ਕਣਕ ਦੀ ਖਰੀਦ: ਸਰਕਾਰ ਨੇ ਮੰਡੀਆਂ ਵਿਚ ਰੋਲਿਆ ਅੰਨਦਾਤਾ

ਚੰਡੀਗੜ੍ਹ: ਪੰਜਾਬ ਸਰਕਾਰ ਕਣਕ ਦੀ ਫਸਲ ਖਰੀਦ ਦੇ ਪ੍ਰਬੰਧਾਂ ਵਿਚ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ ਤੇ ਸੂਬਾ ਸਰਕਾਰ, ਕੇਂਦਰ ਸਰਕਾਰ ਅੱਗੇ ਤਰਲੇ ਮਾਰਨ ਦੇ ਸਿਵਾਏ ਕੁਝ ਨਹੀਂ ਕਰ ਸਕੀ। ਸਰਕਾਰ ਬਾਰਦਾਨੇ ਦਾ ਵਾਜਬ ਪ੍ਰਬੰਧ ਨਹੀਂ ਕਰ ਸਕੀ। ਕਿਸਾਨ ਬਹੁਤ ਸਾਰੀਆਂ ਮੰਡੀਆਂ ਦੇ ਸਾਹਮਣੇ ਸੜਕਾਂ ਉਤੇ ਜਾਮ ਲਗਾ ਕੇ ਰੋਸ ਪ੍ਰਗਟ ਕਰ ਰਹੇ ਹਨ। ਸਰਕਾਰ ਨੇ ਇਸ ਵਾਰ ਪਹਿਲੀ ਅਪਰੈਲ ਤੋਂ ਸ਼ੁਰੂ ਹੁੰਦੀ ਖਰੀਦ 10 ਅਪਰੈਲ ਤੱਕ ਅੱਗੇ ਪਾ ਦਿੱਤੀ ਸੀ। ਪੰਜਾਬ ਵਿਚ ਕੰਬਾਇਨਾਂ ਅਤੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਦੀ ਗਿਣਤੀ ਵੱਧ ਹੋਣ ਕਰਕੇ ਹੁਣ ਸੀਜ਼ਨ ਹਫਤੇ ਤੋਂ ਦਸ ਦਿਨਾਂ ਤੱਕ ਸਿਮਟ ਜਾਂਦਾ ਹੈ। ਇਸ ਕਰ ਕੇ ਖਰੀਦ ਦੇ ਪਹਿਲੇ ਹਫਤੇ ਹੀ ਵੱਡੀ ਮਾਤਰਾ ਵਿਚ ਕਣਕ ਮੰਡੀਆਂ ਵਿਚ ਆ ਗਈ ਹੈ।

ਸਬੰਧਤ ਮਹਿਕਮਿਆਂ ਨੂੰ ਪਤਾ ਹੁੰਦਾ ਹੈ ਕਿ ਅਗਲੇ ਸੀਜ਼ਨ ਵਿਚ ਕਿੰਨੀਆਂ ਬੋਰੀਆਂ ਦੀ ਲੋੜ ਪਵੇਗੀ। ਜੇਕਰ ਫਿਰ ਵੀ ਸਮੇਂ ਸਿਰ ਬਾਰਦਾਨਾ ਮੌਜੂਦ ਨਾ ਹੋਵੇ ਤਾਂ ਇਸ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਹੀ ਕਿਹਾ ਜਾ ਸਕਦਾ ਹੈ।
ਹੁਣ ਪੰਜਾਬ ਸਰਕਾਰ ਨੇ ਆੜ੍ਹਤੀਆਂ ਕੋਲ ਪਏ ਪੁਰਾਣੇ ਬਾਰਦਾਨੇ ਨੂੰ ਵਰਤਣ ਦਾ ਫੈਸਲਾ ਕਰ ਲਿਆ ਹੈ। ਅਦਾਇਗੀ ਦੀ ਸਮੱਸਿਆ ਅਜੇ ਤੱਕ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋਈ। ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮੁੱਦੇ ਉਤੇ ਕੇਂਦਰ, ਰਾਜ ਸਰਕਾਰ ਅਤੇ ਆੜ੍ਹਤੀਆਂ ਦਰਮਿਆਨ ਵਿਵਾਦ ਬਹੁਤ ਦੇਰ ਤੱਕ ਚੱਲਦਾ ਰਿਹਾ ਹੈ। ਸਾਫਟਵੇਅਰ ਦੀ ਸਮੱਸਿਆ ਕਾਰਨ ਅਜੇ ਤੱਕ ਵੀ ਕਿਸਾਨਾਂ ਦੇ ਖਾਤਿਆਂ ਵਿਚ ਅਦਾਇਗੀ ਦੀ ਰਕਮ ਪਹੁੰਚਣ ਵਿਚ ਦੇਰੀ ਹੋ ਰਹੀ ਹੈ। ਐਫ.ਸੀ.ਆਈ. ‘ਤੇ ਵੀ ਦੋਸ਼ ਲੱਗ ਰਹੇ ਹਨ ਕਿ ਉਹ ਖਰੀਦ ਵਿਚ ਦਿਲਚਸਪੀ ਨਹੀਂ ਲੈ ਰਹੀ ਹਾਲਾਂਕਿ ਪੰਜਾਬ ਦੀਆਂ ਏਜੰਸੀਆਂ ਵੀ ਐਫ.ਸੀ.ਆਈ. ਲਈ ਹੀ ਖਰੀਦ ਕਰਦੀਆਂ ਹਨ। ਕਿਸਾਨਾਂ ਵਿਚ ਇਹ ਪ੍ਰਭਾਵ ਹੈ ਕਿ ਕੇਂਦਰ ਸਰਕਾਰ ਹੌਲੀ ਹੌਲੀ ਜਿਣਸ ਦੀ ਸਮੁੱਚੀ ਖਰੀਦ ਦੀ ਨੀਤੀ ਤੋਂ ਪਿਛਾਂਹ ਹਟਣ ਵਾਲੀ ਹੈ। ਇਹੀ ਕਾਰਨ ਹੈ ਕਿ ਕਿਸਾਨ ਕੇਵਲ ਘੱਟੋ-ਘੱਟ ਸਮਰਥਨ ਮੁੱਲ ਦੇ ਨਾਲ ਨਾਲ ਬਲਕਿ ਜਿਣਸ ਦੀ ਖਰੀਦ ਦੀ ਗਰੰਟੀ ਵੀ ਮੰਗ ਰਹੇ ਹਨ।
ਪੰਜਾਬ ਵਿਚ ਹਾਲਾਤ ਇਹ ਹਨ ਕਿ ਸੂਬੇ ਦੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਕਿਸਾਨਾਂ ਦੇ ਗੁੱਸੇ ਦੇ ਡਰੋਂ ਖਰੀਦ ਕੇਂਦਰਾਂ ਤੋਂ ਦੂਰੀ ਬਣਾ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲੇ ਤੱਕ ਬਾਰਦਾਨੇ ਦੀ ਤੋਟ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਵਿਰੋਧੀ ਧਿਰਾਂ ਵੱਲੋਂ ਮੰਡੀਆਂ ਵਿਚ ਗੇੜੇ ਮਾਰੇ ਜਾ ਰਹੇ ਹਨ। ਜਦੋਂ ਪੰਜਾਬ ਵਿਚ 10 ਅਪਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਤਾਂ ਹਾਕਮ ਧਿਰ ਦੇ ਬਹੁਤੇ ਵਿਧਾਇਕਾਂ ਤੋਂ ਇਲਾਵਾ ਵਜ਼ੀਰਾਂ ਨੇ ਪਹਿਲੀ ਬੋਲੀ ਵੀ ਲਗਵਾਈ ਸੀ। ਪੰਜਾਬ ‘ਚ ਮੰਡੀਆਂ ਹੁਣ ਨੱਕੋ-ਨੱਕ ਭਰ ਗਈਆਂ ਹਨ ਅਤੇ ਬਾਰਦਾਨੇ ਦੀ ਕਮੀ ਕਰਕੇ ਹਾਹਾਕਾਰ ਮੱਚੀ ਹੋਈ ਹੈ। ਕਣਕ ਦੀ ਤੇਜੀ ਨਾਲ ਹੋਈ ਵਾਢੀ ਨੇ ਪੰਜਾਬ ਸਰਕਾਰ ਦੀ ਗਿਣਤੀ ਮਿਣਤੀ ਫੇਲ੍ਹ ਕਰ ਦਿੱਤੀ ਹੈ ਅਤੇ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕਰਨ ਵਿਚ ਪੰਜਾਬ ਸਰਕਾਰ ਫੇਲ੍ਹ ਹੋ ਗਈ ਹੈ।
ਬਹੁਤੇ ਜਿਲ੍ਹਿਆਂ ਵਿਚ ਤਾਂ ਡਿਪਟੀ ਕਮਿਸ਼ਨਰ ਵੀ ਕਿਸਾਨਾਂ ਦੇ ਘਿਰਾਓ ਦੇ ਡਰ ਕਰਕੇ ਮੰਡੀਆਂ ਤੋਂ ਦੂਰੀ ਬਣਾਈ ਬੈਠੇ ਹਨ। ਹਾਕਮ ਧਿਰ ਦਾ ਕੋਈ ਵੀ ਵਿਧਾਇਕ ਮੰਡੀਆਂ ਵਿਚ ਨਜ਼ਰ ਨਹੀਂ ਪੈ ਰਿਹਾ ਹੈ। ਦੂਸਰੀ ਤਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਜਿਲ੍ਹੇ ਦੇ ਖਰੀਦ ਕੇਂਦਰਾਂ ਵਿਚ ਦੌਰਾ ਕਰਕੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ।
ਪੰਜਾਬ ਦੇ ਕਿਸਾਨ ਕਣਕ ਦੀ ਖਰੀਦ ਦੇ ਸੰਕਟ ਨਾਲ ਜੂਝ ਰਹੇ ਹਨ। ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਕਾਰਨ ਕਿਸਾਨ ਲਗਭਗ ਪੌਣੇ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਬੈਠੇ ਹੋਏ ਹਨ। ਅਜਿਹੇ ਸਮੇਂ ਕਣਕ ਦੀ ਸੰਭਾਲ ਅਤੇ ਅੰਦੋਲਨ ਦੋਵਾਂ ਦੀ ਵਿਉਂਤਬੰਦੀ ਆਸਾਨ ਕੰਮ ਨਹੀਂ ਹੈ। ਮੀਡੀਆ ਦਾ ਧਿਆਨ ਵੀ ਕਰੋਨਾ ਉਤੇ ਕੇਂਦਰਿਤ ਹੋਣ ਕਰ ਕੇ ਕਣਕ ਦੀ ਖਰੀਦ ਦੀ ਸਮੱਸਿਆ ਉਭਰਵੇਂ ਰੂਪ ਵਿਚ ਸਾਹਮਣੇ ਨਹੀਂ ਆਈ। ਫਰਵਰੀ ਵਿਚ ਪਈ ਵੱਧ ਗਰਮੀ ਕਾਰਨ ਝਾੜ ਘਟਣ ਕਰ ਕੇ ਕਿਸਾਨਾਂ ਨੂੰ ਆਰਥਿਕ ਮਾਰ ਪਈ ਹੈ ਅਤੇ ਹੁਣ ਬੇਮੌਸਮੀ ਬਰਸਾਤ ਵਿਚ ਉਨ੍ਹਾਂ ਦੀ ਖੜ੍ਹੀ ਅਤੇ ਮੰਡੀਆਂ ਵਿਚ ਪਈ ਫਸਲ ਸਿੱਲੀ ਹੋ ਜਾਣ ਕਰ ਕੇ ਖਰੀਦ ਦਾ ਸੰਕਟ ਵਧ ਰਿਹਾ ਹੈ। ਕਿਸਾਨਾਂ ਨੂੰ ਲੰਮੇ ਸਮੇਂ ਲਈ ਮੰਡੀਆਂ ਵਿਚ ਬੈਠਣਾ ਪੈ ਰਿਹਾ ਹੈ।
______________________________________
ਵਿਚੋਲਿਆਂ ਤੋਂ ਕਣਕ ਖਰੀਦ ਰਹੀ ਹੈ ਸਰਕਾਰ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਰੋਨਾ ਵਾਇਰਸ ਮਹਾਮਾਰੀ ਦਾ ਬਹਾਨਾ ਬਣਾ ਕੇ ਕਿਸਾਨਾਂ ਤੋਂ ਕਣਕ ਖਰੀਦਣੀ ਬੰਦ ਕਰ ਦਿੱਤੀ ਹੈ ਅਤੇ ਕਿਸਾਨਾਂ ਦੀ ਥਾਂ ਹੁਣ ਵਿਚੋਲੀਆਂ ਤੋਂ ਕਣਕ ਖਰੀਦੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਉਨ੍ਹਾਂ ਜ਼ਿਆਦਾਤਰ ਥਾਵਾਂ ‘ਤੇ ਖਰੀਦ ਕੇਂਦਰ ਬੰਦ ਹੋਣ ਦੇ ਬਾਵਜੂਦ ਰਾਜ ਵਿਚ ਖਰੀਦ ਦਾ ਗ੍ਰਾਫ ਉੱਪਰ ਜਾਣ ਲਈ ਸਰਕਾਰ ‘ਤੇ ਸਵਾਲ ਖੜ੍ਹਾ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਸ੍ਰੀ ਯਾਦਵ ਨੇ ਕਿਹਾ, ”ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕਰੋਨਾ ਵਾਇਰਸ ਮਹਾਮਾਰੀ ਦਾ ਬਹਾਨਾ ਬਣਾ ਕੇ ਕਿਸਾਨਾਂ ਤੋਂ ਕਣਕ ਖਰੀਦਣੀ ਬੰਦ ਕਰ ਦਿੱਤੀ ਹੈ। ਸਰਕਾਰ ਵੱਲੋਂ ਖਰੀਦ ਸਬੰਧੀ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਅਜਿਹਾ ਜਾਪਦਾ ਹੈ ਕਿ ਵਿਚੋਲੀਆਂ ਨੂੰ ਫਾਇਦਾ ਪਹੁੰਚਾ ਕੇ ਖਰੀਦ ਦਾ ਟੀਚਾ ਪੂਰਾ ਕਰਨ ਦੀ ਸਾਜ਼ਸ਼ ਰਚੀ ਗਈ ਹੈ।“