ਪੱਥਰ ‘ਤੇ ਕਦੀ ਕੋਈ ਨਿਸ਼ਾਨ ਨਹੀਂ ਪੈਂਦਾ। ਕਈ ਲੋਕਾਂ ਦੇ ਇਰਾਦੇ ਇੰਨੇ ਮਜ਼ਬੂਤ ਹੁੰਦੇ ਹਨ ਕਿ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਭਾਵੇਂ ਪੱਥਰ ‘ਤੇ ਨਾ ਪੈਣ ਪਰ ਮਜ਼ਬੂਤ ਇਰਾਦਿਆਂ ਨਾਲ ਪਾਈਆਂ ਸਫਲਤਾ ਦੀਆਂ ਕਹਾਣੀਆਂ ਆਪਣੇ ਆਪ ਸਮੇਂ ਦੀਆਂ ਮਜ਼ਬੂਤ ਚੱਟਾਨਾਂ ‘ਤੇ ਲਿਖੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਕਹਾਣੀ ਅਮੋਲਕ ਸਿੰਘ ਜੰਮੂ ਦੀ ਹੈ।
ਭਿਆਨਕ ਬਿਮਾਰੀ ਦਾ ਮੁਕਾਬਲਾ ਪੂਰੇ ਚੁਤਾਲੀ ਸਾਲ ਕੀਤਾ। ਬਿਮਾਰੀ ਨਿੱਤ ਬਲਵਾਨ ਹੁੰਦੀ ਗਈ ਅਤੇ ਅਮੋਲਕ ਸਿੰਘ ਦਾ ਤਨ ਕਮਜ਼ੋਰ, ਪਰ ਇਰਾਦੇ ਬੁਲੰਦ ਰਹੇ ਤੇ ਸਿਰੜ ਤੇ ਸਿਦਕ ਸਦਕਾ ਚੜ੍ਹਦੀ ਕਲਾ ਵਿਚ ਰਹੇ। ਉਸ ਦੇ ਕੰਨ ਨਾਲ ਫੋਨ ਦੂਸਰੇ ਹੱਥ ਲਾਉਂਦੇ ਸਨ। ਹਾਲ ਪੁੱਛਣ ਤੇ ਸਦਾ ਇਹੀ ਕਹਿਣਾ, ਚੜ੍ਹਦੀ ਕਲਾ।
ਪੱਤਰਕਾਰੀ ਦੇ ਪੇਸ਼ੇ ਨੂੰ ਜਿਸ ਇਮਾਨਦਾਰੀ ਨਾਲ ਨਿਭਾਇਆ, ਉਸ ਦੀ ਮਿਸਾਲ ਮਿਲਣੀ ਬਹੁਤ ਔਖੀ ਹੈ। ਅੱਜ ਦਾ ਸਮਾਂ ਧਨ ਦੇ ਸਾਹਮਣੇ ਮਾਂ ਬਾਪ ਦੀ ਵੀ ਪ੍ਰਵਾਹ ਨਹੀਂ ਕਰਦਾ, ਪਰ ਅਮੋਲਕ ਸਿੰਘ ਨੇ ਔਖੇ ਸਮੇਂ ਵਿਚ ਵੀ ਧਨ ਨੂੰ ਤੁਛ ਸਮਝ ਪੱਤਰਕਾਰੀ ਦੇ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ।
ਮੈਂ ਜ਼ਿੰਦਗੀ ਦਾ ਬਹੁਤ ਲੰਮਾ ਪੈਂਡਾ ਪਾਰ ਕਰ ਚੁਕੀ ਹਾਂ। ਅੱਜ ਦੇ ਸਦਾਚਾਰ ਤੇ ਆਚਾਰ ਦੀਆਂ ਕਿੰਨੀਆਂ ਕੀਮਤਾਂ ਬਦਲ ਚੁਕੀਆਂ ਹਨ। ਮੇਰੇ ਬਚਪਨ ਅਤੇ ਲੜਕਪਨ ਦੇ ਦਿਨਾਂ ਵਿਚ ਪਿੰਡ ਦੀ ਧੀ ਸੱਚੀ ਸਾਰਿਆਂ ਦੀ ਧੀ ਹੁੰਦੀ ਸੀ। ਉਦੋਂ ਮੈਂ ਆਪਣੇ ਬਚਪਨ ਵਿਚ ਅਖਬਾਰਾਂ ਬਾਰੇ ਆਪਣੇ ਬੇਜੀ ਕੋਲੋਂ ਸੁਣਿਆ ਸੀ, ‘ਮੈਂ ਤੇ ਅਖਬਾਰ ਦੀ ਗੱਲ ਕਰਦੀ ਹਾਂ। ਅਖਬਾਰ ਵਿਚ ਝੂਠ ਨਹੀਂ ਹੁੰਦਾ।` ਅੱਜ ਉਹ ਸਮਾਂ ਹੈ ਕਿ ਅਖਬਾਰ ਦੇ ਦੋ ਪੰਨੇ ਫੋਲ ਕੇ ਤੁਸੀਂ ਦੱਸ ਦੇਵੋਗੇ ਕਿ ਅਖਬਾਰ ਕਿਸ ਪਾਰਟੀ ਜਾਂ ਜਮਾਤ ਨਾਲ ਸਬੰਧਤ ਹੈ। ਇਲੈਕਟ੍ਰੋਨਿਕ ਮੀਡੀਏ ਦਾ ਵੀ ਇਹੀ ਹਾਲ ਹੈ।
ਅਮੋਲਕ ਸਿੰਘ ਦਾ ਅਖਬਾਰ ‘ਪੰਜਾਬ ਟਾਈਮਜ਼` ਇਕ ਅਖਬਾਰ ਹੀ ਨਹੀਂ, ਸਾਹਿਤਕ ਰਸਾਲਾ ਵੀ ਹੈ। ਇਸ ਦੀ ਹਰ ਖਬਰ ਸੱਚੀ, ਉਸ ਦਾ ਨਿਰਪੱਖ ਵਿਸ਼ਲੇਸ਼ਣ। ਪੰਜਾਬੀ ਭਾਸ਼ਾ, ਬੋਲੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਸਭ ਕੁਝ ਸੱਚਾ ਸੁੱਚਾ ਤੇ ਸੰਪੂਰਨ ਅਤੇ ਸੰਤੁਲਿਤ ਮਿਲਦਾ ਹੈ। ਬੁੱਧਵਾਰ ਸਵੇਰ ਦੇ ਨੌਂ ਵੱਜਣ ਦੀ ਉਡੀਕ ਹੁੰਦੀ ਹੈ। ਮਨ ਨੂੰ ਜਾਪਦਾ, ਹੁਣ ਕੋਈ ਪ੍ਰਸਾਦਿ ਮਿਲਣ ਵਾਲਾ ਹੈ, ਜਿਸ ਨਾਲ ਹਫਤਾ ਸੁਖਾਲਾ ਲੰਘ ਜਾਣਾ ਹੈ।
ਸ. ਅਮੋਲਕ ਸਿੰਘ ਦੀ ਕਮਜ਼ੋਰ ਹੋ ਰਹੀ ਸਿਹਤ ਕਾਰਨ ਜਿਥੇ ਬੀਬੀ ਜਸਪ੍ਰੀਤ ਕੌਰ ਦੀ ਜ਼ਿੰਮੇਵਾਰੀ ਉਸ ਦੀ ਸਿਹਤ ਵਲ ਵਧੇਰੇ ਹੋ ਗਈ ਸੀ, ਨਾਲ ਹੀ ‘ਪੰਜਾਬ ਟਾਈਮਜ਼’ ਦਾ ਭਾਰ ਵੀ ਸਾਰਾ ਉਸ ਉਪਰ ਹੋ ਗਿਆ ਸੀ ਤੇ ਹੈ। ਅੱਜ ਦੇ ਯੁਗ ਦੀ ਇਸ ਬੀਬੀ ਰਜਨੀ ਨੇ ਆਪਣੀਆਂ ਜ਼ਿੰਮੇਵਾਰੀਆਂ ਓਟਣ ਵਿਚ ਕਦੀ ਕੋਤਾਹੀ ਨਹੀਂ ਕੀਤੀ। ਨਾਲ ਹੀ ਇਸ ਨੇ ਘਰ ਆਉਣ ਵਾਲੇ ਹਰ ਮਹਿਮਾਨ ਦਾ ਸਦਾ ਖਿੜੇ ਮੱਥੇ ਸਵਾਗਤ ਕੀਤਾ। ਮੈਂ ਇਸ ਦੀ ਹਿੰਮਤ ਤੇ ਸਿਦਕ ਨੂੰ ਕੋਟਿ-ਕੋਟਿ ਪ੍ਰਣਾਮ ਕਰਦੀ ਹਾਂ। ਗੁਰੂ ਅੱਗੇ ਅਰਦਾਸ ਹੈ ਕਿ ਇਸ ਨੂੰ ਸਦਾ ਹਿੰਮਤ, ਨਿਰੋਗ ਤਨ ਤੇ ਚੜ੍ਹਦੀ ਕਲਾ ਬਖਸ਼ੇ।
ਹੁਣ ਸਾਡੀ ਸਾਰੇ ਪੰਜਾਬੀਆਂ ਜਿਹੜੇ ‘ਪੰਜਾਬ ਟਾਈਮਜ਼` ਨਾਲ ਪਿਆਰ ਕਰਦੇ ਹਾਂ, ਦੀ ਜ਼ਿੰਮੇਵਾਰੀ ਹੈ ‘ਪੰਜਾਬ ਟਾਈਮਜ਼` ਨੂੰ ਸੰਭਾਲਣ ਦੀ। ਮਾਂ ਲਈ ਆਪਣੇ ਬੱਚੇ ਦਾ ਮਿੱਠਾ ਪਿਆਰਾ ਤੇ ਸਤਿਕਾਰ ਭਰਿਆ ਬੋਲ ਹੀ ਬਹੁਤ ਹੁੰਦਾ ਹੈ। ਆਸ ਕਰਦੀ ਹਾਂ ਕਿ ਜਸਪ੍ਰੀਤ ਕੌਰ ਦਾ ਪੁੱਤਰ ਤੇ ਬਹੂ ਉਸ ਦੀ ਸੰਭਾਲ ਕਰਨਗੇ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਬੱਚਿਆਂ ਨੂੰ ਸੁਮੱਤ ਤੇ ਸਮੱਰਥਾ ਬਖਸ਼ੇ। ਪਿਤਾ ਦੀ ਛਾਂ ਉਨ੍ਹਾਂ ਦੇ ਸਿਰ ਤੋਂ ਉਠ ਗਈ ਹੈ, ਪਰ ਬੱਚਿਓ! ਤੁਹਾਡੇ ਕੋਲ ਉਹ ਘਣਛਾਵਾਂ ਬੂਟਾ ਹੈ, ਜਿਸ ਦੀ ਛਾਂ ਰੱਬ ਨੂੰ ਵੀ ਉਧਾਰੀ ਮੰਗਣੀ ਪੈ ਜਾਂਦੀ ਹੈ, ਆਪਣਾ ਸਵਰਗ ਬਣਾਉਣ ਲਈ। ਤੁਹਾਨੂੰ ਤੁਹਾਡਾ ਘਣਛਾਵਾਂ ਬੂਟਾ ਸੁਹੰਢਣਾ ਹੋਵੇ। ਇਸ ਬੂਟੇ ਨੂੰ ਆਪਣੇ ਪਿਆਰ ਤੇ ਸਤਿਕਾਰ ਦਾ ਪਾਣੀ ਪਾਉਂਦੇ ਰਿਹੋ।
-ਕਿਰਪਾਲ ਕੌਰ
ਫੋਨ: 815-356-9535