ਨਿੱਕੇ ਜਿਹੇ ‘ਸ਼ੰਕੇ’ ਦੇ ਤੌਰ ‘ਤੇ ਇਹ ਸਵਾਲ ਉਦਾਂ ਤਾਂ ਪਹਿਲਾਂ ਵੀ ਮੇਰੇ ਮਨ ਵਿਚ ਉਠਦਾ ਰਿਹਾ ਹੈ, ਪਰ ਇਸ ਹਫਤੇ ਦੇ ਸਾਰੇ ਪੰਜਾਬੀ ਅਖ਼ਬਾਰਾਂ ਦੀ ਨਜ਼ਰਸਾਨੀ ਕਰਦਿਆਂ ਇਹ ਸ਼ੰਕਾ ਮੇਰੇ ਲਈ ‘ਵੱਡਾ ਸਵਾਲ’ ਬਣ ਗਿਆ। ਸਵਾਲ ਇਹ ਹੈ ਕਿ ‘ਪੰਜਾਬ ਟਾਈਮਜ਼’ ਅਖ਼ਬਾਰ ਦੀਆਂ ਸਾਰੀਆਂ ਸਮਕਾਲੀ ਅਖ਼ਬਾਰਾਂ ਲਗਭਗ ਹਰ ਹਫ਼ਤੇ ਆਪਣੇ ਦਫ਼ਤਰ ਪਧਾਰਨ ਵਾਲੇ ਕਿਸੇ ਸਾਧ-ਸੰਤ, ਸਿਆਸੀ ਲੀਡਰ ਜਾਂ ਉਂਜ ਹੀ ਕਿਸੇ ਪ੍ਰਸਿੱਧ ਸ਼ਖਸ ਬਾਰੇ ਕਈ-ਕਈ ਰੰਗਦਾਰ ਸਫ਼ੇ ਛਾਪਦੀਆਂ ਹਨ। ਸਬੰਧਤ ਵੀæਆਈæਪੀæ ਦੇ ਵੱਖਰੇ ਵੱਖਰੇ ਪੋਜ਼ ਲ਼ਿਸ਼ਕਾ-ਪੁਸ਼ਕਾ ਕੇ ਸੋਭਾ ਵਧਾਈ ਜਾਂਦੀ ਹੈ। ਕਿਸੇ ਨੇ ਮੁੱਖ ਦਫਤਰ ਵਿਚ ਚਾਹ ਪੀਂਦਿਆਂ ਦੀ ਫ਼ੋਟੋ ਥੱਲੇ ਲਿਖਿਆ ਹੁੰਦਾ ਹੈ, “ਪੰਜਾਬ ਦੇ ਹਾਲਾਤ ਬਾਰੇ ਗਹਿਰ-ਗੰਭੀਰ ਵਿਚਾਰ-ਵਟਾਂਦਰਾ ਕਰਦੇ ਹੋਏ ਫਲਾਂ ਫਲਾਂ ਸਿੰਘ ਜੀ।” ਕਿਸੇ ਨੇ ਆਪਣੇ ਘਰ ਦੇ ਜੀਆਂ ਨਾਲ, ਕਿਸੇ ਨੇ ਆਪਣੇ ਬੈਕ-ਯਾਰਡ ਵਿਚ ਬਣੇ ਪੂਲ ਦੇ ਕੰਢੇ ‘ਤੇ ਮੁੱਖ ਮਹਿਮਾਨ ਨੂੰ ਬਿਠਾ ਕੇ ਅਤੇ ਕਿਸੇ ਨੇ ਸਾਰਿਆਂ ਦੇ ਹੱਥਾਂ ਵਿਚ ਆਪਣੀ ਅਖਬਾਰ ਫੜਾ ਕੇ, ਖੂਬ ‘ਖੁਦ-ਨੁਮਾਇਸ਼’ ਕੀਤੀ ਹੁੰਦੀ ਹੈ। ਲਗਭਗ ਸਾਰੀਆਂ ਅਖ਼ਬਾਰਾਂ ਵਿਚ ਛਪਦਾ ਅਜਿਹਾ ਕੁਝ ਦੇਖ ਕੇ ‘ਪੰਜਾਬ ਟਾਈਮਜ਼’ ਉਤੇ ਬੜਾ ਤਰਸ ਆਉਂਦਾ ਹੈ। ਇਸ ਦਾ ਦਫ਼ਤਰ ਵੀ ‘ਵਿਚਾਰਾ’ ਜਿਹਾ ਜਾਪਦਾ ਹੈ ਜਿੱਥੇ ਕਦੇ ਕੋਈ ‘ਪਹੁੰਚਿਆ ਹੋਇਆ’ ਮਹਾਂ-ਪੁਰਸ਼ ਚਰਨ ਹੀ ਨਹੀਂ ਪਾਉਂਦਾ! ਨਾ ਹੀ ਤੁਹਾਡੇ ਕਦੇ ਕੋਈ ਸਿਆਸੀ ਨੇਤਾ ਆਇਆ ਸੁਣਿਆ ਹੈ ਜੋ ਹੱਥ ਵਿਚ ‘ਪੰਜਾਬ ਟਾਈਮਜ਼’ ਦਾ ਕੋਈ ਅੰਕ ਲੈ ਕੇ ਖੜ੍ਹਾ ਕਹਿ ਰਿਹਾ ਹੋਵੇ, “ਮੈਂ ਤਾਂ ਬੱਸ ਇਹੀ ਅਖਬਾਰ ਪੜ੍ਹਦਾਂ।”
ਕ੍ਰਿਪਾ ਕਰ ਕੇ ਮੇਰੇ ਵਰਗੇ ਪਾਠਕਾਂ ਦਾ ਇਹ ਸ਼ੰਕਾ ਨਵਿਰਤ ਕਰੋ ਅਤੇ ਦੱਸੋ ਕਿ ਕੀ ਤੁਹਾਡੇ ਦਫ਼ਤਰ ਵਿਚ ਕੋਈ ਕਦੀ ਪਧਾਰਦਾ ਹੀ ਨਹੀਂ? ਜਾਂ ਤੁਸੀਂ ਪਧਾਰਨ ਵਾਲਿਆਂ ਦਾ ਬਾਹਰ ‘ਧੂੰਆਂ ਕੱਢਣਾ’ ਪਸੰਦ ਹੀ ਨਹੀਂ ਕਰਦੇ? ਦੋਹਾਂ ਵਿਚੋਂ ਕਿਸੇ ਇਕ ਗੱਲ ਦੇ ਦਰੁਸਤ ਹੋਣ ਬਾਰੇ ਚਾਨਣਾ ਪਾਓ। ਨਾਲੇ ਇਹ ਰਾਜ ਵੀ ਖੋਲ੍ਹਣ ਦੀ ਖੇਚਲ ਕਰੋ ਕਿ ਜਿਸ ਮਕਸਦ ਨੂੰ ਪੂਰਾ ਕਰਨ ਲਈ ਬਾਕੀ ਦੀਆਂ ਅਖ਼ਬਾਰਾਂ ਅਜਿਹੇ ‘ਤਰੱਦਦ’ ਕਰਦੀਆਂ ਹਨ, ਆਖਰ ਤੁਸੀਂ ਵੀ ਪੰਜਾਬੀ ਅਖਬਾਰ ਹੀ ਚਲਾਉਂਦੇ ਹੋ, ਫਿਰ ਤੁਸੀਂ ਉਸ ‘ਮਕਸਦ’ ਦੀ ਪੂਰਤੀ ਕਿਵੇਂ ਕਰਦੇ ਹੋ? ਬਿਨਾਂ ਕਿਸੇ ਲੱਗ-ਲਬੇੜ ਦੇ ਪੁੱਛਣਾ ਚਾਹੁੰਦਾ ਹਾਂ ਕਿ ਸਾਧਾਂ, ਸੰਤਾਂ, ਸਿਆਸਤਦਾਨਾਂ ਬਿਨਾਂ ਤੁਹਾਡਾ ਕਿਵੇਂ ਸਰੀ ਜਾਂਦਾ ਹੈ?
-ਕਮਿੱਕਰ ਸਿੰਘ, ਹੇਵਰਡ।
Leave a Reply