ਵਲ ਤੋਂ ਬਾਝ ਨਾ ਚੱਲ ਸਕਦੇ
ਦੁਨੀਆਦਾਰੀ ਤੇ ਸੱਪ ਦਰਿਆ ਮੀਆਂ।
ਸੋ ਦਿਨੋ-ਦਿਨ ਇਕ ਦੂਜੇ ਲਈ ਵਰਤ ਵਿਹਾਰ ਕੁਰਖਤ ਹੁੰਦਾ ਗਿਆ। ਉਮਰ ਵਧਦੀ ਗਈ, ਆਪਸੀ ਤਕਰਾਰ ਅਤੇ ਤਲਖੀ ਵਿਚ ਹੋਰ ਕੁੜੱਤਣ ਭਰਨ ਲੱਗੀ। ਆਪੋ-ਆਪਣੀ ਥਾਂ ਦੋਵੇਂ ਬੜੇ ਲਾਇਕ ਅਤੇ ਸਦਾਚਾਰੀ ਸਨ। ਘਰ ਪਰਿਵਾਰ ਦੀ ਬਿਹਤਰੀ ਲਈ ਕੁਰਬਾਨ ਹੋਣ ਵਾਲੇ! ਕਬੀਲਦਾਰੀ ਦੀ ਗੱਡੀ ਨੂੰ ਇਕੱਠੇ ਖਿੱਚਦੇ ਪਰ ਸੁਭਾਅ ਦੇ ਟਕਰਾਅ ਕਾਰਨ ਅਕਸਰ ਭਿੜ ਪੈਂਦੇ। ਬਾਪੂ ਬਾਹਰ ਲੋਕਾਂ ਨਾਲ ਵਿਚਰਦਾ ਕਦੇ ਕਿਸੇ ਨਾਲ ਝਗੜ ਪੈਂਦਾ, ਘਰ ਆ ਕੇ ਉਹੀ ਘਟਨਾ ਮੁੜ ਚਿਤਾਰਦਾ, ਤੈਸ਼ ਵਿਚ ਆਇਆ, ਉਸ ਬੰਦੇ ਨੂੰ ਗੰਦੀਆਂ ਗਾਲਾਂ ਕੱਢਦਾ ਤਾਂ ਬੀਬੀ ਖਾਹਮਖਾਹ ਭੜਕ ਜਾਂਦੀ; “ਇਥੇ ਮੂੰਹ ਗੰਦਾ ਕਰਨ ਦੀ ਕੀ ਲੋੜ। ਤੇਰੇ ਘਰ ਧੀ ਨ੍ਹੀਂ ਹੈਗੀ?” ਸਿਸ਼ਟਾਚਾਰ ਬਾਰੇ ਅਜਿਹੀ ਸੋਚ ਰੱਖਦੀ ਮਾਂ ਉਸ ਨੂੰ ਇਉਂ ਕਰਨ ਤੋਂ ਰੋਕਣਾ ਲੋਚਦੀ, ਅਦਿੱਖ ਲੋਕਾਂ ਦਾ ਪੱਖ ਪੂਰਦੀ। ਬਾਪੂ ਕਿਸੇ ਅੰਗ ਸਾਕ ਨੂੰ ਗਾਲਾਂ ਕੱਢਦਾ, ਮਾਂ ਹੋਰ ਵੱਧ ਤੜਫਦੀ। ਉਸ ਨੂੰ ਸਿਆਸਤ ਨਹੀਂ ਸੀ ਕਰਨੀ ਆਉਂਦੀ ਜਦੋਂ ਕਿ ਬਾਪੂ ਚੁਸਤੀ ਤੋਂ ਕੰਮ ਲੈਂਦਾ, ਮੌਕੇ ਦੀ ਨਜ਼ਾਕਤ ਨੂੰ ਸਮਝਦਾ, ਖੂਹ ਖੇਤ ਕਿਸੇ ਨਾਲ ਖਹਿਬੜ ਤਾਂ ਪੈਂਦਾ ਪਰ ਹੱਥੋਪਾਈ ਹੋਣ ਤੋਂ ਸੰਕੋਚ ਕਰਦਾ। ਘਰ ਆ ਕੇ ਗੁੱਸਾ ਲਾਹੁਣਾ ਚਾਹੁੰਦਾ। ਜਦੋਂ ਅਸੀਂ ਭੈਣ ਭਰਾ ਵੱਡੇ ਹੋ ਕੇ ਮਾਪਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ, ਭਖੀ ਹੋਈ ਬੀਬੀ ਆਪਣਾ ਪੈਂਤੜਾ ਨਾ ਬਦਲਦੀ। ਉਹ ਕਿਸੇ ਕਹਾਵਤ ਵਿਚਲੀ ਪਤਨੀ ਵਾਲਾ ਚਰਿੱਤਰ ਕਰਨਾ ਬਿਲਕੁਲ ਨਾ ਜਾਣਦੀ ਜਿਸ ਨੂੰ ਉਸ ਦੇ ਪਤੀ ਨੇ ਸੜਕ ਦੇ ਵਿਚਕਾਰ ਖੜੋਤੇ ਗਧੇ ਨੂੰ ਦੇਖ ਕੇ ਟਿੱਚਰ ਕੀਤੀ ਸੀ: “ਮਖਿਆ, ਹੌਲੀ ਤੁਰ। ਸਾਹਮਣੇ ਰਾਹ ‘ਚ ਆ ਖੜ੍ਹੇ ਆਪਣੇ ਸਕੇ ਸੋਧਰੇ ਵੀਰੇ ਨੂੰ ਤਾਂ ਲੰਘ ਜਾਣ ਦੇ।” ਜ਼ਨਾਨੀ ਕੁਝ ਦੇਰ ਚੁੱਪ ਰਹੀ। ਫੇਰ ਮੁਸਕਰਾਉਂਦਿਆਂ ਬੋਲੀ: “ਉਹ ਥੋਡਾ ਲਾਡਲਾ ਸਾਲਾ ਮੈਨੂੰ ਕੁਛ ਨ੍ਹੀਂ ਕਹਿੰਦਾ। ਤੁਸੀਂ ਅੱਗੇ ਤਾਂ ਹੋਵੋ। ਦੇਖੋ ਬੇਚਾਰਾ ਆਪਣੇ ਸਕੇ ਜੀਜਾ ਜੀ ਨੂੰ ਸਲਾਮੀ ਪਾਉਣ ਖਾਤਰ ਕਿੰਨੇ ਚਾਅ ਨਾਲ ਉਡੀਕਦੈ।” ਜੇ ਕਿਤੇ ਮੇਰੀ ਮਾਤਾ ਨੂੰ ਧੁਰ ਦਰਗਾਹੋਂ ਅਜਿਹੀ ਸਿੱਖ ਮੱਤ ਮਿਲੀ ਹੁੰਦੀ ਤਾਂ ਉਨ੍ਹਾਂ ਦੀ ਜ਼ਿੰਦਗੀ ਨਿਰਾ ਸਵਰਗ ਸਾਬਤ ਹੁੰਦੀ, ਦੁਖਾਂਤ ਵਿਚ ਨਾ ਬਦਲਦੀ। ਸਾਡੀ ਬਹੁਤ ਪਿਆਰੀ ਮਾਂ ਨੂੰ ਇਹ ਨਹੀਂ ਸੀ ਪਤਾ ਕਿ ਘਰ ਕਿਸੇ ਬੰਦੇ ਲਈ ਇਕੱਲਾ ਰੈਣ ਬਸੇਰਾ ਹੀ ਨਹੀਂ ਸਗੋਂ ਭਾਵੁਕ ਆਸਰਾ ਵੀ ਹੁੰਦਾ; ਜਿੱਥੇ ਪਤਨੀ ਅਤੇ ਬੱਚਿਆਂ ਵੱਲੋਂ ਮੁਖੀ ਦੇ ਹਰ ਕਾਰਨਾਮੇ ਨੂੰ ਸਲਾਹੁੰਦਿਆਂ ਇਕ ਆਵਾਜ਼ੇ ‘ਸ਼ਾਬਾਸ਼` ਵੀ ਦੇਣੀ ਬਣਦੀ। ਬਾਹਰ ਲੋਕਾਂ ਨਾਲ ਅਤਿ ਮਿੱਠਾ ਬੋਲਦੇ ਪਿਤਾ ਨੂੰ ਅਸੀਂ ਘਰ ਵਿਚ ਮਾਤਾ ਉੱਤੇ ਹੱਥ ਚੁੱਕਦਿਆਂ ਦੇਖ ਕੇ ਅਤੇ ਗਾਲਾਂ ਕੱਢਦਿਆਂ ਸੁਣ ਕੇ ਸਮਝਾਉਂਦੇ, ਅਚਿੱਤੇ ਹੀ ਮਾਂ ਦਾ ਪੱਖ ਪੂਰ ਜਾਂਦੇ। ਲਗਾਤਾਰ ਤੀਹ ਵਰ੍ਹਿਆਂ ਤਕ ਨਿੱਤ ਆਪਣੀ ਜੀਵਨ ਸਾਥਣ ਵੱਲੋਂ ਨਾਂਹਪੱਖੀ ਵਤੀਰਾ ਬਰਦਾਸ਼ਤ ਕਰਦਾ ਅਤਿ ਭਾਵੁਕ ਪਿਤਾ ਆਖਰ ਧੁਰ ਅੰਦਰੋਂ ਤਿਲ ਤਿਲ ਕਰ ਕੇ ਟੁੱਟਦਾ ਲੜਖੜਾ ਗਿਆ। ਉਸ ਨੂੰ ਸਾਰੀ ਜ਼ਿੰਦਗੀ ਫਜ਼ੂਲ ਦਾ ਖਲਜਗਣ ਜਾਪਣ ਲੱਗੀ। ਬੇਅਰਥ ਦਾ ਵਧਾਂਤ। ਨਿਰਾ ਨਰਕ। ਕਿੰਨੇ ਉਧਾਰ ਸੁਧਾਰ ਚੁੱਕ ਕੇ ਗਰੀਬੀ ਪਹਿਰੇ ਹੱਥੀਂ ਖਰੀਦਿਆ, ਬਾਅਦ ਵਿਚ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪੱਕਾ ਛੱਤਿਆ ਖੁੱਲ੍ਹਾ ਡੁੱਲ੍ਹਾ ਮਕਾਨ ਜੋ ਕਦੇ ਉਸ ਨੂੰ ‘ਕਿਲ੍ਹੇ` ਵਰਗਾ ਜਾਪਦਾ, ਹੁਣ ‘ਜੇਲ੍ਹਖਾਨਾ` ਦਿਖਾਈ ਦਿੰਦਾ।
ਇਸ ਤਣਾਅ ਵਿਚ ਕਦੇ ਸੁੱਖਦਾਇਕ ਮੌਕੇ ਵੀ ਆਉਂਦੇ ਰਹੇ। ਮੇਰੇ ਸਿਰੜੀ ਮਾਪੇ ਆਪਣੀ ਕਬੀਲਦਾਰੀ ਨੂੰ ਅੱਗੇ ਤੋਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਮੁਸ਼ੱਕਤ ਕਰਦੇ। ਬਾਪੂ ਨੂੰ ਉਧਾਰ ਲਿਆ ਪੈਸਾ ਅਤੇ ਸਿਰ ਚੜ੍ਹਿਆ ਕਰਜ਼ਾ ਮੋੜਨ ਦੀ ਚਿੰਤਾ ਸਦਾ ਸਤਾਉਂਦੀ। ਘਰੇਲੂ ਲੋੜਾਂ ਪੂਰਨ ਵਾਸਤੇ ਕਈ ਵਾਰ ਉੱਚੀ ਵਿਆਜ ਦਰ ਉੱਤੇ ਕੁਝ ਰਕਮ ਕਿਸੇ ਪੇਂਡੂ ਫੌਜੀ ਜਾਂ ਖੰਨੇ ਦੇ ਆੜ੍ਹਤੀਏ ਤੋਂ ਲੈਣੀ ਪੈਂਦੀ। ਬਾਪੂ ਦੀ ਨੀਂਦ ਹਰਾਮ ਹੋ ਜਾਂਦੀ:
ਦੇਣਾ ਭਲਾ ਨਾ ਬਾਪ ਦਾ,
ਬੇਟੀ ਭਲੀ ਨਾ ਏਕ।
ਤੁਰਨਾ ਭਲਾ ਨਾ ਕੋਸ ਦਾ,
ਮੇਰਾ ਸਤਿਗੁਰ ਰੱਖੇ ਟੇਕ।
ਬਾਪੂ ਹਾੜ੍ਹੀ ਸਾਉਣੀ ਆਈ ਤੋਂ ਘੱਟ ਤੋਂ ਘੱਟ ਦਾਣੇ ਜਾਂ ਮਿੱਠਾ ਘਰ ਦੀ ਵਰਤੋਂ ਵਾਸਤੇ ਰੱਖ ਕੇ ਵੱਧ ਤੋਂ ਵੱਧ ਫਸਲ ਮੰਡੀ ਵਿਚ ਵੇਚ ਕੇ ਕਰਜ਼ੇ ਤੋਂ ਖਹਿੜਾ ਛੁਡਾਉਣ ਨੂੰ ਤਰਜੀਹ ਦਿੰਦਾ; ਜਦੋਂ ਕਿ ਸਾਡੀ ਬੀਬੀ ਗੁਆਂਢ ਵਿਚੋਂ ਕਿਸੇ ਦੇ ਘਰ ਭਰੇ ਰਹਿੰਦੇ ‘ਗੁੜ ਸ਼ੱਕਰ ਦੇ ਕੜਾਹੇ` ਅਤੇ ‘ਛੱਤ ਛੋਂਹਦੀਆਂ ਕਣਕ ਮੱਕੀ ਦੀਆਂ ਧਾਂਕਾਂ` ਦੀ ਮਿਸਾਲ ਦਿੰਦੀ, ਵੱਧ ਤੋਂ ਵੱਧ ਫਸਲ ਘਰ ਵਰਤਣ ਲਈ ਰੱਖਣੀ ਲੋਚਦੀ, ਤੜਫਦੀ; “ਜੇ ਸਿਆਲ ‘ਚ ਦਾਣੇ ਅਰ ਰੋਹੀ `ਚ ਮਿੱਠਾ ਮੁੱਕ ਗਿਆ, ਫੇਰ ਕਮੀਣਾਂ ਵਾਂਗ ਹੱਟੀਓਂ ਲਿਆਉਂਦੇ ਚੰਗੇ ਲੱਗਾਂਗੇ?”
“ਅੱਛਿਆ! ਹੱਟੀਓਂ ਲਿਆਉਣ ‘ਚ ਸਾਨੂੰ ਸ਼ਰਮ ਆਊ? ਜਦ ਕਰਿਆਨੇ ਆਲਾ ਲਾਲਾ ਅੰਮ੍ਰਿਤ ਵੇਲੇ ਆ ਕੇ ਮੱਥੇ ਲੱਗੂ ਅਰ ਆੜ੍ਹਤੀਆ ਆਏ ਐਤਵਾਰ ਦਰ ਖੜਕਾਊ, ਫੇਰ ਸਾਡੀ ਸਰਦਾਰੀ ਬਣੀ ਰਹੂ?” ਬਾਪੂ ਦਾ ਵਿਅੰਗ ਸਭ ਨੂੰ ਚੁੱਪ ਕਰਵਾ ਦਿੰਦਾ।
ਰੱਬ ਤੋਂ ਡਰਨ ਵਾਲਾ ਬਾਪੂ ਬੇਹੱਦ ਇਮਾਨਦਾਰ ਸੀ। ਕਿਸੇ ਦੀ ਅਮਾਨਤ ਦੱਬਣ ਨੂੰ ਪਾਪ ਸਮਝਦਾ। ਖੰਨੇ ਦਾ ਦੁਕਾਨਦਾਰ ਜਿਸ ਤੋਂ ਅਸੀਂ ਕਰਿਆਨਾ ਲੈਂਦੇ ਅਤੇ ਹਿਸਾਬ ਕਿਤਾਬ ਹਾੜ੍ਹੀ ਸਾਉਣੀ ਕਰਦੇ, ਪਤਾ ਨਹੀਂ ਕਿਉਂ ਖੁਦਕੁਸ਼ੀ ਕਰ ਗਿਆ। ਫਸਲ ਆਈ ਤੋਂ ਪਿਤਾ ਬਣਦੀ ਅਦਾਇਗੀ ਕਰਨ ਲਈ ਸ਼ਹਿਰ ਪਹੁੰਚਿਆ ਤਾਂ ਉਸ ਦਾ ਲੜਕਾ ਹੈਰਾਨ ਰਹਿ ਗਿਆ; “ਲੋਕ ਤਾਂ ਸਾਡੇ ਭਾਪਾ ਜੀ ਦੇ ਤੁਰ ਜਾਣ ਨਾਲ਼ ਹੀ ਮਰ-ਮੁੱਕਰ’ਗੇ, ਸਰਦਾਰ ਜੀ। ਇਕੋ ਇਕ ਤੁਸੀਂ ਹੋ ਜੋ ਆਪ ਚੱਲ ਕੇ ਹਿਸਾਬ ਚੁਕਤਾ ਕਰਨ ਆਏ ਹੋ।” ਪਰ ਬਾਪੂ ਨੇ ਜੀਵਨ ਵਿਚ ਇਕ ਠੱਗੀ ਆਪਣੇ ਪਿਉ ਨਾਲ ਜ਼ਰੂਰ ਮਾਰੀ ਸੀ। ਵੈਸੇ ਉਹ ਸਾਡੇ ਦਾਦੇ ਤੋਂ ਬਹੁਤ ਤ੍ਰਭਕਦਾ। ਜੇ ਕਦੇ ਬਾਬੇ ਨੂੰ ਬੁਰਾ ਬੋਲਦਾ, ਦਾਦਾ ਗਹਿਰੀਆਂ ਕਬਰੀਆਂ ਅੱਖਾਂ ਨਾਲ ਉਸ ਵੱਲ ਝਾਕਦਾ; “ਮੈਂ ਤੇਰੀਆਂ ਜੜ੍ਹਾਂ ਪੱਟ ਕੇ ਸੂਰਜ ਵੱਲ ਨੂੰ ਕਰ ਦਊਂਗਾ, ਡੱਡੀਏ। ਸੋਚ ਲੈ।” ਬਾਪੂ ਡਰ ਜਾਂਦਾ। ਕਿਧਰੇ ਕੁੰਟਿਆ ਹੋਇਆ ਪਿਉ ਸਾਰੀ ਜ਼ਮੀਨ ਦੂਜੇ ਭਰਾਵਾਂ ਦੇ ਨਾਉਂ ਨਾ ਕਰਵਾ ਦੇਵੇ। ਸੋ ਉਹ ਕਦੇ ਕਦਾਈਂ ਬਾਬੇ ਨੂੰ ਗੁਰਦੁਆਰੇ ਨੇੜਲੀ ਹਲਟੀ ਤੋਂ ਬੁਲਾ ਕੇ ਘਰ ਕੱਢੀ ਦਾਰੂ ਦਾ ਪੈੱਗ ਲਵਾ ਦਿੰਦਾ। ਬੀਬੀ ਵੀ ਕਿਸੇ ਦਿਨ ‘ਹਾਜ਼ਰੀ` ਵੇਲੇ ਸਾਡੇ ਘਰ ਨੇੜੇ ਬੈਠੇ ਬਾਬੇ ਨੂੰ ਦੇਖਦੀ, ਮੇਰੇ ਰਾਹੀਂ ਸੱਦ ਕੇ ਦਹੀਂ ਮੱਖਣੀ ਨਾਲ ਰੋਟੀ ਖਵਾ ਦਿੰਦੀ। ਇੰਝ ਵਡਿਆਏ ਬਾਬੇ ਨੇ ਇਕ ਵਾਰੀ ਕਈ ਖੇਤ ਬਾਪੂ ਨੂੰ ਜ਼ਬਤੀ ਉੱਤੇ ਵਾਹੁਣ ਲਈ ਦੇ ਦਿੱਤੇ। ਕਣਕ ਦੀ ਭਰਵੀਂ ਫਸਲ ਹੋਈ ਪਰ ਬਾਪੂ ਬਣਦੀ ਰਕਮ ਦੇਣ ਤੋਂ ਉੱਕਾ ਮੁੱਕਰ ਗਿਆ।
“ਤੂੰ ਬੇਈਮਾਨ ਹੈਂ, ਓਏ ਦੁਸ਼ਟਾ। ਜਾਹ, ਮੇਰੇ ਮੱਥੇ ਨਾ ਲੱਗਿਆ ਕਰ।” ਸਾਰੇ ਹੀਲੇ ਵਸੀਲੇ ਵਰਤ ਹਟਿਆ, ਬਾਬਾ ਘੁਰਕਿਆ।
“ਨਹੀਂ ਬਾਈ ਸਿਆਂ, ਮੈਂ ਬੇਈਮਾਨ ਕੋਈ ਨ੍ਹੀਂ। ਸਾਰਾ ਕਸੂਰ ਤੇਰੀ ਅੱਖ ਦਾ ਹੈ। ਤੈਨੂੰ ਸਦਾ ਇਕੋ-ਇਕ ਛੜਾ ਹੀ ਦੀਂਹਦਾ ਰਿਹੈ। ਮੈਂ ਜਾਂ ਮੇਰੇ ਜਵਾਕ ਕਦੇ ਦਿਖੇ ਹੀ ਨਹੀਂ। ਮੈਂ ਤਾਂ ਸਿਰਫ ਤੈਨੂੰ ਟੇਢੀ ਉਂਗਲੀ ਨਾਲ ਘਿਉ ਕੱਢ ਕੇ ਦਿਖਾਇਐ।” ਤੇ ਇਸ ਠੱਗੀ ਤੋਂ ਬਾਅਦ ਬਾਪੂ ਦੇ ਪੈਰ ਲੱਗ ਗਏ।
ਪੇਟ ਘਰੋੜੀ ਦਾ ਪੁੱਤਰ ਹੋਣ ਕਰ ਕੇ ਦਾਦੇ ਦੇ ਧੁਰ ਅੰਦਰ ਉਸ ਲਈ ਡੂੰਘਾ ਪਿਆਰ ਸੀ।
“ਆਪਣੇ ਫੌਜੀ ਨੇ ਕਦੇ ਧੇਲਾ ਮੇਰੇ ਹੱਥ ‘ਤੇ ਨ੍ਹੀਂ ਧਰਿਆ। ਮੈਂ ਉਹਨੂੰ ਇਕ ਸਿਆੜ ਨ੍ਹੀਂ ਦੇਣਾ।” ਸਾਡੇ ਸਭ ਤੋਂ ਵੱਡੇ ਤਾਏ ਤੋਂ ਖਫਾ ਹੋਏ ਦਾਦੇ ਨੇ ਇਕ ਦਿਨ ਬਾਪੂ ਅਤੇ ਛੜੇ ਨੂੰ ਕੋਲ ਬੁਲਾ ਕੇ ਸਾਰੀ ਜ਼ਮੀਨ ਉਨ੍ਹਾਂ ਦੇ ਨਾਂ ਚੜ੍ਹਾਉਣ ਲਈ ਜ਼ਿੱਦ ਕੀਤੀ ਤਾਂ ਕੰਨਾਂ ਉੱਪਰ ਹੱਥ ਰੱਖਦੇ ਦੋਵੇਂ ਭਰਾ ਪਿੱਛੇ ਹਟ ਗਏ। ਵੱਡੇ ਭਰਾ ਦਾ ਹੱਕ ਮਾਰਨ ਵਾਲਾ ‘ਘੋਰ ਪਾਪ` ਉਹ ਕਦੇ ਵੀ ਨਹੀਂ ਸੀ ਕਮਾ ਸਕਦੇ।
ਜਦੋਂ ਅਸੀਂ ਅੰਦਰਲੇ ਆਦੀ ਮਕਾਨ ਵਿਚ ਰਹਿੰਦੇ ਤਾਂ ਉਮਰ ਵਿਚ ਬਹੁਤ ਵੱਡੀਆਂ ਮਾਈਆਂ ਜੋ ਬਾਪੂ ਦੀਆਂ ਭਰਜਾਈਆਂ ਲੱਗਦੀਆਂ, ਉਸ ਨੂੰ ‘ਓਏ ਕੱਛ ਆਲਿਆ!` ਆਖ ਬੁਲਾਉਂਦੀਆਂ। ਸਾਰੀ ਗਲੀ ਵਿਚ ਬਾਪੂ ਇਕੱਲਾ ਅੰਮ੍ਰਿਤਧਾਰੀ ਸੀ। ਇਉਂ ਤਾਂ ਫੌਜ ਵਿਚੋਂ ਪੈਨਸ਼ਨੀਆਂ ਆਇਆ ਦਲੀਪ ਸਿੰਘ ਮਹਿਰਾ ਵੀ ਸੀ ਪਰ ਉਮਰ ਵਿਚ ਬਰਾਬਰ ਦਾ ਅਤੇ ਗਹਿਰ ਗੰਭੀਰ ਸੁਭਾਅ ਦਾ ਹੋਣ ਕਰ ਕੇ ਉਸ ਨੂੰ ਮਜ਼ਾਕ ਕਰਨ ਦਾ ਕੋਈ ਹੌਸਲਾ ਨਾ ਦਿਖਾਉਂਦੀ। ਜਦੋਂ ਕਿਸੇ ਸ਼ਾਮ ਨੂੰ ਬਾਪੂ ਦੇ ਸਾਥੀ ਕਵੀਸ਼ਰ ਆ ਧਮਕਦੇ ਤਾਂ ਸਾਡੇ ਕੋਠੇ ਉਪਰ ਹੀ ਖੁਸ਼ਲੱਭਤੀ ਅਖਾੜਾ ਜੰਮ ਜਾਂਦਾ। ਗੁਆਂਢ ਵਿਚੋਂ ਆਦਮੀ ਔਰਤਾਂ ਆਪੋ ਆਪਣੇ ਬਨੇਰਿਆਂ ਉੱਪਰ ਜੁੜ ਕੇ ਬੈਠੇ ਫਰਮਾਇਸ਼ਾਂ ਪਾਉਂਦੇ। ਪਿੰਡ ਵਿਚੋਂ ਬਾਪੂ ਦੇ ਕਿੰਨੇ ਮਿੱਤਰ ਵੀ ਉਨ੍ਹਾਂ ਨਾਲ ਗਾਉਣ ਲੱਗਦੇ। ‘ਬਾਬਾ ਵਿਧੀ ਚੰਦ ਗੁਆਚੇ ਲੱਭੂ`, ‘ਚੰਦੂ ਸ਼ਾਹ ਦੇ ਜ਼ੁਲਮ`, ‘ਭੂਮੀਆਂ ਚੋਰ`, ‘ਭਾਨੀਮਾਰ`, ‘ਕੁਛਨੀ ਬਈ ਕੁਛਨੀ` ਆਦਿ ਪ੍ਰਸੰਗ ਤੇ ਹਾਸਰਸੀ ਕਵਿਤਾਵਾਂ ਸੁਣਾਉਂਦੇ। ਮਿੱਤਰਾਂ ਦੇ ਵੱਖਰੇ ਉਚਾਰਨ ਅਤੇ ਬੋਲਣ ਢੰਗ ਤੋਂ ਹੀ ਬਾਪੂ ਨੇ ਕਈਆਂ ਦੀ ਵਿਸ਼ੇਸ਼ ਅੱਲ ‘ਗੁਆਚੇ ਲੱਭੂ`, ‘ਬਿਧੀਆ`, ‘ਚੰਦੂ` ‘ਰਾਮ ਰਾਜਾ`, ‘ਕੁਛਨੀ ਕੁਛਨੀ` ਪਾ ਦਿੱਤੀ ਸੀ। ਆਪਣੇ ਵੱਡੇ ਭਰਾਵਾਂ ਲਈ ਵੀ ਉਹ ‘ਢਿੱਡ ਸਾਹਬ` ‘ਬੀਨ-ਢਿੱਡਾ` ਆਦਿ ਵਿਸ਼ੇਸ਼ਣ ਵਰਤਦਾ। ਕੋਈ ਉਸ ਦਾ ਗੁੱਸਾ ਨਾ ਕਰਦਾ। ਸਾਡੀ ਗਲੀ ਵਿਚਲੀਆਂ ਵਡੇਰੀ ਉਮਰ ਭਾਬੀਆਂ ਉਸ ਲਈ- ਅਮਲਾ ਸਿਹੁੰ, ਦਰਪਦ, ਪਰਬਤ ਆਦਿ ਸਨ। ਕਿਸੇ ਸ਼ਾਮ ਦੇ ਘੁਸਮੁਸੇ ਵਿਚ ਜਦੋਂ ਉਹ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ, ਇਕ ਬਲਦ ਅੱਗੇ ਇਕ ਪਿੱਛੇ ਫੜੀ ਭੀੜੀ ਗਲੀ ਵਿਚੋਂ ਲੰਘਦਾ ਤਾਂ ਕੋਈ ਮਸ਼ਕਰੀ ਸੁਣਾਈ ਦਿੰਦੀ; “ਓ ਕੱਛ ਆਲਿਆ! ਅੱਜ ਕੋਈ ਛੰਦ-ਛੁੰਦ ਸੁਣੇ ਸੁਣਾਏ ਬਗੈਰ ਈ ਲੰਘ ਜਾਣੈਂ?” “ਮਖਿਆ, ਹੁਣ ਨ੍ਹੀਂ ਕੁਛ ਵੀ ਸੁੱਝਦਾ, ਅਮਲਾ ਸਿਆਂ। ਕੰਮ ਨੇ ਕਚੂੰਮਰ ਕੱਢਿਆ ਪਿਐ”, ਬਾਪੂ ਦੀ ਮੱਧਮ ਆਵਾਜ਼ ਅਗਲੇ ਮੋੜ ਤੋਂ ਗਲੀ ਵਿਚ ਗੂੰਜਦੀ।
ਸਿਆਲ ਜਾਂ ਗਰਮੀਆਂ ਵਿਚ ਜਦੋਂ ਵਿਹਲ ਹੁੰਦਾ, ਹਲਟੀ ਵਾਲੀ ਸੱਥ ਤੋਂ ਬਿਨਾਂ ਬਾਪੂ ਦੇ ਕਈ ਟਿਕਾਣੇ ਸਨ- ਮਿਸਤਰੀ ਲਾਹੌਰਾ ਸਿੰਘ ਦਾ ਕਾਰਖਾਨਾ, ਮਾਈ ਬਸੰਤ ਕੌਰ ਵਾਲੀ ਮਹਿਫਲ ਜਾਂ ਮਸਤੂ ਅਮਲੀ ਦਾ ਘਰ। ਲਾਹੌਰਾ ਸਿੰਘ ਉਸ ਦਾ ਕੀਰਤਨੀਆਂ ਸਾਥੀ ਸੀ ਜਿਹੜਾ ਕੀਰਤਨ ਕਰਦਿਆਂ ਦੂਜੇ ਜੋਟੀਦਾਰਾਂ ਨਾਲ ਆਪਣਾ ਮੁਕਾਬਲਾ ਕਰਦਾ, ਰਾਗ ਵਿੱਦਿਆ ਵਿਚ ਸਭ ਨੂੰ ਟਿੱਚ ਸਮਝਦਾ। ਉਸ ਬਰਾਬਰ ਨਾ ਬੋਲ ਸਕਣ ਵਾਲੇ ਨੂੰ ਛੁਟਿਆਉਂਦਾ; “ਦੇਖਿਆ? ਫੇਰ ਤੇਰਾ ‘ਰਾਗੀ` ਕਹਾਉਂਦਾ ਚੰਚਲ ਸਿਹੁੰ ਉੱਦਣ ਮਿਸਤਰੀ ਦੇ ਪੁੱਤ ਨੇ ਉਪਰ ਏ ਟੰਗਤਾ ਕਿ ਨਹੀਂ? ਮਖਿਆ, ਕਰਦਾ ਤਾਂ ਮੇਰੀ ਬਰਾਬਰੀ। ਬੋਲਦਾ ਫੇਰ ਮੇਰੇ ਜਿੰਨਾ ਉੱਚਾ! ਅਖੇ, ਚੀਨ ਤੋਂ ਹਰਮੋਨੀਅਮ ਸਿੱਖ ਕੇ ਆਇਆ, ਬੜਾ ਗਮੰਤਰੀ! ਮਖਿਆ, ਜੱਟ ਦਾ ਸੁਰ ਨਾਲ ਭਲਾ ਕੀ ਕੰਮ!” ਲਾਹੌਰਾ ਸਿੰਘ ਦੀਆਂ ਸ਼ੇਖੀਆਂ ਸੁਣਦਾ ਬਾਪੂ ਅੰਦਰੋਂ ਹੱਸਦਾ, ਹੱਥਲਾ ਕੰਮ ਕਰਦੇ ਮਿਸਤਰੀ ਦਾ ਹੁੰਗਾਰਾ ਭਰੀ ਜਾਂਦਾ। ਮਾਈ ਬਸੰਤ ਕੌਰ ਦੇ ਘਰ ਹਾੜ੍ਹ ਸਿਆਲ ਇਹ ਕਈ ਮਿੱਤਰ ਦੋਸਤ ਆ ਜੁੜਦੇ; ਚਾਹ ਦੀ ਪਤੀਲੀ ਹਮੇਸ਼ਾ ਚੜ੍ਹੀ ਰਹਿੰਦੀ। ਹਰ ਤਰ੍ਹਾਂ ਦੀਆਂ ਜੱਕੜਾਂ ਏਥੇ ਸੁਣਨ ਨੂੰ ਮਿਲਦੀਆਂ। ਨਿੰਦਿਆ ਪੁਰਾਣ ਸਦਾ ਖੁੱਲ੍ਹਿਆ ਰਹਿੰਦਾ। ਮਸਤੂ ਅਮਲੀ ਦੀ ਹਵੇਲੀ ਵਿਚ ਵੀ ਮਾਈ ਬਚਨੀ ਡੋਡੇ ਉਬਾਲਦੀ, ਮਲ-ਮਸਲ ਕੇ, ਨਿਚੋੜ-ਪੁਣ ਕੇ ਅਮਲੀ ਨੂੰ ਪਿਲਾ ਦਿੰਦੀ। ਬਾਕੀ ਬਚੇ ਪੱਤ-ਸੁੱਤ ਵਾਲੀ ਉਸ ਪਤੀਲੀ ਵਿਚ ਸਾਂਝੀ ਚਾਹ ਧਰਦੀ। ਪਿਆਲੀ ਪਿਆਲੀ ਉੱਥੇ ਬੈਠੇ ਸਾਰੇ ਚਾਹ-ਅਭਿਲਾਸ਼ੀਆਂ ਨੂੰ ਫੜਾਉਂਦੀ ਆਖਦੀ, ‘ਲਉ ਵੇ ਦਾਦਣਿਓਂ! ਤੁਸੀਂ ਬੀ ਆਪਣਾ ਜੁਖਾਮ ਹਟਾ ਲੌ। ਨਾਲੇ ਦੇਖੋ, ਏਹ ਬਸੰਤ ਕੁਰ ਆਲਾ ਗੁੜ ਦਾ ਗਡਾਣਾ ਨਹੀਂ। ਦਾਦਣਿਓਂ! ਭਲਿਆਟ ਮਹਿੰ ਦੇ ਦੁੱਧ ਦੀ ਟੋਭੇ ਦੀ ਚਿੱਕ ਵਰਗੀ ਗਾੜ੍ਹੀ ਚਾਹ ਬਣਾਈ ਐ!” ‘ਵਾਹ ਮਹਾਰਾਜ! ਵਾਹ ਮਹਾਰਾਜ!` ਦੀਆਂ ਉੱਚੀਆਂ ਆਵਾਜ਼ਾਂ ਨਾਲ ਅਮਲੀ ਹੋਰ ਨਸ਼ਿਆ ਜਾਂਦਾ।
ਬਾਬੇ ਦੇ ਚਲਾਣੇ ਮਗਰੋਂ ਬਾਪੂ ਨੂੰ ਪੂਰਾ ਵਿਰਾਸਤੀ ਹਿੱਸਾ ਮਿਲਣ ਨਾਲ ਹੱਥ ਕੁਝ ਸੁਖਾਲਾ ਹੋਇਆ। ਸੱਤਰਵਿਆਂ ਵਿਚ ਸਾਡੀ ਬਿਜਲੀ ਮੋਟਰ ਲੱਗ ਗਈ ਤਾਂ ਬੈਲਟਾਂ ਤੋੜਦੇ, ਹੱਥ ਕਾਲੇ ਕਰਦੇ ਡੀਜ਼ਲ ਇੰਜਣ ਤੋਂ ਖਹਿੜਾ ਛੁੱਟ ਗਿਆ। ਲੈਂਡ ਮਾਰਗੇਜ ਬੈਂਕ ਤੋਂ ਦਸ ਸਾਲਾ ਲੋਨ ਲੈ ਕੇ ਬਾਪੂ ਨੇ ਦਾਦੇ ਵੱਲੋਂ ਸਾਂਝੇ ਥਾਂ ਗਹਿਣੇ ਧਰੀ ਜ਼ਮੀਨ ਵੀ ਛੁਡਾ ਲਈ ਸੀ। ਬਾਪੂ ਪਿੰਡ ਵੱਲ ਬਹੁਤ ਘੱਟ ਗੇੜਾ ਮਾਰਦਾ। ਉਸ ਨੇ ਹੁਣ ਖੂਹ ਉੱਪਰ ਪੱਕੇ ਡੇਰੇ ਲਾ ਲਏ। ਹਰੇ ਇਨਕਲਾਬ ਦੀ ਚੜ੍ਹਤ ਨਾਲ ਖੇਤਾਂ ਵਿਚ ਲਹਿਰਾਂ ਲੱਗ ਗਈਆਂ। ਸ਼ਾਮ ਵੇਲੇ ਇਕ ਢਲੀ ਉਮਰ, ਮੂੰਹ ਤੂੰਹ ਲੱਗਦੀ ਔਰਤ ਕੱਖ ਪੱਠਾ ਲੈਣ ਦੇ ਪੱਜ ਉਧਰ ਗੇੜਾ ਮਾਰਦੀ, ਬਾਪੂ ਨਾਲ ਹੱਸਦੀ, ਖਿੱਲਾਂ ਡੋਲ੍ਹਦੀ, ਕਿੰਨੀਆਂ ਗੱਲਾਂ ਕਰਦੀ।
“ਮੁੰਡਿਆ, ਆਥਣ ਵੇਲੇ ਆਪਣੇ ਖੂਹ ਕੰਨੀਂ ਜ਼ਰੂਰ ਜਾਇਆ ਕਰ। ਕੱਲ੍ਹ ਨੂੰ ਥੋਡੇ ਵਿਆਹ-ਮੰਗਣੇ ਵੀ ਕਰਨੇ ਨੇ। ਹੋਰ ਨਾ ਤੇਰਾ ਪਿਉ ਥੋਡਾ ਅੱਗਾ ਖੜ੍ਹਾ ਦੇਵੇ।” ਫਿਕਰਮੰਦ ਹੋਈ ਬੀਬੀ ਮੈਨੂੰ ਕਾਲਜੋਂ ਮੁੜਦੇ ਨੂੰ ਤਾੜਦੀ, ਧੱਕੇ ਨਾਲ ਖੂਹ ਵੱਲ ਤੋਰਦੀ। ਪਤਾ ਨਹੀਂ, ਉਸ ਨੂੰ ਕਿਸੇ ਗੁੱਝੇ ਭੇਤ ਦਾ ਕਿੱਥੋਂ ਪਤਾ ਲੱਗ ਗਿਆ ਸੀ।