ਅਲਵਿਦਾ ਤੋਂ ਬਾਅਦ…

ਦਿੱਲੀ ਦੇ ਉਘੇ ਸ਼ਾਇਰ ਤਾਰਾ ਸਿੰਘ ਕਾਮਿਲ ਦੀ ਇਕ ਕਵਿਤਾ ਦੀਆਂ ਦੋ ਸਤਰਾਂ ਹਨ: ‘ਅਲਵਿਦਾ ਤਾਂ ਹੋ ਗਈ / ਅਲਵਿਦਾ ਤੋਂ ਬਾਅਦ ਮਿਲ’। ‘ਪੰਜਾਬ ਟਾਈਮਜ਼’ ਦੇ ਕਰਤਾ-ਧਰਤਾ ਅਤੇ ਇਸ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲੀ ਸ਼ਖਸੀਅਤ ਅਮੋਲਕ ਸਿੰਘ ਦੀ ਸਰੀਰਕ ਅਲਵਿਦਾਈ ਤੋਂ ਬਾਅਦ ਇਹ ਅਗਲੀ ਮਿਲਣੀ ਹੈ ਜਿਸ ਵਿਚ ਅਸੀਂ ਸਾਰੇ, ਉਨ੍ਹਾਂ ਦੇ ਸਨੇਹੀ ਅਤੇ ਸੰਗੀ-ਸਾਥੀ, ਇਸ ਮਿਲਣੀ ਵਿਚ ਸ਼ਰੀਕ ਹਾਂ। ਇਸ ਮਿਲਣੀ ਦਾ ਸਬਬ ਉਹ ਲਗਾਤਾਰਤਾ ਹੈ ਜੋ ਅਮੋਲਕ ਸਿੰਘ ਹੁਰਾਂ ਪਿਛਲੇ 21 ਵਰ੍ਹਿਆਂ ਦੌਰਾਨ ‘ਪੰਜਾਬ ਟਾਈਮਜ਼’ ਦੇ ਰੂਪ ਵਿਚ ਸਾਡੇ ਨਾਲ ਸਾਂਝੀ ਕੀਤੀ। ਇਨ੍ਹਾਂ ਦੋ ਦਹਾਕਿਆਂ ਦੌਰਾਨ ਇਸ ਲਗਾਤਾਰਤਾ ਅੰਦਰ ਇੰਨਾ ਨਿੱਘ ਆਣ ਸਮੋਇਆ ਹੈ ਕਿ ਇਸ ਨਿੱਘ ਦੀ ਬਦੌਲਤ ਹੀ ਅਗਲੀਆਂ ਮਿਲਣੀਆਂ ਦਾ ਬੰਨ੍ਹ-ਸੁਬ੍ਹ ਕੀਤਾ ਜਾ ਰਿਹਾ ਹੈ।

ਇਸ ਲਗਾਤਾਰਤਾ ਲਈ ਲਗਨ ਅਮੋਲਕ ਸਿੰਘ ਅੰਦਰ ਉਦੋਂ ਹੀ ਉਸਲਵੱਟੇ ਲੈਣ ਲੱਗ ਪਈ ਸੀ ਜਦੋਂ ‘ਪੰਜਾਬ ਟਾਈਮਜ਼ ਦਾ ਮੂੰਹ-ਮੱਥਾ ਬਣਨਾ ਸ਼ੁਰੂ ਹੋਇਆ ਹੀ ਸੀ ਅਤੇ ਵੱਖ-ਵੱਖ ਹਲਕਿਆਂ ਅੰਦਰ ‘ਪੰਜਾਬ ਟਾਈਮਜ਼’ ਦਾ ਨੋਟਿਸ ਲੈਣਾ ਆਰੰਭ ਹੋ ਗਿਆ ਸੀ। ਇਹ ਉਹ ਦੌਰ ਸੀ ਜਦੋਂ ‘ਪੰਜਾਬ ਟਾਈਮਜ਼’ ਦੀ ਚੜ੍ਹਤ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਅੰਦਰ ਪਲ ਰਹੀ ਮਰਜ਼ ਵੀ ਆਪਣਾ ਰੰਗ ਦਿਖਾਉਣ ਲੱਗ ਪਈ ਸੀ। ਇਹੀ ਉਹ ਦੌਰ ਸੀ ਜਦੋਂ ਅਮੋਲਕ ਸਿੰਘ ਹੁਰਾਂ ਆਪਣੇ ਪੱਤਰਕਾਰ ਮਿੱਤਰ ਨਰਿੰਦਰ ਭੁੱਲਰ ਨੂੰ ‘ਪੰਜਾਬ ਟਾਈਮਜ਼’ ਦੇ ਸੰਭਾਵੀ ਸਾਥੀ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਆਪਣੇ ਨਾਲ ਪੱਕੇ ਤੌਰ ‘ਤੇ ਜੋੜਨ ਲਈ ਹੀਲੇ-ਵਸੀਲੇ ਵੀ ਆਰੰਭ ਕਰ ਦਿੱਤੇ ਸਨ ਪਰ ਦੋ ਮਿਸਾਲੀ ਮਿੱਤਰਾਂ ਦੀ ਇਹ ਲਗਨ ਅੱਧ ਵਿਚਾਲਿਓ ਟੁੱਟ ਗਈ ਅਤੇ ਨਰਿੰਦਰ ਭੁੱਲਰ 2007 ਵਿਚ ਚਾਣਚੱਕ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਸ਼ਾਇਦ ਇਹੀ ਉਹ ਵਕਤ ਸੀ ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਸਰੀਰਕ ਮਰਜ਼ ਨਾਲ ਲੜਾਈ ਦੇ ਨਾਲ-ਨਾਲ ‘ਪੰਜਾਬ ਟਾਈਮਜ਼’ ਦੀ ਮੁਕੰਮਲ ਅਗਵਾਈ ਉਨ੍ਹਾਂ ਦੇ ਹਿੱਸੇ ਹੀ ਆਉਣੀ ਹੈ। ਫਿਰ ਨਰਿੰਦਰ ਭੁੱਲਰ ਵਾਲੀ ਘਾਟ ਨੂੰ ਉਨ੍ਹਾਂ ਨੇ ਸੱਜਣਾਂ-ਸਨੇਹੀਆਂ ਦਾ ਦਾਇਰਾ ਹੋਰ ਵਸੀਹ ਕਰ ਕੇ ਪੂਰਾ ਕਰਨ ਦਾ ਯਤਨ ਕੀਤਾ ਅਤੇ ਅੱਜ ‘ਪੰਜਾਬ ਟਾਈਮਜ਼’ ਜਿਸ ਮੁਕਾਮ ‘ਤੇ ਹੈ, ਉਹ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਦੇ ਯਤਨਾਂ ਨੇ ਕਿੰਨੀ ਉਚੀ ਉਡਾਣ ਭਰੀ ਹੈ।
ਅਮਰੀਕਾ ਦੀ ਧਰਤੀ ਉਤੇ ਪੰਜਾਬੀ ਪੱਤਰਕਾਰੀ ਦਾ ਸੂਹਾ ਸਫਾ ਪਿਛਲੀ ਸਦੀ ਦੇ ਦੂਜੇ ਦਹਾਕੇ ਦੌਰਾਨ ਗਦਰੀਆਂ ਨੇ ਲਿਖਣਾ ਆਰੰਭਿਆ ਸੀ। ਗਦਰੀਆਂ ਦਾ ਦਾਈਆ ਬਹੁਤ ਵੱਡਾ ਸੀ ਅਤੇ ਗਦਰੀਆਂ ਦਾ ਉਸ ਵਕਤ ਸੰਸਾਰ ਦੀ ਕਹਿੰਦੀ-ਕਹਾਉਂਦੀ ਸਥਾਪਤੀ ਨੂੰ ਖਦੇੜਨ ਦਾ ਸੁਪਨਾ ਲੈਣਾ ਬਿਨਾਂ ਸ਼ੱਕ ਕੋਈ ਸਾਧਾਰਨ ਗੱਲ ਨਹੀਂ ਸੀ। ਇਸ ਕਾਰਜ ਲਈ ਉਹ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਸਨ। ਉਨ੍ਹਾਂ ਦੀ ਲੜਾਈ ਦੀ ਵਡਿਆਈ ਇਸ ਤੱਥ ਅੰਦਰ ਵੀ ਲੁਕੀ ਹੋਈ ਹੈ ਕਿ ਉਨ੍ਹਾਂ ਜਿਊੜਿਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਦੇ ਪ੍ਰਚਾਰ ਲਈ ਅਖਬਾਰ ਸ਼ੁਰੂ ਕਰਨ ਦੀ ਪਹਿਲ ਕੀਤੀ। ਇਹ ਅਸਲ ਵਿਚ ਚੇਤਨਾ ਦੀ ਚਿਣਗ ਸੀ। ‘ਪੰਜਾਬ ਟਾਈਮਜ਼’ ਦਾ ਆਧਾਰ ਵੀ ਚੇਤਨਾ ਦੀ ਇਹ ਚਿਣਗ ਹੀ ਸੀ ਅਤੇ ਅਮੋਲਕ ਸਿੰਘ ਹੁਰਾਂ ਚੇਤਨਾ ਦੀ ਇਸ ਚਿਣਗ ਨੂੰ ਦੀਵੇ ਵਾਲੀ ਲਾਟ ਵਿਚ ਵਟਾਉਣ ਲਈ ਪੂਰੀ ਵਾਹ ਲਾ ਦਿੱਤੀ। ਫਿਰ ਇਸ ਦੀ ਅਗਲੀ ਕੜੀ ਵਜੋਂ ਹੀ ‘ਪੰਜਾਬ ਟਾਈਮਜ਼ ਨਾਈਟ’ ਨਮੂਦਾਰ ਹੋਈ ਜੋ ਪਿਛਲੇ ਕਈ ਸਾਲਾਂ ਤੋਂ ‘ਪੰਜਾਬ ਟਾਈਮਜ਼’ ਵਾਂਗ ਵੀ ਨਿਰਵਿਘਨ ਹਾਜ਼ਰੀ ਲੁਆਉਂਦੀ ਰਹੀ। ਸਾਲ 2020 ਵਿਚ ਕਰੋਨਾ ਦੀ ਮਾਰ ਕਾਰਨ ਇਹ ਨਾਈਟ ਅਚਾਨਕ ਰੱਦ ਕਰਨੀ ਪਈ ਸੀ ਅਤੇ ਐਤਕੀਂ ਵੀ ਇਸੇ ਮਾਰ ਕਾਰਨ ਇਹ ‘ਨਾਈਟ’ ਜਿਸ ਨੂੰ ਪਰਚੇ ਦੇ ਸਨੇਹੀ ਹੁਣ ਮੇਲਾ ਆਖਣ ਲੱਗ ਪਏ ਸਨ, ਸੰਭਵ ਨਹੀਂ ਹੋ ਸਕੀ। ਉਂਜ, ਜੋ ਕੁਝ ਸੰਭਵ ਹੋ ਸਕਿਆ, ਉਹ ਇਹ ਸੀ ਕਿ ‘ਪੰਜਾਬ ਟਾਈਮਜ਼’ ਕਰੋਨਾ ਦੇ ਔਖੇ ਵੇਲਿਆਂ ਅਤੇ ਲੱਖ ਦੁਸ਼ਵਾਰੀਆਂ ਦੇ ਬਾਵਜੂਦ ਸਨੇਹੀਆਂ ਦੇ ਦਰਾਂ ‘ਤੇ ਲਗਾਤਾਰ ਦਸਤਕ ਦਿੰਦਾ ਰਿਹਾ ਹੈ। ਕਰੋਨਾ ਕਾਰਨ ਪਿਛਲੇ ਇਕ ਸਾਲ ਤੋਂ ਪਰਚੇ ਦੀ ਛਪਾਈ ਸੰਭਵ ਨਹੀਂ ਹੋ ਸਕੀ ਪਰ ਪਰਚੇ ਦੇ ਮੁਹੱਬਤੀਆਂ ਨੇ ਆਨਲਾਈਨ ਪੁੱਜਦੇ ਪਰਚੇ ਨੂੰ ਜੋ ਮਾਣ ਬਖਸ਼ਿਆ ਹੈ, ਉਹ ਅਸਲ ਵਿਚ ਅਮੋਲਕ ਸਿੰਘ ਦੀ ਸ਼ਖਸੀਅਤ ਦਾ ਹੀ ਕੋਈ ਜਲੌਅ ਹੈ।
ਸ਼ਖਸੀਅਤ ਦਾ ਇਹ ਜਲੌਅ ਪਿਛਲੇ ਦੋ ਦਹਾਕਿਆਂ ਦੌਰਾਨ ਬਹਿਸਾਂ ਦੇ ਰੂਪ ਵਿਚ ਪਰਚੇ ਦੇ ਪੰਨਿਆਂ ਉਤੇ ਲਗਾਤਾਰ ਉਤਰਦਾ ਰਿਹਾ ਹੈ। ਇਨ੍ਹਾਂ ਬਹਿਸਾਂ ਵਿਚ ਹਰ ਵੰਨਗੀ ਅਤੇ ਵਿਚਾਰਧਾਰਾ ਦੇ ਵਿਦਵਾਨ ਸ਼ਾਮਿਲ ਹੁੰਦੇ ਰਹੇ ਹਨ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇ ਕਥਨ ‘ਕਿਛੁ ਸੁਣੀਐ ਕਿਛੁ ਕਹੀਐ’ ਦੀ ਰੌਸ਼ਨੀ ਵਿਚ ‘ਪੰਜਾਬ ਟਾਈਮਜ਼’ ਅਜਿਹਾ ਮੰਚ ਹੋ ਨਿਬੜਿਆ ਜਿਥੇ ਖਲੋ ਕੇ ਹਰ ਕੋਈ ਆਪਣੀ ਗੱਲ ਕਹਿ ਸਕਦਾ ਸੀ ਅਤੇ ਦੂਜਿਆਂ ਦੀ ਸੁਣ ਸਕਦਾ ਸੀ। ਇਸ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਸੱਚਮੁੱਚ ਨਿਆਰਾ ਤੇ ਨਿਵੇਕਲਾ ਨਜ਼ਰੀਂ ਪੈਂਦਾ ਹੈ ਅਤੇ ਇਸ ਦੇ ਮੁਹੱਬਤੀਆਂ ਦਾ ਜਿਹੜਾ ਵਿਸ਼ਾਲ ਕਾਫਲਾ ਦਿਸਦਾ ਹੈ, ਉਸ ਦਾ ਮੁੱਖ ਆਧਾਰ ਵੀ ਇਹੀ ਪਹੁੰਚ ਹੈ। ਉਂਜ, ਅਜਿਹੀ ਪਹੁੰਚ ਦੀ ਪ੍ਰੀਖਿਆ ਬੇਹੱਦ ਸਖਤ ਸੀ। ਅਮੋਲਕ ਸਿੰਘ ਹੁਰਾਂ ਅਤੇ ਉਨ੍ਹਾਂ ਦੇ ਲਾਏ ਬੂਟੇ ਨੇ ਇਹ ਪ੍ਰੀਖਿਆ ਬਹੁਤ ਸਹਿਜ ਨਾਲ ਅਤੇ ਅਡੋਲ ਰਹਿ ਕੇ ਪਾਸ ਕੀਤੀ ਹੈ। ਹੁਣ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਇਹ ਪ੍ਰੀਖਿਆ ਸਾਡੇ ਸਭਨਾਂ ਲਈ ਚੁਣੌਤੀ ਦੇ ਰੂਪ ਵਿਚ ਸਾਹਮਣੇ ਖੜ੍ਹੀ ਹੈ। ਕਰੋਨਾ ਦਾ ਕਹਿਰ ਭਾਵੇਂ ਅਜੇ ਟੁੱਟਿਆ ਨਹੀਂ ਹੈ ਪਰ ਜ਼ਿੰਦਗੀ ਆਪਣੇ ਲਈ ਨਿੱਤ ਨਵੇਂ ਰਾਹ ਲੱਭ ਲੈਂਦੀ ਹੈ। ਇਹ ਰਾਹ ਤਲਾਸ਼ਦਿਆਂ ‘ਪੰਜਾਬੀ ਟਾਈਮਜ਼’ ਆਪਣੇ ਲਈ ਖਾਸ ਰਾਹ ਤਲਾਸ਼ ਕਰਨ ਵਿਚ ਕਾਮਯਾਬ ਹੋ ਸਕਿਆ ਹੈ ਅਤੇ ਇਹ ਇਸੇ ਧੜਕਦੀ ਜ਼ਿੰਦਗੀ ਦਾ ਕੋਈ ਅੰਸ਼ ਜਾਪਦਾ ਹੈ। ਅਗਲੇ ਰਾਹ ਪਹਿਲਾਂ ਵਾਲੇ ਰਾਹਾਂ ਵਾਂਗ, ਬਿਨਾਂ ਸ਼ੱਕ ਬਿਖੜੇ ਹੀ ਹੋਣਗੇ ਪਰ ਪੱਤਰਕਾਰੀ ਦੇ ਪਿੜ ਵਿਚ ਇਤਿਹਾਸਕ ਰੋਲ ਨਿਭਾਉਣ ਵਾਲੇ ਇਸ ਪਰਚੇ ਨੂੰ ਮਾਣ ਹੈ ਕਿ ਪਰਚੇ ਦਾ ਇਹ ਸਫਰ ਪੰਜਾਬੀ ਪਿਆਰਿਆਂ ਦੇ ਸਨੇਹ ਨੇ ਸੰਭਵ ਬਣਾਇਆ ਹੈ।