‘ਸਿਰਜਣਾ’ ਦੀ ਸਾਹਿਤਕ ਬੁਲੰਦੀ

ਗੁਰਜੰਟ ਸਿੰਘ
‘ਪ੍ਰੀਤ ਲੜੀ’ ਤੋਂ ਬਾਅਦ ਤ੍ਰੈਮਾਸਕ ‘ਸਿਰਜਣਾ’ ਅਜਿਹਾ ਇਕੋ-ਇਕ ਸਾਹਿਤਕ ਰਿਸਾਲਾ ਹੈ ਜਿਹੜਾ ਦਹਾਕਿਆਂ ਤੋਂ ਲਗਾਤਾਰ, ਪੰਜਾਬੀ ਦੇ ਸਾਹਿਤ-ਸਭਿਆਚਾਰ ਵਿਚ ਆਪਣੀ ਹਾਜ਼ਰੀ ਲੁਆ ਰਿਹਾ ਹੈ। ਇਹ ਰਿਸਾਲਾ ਡਾਕਟਰ ਰਘਬੀਰ ਸਿੰਘ ਦੀ ਸੰਪਾਦਨਾ ਹੇਠ ਉਸ ਵਕਤ ਸ਼ੁਰੂ ਹੋਇਆ ਸੀ ਜਦੋਂ ਸਾਹਿਤਕ-ਸਭਿਆਚਾਰਕ ਹਲਕਿਆਂ ਅੰਦਰ ਪ੍ਰਯੋਗਸ਼ੀਲ ਲਹਿਰ ਦਾ ਦਾਬਾ ਸੀ ਅਤੇ ਪ੍ਰਗਤੀਵਾਦੀ ਸਾਹਿਤ ਧਾਰਾ ਮੱਠੀ ਪੈ ਚੁੱਕੀ ਸੀ।

‘ਸਿਰਜਣਾ’ ਦਾ ਪਹਿਲਾ ਅੰਕ (ਜੁਲਾਈ-ਅਗਸਤ-ਸਤੰਬਰ 1965) ਅਗਸਤ 1965 ਨੂੰ ਆਇਆ ਸੀ ਅਤੇ 1967 ਤੇ 1968 ਵਿਚ ਤਿੰਨ ਅੰਕਾਂ ਦੀਆਂ ਚੁੱਭੀਆਂ ਦੇ ਬਾਵਜੂਦ ਅਪਰੈਲ-ਮਈ-ਜੂਨ 1969 ਤਕ ਪੰਜਾਬੀ ਪਿਆਰਿਆਂ ਦੇ ਦਿਲਾਂ ‘ਤੇ ਦਸਤਕ ਦਿੰਦਾ ਰਿਹਾ। ਫਿਰ ਮੱਧ 1974 ਤੱਕ ਦੀ ਲੰਮੀ ਚੁੱਭੀ ਤੋਂ ਬਾਅਦ ਜੁਲਾਈ-ਅਗਸਤ-ਸਤੰਬਰ (1974) ਵਾਲਾ 15ਵਾਂ ਅੰਕ ਨਵਾਂ ਨਿਖਾਰ ਲੈ ਕੇ ਸਾਹਮਣੇ ਆਇਆ। ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਹੁਣ ਇਸ ਦੇ ਵਿਸ਼ੇਸ਼ 200ਵੇਂ ਅੰਕ ਨੇ ਪੰਜਾਬੀ ਸਾਹਿਤ ਜਗਤ ਦਾ ਬੂਹਾ ਖੜਕਾਇਆ ਹੈ।
ਡਾ. ਰਘਬੀਰ ਸਿੰਘ ਨੇ ‘ਸਿਰਜਣਾ`-200 ਦੀ ਸੰਪਾਦਕੀ ਵਿਚ ਲਿਖਿਆ ਹੈ: “ਸਿਰਜਣਾ ਦੀ ਨਿਰੰਤਰ ਇਹ ਨੀਤੀ ਰਹੀ ਕਿ ਕਲਾਤਮਕ ਪੱਖ ਦਾ ਖਿਆਲ ਰੱਖਦੇ ਹੋਏ ਪਰਚੇ ਵਿਚ ਸਿਰਜਣਾਤਮਕ ਲਿਖਤਾਂ ਉਹ ਹੀ ਛਪਣ ਜੋ ਯਥਾਰਥਵਾਦੀ ਮਾਨਵਵਾਦੀ ਪਹੁੰਚ ਦੀਆਂ ਧਾਰਨੀ ਹੋਣ। ਐਪਰ ਵਿਚਾਰਧਾਰਕ ਪੱਧਰ ‘ਤੇ ਪੂਰੇ ਜ਼ੋਰ ਨਾਲ ਆਪਣੀ ਗੱਲ ਕਰਨ ਦੇ ਨਾਲ ਨਾਲ ਵਿਰੋਧੀ ਵਿਚਾਰਾਂ ਦੇ ਪ੍ਰਗਟਾਅ ਲਈ ਵੀ ਰਾਹ ਮੋਕਲਾ ਛੱਡਿਆ ਗਿਆ ਸੀ। ਵੈਸੇ ਵੀ ਅਹਿਮ ਮੁੱਦਿਆਂ ਬਾਰੇ ਸੰਵਾਦ ਨੂੰ ਉਤਸ਼ਾਹਤ ਕੀਤਾ ਗਿਆ। ਨਤੀਜੇ ਵਜੋਂ ‘ਸਿਰਜਣਾ` ਸਾਹਿਤਕ ਤੇ ਸਿਧਾਂਤਕ ਵਿਚਾਰ-ਚਰਚਾ ਅਤੇ ਸੰਵਾਦ ਦਾ ਇਕ ਤਕੜਾ ਮੰਚ ਬਣ ਗਿਆ। ਪਰਚਾ ਸ਼ੁਰੂ ਕਰਨ ਵਾਲੇ ਦੋਸਤਾਂ ਦੀ ਟੋਲੀ ਅਤੇ ਸੰਪਾਦਕ ਦੀ ਖੱਬੇਪੱਖੀ ਰਾਜਸੀ ਲਹਿਰ ਅਤੇ ਸਮਾਜਵਾਦੀ ਚਿੰਤਨ ਧਾਰਾ ਨਾਲ ਸਰਗਰਮ ਸਾਂਝ ਹੋਣ ਕਰਕੇ ਕੁਝ ਹਲਕਿਆਂ ਵੱਲੋਂ ਉਦੋਂ ‘ਸਿਰਜਣਾ` ਬਾਰੇ ਬੇਵਸਾਹੀ ਜਿਹੀ ਪ੍ਰਗਟ ਕੀਤੀ ਗਈ ਸੀ। ਪਰ ਛੇਤੀ ਹੀ ਇਸ ਕਿਸਮ ਦੀ ਬੇਵਸਾਹੀ ਕਿਧਰੇ ਅਲੋਪ ਹੋ ਗਈ। ਪਰਚੇ ਦਾ ਬਿੰਬ ਕੁਝ ਇਸ ਪ੍ਰਕਾਰ ਦਾ ਬਣ ਗਿਆ ਕਿ ਥੋੜ੍ਹਾ ਸਮਾਂ ਪਹਿਲਾਂ ਤਕ ਇਸ ਬਾਰੇ ਸੰਦੇਹ ਦਾ ਇਜ਼ਹਾਰ ਕਰਨ ਵਾਲੇ ਸਾਹਿਤਕਾਰ ਖੁਦ ‘ਸਿਰਜਣਾ` ਵਿਚ ਆਪਣੀਆਂ ਰਚਨਾਵਾਂ ਪ੍ਰਕਾਸ਼ਤ ਹੋਈਆਂ ਦੇਖਣ ਲਈ ਤੱਤਪਰ ਸਨ।”
ਅਸਲ ਵਿਚ ‘ਸਿਰਜਣਾ’ ਦੀ ਇਸੇ ਪਹੁੰਚ ਕਾਰਨ ਹੀ ਇਹ ਹੁਣ ਵਾਲਾ ਮੁਕਾਮ ਹਾਸਲ ਕਰ ਸਕਿਆ ਹੈ। ਵੱਖ-ਵੱਖ ਵਿਧਾ ਵਿਚ ਲਿਖਣ ਵਾਲੇ ਪੂਰਾਂ ਦੇ ਪੂਰ ਹੀ ‘ਸਿਰਜਣਾ’ ਨਾਲ ਨਹੀਂ ਜੁੜੇ, ਸਗੋਂ ਬਹੁਤ ਸਾਰੇ ਲੇਖਕਾਂ ਦੀ ਪਛਾਣ ‘ਸਿਰਜਣਾ’ ਦੇ ਪੰਨਿਆਂ ‘ਤੇ ਛਪ ਕੇ ਹੋਈ; ਭਾਵ ‘ਸਿਰਜਣਾ’ ਨੇ ਨਵੇਂ ਲੇਖਕ ਵੀ ਪੈਦਾ ਕੀਤੇ; ਜਿਹੜੇ ਪਾਠਕ ਪੈਦਾ ਕੀਤੇ, ਉਹ ਤਾਂ ਹੈ ਹੀ ਹਨ।
ਬਹੁਤ ਸਾਰੇ ਸਾਹਿਤਕ ਪਰਚੇ ਹਨ ਜਿਹੜੇ ਇਤਿਹਾਸ ਦਾ ਹਿੱਸਾ ਬਣ ਚੁੱਕੇ ਹਨ ਪਰ ਡਾ. ਰਘਬੀਰ ਸਿੰਘ ਦਾ ਦਾਈਆਂ ਹੈ ਕਿ ‘ਸਿਰਜਣਾ’ ਪਹਿਲਾਂ ਵਾਂਗ ਹੀ ਸਾਹਿਤਕ ਪਿੜ ਵਿਚ ਡਟਿਆ ਰਹੇ। ਨਵੇਂ ਅੰਂਕ ਵਿਚ ਡਾ. ਸਤੀਸ਼ ਵਰਮਾ ਦੀ ਲਿਖੀ ਅੰਤਿਕਾ ਸਫਰ ਜਾਰੀ ਰੱਖਣ ਦੀ ਹੀ ਪ੍ਰੋੜਤਾ ਕਰਦੀ ਹੈ ਅਤੇ ਉਸ ਨੇ ਉਮੀਦ ਪ੍ਰਗਟ ਕੀਤੀ ਹੈ ਕਿ ‘ਸਿਰਜਣਾ’ ਦੇ ਪਹਿਲਾਂ 100ਵੇਂ, ਹੁਣ 200ਵੇਂ ਅੰਕਾਂ ਵਾਂਗ 300ਵੇਂ ਅਤੇ ਹੋਰ ਅੰਕ ਵੀ ਛਪਣਗੇ। ਅੱਧੀ ਸਦੀ ਤੋਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਯੋਗਦਾਨ ਪਾ ਰਹੇ ਇਸ ਪਰਚੇ ਦੇ ਸੰਪਾਦਕ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਆਪਣੀ ਸੰਪਾਦਕੀ ਵਿਚ ਜ਼ਾਹਿਰ ਕੀਤੇ ਹਨ: “ਅੱਜ ਵੀ ਅਗਾਂਵਧੂ ਸੋਚ ਵਾਲੇ ਗੰਭੀਰ ਚਿੰਤਕ, ਵੱਡੀ ਕਲਾਤਮਕ ਸਮਰੱਥਾ ਵਾਲੇ ਸਾਹਿਤਕਾਰ ਅਤੇ ਸੰਭਾਵਨਾਵਾਂ ਵਾਲੇ ਨਵੀਂ ਪੀੜ੍ਹੀ ਦੇ ਲੇਖਕ ਜਿਵੇਂ ‘ਸਿਰਜਣਾ` ਲਈ ਹੱਲਾਸ਼ੇਰੀ, ਨੇੜ, ਅਪਣੱਤ ਤੇ ਆਦਰ-ਭਾਵ ਪ੍ਰਗਟਾਉਂਦੇ ਹਨ, ਉਹ ਹੋਰ ਅਗਾਂਹ ਚੱਲਦੇ ਰਹਿਣ ਲਈ ਸ਼ਕਤੀ ਦਾ ਵੱਡਾ ਸ੍ਰੋਤ ਹੈ। ਤਦ ਵੀ ਇਹ ਮਸਲਾ ਅਜੇ ਸੁਲਝਣਾ ਬਾਕੀ ਹੈ ਕਿ ਉਮਰ ਦੇ ਅੱਸੀਵਿਆਂ ਵਿਚੋਂ ਲੰਘ ਰਹੇ ਸੰਪਾਦਕ ਸਿਰਜਣਾ ਦੇ ਲਾਂਭੇ ਹੋਣ ਦੀ ਸੂਰਤ ਵਿਚ ਇਹ ਸਫਰ ਅਗਾਂਹ ਕਿਵੇਂ ਜਾਰੀ ਰਹਿ ਸਕਦਾ ਹੈ।” ਜ਼ਾਹਿਰ ਹੈ ਕਿ ‘ਸਿਰਜਣਾ’ ਦਾ ਸਫਰ ਜਾਰੀ ਹੈ ਅਤੇ ਇਸ ਦੇ ਮੁਹੱਬਤੀਆਂ ਦਾ ਕਾਫਲਾ ਲਗਾਤਾਰ ਪੈਂਡੇ ਮਾਰ ਰਿਹਾ ਹੈ। 200ਵੇਂ ਅੰਕ ਤੋਂ ਹੀ ਪਰਚੇ ਦੇ ਮਿਆਰ ਬਾਰੇ ਪਤਾ ਲਾਇਆ ਜਾ ਸਕਦਾ ਹੈ। ਪਰਚੇ ਵਿਚ ਸ਼ਾਮਿਲ ਰਚਨਾਵਾਂ ਦੱਸਦੀਆਂ ਹਨ ਕਿ ਸਾਹਿਤ ਦੇ ਇਸ ਮੰਚ ਵਿਚ ਕਿੰਨਾ ਦਮਖਮ ਹੈ।
ਇਸ ਵਿਸ਼ੇਸ਼ ਅੰਕ ਵਿਚ ਸੁਰਜੀਤ ਪਾਤਰ, ਦੇਵ, ਮੋਹਨਜੀਤ, ਗੁਰਭਜਨ ਗਿੱਲ, ਜਸਵੰਤ ਜ਼ਫਰ, ਗੁਰਪ੍ਰੀਤ, ਸੱਤਪਾਲ ਭੀਖੀ, ਮਦਨ ਵੀਰਾ, ਪਰਮਮਿੰਦਰ ਸੋਢੀ, ਸੁਖਵਿੰਦਰ ਕੰਬੋਜ, ਸੰਦੀਪ, ਸਰਬਜੀਤ ਕੌਰ ਜਸ, ਕਰਮਜੀਤ ਕਿਸ਼ਾਂਵਲ, ਨਵਰੂਪ ਕੌਰ, ਅਜੀਤ ਪਿਆਸਾ, ਦਵਿੰਦਰ ਬਿਮਰਾ ਤੇ ਸੁਰਿੰਦਰਪ੍ਰੀਤ ਘਣੀਆ ਦੀਆਂ ਕਵਿਤਾਵਾਂ; ਉਘੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ, ਸੁਕੀਰਤ, ਜਸਵੰਤ ਦੀਦ, ਬਲਬੀਰ ਪਰਵਾਨਾ, ਅਵਤਾਰ ਸਿੰਘ ਬਿਲਿੰਗ ਤੇ ਰਾਜਿੰਦਰ ਪਾਲ ਸਿੰਘ ਬਰਾੜ ਦੇ ਸ਼ਬਦ ਚਿੱਤਰ; ਵਰਿਆਮ ਸੰਧੂ, ਬਲਵਿੰਦਰ ਗਰੇਵਾਲ, ਗੁਰਮੀਤ ਕੜਿਆਲਵੀ, ਲਾਲ ਸਿੰਘ, ਸਾਧੂ ਬਿਨਿੰਗ, ਹਰਪ੍ਰੀਤ ਸੇਖਾ, ਬਲਬੀਰ ਮਾਧੋਪੁਰੀ, ਜਤਿੰਦਰ ਹਾਂਸ, ਸਿਮਰਨ ਧਾਲੀਵਾਲ, ਦੀਪਤੀ ਬਬੂਟਾ, ਕੁਲਬੀਰ ਬਡੇਸਰੋਂ, ਅਰਵਿੰਦਰ ਧਾਲੀਵਾਲ ਤੇ ਨਿਰੰਜਨ ਬੋਹਾ ਦੀਆਂ ਕਹਾਣੀਆਂ; ਚਮਨ ਲਾਲ, ਤੇਜਵੰਤ ਸਿੰਘ ਗਿੱਲ, ਰੌਣਕੀ ਰਾਮ, ਸੁਖਵੰਤ ਹੁੰਦਲ, ਕੁਲਦੀਪ ਦੀਪ, ਸਾਧੂ ਸਿੰਘ, ਸਾਹਿਬ ਸਿੰਘ, ਪਿਆਰਾ ਸਿੰਘ ਭੋਗਲ ਤੇ ਸਤੀਸ਼ ਵਰਮਾ ਦੇ ਵੱਖ-ਵੱਖ ਵਿਸ਼ਿਆਂ ਦੇ ਲੇਖ, ਅਵਤਾਰ ਸਿੰਘ ਬਿਲਿੰਗ ਦੀ ਕਹਾਣੀਕਾਰ ਮੁਖਤਿਆਰ ਸਿੰਘ ਨਾਲ ਕੀਤੀ ਮੁਲਾਕਾਤ; ਪਾਠਕਾਂ ਦੇ ਸਿਰਜਣਾ ਲਈ ਮੁਹੱਬਤੀ ਬੋਲ ਅਤੇ ਵੱਖ-ਵੱਖ ਕਿਤਾਬਾਂ ਦੇ ਰੀਵੀਊ ਹਨ।
ਤਸੱਲੀ ਵਾਲੀ ਗੱਲ ਹੈ ਕਿ ‘ਸਿਰਜਣਾ’ ਦੇ ਨਵੇਂ ਅੰਕ ਨੂੰ ਵੀ ਪਾਠਕਾਂ ਨੇ ਪਹਿਲਾਂ ਵਾਂਗ ਹੀ ਹੱਥਾਂ ਉਤੇ ਚੁੱਕ ਲਿਆ ਹੈ ਅਤੇ ਖੂਬ ਹੁੰਗਾਰਾ ਭਰਿਆ ਹੈ। ਜ਼ਾਹਿਰ ਹੈ ਕਿ ‘ਸਿਰਜਣਾ’ ਸਾਹਿਤ ਦੇ ਪਿੜ ਵਿਚ ਨਵਾਂ ਇਤਿਹਾਸ ਰਚ ਰਿਹਾ ਹੈ। ‘ਸਿਰਜਣਾ’ ਪੰਜਾਬੀ ਸਾਹਿਤ ਦਾ ਸ਼ਾਇਦ ਇਕੋ-ਇਕ ਅਜਿਹਾ ਪਰਚਾ ਹੋ ਨਿਬੜਿਆ ਹੈ ਜਿਸ ਨੇ ਮਿਆਰ ਕਾਇਮ ਰੱਖਣ ਦੇ ਨਾਲ-ਨਾਲ ਆਪਣੀ ਵਿਚਾਰਧਾਰਾ ਉਤੇ ਵੀ ਡਟ ਕੇ ਪਹਿਰਾ ਦਿੱਤਾ ਹੈ। ਇਹੀ ਗੱਲ ਇਸ ਪਰਚੇ ਨੂੰ ਬਾਕੀ ਪਰਚਿਆਂ ਨਾਲੋਂ ਵੱਖਰਿਆਉਂਦੀ ਹੈ।