ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਨੇ ਫਿਲਮੀ ਦੁਨੀਆ ਵਿਚ ਹੀ ਨਹੀਂ, ਸਾਹਿਤ ਦੇ ਖੇਤਰ ਵਿਚ ਵੀ ਖੂਬ ਨਾਮਣਾ ਖੱਟਿਆ। ਉਹ ਅਜਿਹਾ ਪੰਜਾਬੀ ਜਿਊੜਾ ਸੀ ਜਿਸ ਨੇ ਫਿਲਮਾਂ ਵਿਚ ਅਤਿਅੰਤ ਸਫਲਤਾ ਮਿਲਣ ਦੇ ਬਾਵਜੂਦ ਨਾਟਕਾਂ ਵਿਚ ਕੰਮ ਕਰਨਾ ਨਹੀਂ ਸੀ ਛੱਡਿਆ। ਪੰਜਾਬੀ ਵਿਚ ਉਸ ਨੇ ਰਬਿੰਦਰ ਨਾਥ ਟੈਗੋਰ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ। ਉਹ ਅਸਲ ਵਿਚ ਆਦਰਸ਼ਾਂ ਨੂੰ ਪ੍ਰਨਾਇਆ ਸ਼ਖਸ ਸੀ। ਹਰਵਿੰਦਰ ਭੰਡਾਲ ਨੇ ਉਸ ਦੀ ਇਸ ਸ਼ਖਸੀਅਤ ਅਤੇ ਜੀਵਨ ਜਾਚ ਨੂੰ ਇਕ ਵੱਖਰੇ ਨਜ਼ਰੀਏ ਤੋਂ ਵਾਚਿਆ ਹੈ।
ਇਸ ਲੇਖ ਵਿਚ ਉਸ ਦੀ ਜ਼ਿੰਦਗੀ ਨਾਲ ਜੁੜੇ ਵਿਰੋਧਾਭਾਸਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ।
ਹਰਵਿੰਦਰ ਭੰਡਾਲ
ਫੋਨ: +91-98550-36890
ਆਜ਼ਾਦੀ ਤੋਂ ਬਾਅਦ ਵਾਹਗੇ ਦੇ ਇਸ ਪਾਸੇ ਰਹਿੰਦੇ ਪੰਜਾਬੀਆਂ ਲਈ ਬਲਰਾਜ ਸਾਹਨੀ ਪੰਜਾਬੀਅਤ ਦਾ ਚਿੰਨ੍ਹ ਸੀ। ਗਿਣਤੀ ਦੇ ਵੱਡੇ ਲੇਖਕਾਂ ਦੇ ਉਸ ਜ਼ਮਾਨੇ ਵਿਚ ਉਹ ਆਪਣੇ ਫਿਲਮੀ ਕਰੀਅਰ ਕਾਰਨ ਹੋਰ ਵੀ ਵੱਡਾ ਹੋ ਜਾਂਦਾ ਸੀ। ਨਮੂਨੇ ਦੀ ਵਾਰਤਕ ਲਿਖਣ ਵਾਲੇ ਬਲਰਾਜ ਸਾਹਨੀ ਨੂੰ ਪੰਜਾਬੀਆਂ ਨੇ ਆਪਣੇ ਨਾਇਕ ਵਜੋਂ ਵੱਡੀ ਇੱਜ਼ਤ ਦਿੱਤੀ ਹੈ। ਇਸ ਦੇ ਕਾਰਨ ਉਸ ਦੀ ਸ਼ਖਸੀਅਤ ਵਿਚ ਵੀ ਪਏ ਹਨ ਅਤੇ ਪੰਜਾਬ ਦੇ ਸਮਾਜਕ ਇਤਿਹਾਸ ਵਿਚ ਵੀ।
ਬਲਰਾਜ ਸਾਹਨੀ ਉਦੋਂ ਜੰਮਿਆ, ਜਵਾਨ ਹੋਇਆ, ਜਦੋਂ ਮੁਲਕ ਫੈਸਲਾਕੁਨ ਤਬਦੀਲੀਆਂ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਰਾਵਲਪਿੰਡੀ ਦਾ ਅਮੀਰ ਵਪਾਰੀ ਉਸ ਦਾ ਪਿਤਾ ਉਸ ਮੱਧਲੀ ਜਮਾਤ ਨਾਲ ਸਬੰਧ ਰੱਖਦਾ ਸੀ ਜੋ ਬਸਤੀਵਾਦੀ ਅਰਥਚਾਰੇ ਵਿਚ ਖੁਸ਼ਹਾਲ ਹੋਈ ਸੀ ਪਰ ਸਿਆਸੀ ਚੇਤਨਾ ਵੀ ਇਸੇ ਜਮਾਤ ਵਿਚ ਪਹਿਲਾਂ ਆਈ ਸੀ। ਉਹ ਗੌਰਮਿੰਟ ਕਾਲਜ ਲਾਹੌਰ ਪੜ੍ਹਿਆ, ਜਿੱਥੇ ਖੁਸ਼ਵੰਤ ਸਿੰਘ, ਬੀ. ਆਰ. ਚੋਪੜਾ, ਚੇਤਨ ਅਨੰਦ, ਦੇਵ ਅਨੰਦ, ਪ੍ਰੇਮ ਕਿਰਪਾਲ ਜਿਹੇ ਬਾਅਦ ਵਿਚ ਮਸ਼ਹੂਰ ਹੋਣ ਵਾਲੇ ਬੰਦੇ ਉਹਦੇ ਜਮਾਤੀ ਸਨ। ਆਪਣੇ ਆਪ ਨੂੰ ਆਪਣੀ ਮਰਜ਼ੀ ਦਾ ਮਾਲਕ ਸਮਝਣ ਵਾਲਾ ਬਲਰਾਜ ਆਪਣੀ ਰਿਸ਼ਤੇਦਾਰੀ ਵਿਚੋਂ ਭੈਣ ਲੱਗਦੀ ਸੰਤੋਸ਼ ਨੂੰ ਪਿਆਰ ਕਰਦਾ ਸੀ। ਆਰੀਆ ਸਮਾਜੀ ਕਦਰਾਂ-ਕੀਮਤਾਂ ਨਾਲ ਬੱਝਾ ਪਿਓ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਫਲਸਰੂਪ ਬਲਰਾਜ ਦਾ ਵਿਆਹ ਉਹਦੀ ਮਰਜ਼ੀ ਦੇ ਉਲਟ ਰਾਵਲਪਿੰਡੀ ਦੇ ਇਕ ਕਾਲਜ ਦੇ ਪ੍ਰਿੰਸੀਪਲ ਦੀ ਸੋਹਣੀ-ਸੁਨੱਖੀ ਧੀ ਦਮਯੰਤੀ ਨਾਲ ਕਰ ਦਿੱਤਾ ਗਿਆ। ਦਮਯੰਤੀ ਦੇ ਹੁਸਨ ਨੇ ਆਖਰ ਬਲਰਾਜ ਨੂੰ ਵਿਆਹ ਲਈ ਸਹਿਮਤ ਕਰ ਲਿਆ। ਦਮਯੰਤੀ ਦੀ ਜਵਾਨ ਉਮਰੇ ਮੌਤ ਪਿੱਛੋਂ ਉਸ ਨੇ ਦੂਸਰਾ ਵਿਆਹ ਸੰਤੋਸ਼ ਨਾਲ ਹੀ ਕਰਵਾਇਆ।
ਪਿਓ ਇਹ ਵੀ ਚਾਹੁੰਦਾ ਸੀ ਕਿ ਉਹ ਰਾਵਲਪਿੰਡੀ ਵਾਪਸ ਆ ਕੇ ਉਸ ਦੇ ਵਪਾਰ ਨੂੰ ਸੰਭਾਲੇ ਪਰ ਕਿੱਤੇ ਦੇ ਮਾਮਲੇ ਵਿਚ ਉਸ ਨੇ ਪਿਤਾ ਨਾਲ ਕੋਈ ਸਮਝੌਤਾ ਨਾ ਕੀਤਾ। ਅੰਗਰੇਜ਼ੀ ਅਦਬ ਦੀ ਐਮ. ਏ. ਕਰ ਕੇ ਉਹ ਹੱਟੀਦਾਰ ਨਹੀਂ ਸੀ ਬਣਨਾ ਚਾਹੁੰਦਾ। ਉਹ ਦਮਯੰਤੀ ਨੂੰ ਲੈ ਕੇ ਕਲਕੱਤਾ ਚਲਾ ਗਿਆ। ਸ਼ਾਂਤੀ ਨਿਕੇਤਨ ਵਿਚ ਉਸ ਨੇ ਰਬਿੰਦਰ ਨਾਥ ਟੈਗੋਰ ਨਾਲ ਕੰਮ ਕੀਤਾ। ਟੈਗੋਰ ਕੋਲੋਂ ਹੀ ਉਸ ਨੇ ਮਾਤਰੀ ਜ਼ੁਬਾਨ ਵਜੋਂ ਪੰਜਾਬੀ ਦੇ ਮਹੱਤਵ ਬਾਰੇ ਸਬਕ ਸਿੱਖੇ। ਫਿਰ ਉਹ ਮਹਾਤਮਾ ਗਾਂਧੀ ਦੇ ਸੇਵਾਗਰਾਮ ਜਾ ਪੁੱਜਾ। ਦੂਜੀ ਸੰਸਾਰ ਜੰਗ ਦੌਰਾਨ ਉਹਨੂੰ ਬੀ.ਬੀ.ਸੀ. ਵੱਲੋਂ ਹਿੰਦੋਸਤਾਨੀ ਫੌਜੀਆਂ ਲਈ ਹਿੰਦੀ ਵਿਚ ਪ੍ਰੋਗਰਾਮ ਕਰਨ ਦਾ ਸੱਦਾ ਮਿਲਿਆ। ਬਲਰਾਜ ਦੇ ਮਨ ਵਿਚ ਕੁਝ ਨਵਾਂ ਕੰਮ ਕਰਨ ਦੀ ਲਿਲਕ ਐਸੀ ਸੀ ਕਿ ਟੱਬਰ ਦੇ ਵਡੇਰਿਆਂ ਦੀ ਮਰਜ਼ੀ ਦੇ ਉਲਟ ਉਹ ਦਮਯੰਤੀ ਨੂੰ ਲੈ ਕੇ ਲੰਡਨ ਪਹੁੰਚ ਗਿਆ। ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਦੁਸ਼ਮਣ ਦੀਆਂ ਫੌਜਾਂ ਵੱਲੋਂ ਉਨ੍ਹਾਂ ਦੇ ਜਹਾਜ਼ ਨੂੰ ਰਾਹ ਵਿਚ ਹੀ ਡੋਬਿਆ ਜਾ ਸਕਦਾ ਸੀ।
ਲੰਡਨ ਤੋਂ ਪਰਤਣ ਸਮੇਂ ਉਹ ਸਾਹਸੀ ਕਿਸਮ ਦਾ ਬੰਦਾ ਹੋਣ ਤੋਂ ਅੱਗੇ ਦਾ ਸਫਰ ਕਰ ਚੁੱਕਾ ਸੀ। ਉਹ ਲੰਡਨੋਂ ਕਮਿਊਨਿਸਟ/ ਮਾਰਕਸਵਾਦੀ ਬਣ ਕੇ ਪਰਤਿਆ ਸੀ। ਉਹ ਦੌਰ ਇਹ ਸਭ ਬਣਨ ਦਾ ਸਹਿਜ ਦੌਰ ਸੀ। ਆਪਣੇ ਦੌਰ ਦੇ ਵਧੇਰੇ ਕਮਿਊਨਿਸਟਾਂ ਵਾਂਗ ਉਹ ਵੀ ‘ਕਮਿਊਨਿਸਟ ਮੈਨੀਫੈਸਟੋ’ ਜਾਂ ‘ਕੈਪੀਟਲ’ ਪੜ੍ਹ ਕੇ ਮਾਰਕਸਵਾਦੀ ਨਹੀਂ ਸੀ ਬਣਿਆ। ਉਸ ਦੇ ਵਿਚਾਰਾਂ ਵਿਚ ਵੀ ਇਨਕਲਾਬੀ ਤਬਦੀਲੀ ਰੂਸ ਦੇ ਇਨਕਲਾਬ ਕਾਰਨ ਆਈ ਸੀ। ਲੰਡਨ ਕਿਆਮ ਦੌਰਾਨ ਸੋਵੀਅਤ ਫਿਲਮਾਂ ਨੇ ਉਹਨੂੰ ਸੋਵੀਅਤ ਯੂਨੀਅਨ ਵੱਲ ਖਿੱਚਿਆ। ਉਸ ਨੇ ਆਪ ਲਿਖਿਆ ਕਿ ਕਿਵੇਂ ‘ਸਰਕਸ’ ਨਾਂ ਦੀ ਇਕ ਸੋਵੀਅਤ ਫਿਲਮ ਦੇਖ ਕੇ ਉਹ ਪ੍ਰਭਾਵਿਤ ਹੋਇਆ ਸੀ। ਇਸ ਫਿਲਮ ਵਿਚ ਦਿਖਾਇਆ ਗਿਆ ਸੀ ਕਿ ਰੂਸੀ ਇਨਕਲਾਬ ਤੋਂ ਬਾਅਦ ਉਸ ਮੁਲਕ ਵਿਚ ਹਰ ਤਰ੍ਹਾਂ ਦੀ ਨਾ-ਬਰਾਬਰੀ ਅਤੇ ਵਿਤਕਰੇ ਖਤਮ ਹੋ ਗਏ ਹਨ ਜੋ ਅਜੇ ਵੀ ਅਮਰੀਕਾ ਦੀ ਤਰਜ਼ੇ ਜ਼ਿੰਦਗੀ ਲਈ ਆਮ ਗੱਲ ਹਨ। ਇਹ ਉਨ੍ਹੀਂ ਦਿਨੀਂ ਸੋਵੀਅਤ ਯੂਨੀਅਨ ਵਿਚ ਬਣਨ ਵਾਲੀਆਂ ਬਹੁਤ ਸਾਰੀਆਂ ਪ੍ਰਾਪੇਗੰਡਾ ਫਿਲਮਾਂ ਵਿਚੋਂ ਇਕ ਸੀ। ਆਪਣੇ ਸਾਦ-ਮੁਰਾਦੇ ਮਨ ਕਾਰਨ ਉਸ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਸੋਵੀਅਤ ਯੂਨੀਅਨ ਨੂੰ ਆਪਣਾ ਆਦਰਸ਼ ਮੰਨ ਲਿਆ। ਇਸੇ ਲਈ ਉਸ ਦਾ ਮਾਰਕਸਵਾਦ ਦਰਅਸਲ ਧੁੰਦਲਾ ਜਿਹਾ ਮਾਨਵਵਾਦ ਜਾਂ ਪ੍ਰਗਤੀਵਾਦ ਹੀ ਸੀ।
ਵਧੀਆ ਅਦਾਕਾਰ ਹੋਣ ਦੇ ਨਾਲ ਹੀ ਬਲਰਾਜ ਨੇ ਆਪਣੇ ਆਦਰਸ਼ਾਂ ਨੂੰ ਅਮਲ ਵਿਚ ਢਾਲਣ ਕਰ ਕੇ ਵੀ ਨਾਮਣਾ ਖੱਟਿਆ। ਉਸ ਦਾ ਦੋਸਤੀਆਂ ਦਾ ਘੇਰਾ ਬਹੁਤ ਵਸੀਹ ਸੀ। ਚੇਤਨ ਅਨੰਦ ਜਿਹੇ ਵੱਡੇ ਨਾਂ ਤੋਂ ਲੈ ਕੇ ਸਾਧਾਰਨ ਮਛੇਰੇ ਤਕ ਉਸ ਦੇ ਦੋਸਤ ਸਨ ਜਿਨ੍ਹਾਂ ਨਾਲ ਉਹ ਛੁੱਟੀ ਵਾਲੇ ਦਿਨ ਮੱਛੀਆਂ ਫੜਨ ਸਮੁੰਦਰ ਵਿਚ ਵੀ ਜਾਂਦਾ। ਉਨ੍ਹਾਂ ਨਾਲ ਜਾਲ ਸੁਟਵਾਉਂਦਾ, ਖਿੱਚਦਾ, ਮੱਛੀ ਭੁੰਨਦਾ, ਦਾਰੂ ਪੀਂਦਾ। ਸਮਾਜਵਾਦੀ ਸੋਚ ਨੇ ਉਸ ਨੂੰ ਕਿਰਤੀਆਂ ਪ੍ਰਤੀ ਰੁਮਾਂਸ ਬਖਸ਼ਿਆ ਸੀ। ਉਹ ਮਜ਼ਦੂਰਾਂ, ਕਿਸਾਨਾਂ ਵੱਲ ਆਪ-ਮੁਹਾਰੇ ਖਿੱਚਿਆ ਜਾਂਦਾ। ਉਨ੍ਹਾਂ ਨਾਲ ਗੱਪ-ਸ਼ੱਪ ਮਾਰਦਾ, ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਨ ਦਾ ਯਤਨ ਕਰਦਾ। ਕਿਰਤੀਆਂ ਪ੍ਰਤੀ ਰੁਮਾਂਸ ਵਿਚੋਂ ਹੀ ਉਸ ਨੂੰ ਕਿਸਾਨਾਂ ਵਰਗੇ ਕੱਪੜੇ ਪਾਉਣ ਦਾ ਜਨੂਨ ਸੀ। ਉੱਚੀ ਹੈਸੀਅਤ ਵਾਲੇ ਲੋਕਾਂ ਦੀਆਂ ਪਾਰਟੀਆਂ ਵਿਚ ਉਹ ਕਿਸਾਨ ਵਾਂਗ ਧੋਤੀ ਕੁੜਤਾ ਤੇ ਚੱਪਲਾਂ ਪਾ ਕੇ ਚਲਾ ਜਾਂਦਾ ਅਤੇ ਸਾਰਿਆਂ ਲਈ ਖਿੱਚ ਦਾ ਕਾਰਨ ਬਣ ਜਾਂਦਾ। ਦਾਰੂ ਪੀ ਕੇ ਥੱਲੇ ਫਰਸ਼ ਉੱਤੇ ਹੀ ਚੌਕੜੀ ਮਾਰ ਬੈਠ ਜਾਂਦਾ ਤੇ ਪਾਰਟੀ ਵਿਚ ਆਏ ਵੀ.ਆਈ.ਪੀ. ਪ੍ਰਾਹੁਣਿਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਬੈਰ੍ਹੇ ਕੋਲੋਂ ਉਸ ਦੀਆਂ ਰਾਮ ਕਹਾਣੀਆਂ ਸੁਣਦਾ। ਉਸ ਨੂੰ ਲੱਗਦਾ ਕਿ ਇਸ ਤਰ੍ਹਾਂ ਕਰ ਕੇ ਉਹ ਅਮਲ ਵਿਚ ਸਮਾਜਵਾਦੀ ਬਣ ਰਿਹਾ ਹੈ।
ਫਿਲਮਾਂ ਵਿਚ ਵੱਡਾ ਨਾਂ ਬਣਨ ਪਿੱਛੋਂ ਵੀ ਉਸ ਨੇ ‘ਇਪਟਾ’ ਨਾਲ ਨਾਟਕ ਕਰਨੇ ਨਹੀਂ ਸੀ ਛੱਡੇ। ਉਹ ਆਖਦਾ ਸੀ ਕਿ ਸਟੇਜ ਉੱਤੇ ਅਦਾਕਾਰੀ ਬੰਦੇ ਦੀਆਂ ਅਦਾਕਾਰੀ ਵਾਲੀਆਂ ਮਾਸਪੇਸ਼ੀਆਂ ਲਈ ਸਭ ਤੋਂ ਵਧੀਆ ਖੁਰਾਕ ਹੈ। ਨਾਟਕ ਕਰਨ ਉਸ ਨੂੰ ਬੰਬਈ ਤੋਂ ਬਾਹਰ ਵੀ ਜਾਣਾ ਪੈਂਦਾ। ਇਕ ਵਾਰ ਬੜੌਦਾ ਨਾਟਕ ਦਾ ਸ਼ੋਅ ਸੀ। ਪੂਰੀ ਟੀਮ ਨੇ ਰੇਲ ਦੀ ‘ਥਰਡ ਕਲਾਸ’ ਵਿਚ ਸਫਰ ਕਰਨਾ ਸੀ ਪਰ ਬਲਰਾਜ ਸਾਹਨੀ ਲਈ ‘ਫਸਟ ਕਲਾਸ’ ਦੀ ਸੀਟ ਬੁੱਕ ਕੀਤੀ ਗਈ। ਆਖਰ ਉਹ ਫਿਲਮਾਂ ਦਾ ਵੱਡਾ ਨਾਂ ਸੀ। ਬਲਰਾਜ ਨੇ ‘ਫਸਟ ਕਲਾਸ’ ਵਾਲੇ ਡੱਬੇ ਵਿਚ ਚੜ੍ਹਨੋਂ ਨਾਂਹ ਕਰ ਦਿੱਤੀ। ਉਸ ਦੀ ਜ਼ਿੱਦ ਸੀ ਕਿ ਉਹ ਵੀ ਬਾਕੀ ਟੀਮ ਦੇ ਨਾਲ ਹੀ ਉਸੇ ਡੱਬੇ ਵਿਚ ਸਫਰ ਕਰੇਗਾ। ਡੱਬੇ ਵਿਚ ਉਸ ਦੇ ਸੌਣ ਲਈ ਵੀ ਥਾਂ ਨਹੀਂ ਸੀ। ਉਹ ਸਾਰੀ ਰਾਤ ਮਿੱਟੀ-ਘੱਟੇ ਨਾਲ ਭਰੇ ਫਰਸ਼ ਉੱਤੇ ਹੀ ਸੁੱਤਾ।
ਇਸ ਤਰ੍ਹਾਂ ਦੀਆਂ ਦੰਤ-ਕਥਾਵਾਂ ਨੇ ਹੀ ਉਸ ਨੂੰ ਪੰਜਾਬੀਆਂ ਵਿਚ ਮਕਬੂਲ ਕੀਤਾ। ਗੰਨੇ ਚੂਪਣ ਦੀਆਂ ਛਪਦੀਆਂ ਮੂਰਤਾਂ ਅਤੇ ਕਦੇ ਵੀ ਪ੍ਰੀਤਨਗਰ ਜਾਂ ਢੁੱਡੀਕੇ ਜਸਵੰਤ ਸਿੰਘ ਕੰਵਲ ਨੂੰ ਮਿਲਣ ਪਹੁੰਚ ਜਾਣ ਦੀਆਂ ਕਥਾਵਾਂ ਕਾਰਨ ਉਹ ਹਮੇਸ਼ਾਂ ਪੰਜਾਬੀਆਂ ਦੀ ਭਾਵੁਕ ਗਲਵਕੜੀ ਵਿਚ ਰਿਹਾ। ਗੁਰਸ਼ਰਨ ਸਿੰਘ ਨਾਟਕਕਾਰ ਨੂੰ ਪੰਜਾਬੀ ਪ੍ਰਕਾਸ਼ਨ ਸ਼ੁਰੂ ਕਰਨ ਲਈ ਦਿੱਤੀ ਮਾਇਕ ਮਦਦ ਵੀ ਉਹਦੇ ਪੰਜਾਬੀ ਮੋਹ ਦਾ ਹੀ ਫਲ ਸੀ। ਉਹ ਉਨ੍ਹਾਂ ਵੇਲਿਆਂ ਵਿਚ ਪੰਜਾਬੀ ਜ਼ਬਾਨ ਦਾ ਝੰਡਾ-ਬਰਦਾਰ ਬਣ ਰਿਹਾ ਸੀ ਜਦੋਂ ਪੰਜਾਬ ਦੀ ਸ਼ਹਿਰੀ ਮੱਧਲੀ ਜਮਾਤ ਪੰਜਾਬੀ ਦੇ ਮਾਮਲੇ ਵਿਚ ਸਿਰੇ ਦੀ ਹੀਣ-ਭਾਵਨਾ ਦੀ ਸ਼ਿਕਾਰ ਸੀ। ‘ਮੇਰਾ ਰੂਸੀ ਸਫਰਨਾਮਾ’, ‘ਮੇਰਾ ਪਾਕਿਸਤਾਨੀ ਸਫਰਨਾਮਾ’, ‘ਮੇਰੀ ਫਿਲਮੀ ਆਤਮ ਕਥਾ’, ‘ਗੈਰ ਜਜ਼ਬਾਤੀ ਡਾਇਰੀ’ ਆਦਿ ਅਜਿਹੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਉਨ੍ਹਾਂ ਦਿਨਾਂ ਦੇ ਹਰ ਪਾਠਕ ਨੇ ਲੱਭ ਕੇ ਪੜ੍ਹਿਆ।
ਆਪਣੇ ਤਰੱਕੀਪਸੰਦ ਵਿਚਾਰਾਂ ਕਾਰਨ ਉਹ ਬੁਰਜੁਆ ਜੀਵਨ ਜਾਚ ਨੂੰ ਨਾਪਸੰਦ ਕਰਦਾ ਰਿਹਾ। ਆਜ਼ਾਦੀ ਪਿੱਛੋਂ ਹਿੰਦੋਸਤਾਨ ਦੇ ਨਵੇਂ ਪਤਵੰਤੇ ਵਰਗ ਤੇ ਉਨ੍ਹਾਂ ਦੇ ਦੰਭ ਉਸ ਲਈ ਘੋਰ ਨਫਰਤ ਦੇ ਪਾਤਰ ਸਨ। ਆਪਣੇ ਰੁਤਬੇ ਅਤੇ ਕਿੱਤੇ ਕਾਰਨ ਉਹ ਉਨ੍ਹਾਂ ਨਾਲ ਵਿਚਰਦਾ ਸੀ ਪਰ ਗ੍ਰਹਿਣ ਕੀਤੇ ਵਿਸ਼ਵਾਸਾਂ ਕਾਰਨ ਉਨ੍ਹਾਂ ਵਿਚ ਘੁਲਦਾ ਮਿਲਦਾ ਨਹੀਂ ਸੀ। ਪਤਵੰਤਿਆਂ ਦੀਆਂ ਪਾਰਟੀਆਂ ਅੰਦਰ ਕਿਸਾਨ ਦੇ ਵੇਸ ਵਿਚ ਜਾਣ ਦਾ ਮੰਤਵ, ਕਿਤੇ ਨਾ ਕਿਤੇ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਵੱਖਰੇ ਦਿਖਾਉਣ ਦੀ ਇੱਛਾ ਵੀ ਸੀ। ਪਤਵੰਤਿਆਂ ਤੇ ਖਾਸ ਕਰ ਉਨ੍ਹਾਂ ਦੀਆਂ ਘੁਮੰਡੀ ਪਰ ਖੋਖਲੇ ਸ਼ਿਸ਼ਟਾਚਾਰ ਵਾਲੀਆਂ ਔਰਤਾਂ ਨੂੰ ਆਪਣੇ ਉੱਤੇ ਖਿਝਦਾ ਦੇਖ ਉਹ ਸਗੋਂ ਖਿੜ ਜਾਂਦਾ।
ਇਸੇ ਲਈ ਉਹ ਫਿਲਮੀ ਸੰਸਾਰ ਅੰਦਰ ਵੀ ਬੇਗਾਨੇ ਬੰਦੇ ਵਾਂਗ ਵਿਚਰਦਾ ਰਿਹਾ। ਫਿਲਮਾਂ ‘ਚ ਕੰਮ ਕਰਦਿਆਂ ਵੀ ਉਹ ਇਸ ਦੀਆਂ ਕਦਰਾਂ-ਕੀਮਤਾਂ ਪ੍ਰਤੀ ਨਿਰਲੇਪ ਰਿਹਾ। ਕਿੱਤਾ ਹੋਣ ਕਾਰਨ ਫਿਲਮ ਨਿਰਮਾਣ ਦਾ ਕੰਮ ਉਸ ਲਈ ਮੁਕੱਦਸ ਸੀ। ਉਸ ਨੇ ਇਸ ਵਿਚ ਆਪਣੇ ਫਨ ਦਾ ਲੋਹਾ ਵੀ ਮੰਨਵਾਇਆ ਪਰ ਦਰਅਸਲ ਉਹ ਇਸ ਲਈ ਅਣਫਿੱਟ ਸੀ। ਸੁਪਰ ਸਟਾਰ ਅਮਿਤਾਬ ਬੱਚਨ ਦੇ ਲਿਖਾਰੀ ਬਾਪ ਹਰਿਵੰਸ਼ ਰਾਏ ਬੱਚਨ ਨੇ ਆਪਣੇ ਪੁੱਤਰ ਨੂੰ ਨਸੀਹਤ ਦਿੰਦਿਆਂ ਕਿਹਾ ਸੀ, ‘ਬਲਰਾਜ ਸਾਹਨੀ ਵਾਂਗ ਬਣੋ। ਉਹ ਫਿਲਮ ਉਦਯੋਗ ਵਿਚ ਹੈ, ਫਿਰ ਵੀ ਇਸ ਤੋਂ ਬਾਹਰ ਹੈ।’ ਅਣਫਿੱਟ ਹੁੰਦਿਆਂ ਵੀ ਫਿਲਮ ਉਦਯੋਗ ਵਿਚ ਫਿੱਟ ਹੋਣ ਦਾ ਉਸ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਮਹਾਨ ਹੋਣ ਦਾ ਰੁਤਬਾ ਕੀਮਤ ਤਾਰਨ ਪਿੱਛੋਂ ਹੀ ਮਿਲਦਾ ਹੈ।
ਬਲਰਾਜ ਸਾਹਨੀ ਦੀ ਸ਼ਖਸੀਅਤ ਦਾ ਸਭ ਤੋਂ ਵੱਡਾ ਵਿਰੋਧਾਭਾਸ ਇਹ ਫਿਲਮੀ ਜੀਵਨ ਹੀ ਸੀ। ਫਿਲਮ ਜਗਤ ਵਿਚ ਮਿਲੀ ਅਪਾਰ ਸਫਲਤਾ ਨੇ ਉਸ ਨੂੰ ਅਪਾਰ ਪੂੰਜੀ ਵੀ ਬਖਸ਼ੀ। ਹੌਲੀ-ਹੌਲੀ ਪੂੰਜੀ ਦਾ ਉਹੀ ਸਭਿਆਚਾਰ ਅਛੋਪਲੇ ਜਿਹੇ ਉਹਦੇ ਜੀਵਨ ਵਿਹਾਰ ਵਿਚ ਵੀ ਆ ਬੈਠਾ। ਇਹਦੀ ਉਦਾਹਰਨ ਉਸ ਵੱਲੋਂ ਬੱਚਿਆਂ ਦੇ ਕੀਤੇ ਆਲੀਸ਼ਾਨ ਵਿਆਹ ਹਨ।
ਇਹ ਵਿਆਹ ਕਿਸੇ ਸਾਧਾਰਨ ਪੰਜਾਬੀ ਦੇ ਨਹੀਂ, ਫਿਲਮੀ ਸਿਤਾਰੇ ਬਲਰਾਜ ਸਾਹਨੀ ਦੇ ਪੁੱਤਾਂ-ਧੀਆਂ ਦੇ ਹੀ ਸਨ। ਪੁਰਾਣੇ ‘ਸਟੈਲਾ ਵਿਲਾ’ ਤੋਂ ਉਲਟ ਉਸ ਦਾ ਨਵਾਂ ਘਰ ‘ਇਕਰਾਮ’ ਵੱਡੇ ਫਿਲਮੀ ਸਟਾਰ ਬਲਰਾਜ ਸਾਹਨੀ ਦਾ ਬੰਗਲਾ ਸੀ ਜੋ ਫਿਲਮ ਸੰਸਾਰ ਦੀਆਂ ਪੂੰਜੀਵਾਦੀ ਰਵਾਇਤਾਂ ਅਨੁਸਾਰ ਉਸਰਿਆ। ਇਸ ਮਹੱਲਨੁਮਾ ਬੰਗਲੇ ਦੀਆਂ ਵੱਖ-ਵੱਖ ਮੰਜ਼ਿਲਾਂ ਉੱਤੇ ਟੱਬਰ ਦੇ ਹਰ ਮੈਂਬਰ ਦੇ ਸੌਣ ਤੇ ਸ਼ੌਕ ਪੂਰਤੀ ਲਈ ਵੱਖ-ਵੱਖ ਕਮਰੇ ਉਸਾਰੇ ਗਏ ਸਨ। ਕਿਤੇ ਪੇਂਟਿੰਗ ਰੂਮ ਸੀ ਤੇ ਕਿਤੇ ਮਿਊਜ਼ਿਕ ਰੂਮ। ਮਹਿਮਾਨਖਾਨਾ ਇਸ ਤੋਂ ਵੱਖਰਾ ਸੀ। ਹਰ ਕਮਰੇ ਨੂੰ ਮਹੱਲ ਵਾਂਗ ਸਜਾਇਆ ਗਿਆ ਸੀ। ਵਿਆਹਾਂ ਵਾਂਗ ਬੰਗਲੇ ਉੱਤੇ ਵੀ ਪੈਸਾ ਪਾਣੀ ਵਾਂਗ ਵਹਾਇਆ ਗਿਆ। ਇਹ ਬੰਗਲਾ ਵੀ ਕਈ ਪੱਖਾਂ ਤੋਂ ਉਸ ਦੇ ਸਮਾਜਵਾਦੀ ਆਦਰਸ਼ਾਂ ਦੀ ਕਸਵੱਟੀ ਉੱਤੇ ਪੂਰਾ ਨਹੀਂ ਸੀ ਉਤਰਦਾ। ਬੰਗਲੇ ਦੀ ਅੰਦਰੂਨੀ ਸ਼ਾਨ ਦੀ ਗੱਲ ਨਾ ਵੀ ਕਰੀਏ ਤਾਂ ਵੀ ਇਹ ਐਨ ਗੁਆਂਢ ਦੀ ਝੌਂਪੜ-ਪੱਟੀ ਦਰਮਿਆਨ ਬਣਿਆ ਉਸੇ ਆਰਥਿਕ ਪਾੜੇ ਦਾ ਚਿੰਨ੍ਹ ਸੀ ਜਿਸ ਦੇ ਖਾਤਮੇ ਦੀ ਬਾਤ ਕਦੇ ਬਲਰਾਜ ਸਾਹਨੀ ਨੇ ਪਾਈ ਸੀ। ਇਸ ਤੋਂ ਬਿਨਾਂ ਪਹਿਲੀ ਵਾਰ ਉਸ ਦੇ ਘਰ ਵਿਚ ਨੌਕਰਾਂ ਅਤੇ ਮਾਲਕਾਂ ਲਈ ਵੱਖਰੇ ਹਿੱਸੇ ਉਸਰੇ ਸਨ। ਸਰਮਾਏਦਾਰੀ ਦਾ ਸੱਚ ਉਸ ਦੇ ਘਰ ਦਾ ਸੱਚ ਵੀ ਬਣ ਗਿਆ ਸੀ।
‘ਸਟੈਲਾ ਵਿਲਾ’ ਵਿਚਲੇ ਨਿੱਘ ਤੋਂ ਉਲਟ ਸਰਮਾਏਦਾਰੀ ਨਿਜ਼ਾਮ ਦਾ ਹਾਸਲ ਵਿਯੋਗ ਅਤੇ ਬੇਗਾਨਗੀ ਇਸ ਦੀਆਂ ਕੰਧਾਂ ਉੱਤੇ ਮੂਰਤਾਂ ਵਾਂਗ ਲਟਕ ਗਏ। ਹਨੇਰਾ ਹੁੰਦਿਆਂ ਹੀ ਘਰ ਦਾ ਹਰ ਜੀਅ ਆਪਣੀ ਦੁਨੀਆ ਵਿਚ ਸਿਮਟ ਜਾਂਦਾ। ਉਸ ਦਾ ਘਰ ਦੇ ਕਿਸੇ ਹੋਰ ਹਿੱਸੇ ਜਾਂ ਜੀਅ ਨਾਲ ਕੋਈ ਸੰਪਰਕ ਨਹੀਂ ਸੀ ਬਚਦਾ। ਰਸੋਈ ਤੋਂ ਇਲਾਵਾ ਹੋਰ ਕੋਈ ਸਪੇਸ ਨਹੀਂ ਸੀ ਜਿਸ ਵਿਚ ਟੱਬਰ ਦੇ ਸਾਰੇ ਜੀਅ ਇਕੱਠੇ ਹੋ ਸਕਦੇ। ਕਿਸੇ ਵੀ ਬਾਹਰੀ ਬੰਦੇ ਨੂੰ ਇਸ ਘਰ ਵਿਚ ਵੜਦਿਆਂ ਘਰ ਨਾਲੋਂ ਵੱਧ ਮਕਬਰਾ ਹੋਣ ਦਾ ਅਹਿਸਾਸ ਹੁੰਦਾ ਸੀ। ਅਜਿਹੇ ਆਲਮ ਵਿਚ ਦਿਲਗੀਰੀ ਬੰਦੇ ਦੀ ਲਾਜ਼ਮੀ ਹੋਣੀ ਹੁੰਦੀ ਹੈ। ਇਹ ਬੰਗਲਾ ਦਿਲਗੀਰੀ ਵਿਚ ਬਲਰਾਜ ਦੀ ਮਾਂ, ਧੀ ਅਤੇ ਫਿਰ ਉਸ ਦੀ ਆਪਣੀ ਮੌਤ ਦਾ ਗਵਾਹ ਬਣਿਆ।
ਆਪਣੇ ਕਿੱਤੇ ਦੀ ਚੋਣ ਅਤੇ ਤੋਸ਼ੀ ਨਾਲ ਵਿਆਹ ਦੇ ਮਾਮਲੇ ਵਿਚ ਟੱਬਰ ਦੇ ਵਡੇਰਿਆਂ ਤੋਂ ਬਾਗੀ ਹੋਣ ਵਾਲਾ ਬਲਰਾਜ ਆਪਣੇ ਪੁੱਤ, ਧੀ ਦੇ ਵਿਆਹ ਮੌਕੇ ਰਵਾਇਤੀ ਬਾਪ ਹੋ ਨਿੱਬੜਿਆ। ਉਸ ਨੇ ਉਨ੍ਹਾਂ ਨੂੰ ਆਪਣੇ ਵਾਲੀ ਆਜ਼ਾਦੀ ਨਾ ਲੈਣ ਦਿੱਤੀ। ਪ੍ਰੀਕਸ਼ਤ ਇਕ ਕੁੜੀ ਨੂੰ ਮੁਹੱਬਤ ਕਰਦਾ ਸੀ ਜੋ ਉਸ ਨੂੰ ਮਾਸਕੋ ਵਿਚ ਮਿਲੀ ਸੀ ਪਰ ਬਲਰਾਜ ਨੇ ਉਸ ਉੱਤੇ ਆਪਣੇ ਦੋਸਤਾਂ ਚੇਤਨ, ਦੇਵ ਅਤੇ ਗੋਲਡੀ ਅਨੰਦ ਦੇ ਟੱਬਰ ਵਿਚ ਵਿਆਹ ਕਰਵਾਉਣ ਲਈ ਦਬਾਅ ਪਾਇਆ। ਦਰਅਸਲ, ਪ੍ਰੀਕਸ਼ਤ ਦੀ ਮਾਂ ਦਮਯੰਤੀ ਤੇ ਅਨੰਦਾਂ ਦੀ ਭੈਣ ਨੇ ਬਹੁਤ ਵਰ੍ਹੇ ਪਹਿਲਾਂ ਇਕੋ ਮੁਹੱਲੇ ਰਹਿੰਦਿਆਂ ਆਪਣੇ ਪੁੱਤ-ਧੀ ਦਾ ਰਿਸ਼ਤਾ ਆਪੋ ਵਿਚ ਕਰਕੇ ਆਪਣੇ ਪਿਆਰ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਸੀ। ਇਹ ਹਿੰਦੋਸਤਾਨੀ ਮਾਪਿਆਂ ਦਾ ਔਲਾਦ ਬਾਰੇ ਮਖਸੂਸ ਹਿੰਦੋਸਤਾਨੀ ਫੈਸਲਾ ਸੀ। ਬਲਰਾਜ ਬਿਨਾਂ ਪੁੱਤ-ਧੀ ਨੂੰ ਪੁੱਛਿਆਂ ਮਾਵਾਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੀਤੇ ਇਸ ਫੈਸਲੇ ‘ਤੇ ਹੀ ਫੁੱਲ ਚੜ੍ਹਾਉਣਾ ਚਾਹੁੰਦਾ ਸੀ। ਅਜਿਹਾ ਹੀ ਹੋਇਆ।
ਬਲਰਾਜ ਦੀ ਲਾਡਲੀ ਆਖੀ ਜਾਣ ਵਾਲੀ ਧੀ ਸ਼ਬਨਮ ਨੂੰ ਇਸ ਨਾਲੋਂ ਵੱਡਾ ਦੁਖਾਂਤ ਭੋਗਣਾ ਪਿਆ। ਉਸ ਦਾ ਵਿਆਹ ਵੀ ਬਲਰਾਜ ਦੀ ਪਸੰਦ ਦੇ ਮੁੰਡੇ ਨਾਲ ਹੀ ਹੋਇਆ। ਮੁੰਡਾ ਉਸ ਦੇ ਕਾਲਜ ਦੇ ਦਿਨਾਂ ਦੇ ਪੁਰਾਣੇ ਮਿੱਤਰ ਪ੍ਰੇਮ ਕਿਰਪਾਲ ਦਾ ਭਤੀਜਾ ਸੀ। ਪ੍ਰੀਕਸ਼ਤ ਆਪਣੀ ਲਿਖੀ ਕਿਤਾਬ ਵਿਚ ਦੱਸਦਾ ਹੈ ਕਿ ਸ਼ਬਨਮ ਉਸ ਨਾਲ ਵਿਆਹ ਕਰਵਾਉਣ ਨੂੰ ‘ਸਹਿਮਤ ਹੋ ਗਈ’ ਸੀ।
ਸ਼ਬਨਮ ਦਾ ਵਿਆਹ ਸਫਲ ਨਾ ਹੋਇਆ। ਉਹ ਗਹਿਰੇ ਵਿਸ਼ਾਦ ਦਾ ਸ਼ਿਕਾਰ ਹੋ ਗਈ। ਏਥੋਂ ਤਕ ਕਿ ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਅਖੀਰ ਉਹ ਜਮਸ਼ੇਦਪੁਰ ਤੋਂ ਆਪਣੇ ਮਾਪਿਆਂ ਦੇ ਘਰ ਬੰਬਈ ਆ ਗਈ ਪਰ ਉਹਦੀ ਮਾਨਸਿਕ ਬਿਮਾਰੀ ਹੋਰ ਵਧ ਗਈ। ਦਵਾਈਆਂ ਤੋਂ ਬਿਨਾਂ ਉਹਦੇ ਇਲਾਜ ਬਾਰੇ ਹੋਰ ਕੁਝ ਨਾ ਸੋਚਿਆ ਗਿਆ। ਸ਼ਾਇਦ ਕੋਈ ਹੋਰ ਸਮਾਜਕ ਜਾਂ ਮਨੋਵਿਗਿਆਨਕ ਹਲ ਬਲਰਾਜ ਦੀ ਸਭਿਆਚਾਰਕ ਮਨੋ-ਬਣਤਰ ਦਾ ਹਿੱਸਾ ਹੀ ਨਹੀਂ ਸੀ। ਉਸ ਦੀ ਮਨੋ-ਬਣਤਰ ਰਵਾਇਤੀ ਸੋਚ ਅਤੇ ਅਮਲ ਦੀ ਘੁੰਮਣਘੇਰੀ ਵਿਚ ਹੀ ਫਸੀ ਰਹੀ। ਇਕ ਦਿਨ ਅਚਾਨਕ ਉਹ ਬਿਸਤਰ ਵਿਚ ਹੀ ਮੌਤ ਦੀ ਨੀਂਦ ਸੌਂ ਗਈ। ਮਰਨ ਸਮੇਂ ਉਹਦੀ ਉਮਰ ਸਿਰਫ ਛੱਬੀ ਵਰ੍ਹੇ ਸੀ। ਉਹਦੀ ਮਾਂ ਦਮਯੰਤੀ ਵੀ ਛੱਬੀ ਵਰ੍ਹਿਆਂ ਦੀ ਹੀ ਮਰੀ ਸੀ।
ਬਲਰਾਜ ਸ਼ਬਨਮ ਦੇ ਦੁੱਖਾਂ ਤੋਂ ਪਰੇਸ਼ਾਨ ਗੁਣਗੁਣਾਇਆ ਕਰਦਾ ਸੀ, ‘ਮੁਸ਼ਕਿਲੇਂ ਇਤਨੀ ਪੜੀ ਮੁਝ ਪਰ ਕਿ ਆਸਾਂ ਹੋ ਗਈਂ।’ ਪਰ ਉਹ ਹਕੀਕਤ ਵਿਚ ਟੱਬਰ ਦੇ ਕਿਸੇ ਜੀਅ ਦੀਆਂ ਮੁਸ਼ਕਿਲਾਂ ਆਸਾਨ ਨਾ ਕਰ ਸਕਿਆ। ਇਸੇ ਲਈ ਉਹਦੇ ਆਪਣੇ ਅੰਤਲੇ ਦਿਨ ਵੀ ਗਹਿਰੀ ਨਿਰਾਸ਼ਾ ਅਤੇ ਦਿਲਗੀਰੀ ਦੇ ਸਨ। ਸ਼ਬਨਮ ਦੀ ਮੌਤ ਦੇ ਗਮ ਨੇ ਹੀ ਉਸ ਨੂੰ ਉਦੋਂ ਸਦਾ ਲਈ ਸੰਵਾ ਦਿੱਤਾ, ਜਦੋਂ ਦੋ ਹਫਤਿਆਂ ਬਾਅਦ ਉਹਨੇ ਸੱਠ ਵਰ੍ਹਿਆਂ ਦਾ ਹੋਣਾ ਸੀ।
ਬਲਰਾਜ ਦੀ ਜ਼ਿੰਦਗੀ ਦਾ ਦੁਖਾਂਤ, ਦਰਅਸਲ, ਆਜ਼ਾਦੀ ਦੇ ਆਰ ਪਾਰ ਆਪਣੀ ਜ਼ਿੰਦਗੀ ਜਿਊਣ ਵਾਲੀ ਮੱਧਲੀ ਜਮਾਤ ਦੀ ਇਕ ਪੂਰੀ ਨਸਲ ਦਾ ਦੁਖਾਂਤ ਹੈ। ਆਜ਼ਾਦੀ ਦੇ ਅੰਦੋਲਨ ਵਿਚੋਂ ਇਹਨੇ ਤਰੱਕੀ-ਪਸੰਦ ਕਦਰਾਂ ਹਾਸਲ ਕੀਤੀਆਂ ਸਨ ਪਰ ਆਜ਼ਾਦੀ ਤੋਂ ਬਾਅਦ ਦੀਆਂ ਸਰਮਾਏਦਾਰੀ ਆਰਥਿਕ ਪ੍ਰਕਿਰਿਆਵਾਂ ਇਸ ਨੂੰ ਹੋਰ ਰਾਹਵਾਂ ਉੱਤੇ ਲੈ ਤੁਰੀਆਂ। ਇਹ ਰਾਹਵਾਂ ਵੀ ਇਸ ਲਈ ਓਨੀਆਂ ਹੀ ਬੇਗਾਨੀਆਂ ਸਨ, ਜਿੰਨੀਆਂ ਇਸ ਲਈ ਤਰੱਕੀ-ਪਸੰਦ ਕਦਰਾਂ ਸਨ। ਇਸ ਦੀ ਮੁਕੰਮਲ ਵਫਾਦਾਰੀ ਦੋਹਾਂ ਵਿਚੋਂ ਕਿਸੇ ਵੀ ਇਕ ਲਈ ਨਾ ਬਣ ਸਕੀ। ਇਸ ਲਈ ਇਹ ਨਸਲ ਇਨ੍ਹਾਂ ਦੋਹਾਂ ਦੇ ਵਿਚਕਾਰ ਲਟਕੀ ਰਹੀ। ਤ੍ਰਿਸ਼ੰਕੂ ਹੋਣਾ ਹੀ ਬਲਰਾਜ ਸਾਹਨੀ ਦੀ ਵੀ ਹੋਣੀ ਸੀ।