‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਸਿ਼ਕਾਗੋ (ਸੁਰਿੰਦਰ ਸਿੰਘ ਭਾਟੀਆ): ‘ਪੰਜਾਬ ਟਾਈਮਜ਼’ ਦੇ ਬਾਨੀ ਸੰਪਾਦਕ ਸਵਰਗੀ ਅਮੋਲਕ ਸਿੰਘ ਜੰਮੂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਅਤੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਐਤਵਾਰ, 25 ਅਪਰੈਲ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਉਪਰੰਤ ਉਨ੍ਹਾਂ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਦੀਆਂ ਰਸਮਾਂ ਗੁਰਦੁਆਰਾ ਪੈਲਾਟਾਈਨ ਵਿਖੇ ਹੋਈਆਂ। ਇਸ ਮੌਕੇ ਸੰਗਤਾਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਵਖ ਵਖ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ `ਤੇ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ।

ਸਵਰਗੀ ਅਮੋਲਕ ਸਿੰਘ ਦੇ ਅੰਤਿਮ ਦਰਸ਼ਨਾਂ ਮੌਕੇ ਜੁੜੀ ਸੰਗਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ ਜੰਮੂ ਨੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋ ਕੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੇਰੇ ਪਾਪਾ ਮੇਰੇ ਰੋਲ ਮਾਡਲ ਸਨ। ਡਾ. ਹਰਜਿੰਦਰ ਸਿੰਘ ਖਹਿਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ ਕਿ ਆਪਣੇ ਦੁਖ ਦਾ ਪ੍ਰਗਟਾਵਾ ਕਰ ਸਕਣ। ਇਹ ਅਸਹਿ ਸਦਮਾ ਹੈ।
ਰਛਪਾਲ ਸਿੰਘ ਸਹੋਤਾ ਨੇ ਕਿਹਾ ਕਿ ਉਹ ਅਮੋਲਕ ਸਿੰਘ ਜੰਮੂ ਨੂੰ 20 ਸਾਲਾਂ ਤੋਂ ਜਾਣਦੇ ਸਨ। ਉਹ ਬਹੁਤ ਪ੍ਰਤਿਭਾਸ਼ਾਲੀ ਸ਼ਖਸੀਅਤ ਦੇ ਮਾਲਕ ਸਨ। ਉਹ ਇਕ ਨਿਧੜਕ ਪੱਤਰਕਾਰ ਸਨ। ਇਹ ਇਕੋ ਇਕ ਅਖਬਾਰ ਹੈ, ਜੋ ਸਭ ਦੀ ਆਵਾਜ਼ ਬੇਖੌਫ, ਨਿਰਪੱਖ, ਨਿਧੜਕ ਹੋ ਕੇ ਸਭ ਤੱਕ ਪਹੁੰਚਾਉਂਦਾ ਹੈ। ਇਹੋ ਜਿਹੇ ਬਹਾਦੁਰ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਨੂੰ ਪੰਜਾਬੀ ਦਾ ਸਟਿਫਨ ਹਾਕਿੰਗ ਕਿਹਾ ਜਾਂਦਾ ਸੀ, ਜੋ ਬਿਲਕੁਲ ਠੀਕ ਸੀ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਦ੍ਰਿੜ ਵਿਸ਼ਵਾਸ ਅਤੇ ਸੱਚੀ ਲਗਨ ਹੋਵੇ ਤਾਂ ਇਨਸਾਨ ਆਪਣੀ ਮੰਜਿ਼ਲ ਪਾ ਹੀ ਲੈਂਦਾ ਹੈ। ਉਨ੍ਹਾਂ ਸਵਰਗੀ ਜੰਮੂ ਨੂੰ ਆਪਣਾ ਪ੍ਰੇਰਨਾ ਸਰੋਤ ਕਰਾਰ ਦਿੱਤਾ ਤੇ ਕਿਹਾ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
‘ਪੰਜਾਬ ਟਾਈਮਜ਼’ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹੋਣ ਤੋਂ ਇਲਾਵਾ ਨਿੱਘਾ ਪਰਿਵਾਰਕ ਰਿਸ਼ਤਾ ਰੱਖਣ ਵਾਲੇ ਸ. ਦਰਸ਼ਨ ਸਿੰਘ ਗਰੇਵਾਲ (ਮਿਸ਼ੀਗਨ) ਆਪਣੀ ਬੇਟੀ ਮੀਤੂ ਗਰੇਵਾਲ ਨਾਲ ਸ. ਅਮੋਲਕ ਸਿੰਘ ਜੰਮੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਆਪਣੇ ਦਿਲੀ ਵਲਵਲੇ ਸਾਂਝੇ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਅਮੋਲਕ ਭਾਅ ਜੀ ਵਿਲੱਖਣ ਗੁਣਾਂ ਦੇ ਮਾਲਿਕ ਸਨ। ਬਹੁਤ ਹੀ ਪਿਆਰੇ ਤੇ ਨਿਘੇ ਸੁਭਾਅ ਦੇ ਮਾਲਿਕ ਸਨ। ਸਾਰਿਆਂ ਨੂੰ ਪਿਆਰ ਕਰਦੇ ਸਨ। ਉਨ੍ਹਾਂ ਸਦਕਾ ਹੀ ਪੰਜਾਬ ਟਾਈਮਜ਼ ਵਿਚ ਗਿਆਨ ਭਰਪੂਰ ਸਮਗਰੀ ਤੋਂ ਇਲਾਵਾ ਮਿਆਰੀ ਸਾਹਿਤ, ਸਥਾਈ ਕਾਲਮ ਤਾਂ ਪੜ੍ਹਨ ਨੂੰ ਮਿਲਦੇ ਹੀ ਹਨ, ਇਸ ਦੀ ਖਾਸੀਅਤ ਵੱਖ ਵੱਖ ਮੁਦਿਆਂ ਉੁਤੇ ਭਰਪੂਰ ਲੇਖ ਵੀ ਹੁੰਦੇ ਹਨ। ਉਨ੍ਹਾਂ ਦੀ ਬੇਟੀ ਮੀਤੂ ਨੂੰ ਵੀ ਲਗਾਤਾਰ ਨਮ ਅੱਖਾਂ ਪੂੰਝਦੇ ਦੇਖਿਆ ਗਿਆ।
ਸ. ਤਰਲੋਚਨ ਸਿੰਘ ਮੁਲਤਾਨੀ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਤੇ ਜਿ਼ੰਦਗੀ ਦੇ ਫਲਸਫੇ ਦੀ ਗੱਲ ਦੱਸਦਿਆਂ ਕਿਹਾ ਕਿ ਅਮੋਲਕ ਸਿੰਘ ਦਾ ਜਿ਼ੰਦਗੀ ਨਾਲ ਜੂਝਣ ਦਾ ਹੌਸਲਾ ਸਿਖਰ ‘ਤੇ ਸੀ। ਉਨ੍ਹਾਂ ਹੋਰ ਕਿਹਾ ਕਿ ਇਨਸਾਨ ਦੇ ਚੰਗੇ ਕੰਮ, ਚੰਗੇ ਗੁਣ ਹੀ ਹਨ, ਜਿਨ੍ਹਾਂ ਨੂੰ ਲੋਕ ਹਮੇਸ਼ਾ ਯਾਦ ਰੱਖਦੇ ਹਨ। ਅਮੋਲਕ ਸਿੰਘ ਖਰਾਬ ਸਿਹਤ ਦੇ ਬਾਵਜੂਦ ਲਗਾਤਾਰ ਆਪਣੇ ਕੰਮ ਵਿਚ ਮਸਰੂਫ ਰਹਿੰਦੇ ਸਨ। ਸਵਰਗੀ ਜੰਮੂ ਨੇ ਦੇਸ ਤੇ ਵਿਦੇਸ ਵਿਚ ਪੰਜਾਬੀ ਦਾ ਪ੍ਰਸਾਰ ਕੀਤਾ ਅੱਜ ਉਹ ਸਾਡੇ ਕੋਲੋਂ ਵਿਛੜ ਗਿਆ। ਉਨ੍ਹਾਂ ਕਿਹਾ, ਅਸੀਂ ਸਾਰਿਆਂ ਨੇ ਇਕ ਦਿਨ ਜਾਣਾ ਹੈ, ਕੌਮ ਲਈ ਦੁੱਖ ਹੈ ਕਿ ਪੰਜਾਬੀ ਕੌਮ ਦਾ ਹੀਰਾ ਚਲਾ ਗਿਆ। ਉਨ੍ਹਾਂ ਕਿਹਾ ਕਿ ਹਰ ਸਾਲ ‘ਪੰਜਾਬ ਟਾਈਮਜ਼ ਨਾਈਟ’ ਮੌਕੇ ਲੋਕ ਦੂਰੋਂ ਦੂਰੋਂ ਪਹੁੰਚਦੇ ਸਨ, ਜੋ ਉਨ੍ਹਾਂ ਦੇ ਪਿਆਰ ਸਦਕਾ ਹੀ ਸੀ।
ਗੁਰਦੁਆਰਾ ਪੈਲਟਾਈਨ ਵਿਖੇ ਕਾਰਸੇਵਾ ਜਥੇ ਦੇ ਮੋਢੀ ਮੈਂਬਰ ਸ. ਸਤਨਾਮ ਸਿੰਘ ਔਲਖ ਨੇ ਕਿਹਾ ਕਿ ਉਹ ਸ. ਜੰਮੂ ਨੂੰ ਬਹੁਤ ਸਮੇਂ ਤੋਂ ਜਾਣਦੇ ਹਨ। ਉਨ੍ਹਾਂ 2000 ਵਿਚ ਇਕ ਪੇਜ ਤੋਂ ਪੇਪਰ ਸ਼ੁਰੂ ਕੀਤਾ। ਆਪਣੀ ਮਿਹਨਤ ਨਾਲ ਉਸ ਨੂੰ ਅਮਰੀਕਾ ਵਿਚ ਪੰਜਾਬੀ ਦਾ ਪ੍ਰਮੁਖ ਪੇਪਰ ਬਣ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਗੁਰੂਘਰ ਵਿਚ ਸਾਲ ਵਿਚ ਤਿੰਨ ਵਾਰੀ ਕਾਰ ਸੇਵਾ ਕਰਦੇ ਹਾਂ, ਇਸ ਦੌਰਾਨ ਸ. ਜੰਮੂ ਭਾਵੇਂ ਵ੍ਹੀਲ ਚੇਅਰ ‘ਤੇ ਸਨ, ਪਰ ਉਚੇਚੇ ਤੌਰ ‘ਤੇ ਕਾਰ ਸੇਵਾ ਵਾਲੇ ਦਿਨ ਗੁਰੂਘਰ ਪਹੁੰਚਦੇ ਅਤੇ ਸਾਰੀ ਸੇਵਾ ਦੇਖ ਆਪਣੀ ਅਖਬਾਰ ਵਿਚ ਵਿਸਥਾਰ ਨਾਲ ਵੇਰਵਾ ਦਿੰਦੇ ਤੇ ਕਾਰ ਸੇਵਕਾਂ ਦਾ ਹੌਸਲਾ ਵਧਾਉਂਦੇ।
ਸਵਰਗੀ ਜੰਮੂ ਦੀਆਂ ਸਸਕਾਰ ਦੀਆਂ ਰਸਮਾਂ ਮੌਕੇ ਸ਼ਾਮਲ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਕਰੀਬੀ ਦੋਸਤ ਸ. ਜੈ ਰਾਮ ਸਿੰਘ ਕਾਹਲੋਂ ਅਤਿ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਭਾਅ ਜੀ ਦੇ ਚਲਾਣੇ ਨਾਲ ਪਿਆ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ, ਉਹ ਭਾਵੇਂ ਸਦੀਵੀ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਮਨਾਂ ਵਿਚ ਕਾਇਮ ਰਹੇਗੀ।
ਉਪਰੰਤ ਗੁਰਦੁਆਰਾ ਪੈਲਾਟਾਈਨ ਵਿਖੇ ਸਵਰਗੀ ਜੰਮੂ ਨਮਿਤ ਪਾਠ ਦਾ ਭੋਗ ਪਿਆ ਅਤੇ ਕੀਰਤਨ ਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਭਾਈ ਮਹਿੰਦਰ ਸਿੰਘ ਨੇ ਕੀਰਤਨ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਅਮੋਲਕ ਸਿੰਘ ਬਹੁਤ ਮਿਠ ਬੋਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਿਕ ਸਨ; ਇਹ ਹੀ ਕਾਰਨ ਹੈ, ਉਹ ਸਭ ਨੂੰ ਆਪਣਾ ਬਣਾ ਲੈਂਦੇ ਸਨ। ਉਨ੍ਹਾਂ ਦੀ ਹਿੰਮਤ, ਹੌਸਲੇ ਤੇ ਵਿਸ਼ਵਾਸ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਸਿਹਤ ਦੀਆਂ ਮਜਬੂਰੀਆਂ ਦੇ ਬਾਵਜੂਦ ਅਖਬਾਰ ਨੂੰ ਨਿਰਵਿਘਨ ਲਗਾਤਾਰ ਚਲਾਇਆ ਤੇ ਬੁਲੰਦੀ ‘ਤੇ ਪਹੰੁਚਾਇਆ। ਉਨ੍ਹਾਂ ਕਿਹਾ ਕਿ ਜੇ ਇਨਸਾਨ ਦੀ ਸੋਚ ਚੰਗੀ ਹੋਵੇ ਤਾਂ ਅਸੰਭਵ ਕੰਮ ਵੀ ਸੰਭਵ ਹੋ ਜਾਂਦਾ ਹੈ। ਇਹੀ ਮਿਸਾਲੀ ਕੰਮ ਅਮੋਲਕ ਸਿੰਘ ਨੇ ਕਰ ਕੇ ਸਿੱਧ ਕਰ ਦਿੱਤਾ।
ਗੁਰੂ ਘਰ ਪੈਲਾਟਾਈਨ ਦੇ ਹੈਡ ਗ੍ਰੰਥੀ ਭਾਈ ਪਰਮਿੰਦਰ ਸਿੰਘ ਨੇ ਕਥਾ ਕੀਤੀ ਅਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਮੋਲਕ ਸਿੰਘ ਆਪਣੀ ਗੰਭੀਰ ਬਿਮਾਰੀ ਵਿਚ ਰਹਿ ਕੇ ਅਖਬਾਰ ਦਾ ਕੰਮ ਕਰਦੇ ਰਹੇ ਤੇ ਦ੍ਰਿੜਤਾ ਨਾਲ ਜੀਵਨ ਜਿਊਂ ਕੇ ਦੂਜਿਆਂ ਲਈ ਮਿਸਾਲ ਕਾਇਮ ਕੀਤੀ। ਭਾਈ ਰਾਜਿੰਦਰ ਸਿੰਘ ਦੇ ਜਥੇ ਨੇ ਗੁਰ-ਸ਼ਬਦ ਨਾਲ ਹਾਜਰੀ ਲਵਾਈ।
ਇਸ ਉਪਰੰਤ ਸਵਰਗੀ ਜੰਮੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਰਿਲੀਜੀਅਸ ਸੁਸਾਇਟੀ ਦੀ ਸੰਵਿਧਾਨ ਅਮਲ ਕਮੇਟੀ ਦੇ ਸਾਬਕਾ ਚੇਅਰਮੈਨ ਡਾ. ਬਲਵੰਤ ਸਿੰਘ ਹੰਸਰਾ ਨੇ ਕਿਹਾ ਕਿ ਤੁਹਾਡੇ ਵਿਚੋਂ ਬਹੁਗਿਣਤੀ ਲੋਕ ਅਖਬਾਰ ਦੇ ਸ਼ੁਰੂਆਤੀ ਦਿਨ ਤੋਂ ਅਮਲੋਕ ਸਿੰਘ ਨੂੰ ਜਾਣਦੇ ਹੋਣਗੇ। ਬੋਲਣਾ ਜਾਂ ਸਪੀਚ ਕਰਨੀ ਸ਼ਾਇਦ ਸੌਖੀ ਹੈ, ਪਰ ਲਿਖਣਾ ਬਹੁਤ ਮੁਸ਼ਕਿਲ ਹੈ ਤੇ ਫਿਰ ਅਖਬਾਰ ਵਿਚ ਲਿਖਣਾ ਹੋਰ ਵੀ ਔਖਾ ਹੈ। ਇਸ ਦਾ ਖਿਆਲ ਰੱਖਣਾ ਪੈਂਦਾ ਕਿ ਤੁਹਾਡੀ ਆਵਾਜ਼ ਦੂਜੇ ਤੱਕ ਠੀਕ ਢੰਗ ਨਾਲ ਪਹੁੰਚੇ। ਪਰ ਜਦੋਂ ਮੈਂ ਅਖਬਾਰ ਨੂੰ ਦੇਖਿਆ ਤਾਂ ਪਹਿਲੀ ਨਜ਼ਰੇ ਹੀ ਇਸ ਅਖਬਾਰ ਨੇ ਮੈਨੂੰ ਆਕ੍ਰਸ਼ਿਤ ਕਰ ਲਿਆ। ਅਖਬਾਰ ਦੇ ਮਿਆਰਾਂ ਦੀ ਤਾਰੀਫ ਕਰਦਿਆਂ ਡਾ. ਹੰਸਰਾ ਨੇ ਕਿਹਾ ਕਿ ਅਮੋਲਕ ਸਿੰਘ ਅਖਬਾਰ ਦੇ ਹਰ ਪੰਨੇ ਦਾ ਬੌਧਿਕ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਦੇ ਸਨ। ਅਮੋਲਕ ਸਿੰਘ ਵਾਂਗ ਸਿਰੜੀ ਤੇ ਸਮਰਪਿਤ ਹੋ ਕੇ ਪੰਜਾਬੀ ਪੱਤਰਕਾਰੀ ਦਾ ਇਕ ਮੁਕਾਮ ਹਾਸਿਲ ਕਰਨਾ ਵੱਡੀ ਘਾਲਣਾ ਬਿਨਾ ਸੰਭਵ ਨਹੀਂ। ਆਪਣੇ ਵਿਚਾਰ ਪਾਠਕਾਂ ਤੱਕ ਪਹੁਚਾਉਣ ਲਈ ਤੇ ਅਖਬਾਰ ਨੂੰ ਸ਼ਬਦਾਂ ਰਾਹੀਂ ਜ਼ੁਬਾਨ ਦੇਣੀ ਅਮੋਲਕ ਜਾਣਦਾ ਸੀ।
ਡਾ. ਹੰਸਰਾ ਨੇ ਕਿਹਾ ਕਿ ਪੰਜਾਬ ਟਾਈਮਜ਼ ਦੇ ਲੋਗੋ ਵਿਚ ਬੇਲਾਗ ਤੇ ਬੇਦਾਗ ਪਰਚਾ ਕਹਿੰਦੇ ਸਨ। ਮੈਂ ਜਦੋਂ ਪੰਜਾਬ ਟਾਈਮਜ਼ ਨੂੰ ਉਸ ਤਰਾਜੂ ਵਿਚ ਤੋਲਦਾ ਤਾਂ ਮੈਨੂੰ ਇਹ ਅਖਬਾਰ ਇਕ ਉਚ ਕੋਟੀ ਦਾ ਅਖਬਾਰ ਲੱਗਾ। ਸੱਚਮੁਚ ਇਹ ਪੇਪਰ ਉਸ ਗੱਲ ‘ਤੇ ਪੂਰਾ ਪਹਿਰਾ ਦਿੰਦਾ ਸੀ ਕਿ ਇਹ ਕਿਸੇ ਵੀ ਰਾਜਨੀਤਕ ਜਾਂ ਗਰੁੱਪ ਨਾਲ ਬੱਝਾ ਨਜ਼ਰ ਨਹੀਂ ਆਉਂਦਾ ਸੀ। ਇਸ ਦਾ ਐਡੀਟੋਰੀਅਲ ਬਹੁਤ ਹੀ ਪਾਏਦਾਰ ਹੁੰਦਾ ਸੀ। ਇਸ ਪੇਪਰ ਦੀ ਦਿੱਖ ਬਹੁਤ ਹੀ ਪ੍ਰੋਫੈਸ਼ਨਲ ਨਜ਼ਰ ਆਉਂਦੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਪੰਜਾਬ ਟਾਈਮਜ਼ ਕਿਸੇ ਇਕ ਖਾਸ ਵਿਚਾਰਧਾਰਾ, ਸਿਆਸੀ ਦਲ, ਧਾਰਮਿਕ ਜਾਂ ਕਿਸੇ ਧੜੇ ਨਾਲ ਜੁੜਿਆ ਹੋਇਆ ਨਹੀਂ ਹੈ, ਸਗੋਂ ਸਭ ਧਿਰਾਂ ਨੂੰ ਨਿਰਪੱਖਤਾ ਨਾਲ ਬਣਦੀ ਥਾਂ ਦਿੰਦਾ ਹੈ। ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਬੁੱਧਵਾਰ ਅਖਬਾਰ ਦੇ ਅਗਲੇ ਅੰਕ ਦਾ ਇੰਤਜ਼ਾਰ ਰਹਿੰਦਾ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਬੀਬੀ ਜਸਪ੍ਰੀਤ ਕੌਰ (ਅਮੋਲਕ ਸਿੰਘ ਦੀ ਪਤਨੀ) ਉਸੇ ਮਿਆਰੀ ਅਖਬਾਰ ਨੂੰ ਅੱਗੇ ਵਧਾਉਣਗੇ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਗੁਰਮੁਖ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ, ਜੋ ਅਮੋਲਕ ਭਾਅ ਜੀ ਦੀ ਸ਼ਖਸੀਅਤ ਨੂੰ ਸਾਕਾਰ ਕਰ ਸਕਣ। ਪੱਤਰਕਾਰੀ ਇਕ ਜੋਖਮ ਤੇ ਚੈਲੰਜ ਭਰਿਆ ਕਾਰਜ ਹੈ ਅਤੇ ਉਨ੍ਹਾਂ ਇਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਉਨ੍ਹਾਂ ਇਸ ਗੱਲ ਦਾ ਉਚੇਚਾ ਜਿ਼ਕਰ ਕੀਤਾ ਕਿ ਅਖਬਾਰ ਨੂੰ ਆਪਣੇ ਸ਼ੁਰੂਆਤੀ ਦਿਨਾਂ ਵਿਚ ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ, ਪਰ ਕਦੀ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕੁਝ ਪੁਰਾਣੀਆਂ ਯਾਦਾਂ ਸੰਗਤ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਇਕ ਵਾਰੀ ਕਿਸੇ ਨੇ ਮੈਨੂੰ ਪੰਜਾਬ ਟਾਈਮਜ਼ ਲਈ ਸਿਫਾਰਿਸ਼ ਕੀਤੀ ਕਿ ਜੇ ਇਸ ਵਿਚ ਇੰਗਲੈਂਡ ਦੇ ਮਸ਼ਹੂਰ ਤਾਂਤਰਿਕ ਬਾਬੇ ਦਾ ਇਸ਼ਤਿਹਾਰ ਲਵਾ ਦੇਵੇ ਤਾਂ ਉਹ ਵੱਡੀ ਰਕਮ ਐਡਵਾਂਸ ਦੇਣ ਨੂੰ ਤਿਆਰ ਹਨ, ਪਰ ਅਮੋਲਕ ਭਾਅ ਜੀ ਨੇ ਇਨਕਾਰ ਕਰ ਦਿੱਤਾ ਕਿ ਅਖਬਾਰ ਉਨ੍ਹਾਂ ਦੇ ਬੇਟੇ ਵਰਗਾ ਹੈ, ਇਸ ਨੂੰ ਕਿਸੇ ਬਾਬੇ ਦਾ ਮੁਥਾਜ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਇਸ ਪੇਪਰ ਵਿਚ ਤਾਂਤਰਿਕ ਤੇ ਪੀਰ ਬਾਬਿਆਂ ਜਾਂ ਮਿਆਰੋਂ ਲੱਥੇ ਇਸ਼ਤਿਹਾਰ ਨਹੀਂ ਮਿਲਣਗੇ।
ਇਕ ਹੋਰ ਘਟਨਾ ਦਾ ਜਿ਼ਕਰ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਇਕ ਵੱਡੀ ਸੰਸਥਾ ਇਸ ਨੂੰ ਖਰੀਦਣ ਲਈ ਵਾਹਵਾ ਪੈਸੇ ਦੇਣ ਨੂੰ ਤਿਆਰ ਸੀ, ਪਰ ਅਮੋਲਕ ਭਾਅ ਜੀ ਨੇ ਫਿਰ ਦੁਹਰਾ ਦਿੱਤਾ ਕਿ ਪੰਜਾਬ ਟਾਈਮਜ਼ ਮੈਨੂੰ ਪੁੱਤ ਵਰਗਾ ਹੈ ਤੇ ਪੁੱਤ ਵੇਚਿਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਅਮੋਲਕ ਸਿੰਘ ਨੇ ਆਪਣੀ ਲਾਇਲਾਜ ਬਿਮਾਰੀ ਕਰਕੇ ਦਰਪੇਸ਼ ਸਭ ਮੁਸ਼ਕਿਲਾਂ ਦੇ ਬਾਵਜੂਦ ਪੇਪਰ ਨੂੰ ਸਿਰੇ ਦਾ ਬਣਾਈ ਰੱਖਿਆ। ਅਖਬਾਰ ਸ਼ੂਰੂ ਕਰਨਾ ਮੁਸ਼ਕਿਲ ਤਾਂ ਹੈ ਹੀ, ਪਰ ਇਸ ਦੇ ਮਿਆਰ ਕਾਇਮ ਰੱਖਣਾ ਹੋਰ ਵੀ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਸ. ਅਮੋਲਕ ਸਿੰਘ ਦੇ ਮੁਢਲੇ ਜੀਵਣ ‘ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਸਿਹਤ ਦੇ ਇਸ ਦੌਰ ‘ਚੋਂ ਗੁਜ਼ਰ ਕੇ ਪਾਠਕਾਂ ਲਈ ਪੇਪਰ ਪੁਜਦਾ ਕਰਨਾ ਇੱਕ ਅੰਚਭੇ ਤੋਂ ਘੱਟ ਨਹੀਂ। ਉਨ੍ਹਾਂ ਜੈ ਰਾਮ ਸਿੰਘ ਕਾਹਲੋਂ ਤੇ ਡਾ. ਹਰਜਿੰਦਰ ਸਿੰਘ ਖਹਿਰਾ ਨਾਲ ਮਿਲ ਕੇ ‘ਪੰਜਾਬ ਟਾਈਮਜ਼’ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਗੁਜਾਰਿਸ਼ ਕੀਤੀ ਤਾਂ ਜੋ ‘ਪੰਜਾਬ ਟਾੀੲਮਜ਼’ ਦਾ ਜਿਹੜਾ ਬੂਟਾ ਉਨ੍ਹਾਂ ਲਾਇਆ ਹੈ, ਉਹ ਹੋਰ ਵਧੇ ਫੁਲੇ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਮਿਸ਼ਨ, ਸੋਚ ਅਤੇ ਸੰਦੇਸ਼ ਨੂੰ ਅੱਗੇ ਲਿਜਾਈਏ। ਉਨ੍ਹਾਂ ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਤੇ ਪੰਜਾਬ ਟਾਈਮਜ਼ ਦੇ ਸ਼ੁਰੂਆਤੀ ਦਿਨਾਂ ਤੋਂ ਸਮਰਥਕ ਸ. ਸਵਰਨਜੀਤ ਸਿੰਘ ਢਿੱਲੋਂ ਦਾ ਸ਼ੋਕ ਸੁਨੇਹਾ “ਆਈ ਲਵ ਯੂ ਯੰਗਮੈਨ, ਆਈ ਵਿਲ ਮਿਸ ਯੂ” ਪੜ੍ਹ ਕੇ ਸੁਣਾਇਆ। ਸ. ਢਿੱਲੋਂ ਸਿਹਤ ਦੀਆਂ ਮਜਬੂਰੀਆਂ ਕਰਕੇ ਪਹੁੰਚ ਨਹੀਂ ਸੀ ਸਕੇ।
ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਮਰਦੇਵ ਸਿੰਘ ਬੰਦੇਸ਼ਾ ਨੇ ਕਿਹਾ ਕਿ ਜਦੋਂ ਇਹ ਪੇਪਰ ਸੰਨ 2000 ਵਿਚ ਸ਼ੁਰੂ ਹੋਇਆ ਤਾਂ ਅਮੋਲਕ ਸਿੰਘ ਜੰਮੂ ਇਕ ਦਿਨ ਮਿਲੇ ਅਤੇ ਉਨ੍ਹਾਂ ਨੇ 4 ਪੇਜ ਦਾ ਇਹ ਪੇਪਰ ਦਿਖਾਇਆ ਤੇ ਕਿਹਾ ਕਿ ਇਕ ਦਿਨ ਇਹ 40 ਪੰਨੇ ਦਾ ਪੇਪਰ ਬਣਾਉਣਾ ਹੈ। ਇਹ ਉਨ੍ਹਾਂ ਦੀ ਮਿਹਨਤ, ਲਗਨ ਤੇ ਦ੍ਰਿੜ ਇਰਾਦਾ ਸੀ ਕਿ 4 ਪੇਜ ਤੋਂ ਪ੍ਰਕਾਸ਼ਨ ਸ਼ੁਰੂ ਹੋ ਕੇ ਇਹ ਪੇਪਰ ਪੰਜਾਬੀ ਅਖਬਾਰਾਂ ਵਿਚ ਸਿਰਮੌਰ ਹੋ ਗਿਆ। ਹੌਲੀ ਹੌਲੀ ਇਸ ਦੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਗਿਆ ਅਤੇ ਅਮਰੀਕਾ ਤੋਂ ਛਪਦੇ ਪੰਜਾਬੀ ਪੇਪਰਾਂ ਵਿਚ ਆਪਣੀ ਨਿਵੇਕਲੀ ਥਾਂ ਬਣਾਈ। ਇਸ ਅਖਬਾਰ ਦੇ ਹੁਣ ਤਿੰਨ ਐਡੀਸ਼ਨ-ਮਿਡਵੈਸਟ, ਕੈਲੀਫੋਰਨੀਆ ਤੇ ਨਿਊ ਯਾਰਕ ਤੋਂ ਛਪਦੇ ਹਨ, ਜੋ ਸ. ਅਮੋਲਕ ਸਿੰਘ ਦੀ ਬਹੁਤ ਅਹਿਮ ਪ੍ਰਾਪਤੀ ਹੈ। ਉਨ੍ਹਾਂ ਹੋਰ ਕਿਹਾ ਕਿ ਅਮਰੀਕਾ ਵਿਚ ਪੇਸ਼ੇਵਰ ਪੰਜਾਬੀ ਪੱਤਰਕਾਰੀ ਦਾ ਸਹੀ ਅਰਥਾਂ ਵਿਚ ਆਗਾਜ਼ ‘ਪੰਜਾਬ ਟਾਈਮਜ਼’ ਨਾਲ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਦੀ ਤਰੱਕੀ ਲਈ ਸਾਰੇ ਮਿਲ ਕੇ ਹੰਭਲਾ ਮਾਰੀਏ।
ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮਂੈਬਰ-ਦਰਸ਼ਨ ਸਿੰਘ ਗਰੇਵਾਲ, ਡਾ. ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਉਲ, ਡਾ. ਹਰਗੁਰਮੁਖਪਾਲ ਸਿੰਘ, ਜੈ ਦੇਵ ਸਿੰਘ ਭੱਠਲ, ਗੁਲਜ਼ਾਰ ਸਿੰਘ ਮੁਲਤਾਨੀ, ਮਨਦੀਪ ਸਿੰਘ ਭੂਰਾ, ਰਾਜਿੰਦਰ ਸਿੰਘ ਬੈਂਸ, ਜਗਦੀਸ਼ਰ ਸਿੰਘ ਕਲੇਰ, ਦਰਸ਼ਨ ਸਿੰਘ ਦਰੜ ਤੇ ਬਲਵਿੰਦਰ ਕੌਰ (ਨਿੱਕੀ) ਸੇਖੋਂ, ਸਵਰਗੀ ਜੰਮੂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਏ। ਦੂਰ-ਦੁਰਾਡੇ ਦੀਆਂ ਸਟੇਟਾਂ ਵਿਚ ਰਹਿੰਦੇ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮਂੈਬਰਾਂ ਨੇ ਫੋਨ ਤੇ ਈਮੇਲ ਰਾਹੀਂ ਸ. ਜੰਮੂ ਦੇ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਖਬਾਰ ਨੂੰ ਨਿਰੰਤਰ ਜਾਰੀ ਰੱਖਣ ਲਈ ਸਹਿਯੋਗ ਦਾ ਭਰੋਸਾ ਦਿੱਤਾ।
ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਦੂਰੋਂ-ਨੇੜਿਓਂ ਆਉਣ ਵਾਲੇ ਸਨੇਹੀਆਂ ਵਿਚ ਵਰਜੀਨੀਆ ਤੋਂ ਸ. ਜੰਮੂ ਦੇ ਜਿਗਰੀ ਦੋਸਤ ਅਤੇ ਰਿਸ਼ਤੇਦਾਰ ਗੁਰਮੇਲ ਸਿੰਘ ਕੰਗ ਅਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਤੋਂ ਇਲਾਵਾ ਸਿਨਸਿਨੈਟੀ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੀ ਤਰਫੋਂ ਸੁਰਜੀਤ ਸਿੰਘ ਮਾਵੀ ਆਪਣੇ ਸਾਥੀਆਂ ਨਾਲ ਇਸ ਦੁੱਖ ਦੀ ਘੜੀ ਵਿਚ ਪਹੁੰਚੇ। ਦੁੱਖ ਦੀ ਇਸ ਘੜੀ ਵਿਚ ਗੁਰਚਰਨ ਸਿੰਘ ਝੱਜ, ਅਮਰੀਕ ਸਿੰਘ ਅਮਰ ਕਾਰਪੈਟਸ, ਕੁਲਦੀਪ ਸਿੰਘ ਸਿਬਲ, ਜਗਦੀਸ਼ ਸਿੰਘ ਸੰਧੂ, ਸਤਨਾਮ ਸਿੰਘ ਔਲਖ, ਬਲਵਿੰਦਰ ਸਿੰਘ ਗਿੱਲ, ਇਕਬਾਲ ਸਿੰਘ ਚੋਪੜਾ, ਸੁਰਿੰਦਰਪਾਲ ਸਿੰਘ ਕਾਲੜਾ, ਜਸਵਿੰਦਰ ਸਿੰਘ (ਜੱਸੀ) ਸੰਧੂ, ਹਰਜੀਤ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਸੰਘਾ, ਸੁਰਿੰਦਰ ਕੌਰ ਸੰਘਾ, ਅਜੈਬ ਸਿੰਘ ਲਾਖਣ, ਭੁਪਿੰਦਰ ਸਿੰਘ ਢਿੱਲੋਂ, ਤਰਲੋਚਨ ਸਿੰਘ ਢਿੱਲੋਂ, ਸਤਇੰਦਰ ਪਾਲ ਸਿੰਘ, ਪਾਲ ਧਾਲੀਵਾਲ, ਗੁਰਬਚਨ ਸਿੰਘ, ਦਰਸ਼ਨ ਸਿੰਘ ਪੰਮਾ, ਗੁਰਮੀਤ ਸਿੰਘ ਬੈਂਸ, ਹੈਪੀ ਹੀਰ, ਰਘਵਿੰਦਰ ਸਿੰਘ ਮਾਹਲ, ਸੰਤੋਖ ਸਿੰਘ ਭਟਨੌਰਾ, ਗੁਰਮੀਤ ਸਿੰਘ ਭੋਲਾ, ਇਕਬਾਲ ਸਿੰਘ ਢਿੱਲੋਂ, ਕਰਮਬੀਰ ਸਿੰਘ, ਜਸਬੀਰ ਕੌਰ ਢਿੱਲੋਂ, ਕਿਰਪਾਲ ਕੌਰ, ਭਾਈ ਨਾਜਰ ਸਿੰਘ ਮਿਲਵਾਕੀ, ਹਰਿੰਦਰ ਸਿੰਘ ਆਹੂਜਾ, ਮੱਤ ਸਿੰਘ ਢਿੱਲੋਂ, ਮਿੱਕੀ ਕਾਹਲੋਂ, ਹਰਜਿੰਦਰ ਸਿੰਘ ਸੰਧੂ, ਹਰਕੀਰਤ ਸਿੰਘ ਸੰਧੂ, ‘ਢੋਲ ਰੇਡੀਓ’ ਤੋਂ ਸੁਖਪਾਲ ਗਿੱਲ, ਕਮਲਜੀਤ ਸਿੰਘ ਵਿਰਦੀ, ਬਲਕਾਰ ਸਿੰਘ ਢਿੱਲੋਂ, ਸੋਨੂੰ ਖਹਿਰਾ, ਜਸਕਰਨ ਧਾਲੀਵਾਲ, ਜਗਵਿੰਦਰ ਸਿੰਘ ਭੱਠਲ, ਸਰਵਣ ਸਿੰਘ ਸੇਖੋਂ, ਸਿੱਖ ਟੀ. ਵੀ. ਦੇ ਇੰਦਰਮੋਹਨ ਸਿੰਘ ਛਾਬੜਾ, ਸਵਰਨਜੀਤ ਸਿੰਘ, ਸਰਵਣ ਸਿੰਘ ਰਾਜੂ, ਵਰਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਗਿੱਲ, ਡਾ. ਅਮਰਜੀਤ ਸਿੰਘ, ਨਾਨਕੀ ਸਿੰਘ, ਜਸਵੀਰ ਕੌਰ ਸਿੰਘ, ਅਮਰਜੀਤ ਕੌਰ ਅਟਵਾਲ, ਸੁਖਮੇਲ ਸਿੰਘ ਅਟਵਾਲ, ਜਸਬੀਰ ਕੌਰ ਸਲੂਜਾ, ਕੁਲਦੀਪ ਸਿੰਘ ਮੱਕੜ, ਸੰਨੀ ਕੁਲਾਰ, ਰੌਨੀ ਕੁਲਾਰ, ਕੁਲਦੀਪ ਸਰਾਂ, ਮਨਮੋਹਨ ਸਿੰਘ ਮਿਨਹਾਸ, ਮਹਿੰਦਰ ਕੌਰ ਮਿਨਹਾਸ, ਧਰਮ ਸਿੰਘ, ਸਲਵਿੰਦਰ ਕੌਰ ਸੰਧੂ, ਲਖਵੀਰ ਸਿੰਘ (ਲੱਕੀ) ਸਹੋਤਾ, ਕਿਰਪਾਲ ਸਿੰਘ ਰੰਧਾਵਾ, ਕੇ. ਕੇ. ਪੰਮਾ, ਜਗਮੀਤ ਸਿੰਘ ਅਤੇ ਵਿਸਕਾਨਸਿਨ ਤੋਂ ਪਰਮਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਧਾਲੀਵਾਲ, ਪੂਜਾ ਧਾਲੀਵਾਲ ਸਮੇਤ ਅਨੇਕਾਂ ਸੱਜਣਾਂ ਨੇ ਸ਼ਾਮਲ ਹੋ ਕੇ ਸਵਰਗੀ ਜੰਮੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਤੋਂ ਇਲਾਵਾ ਬਹੁਤ ਸਾਰੇ ਲੇਖਕਾਂ, ਹਮਦਰਦਾਂ, ਪ੍ਰਸ਼ੰਸਕਾਂ ਅਤੇ ਪੰਜਾਬ ਟਾਈਮਜ਼ ਦੇ ਪਾਠਕਾਂ, ਸਹਿਯੋਗੀਆਂ ਤੇ ਦੂਰੋਂ-ਨੇੜਿਓਂ ਜੁੜੇ ਸਨੇਹੀਆਂ ਨੇ ਫੋਨਾਂ, ਈਮੇਲਾਂ ਤੇ ਸ਼ੋਕ ਸੁਨੇਹਿਆਂ ਰਾਹੀਂ ਸਵਰਗੀ ਜੰਮੂ ਦੇ ਅਕਾਲ ਚਲਾਣੇ ਉਤੇ ਅਫਸੋਸ ਜਾਹਰ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਸਟੇਜਾਂ ਦੀ ਰਾਣੀ ਜਾਂ ਸਟੇਜਾਂ ਦੀ ਮਲਿਕਾ (ਇਹ ਸੰਬੋਧਨੀ ਸ਼ਬਦ ਲਿਖਣਾ ਸ਼ੁਰੂ ਵੀ ਸ਼ਾਇਦ ਸ. ਅਮੋਲਕ ਸਿੰਘ ਜੰਮੂ ਨੇ ਕੀਤਾ ਸੀ) ਬੀਬੀ ਆਸ਼ਾ ਸ਼ਰਮਾ ਨੇ ਫੋਨ ਰਾਹੀਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਮੈਂ ਅਜਿਹੀਆਂ ਸ਼ਖਸੀਅਤਾਂ ਦੀ ਬਹੁਤ ਕਦਰਦਾਨ ਹਾਂ, ਜੋ ਜਿੰ਼ਦਗੀ ਨੂੰ ਚੈਲੰਜ ਵਜੋਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਜੰਮੂ ਭਾਅ ਜੀ ਦੇ ਸਦਾ ਲਈ ਤੁਰ ਜਾਣ ਦਾ ਪਤਾ ਲੱਗਾ ਤਾਂ ਮੇਰੀ ਸੱਚੀਂ ਮੁੱਚੀਂ ਧਾਹ ਨਿਕਲ ਗਈ ਤੇ ਇਸ ਨੂੰ ਯਕੀਨੀ ਉਨ੍ਹਾਂ ਦੀ ਗੱਲਬਾਤ ਬਣਾ ਰਹੀ ਸੀ। ਉਨ੍ਹਾਂ ਹੋਰ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਮੈਂ ਭਾਜੀ ਨੂੰ ਇਕ ਵਾਰੀ ਜਰੂਰ ਮਿਲਾਂ, ਜੋ ਕੁਝ ਸਾਲ ਪਹਿਲਾਂ ਸਿ਼ਕਾਗੋ ਫੇਰੀ ਦੌਰਾਨ ਉਨ੍ਹਾਂ ਨੂੰ ਘਰ ਜਾ ਕੇ ਮਿਲਣ ਨਾਲ ਪੂਰੀ ਹੋਈ। ਉਨ੍ਹਾਂ ਕਿਹਾ, “ਅਲਵਿਦਾ ਭਾਅ ਜੀ, ਤੁਸੀਂ ਸਵਰਗਾਂ ਵਿਚ ਆਪਣੀ ਥਾਂ ਯਕੀਨੀ ਬਣਾ ਕੇ ਗਏ ਹੋ।”
ਮਿਸ਼ੀਗਨ ਸੈਣੀ ਸਭਾ ਦੇ ਮੁਖੀ ਸੰਨੀ ਧੂੜ ਨੇ ਵੀ ਸ. ਅਮੋਲਕ ਸਿੰਘ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਦੁੱਖ ਜਾਹਰ ਕੀਤਾ। ਕੈਲੀਫੋਰਨੀਆ ਤੋਂ ਅਮੋਲਕ ਸਿੰਘ ਗਾਖਲ, ਗੁਰਚਰਨ ਸਿੰਘ ਮਾਨ, ਗੁਰਦਾਵਰ ਸਿੰਘ ਮਾਨ, ਮੱਖਣ ਬੈਂਸ, ਲਾਜ ਨੀਲਮ ਸੈਣੀ, ਸੁਖਦੇਵ ਸਿੰਘ ਬੈਣੀਵਾਲ ਸਮੇਤ ਪੰਜਾਬ ਟਾਈਮਜ਼ ਨਾਲ ਜੁੜੇ ਅਨੇਕਾਂ ਲੋਕਾਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ।
ਅਖਬਾਰ ਨਾਲ ਜੁੜੀਆਂ ਸੰਸਥਾਵਾਂ-ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ (ਪੀ. ਐਚ. ਓ.) ਸਿ਼ਕਾਗੋ; ਪੰਜਾਬੀ ਕਲਚਰਲ ਸੁਸਾਇਟੀ (ਪੀ. ਸੀ. ਐਸ.) ਸਿ਼ਕਾਗੋ; ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ-ਸਿ਼ਕਾਗੋ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ (ਮਿਡਵੈਸਟ) ਸਿ਼ਕਾਗੋ; ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸਿ਼ਕਾਗੋ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸਿ਼ਕਾਗੋ; ਸੀਨੀਅਰ ਸਿਟੀਜ਼ਨ ਸਿੱਖ ਐਸੋਸੀਏਸ਼ਨ (ਆਸਾ) ਸਿ਼ਕਾਗੋ; ‘ਸਵੇਰਾ’ (ਸਿੱਖ ਵੁਮਨ ਇਰਾ) ਸਿ਼ਕਾਗੋ; ਇੰਡੋ ਅਮੈਰਿਕਨ ਸੀਨੀਅਰ ਸੁਸਾਇਟੀ, ਇੰਡੀਅਨਐਪੋਲਿਸ (ਇੰਡੀਆਨਾ); ਪੰਜਾਬੀ ਕਲਚਰਲ ਆਰਗੇਨਾਈਜੇਸ਼ਨ-ਮਿਲਵਾਕੀ; ਗੁਰੂ ਲਾਧੋ ਰੇ ਸੇਵਾ ਸੁਸਾਇਟੀ-ਮਿਲਵਾਕੀ; ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ-ਇੰਡੀਆਨਾ; ਪੰਜਾਬ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ-ਮਿਸ਼ੀਗਨ; ਪੰਜਾਬੀ ਹੈਰੀਟੇਜ ਸੁਸਾਇਟੀ, ਕੈਲਮਜ਼ੂ (ਮਿਸ਼ੀਗਨ), ਪੰਜਾਬੀ ਕਲਚਰਲ ਸੁਸਾਇਟੀ, ਮਿਸ਼ੀਗਨ, ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਸਿਨਸਿਨੈਟੀ; ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸਿਨਸਿਨੈਟੀ; ਪੰਜਾਬ ਸਪੋਰਟਸ ਕਲੱਬ ਕਲੀਵਲੈਂਡ (ਓਹਾਇਓ); ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ; ਗਦਰ ਮੈਮੋਰੀਅਲ ਫਾਊਂਡੇਸ਼ਨ ਸੈਕਰਾਮੈਂਟੋ; ਇੰਡੋ ਅਮੈਰੀਕਨ ਕਲਚਰਲ ਆਰਗੇਨਾਈਜੇਸ਼ਨ ਸੈਕਰਾਮੈਂਟੋ; ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮੈਰਿਕਾ; ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ; ਇੰਡੋ-ਯੂ. ਐਸ. ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ; ਆਪਣਾ ਪੰਜਾਬ ਸਪੋਰਟਸ ਐਸੋਸੀਏਸ਼ਨ ਕੈਲੀਫੋਰਨੀਆ; ਸਿੱਖ ਸਪੋਰਟਸ ਐਸੋਸੀਏਸ਼ਨ ਕੈਲੀਫੋਰਨੀਆ; ਹੱਸਦਾ ਪੰਜਾਬ ਐਸੋਸੀਏਸ਼ਨ, ਡੈਲਸ; ਕਪੂਰਥਲਾ ਸਪੋਰਟਸ ਕਲੱਬ, ਨਿਊ ਯਾਰਕ; ਸ਼ਹੀਦ ਊਧਮ ਸਿੰਘ ਸਭਾ, ਨਿਊ ਯਾਰਕ; ਸ਼ਹੀਦ ਭਾਈ ਮਨੀ ਸਿੰਘ ਕਲਚਰਲ ਸੁਸਾਇਟੀ, ਨਿਊ ਯਾਰਕ; ਇੰਡੋ ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਨੇ ਵੀ ਸ. ਅਮੋਲਕ ਸਿੰਘ ਦੇ ਅਕਾਲ ਚਾਲਣੇ ਨੂੰ ਵੱਡਾ ਘਾਟਾ ਕਰਾਰ ਦਿੰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ-ਸਿੱਖ ਰਿਲੀਜੀਅਸ ਸੁਸਾਇਟੀ, ਸਿ਼ਕਾਗੋ (ਗੁਰਦੁਆਰਾ ਪੈਲਾਟਾਈਨ); ਗੁਰਦੁਆਰਾ ਇਲੀਨਾਏ ਸਿੱਖ ਕਮਿਊਨਿਟੀ ਸੈਂਟਰ, ਵ੍ਹੀਟਨ; ਗੁਰਦੁਆਰਾ ਦੀਵਾਨ ਐਵੇਨਿਊ, ਸਿ਼ਕਾਗੋ; ਸਿੱਖ ਰਿਲੀਜੀਅਸ ਸੁਸਾਇਟੀ ਆਫ ਨਾਰਥ-ਵੈਸਟ ਇੰਡੀਆਨਾ (ਗੁਰਦੁਆਰਾ ਕਰਾਊਨ ਪੁਆਇੰਟ); ਸਿੱਖ ਰਿਲੀਜੀਅਸ ਸੁਸਾਇਟੀ, ਬਰੁੱਕਫੀਲਡ; ਸਿੱਖ ਟੈਂਪਲ ਆਫ ਵਿਸਕਾਨਸਿਨ (ਓਕ ਕਰੀਕ) ਤੋਂ ਇਲਾਵਾ ਮਿਡਵੈਸਟ ਸਮੇਤ ਹੋਰਨਾਂ ਸਟੇਟਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਵੀ ਸ. ਜੰਮੂ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।