ਪੰਚਾਇਤ ਚੋਣਾਂ ਤੋਂ ਬਾਅਦ ਪੰਜਾਬ ਟੁੱਕਿਆ-ਪੱਛਿਆ ਗਿਆ ਹੈ। ਚੁਫੇਰਿਉਂ ਲੜਾਈ, ਵੱਢ-ਵਢਾਂਗੇ ਅਤੇ ਗੋਲੀਆਂ ਚੱਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਹ ਚੋਣਾਂ ਪਿਛਲੀ ਵਾਰ ਦੀ ਕਿਸੇ ਵੀ ਚੋਣ ਨਾਲੋਂ ਇਸ ਕਰ ਕੇ ਵੀ ਨਿਆਰੀਆਂ ਹੋ ਨਿੱਬੜੀਆਂ ਹਨ ਕਿ ਬਹੁਤੀ ਥਾਂਈਂ ਲੜਨ ਵਾਲੇ ਇਕੋ ਹੀ ਧਿਰ ਨਾਲ ਸਬੰਧਤ ਹੈ। ਇਸ ਧਿਰ ਵਿਚ ਸ਼ਾਮਲ ਆਗੂ ਅਤੇ ਵਰਕਰ, ਸੱਤਾ ਦਾ ਸੁੱਖ ਮਾਣ ਰਹੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਇਹ ਆਪਸ ਵਿਚ ਹੀ ਭਿੜ ਰਹੇ ਹਨ। ਸਿਤਮਜ਼ਰੀਫੀ ਇਹ ਵੀ ਹੈ ਕਿ ਇਕ ਪਾਸੇ ਤਾਂ ਕਤਲ-ਓ-ਗਾਰਤ ਚੱਲ ਰਹੀ ਹੈ, ਲੋਕਾਂ ਦੇ ਘਰੀਂ ਸੱਥਰ ਵਿਛ ਰਹੇ ਹਨ; ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਧਾਈਆਂ ਦੇਣ ਦੇ ਇਸ਼ਤਿਹਾਰ ਛਪ ਰਹੇ ਹਨ, ਉਸ ਦੀਆਂ ਹੱਸਦੇ ਦੀਆਂ ਫੋਟੋਆਂ ਅਖਬਾਰੀ ਸਫਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਵਿਰੋਧੀ ਧਿਰ ਕਾਂਗਰਸ ਦੀ ਜੋ ਹਾਲਤ ਹੈ, ਉਸ ਬਾਰੇ ਤਾਂ ਕੋਈ ਗੱਲ ਕਰਨੀ ਵੀ ਨਹੀਂ ਬਣਦੀ। ਇਸ ਪਾਰਟੀ ਦੇ ਸਾਰੇ ਦੇ ਸਾਰੇ ਧੜੇ ਅਖਬਾਰਾਂ ਵਿਚ ਤਾਂ ਨਿੱਤ ਦਿਨ ਬਿਆਨ ਛਪਵਾਈ ਜਾਂਦੇ ਹਨ, ਪਰ ਹੇਠਲੇ ਪੱਧਰ ‘ਤੇ ਜਾ ਕੇ ਕੰਮ ਕਰਦਾ ਕੋਈ ਵੀ ਨਜ਼ਰੀਂ ਨਹੀਂ ਪੈ ਰਿਹਾ। ਸ਼ਾਇਦ ਇਸੇ ਕਰ ਕੇ ਸੁਖਬੀਰ ਐਂਡ ਪਾਰਟੀ ਬਹੁਤਾ ਕੁਝ ਨਾ ਕਰਨ ਦੇ ਬਾਵਜੂਦ, ਦੋਹਾਂ ਹੱਥਾਂ ਵਿਚ ਲੱਡੂ ਲਈ ਬੈਠੀ ਹੈ। ਅਜਿਹੇ ਹਾਲਾਤ ਵਿਚ ਆਮ ਬੰਦਾ ਬੜਾ ਬੇਵੱਸ ਜਿਹਾ ਹੋ ਕੇ ਆਪਣੇ ਆਲੇ-ਦੁਆਲੇ ਝਾਕ ਰਿਹਾ ਹੈ। ਬੁੱਧੀਜੀਵੀ ਤਾਂ ਖੈਰ, ਪੰਜਾਬ ਬਾਰੇ ਚਿਰਾਂ ਤੋਂ ਚੁੱਪ ਹਨ। ਜਿਹੜੇ ਕੁਝ ਕੁ ਦਾਨੇ-ਬੀਨੇ ਕੁਝ ਬੋਲ ਵੀ ਰਹੇ ਹਨ, ਉਨ੍ਹਾਂ ਦੀ ਰਸਾਈ ਆਵਾਮ ਤੱਕ ਹੋ ਨਹੀਂ ਰਹੀ। ਇਸੇ ਕਰ ਕੇ ਅੱਜ ਸਾਧਾਰਨ ਪੰਜਾਬੀ ਬੰਦਾ ਵੀ ਚੁੱਪ ਦਾ ਖੋਲ ਪਹਿਨ ਕੇ ਬੈਠ ਗਿਆ ਹੈ ਅਤੇ ਦੇਖਦਿਆਂ ਦੇਖਦਿਆਂ ਸਮੁੱਚਾ ਪੰਜਾਬ ਹੀ ਚੁੱਪ ਦੀ ਬੁੱਕਲ ਮਾਰੀ ਬੇਪਛਾਣ ਜਿਹਾ ਹੋ ਗਿਆ ਜਾਪਦਾ ਹੈ। ਘੱਟੋ-ਘੱਟ ਆਮ ਬੰਦੇ ਦੀ ਪਛਾਣ ਵਿਚ ਤਾਂ ਇਹ ਪੰਜਾਬ ਉੱਕਾ ਨਹੀਂ ਆ ਰਿਹਾ। ਇਸ ਦੇ ਨੈਣ-ਨਕਸ਼ ਉੱਕਾ ਹੀ ਬਦਲ ਗਏ ਜਾਪਦੇ ਹਨ। ਕੁਝ ਸਾਲ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਸਿਆਸਤ ਦੀ ਸ਼ਤਰੰਜ ਨੇ ਇਸ ਨੂੰ ਕੀ ਦਾ ਕੀ ਬਣਾ ਧਰਿਆ ਹੈ!
ਐਤਕੀਂ ਪੰਚਾਇਤ ਚੋਣਾਂ ਤੋਂ ਬਾਅਦ ਹਾਲਾਤ ਇੱਦਾਂ ਦੇ ਬਣ ਗਏ ਹਨ ਕਿ ਖੁਦ ਅਕਾਲੀਆਂ ਨੂੰ ਸਮਝ ਨਹੀਂ ਪੈ ਰਹੀ ਕਿ ਇਨ੍ਹਾਂ ਨੇ ਆਖਰਕਾਰ ਜਿੱਤ ਕਿਸ ਉਤੇ ਪ੍ਰਾਪਤ ਕੀਤੀ ਹੈ? ਅਸਲ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿਚ ਜਿਸ ਤਰ੍ਹਾਂ ਪਾਰਟੀ ਦੀ ਥਾਂ ਆਗੂਆਂ ਦੀ ਸਰਦਾਰੀ ਵਧੀ ਹੈ, ਉਸ ਨੇ ਪਾਰਟੀ ਅੰਦਰ ਵੱਖ ਵੱਖ ਆਗੂਆਂ ਦੇ ਪੱਕੇ ਧੜੇ ਕਾਇਮ ਕਰ ਦਿੱਤੇ ਹਨ ਅਤੇ ਇਹ ਸਭ ਸੱਤਾ ਉਤੇ ਕਾਬਜ਼ ਰਹਿਣ ਲਈ ਹੀ ਕੀਤਾ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਐਲਾਨ ਕੀਤਾ ਸੀ, ਤਾਂ ਇਸ ਦੇ ਬਾਹਰਲੇ ਅਰਥ ਭਾਵੇਂ ਵਿਕਾਸ ਨਾਲ ਜੋੜੇ ਗਏ ਸਨ, ਪਰ ਇਸ ਦੇ ਅੰਦਰੂਨੀ ਤੇ ਅਸਲ ਅਰਥ ਇਹੀ ਸਨ ਕਿ ਸੱਤਾ ਉਤੇ ਕਾਬਜ਼ ਰਹਿਣਾ ਹੈ। ਉਦੋਂ ਬਾਦਲ ਦਾ ਦਾਈਆ ਪੰਜ ਸਾਲ ਦੀ ਸੱਤਾ ਤੱਕ ਦਾ ਸੀ। ਹੁਣ ਉਨ੍ਹਾਂ ਦਾ ਫਰਜੰਦ ਸੁਖਬੀਰ ਸਿੰਘ ਬਾਦਲ 25 ਸਾਲ ਸੱਤਾ ਉਤੇ ਕਾਬਜ਼ ਰਹਿਣ ਦੇ ਦਾਅਵੇ ਕਰ ਰਿਹਾ ਹੈ ਤਾਂ ਉਸ ਦੀ ਸਿਆਸਤ ਵਿਚ ਇੰਨੀ ਕੁ ਤਬਦੀਲੀ ਤਾਂ ਹੋਣੀ ਹੀ ਸੀ! ਇਸ 25 ਸਾਲਾ ਸ਼ਾਸਨ ਲਈ ਉਸ ਨੇ ਜਿਹੜਾ ਢਾਂਚਾ ਖੜ੍ਹਾ ਕੀਤਾ ਹੈ, ਉਸ ਨੇ ਪੈਂਦੀ ਸੱਟੇ ਹੀ ਪੰਜਾਬ ਦੇ ਨਕਸ਼ਾਂ ਉਤੇ ਪੋਚਾ ਫੇਰਨ ਦਾ ਯਤਨ ਕੀਤਾ ਹੈ। ਪਿਛਲੇ ਸਮੇਂ ਦੌਰਾਨ ਹੋ ਰਹੀਆਂ ਘਟਨਾਵਾਂ ਇਸ ਦੀਆਂ ਗਵਾਹ ਹਨ। ਉਂਜ ਵੀ ਹੁਣ ਤੱਕ ਪਿਉ-ਪੁੱਤ ਦਾ ਮੁੱਖ ਨਿਸ਼ਾਨਾ ਚੋਣਾਂ ਜਿੱਤਣਾ ਹੀ ਰਿਹਾ ਹੈ ਅਤੇ ਚੋਣਾਂ ਜਿੱਤਣ ਲਈ ਇਨ੍ਹਾਂ ਨੇ ਸਭ ਕੁਝ ਦਾਅ ਉਤੇ ਲਾ ਦਿੱਤਾ ਹੈ। ਦੋਵੇਂ ਜਣੇ ਕਦੀ ਕੋਈ ਅਤੇ ਕਦੇ ਕੋਈ ਸਿਆਸੀ ਪੱਤਾ ਖੇਡਦੇ ਹਨ। ਪਿੰਡਾਂ ਵਿਚ ਪੰਚਾਂ-ਸਰਪੰਚਾਂ ਦੀ ਚੋਣ ਕਦੀ ਸਿੱਧੀ ਅਤੇ ਕਦੀ ਅਸਿੱਧੀ, ਇਸੇ ਸਿਆਸੀ ਖੇਡ ਦਾ ਪਿੜ ਬਣੀਆਂ। ਐਤਕੀਂ ਪਿੰਡਾਂ ਵਿਚ ਵਾਰਡਬੰਦੀ ਤਹਿਤ ਚੋਣਾਂ ਕਰਵਾਈਆਂ ਗਈਆਂ। ਨਿਸ਼ਾਨਾ ਬੱਸ ਇਕ ਹੀ ਹੁੰਦਾ ਹੈ ਕਿ ਹਰ ਹੀਲੇ-ਵਸੀਲੇ ਚੋਣ ਜਿੱਤਣੀ ਹੈ। ਜ਼ਾਹਿਰ ਹੈ ਕਿ ਦੋਵੇਂ ਪਿਉ-ਪੁੱਤ ਆਪਣੀਆਂ ਸਕੀਮਾਂ ਮੁਤਾਬਕ ਜਿੱਤ ਵੀ ਰਹੇ ਹਨ, ਪਰ ਉਹ ਪੰਜਾਬ ਹੁਣ ਲਗਾਤਾਰ ਹਾਰ ਰਿਹਾ ਹੈ ਜਿਹੜਾ ਕਿਸੇ ਦੀ ਟੈਂ ਨਹੀਂ ਸੀ ਮੰਨਦਾ ਹੁੰਦਾ!
ਪਿਉ-ਪੁੱਤ ਦੀਆਂ ਇਨ੍ਹਾਂ ਜਿੱਤਾਂ ਦੇ ਹੋਰ ਵੀ ਕਈ ਕਾਰਨ ਹੋਣਗੇ, ਪਰ ਇਨ੍ਹਾਂ ਵਿਚੋਂ ਇਕ ਤਾਂ ਇਹੀ ਹੈ ਕਿ ਫਿਲਹਾਲ ਇਨ੍ਹਾਂ ਨੂੰ ਹਰਾਉਣ ਵਾਲਾ ਕੋਈ ਨਹੀਂ। ਪਿਛਲੀਆਂ ਵਿਧਾਨ ਸਭਾ ਚੋਣਾਂ ਬਾਰੇ ਹਰ ਵਿਸ਼ਲੇਸ਼ਣਕਾਰ ਇਸ ਸਿੱਟੇ ਉਤੇ ਅੱਪੜਿਆ ਸੀ ਕਿ ਉਦੋਂ ਬਾਦਲਾਂ ਦਾ ਅਕਾਲੀ ਦਲ ਨਹੀਂ ਸੀ ਜਿੱਤਿਆ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਹਾਰ ਗਈ ਸੀ। ਇਸ ਦੇ ਨਾਲ ਹੀ ਵਕਤ ਦਾ ਪਹੀਆ ਵੀ ਕੁਝ ਇਸ ਤਰ੍ਹਾਂ ਗਿੜਿਆ ਕਿ ਪੀਪਲਜ਼ ਪਾਰਟੀ ਆਫ ਪੰਜਾਬ ਲੈ ਕੇ ਆਏ ਮਨਪ੍ਰੀਤ ਸਿੰਘ ਬਾਦਲ ਦੀ ਸਿਆਸਤ ਵੀ ਬਾਦਲਾਂ ਦੇ ਹੱਕ ਵਿਚ ਚਲੀ ਗਈ। ਉਹ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਓਹੜ-ਪੋਹੜ ਕਰਦਾ ਕਰਦਾ ਕਾਂਗਰਸ ਨੂੰ ਹੀ ਸੱਤਾ ਤੋਂ ਦੂਰ ਲੈ ਗਿਆ। ਹੁਣ ਹਾਲਾਤ ਇਹ ਬਣੇ ਹਨ ਕਿ ਅੱਜ ਤੱਕ ਨਾ ਤਾਂ ਉਸ ਦੀ ਜਥੇਬੰਦੀ ਜਾਂ ਤੀਜੇ ਮੋਰਚੇ ਦਾ ਕੋਈ ਮੂੰਹ-ਮੱਥਾ ਬਣਿਆ ਹੈ ਅਤੇ ਨਾ ਹੀ ਉਦੋਂ ਇਕ ਵਾਰ ਉਖੜੀ ਕਾਂਗਰਸ ਦੇ ਹੀ ਕਿਸੇ ਪਾਸੇ ਪੈਰ ਲੱਗੇ ਹਨ। ਇਉਂ ਇਕ ਲਿਹਾਜ਼ ਨਾਲ ਖਾਲੀ ਪਿੜ ਵਿਚ ਬਾਦਲ ਹੀ ਬਾਘੀਆਂ ਪਾ ਰਹੇ ਹਨ। ਐਤਕੀਂ ਪੰਚਾਇਤੀ ਚੋਣਾਂ ਵਿਚ ਇਹ ਬਾਘੀਆਂ ਪਾਉਂਦੇ ਪਾਉਂਦੇ ਆਪਸ ਵਿਚ ਹੀ ਖਹਿ ਪਏ ਹਨ ਤੇ ਨਤੀਜਾ ਸਭ ਦੇ ਸਾਹਮਣੇ ਹੈ, ਪੰਜਾਬ ਟੁੱਕਿਆ-ਪੱਛਿਆ ਪਿਆ ਹੈ। ਇਸ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੀ ਕੂੜ ਸਿਆਸਤ ਵਿਚੋਂ ਨਿਕਲਣ ਲਈ ਪਤਾ ਨਹੀਂ ਅਜੇ ਹੋਰ ਕਿੰਨਾ ਸਮਾਂ ਉਡੀਕਣਾ ਪੈਣਾ ਹੈ!
Leave a Reply