ਸਬੱਬ ਨਾਲ ਹੱਥ ਲੱਗਿਆ ‘ਅਮੋਲਕ ਹੀਰਾ’

ਉਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਹ ਲੇਖ ਗੁਰਦਿਆਲ ਬੱਲ ਦੇ ਕਹਿਣ ‘ਤੇ ਲਿਖਿਆ ਸੀ ਜਿਹੜਾ ਸ. ਅਮੋਲਕ ਸਿੰਘ ਜੰਮੂ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ‘ਪੰਜਾਬ ਟਾਈਮਜ਼’ ਵਿਚ ਪਾਏ ਪੂਰਨਿਆਂ ਬਾਰੇ ਛਾਪੀ ਜਾ ਰਹੀ ਕਿਤਾਬ ਵਿਚ ਸ਼ਾਮਿਲ ਕੀਤਾ ਜਾਣਾ ਸੀ। ਵਰਿਆਮ ਸਿੰਘ ਸੰਧੂ ਹੁਰਾਂ ਲਿਖਿਆ ਹੈ: ‘ਸਭ ਕੋਲ ਉਹ ਦੁੱਖ ਭਰੀ ਖਬਰ ਪਹੁੰਚ ਗਈ ਹੈ ਕਿ ਅਮਰੀਕਾ ਵਿਚ ਛਪਣ ਵਾਲੀ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਦਾ ਹੀਰਾ ਸੰਪਾਦਕ ਅਮੋਲਕ ਸਿੰਘ ਕਈ ਸਾਲ ਲੰਮੀ ਬਿਮਾਰੀ ਨਾਲ ਜੂਝਦਿਆਂ, ਪਰ ਪੂਰੇ ਸਿਦਕ ਤੇ ਸਿਰੜ ਨਾਲ ਪੱਤਰਕਾਰੀ ਵਿਚ ਨਵੇਂ ਮੀਲ-ਪੱਥਰ ਗੱਡਦਾ ਸਦੀਵੀ ਯਾਦਾਂ ਛੱਡ ਗਿਆ।

ਉਹ ਨਿਕੋਲਾਈ ਆਸਤ੍ਰੋਵਸਕੀ ਦੇ ਨਾਵਲ ‘ਸੂਰਮੇ ਦੀ ਸਿਰਜਣਾ’ ਦੇ ਨਾਇਕ ਦਾ ਵਰਤਮਾਨ ਸਰੂਪ ਸੀ। ਗੁਰਦਿਆਲ ਬੱਲ ਨੇ ਮੈਨੂੰ ਅਮੋਲਕ ਬਾਰੇ, ਉਹਦੇ ਬਾਰੇ ਛਪ ਰਹੀ ਕਿਤਾਬ ਵਾਸਤੇ ਲੇਖ ਲਿਖਣ ਲਈ ਜ਼ੋਰ ਪਾਇਆ ਤਾਂ ਮੈਂ ਇਹ ਲੇਖ ਭੇਜ ਦਿੱਤਾ। ਹੁਣ ਅਮੋਲਕ ਦੇ ਤੁਰ ਜਾਣ ‘ਤੇ ਸ਼ਰਧਾਂਜਲੀ ਵਜੋਂ ਇਹ ਲਿਖਤ ਤੁਹਾਡੇ ਸਭਨਾਂ ਨਾਲ ਸਾਂਝੀ ਕਰਦਾ ਹਾਂ’। ਇਸ ਲੇਖ ਵਿਚ ਅਮੋਲਕ ਸਿੰਘ ਜੰਮੂ ਦੀ ਜਿ਼ੰਦਗੀ ਪ੍ਰਤੀ ਮੁਹੱਬਤ ਅਤੇ ਜਿ਼ੰਦਾਦਿਲ ਸ਼ਖਸੀਅਤ ਦੇ ਦੀਦਾਰ ਹੁੰਦੇ ਹਨ।

ਵਰਿਆਮ ਸਿੰਘ ਸੰਧੂ

ਅਮੋਲਕ ਸਿੰਘ ਦਾ ਪਹਿਲਾ ਚਿਤਰ ਜੋ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ, ਉਹ ਸਮੱਧਰ ਜਿਹੇ ਖ਼ੂਬਸੂਰਤ ਗੱਭਰੂ ਦਾ ਹੈ, ਸਭ ਤੋਂ ਪਹਿਲਾਂ ਜਿਸ ਦੀਆਂ ਬਿੱਲੀਆਂ ਜਿਹੀਆਂ ਅੱਖਾਂ ਵੇਖਣ ਵਾਲੇ ਨੂੰ ਕਹਿੰਦੀਆਂ ਜਾਪਦੀਆਂ ਨੇ, “ਪਹਿਲਾਂ ਸਾਨੂੰ ਵੇਖ ਨੀਝ ਨਾਲ ਤੇ ਫਿਰ ਵੇਖ ਇਹਨਾਂ ਅੱਖਾਂ ਵਿਚਕਾਰ ਟਿਕੇ ਤਿੱਖੇ ਨੱਕ ਵੱਲ, ਉਸ ਤੋਂ ਬਾਅਦ ਵੇਖ ਇਹਦੀ ਬਣਾ-ਸੰਵਾਰ ਕੇ ਬੱਧੀ ਪੋਚਵੀਂ ਪੱਗ ਵੱਲ: ਫਿਰ ਇਹਦੀ ਲਾਪਰੀ ਦਾਹੜੀ ਵੱਲ ਤੇ ਇਹਦੇ ਜਚਵੇਂ ਕੱਦ ਬੁੱਤ ਵੱਲ।”
ਦਿੱਖ ਪੱਖੋਂ ਉਹ ਕੁੜੀਆਂ ਨੂੰ ਸਹਿਜੇ ਹੀ ਖਿੱਚ ਪਾਉਣ ਵਾਲਾ ਸੁਨੱਖਾ ਗੱਭਰੂ ਲੱਗ ਸਕਦਾ ਸੀ।
ਇਹ ਸ਼ਾਇਦ 1976 ਦੇ ਏੜ-ਗੇੜ ਦੀ ਗੱਲ ਹੈ। ਦੋ ਵਾਰ ਐਮਰਜੈਂਸੀ ਵਿਚ ਗ੍ਰਿਫ਼ਤਾਰੀ ਤੇ ਰਿਹਾਈ ਤੋਂ ਬਾਅਦ ਮੈਂ ਭੱਜ ਕੇ, ਪੰਜਾਬ ਯੂਨੀਵਰਸਿਟੀ ਵਿਚ, ਪਹਿਲੇ ਸਾਲ ਹੀ ਖੁੱਲ੍ਹੀ ਪੰਜਾਬੀ ਦੀ ਐਮ ਫਿਲ ਵਿਚ ਆਣ ਦਾਖ਼ਲ ਹੋਇਆ। ਗੁਪਤਵਾਸ ਦਿਨਾਂ ਦਾ ਮੇਰਾ ਬੇਲੀ ਹਰਭਜਨ ਹਲਵਾਰਵੀ ਨਕਸਲੀ ਲਹਿਰ ਦੇ ਸਾਰੇ ਰੰਗ-ਢੰਗ ਵੇਖ-ਵਿਖਾ ਕੇ ਐਮ. ਏ. ਪੰਜਾਬੀ ਦੇ ਦੂਜੇ ਸਾਲ ਵਿਚ ਦਾਖ਼ਲ ਹੋ ਚੁੱਕਾ ਸੀ। ਪਹਿਲਾ ਭਾਗ ਉਹ ਪ੍ਰਾਈਵੇਟਲੀ ਕਰ ਚੁੱਕਾ ਸੀ। ਅਮੋਲਕ ਤੇ ਉਹ ਦੋਵੇਂ ਜਮਾਤੀ ਸਨ। ਅਮੋਲਕ ਮੈਨੂੰ ਪਹਿਲੀ ਵਾਰ ਹਲਵਾਰਵੀ ਨਾਲ ਹੀ ਪੰਜਾਬੀ ਵਿਭਾਗ ਵਿਚ ਮਿਲਿਆ ਸੀ ਪਰ ਇਸ ਮੁਢਲੀ ਜਾਣ-ਪਛਾਣ ਤੋਂ ਬਾਅਦ ਸਾਡੀ ਗੱਲ-ਬਾਤ ਅੱਗੇ ਨਾ ਵਧੀ। ਉਹਨਾਂ ਦੀ ਜਮਾਤ ਦੇ ਕਿਸੇ ਵਿਦਿਆਰਥੀ ਨਾਲ ਵੀ ਬਹੁਤੀ ਸਾਂਝ ਨਾ ਪਈ ਕਿਉਂਕਿ ਸਾਡਾ ਪੁਰਾਣੇ ਯਾਰਾਂ ਦਾ ਆਪਣਾ ਹੀ ਟੋਲਾ ਓਥੇ ਆਣ ਇਕੱਠਾ ਹੋਇਆ ਸੀ। ਹਲਵਾਰਵੀ ਤੋਂ ਇਲਾਵਾ, (ਅੱਜ ਵਾਲਾ ਪ੍ਰੋਫੈਸਰ) ਚਮਨ ਲਾਲ ਮੇਰਾ ਪੁਰਾਣਾ ਮਿੱਤਰ ਸੀ। ਉਹਨੇ ਪਹਿਲਾਂ ਹੀ ਕੀਤੀ ਹਿੰਦੀ ਦੀ ਐਮ. ਏ. ਨੂੰ ਸੋਧਣ ਲਈ ਹਿੰਦੀ ਵਿਭਾਗ ਨੂੰ ਆਣ ਚਾਰ ਚੰਨ ਲਾਏ ਸਨ। ਡਾ. ਰਘਬੀਰ ਸਿੰਘ ਸਿਰਜਣਾ ਤਾਂ ਪੰਜਾਬੀ ਵਿਭਾਗ ਦੀ ਵੱਖੀ ਨਾਲ ਲੱਗਦੇ ਡਿਕਸ਼ਨਰੀ ਵਿਭਾਗ ਵਿਚ ਓਥੇ ਹੀ ਸੀ। ਪੀ. ਏ. ਯੂ. ਵਾਲਾ ਡਾ. ਸਾਧੂ ਸਿੰਘ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ‘ਸਾਧੂ ਭਾ ਜੀ’ ਆਖਦੇ ਸਾਂ, ਐਮ. ਫਿਲ. ਵਿਚ ਮੇਰੇ ਜਮਾਤੀ ਸਨ। ਕਦੀ ਕਦੀ ਭੂਸ਼ਨ ਵੀ ਯੂਨੀਵਰਸਿਟੀ ਆ ਧਮਕਦਾ। ਗੁਰਦੀਪ ਗਰੇਵਾਲ ਤੇ ਤ੍ਰਿਲੋਚਨ ਗਰੇਵਾਲ ਭਰਾਵਾਂ ਦੀ ਜੋੜੀ ਸੀ। ਅਮਰਜੀਤ ਕਾਂਗ ਜੋ ਡਾ. ਅਤਰ ਸਿੰਘ ਨਾਲ ਰਿਸਰਚ ਸਕਾਲਰ ਸੀ, ਆਪਣੇ ਵੱਡੇ ਭਰਾ ਕੁਲਬੀਰ ਸਿੰਘ ਕਾਂਗ ਨਾਲ ਪਹਿਲਾਂ ਹੀ ਮੇਰੀ ਸਾਂਝ ਕਾਰਨ ਤੇ ਦੂਜਾ ਮੇਰੇ ਨਾਲ ‘ਮਝੈਲ’ ਹੋਣ ਦਾ ਰਿਸ਼ਤਾ ਜੋੜ ਕੇ ਡਾਢਾ ਖ਼ੁਸ਼ ਸੀ। ਗੱਲ ਕੀ: ਅਸੀਂ ਏਨੇ ਕੁ ਜਣੇ ਸਾਂ ਕਿ ਸਾਨੂੰ ਨਵੇਂ ਯਾਰ-ਬੇਲੀ ਬਣਾਉਣ ਦੀ ਜ਼ਰੂਰਤ ਹੀ ਨਹੀਂ ਸੀ।
ਪੰਜਾਬੀ ਸ਼ਾਇਰ ਗੁਰਦੀਪ ਗਰੇਵਾਲ ਤੇ ਹਲਵਾਰਵੀ ਪੰਦਰਾਂ ਸੈਕਟਰ ਦੀ ਮਾਰਕੀਟ ਵਿਚ ਇਕ ਕਿਰਾਏ ਦੇ ਚੁਬਾਰੇ ਵਿਚ ਰਹਿੰਦੇ ਸਨ। ਦੁਪਹਿਰੇ ਉਹ ਅਕਸਰ ਮੇਰੇ ਹੋਸਟਲ ਆਉਂਦੇ। ਓਥੇ ਰੋਟੀ ਖਾਂਦੇ। ਚਮਨ ਲਾਲ ਤੇ ਅਮਰਜੀਤ ਕਾਂਗ ਵੀ ਛੇ ਨੰਬਰ ਹੋਸਟਲ ਵਿਚ ਰਹਿੰਦੇ ਸਨ। ਦੁਪਹਿਰ ਦੀ ਗੱਪ-ਗੋਸ਼ਟ ਚੱਲਦੀ ਰਹਿੰਦੀ। ਕਦੀ ਸਟੂਡੈਂਟ ਸੈਂਟਰ, ਕਦੀ ਗੁਲਾਟੀ ਦੀ ਕੰਟੀਨ ਤੇ ਕਦੀ 17 ਸੈਕਟਰ ਦਾ ਕਾਫ਼ੀ-ਹਾਊਸ ਸੰਗਤਾਂ ਜੁੜ ਬੈਠਦੀਆਂ। ਸ਼ਾਮ ਨੂੰ ਕਦੀ ਹਲਵਾਰਵੀ ਹੁਰਾਂ ਦੇ ਚੁਬਾਰੇ ਵਿਚ ਤੇ ਜਾਂ ਪੰਦਰਾਂ ਸੈਕਟਰ ਵਿਚ ਰਹਿੰਦੇ ਡਾ. ਰਘਬੀਰ ਸਿੰਘ ਸਿਰਜਣਾ ਦੇ ਘਰ ਵਿਚ ਵੀ ਮਹਿਫਿ਼ਲਾਂ ਜੰਮਦੀਆਂ। ਸਾਡੇ ਕੋਲ ਸਮੇਂ ਦੀ ਕੋਈ ਵਿਰਲ ਹੀ ਨਹੀਂ ਸੀ ਕਿ ਅਮੋਲਕ ਹੁਰਾਂ ਨਾਲ ਗੂੜ੍ਹੀ ਸਾਂਝ ਪੈ ਸਕਦੀ। ਉਂਜ ਵੀ ਅਮੋਲਕ ਹੁਰਾਂ ਦੀ ਜਮਾਤ ਨਾਲ ਸਾਡਾ ਉਮਰਾਂ ਦਾ ਵੀ ਕੁਝ ਫ਼ਰਕ ਸੀ। ਉਹਦੀ ਲਿਖਤ ‘ਕਮਲਿਆ ਦਾ ਟੱਬਰ’ ਦੀ ਨਾਇਕਾ ਮਨਿੰਦਰ ਤਿੰਨ ਕੁ ਸਾਲ ਪਹਿਲਾਂ ਜਦ ‘ਪੰਜਾਬ ਟਾਈਮਜ਼’ ਦੀ ਸਾਲਾਨਾ ਸ਼ਾਮ ਵੇਲੇ ਮਿਲੀ ਤਾਂ ਉਹਨੇ ਇਸ ਫ਼ਰਕ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ, “ਜਦੋਂ ਤੁਸੀਂ ਡੀਪਾਰਟਮੈਂਟ ਆਉਂਦੇ ਤਾਂ ਅਸੀਂ ਕੁੜੀਆਂ ਹੌਲੀ ਜਿਹੀ ਇਕ ਦੂਜੀ ਨੂੰ ਕਹਿੰਦੀਆਂ, “ਭਾਈਆਂ ਦੀਓ! ਚੁੱਪ ਕਰ ਜੋ ਨੀ, ਵਰਿਆਮ ਸੰਧੂ ਤੁਰਿਆ ਆਉਂਦਾ।”
ਫਿਰ ਅਮੋਲਕ ਪੰਜਾਬੀ ਟ੍ਰਿਬਿਊਨ ਵਿਚ ਭਰਤੀ ਹੋ ਗਿਆ। ਮੈਂ ਓਥੇ ਹਲਵਾਰਵੀ ਨੂੰ ਜਦ ਕਦੀ ਮਿਲਣ ਜਾਂਦਾ ਤਾਂ ਕਦੀ ਅਮੋਲਕ ਨਾਲ ਵੀ ਗਾਹੇ-ਬ-ਗਾਹੇ ਮੇਲ ਹੋ ਜਾਂਦਾ। ਪਹਿਲ ਪਲੱਕੜੀ ਵਾਰ ਜਦ ਮੈਂ ਹਲਵਾਰਵੀ ਨੂੰ ਮਿਲਣ ਗਿਆ ਤਾਂ ਅਮੋਲਕ ਕੋਈ ਕਾਗ਼ਜ਼ ਲੈ ਕੇ ਉਹਦੇ ਦਫ਼ਤਰ ਵਿਚ ਆਇਆ। ਹਲਵਾਰਵੀ ਨੇ ਮੇਰੇ ਖੱਬੇ ਹੱਥ ਆਣ ਖਲੋਤੇ ਅਮੋਲਕ ਵੱਲ ਇਸ਼ਾਰਾ ਕਰਦਿਆਂ ਕਿਹਾ,
“ਇਹ ਅਮੋਲਕ ਏ, ਮੇਰਾ ਐਮ. ਏ. ਦਾ ਜਮਾਤੀ। ਤੁਸੀਂ ਪਹਿਲਾਂ ਵੀ ਮਿਲੇ ਹੋਏ ਓ ਸ਼ਾਇਦ!”
“ਸ਼ਾਇਦ ਨਹੀਂ, ਯਕੀਨਨ!”
ਬੱਸ ਏਨੀ ਕੁ ਸਾਂਝ ਸੀ ਮੇਰੀ ਅਮੋਲਕ ਨਾਲ। ਇਹਨਾਂ ਸੰਖੇਪ ਜਿਹੀਆਂ ਮਿਲਣੀਆਂ ਵਿਚ, ਜਿਵੇਂ ਜ਼ਾਹਿਰ ਹੀ ਏ, ਉਸ ਨਾਲ ਸਾਧਾਰਨ ਜਿਹੀ ‘ਫ਼ਤਹਿ-ਫ਼ਤੂਹੀ’ ਤੋਂ ਗੱਲ ਅੱਗੇ ਨਹੀਂ ਸੀ ਵਧਣੀ ਤਾਂ ਇੱਕ ਦੂਜੇ ਨੂੰ ਜਾਨਣਾ-ਸਮਝਣਾ ਕਿੱਥੋਂ ਸੀ! ਹਾਂ, ਏਨਾ ਕੁ ਪ੍ਰਭਾਵ ਜ਼ਰੂਰ ਸੀ ਕਿ ਉਹ ਲਾਇਕ ਵਿਦਿਆਰਥੀਆਂ ਵਿਚੋਂ ਸੀ ਤੇ ਸ਼ਾਇਦ ਐਮ. ਏ. ਵਿਚੋਂ ਪਹਿਲੇ ਨੰਬਰ ‘ਤੇ ਵੀ ਆਇਆ ਸੀ। ਇਸ ਤੋਂ ਵੱਧ ਮੈਂ ਉਸ ਬਾਰੇ ਕੁਝ ਨਾ ਜਾਣ ਸਕਿਆ। ਫਿਰ ਵਿੱਛੜ-ਵੁੱਛੜ ਗਏ। ਸਮੇਂ ਦੀਆਂ ਛੱਲਾਂ ਨੇ ਕੋਈ ਕਿਤੇ ਜਾ ਸੁੱਟਿਆ ਤੇ ਕੋਈ ਕਿਤੇ। ਮੈਂ ਪਿੰਡੋਂ ਜਲੰਧਰ ਆਣ ਵੱਸਿਆ ਤੇ ਫਿਰ ਕੈਨੇਡਾ ਵਿਚ ਆਉਣ ਜਾਣ ਦਾ ਸਿਲਸਿਲਾ ਚੱਲ ਨਿਕਲਿਆ। ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਅਮੋਲਕ ਕਦੋਂ ਅਮਰੀਕਾ ਆਇਆ, ਕਦੋਂ ਉਹਨੇ ਅਖ਼ਬਾਰ ਕੱਢਿਆ। ਕਦੋਂ ਤੇ ਕਿਵੇਂ ਮੇਰਾ ਉਹਦੇ ਨਾਲ ਤੇ ਉਹਦੀ ਅਖ਼ਬਾਰ ਨਾਲ ਰਾਬਤਾ ਬਣਿਆਂ। ਹਾਂ, ਏਨਾ ਕੁ ਯਾਦ ਹੈ ਜਦ ਹਲਵਾਰਵੀ ਉਤਰੀ ਅਮਰੀਕਾ ਦੀ ਯਾਤਰਾ ‘ਤੇ ਆਇਆ ਤਾਂ ਉਹ ਅਮੋਲਕ ਨੂੰ ਵੀ ਮਿਲਿਆ ਸੀ ਸ਼ਾਇਦ ਤੇ ਉਹਨੇ ਮੈਨੂੰ ਪੰਜਾਬ ਆ ਕੇ ਉਸ ਵੱਲੋਂ ਅਖ਼ਬਾਰ ਕੱਢੇ ਜਾਣ ਦਾ ਜਿ਼ਕਰ ਵੀ ਕੀਤਾ ਸੀ। ਅਸੀਂ ਵੀ ਕੈਨੇਡਾ ਤੋਂ ਮਾਸਿਕ ਪੱਤਰ ‘ਸੀਰਤ’ ਛਾਪਣਾ ਸ਼ੁਰੂ ਕੀਤਾ ਸੀ। ਇਹ ਪਰਚਾ ਨਿਰੋਲ ਸਾਹਿਤਕ ਸੀ ਤੇ ਇਸ ਵਿਚ ਪੰਜਾਬੀ ਦੇ ਵੱਡੇ ਨਾਮਵਰ ਲੇਖਕ ਛਪਦੇ ਸਨ। ਇਸ ਪਰਚੇ ਨੇ ਛੇਤੀ ਹੀ ਆਪਣੀ ਪੈਂਠ ਬਣਾ ਲਈ ਸੀ। ਜਿੱਥੋਂ ਤੱਕ ਮੈਨੂੰ ਧੁੰਦਲਾ ਜਿਹਾ ਯਾਦ ਹੈ ਕਿ ਅਮੋਲਕ ਨੇ ‘ਸੀਰਤ’ ਵਿਚੋਂ ਮੇਰੀ ਕੋਈ ਲਿਖਤ ‘ਪੰਜਾਬ ਟਾਈਮਜ਼’ ਵਿਚ ਛਾਪ ਕੇ ਮੈਨੂੰ ਇਸ ਬਾਰੇ ਜਾਣੂ ਕਰਵਾਇਆ ਤੇ ਆਪਣੇ ਤੇ ਆਪਣੀ ਅਖ਼ਬਾਰ ਵੀ ਬਾਰੇ ਵੀ ਦੱਸਿਆ ਸੀ ਪਰ ਏਨਾ ਯਾਦ ਹੈ ਤੇ ਪੱਕਾ ਯਾਦ ਹੈ ਕਿ ‘ਪੰਜਾਬ ਟਾਈਮਜ਼’ ਨੇ ਪੈਂਦੀ ਸੱਟੇ ਮੇਰੇ ਮਨ ‘ਤੇ ਡੂੰਘੀ ਛਾਪ ਛੱਡੀ। ਮੈਨੂੰ ਏਨਾ ਜ਼ਰੂਰ ਪਤਾ ਲੱਗ ਗਿਆ ਕਿ ‘ਪੰਜਾਬ ਟਾਈਮਜ਼’ ਦਾ ਸੰਪਾਦਕ ਇਹ ਓਹੋ ਸੁਨੱਖਾ ਗੱਭਰੂ ਏ ਜਿਸ ਨੂੰ ਮੈਂ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿਚ ਹਲਵਾਰਵੀ ਦੇ ਨਾਲ ਮਿਲਿਆ ਸਾਂ।
ਉਸ ਤੋਂ ਬਾਅਦ ਅਮੋਲਕ ਨਾਲ ਫ਼ੋਨ ‘ਤੇ ਗੱਲ-ਬਾਤ ਹੋਣ ਲੱਗੀ। ਮੇਰੀਆਂ ਲਿਖਤਾਂ ਪੰਜਾਬ ਟਾਈਮਜ਼ ਵਿਚ ਛਪਣ ਲੱਗੀਆਂ। ਇਹ ਵੀ ਪਤਾ ਲੱਗਾ ਕਿ ਅੱਜ ਕੱਲ੍ਹ ਉਹ ਕੁਝ ਢਿੱਲਾ-ਮੱਠਾ ਰਹਿੰਦਾ ਹੈ। ਵ੍ਹੀਲ-ਚੇਅਰ ‘ਤੇ ਹੈ। ਫ਼ੋਨ ‘ਤੇ ਬੋਲਣ ਵਿਚ ਵੀ ਔਖ ਮਹਿਸੂਸ ਕਰਦਾ ਹੈ ਪਰ ਇਸ ਢਿੱਲ-ਮੱਠ ਦਾ ਅਖ਼ਬਾਰ ‘ਤੇ ਕੋਈ ਅਸਰ ਨਹੀਂ। ਉਹ ਖ਼ੁਦ ਲੇਖਕਾਂ ਨੂੰ ਈ-ਮੇਲ ਤੇ ਫ਼ੋਨ ‘ਤੇ ਸੁਨੇਹੇ ਛੱਡਦਾ ਏ। ਅਖ਼ਬਾਰ ਵਿਚ ਛਪੀਆਂ ਲਿਖਤਾਂ ਬਾਰੇ ਰਾਇ ਲੈਂਦਾ ਤੇ ਦਿੰਦਾ ਹੈ। ਸਾਰੀਆਂ ਲਿਖਤਾਂ ਨੂੰ ਖ਼ੁਦ ਪੜ੍ਹਦਾ ਹੈ। ਲਿਖਤ ਤੇ ਲੇਖਕ ਬਾਰੇ ਲਿਖੀ ਉਹਦੀ ਮੁਢਲੀ ਟਿੱਪਣੀ ਏਨੀ ਰੌਚਿਕ, ਸੁਗਠਿਤ ਤੇ ਭਾਵਪੂਰਤ ਹੁੰਦੀ ਹੈ ਕਿ ਪੜ੍ਹਨ ਵਾਲਾ ਤੇ ਖ਼ੁਦ ਲਿਖਤ ਦਾ ਲੇਖਕ ਵੀ ‘ਧੰਨ’ ਹੋ ਜਾਂਦਾ ਹੈ। ਇਹਨੂੰ ਕਹਿੰਦੇ ਨੇ ਸੰਪਾਦਕੀ ਸੂਝ।
ਅਸੀਂ ਉਹਦੀ ਸੰਪਾਦਕੀ ਸੂਝ ਦੀ ਗੱਲ ਥੋੜ੍ਹਾ ਕੁ ਅਟਕ ਕੇ ਕਰਦੇ ਹਾਂ। ਪਹਿਲਾਂ ਉਹਦੇ ਨਾਲ ਮੁੜ ਜੁੜੀ ਸਾਂਝ ਦਾ ਸੰਖੇਪ ਜਿਹਾ ਹਵਾਲਾ ਸਾਂਝਾ ਕਰਦੇ ਜਾਈਏ। ਇਸ ਬਿਰਤਾਂਤ ਵਿਚੋਂ ਅਮੋਲਕ ਦੇ ਖ਼ਲੂਸ, ਰਿਸ਼ਤਿਆਂ ਦੀ ਕਦਰਦਾਨੀ ਦੇ ਨਾਲ ਹੋਰ ਵੀ ਕਈ ਸ਼ਖ਼ਸੀ ਗੁਣ ਉਭਰ ਕੇ ਸਾਹਮਣੇ ਆਉਂਦੇ ਹਨ ਤੇ ਨਾਲ ਹੀ ਅਖ਼ਬਾਰ ਤੇ ਉਸ ਨਾਲ ਜੁੜੇ ਉਹਦੇ ਦਿਲਦਾਰਾਂ ਦੇ ਦਰਸ਼ਨ-ਦੀਦਾਰੇ ਵੀ ਹੁੰਦੇ ਹਨ।
ਪਿਛਲੇ ਕਈ ਸਾਲਾਂ ਤੋਂ ਅਮੋਲਕ ਦੀ ਇੱਛਾ ਸੀ ਕਿ ਮੈਂ ਹਰ ਸਾਲ ਮਨਾਈ ਜਾਣ ਵਾਲੀ ‘ਪੰਜਾਬ ਟਾਈਮਜ਼ ਨਾਈਟ’ ਵਿਚ ਜ਼ਰੂਰ ਹਾਜ਼ਰ ਹੋਵਾਂ। ਅਸਲ ਵਿਚ ਜਿਨ੍ਹਾਂ ਦਿਨਾਂ ਵਿਚ ਉਹ ਆਪਣਾ ਇਹ ਜਸ਼ਨ ਕਰਦੇ ਨੇ, ਉਹਨਾਂ ਦਿਨਾਂ ਵਿਚ ਮੈਂ ਪੰਜਾਬ ਹੁੰਦਾਂ। ਇਹ ਅਕਸਰ ਮਾਰਚ ਦੇ ਅਖ਼ੀਰ ਜਾਂ ਅਪਰੈਲ ਦੇ ਸ਼ੁਰੂਆਤੀ ਦਿਨ ਹੁੰਦੇ। ਮੈਂ ਉਹਦੇ ਕੋਲੋਂ ਮੁਆਫ਼ੀ ਮੰਗ ਲੈਂਦਾ। ਦੋ ਕੁ ਸਾਲ ਪਹਿਲਾਂ ਉਹ ਜਿ਼ਦ ਕਰ ਬੈਠਾ ਕਿ ਭਾਵੇਂ ਕੁਝ ਹੋ ਜਾਵੇ, ਉਹ ਸਮਾਗਮ ਲੇਟ ਵੀ ਕਰ ਲੈਣਗੇ ਪਰ ਇਸ ਵਾਰ ਮੈਂ ਜ਼ਰੂਰ ਸਿ਼ਰਕਤ ਕਰਾਂ। ਮੇਰੀ ਸਹਿਮਤੀ ਨਾਲ ਉਸ ਵਾਰ ਸਮਾਗਮ ਦੀ ਤਰੀਕ 5 ਮਈ ਰੱਖੀ ਗਈ। ਉਹਨੇ ਲਿਖਿਆ:
ਸੰਧੂ ਸਾਹਿਬ,
ਕਈ ਚਿਰ ਤੋਂ ਤੁਹਾਨੂੰ ਫੋਨ ਕਰਨਾ ਚਾਹੁੰਦਾ ਸਾਂ ਪਰ ਫੋਨ ‘ਤੇ ਨਾ ਬੋਲ ਸਕਣ ਦੀ ਮਜਬੂਰੀ ਕਾਰਨ ਕਰ ਨਹੀਂ ਸਕਿਆ। ਅਖੀਰ ਮਨ ਨੂੰ ਸਮਝਾਇਆ ਅਤੇ ਈਮੇਲ ਕਰਨਾ ਹੀ ਬਿਹਤਰ ਲੱਗਾ।
ਪੰਜਾਬ ਟਾਈਮਜ਼ ਦਾ ਸਾਲਾਨਾ ਪ੍ਰੋਗਰਾਮ ਤੁਹਾਡੀ ਪੰਜਾਬ ਤੋਂ ਵਾਪਸੀ ਦੇ ਹਿਸਾਬ ਨਾਲ 5 ਮਈ ਨੂੰ ਰਖਿਆ ਹੈ। ਤੁਸੀਂ ਹਰ ਹਾਲ ਪਹੁੰਚਣਾ ਹੈ। ਜਦੋਂ ਸ਼ਿਕਾਗੋ ਆਉਗੇ ਤਾਂ ਮੇਰੀ ਤੁਹਾਡੇ ਨਾਲ 24-25 ਸਾਲ ਬਾਅਦ ਮੁਲਾਕਾਤ ਹੋਵੇਗੀ।
ਵਿਚ ਵਿਚ ਉਹ ਪੁੱਛਦਾ ਰਿਹਾ, “ਸੰਧੂ ਸਾਹਿਬ, ਤੁਸੀਂ ਕੈਨੇਡਾ ਪਹੁੰਚ ਗਏ ਹੋ? ਜੇ ਨਹੀਂ ਪਹੁੰਚੇ ਤਾਂ ਜਲਦ ਪਹੁੰਚ ਜਾਓ। ਪੰਜਾਬ ਟਾਈਮਜ਼ ਨਾਈਟ 5 ਮਈ ਦੀ ਹੈ, ਇਸ ਸ਼ਾਮ ਪਾਠਕ ਤੁਹਾਡੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।”
ਐਤਕੀਂ ਮੈਂ ਉਹਨੂੰ ਨਿਰਾਸ਼ ਨਹੀਂ ਸਾਂ ਕਰਨਾ ਚਾਹੁੰਦਾ। ਸਬੱਬੀਂ ਸਾਥ ਵੀ ਚੰਗਾ ਬਣ ਗਿਆ। ਟੋਰਾਂਟੋ ਤੋਂ ਮੇਰੇ ਨਾਲ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਜਾਣਾ ਸੀ। ਸੋ ਅਸੀਂ ਦੋਵੇਂ ਵਾਅਦੇ ਮੁਤਾਬਕ ਪਹੁੰਚ ਗਏ।
ਓਥੇ ਸਮਾਗਮ ਵਿਚ ਵੀ ਬਹੁਤ ਸਾਰੇ ਅਜਿਹੇ ਨਵੇਂ ਸੱਜਣ-ਸੱਜਣੀਆਂ ਬੜੀ ਚਾਹਤ ਨਾਲ ਮਿਲੇ ਜਿਨ੍ਹਾਂ ਨੇ ਮੈਨੂੰ ਸਿਰਫ਼ ਪੰਜਾਬ ਟਾਈਮਜ਼ ਵਿਚ ਹੀ ਪੜ੍ਹਿਆ ਹੋਇਆ ਸੀ। ਪੰਜਾਬ ਟਾਈਮਜ਼ ਦੇ ਪ੍ਰਸ਼ੰਸਕ ਤੇ ਸਰਪ੍ਰਸਤ ਅਮਰੀਕਾ ਵਿਚੋਂ ਦੂਰ ਦੁਰਾਡਿਓਂ ਪਹੁੰਚੇ ਹੋਏ ਸਨ। ਕੋਈ ਨਿਊ ਯਾਰਕ ਤੋਂ, ਕੋਈ ਵਾਸਿ਼ੰਗਟਨ ਤੋਂ, ਕੋਈ ਕੈਲੀਫ਼ੋਰਨੀਆਂ ਤੋਂ। ਇਹ ਪੰਜਾਬ ਟਾਈਮਜ਼ ਦੀ ਜਾਦੂਈ ਖਿੱਚ ਦਾ ਪ੍ਰਮਾਣ ਸੀ। ਜਿਵੇਂ ਅਮੋਲਕ ਨੂੰ ਚਾਅ ਸੀ ਕਿ ਉਹ ਮੈਨੂੰ 24-25 ਸਾਲ ਬਾਅਦ ਮਿਲੇਗਾ, ਉਂਜ ਹੀ ਮੇਰੇ ਮਨ ਵਿਚ ਵੀ ਏਨੇ ਸਿਰੜੀ, ਸਿਦਕੀ ਤੇ ਹਿੰਮਤੀ ਸੱਜਣ ਨੂੰ ਮਿਲਣ ਦੀ ਤਾਂਘ ਸੀ ਪਰ ਜਦ ਅਮੋਲਕ ਨੂੰ ਮਿਲਿਆ ਤਾਂ ਮੈਂ ਉਦਾਸ ਹੋ ਗਿਆ। ਉਹ ਬੋਲ ਨਹੀਂ ਸੀ ਸਕਦਾ। ਉਹਦੇ ਪ੍ਰਸ਼ੰਸਕਾਂ-ਪ੍ਰੇਮੀਆਂ ਦੀ ਭੀੜ ਉਹਦੀ ਵ੍ਹੀਲ-ਚੇਅਰ ਦੇ ਦੁਆਲੇ ਜੁੜੀ ਹੋਈ ਸੀ। ਉਹ ਸਭਨਾਂ ਨੂੰ ਸਿਰਫ਼ ਮੁਸਕਰਾ ਕੇ ਆਪਣੀ ਮੁਹੱਬਤ ਦਾ ਪ੍ਰਗਟਾਵਾ ਕਰ ਰਿਹਾ ਸੀ। ਕਦੀ ਕਦੀ ਉਹ ਫੁਸਫੁਸਾਉਣ ਦੀ ਕੋਸਿ਼ਸ਼ ਜ਼ਰੂਰ ਕਰਦਾ ਪਰ ਮੇਲੇ ਦੇ ਸ਼ੋਰ ਵਿਚ ਗੱਲ ਪਿੜ-ਪੱਲੇ ਨਾ ਪੈਂਦੀ। ਮੇਰੇ ਨਾਲ ਵੀ ਇੰਜ ਹੀ ਹੋਇਆ। ਸਾਡੇ ਅੰਦਰ ਇੱਕ ਦੂਜੇ ਨਾਲ ਕਰਨ ਲਈ ਅਨੇਕਾਂ ਗੱਲਾਂ ਦੀ ਕੁਲਬੁਲਾਹਟ ਸੀ। ਮੈਂ ਇਕ ਅੱਧੀ ਗੱਲ ਕੀਤੀ ਤਾਂ ਅੱਗੋਂ ਉਹਦੀ ਮਾਹੌਲ ਦੇ ਰੌਲੇ ਵਿਚ ਗਵਾਚ ਗਈ ਫੁਸਫੁਸਾਹਟ ਤੇ ਬੇਵੱਸ ਮੁਸਕਰਾਹਟ ਨੇ ਮੈਨੂੰ ਵੀ ਚੁੱਪ ਕਰਾ ਦਿੱਤਾ। ਮੈਂ ਵ੍ਹੀਲ-ਚੇਅਰ ‘ਤੇ ਥੋੜ੍ਹਾ ਝੁਕ ਕੇ ਉਸ ਨਾਲ ਆਪਣਾ ਪਿਆਰ ਸਾਂਝਾ ਕਰ ਕੇ ਅੱਗੇ ਤੁਰ ਪਿਆ ਕਿਉਂਕਿ ਮੇਰੇ ਪਿੱਛੇ ਹੋਰ ਵੀ ਅਨੇਕਾਂ ਲੋਕ ਉਹਨੂੰ ਮਿਲਣ ਤੇ ਫੋਟੋ ਖਿਚਵਾਉਣ ਲਈ ਕਤਾਰ ਬੰਨ੍ਹੀ ਖਲੋਤੇ ਸਨ। ਜਿੰਨੇ ਵੀ ਪਲ ਮੈਂ ਉਹਦੇ ਕੋਲ ਖਲੋਤਾ, ਉਹਦੀ ਚੁੱਪ ਵਿਚ ਆਪਣੇ ਸ਼ਬਦ ਘੋਲਣ ਦੀ ਕੋਸਿ਼ਸ਼ ਕਰਦਾ ਰਿਹਾ ਪਰ ਜਿਹੜੇ ਰੰਗ ਇਸ ਚੁੱਪ ਦੇ ਟੁੱਟਣ ਨਾਲ ਅਮੋਲਕ ਦੇ ਬੋਲਾਂ ਵਿਚੋਂ ਫੁੱਟਣੇ ਸਨ, ਉਹ ਅਨਾਰ ਉਹਦੇ ਅੰਦਰ ਹੀ ਜਗ ਕੇ ਕਿਧਰੇ ਬੁਝ ਰਹੇ ਸਨ। ਉਹਨੂੰ ਮਿਲਣ ਦੀ ਖ਼ੁਸ਼ੀ ਵੀ ਸੀ ਪਰ ਉਦਾਸੀ ਵੀ ਡਾਢੀ ਸੀ ਕਿ ਕੁਦਰਤ ਨੇ ਉਹਦੇ ਨਾਲ ਇਨਸਾਫ਼ ਨਹੀਂ ਸੀ ਕੀਤਾ। ਮੈਂ ਉਹਦੀ ਅਜਿਹੀ ਬੇਵੱਸੀ ਹੋਰ ਨਹੀਂ ਸਾਂ ਵੇਖਣਾ ਚਾਹੁੰਦਾ। ਇਸ ਲਈ ਅਗਲੇ ਦਿਨ ਉਹਦੇ ਘਰ ਰੱਖੀ ਪਾਰਟੀ ‘ਤੇ ਨਾ ਜਾ ਸਕਣ ਦਾ, ਜਾਣ-ਬੁੱਝ ਕੇ, ਬਹਾਨਾ ਮਾਰ ਗਿਆ।
ਉਸ ਸ਼ਾਮ ਨੂੰ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਟਾਈਮਜ਼ ਦੀ ਪ੍ਰਸ਼ੰਸਾ ਵੀ ਕੀਤੀ ਤੇ ਅਮੋਲਕ ਦੀ ਹਿੰਮਤ ਦੀ ਦਾਦ ਵੀ ਦਿੱਤੀ। ਅਖ਼ਬਾਰ ਦੀ ਪ੍ਰਸ਼ੰਸਾ ਕੀਤੀ। ਮੈਂ ਵੀ ਬੜਾ ਹੁੱਬ ਕੇ ਬੋਲਿਆ।
ਕੁਝ ਦਿਨਾਂ ਬਾਅਦ ਉਹਦਾ ਈ-ਮੇਲ ਸੁਨੇਹਾ ਮਿਲਿਆ। ਲਿਖਿਆ ਸੀ:
“ਮੁਆਫ ਕਰਨਾ ਪ੍ਰੋਗਰਾਮ ਹੋਏ ਨੂੰ ਇੰਨੇ ਦਿਨ ਹੋ ਗਏ, ਤੁਹਾਡੇ ਨਾਲ ਰਾਬਤਾ ਕਾਇਮ ਨਹੀਂ ਕਰ ਸਕਿਆ। ਤੁਸੀਂ ਠੁੱਕ ਹੀ ਇੰਨੀ ਬੰਨ੍ਹ ਦਿਤੀ ਕਿ ਮੈਂ ਫੁਲ ਕੇ ਕੁੱਪਾ ਹੋ ਗਿਆ।
ਦਰਅਸਲ, ਬੋਲਿਆ ਹੀ ਨਹੀਂ ਸੀ ਜਾ ਰਿਹਾ ਤੇ ਮੈਂ ਇਹੋ ਉਡੀਕਦਾ ਰਿਹਾ ਕਿ ਆਵਾਜ਼ ਜ਼ਰਾ ਕੁ ਠੀਕ ਹੋਵੇ ਤਾਂ ਫੋਨ ‘ਤੇ ਤੁਹਾਡੇ ਨਾਲ ਗੱਲ ਕਰਾਂਗਾ ਪਰ…। ਅਖੀਰ ਖਤ ਲਿਖਣ ਦਾ ਹੀ ਰਾਹ ਫੜਨਾ ਪਿਆ।
ਜੇ ਕਿਹਾ ਜਾਵੇ ਕਿ ਉਸ ਪ੍ਰੋਗਰਾਮ ਦੇ ਅਸਲ ਕੇਂਦਰ ਬਿੰਦੂ ਤੁਸੀਂ ਹੀ ਸਉ ਤਾਂ ਇਸ ਵਿਚ ਜ਼ਰਾ ਵੀ ਅਤਿਕਥਨੀ ਨਹੀਂ ਹੋਵੇਗੀ। ਜਦੋਂ ਤੁਸੀਂ ਬੋਲ ਰਹੇ ਸੀ ਤਾਂ ਇਉਂ ਲਗਦਾ ਸੀ, ਜਿਵੇਂ ਤੁਸੀਂ ਸਰੋਤਿਆਂ ਨੂੰ ਮੰਤਰਮੁਗਧ ਕਰ ਲਿਆ ਹੋਵੇ। ਕਿਤੇ ਜ਼ਰਾ ਵੀ ਚੂੰ ਨਹੀਂ ਸੀ ਹੋ ਰਹੀ। ਮੇਰੇ ਦੋਸਤਾਂ-ਮਿੱਤਰਾਂ ਤੇ ਪੰਜਾਬ ਟਾਈਮਜ਼ ਦੇ ਪ੍ਰੇਮੀਆਂ ਦਾ ਇਸਰਾਰ ਹੈ ਕਿ ਤੁਹਾਨੂੰ ਬੇਨਤੀ ਕੀਤੀ ਜਾਵੇ ਕਿ ਅਗਲੇ ਸਾਲ ਵੀ ਤੁਸੀਂ ਜ਼ਰੂਰ-ਬਰ-ਜ਼ਰੂਰ ਆਓ। ਉਮੀਦ ਹੈ, ਤੁਸੀਂ ਇਹ ਬੇਨਤੀ ਪ੍ਰਵਾਨ ਕਰੋਗੇ। ਹਾਲਾਤ ਨਾਲ ਇਹ ਗਿਲਾ ਜ਼ਰੂਰ ਹੈ ਕਿ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਵਿਚ ਨਿਵੇਕਲੇ ਨਹੀਂ ਮਿਲ ਸਕੇ। ਜੀਅ ਕਰਦਾ ਸੀ ਕਿ ਯੂਨੀਵਰਸਿਟੀ ਵੇਲੇ ਦੀਆਂ ਕੁਝ ਗੱਲਾਂ-ਬਾਤਾਂ ਕਰਦੇ ਪਰ ਇੰਜ ਹੋ ਨਹੀਂ ਸਕਿਆ। ਉਮੀਦ ਹੈ ਫਿਰ ਜਲਦੀ ਹੀ ਕਦੀ ਮੌਕਾ ਬਣ ਜਾਵੇਗਾ।
ਤੁਹਾਡਾ ਬਹੁਤ ਬਹੁਤ ਧੰਨਵਾਦ।”
ਅਗਲੇ ਸਾਲ ਉਹਨੇ ਫਿਰ ਇਸਰਾਰ ਕੀਤਾ ਕਿ ਮੈਂ 4 ਮਈ ਨੂੰ ਮਨਾਈ ਜਾ ਰਹੀ ਪੰਜਾਬ ਟਾਈਮਜ਼ ਦੇ ਪ੍ਰਕਾਸ਼ਨ ਦੀ 19ਵੀਂ ਵਰ੍ਹੇਗੰਢ ਮੌਕੇ ਮੁੜ ਹਾਜ਼ਰ ਹੋਵਾਂ। ਉਹਨੇ ਲਿਖਿਆ, “ਤੁਹਾਡੇ ਨਾਲ ਫੋਨ ‘ਤੇ ਗੱਲ ਕਰਨਾ ਚਾਹੁੰਦਾ ਸਾਂ ਪਰ ਮੈਂ ਚਾਹ ਕੇ ਵੀ ਗੱਲ ਨਹੀਂ ਕਰ ਸਕਦਾ। ਅਸਲ ਵਿਚ ਮੇਰਾ ਰੋਗ ਮੈਨੂੰ ਉਸ ਥਾਂ ਲੈ ਆਇਆ ਹੈ, ਜਿਥੇ ਮੇਰੇ ਲਈ, ਖਾਸ ਕਰ ਟੈਲੀਫੋਨ ‘ਤੇ ਬੋਲਣਾ ਔਖਾ ਹੁੰਦਾ ਜਾ ਰਿਹਾ ਹੈ। ਜੇ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂ ਵੀ, ਤਾਂ ਦੂਜੇ ਦੇ ਸਮਝ ਨਹੀਂ ਆਉਂਦੀ। ਉਮੀਦ ਹੈ, ਤੁਸੀਂ ਮੇਰੀ ਮੁਸ਼ਕਿਲ ਸਮਝੋਗੇ। ਪਹੁੰਚ ਸਕੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਪਿਛਲੇ ਸਾਲ ਦੇ ਤੁਹਾਡੇ ਸਰੋਤੇ ਅੱਜ ਵੀ ਤੁਹਾਨੂੰ ਯਾਦ ਕਰਦੇ ਹਨ।”
ਮੈਂ ਚਾਰ ਮਈ ਨੂੰ ਬਾਲਟੀਮੋਰ ਵਿਚ ਜਲ੍ਹਿਆਂਵਾਲੇ ਬਾਗ ਬਾਰੇ ਬੋਲਣ ਜਾਣਾ ਸੀ। ਇਸ ਲਈ ਸਮਾਗਮ ‘ਤੇ ਜਾ ਸਕਣਾ ਸੰਭਵ ਨਹੀਂ ਸੀ। ਉਂਜ ਵੀ ਮੈਂ ਉਹਦੀ ਨਾ ਬੋਲ ਸਕਣ ਦੀ ਬੇਵੱਸੀ ਨੂੰ ਵੇਖ ਕੇ ਉਦਾਸ ਨਹੀਂ ਸਾਂ ਹੋਣਾ ਚਾਹੁੰਦਾ।
ਉਦਾਸ ਤਾਂ ਉਹ ਵੀ ਹੁੰਦਾ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਉਹਨੇ ‘ਬੇਵੱਸੀ’ ਨੂੰ ਵੀ ਆਪਣੇ ਵੱਸ ਵਿਚ ਕਰ ਕੇ ਸਰੀਰਕ, ਸਮਾਜਿਕ ਤੇ ਰਚਨਾਤਮਕ ਲੜਾਈ ਨੂੰ ਜਾਰੀ ਰੱਖਿਆ ਹੈ। ਜਦੋਂ ਕੋਈ ਉਹਦੀ ਇਸ ਸੂਰਮਗਤੀ ਨੂੰ, ਉਹਦੇ ਹਿਸਾਬ ਨਾਲ, ਸਟੀਫ਼ਨ ਹਾਕਿੰਗ ਆਖ ਕੇ ‘ਲੋੜੋਂ ਵੱਧ’ ਵਡਿਆਉਂਦਾ ਹੈ ਤਾਂ ਉਹ ਸੰਗ ਜਾਂਦਾ ਹੈ। ਉਹਦੀ ਬਿਮਾਰੀ, ਉਹਦੀ ਲੜਾਈ ਤੇ ਉਹਦਾ ਮੈਦਾਨ ਆਪਣਾ ਹੈ। ਉਹ ਇਸ ਮੈਦਾਨ ਵਿਚ ਪੂਰੇ ਤਾਣ ਨਾਲ ਜੂਝ ਰਿਹਾ ਹੈ ਪਰ ਕਿਸੇ ਨਾਲ ਮੁਕਾਬਲਾ ਕਰਨਾ ਜਾਂ ਕਿਸੇ ਵਰਗਾ ਹੋਣਾ ਜਾਂ ਦਿਸਣਾ ਉਹਦੀ ਲਲਕ ਨਹੀਂ। ਉਹ ਅਮੋਲਕ ਸਿੰਘ ਹੀ ਰਹਿਣਾ ਚਾਹੁੰਦਾ ਹੈ। ਮਾਪਿਆਂ ਨੇ ਉਹਦਾ ਨਾਂ ‘ਅਮੋਲਕ’ ਰੱਖਿਆ ਸੀ। ਢਾਡੀ-ਕਵੀਸ਼ਰ ਗਾਇਆ ਕਰਦੇ ਸਨ:
ਇਹ ਜਨਮ ਅਮੋਲਕ ਹੀਰਾ, ਸਬੱਬ ਨਾਲ ਹੱਥ ਲੱਗਿਆ।
ਮਾਪਿਆਂ ਦਾ ਅਮੋਲਕ ਪੁੱਤ, ਸਬੱਬ ਨਾਲ ਹੀ, ਪੰਜਾਬੀ ਪੱਤਰਕਾਰੀ ਦਾ ਬੇਸ਼ਕੀਮਤੀ ਹੀਰਾ ਹੋ ਨਿੱਬੜਿਆ ਹੈ। ਅਮੋਲਕ!
ਇਹ ਉਹਦੀ ਬਹਾਦਰੀ ਤੇ ਜਵਾਂ-ਮਰਦੀ ਹੀ ਏ ਕਿ ਏਨੀ ਵੱਡੀ ਸਰੀਰਕ ਤਕਲੀਫ਼ ਦੇ ਹੁੰਦਿਆਂ ਵੀ ਉਹਨੇ ਕਿਵੇਂ ਅਖ਼ਬਾਰ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ‘ਪੰਜਾਬ-ਟਾਈਮਜ਼’ ਉਹਦਾ ‘ਓੜ੍ਹਣਾ-ਵਿਛੌਣਾ’ ਬਣ ਗਿਆ। ਉਹਨੇ ਹਰ ਸਾਹ ਅਖ਼ਬਾਰ ਨੂੰ ਅਰਪਤਿ ਕਰ ਦਿੱਤਾ। ਅੱਠੋ-ਪਹਿਰ ਅਖ਼ਬਾਰ ਬਾਰੇ ਸੋਚਣਾ, ਅਖ਼ਬਾਰ ਬਾਰੇ ਲਿਖਣਾ-ਲਿਖਵਾਉਣਾ, ਅਖ਼ਬਾਰ ਚਲਦਾ ਰੱਖਣ ਲਈ ਆਰਥਿਕ ਮੁਹਾਜ਼ ‘ਤੇ ਵੀ ਸੰਘਰਸ਼ ਕਰਨਾ। ਉਹ ਕਹਿੰਦਾ ਹੈ ਕਿ ਆਪਣੀ ਬਿਮਾਰੀ ਤੋਂ ਮਨ ਨੂੰ ਓਹਲਾ ਦੇਣ ਲਈ ਉਹਨੇ ਆਪਣੇ ਆਪ ਨੂੰ ਅਖ਼ਬਾਰ ਦੇ ਕੰਮਾਂ ਵਿਚ ਰੁਝਾ ਲਿਆ, ਇਹ ਵੀ ਠੀਕ ਹੋ ਸਕਦਾ ਹੈ ਤੇ ਹੈ ਵੀ ਪਰ ਅਜਿਹੀ ਬਿਮਾਰੀ ਵਿਚ ਸਾਧਾਰਨ ਬੰਦਾ ਤਾਂ ਅਸਲੋਂ ਢੇਰੀ ਢਾਹ ਬਹਿੰਦਾ ਹੈ। ਸਰੀਰ ਡੋਲ ਜਾਵੇ ਤਾਂ ਮਨ ਵੀ ਡੋਲਣਾ ਹੋਇਆ ਪਰ ਉਹ ‘ਸਾਧਾਰਨ ਬੰਦਾ’ ਨਹੀਂ ਏ। ਉਹ ਤਾਂ ਖ਼ਾਸ ਬੰਦਾ ਹੈ। ਨਿਕਲੋਲਾਈ ਆਸਤ੍ਰੋਵਰਕੀ ਦੇ ਨਾਵਲ ਦੇ ਜੁਝਾਰੂ ਪਾਤਰ ਵਰਗਾ। ਸ਼ਬਦ ਦੇ ਸਹੀ ਅਰਥਾਂ ਵਿਚ ‘ਸੂਰਮਾ’।
ਹੁਣ ਸਵਾਲ ਉਠਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਅਖ਼ਬਾਰ ਕੱਢ ਲੈਣਾ ਹੀ ਸੂਰਮਗਤੀ ਹੁੰਦੀ ਹੈ? ਹਾਂ, ਇਹ ਵੀ ਹੁੰਦੀ ਹੈ ਪਰ ਗੱਲ ਏਨੀ ਹੀ ਨਹੀਂ। ਵੱਡੀ ਗੱਲ ਤਾਂ ਇਹ ਹੈ ਕਿ ਅਖ਼ਬਾਰ ਕਿਹੋ ਜਿਹੀ ਕੱਢਣੀ ਏਂ। ਕਿਸ ਨਜ਼ਰੀਏ ਤੋਂ ਕੱਢਣੀ ਏਂ। ਏਥੇ ਆ ਕੇ ਗੱਲ ਉਸ ਨੁਕਤੇ ‘ਤੇ ਅੱਪੜਦੀ ਹੈ ਕਿ ‘ਸ਼ਬਦ’ ਦੀ ਜਿਹੜੀ ਅਜ਼ਮਤ ਸਾਡੇ ਵਡੇਰਿਆਂ ਨੇ ਕਾਇਮ ਰੱਖੀ ਸੀ, ਕੀ ਇਹ ਅਖ਼ਬਾਰ ਉਸ ਅਜ਼ਮਤ ਦਾ ਰਖਵਾਲਾ ਹੈ ਜਾਂ ਕੇਵਲ ਚਲਾਵੀਆਂ ਗੱਲਾਂ ਕਰ ਕੇ, ਚਾਪਲੂਸੀਆਂ ਤੇ ਤਿਕੜਮਬਾਜ਼ੀਆਂ ਕਰ ਕੇ ਅਖ਼ਬਾਰ ਨੂੰ ਡਾਲਰ ਕਮਾਉਣ ਦਾ ਵਸੀਲਾ ਹੀ ਬਣਾਉਂਦਾ ਹੈ। ਰੋਜ਼ੀ ਰੋਟੀ ਲਈ ਡਾਲਰਾਂ ਦਾ ਹੋਣਾ ਵੀ ਜ਼ਰੂਰੀ ਹੈ ਪਰ ਡਾਲਰਾਂ ਵਾਸਤੇ ਜ਼ਮੀਰ ਵੇਚਣ ਵਾਲਾ ਪੱਤਰਕਾਰ ਜਿਊਂਦਾ ਹੋਇਆ ਵੀ ਮਰਿਆਂ-ਮੋਇਆਂ ਨਾਲੋਂ ਭੈੜਾ! ਪੱਤਰਕਾਰ ਓਹੋ ਜਿਸ ਦੀ ਜ਼ਮੀਰ ਜਿਊਂਦੀ ਹੋਵੇ। ਅਮੋਲਕ ਸਿੰਘ ਜਿਊਂਦੀ ਤੇ ਜਗਦੀ-ਜਾਗਦੀ ਜ਼ਮੀਰ ਵਾਲਾ ਸੰਪਾਦਕ, ਪੱਤਰਕਾਰ ਤੇ ਲੇਖਕ ਹੈ। ‘ਪੰਜਾਬ ਟਾਈਮਜ਼’ ਦੀ ਵਿਚਾਰਧਾਰਕ ਜਾਂ ਨਜ਼ਰਿਆਤੀ ਪਹੁੰਚ ਤੋਂ ਹੀ ਅਮੋਲਕ ਸਿੰਘ ਵੱਲੋਂ ‘ਸ਼ਬਦ’ ਦੀ ਅਜ਼ਮਤ ਨੂੰ ਕਾਇਮ ਅਤੇ ਬੁਲੰਦ ਰੱਖਣ ਦੀ ਗਵਾਹੀ ਮਿਲਦੀ ਹੈ। ਬੇਸ਼ੱਕ ਉਹ ਆਪਣੀ ਵਿਚਾਰਧਾਰਾ ਦਾ ਐਲਾਨਨਾਮਾ ਨਹੀਂ ਛਾਪਦਾ। ਤਰਦੀ ਨਜ਼ਰ ਨਾਲ ਵੇਖਣ ਵਾਲਿਆਂ ਨੂੰ ਉਹ ਕਦੀ ਖ਼ਾਲਿਸਤਾਨ ਦਾ ਹਮਾਇਤੀ, ਕਦੀ ਵਿਰੋਧੀ, ਕਦੀ ਕੱਟੜ ਸਿੱਖ, ਕਦੀ ਪੂਰਾ ਆਸਤਿਕ, ਕਦੀ ਨਾਸਤਿਕ, ਕਦੀ ਖੁੱਲ੍ਹ-ਦਿਲਾ ਸੈਕੂਲਰ, ਮਾਨਵਵਾਦੀ, ਸਰਬ-ਧਰਮ ਪ੍ਰੇਮੀ ਤੇ ਹੋਰ ਵੀ ਕਿੰਨਾ ਕੁਝ ਲੱਗਣ ਲੱਗ ਜਾਂਦਾ ਹੈ। ਉਹ ਪਰਚੇ ਵਿਚ ਛਪੀ ਕਿਸੇ ਵਿਸ਼ੇਸ਼ ਲਿਖਤ ਵਿਚਲੇ ਲੇਖਕ ਦੇ ਸਿਧਾਂਤਕ ਪੈਂਤੜੇ ਨੂੰ ਹੀ ਅਮੋਲਕ ਦਾ ਨਜ਼ਰੀਆ ਸਮਝਣ ਦੀ ਉਕਾਈ ਕਰ ਜਾਂਦਾ ਹੈ। ਏਸੇ ਕਰ ਕੇ ਕਈ ਅਖ਼ਬਾਰਾਂ ਵਾਲੇ ਸ਼ੁਰੂ ਵਿਚ ਲਿਖ ਦਿੰਦੇ ਨੇ, “ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ।” ਸੋ ਲੇਖਕ ਦੇ ਵਿਚਾਰ ਅਮੋਲਕ ਦੇ ਨਹੀਂ ਹੋ ਸਕਦੇ ਪਰ ਉਸ ਵਿਸ਼ੇਸ਼ ਲੇਖਕ ਦੀ ਲਿਖਤ ਨੂੰ ਛਾਪਣ ਦੀ ਚੋਣ ਤਾਂ ਸੰਪਾਦਕ ਦੀ ਹੀ ਹੈ। ਇਸ ਚੋਣ ਪਿੱਛੇ ਨਿਸਚੈ ਹੀ ਕੋਈ ਵਿਚਾਰਧਾਰਕ ਪੈਂਤੜਾ ਸੰਪਾਦਕ ਦਾ ਵੀ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੰਪਾਦਕ ਵੱਖ-ਵੱਖ ਲੇਖਕਾਂ ਦੇ ਵੱਖੋ-ਵੱਖ ਸਿਧਾਂਤਕ ਪੈਂਤੜਿਆਂ ਨੂੰ ਇਕ ਦੂਜੇ ਨਾਲ ਭਿੜਨ ਦਾ ਮੌਕਾ ਦਿੰਦਾ ਹੈ। ਸੌ ਫੁੱਲ ਖਿੜਨ ਦਿੰਦਾ ਹੈ। ਸੰਵਾਦ ਲਈ ਮੈਦਾਨ ਮੁਹੱਈਆ ਕਰਵਾਉਂਦਾ ਹੈ। ਏਸੇ ਸੰਵਾਦੀ ਮੈਦਾਨ ਦੇ ਧੁਰ ਹੇਠਾਂ ਕਿਧਰੇ ਅਮੋਲਕ ਦੀ ਵਿਚਾਰਧਾਰਾ ਵੀ ਅੰਤਰਧਾਰਾ ਬਣ ਕੇ ਵਹਿ ਰਹੀ ਹੁੰਦੀ ਹੈ। ਬਾਰੀਕ ਨਜ਼ਰ ਵਾਲਾ ਪਾਠਕ ਉਸ ਵਿਚਾਰਧਾਰਾ ਨੂੰ ਪਛਾਣ ਲੈਂਦਾ ਹੈ।
ਸੋ, ਕਿਹਾ ਜਾ ਸਕਦਾ ਹੈ ਕਿ ਅਖ਼ਬਾਰ ਦੀ ਵਿਚਾਰਧਾਰਕ ਪਹੁੰਚ ਚੁਪਕੇ ਜਿਹੇ ਕਈ ਝਰੋਖਿ਼ਆਂ ਵਿਚੋਂ ਝਾਤੀ ਮਾਰਦੀ ਨਜ਼ਰ ਆਉਂਦੀ ਹੈ।
ਅਖ਼ਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਕਿਸੇ ਇੱਕ ਰਾਜਨੀਤਕ ਪਾਰਟੀ ਦੀ ਹੈ, ਨਾ ਕਿਸੇ ਪੈਸੇ ਵਾਲੇ ਵੱਡੇ ਬੰਦੇ ਦੀ। ਨਾ ਕਿਸੇ ਖਾਸ ਧਾਰਮਿਕ ਵਿਸ਼ਵਾਸ ਵਾਲੇ ਲੋਕਾਂ ਦੀ। ਨਾ ਕਿਸੇ ਆਸਤਕ ਦੀ ਨਾ ਕਿਸੇ ਨਾਸਤਿਕ ਦੀ। ਨਾ ਕਿਸੇ ਸੱਜੇ-ਪੱਖੀ ਦੀ, ਨਾ ਕਿਸੇ ਖੱਬੇ-ਪੱਖੀ ਦੀ। ਨਾ ਹਿੰਸਾ ਤੇ ਵਿਸ਼ਵਾਸੀ ਦੀ ਤੇ ਨਾ ਕਿਸੇ ਅਹਿੰਸਾ ਦੇ ਪੁਜਾਰੀ ਦੀ। ਅਸਲ ਵਿਚ ਇਹ ਲੋਕਾਂ ਦੀ ਅਖ਼ਬਾਰ ਹੈ। ਸਭਨਾਂ ਦੀ ਆਪਣੀ। ਸਭਨਾਂ ਦੀ ਆਵਾਜ਼। ਜਿਵੇਂ ਅਸੀਂ ਹੁਣੇ ਕਹਿ ਹਟੇ ਹਾਂ ਕਿ ਇਹਦਾ ਇਹ ਮਤਲਬ ਨਹੀਂ ਕਿ ‘ਪੰਜਾਬ ਟਾਈਮਜ਼’ ਦੀ ਆਪਣੀ ਕੋਈ ਆਵਾਜ਼ ਨਹੀਂ। ਆਵਾਜ਼ ਤਾਂ ਹੈ, ਨਿਸਚੈ ਹੀ ਹੈ ਪਰ ਇਹ ਆਵਾਜ਼ ਉਹਨਾਂ ਨਚਾਰਾਂ ਦੀ ਆਵਾਜ਼ ਨਹੀਂ ਜੋ ਕਿਸੇ ਪਿੱਛੇ ਬੈਠੀ ਤੇ ਕਠਪੁਤਲੀਆਂ ਦੀਆਂ ਤਾਰਾਂ ਹਿਲਾ ਰਹੀ ਸੱਤਾ ਦੇ ਇਸ਼ਾਰੇ ‘ਤੇ ਨੱਚਦੇ ਤੇ ਗਾਉਂਦੇ ਨੇ। ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਅੱਜ ਸਾਰਾ ਬਿਜਲਈ ਤੇ ਪ੍ਰਿੰਟ ਮੀਡੀਆ ਵਿਕਿਆ ਪਿਆ ਹੈ, ਪੱਤਰਕਾਰ ਦੀ ਆਪਣੀ ਆਵਾਜ਼ ਕੋਈ ਨਹੀਂ, ਉਹ ਤਾਂ ਧੂਤੂ ਨੇ, ਉਹ ਤਾਂ ਉਹ ਕੁਝ ਬੋਲਦੇ ਨੇ ਜੋ ਉਨ੍ਹਾਂ ਦੇ ਪਿਛੇ ਬੈਠੇ ਉਨ੍ਹਾਂ ਦੇ ਆਕਾ, ਉਹਨਾਂ ਨੂੰ ਪੈਸੇ ਦੇਣ ਵਾਲੇ ਉਹਨਾਂ ਦੇ ਮਾਲਕ ਤੇ ਉਹਨਾਂ ਦੇ ਹਿਤ ਕਹਿੰਦੇ ਨੇ। ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ। ਸੱਚ ਬੋਲਣ ਵਾਲਾ ਤਾਂ ਹੁਣ ਕੋਈ-ਕੋਈ ਬਚਿਆ ਹੈ। ਕੋਈ ਹਰਿਆ ਬੂਟ ਰਹੀਓ ਰੀ! ਸ਼ੁਕਰ ਹੈ, ‘ਪੰਜਾਬ ਟਾਈਮਜ਼’ ਜਿਊਂਦਾ ਹੈ। ਅਮੋਲਕ ‘ਜਿਊਂਦਾ’ ਹੈ। ਦੋਵੇਂ ਪਤਝੜੀ ਮਾਹੌਲ ਵਿਚ ਵੀ ਹਰੇ ਭਰੇ ਹਨ। ਅਮੋਲਕ ਦੀ ਸੱਤਾ ਦੇ ਗਲਿਆਰਿਆਂ ਵਿਚ ਵਿਚਰਦੇ ਵੱਡੇ ਬੰਦਿਆਂ ‘ਤੇ ਕੋਈ ਟੇਕ ਨਹੀਂ, ਉਹਦੀ ਟੇਕ ਤਾਂ ਹੈ, ਆਪਣੇ ਲੋਕਾਂ ‘ਤੇ, ਆਪਣੇ ਭਾਈਚਾਰੇ ‘ਤੇ। ਇਸੇ ਕਰ ਕੇ ਅਖ਼ਬਾਰ ਲੋਕਾਂ ਦੀ ਆਵਾਜ਼ ਹੈ। ਪੂਰੇ ਭਾਈਚਾਰੇ ਦੀ ਆਵਾਜ਼ ਹੈ।
ਚੱਲਦੇ ਚੱਲਦੇ ਗੱਲ ਯਾਦ ਆ ਗਈ। ਗੱਲ ਚਾਲੀ ਪੰਜਾਹ ਸਾਲ ਪਹਿਲਾਂ ਦੀ ਹੈ। ਅੰਬਰਸਰ ਵਿਚ ਵਿਸਾਖੀ ਦਾ ਦੀਵਾਨ ਸੀ ਮੰਜੀ ਸਾਹਿਬ ਵਿਖੇ। ਅਸੀਂ ਓਥੇ ਸੋਹਣ ਸਿੰਘ ਸੀਤਲ ਹੁਰਾਂ ਨੂੰ ਸੁਣਨ ਜਾਂਦੇ। ਰਾਤ ਦੇ ਦੀਵਾਨ ਵਿਚ ਸੁਣ ਲਿਆ। ਅਗਲੇ ਦਿਨ ਅਸੀਂ ਵਾਪਸ ਘਰ ਮੁੜਨ ਤੋਂ ਪਹਿਲਾਂ ਵੀ ਸੀਤਲ ਜੀ ਨੂੰ ਸੁਣ ਕੇ ਜਾਣਾ ਚਾਹੁੰਦੇ ਸਾਂ। ਸਵੇਰ ਤੋਂ ਦੀਵਾਨ ਵਿਚ ਬੈਠੇ ਉਹਨਾਂ ਦੀ ਵਾਰੀ ਦੀ ਉਡੀਕ ਕਰ ਰਹੇ ਸਾਂ। ਸੀਤਲ ਜੀ ਬਾਰਾਂ ਕੁ ਵਜੇ ਸਟੇਜ ‘ਤੇ ਤਾਂ ਪਹੁੰਚ ਗਏ ਸਨ ਪਰ ਸਟੇਜ ਦੀਆਂ ਆਪਣੀਆਂ ਲੋੜਾਂ। ਆਮ ਜਿਹੇ ਕਵੀਸ਼ਰਾਂ ਤੇ ਢਾਡੀਆਂ ਨੂੰ ਸਮਾਂ ਦਿੱਤਾ ਜਾ ਰਿਹਾ ਸੀ। ਸਾਨੂੰ ਪਤਾ ਸੀ ਕਿ ਉਹਨਾਂ ਨੂੰ ਮਘੇ ਤੇ ਭਰੇ ਦੀਵਾਨ ਵਿਚ ਸਿਖ਼ਰਲੇ ਸਮੇਂ ‘ਤੇ ਹੀ ਬੋਲਣ ਦਾ ਸਮਾਂ ਮਿਲੇਗਾ। ਸਾਨੂੰ ਸੀਤਲ ਹੁਰਾਂ ਨੂੰ ਸੁਣਨ ਤੇ ਘਰ ਮੁੜਨ ਦੀ ਕਾਹਲ ਵੀ ਸੀ। ਮੈਂ ਇਕ ਪਰਚੀ ਲਿਖੀ ਤੇ ਆਪਣੇ ਸਾਥੀ ਦੇ ਹੱਥ ਸਟੇਜ ਸਕੱਤਰ ਤੱਕ ਪਹੁੰਚਾ ਦਿੱਤੀ। ਪਰਚੀ ਵਿਚ ਕੁਝ ਇਸ ਤਰ੍ਹਾਂ ਦੇ ਭਾਵ ਸਨ, “ਸੰਗਤ ਸਵੇਰ ਤੋਂ ਸੀਤਲ ਜੀ ਨੂੰ ਸੁਣਨ ਲਈ ਉਤਾਵਲੀ ਹੈ। ਹੁਣ ਜਦ ਉਹ ਸਟੇਜ ‘ਤੇ ਆਏ ਬੈਠੇ ਨੇ ਤਾਂ ਅਜੇ ਵੀ ਅਜਿਹੇ ਕਵੀਸ਼ਰਾਂ ਢਾਡੀਆਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਇਤਿਹਾਸ ਦੀ ਕੋਈ ਲੰਮੀ ਚੌੜੀ ਜਾਣਕਾਰੀ ਤਾਂ ਹੈ ਨਹੀਂ, ਬੱਸ ਉਚੀ ਉਚੀ ਟਾਹਰਾਂ ਲਾ ਕੇ ਸੰਗਤ ਤੋਂ ਪੈਸੇ ਲੈਣੇ ਜਿਨ੍ਹਾਂ ਦਾ ਮਕਸਦ ਹੈ। ਸਾਡੀ ਬੇਨਤੀ ਸਵੀਕਾਰ ਕਰ ਕੇ ਸੀਤਲ ਜੀ ਨੂੰ ਸਮਾਂ ਦੇ ਕੇ ਧੰਨਵਾਦੀ ਬਣਾਇਆ ਜਾਵੇ।”
ਸਾਡੀ ਬੇਨਤੀ ਦਾ ਅਸਰ ਹੋਇਆ। ਸਟੇਜ ਸਕੱਤਰ ਨੇ ਪਰਚੀ ਸਟੇਜ ‘ਤੇ ਪੜ੍ਹ ਕੇ ਸੁਣਾ ਦਿੱਤੀ ਤੇ ਸੀਤਲ ਜੀ ਨੂੰ ਬੋਲਣ ਦਾ ਸਮਾਂ ਵੀ ਦੇ ਦਿੱਤਾ। ਸੀਤਲ ਜੀ ਨੇ ਮਾਈਕ ਅੱਗੇ ਆਉਂਦਿਆਂ ਹੀ ਪਰਚੀ ਭੇਜਣ ਵਾਲੇ ‘ਮਿਹਰਬਾਨਾਂ ਦਾ ਧੰਨਵਾਦ’ ਕਰਦਿਆਂ ਕਿਹਾ, “ਤੁਹਾਡਾ ਸ਼ੁਕਰਗੁਜ਼ਾਰ ਹਾਂ ਜੋ ਤੁਸੀਂ ਮੈਨੂੰ ਏਨਾ ਪਿਆਰ ਤੇ ਆਦਰ ਦਿੰਦੇ ਓ ਪਰ ਜਿਨ੍ਹਾਂ ਨੂੰ ਤੁਸੀਂ ਪੈਸੇ ਪਿੱਛੇ ਟਾਹਰਾਂ ਮਾਰਨ ਵਾਲੇ ਕਿਹਾ ਹੈ, ਉਹਨਾਂ ਦੀ ਵਡਿਆਈ ਏਸੇ ਵਿਚ ਹੈ ਕਿ ਉਹ ਕਿਸੇ ਵੱਡੇ ਬੰਦੇ ਜਾਂ ਕਿਸੇ ਪਾਰਟੀ ਤੋਂ ਪੈਸੇ ਨਹੀਂ ਲੈਂਦੇ ਸਗੋਂ ਸੰਗਤ ਤੋਂ ਪੈਸੇ ਲੈਂਦੇ ਨੇ। ਜੇ ਕਿਸੇ ਪਾਰਟੀ ਜਾਂ ਬੰਦੇ ਤੋਂ ਪੈਸੇ ਲੈਂਦੇ ਤਾਂ ਟਾਹਰਾਂ ਵੀ ਉਹਦੇ ਕਹਿਣ ‘ਤੇ ਉਹਦੇ ਹੀ ਹੱਕ ‘ਚ ਮਾਰਦੇ ਪਰ ਇਹ ਸੰਗਤ ਦੇ ਸੇਵਕ ਪੈਸੇ ਵੀ ਸੰਗਤ ਤੋਂ ਲੈਂਦੇ ਨੇ ਤਾਂ ਟਾਹਰਾਂ ਵੀ ਸੰਗਤ ਦੇ ਹੱਕ ਵਿਚ ਹੀ ਮਾਰਦੇ ਨੇ।”
‘ਪੰਜਾਬ ਟਾਈਮਜ਼’ ਸੰਗਤ ਦੇ ਪੈਸੇ ਨਾਲ ਚੱਲਣ ਵਾਲਾ ਅਖ਼ਬਾਰ ਹੋਣ ਕਰ ਕੇ ਟਾਹਰਾਂ ਵੀ ਸੰਗਤ ਦੇ ਹੱਕ ਵਿਚ ਹੀ ਮਾਰਦਾ ਹੈ। ਪੰਜਾਬ ਟਾਈਮਜ਼ ਦੀ ਆਵਾਜ਼ ‘ਸੰਗਤ ਦੀ ਆਵਾਜ਼’ ਹੈ।
ਇਹ ਆਵਾਜ਼ ਉਚੀ ਰੌਲਾ ਪਾਉਣ ਵਾਲੇ ਤੇ ਆਪਣੀ ਗੱਲ ਧੱਕੇ ਨਾਲ ਮਨਵਾਉਣ ਵਾਲੇ ਅੰਦਾਜ਼ ਵਿਚ ਪ੍ਰਗਟ ਨਹੀਂ ਹੁੰਦੀ ਸਗੋਂ ਇਹ ਆਵਾਜ਼ ਅਖ਼ਬਾਰ ਦੇ ਸੰਵਾਦੀ ਅੰਦਾਜ਼ ਵਿਚੋਂ, ਕਿਸੇ ਵੀ ਮਸਲੇ ਤੇ ਵਰਤਾਰੇ ਦੇ ਸਾਰੇ ਵਿਚਾਰਧਾਰਕ ਪੱਖਾਂ ਨੂੰ ਰਿੜਕਣ ਤੋਂ ਬਾਅਦ ਸਹਿਜ ਧੁਨੀ ਵਾਂਗ ਉਦੈ ਹੁੰਦੀ ਹੈ। ਇਹ ਆਵਾਜ਼ ਮਾਨਵਤਾ ਦੀ ਆਵਾਜ਼ ਹੈ। ਲੁੱਟੀ-ਥੁੜੀ ਲੋਕਾਈ ਦੀ ਆਵਾਜ਼ ਹੈ। ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੱਤਾ ‘ਤੇ ਕਾਬਜ਼ ਧਿਰ ਦੇ ਧੱਕਿਆਂ, ਧੋਖਿਆਂ ਨੂੰ ਜੱਗ-ਜ਼ਾਹਿਰ ਕਰਦੀ, ਜ਼ਾਲਮ ਨੂੰ ਲਲਕਾਰਦੀ, ਦੁਖਿਆਰੀਆਂ ਤੇ ਦਲੀਆਂ ਮਲੀਆਂ ਧਿਰਾਂ ਨੂੰ ਹੱਕ ਸੱਚ ਦੀ ਲੜਾਈ ਲਈ ਲਲਕਾਰਦੀ-ਵੰਗਾਰਦੀ ਆਵਾਜ਼ ਹੈ। ਇਹ ਮਾਨਵਤਾ ਦੀ ਆਵਾਜ਼ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ‘ਪੰਜਾਬ ਟਾਈਮਜ਼’ ਨੇ ਬਾਬਾ ਨਾਨਕ ਜੀ ਦੀ ‘ਕਿਛ ਸੁਣੀਐ ਕਿਛੁ ਕਹੀਐ ਨਾਨਕ॥’ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਅੱਜ ਅਸੀਂ ਉਸ ਮਹਾਨ ਪਰੰਪਰਾ ਤੋਂ ਵਿਜੋਗੇ ਤੇ ਵਿਛੁੰਨੇ ਜਾ ਚੁੱਕੇ ਹਾਂ। ਅਸੀਂ ਉਸ ਪਰੰਪਰਾ ਨੂੰ ਭੁੱਲਦੇ ਜਾ ਰਹੇ ਹਾਂ। ‘ਪੰਜਾਬ ਟਾਈਮਜ਼’ ਉਸ ਸੰਵਾਦ ਦੀ ਪਰੰਪਰਾ ਨੂੰ ਸਾਡੇ ਸਾਹਮਣੇ ਰੱਖ ਕੇ ਵਿਰੋਧੀ ਵਿਚਾਰਾਂ ਨੂੰ, ਇਕ ਦੂਜੇ ਤੋਂ ਵੱਖਰੇ ਵਿਚਾਰਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਬਣਦੀ ਥਾਂ ਦਿੰਦਾ ਹੋਇਆ ਕਹਿੰਦਾ ਹੈ, “ਆਓ, ਇਕ ਦੂਜੇ ਦੇ ਗਲ ਨਾ ਪਈਏ, ਇਕ ਦੂਜੇ ਦੀਆਂ ਪੱਗਾਂ ਨਾ ਲਾਹੀਏ ਸਗੋਂ ਇਕ ਦੂਜੇ ਨੂੰ ਸਮਝਣ ਦੀ ਕੋਸਿ਼ਸ਼ ਕਰੀਏ, ਵਿਰੋਧੀ ਵਿਚਾਰ ਦੀ ਧਾਰ ਨੂੰ ਦਲੀਲ ਨਾਲ ਕੱਟੀਏ, ਤੇ ਆਪਣੇ ਵਿਚਾਰ ਨੂੰ ਸਥਾਪਤ ਕਰਨ ਦਾ ਚਾਰਾ ਕਰੀਏ।”
‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਪਿਛਲੇ ਸਾਲਾਂ ਵਿਚ ਅਜਿਹੇ ਟਕਰਾਉਂਦੇ ਵਿਚਾਰਾਂ ਨੂੰ ਸੰਵਾਦ ਦੀ ਵਿਧੀ ਰਾਹੀਂ ਪਰਗਟ ਹੁੰਦਿਆਂ ਵੀ ਵੇਖਿਆ ਹੈ ਤੇ ਟਕਰਾਵੀਆਂ ਬਹਿਸਾਂ ਵਿਚੋਂ ਆਪਣੇ ਤਰਕ ਨਾਲ ਸੱਚ ਨਿਤਾਰਨ ਤੇ ਨਿਚੋੜਨ ਦੀ ਜੁਗਤ ਵੀ ਜਾਣੀ ਹੈ। ਇਸੇ ਸੰਵਾਦੀ ਬਿਰਤੀ ਦੀ ਪ੍ਰਮਾਣਿਕ ਮਿਸਾਲ ਅਮੋਲਕ ਤੇ ਗੁਰਦਿਆਲ ਬੱਲ ਵੱਲੋਂ ‘ਪੰਜਾਬ ਟਾਈਮਜ਼’ ਵਿਚ ਹੋਈ ਟਕਰਾਉਂਦੀ ਚਰਚਾ ਦੀ ਸੰਪਾਦਤ ਕੀਤੀ ਵੱਡ-ਆਕਾਰੀ ਕਿਤਾਬ ‘ਸਿੱਖ ਕੌਮ: ਹਸਤੀ ਅਤੇ ਹੋਣੀ’ ਹੈ।
ਪੰਜਾਬ ਟਾਈਮਜ਼ ਦੇ ਇਕ ਸਾਲਾਨਾ ਜਸ਼ਨ ਵਿਚ ਮੈਂ ਇਹ ਵੀ ਕਿਹਾ ਸੀ, “ਮੈਂ ਇਹ ਗੱਲ ਬੜੀ ਜਿ਼ੰਮੇਵਾਰੀ ਨਾਲ ਕਹਿ ਰਿਹਾਂ ਕਿ ਗਦਰੀ ਬਾਬਿਆਂ ਨੇ ਏਸੇ ਅਮਰੀਕਾ ਦੀ ਧਰਤ ਤੋਂ ‘ਗਦਰ’ ਅਖਬਾਰ ਸ਼ੁਰੂ ਕਰ ਕੇ ਜਿਹੜੀ ਵੱਡੀ ਜੰਗ ਦਾ ਆਰੰਭ ਕੀਤਾ ਸੀ, ‘ਪੰਜਾਬ ਟਾਈਮਜ਼’ ਉਸੇ ਜੰਗ ਨੂੰ ਲੜਨ ਵਾਲਾ ਉਹਦਾ ਸੱਚਾ ਸੁੱਚਾ ਵਾਰਸ ਹੈ ਅਤੇ ‘ਗਦਰ’ ਤੋਂ ਬਾਅਦ ਇਹ ਪੰਜਾਬੀ ਦਾ ਉਹ ਅਖਬਾਰ ਹੈ ਜਿਹੜਾ ਪੂਰੇ ਮਾਣ ਨਾਲ ਸਿਰ ਚੁੱਕ ਕੇ ਇਹ ਕਹਿ ਸਕਦਾ ਹੈ, ‘ਅਸੀਂ ਗਦਰੀ ਬਾਬਿਆਂ ਦੇ ਸੁਨੇਹੇ ਦੇ ਸੱਚੇ ਸੁੱਚੇ ਵਾਰਸ ਆਂ। ਗਦਰੀ ਬਾਬਿਆਂ ਨੇ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਨੂੰ ਇਕ ਮੰਚ ‘ਤੇ ਲਿਆ ਕੇ ਆਜ਼ਾਦੀ ਦੀ ਲੜਾਈ ਲੜੀ। ‘ਪੰਜਾਬ ਟਾਈਮਜ਼’ ਉਸੇ ਸਿਧਾਂਤ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅੱਜ ਜਦੋਂ ਅਸੀਂ ਹਿੰਦੂ ਬਣ ਰਹੇ ਹਾਂ, ਅਸੀਂ ਸਿੱਖ ਬਣ ਰਹੇ ਹਾਂ, ਅਸੀਂ ਮੁਸਲਮਾਨ ਬਣ ਰਹੇ ਹਾਂ, ‘ਪੰਜਾਬ ਟਾਈਮਜ਼’ ਉਹਨਾਂ ਗਦਰੀ ਬਾਬਿਆਂ ਦਾ ਹੀ ਇਨਸਾਨੀ ਹੋਕਾ ਦੇ ਰਿਹਾ ਹੈ, ਹੱਕ ਸੱਚ ਲਈ ਲੜਨ ਦਾ ਹੋਕਾ ਦੇ ਰਿਹਾ ਹੈ। ਅੱਜ ਅਸੀਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਤੰਗ-ਦਿਲ, ਤੰਗ ਜਿ਼ਹਨ ਤੇ ਤੰਗ ਨਜ਼ਰ ਹੋ ਗਏ ਹਾਂ। ਅੱਜ ਤਥਾਕਥਿਤ ਭਗਵੀਆਂ ਧਾਰਮਿਕ ਭੀੜਾਂ ਦੇਸ਼ ਵਿਚ ਦਨਦਨਾਉਂਦੀਆਂ ਫਿਰਦੀਆਂ ਹਨ ਤੇ ਵੱਖਰੀ ਦਿੱਖ ਵੇਖ ਕੇ ਕਿਸੇ ਬੇਦੋਸ਼ੇ ‘ਤੇ ਬਘਿਆੜਾਂ ਵਾਂਗ ਟੁੱਟ ਪੈਂਦੀਆਂ ਤੇ ਉਸ ਨੂੰ ਨੋਚ ਖਾਂਦੀਆਂ ਹਨ; ਦੂਜੇ ਪਾਸੇ ਅਜੇ ਦੂਰ ਦੀ ਗੱਲ ਨਹੀਂ ਜਦੋਂ ਦਿੱਲੀ ਵਿਚ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾ ਕੇ ਉਹਨਾਂ ਨੂੰ ਲੂਹਿਆ ਗਿਆ; ਗੁਜਰਾਤ ਵਿਚ ਮੁਸਲਮਾਨਾਂ ਦਾ ਸਮੂਹਕ ਕਤਲੇਆਮ ਹੋਇਆ ਜਾਂ ਚੁਰਾਸੀ ਵੇਲੇ ਬੱਸਾਂ ਵਿਚੋਂ ਕੱਢ ਕੇ ਹਿੰਦੂਆਂ ਨੂੰ ਮਾਰਿਆ ਗਿਆ। ਅਜਿਹਾ ਰਾਜ ਗ਼ਦਰੀ ਬਾਬਿਆਂ ਦਾ ਸੁਪਨਾ ਨਹੀਂ ਸੀ। ਉਹਨਾਂ ਤਾਂ, ਜਦੋਂ ਦੇਸ਼ ਵਿਚ ‘ਸਿੱਖ ਹਿੰਦੂ ਹਨ’, ਜਾਂ ‘ਹਮ ਹਿੰਦੂ ਨਹੀਂ’ ਦਾ ਵਿਵਾਦ, ਸੰਵਾਦ ਚੱਲ ਰਿਹਾ ਸੀ ਤਾਂ ਉੱਤਰੀ ਅਮਰੀਕਾ ਵਿਚ ਰਹਿੰਦੇ ਵਿਭਿੰਨ ਮਜ਼੍ਹਬਾਂ ਦੇ ਲੋਕਾਂ ਨੂੰ ਮਜ਼੍ਹਬੀ ਵਿੱਥਾਂ ਨੂੰ ਭੁਲਾ ਕੇ ਏਕੇ ਦੀ ਗਲਵੱਕੜੀ ਵਿਚ ਕੱਸ ਦਿੱਤਾ ਸੀ। ਜਦੋਂ ਦੇਸ਼ ਵਿਚ ਕਾਂਗਰਸ ਅਜੇ ਛੋਟੀਆਂ ਮੋਟੀਆਂ ਰਿਆਇਤਾਂ ਮੰਗ ਰਹੀ ਸੀ ਤਾਂ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਨੇ ਆਪਸ ਵਿਚ ਦਿਲ ਅਤੇ ਸਿਰ ਜੋੜ ਕੇ ਹਥਿਆਰਬੰਦ ਸੰਘਰਸ਼ ਰਾਹੀਂ ਮੁਕੰਮਲ ਰਾਜਸੀ ਆਜ਼ਾਦੀ ਪ੍ਰਾਪਤ ਕਰਨ ਅਤੇ ਜਮਹੂਰੀ ਤਰਜ਼ ਦਾ ਗ਼ੈਰਫ਼ਿਰਕੂ ਰਾਜ ਸਥਾਪਤ ਕਰਨ ਦਾ ਸੁਪਨਾ ਸਿਰਜ ਲਿਆ ਸੀ। ਉਹਨਾਂ ਦਾ ਇਹ ਸੁਪਨਾ ‘ਹਿੰਦੂ ਰਾਜ’ ਜਾਂ ਗਵਾਚਿਆ ਹੋਇਆ ‘ਸਿੱਖ ਰਾਜ’ ਸਥਾਪਤ ਕਰਨ ਦਾ ਨਹੀਂ ਸੀ। ਨਾ ਹੀ ਅਜੇ ਕਿਸੇ ‘ਪਾਕਿਸਤਾਨ’ ਪ੍ਰਾਪਤ ਕਰਨ ਦੀ ਕਿਧਰੇ ਮੰਗ ਸੀ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਜੀਵਨ ਕਹਾਣੀ ਵਿਚ ਪਾਰਟੀ ਦੀ ਕਾਇਮੀ ਵੇਲੇ ਨਿਰਧਾਰਤ ਕੀਤੇ ਨਿਯਮਾਂ ਨੂੰ ਆਪਣੀ ਯਾਦਾਸ਼ਤ ਵਿਚੋਂ ਲਿਖਦੇ ਹਨ:
‘ਗ਼ਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਕੌਮੀ ਨਾਤਾ ਹੋਵੇਗਾ ਨਾ ਕਿ ਮਜ਼੍ਹਬੀ ਅਤੇ ਨਾ ਹੀ ਪਾਰਟੀ ਵਿਚ ਕਦੀ ਮਜ਼੍ਹਬੀ ਚਰਚਾਵਾਦ ਕੀਤੀ ਜਾਵੇਗੀ। ਆਸਤਕ (ਰੱਬ ਨੂੰ ਮੰਨਣ ਵਾਲੇ), ਨਾਸਤਕ (ਰੱਬ ਤੋਂ ਬੇਮੁੱਖ) ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿਕ ਮਜ਼੍ਹਬੀ ਖ਼ਿਆਲਾਂ ਨੂੰ ਲੈ ਕੇ, ਕੋਈ ਆਦਮੀ ਗ਼ਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ ਤੇ ਹਰ ਇਕ ਮਨੁੱਖ, ਮਨੁੱਖ ਹੁੰਦਾ ਹੋਇਆ, ਇਸ ਦਾ ਮੈਂਬਰ ਬਣ ਸਕੇਗਾ।’
ਇਹ ਵਿਸਥਾਰ ਦੇਣ ਦੀ ਲੋੜ ਇਸ ਕਰ ਕੇ ਪਈ ਤਾਕਿ ਜਾਣਿਆ ਜਾ ਸਕੇ ਕਿ ਜਿਹੜੇ ਇਨਸਾਨੀ ਮੁੱਲਾਂ ਨੂੰ ਲੈ ਕੇ ਗ਼ਦਰੀ ਬਾਬੇ ਲੜੇ ਸਨ, ‘ਪੰਜਾਬ ਟਾਈਮਜ਼’ ਉਹਨਾਂ ਪੈੜਾਂ ‘ਤੇ ਹੀ ਤੁਰ ਰਿਹਾ ਹੈ।
‘ਗ਼ਦਰ’ ਦੇ ਪਹਿਲੇ ਪਰਚੇ ਦੀਆਂ ਪਹਿਲੀਆਂ ਸਤਰਾਂ ਵਿਚ ਹੀ ‘ਵਿਦੇਸੀ ਧਰਤੀ ਤੋਂ ਦੇਸੀ ਜ਼ਬਾਨਾਂ ਵਿਚ’ ਅੰਗਰੇਜ਼ ਸਾਮਰਾਜ ਵਿਰੁੱਧ ਜੰਗ ਦਾ ਐਲਾਨ ਕੀਤਾ ਗਿਆ। ਹੇਠ ਲਿਖੀਆਂ ਸਤਰਾਂ ਵਿਚ ਕੀਤਾ ਇਹ ‘ਐਲਾਨ’ ਕੇਵਲ ਦੇਸੀ ਜ਼ਬਾਨਾਂ, ਭਾਵ ਮਾਂ-ਬੋਲੀ ਦੇ ਮਹੱਤਵ ਨੂੰ ਤਾਂ ਦ੍ਰਿੜਾਉਂਦਾ ਹੀ ਹੈ ਸਗੋਂ ਜ਼ਬਾਨ ਨੂੰ ਦੁਸ਼ਮਣ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿਚ ਵਰਤੇ ਜਾਣ ਵਾਲਾ ਸ਼ਕਤੀਸ਼ਾਲੀ ਹਥਿਆਰ ਵੀ ਮੰਨਦਾ ਹੈ।
‘ਅੱਜ ਪਹਿਲੀ ਨਵੰਬਰ, 1913 ਨੂੰ ਭਾਰਤ ਦੀ ਤਵਾਰੀਖ ਵਿਚ ਇੱਕ ਨਵਾਂ ਸਮੰਤ ਚਲਦਾ ਹੈ, ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ਬਾਨ ਵਿਚ ਜੰਗ ਛਿੜਦਾ ਹੈ। ਅੱਜ ਦਾ ਦਿਨ ਸ਼ੁਭ ਹੈ ਅੰਗਰੇਜ਼ ਰਾਜ ਦੀ ਜੜ੍ਹ ਉਖਾੜਨ ਵਾਲਾ ਅਖਰ ‘ਗ਼ਦਰ’ ਉਰਦੂ ਤੇ ਗੁਰਮੁਖੀ ਅਖ਼ਬਾਰ ਤੋਂ ਜ਼ਾਹਰ ਹੁੰਦਾ ਹੈ। ਘਰ ਤੋਂ ਦਸ ਹਜ਼ਾਰ ਮੀਲ ਦੂਰ ਪਰਦੇਸ ਵਿਚ ਇਸ ਅਖਬਾਰ ਦਾ ਛਪਣਾ ਇਕ ਅਜਿਹਾ ਕੰਮ ਹੈ, ਜਿਸ ਉੱਤੇ ਨਿਗਾਹ ਮਾਰਨ ਤੇ ਖੁਸ਼ੀ ਭਰੀ ਨਹੀਂ ਸਮੋਂਦੀ।’
ਗ਼ਦਰੀ ਜਾਣਦੇ ਸਨ ਕਿ ਹਾਕਮ ਧਿਰ ਕਿਸੇ ਵੀ ਕੌਮ ਨੂੰ ਉਹਦੀ ਵਿਰਾਸਤ, ਇਤਿਹਾਸ ਤੇ ਸਭਿਆਚਾਰ ਤੋਂ ਬੇਮੁੱਖ ਕਰਨ ਲਈ ਉਹਨਾਂ ਦੀ ਆਪਣੀ ਜ਼ਬਾਨ ਉਹਨਾਂ ਤੋਂ ਖੋਹ ਲੈਂਦੀ ਹੈ। ਅੱਜ ‘ਪੰਜਾਬ ਟਾਈਮਜ਼’ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਨੂੰ ਇਸ ਆਪਣੀ ਅਮੀਰ ਵਿਰਾਸਤ ਨਾਲ ਜੋੜ ਰਿਹਾ ਹੈ। ਪੰਜਾਬੀ ਜ਼ੁਬਾਨ ਦੀ ਅਮੀਰੀ, ਨਫਾਸਤ, ਸੁੱਚੀ ਰਾਜਨੀਤੀ ਤੇ ਸੁੱਚੇ ਸਭਿਆਚਾਰ ਦੀ ਸਥਾਪਤੀ ਦੀ ਲੜਾਈ ਲੜ ਰਿਹਾ ਹੈ। ਇਹ ਜੰਗ ਭਾਵੇਂ ਗਦਰੀਆਂ ਦੀ ਜੰਗ ਤੋਂ ਬਹੁਤ ਛੋਟੀ ਹੈ ਪਰ ‘ਪੰਜਾਬ ਟਾਈਮਜ਼’, ਦੂਜੇ ਸ਼ਬਦਾਂ ਵਿਚ ਅਮੋਲਕ ਸਿੰਘ ਉਹ ਚਿਰਾਗ ਹੈ ਜੋ ਆਪਣਾ ਆਪਾ ਬਾਲ ਕੇ ਆਪਣੇ ਵਿਤ ਮੁਤਾਬਕ ਅੰਨ੍ਹੇ ਹਨੇਰੇ ਨੂੰ ਕੱਟਣ ਦਾ ਯਤਨ ਕਰ ਰਿਹਾ ਹੈ। ਅਮੋਲਕ ਅੱਜ ਭਾਵੇਂ ਸਰੀਰਕ ਤੌਰ ‘ਤੇ ਬੋਲਣ ਵਿਚ ਡਾਢੀ ਔਖ ਮਹਿਸੂਸ ਕਰ ਰਿਹਾ ਹੈ ਪਰ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਉਤਰੀ ਅਮਰੀਕਾ ਵਿਚ ਇਸ ਪਰਚੇ ਦੀ ਆਵਾਜ਼ ਗੂੰਜ ਰਹੀ ਹੈ। ਇਹ ਸਾਰਾ ਕੁਝ ਅਮੋਲਕ ਸਿੰਘ ਜੰਮੂ ਵਰਗੀ ਸ਼ਖਸੀਅਤ, ਉਹਦੇ ਸਿਰੜ, ਸਿਦਕ ਅਤੇ ਬੇਮਿਸਾਲ ਲੜਾਕੂ ਜਜ਼ਬੇ ਕਰ ਕੇ ਹੀ ਸੰਭਵ ਹੋ ਸਕਿਆ ਹੈ। ਸਭ ਤੋਂ ਵੱਡੀ ਗੱਲ ‘ਪੰਜਾਬ ਟਾਈਮਜ਼’ ਨੇ ਪੱਤਰਕਾਰੀ ਦੇ ਅਸੂਲਾਂ ਉਤੇ ਸਦਾ ਹੀ ਪਹਿਰਾ ਦਿੱਤਾ ਹੈ। ਅਮੋਲਕ ਸਿੰਘ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਦੇ ਬਾਵਜੂਦ ਮਿੱਤਰਾਂ-ਪਿਆਰਿਆਂ ਅਤੇ ਹਮ-ਖਿਆਲੀਆਂ ਦੇ ਸਾਥ ਨਾਲ ਪੱਤਰਕਾਰੀ ਦੇ ਰਣ-ਤੱਤੇ ਵਿਚ ਜੂਝ ਰਿਹਾ ਸੂਰਮਾ ਹੈ।
ਅਜ ਇਹ ਪਰਚਾ ਸਿ਼ਕਾਗੋ, ਨਿਊਯਾਰਕ ਤੇ ਕੈਲੀਫੋਰਨੀਆ ਤੋਂ ਤਿੰਨ ਐਡੀਸ਼ਨਾਂ ਵਿਚ ਛਪਦਾ ਹੈ ਤੇ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ। ਸੰਸਾਰ ਭਰ ਵਿਚ ਵੱਸਦੇ ਪੰਜਾਬੀ ਇਹਨੂੰ ਨੈੱਟ ਤੋਂ ਪੜ੍ਹਦੇ ਨੇ। ਮੈਂ ਖ਼ੁਦ ਕੋਸਿ਼ਸ਼ ਕਰਦਾ ਹਾਂ ਕਿ ਇਹਦਾ ਨਵਾਂ ਪਰਚਾ ਵੇਖਣਾ ਭੁੱਲ ਨਾ ਜਾਵਾਂ।
ਅਮੋਲਕ ਸਿੰਘ ਦੀ ਸੰਪਾਦਕੀ ਸੂਝ ਅਖ਼ਬਾਰ ਵਿਚ ਛਪਣ ਵਾਲੇ ਮਸਾਲੇ ਅਤੇ ਸਬੰਧਿਤ ਰਚਨਾਵਾਂ ਬਾਰੇ ਮੁਲਵਾਨ ਟਿੱਪਣੀਆਂ ਵਿਚੋਂ ਹੀ ਨਜ਼ਰ ਨਹੀਂ ਆਉਂਦੀ, ਅਸਲ ਵਿਚ ਪੂਰੇ ਦਾ ਪੂਰਾ ਅਖ਼ਬਾਰ ਉਹਦੀ ਉਤਮ ਸੰਪਾਦਕੀ ਸੂਝ ਦਾ ਨਮੂਨਾ ਹੈ।
ਉਹਨੇ ਅਖ਼ਬਾਰ ਨੂੰ ਮੈਟਰ ਪੱਖੋਂ ਏਨਾ ਬਹੁਰੰਗਾ ਬਣਾ ਧਰਿਆ ਹੈ ਕਿ ਇਸ ਨੂੰ ਪੜ੍ਹ ਕੇ ਹਰੇਕ ਰੁਚੀ ਦੇ ਪਾਠਕ ਨੂੰ ਤਸੱਲੀ ਦਾ ਅਹਿਸਾਸ ਹੁੰਦਾ ਹੈ। ਤਾਜ਼ੀਆਂ ਖ਼ਬਰਾਂ ਪੜ੍ਹਨ ਵਾਲਿਆਂ ਤੇ ਸਿਆਸਤ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਬਾਰੇ ਹਰੇਕ ਵੰਨਗੀ ਦੀ ਖ਼ਬਰ ਵੀ ਪੜ੍ਹਨ ਨੂੰ ਮਿਲ ਜਾਂਦੀ ਹੈ ਤੇ ਵਰਤਮਾਨ ਪੰਜਾਬ ਤੇ ਸੰਸਾਰ ਸਿਆਸਤ ਬਾਰੇ ਬਹੁਮੁੱਲੇ ਲੇਖ ਵੀ ਪੜ੍ਹਨ ਨੂੰ ਮਿਲ ਜਾਂਦੇ ਨੇ। ਇਹਨਾਂ ਸਿਆਸੀ ਲਿਖ਼ਤਾਂ ਵਿਚ ਸਿਆਸਤ ਦਾ ਸੰਤੁਲਿਤ ਨਜ਼ਰੀਆ ਦ੍ਰਿਸ਼ਟੀਗੋਚਰ ਗੁੰਦਾ ਹੈ।
ਇਸਤੋਂ ਇਲਾਵਾ ਅਖ਼ਬਾਰ ਦਾ ਸੰਪਾਦਕੀ ਤੇ ਛਪਣ ਵਾਲੇ ਹੋਰ ਸੰਪਾਦਕੀ ਲੇਖ ਵਰਤਮਾਨ ਸਿਆਸਤ ਤੇ ਭਖ਼ਦੇ ਮਸਲਿਆਂ ਬਾਰੇ ਸਹਿਜ, ਸੰਤੁਲਿਤ, ਸੁਦ੍ਰਿੜ ਤੇ ਭਰਪੂਰ ਵਿਸ਼ਲੇਸ਼ਣੀ ਟਿੱਪਣੀ ਹੁੰਦੇ ਹਨ। ਨਿਰਸੰਦੇਹ ਅਖ਼ਬਾਰ ਦਾ ਮੁੱਲ ਉਸ ਵਿਚ ਛਪਣ ਵਾਲੇ ਲੇਖਕਾਂ ਤੇ ਉਹਨਾਂ ਦੀਆਂ ਲਿਖਤਾਂ ਨਾਲ ਬਣਦਾ ਹੈ। ਇਹ ਸੰਪਾਦਕ ਦੀ ਜੌਹਰੀ ਨਜ਼ਰ ਦਾ ਕਮਾਲ ਹੈ ਕਿ ਉਹਨੇ ਆਪਣੇ ਨਾਲ ਪ੍ਰਬੁੱਧ ਚਿੰਤਕ, ਵਿਦਵਾਨ ਤੇ ਲੇਖਕ ਜੋੜ ਲਏ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਹਰੇਕ ਹਫ਼ਤੇ ਆਪਣੀਆਂ ਕੀਮਤੀ ਰਚਨਾਵਾਂ ਨਾਲ ਹਾਜ਼ਰ ਹੁੰਦੇ ਰਹਿੰਦੇ ਹਨ।
ਅਖ਼ਬਾਰ ਦਾ ਪਹਿਲਾਂ ਅੱਧ ਸਿਆਸਤ ਬਾਰੇ ਸੂਤਵੀਂ ਤੇ ਰੱਜਵੀਂ ਜਾਣਕਾਰੀ ਦੇ ਕੇ ਪਾਠਕ ਦੀ ਸੋਚ ਵਿਚ ਨਵੇਂ ਝਰੋਖੇ ਖੋਲ੍ਹਦਾ ਹੈ। ਇਹ ਝਰੋਖੇ ਹੋਰ ਵੀ ਵਿਸ਼ਾਲ ਹੋ ਜਾਂਦੇ ਹਨ ਜਦ ਵਿਰੋਧੀ ਤੇ ਟਕਰਾਵੇਂ ਵਿਚਾਰਾਂ ਵਾਲਾ ਸੰਵਾਦ ਪਾਠਕਾਂ ਨੂੰ ਪੜ੍ਹਨ ਨੂੰ ਮਿਲਦਾ ਹੈ। ਪਰਚੇ ਦੀ ਏਸੇ ਸੰਵਾਦੀ ਬਿਰਤੀ ਦਾ ਜਿ਼ਕਰ ਹੀ ਅਸੀਂ ਪਹਿਲਾਂ ਕਰ ਆਏ ਹਾਂ। ਇਹ ਸੰਵਾਦ ਕੇਵਲ ਸਿਆਸੀ ਹੀ ਨਹੀਂ ਹੁੰਦੇ ਸਗੋਂ ਧਾਰਮਿਕ, ਸਮਾਜਿਕ ਤੇ ਸਭਿਆਚਾਰ ਨਾਲ ਜੁੜੇ ਬਲਦੇ ਮੁੱਦਿਆਂ ਬਾਰੇ ਵੀ ਹੁੰਦੇ ਹਨ। ਕਿਹਾ ਜਾ ਸਕਦਾ ਹੈ ਕਿ ‘ਪੰਜਾਬ ਟਾਈਮਜ਼’ ਕੇਵਲ ਖ਼ਬਰਾਂ ਅਤੇ ਸਿਆਸਤ ਨੂੰ ਸਮਰਪਿਤ ਅਖ਼ਬਾਰ ਨਹੀਂ ਸਗੋਂ ਇਸ ਦੇ ਵਿਚ ਸਾਹਿਤ, ਸਭਿਆਚਾਰ, ਇਤਿਹਾਸ, ਫਿ਼ਲਮਾਂ, ਭਾਸ਼ਾ, ਖੇਡਾਂ ਬਾਰੇ ਵੀ ਬਹੁਤ ਮੁੱਲਵਾਨ ਸਮੱਗਰੀ ਪੜ੍ਹਨ ਨੂੰ ਮਿਲ ਜਾਂਦੀ ਹੈ। ਇਹ ਬਹੁ-ਰੰਗੀ ਸਮੱਗਰੀ ਪਾਠਕਾਂ ਦੇ ਇਕ ਵੱਡੇ ਵਰਗ ਦੀ ਸਾਹਿਤਕ, ਸੁਹਜਾਤਮਕ ਤੇ ਗਿਆਨਾਤਮਕ ਭੁੱਖ ਨੂੰ ਤਾਂ ਸੰਤੁਸ਼ਟ ਕਰਦੀ ਹੀ ਹੈ, ਨਾਲ ਦੇ ਨਾਲ ਉਹਨਾਂ ਹਜ਼ਾਰਾਂ ਸਾਧਾਰਨ ਪਾਠਕਾਂ ਦੇ ਮਨਾਂ ਵਿਚ, ਜਿਨ੍ਹਾਂ ਦਾ ਪਹਿਲਾਂ ਕਦੀ ਇਹਨਾਂ ਕੋਮਲ ਕਲਾਵਾਂ ਨਾਲ ਬਹੁਤਾ ਵਾਹ-ਵਾਸਤਾ ਨਹੀਂ ਰਿਹਾ ਹੁੰਦਾ, ਵੀ ਬਹੁਤ ਕੁਝ ਨਵਾਂ ਜੋੜ ਦਿੰਦੀ ਹੈ। ਉਹਨਾਂ ਅੰਦਰ ਸੁਹਜ ਤੇ ਸੰਵੇਦਨਾ ਦੇ ਨਵੇਂ ਫੁੱਲ ਖਿੜ ਉਠਦੇ ਨੇ ਤੇ ਉਹ ਪਹਿਲਾਂ ਨਾਲੋਂ ਆਪਣੇ ਆਪ ਨੂੰ ਬਦਲਿਆ ਤੇ ਰੂਹ ਪੱਖੋਂ ਰੱਜਿਆ ਬੰਦਾ ਸਮਝਣ ਲੱਗਦੇ ਨੇ। ਅਖਬਾਰ ਕੁਝ ਅਜਿਹੀਆਂ ਪੁਰਾਣੀਆਂ ‘ਮਾਖਿਓ-ਮਿੱਠੀਆਂ’ ਸਾਹਿਤਕ ਰਚਨਾਵਾਂ ਵੀ ਖੋਜ-ਭਾਲ ਕੇ ਛਾਪਦਾ ਰਹਿੰਦਾ ਹੈ ਜਿਸ ਤੋਂ ਅਖ਼ਬਾਰ ਦੀ ਨਵੀਂ ਪਾਠਕ-ਪੀੜ੍ਹੀ ਜਾਣੂ ਵੀ ਹੁੰਦੀ ਹੈ ਤੇ ਧੰਨ ਧੰਨ ਵੀ।
ਅਖ਼ਬਾਰ ਵਿਚਲੀ ਵੱਥ ਤਾਂ ਸਭ ਤੋਂ ਵੱਧ ਮਹੱਤਵਪੂਰਨ ਹੁੰਦੀ ਹੀ ਹੈ ਪਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਉਸ ਵੱਥ ਨੂੰ ਪੇਸ਼ ਕਿਵੇਂ ਕੀਤਾ ਜਾਂਦਾ ਹੈ। ਅਖ਼ਬਾਰ ਦੀ ਦਿੱਖ ਅਤੇ ਪੇਸ਼ਕਾਰੀ ਵਿਚ ਅਮੋਲਕ ਦਾ ਸੁਹਜ ਵੀ ਖਿੜਿਆ ਨਜ਼ਰ ਆਉਂਦਾ ਹੈ। ਉਹ ਸਬੰਧਿਤ ਮੈਟਰ ਨਾਲ ਜੁੜਵੀਆਂ ਦੁਰਲੱਭ ਤਸਵੀਰਾਂ ਲਿਖਤ ਨਾਲ ਲਾ ਕੇ, ਲਿਖਤ ਨੂੰ ਪੜ੍ਹਨ-ਯੋਗ ਤੇ ਵੇਖਣ-ਯੋਗ ਬਣਾ ਦਿੰਦਾ ਹੈ। ਜਦ ਉਹਨੇ ਮੇਰੀ ਸਵੈਜੀਵਨੀ ਛਾਪਣੀ ਸੀ ਤਾਂ ਉਹਦਾ ਇਸਰਾਰ ਸੀ ਕਿ ਮੈਂ ਆਪਣੇ ਜੀਵਨ-ਵੇਰਵਿਆਂ ਨਾਲ ਜੁੜੀਆਂ ਤਸਵੀਰਾਂ ਜ਼ਰੂਰ ਲੱਭ ਕੇ ਭੇਜਾਂ, ਬੇਸ਼ੱਕ ਸਵੈਜੀਵਨੀ ਕੁਝ ਪਛੜ ਕੇ ਹੀ ਛਪੇ ਪਰ ਤਸਵੀਰਾਂ ਜ਼ਰੂਰ ਹੋਣ। ਸੋ ਉਹ ਇਹ ਤਸਵੀਰਾਂ ਲੇਖਕ ਕੋਲੋਂ ਤਾਂ ਮੰਗਦਾ ਹੀ ਹੈ ਪਰ ਆਪਣੀ ਖੋਜ ਨਾਲ ਵੀ ਕਈ ਅਜਿਹੀਆਂ ਤਸਵੀਰਾਂ, ਨੈੱਟ ਤੋਂ ਜਾਂ ਆਪਣੀ ਟੀਮ ਦੀ ਮਦਦ ਨਾਲ ਲੱਭ ਲਿਆਉਂਦਾ ਹੈ ਜਿਨ੍ਹਾਂ ਦਾ ਖ਼ੁਦ ਲੇਖਕ ਨੂੰ ਵੀ ਕਈ ਵਾਰ ਪਤਾ ਨਹੀਂ ਹੁੰਦਾ। ਜਸਵੰਤ ਸਿੰਘ ਕੰਵਲ ਬਾਰੇ ਛਪੇ ਇਕ ਲੇਖ ਵਿਚ ਉਹਨੇ ਜਸਵੰਤ ਸਿੰਘ ਕੰਵਲ ਦੀ ਅਜਿਹੀ ਤਸਵੀਰ ਛਾਪੀ ਜਿਸ ਵਿਚ ਕੰਵਲ ਮੇਰੀ ਕਹਾਣੀਆਂ ਦੀ ਕਿਤਾਬ ‘ਤਿਲ਼-ਫੁੱਲ’ ਪੜ੍ਹ ਰਿਹਾ ਦਿਖਾਈ ਦਿੰਦਾ ਹੈ। ਮੇਰੇ ਲਈ ਇਹ ਅਚੰਭੇ ਵਾਲੀ ਲੱਭਤ ਸੀ। ਨਿਸਚੈ ਹੀ ਕਿਸੇ ਨੇ ਫੋਟੋ ਖਿੱਚਣ ਵੇਲੇ ਕੰਵਲ ਨੂੰ ਕਿਹਾ ਹੋਵੇਗਾ ਕਿ ਉਹ ਆਪਣੇ ਹੱਥ ਵਿਚ ਕੋਈ ਕਿਤਾਬ ਫੜ ਕੇ ਪੜ੍ਹਦੇ ਹੋਣ ਦਾ ‘ਸਵਾਂਗ’ ਰਚੇ। ਉਹਨੇ ਮੇਰੀ ਕਿਤਾਬ ਫੜ ਲਈ ਹੋਵੇਗੀ। ਮੈਂ ਜਦ ਪ੍ਰਿੰਸੀਪਲ ਸਰਵਣ ਸਿੰਘ ਨਾਲ ਇਸ ਤਸਵੀਰ ਬਾਰੇ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਪਿਛਲੇ ਸਾਲ ਜਦ ਉਹ ਕੰਵਲ ਨੂੰ ਮਿਲਣ ਗਿਆ ਸੀ ਤਾਂ ਇਹ ਕਿਤਾਬ ਉਹਨਾਂ ਦੇ ਪੜ੍ਹਨ ਮੇਜ਼ ‘ਤੇ ਪਈ ਹੋਈ ਸੀ। ਮੈਨੂੰ ਆਪਣੇ ਆਪ ‘ਤੇ ਲਾਡ ਆਇਆ ਕਿ ਕੰਵਲ ਮੈਨੂੰ ਅਜਿਹਾ ਲੇਖਕ ਗਿਣਦਾ ਹੈ ਜਿਸ ਦੀ ਕਿਤਾਬ ਉਹਦੇ ਪੜ੍ਹਨ-ਮੇਜ਼ ‘ਤੇ ਰੱਖੀ ਜਾ ਸਕਦੀ ਹੈ। ਮੈਂ ਉਸ ਤਸਵੀਰ ਦੀ ਕਾਪੀ ਅਮੋਲਕ ਕੋਲੋਂ ਮੰਗਵਾਈ। ਪਤਾ ਨਹੀਂ, ਉਹਨੂੰ ਇਹ ਤਸਵੀਰ ਕਿੱਥੋਂ ਮਿਲੀ ਪਰ ਇਕ ਗੱਲ ਤਾਂ ਤੈਅ ਹੈ ਕਿ ਲਿਖਤਾਂ ਨਾਲ ਛਾਪਣ ਵਾਲੀਆਂ ਤਸਵੀਰਾਂ ਲੱਭਣ ਲਈ ਵੀ ਉਹ ਡਾਢੀ ਖ਼ੇਚਲ ਕਰਦਾ ਹੈ। ਸੁਹਜਾਤਮਕ ਬਿਰਤੀ ਤੋਂ ਬਿਨਾਂ ਅਜਿਹਾ ਉਦਮ ਹੋ ਹੀ ਨਹੀਂ ਸਕਦਾ। ਤਸਵੀਰਾਂ ਸਿਆਸਤਦਾਨਾਂ ਦੀ ਹੋਣ, ਲੇਖਕਾਂ, ਖਿਡਾਰੀਆਂ ਜਾਂ ਕਲਾਕਾਰਾਂ ਦੀਆਂ ਹੋਣ, ਇਹਨਾਂ ਦਾ ਹੋਣਾਂ ਅਖ਼ਬਾਰ ਵਿਚ ਵੱਖਰਾ ਰੰਗ ਭਰ ਦਿੰਦਾ ਹੈ ਤੇ ਬਹੁਤੀਆਂ ਤਸਵੀਰਾਂ ਹੁੰਦੀਆਂ ਵੀ ਰੰਗਦਾਰ ਹੀ ਨੇ।
ਪੰਜਾਬੀ ਜਗਤ ਦੇ ਬਹੁਤੇ ਅਖ਼ਬਾਰਾਂ ਦਾ ਤੋਰੀ ਫੁਲਕਾ ਸਿਆਸਤ ਦੀ ਪੱਤਰਕਾਰੀ ਦੇ ਸਿਰ ‘ਤੇ ਚੱਲਦਾ ਹੈ। ਕੁਝ ਪਰਚੇ ਨਿਰੋਲ ਸਾਹਿਤ ਨੂੰ ਸਮਰਪਤਿ ਹੁੰਦੇ ਨੇ। ਕੁਝ ਗਿਆਨ-ਵਿਗਿਆਨ ਨਾਲ ਜੁੜੇ ਹੁੰਦੇ ਨੇ। ਕੁਝ ਫ਼ਿਲਮਾਂ ਨਾਲ, ਕੁਝ ਇਤਿਹਾਸ ਨਾਲ ਤੇ ਕੁਝ ਕਿਸੇ ਹੋਰ ਇਕੱਲ੍ਹੇ-ਇਕਹਿਰੇ ਪੱਖ ਨਾਲ। ਪਰ ਪੰਜਾਬ ਟਾਈਮਜ਼ ਇਹਨਾਂ ਸਾਰੇ ਬਹੁਰੰਗੇ ਫੁੱਲਾਂ ਦੇ ਰਸ ਨੂੰ ਕਸ਼ੀਦ ਕਰ ਕੇ ਪਾਠਕਾਂ ਨੂੰ ਚਖਾਉਂਦਾ ਹੈ। ਕਿਹਾ ਜਾ ਸਕਦਾ ਹੈ ਕਿ ਪੰਜਾਬ ਟਾਈਮਜ਼, ਸ਼ਾਇਦ ਦੁਨੀਆਂ ਭਰ ਵਿਚ ਪੰਜਾਬੀ ਦਾ ਇੱਕੋ ਇਕ ਅਖ਼ਬਾਰ ਹੈ, ਜਿਸ ਵਿਚ ਜ਼ਿੰਦਗੀ, ਸਿਆਸਤ, ਇਤਿਹਾਸ, ਭਾਸ਼ਾ, ਕਲਾ ਤੇ ਸਾਹਿਤ ਦੇ ਏਨੇ ਰੰਗ ਹੁੰਦੇ ਨੇ ਕਿ ਹਰ ਵੰਨਗੀ ਦਾ ਪਾਠਕ ਇਸਨੂੰ ਪੜ੍ਹ ਕੇ ਤਰੋਤਾਜ਼ਾ ਤੇ ਹਫ਼ਤੇ ਭਰ ਲਈ ਰੱਜਿਆ-ਰੱਜਿਆ ਮਹਿਸੂਸ ਕਰਦਾ ਹੈ। ਹਥਲਾ ਅੰਕ ਮੁੱਕਦਿਆਂ ਹੀ ਅਗਲੇ ਅੰਕ ਦੀ ਉਡੀਕ ਲੱਗ ਜਾਂਦੀ ਹੈ। ਇਸਤਰ੍ਹਾਂ ਦੀ ਉਡੀਕ ਕਦੀ ਲੋਕ ‘ਪ੍ਰੀਤ-ਲੜੀ’ ਦੀ ਕਰਿਆ ਕਰਦੇ ਸਨ।
ਗੱਲ ਸਿਰਫ਼ ਏਨੀ ਕੁ ਨਹੀਂ ਕਿ ਇਹਨੂੰ ਹਰ ਕਿਸਮ ਦਾ ਪਾਠਕ ਪੜ੍ਹਨ ਲਈ ਉਡੀਕਦਾ ਰਹਿੰਦਾ ਹੈ ਸਗੋਂ ਇਸ ਅਖ਼ਬਾਰ ਦੀ ਵੱਡੀ ਖ਼ੂਬੀ ਇਹ ਵੀ ਹੈ ਕਿ ਇਸ ਵਿਚ ਕਹਿੰਦਾ-ਕਹਾਉਂਦਾ, ਵੱਡੇ ਤੋਂ ਵੱਡਾ ਲੇਖਕ ਤੇ ਦਾਨਿਸ਼ਵਰ ਵੀ ਛਪਣਾ ਚਾਹੁੰਦਾ ਏ। ਮੈਨੂੰ ਉਹ ਸਾਰੇ ਨਾਂ ਗਿਨਾਉਣ ਦੀ ਲੋੜ ਨਹੀਂ, ਜਿਨ੍ਹਾਂ ਦੀਆਂ ਲਿਖਤਾਂ ਤੁਸੀਂ ਪੰਜਾਬ ਟਾਈਮਜ਼ ਵਿਚ ਪੜ੍ਹਦੇ ਰਹਿੰਦੇ ਹੋ। ਨਿਰਸੰਦੇਹ ਇਹਨੂੰ ਦੁਨੀਆਂ ਦੇ ਹਰੇਕ ਖਿੱਤੇ ਵਿਚ ਵੱਸਦੇ ਪੰਜਾਬੀ ਪਾਠਕ ਬੜੇ ਉਤਸ਼ਾਹ ਨਾਲ ਪੜ੍ਹਦੇ ਨੇ। ਇਹਦੀ ਛਪੀ ਹੋਈ ਕਾਪੀ ਨੂੰ ਨਿਊਯਾਰਕ, ਸ਼ਿਕਾਗੋ ਤੇ ਕੈਲੇਫ਼ੋਰਨੀਆਂ ਵਿਚ ਹਰੇਕ ਸੂਝਵਾਨ ਪਾਠਕ ਤਾਂ ਪੜ੍ਹਦਾ ਹੀ ਹੈ ਤੇ ਇਹ ਉਹਨਾਂ ਦੀ ਪੜ੍ਹਨ-ਮੇਜ ਦਾ ਸ਼ਿੰਗਾਰ ਬਣਿਆਂ ਮੈਂ ਖ਼ੁਦ ਵੇਖਿਆ ਹੈ।
ਅਸੀਂ ਅਮੋਲਕ ਸਿੰਘ ਦੀ ਅਖ਼ਬਾਰ ਦੇ ਸੰਪਾਦਕ ਤੇ ਮਾਲਕ ਵਜੋਂ ਵਿਲੱਖਣ ਹਸਤੀ ਦਾ ਜ਼ਿਕਰ ਕੀਤਾ ਹੈ। ਅਮੋਲਕ ਸਿੰਘ ਦਾ ਇੱਕ ਹੋਰ ਚਰਚਾ-ਜੋਗ ਪਹਿਲੂ ਉਹਦੀ ਸੰਵੇਦਨਸ਼ੀਲ ਸ਼ਖ਼ਸੀਅਤ ਹੈ। ਮੈਂ ਭਾਵੇਂ, ਜਿਵੇਂ ਦੱਸ ਚੁੱਕਾ ਹਾਂ, ਉਸ ਨਾਲ ਬਹੁਤੇ ਨੇੜ ਦਾ ਦਾਅਵਾ ਨਹੀਂ ਕਰ ਸਕਦਾ, ਤਦ ਵੀ ਉਹਦੀਆਂ ਲਿਖਤਾਂ ਵਿਚੋਂ ਇਹ ਪਤਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਹ ਯਾਰਾਂ ਦਾ ਯਾਰ ਹੈ। ਪੁਰਾਣੀਆਂ ਦੋਸਤੀਆਂ ਦਾ ਕਦਰਦਾਨ ਹੈ। ਗੁਰਦਿਅਲ ਬੱਲ, ਨਰਿੰਦਰ ਭੁੱਲਰ, ਕਰਮਜੀਤ ਸਿੰਘ ਤੇ ਹਰਭਜਨ ਹਲਵਾਰਵੀ ਜਿਹੇ ਹੋਰ ਕਈ ਸਹਿਕਰਮੀਆਂ ਅਤੇ ਹੋਰ ਪੁਰਾਣੇ ਦੋਸਤਾਂ-ਮਿੱਤਰਾਂ ਬਾਰੇ ਉਸ ਵੱਲੋਂ ਕੀਤਾ ਜ਼ਿਕਰ ਰਿਸ਼ਤਿਆਂ ਦੀ ਰੰਗੋਲੀ ਵਾਂਗ ਉਭਰਦਾ ਤੇ ਖਿੜਿਆ ਨਜ਼ਰ ਆਉਂਦਾ ਹੈ। ਉਹ ਇਹਨਾਂ ਰਿਸ਼ਤਿਆਂ ਦਾ ਜ਼ਿਕਰ ਰੂਹ ਤੱਕ ਭਿੱਜ ਕੇ ਕਰਦਾ ਹੈ। ਅਸਲ ਵਿਚ ਉਹ ਹਰੇਕ ਕੰਮ ਰੂਹ ਤੱਕ ਭਿੱਜ ਕੇ ਕਰਦਾ ਹੈ। ਇਹੋ ਕਾਰਨ ਹੈ ਕਿ ਅਮਰੀਕਾ ਵਿਚ ਉਹਦੇ ਪਾਠਕਾਂ ਪ੍ਰਸ਼ੰਸਕਾਂ ਦੀ ਵੱਡੀ ਧਿਰ ਉਹਦੀ ਤਾਕਤ ਬਣ ਕੇ ਕੰਧ ਵਾਂਗ ਉਹਦੇ ਨਾਲ ਖਲੋਤੀ ਹੈ ਤੇ ਇਸ ਧਿਰ ਦਾ ਅਜ਼ਮ ਹੈ ਕਿ ਉਹ ਹਰ ਹਾਲਤ ਵਿਚ ਅਖ਼ਬਾਰ ਚੱਲਦਾ ਵੇਖਣਾ ਚਾਹੁੰਦੇ ਹਨ, ਭਾਵੇਂ ਉਹਨਾਂ ਨੂੰ ਇਹਦੇ ਖ਼ਰਚਿਆਂ ਦਾ ਸਾਰਾ ਭਾਰ ਆਪਣੇ ਮੋਢਿਆਂ ‘ਤੇ ਕਿਉਂ ਨਾ ਚੁੱਕਣਾ ਪੈ ਜਾਵੇ! ਅੱਜ ਦੇ ਦੌਰ ਵਿਚ ਜਦ ਰਿਸ਼ਤੇ ਰੇਤੀਲੇ ਤੇ ਭੁਰਭੁਰੇ ਹੁੰਦੇ ਜਾ ਰਹੇ ਨੇ, ਅਮੋਲਕ ਤੇ ਉਹਦੇ ਸਹਿਯੋਗੀਆਂ ਨੇ ਰਿਸ਼ਿਤਆਂ ਦੀ ਪਾਕੀਜ਼ਗੀ ਤੇ ਤਰੋਤਾਜ਼ਗੀ ਦਾ ਇਕ ਜ਼ਿਕਰਜੋਗ ਸਿਖ਼ਰ ਸਿਰਜਿਆ ਹੈ।
ਇਕ ਹੋਰ ਗੱਲ ਅਮੋਲਕ ਬਾਰੇ ਕਰਨੀ ਬਹੁਤ ਜ਼ਰੂਰੀ ਹੈ। ਇਹ ਗੱਲ ਕਰਨ ਸਮੇਂ ਅਮੋਲਕ ਨਾਲ ਨਰਾਜ਼ਗੀ ਵੀ ਹੈ ਤੇ ਖ਼ੁਸ਼ੀ ਵੀ। ਖ਼ੁਸ਼ੀ ਇਸ ਗੱਲ ਦੀ ਕਿ ਉਹਨੇ ਆਪਣੀ ਸਵੈਜੀਵਨੀ ‘ਕਮਲਿਆਂ ਦਾ ਟੱਬਰ’ ਲਿਖ ਕੇ ਜਿੱਥੇ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਸਿੱਕਾ ਜਮਾਇਆ ਹੈ, ਓਥੇ ਨਰਾਜ਼ਗੀ ਇਸ ਗੱਲ ਦੀ ਹੈ ਕਿ ਉਹਨੇ ਆਪਣੇ ਆਪ ਨੂੰ ਸਿਰਜਣਾਤਮਕ ਲੇਖਕ ਵਜੋਂ ਉਭਾਰਨ ਦਾ ਕਦੀ ਬਹੁਤਾ ਚਾਰਾ ਕੀਤਾ ਹੀ ਨਹੀਂ ਲੱਗਦਾ। ਉਹਨੂੰ ਗੱਲ ਬਨਾਉਣ ਤੇ ਸੁਨਾਉਣ ਦਾ ਹੁਨਰ ਆਉਂਦਾ ਹੈ। ਉਹਨੂੰ ਫ਼ਿਕਰਾ ਜੋੜਨ ਦੀ ਜਾਚ ਹੈ। ਉਸ ਕੋਲ ਜੀਵਨ ਦਾ ਬਰੀਕ ਮੁਸ਼ਾਹਦਾ ਕਰ ਸਕਣ ਵਾਲੀ ਪੈਨੀ ਨਜ਼ਰ ਹੈ, ਜਿਸ ਨਾਲ ਉਹ ਬੰਦਿਆਂ ਦੇ ਅੰਦਰ ਬਾਹਰ ਝਾਕ ਸਕਦਾ ਹੈ; ਉਹਨਾਂ ਨੂੰ ਸਮਝ ਸਕਦਾ ਹੈ ਤੇ ਡੂੰਘੀ ਸੰਵੇਦਨਾ ਵਿਚ ਭਿੱਜ ਕੇ ਕਾਲੇ ਅੱਖਰਾਂ ਵਿਚੋਂ ਜੀਵਨ ਦੇ ਬਹੁਪਰਤੀ ਦੇ ਝਲਕਾਰੇ ਵਿਖਾ ਸਕਦਾ ਹੈ।
ਅਮੋਲਕ ਦੀ ਪਰਸ਼ੰਸਾ ਕਰਦਿਆਂ, ਉਹਦੇ ਲੁਕੇ ਰਹੇ ਜਾਂ ਲੁਕਾਈ ਰੱਖੇ ਸਿਰਜਣਾਤਮਕ ਆਪੇ ਬਾਰੇ ਅਸੀਂ ਨਰਾਜ਼ਗੀ ਵੀ ਪਰਗਟ ਕਰ ਦਿੱਤੀ, ਪਰ ਅਸੀਂ ਅਮੋਲਕ ਦੀ ਜਮਾਤਣ ਉਸ ਬੀਬੀ ਦਾ ਧੰਨਵਾਦ ਕੀਤੇ ਬਿਨਾਂ ਰਹਿ ਹੀ ਨਹੀਂ ਸਕਦੇ, ਜਿਸ ਨਾਲ ਦਹਾਕਿਆਂ ਬਾਅਦ ਹੋਏ ਟੈਲੀਫ਼ੋਨੀ ਮਿਲਾਪ ਨੇ ਅਮੋਲਕ ਅੰਦਰ ਲੁਕੀ ਹੋਈ ਲੇਖਕੀ ਪ੍ਰਤਿਭਾ ਨੂੰ ਹਲੂਣਾ ਮਾਰ ਕੇ ਜਗਾਇਆ, ਉਠਾਇਆ ਤੇ ਦੌੜਨ ਲਾ ਦਿੱਤਾ। ਜਦ ਉਹਦੀ ‘ਕਮਲਿਆਂ ਦਾ ਟੱਬਰ’ ਦੀ ਪਹਿਲੀ ਕਿਸ਼ਤ ਹੀ ਪੜ੍ਹੀ ਤਾਂ ਰੂਹ ਧੁਰ ਅੰਦਰ ਤੱਕ ਝੰਜੋੜੀ ਗਈ। ਪੰਜਾਬ ਟਾਈਮਜ਼ ਦੇ ਹਰੇਕ ਪਾਠਕ ਵਾਂਗ ਹੀ ਮੈਂ ਉਹਦੀ ਇਹ ਲਿਖਤ ਉੱਡ ਕੇ ਪੜ੍ਹਦਾ ਰਿਹਾ। ਇਕ ਤਾਂ ‘ਦੋਵਾਂ ਪਾਤਰਾਂ’ ਨਾਲ ਵਾਪਰੇ ਅਨੋਖੇ ਤੇ ਦੁਖਦਾਈ ਹਾਲਾਤ ਦੀ ਆਪਣੀ ਹੀ ਮਜ਼ਬੂਤ ਪਕੜ ਸੀ, ਦੂਜਾ ਤਨ-ਮਨ ‘ਤੇ ਵਾਪਰੀ ਹੋਣੀ ਤੇ ਹਾਲਾਤ ਦੀ ਵਿਡੰਬਨਾਂ ਨੂੰ ਸ਼ਬਦਾਂ ਵਿਚ ਗੁੰਨ੍ਹ ਕੇ ਜਿਵੇਂ ਉਸ ਦਰਦ ਨੂੰ ਅਮੋਲਕ ਨੇ ਬਿਆਨ ਕੀਤਾ, ਉਸ ਨਾਲ ਉੇਹਦੀ ਸਿਰਜਣਾਤਮਕ ਪ੍ਰਤਿਭਾ ਦਾ ਜਲੌਅ ਜਲਵਾਗਰ ਹੋ ਉਠਿਆ। ਬੀਬੀ ਮਨਿੰਦਰ ਨੂੰ ਢੇਰ ਸਾਰਾ ਪਿਆਰ ਤੇ ਧੰਨਵਾਦ। ਜੇ ਉਹ ਅਮੋਲਕ ਦੇ ਧੁਰ ਅੰਦਰ ਲੁਕੀ ਸਿਰਜਣਾਤਮਕ ਚੰਗਿਆੜੀ ਤੋਂ ਦਹਾਕਿਆਂ ਤੋਂ ਜੰਮੀ ਸਵਾਹ ਪਾਸੇ ਕਰ ਕੇ ਫੂਕ ਨਾ ਮਾਰਦੀ ਤਾਂ ਸਾਨੂੰ ਅਮੋਲਕ ਵਰਗਾ ਦਮਕਦਾ ਹੀਰਾ ਪ੍ਰਾਪਤ ਨਹੀਂ ਸੀ ਹੋਣਾ।
ਫਿਰ ਮਨਿੰਦਰ ਦੇ ਹਵਾਲੇ ਨਾਲ ਤੁਰੀ ਗੱਲ ਨੇ ਪੰਜਾਬ ਯੂਨੀਵਰਸਿਟੀ ਦੇ ਉਸ ਵੇਲੇ ਦੇ ਮਾਹੌਲ ਨੂੰ ਅੱਖਾਂ ਅੱਗੇ ਸਜੀਵ ਬਣਾ ਧਰਿਆ। ਮੈਂ ਕਿਉਂਕਿ ਉਹਨਾਂ ਸਮਿਆਂ ਵਿਚ ਖ਼ੁਦ ਪੰਜਾਬੀ ਵਿਭਾਗ ਦਾ ਹਿੱਸਾ ਸਾਂ। ਇਸ ਬਿਰਤਾਂਤ ਨਾਲ ਜੁੜੇ ਬਹੁਤ ਸਾਰੇ ਪਾਤਰਾਂ ਦਾ ਜਾਣਕਾਰ ਵੀ ਸਾਂ। ਵਿਭਾਗ ਦਾ ਗਲਿਆਰਾ, ਉਸ ਵਿਚ ਫ਼ਿਰਦੇ ਵਿਦਿਆਰਥੀ ਤੇ ਅਧਿਆਪਕ, ਗੁਲਾਟੀ ਦੀ ਕੰਟੀਨ, ਸਟੂਡੈਂਟ ਸੈਂਟਰ ਦੀਆਂ ਰੌਣਕਾਂ, ਗਾਰਗੀ ਦਾ ਥੀਏਟਰ ਵਿਭਾਗ, ਹੋਸਟਲਾਂ ਵਿਚ ਮੁੰਡਿਆਂ ਦੀਆਂ ਖ਼ਰਮਸਤੀਆਂ, ਕੁੜੀਆਂ ਦੇ ਨਾਜ਼-ਨਖ਼ਰੇ, ਇਹ ਸਭ ਮੇਰੇ ਜਾਣੇ-ਪਛਾਣੇ ਮੰਜ਼ਰ ਸਨ। ਇਸ ਲਿਖਤ ਜਿਵੇਂ ਮੇਰੇ ਆਸ-ਪਾਸ ਵਾਪਰ ਰਹੀ ਸੀ। ਅਮੋਲਕ ਨੇ ਹੋਏ ਬੀਤੇ ਸਮਿਆਂ ਨੂੰ ਮੇਰੇ ਜ਼ਿਹਨ ਵਿਚ ਤਰੋਤਾਜ਼ਾ ਕਰ ਦਿੱਤਾ। ਮੈਨੂੰ ਇਸ ਨਾਲ ਮੋਹ ਹੋ ਗਿਆ। ਪਤਾ ਨਹੀਂ ਹੋਰ ਕਿੰਨਿਆਂ ਦੇ ਮਨਾਂ ਵਿਚ ਇਹ ਅਪਣੱਤ ਤੇ ਮੋਹ ਜਾਗਿਆ, ਜਿਹੜੇ ਉਹਨਾਂ ਦਿਨਾਂ ਵਿਚ ਜਾਂ ਕੁਝ ਅੱਗੋਂ ਪਿੱਛੋਂ ਯੂਨੀਵਰਸਿਟੀ ਨਾਲ ਜੁੜੇ ਰਹੇ ਸਨ। ਚੰਗੀ ਲਿਖਤ ਦੀ ਇਹੋ ਤਾਂ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਖ਼ੁਦ ਇਕ ਪਾਠਕ ਵਜੋਂ ਆਪਣੇ ਆਪ ਨੂੰ ਉਸ ਮਾਹੌਲ ਦਾ ਹਿੱਸਾ ਸਮਝਣ ਲੱਗ ਜਾਵੋ।
ਪੁਰਾਣੀਆਂ ਈ-ਮੇਲਾਂ ਫੋਲਦਿਆਂ ਮੇਰੇ ਤੇ ਅਮੋਲਕ ਵਿਚਕਾਰ ਹੋਏ ਸੁਨੇਹਿਆਂ ਦਾ ਵਟਾਂਦਰਾ ਪੜ੍ਹਿਆ ਤਾਂ ਜਾਣਿਆਂ ਕਿ ਅਮੋਲਕ ਨੇ 11 ਮਈ 1912 ਨੂੰ, ਲਗਭਗ ਅੱਠ ਕੁ ਸਾਲ ਪਹਿਲਾਂ ਆਪਣੀ ਲਿਖਤ ‘ਕਮਲਿਆਂ ਦਾ ਟੱਬਰ’ ਪੜ੍ਹਨ ਲਈ ਉਚੇਚਾ ਲਿੰਕ ਭੇਜ ਕੇ ਲਿਖਿਆ ਸੀ:
ਦੋ ਕੁ ਸਾਲ ਪਹਿਲਾਂ ਮੈਂ ਵੀ ਕੁਝ ਕਲਮ ਅਜ਼ਮਾਈ ਕੀਤੀ ਸੀ ਜਿਸ ਵਿਚ ਤੁਹਾਡੇ ਖਾਸ ਦੋਸਤ ਅਤੇ ਮੇਰੇ ਹਮਜਮਾਤੀ ਹਲਵਾਰਵੀ ਸਾਹਿਬ ਦਾ ਵੀ ਜ਼ਿਕਰ ਹੈ। ਇਹ ਤੁਹਾਡੀ ਨਜ਼ਰ ਕਰ ਰਿਹਾ ਹਾਂ। ਜਦੋਂ ਵੀ ਟੋਰਾਂਟੋ ਆਓ, ਦੱਸਣਾ ਅਤੇ ਮੈਨੂੰ ਮਿਲਣ ਜਰੂਰ ਆਉਣਾ।
ਤੁਹਾਡਾ ਛੋਟਾ ਵੀਰ
ਅਮੋਲਕ ਸਿੰਘ
ਪੜ੍ਹਨ ਲਈ ਇਸ ਲਿਖਤ ਵਿਚ ਮੇਰੇ ‘ਖਾਸ ਦੋਸਤ’ ਹਲਵਾਰਵੀ ਦਾ ਜ਼ਿਕਰ ਹੋਣ ਦਾ, ਦਿੱਤਾ ਮਾਸੂਮ ਜਿਹਾ ‘ਲਾਲਚ’ ਵੀ ਮੈਨੂੰ ਚੰਗਾ ਲੱਗਾ। ਮੈਂ ਉਹਦੇ ਇਸ ਸੁਨੇਹੇ ਦੇ ਜਵਾਬ ਵਿਚ ਜੋ ਲਿਖਿਆ, ਉਹ ਹੂ-ਬ-ਹੂ ਤੁਹਾਡੀ ਨਜ਼ਰ ਕਰਦਾ ਹਾਂ।
” ਹੁਣ ਤੁਹਾਡੇ ‘ਕਮਲਿਆਂ ਦੇ ਟੱਬਰ’ ਬਾਰੇ। ਇਹ ਲਿਖਤ ਪਹਿਲਾਂ ਵੀ ਪੜ੍ਹੀ ਸੀ। ਹੁਣ ਦੋਬਾਰਾ ਪੜ੍ਹੀ। ਤੁਸੀਂ ਏਨੀ ਕਮਾਲ ਦੀ ਹੁਨਰਮੰਦੀ ਨਾਲ ਪਹਿਲਾ ਚੈਪਟਰ ਉਲੀਕਿਆ ਹੈ ਕਿ ਪਹਿਲਾਂ ਮਨਿੰਦਰ ਦਾ ਤੁਹਾਡੇ ਬਾਰੇ ਤੇ ਫਿਰ ਉਸ ਕੋਲ ਤੁਹਾਡੇ ਵੱਲੋਂ ਕੀਤਾ, ਤੁਹਾਡੀ ਬਿਮਾਰੀ ਦਾ ਰਹੱਸ-ਉਦਘਾਟਨ ਨਿੱਕੀ ਹੁਨਰੀ ਕਹਾਣੀ ਦੀ ਕਲਾਸਿਕ ਮਿਸਾਲ ਬਣ ਗਿਆ। ਮਨ ਵੀ ਭਰ ਆਇਆ ‘ਕੁਦਰਤ ਦੇ ਖੇਲ੍ਹ’ ਵੇਖ ਕੇ। ਉਹਨਾਂ ਸਾਲਾਂ ਵਿਚ ਮੈਂ ਵੀ ਓਥੇ ਸਾਂ ਤੇ ਹਲਵਾਰਵੀ ਦਾ ਯਾਰ ਹੋਣ ਕਰਕੇ ਉਹਦਾ ਪਹਿਲਾ ‘ਹੱਕ’ ਬਣਾਈ ਰੱਖਣ ਲਈ ਵੀ ਤੇ ਉਂਜ ਵੀ ਨਵਾਂ-ਨਵਾਂ ਵਿਆਹਿਆ-ਵਰ੍ਹਿਆ ਹੋਣ ਕਰਕੇ ਤੁਹਾਡੀਆਂ ਜਮਾਤਾਂ ਦੀਆਂ ਕੁੜੀਆਂ ਨੂੰ ਵੇਖਣ-ਜਾਨਣ ਦੀ ਖਿੱਚ ਦਾ ਇਖ਼ਲਾਕੀ ਅਧਿਕਾਰ ਨਹੀਂ ਸਾਂ ਰੱਖਦਾ। ਹਾਂ; ਹਲਵਾਰਵੀ ਕਰਕੇ ਤਿੰਨ-ਚਾਰ ਕੁੜੀਆਂ ਦੇ ਨਾਵਾਂ ਤੇ ਸ਼ਕਲਾਂ ਦਾ ਚੇਤਾ ਜ਼ਰੂਰ ਆ ਰਿਹੈ। ਹੋ ਸਕਦੈ ਕਦੀ ਮਨਿੰਦਰ ਨੂੰ ਵੀ ਓਥੇ ਵੇਖਿਆ ਹੋਵੇ! ਪੜ੍ਹ ਕੇ ਲੱਗਾ ਕਿ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਮੈਂ ਵੀ ਓਥੇ-ਕਿਤੇ ਹੀ ਵਿਚਰ ਰਿਹਾ ਸਾਂ। ਲਾਅਨ ਦੀ ਇਕ ਨੁੱਕਰੇ ਬੈਠੇ ਕਿਤੇ ਤੁਸੀਂ ਟੋਲੇ ਸਮੇਤ ਗੁਲਾਟੀ ਦੀ ਚਾਹ ਪੀ ਰਹੇ ਹੋਵੋਗੇ ਤੇ ਦੂਜੀ ਨੁੱਕਰੇ ਮੈਂ ਵੀ ਕਿਧਰੇ ਸਾਥੀਆਂ ਨਾਲ ਬੈਠਾ ਚਾਹ ਦੀਆਂ ਚੁਸਕੀਆਂ ਲੈਂਦਾ ਹੋਵਾਂਗਾ। ਉਸ ਵੇਲੇ ਦੀਆਂ ਕਈ ਯਾਦਾਂ ਤਾਜ਼ੀਆਂ ਹੋ ਗਈਆਂ। ਜੀ ਕਰਦੈ ਮੈਂ ਵੀ ਲਿਖਾਂ! ਖ਼ੈਰ-ਹਲਵਾਰਵੀ ਬਾਰੇ ਮੈਂ ਇਕ ਆਰਟੀਕਲ ਲਿਖਿਆ ਹੋਇਆ ਹੈ। ਤੁਹਾਨੂੰ ਭੇਜਾਂਗਾ। ਉਸ ਵਿਚ ਉਸ ਸਮੇਂ ਦੀਆਂ ਕੁਝ ਝਲਕੀਆਂ ਵੀ ਦਰਜ ਹਨ। ਹਲਵਾਰਵੀ ਮੇਰੇ ਬਹੁਤ ਕਰੀਬੀ ਯਾਰਾਂ ਵਿਚੋਂ ਸੀ। ਤੁਸੀਂ ਉਸਨੂੰ ਮੁਹੱਬਤ ਨਾਲ ਯਾਦ ਕੀਤਾ। ਬੜਾ ਚੰਗਾ ਲੱਗਾ।
ਆਖ਼ਰੀ ਗੱਲ: ਹੋਰ ਵੀ ਲਿਖਣਾ ਸ਼ੁਰੂ ਕਰੋ। ਤੁਹਾਡੇ ਕੋਲ ਬੰਦਿਆਂ ਨੂੰ ਜਾਨਣ-ਸਮਝਣ ਦੀ ਯੋਗਤਾ ਵੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚੌਗ਼ਿਰਦੇ ਵਿਚ ਪਰਖਣ ਤੇ ਢੁਕਵੀਂ ਭਾਸ਼ਾ ਸਹਿਤ ਪੇਸ਼ ਕਰਨ ਦਾ ਹੁਨਰ ਵੀ। ਹਰੇਕ ਬੰਦੇ ਕੋਲ ਬੜਾ ਕੁਝ ਦੱਸਣ ਵਾਲਾ ਪਿਆ ਹੁੰਦਾ ਹੈ; ਭਾਵੇਂ ਉਹ ਕਿਡਾ ਵੀ ਸਾਧਾਰਨ ਕਿਉਂ ਨਾ ਹੋਵੇ। ਤੁਸੀਂ ਤਾਂ ਬੜਾ ਕੁਝ ਤਨ-ਮਨ ਤੇ ਹੰਡਾਇਆ ਹੈ। ਤੁਹਾਡੀ ਬੌਧਿਕ ਸਮਰੱਥਾ ਤੇ ਸੰਵੇਦਨਸ਼ੀਲਤਾ ਤੁਹਾਡੇ ਤੋਂ ਮੇਰੇ ਵਰਗੇ ਅਨੇਕਾਂ ਪਾਠਕਾਂ ਸਹਿਤ ਸ਼ਾਬਦਿਕ ਹੁੰਗਾਰਾ ਮੰਗਦੀ ਹੈ।
ਇਹ ਬੀਬੀ ਮਨਿੰਦਰ ਹੁਣ ਕਿਉਂ ਨਹੀਂ ਟਰਾਂਟੋ ਦੀਆਂ ਸਾਹਿਤਕ ਮੀਟਿੰਗਾਂ ਵਿਚ ਆਉਂਦੀ? ਤੁਸੀਂ ਉਹਦਾ ਏਨਾ ਜਾਨਦਾਰ ਕਿਰਦਾਰ ਪੇਸ਼ ਕੀਤਾ ਹੈ ਕਿ ਉਸ ਵਿਚੋਂ ਸੁੱਚੀ ਤੇ ਜੀਅਦਾਰ ਪੰਜਾਬਣ ਦੀ ਰੂਹ ਬੋਲਦੀ ਸੁਣਦੀ ਹੈ। ਲੋਕਾਂ ਨੂੰ ਖ਼ੁਸ਼ੀਆਂ ਵੰਡਣ ਵਾਲੀਆਂ ਇਹੋ ਜਿਹੀਆਂ ਨੇਕ ਰੂਹਾਂ ਨੂੰ ਪਤਾ ਨਹੀਂ ‘ਰੱਬ’ ਏਨਾ ਦੁੱਖ ਕਿਉਂ ਦਿੰਦਾ ਹੈ। ਮੇਰਾ ਉਹਨੂੰ ਮਿਲਣ ਨੂੰ ਵੀ ਦਿਲ ਕਰਦਾ ਏ। ਉਹ ਤੇ ਤੁਸੀਂ ਸਾਰੇ ਆਪਣੇ ਪਰਿਵਾਰਾਂ ਸਮੇਤ ਖ਼ੁਸ਼ ਰਹੋ।
ਤੁਹਾਡਾ-ਵਰਿਆਮ ਸਿੰਘ ਸੰਧੂ
ਇਸ ਆਪ-ਬੀਤੀ ਵਿਚ ਮਨਿੰਦਰ ਤੇ ਅਮੋਲਕ ਦੇ ਹਵਾਲੇ ਨਾਲ ਯੂਨੀਵਰਸਿਟੀ ਤੋਂ ਤੁਰੀ ਗੱਲ ਬਾਅਦ ਵਿਚ ਅਮੋਲਕ ਦੇ ਬਚਪਨ ਵੱਲ ਹੋ ਤੁਰੀ ਤੇ ਫਿਰ ਉਹਦੀ ਜ਼ਿੰਦਗੀ ਦਾ ਲਿਖਤੀ ਸਫ਼ਰ ਸਾਨੂੰ ਪੜ੍ਹਨ ਨੂੰ ਮਿਲਿਆ। ਪਿੰਡ ਵਿਚੋਂ ਨਿਕਲ ਕੇ ਅੱਗੇ ਤੁਰਨ ‘ਤੇ ਵਧਣ ਵਾਲੀ ਇਕ ਹੋਣਹਾਰ ਪੀੜ੍ਹੀ ਦੀ ਗਾਥਾ ਦਾ ਇਹ ਪ੍ਰਮਾਣਿਕ ਬਿਰਤਾਂਤ ਹੋਰ ਬਹੁਤ ਸਾਰੇ ਲੋਕਾਂ ਦਾ ਬਿਰਤਾਂਤ ਹੈ, ਜਿਹੜੇ ਅਮੋਲਕ ਵਾਂਗ ਸੰਘਰਸ਼ ਕਰ ਕੇ ਅੱਗੇ ਵਧੇ ਤੇ ਸਮਾਜ ਵਿਚ ਆਪਣਾ ਮਾਣਯੋਗ ਥਾਂ ਬਣਾਇਆ। ਏਨਾ ਹੀ ਨਹੀਂ, ਇਸ ਲਿਖਤ ਵਿਚ ਪੰਜਾਬ ਦਾ ਪੁਰਾਣਾ ਪਿੰਡ, ਉਹਨਾਂ ਵੇਲਿਆਂ ਦੀ ਆਪਸੀ ਰਿਸ਼ਤਗੀ, ਦੋਸਤੀਆਂ-ਦੁਸ਼ਮਣੀਆਂ ਤੇ ਕਤਲਾਂ ਦੀ ਕਹਾਣੀ ਤੋਂ ਤੁਰ ਕੇ ਗੱਲ ਅੱਗੇ ਵਧਦੀ ਹੈ ਤੇ ਪਿੰਡ ਹੌਲੀ ਹੌਲੀ ਕਿਵੇਂ ਬਦਲਦਾ ਹੈ, ਕਿਵੇਂ ਜ਼ਿੰਦਗੀ ਬਦਲਦੀ ਹੈ, ਕਿਵੇਂ ਸਮਾਂ ਬਦਲਦਾ ਹੈ, ਇਸਦਾ ਜੀਵੰਤ ਬਿੰਬ ਵੀ ਇਸ ਸਵੈਜੀਵਨੀ ਵਿਚੋਂ ਉਭਰਦਾ ਹੈ। ਇਹ ਕਹਾਣੀ ਇਕੱਲੇ-ਇਕਹਿਰੇ ਅਮੋਲਕ ਦੀ ਕਹਾਣੀ ਨਹੀਂ ਸਗੋਂ ਬਦਲਦੇ ਹੋਏ ਪੰਜਾਬ ਦੀ ਕਹਾਣੀ ਹੈ। ਸਾਡੇ ਵਰਗੇ ਬਹੁਤ ਸਾਰੇ ਉਹਨਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਕਦੀ ਪਿੰਡਾਂ ਵਿਚੋਂ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿਚ ਨਿਕਲ ਤੁਰੇ ਸਨ।
ਕਾਸ਼! ਅਮੋਲਕ ਆਪਣੀ ਸਿਰਜਣਾਤਕ ਸਮਰੱਥਾ ਦਾ ਪ੍ਰਗਟਾਵਾ ਕਰਨ ਲਈ ਇਕ ਨਾਵਲ ਤਾਂ ਲਿਖ ਹੀ ਦਿੰਦਾ ਜਾਂ ਹੁਣ ਹੀ ਲਿਖਵਾ ਦੇਵੇ!
ਅਮੋਲਕ ਮੇਰੀ ਲਿਖਤ ਦਾ ਵੀ ਕਦਰਦਾਨ ਹੈ। ਇਹੋ ਕਾਰਨ ਸੀ ਕਿ ਉਹਨੇ ਬੜੇ ਚਾਅ ਨਾਲ ਮੇਰੀਆਂ ਲਿਖਤਾਂ ‘ਪੰਜਾਬ ਟਾਈਮਜ਼’ ਵਿਚ ਛਾਪਣੀਆਂ ਸ਼ੁਰੂ ਕੀਤੀਆਂ। ਜਿਵੇਂ ਮੈਂ ਦੱਸ ਚੁੱਕਾ ਹਾਂ ਕਿ ਉਹਨੇ ਆਪ ਹੀ ਲੱਭ ਕੇ ਮੇਰੀਆਂ ਕੁਝ ਲਿਖਤਾਂ ਪੰਜਾਬ ਟਾਈਮਜ਼ ਵਿਚ ਛਾਪੀਆਂ ਸਨ। ਸਾਡੀ ਸਾਂਝ ਨੂੰ ਅੱਗੇ ਵਧਾਉਣ ਲਈ ਸਾਂਝੀ ਕੜੀ ਗੁਰਦਿਆਲ ਬੱਲ ਵੀ ਹੈ। ਉਹਨੇ ਹੀ ਮੇਰੀ ਸਵੈਜੀਵਨੀ ਅਖ਼ਬਾਰ ਵਿਚ ਛਾਪਣ ਲਈ ਅਮੋਲਕ ਨੂੰ ਸੁਝਾਅ ਦਿੱਤਾ ਸੀ। ਬੱਲ ਨੇ ਮੈਨੂੰ ਵੀ ਕਿਹਾ ਕਿ ਮੈਂ ਆਪਣੀ ਸਵੈਜੀਵਨੀ ਅਮੋਲਕ ਨੂੰ ਭੇਜਾਂ। ਜਦ ਮੈਂ ਅਮੋਲਕ ਨੂੰ ਪੁੱਛਿਆ ਤਾਂ ਉਹਨੇ ਕਿਹਾ,
“ ਬਲ ਸਾਹਿਬ ਮੇਰੇ ਪਾਸ ਆਏ ਸਨ ਅਤੇ ਉਦੋਂ ਤੁਹਾਡੀ ਸਵੈਜੀਵਨੀ ਬਾਰੇ ਗੱਲ ਹੋਈ ਸੀ। ਪੰਜਾਬ ਟਾਈਮਜ਼ ਵਿਚ ਛਾਪਣ ਦੀ ਖੁਸ਼ੀ ਜਰੂਰ ਲਵਾਂਗੇ। ਆਪਣੇ ਇਸ ਛੋਟੇ ਭਰਾ ਨੂੰ ਕਦੀ ਕਦੀ ਯਾਦ ਕਰ ਲਿਆ ਕਰੋ। ਤੁਸੀਂ ਤਾਂ ਮੇਰੇ ਉਦੋਂ ਤੋਂ ਹੀ ਆਦਰਸ਼ ਹੋ ਜਦੋਂ 1977 ਵਿਚ ਮੈਂ ਤੁਹਾਡੀ ਪਹਿਲੀ ਕਹਾਣੀ ‘ਡੁੰਮ’ ਹਰਭਜਨ ਹਲਵਾਰਵੀ ਦੇ ਕਹਿਣ ਤੇ ਪੜ੍ਹੀ ਸੀ।”
ਸਵੈਜੀਵਨੀ ਭੇਜਣ ਦਾ ਲਾਰਾ ਲਾ ਕੇ ਮੈਂ ਮਹੀਨਾ ਭਰ ਚੁੱਪ ਰਿਹਾ ਤਾਂ ਅਮੋਲਕ ਨੇ ਲਿਖਿਆ,”ਮੈਂ ਤੇ ਉਡੀਕ ਉਡੀਕ ਕੇ ਬੁੱਢਾ ਹੋ ਚੱਲਿਆਂ, ਭੇਜੋ ਵੀ ਨਾ।”
ਇਸਤੋਂ ਉਹਦਾ ਮੇਰੇ ਤੇ ਮੇਰੀ ਲਿਖਤ ਨਾਲ ਮੋਹ ਦਾ ਰਿਸ਼ਤਾ ਪਰਗਟ ਹੁੰਦਾ ਹੈ। ਇੰਜ ਹੀ ਇਕ ਵਾਰ ਉਹਨੇ ਲਿਖਿਆ,”ਅਜੇ ਦੋ ਦਿਨ ਪਹਿਲਾਂ ਹੀ ਬੇਕਰਜ਼ਫੀਲਡ ਤੋਂ ਤੁਹਾਡੇ ਕਿਸੇ ਪੁਰਾਣੇ ਦੋਸਤ ਨੇ ਮੇਰੇ ਪਾਸੋਂ ਤੁਹਾਡਾ ਫੋਨ ਪੁਛਿਆ ਸੀ। ਜਦੋਂ ਵੀ ਟਾਈਮ ਲਗਿਆ, ਮੈਨੂੰ ਫੋਨ ਜਰੂਰ ਕਰਿਓ। ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਚਿਤ ਕਰਦਾ ਹੈ।”
ਇਹ ਆਖਣ-ਮੰਨਣ ਵਿਚ ਉਹਦੀ ਵਡਿਆਈ ਵੀ ਸੀ ਤੇ ਉਹਦੇ ਮੁਹੱਬਤੀ ਦਿਲ ਦਾ ਸੁਨਹਿਰੀ ਝਲਕਾਰਾ ਵੀ। ਇੰਜ ਹੀ ਸ਼ਾਇਦ ਉਹ ਹੋਰਨਾਂ ਨੂੰ ਵੀ ਆਪਣੀ ਮੁਹੱਬਤੀ ਕੱਸ ਵਿਚ ਕੱਸ ਲੈਂਦਾ ਹੋਵੇਗਾ।
ਜਦ ਪੰਜਾਬ ਟਾਈਮਜ਼ ਵਿਚ ਮੇਰੀ ‘ਸਾਹਿਤਕ ਸਵੈ-ਜੀਵਨੀ’, ਸਵੈ-ਜੀਵਨੀ ‘ਗੁਫ਼ਾ ਵਿਚਲੀ ਉਡਾਣ’, ਕੁਝ ਕਹਾਣੀਆਂ, ਕੁਝ ਵਾਰਤਕ ਟੋਟੇ ਛਪੇ ਤਾਂ ਅਮਰੀਕਾ ਵਿਚ ਮੇਰਾ ਨਵਾਂ ਪਾਠਕ-ਵਰਗ ਪੈਦਾ ਹੋ ਗਿਆ। ਮੈਨੂੰ ਪਾਠਕਾਂ ਦੇ ਫ਼ੋਨ ਆਉਂਦੇ। ਅੱਠ-ਨੌਂ ਸਾਲ ਪਹਿਲਾਂ ਜਦ ਮੈਂ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੇਫ਼ੋਰਨੀਆਂ’ ਦੀ ਕਾਨਫ਼ਰੰਸ ਉੱਤੇ ਗਿਆ ਤਾਂ ਬਹੁਤ ਸਾਰੇ ਅਜਿਹੇ ਸੱਜਣ ਬੜੇ ਉਤਸ਼ਾਹ ਨਾਲ ਮਿਲੇ ਜਿਨ੍ਹਾਂ ਨੇ ਮੈਨੂੰ ‘ਪੰਜਾਬ ਟਾਈਮਜ਼’ ਵਿਚ ਪੜ੍ਹਿਆ ਹੋਇਆ ਸੀ। ਓਥੇ ਹੀ ਮੈਂ ਅਖ਼ਬਾਰ ਦਾ ਪ੍ਰਿੰਟ ਐਡੀਸ਼ਨ ਪਹਿਲੀ ਵਾਰ ਵੇਖਿਆ। ਦਰਸ਼ਕਾਂ ਸਰੋਤਿਆਂ ਵਿਚ ਪੰਜਾਬ ਟਾਈਮਜ਼ ਨੇ ਮੇਰੀ ਪਹਿਲਾਂ ਈ ‘ਬੱਲੇ!ਬੱਲੇ!’ ਕਰਵਾਈ ਹੋਈ ਸੀ। ਜ਼ਾਹਿਰ ਹੈ ਇਹਨਾਂ ਵਿਚ ਬਹੁਤੇ ਉਹ ਲੋਕ ਸਨ ਜਿਨ੍ਹਾਂ ਦੀ ਸਾਹਿਤ ਨਾਲ ਮਾੜੀ ਮੋਟੀ ਰਿਸ਼ਤਗੀ ਸੀ ਤੇ ਉਹਨਾਂ ਵਿਚੋਂ ਬਹੁਤ ਸਾਰੇ ਮੈਨੂੰ ਪਹਿਲਾਂ ਵੀ ਜਾਣਦੇ ਸਨ। ਕਈ ਮੇਰੇ ਨਾਲ ਪੰਜਾਬ ਟਾਈਮਜ਼ ਵਿਚ ਛਪੀਆਂ ਮੇਰੀਆਂ ਲਿਖਤਾਂ ਦਾ ਜ਼ਿਕਰ ਵੀ ਬੜੇ ਉਤਸ਼ਾਹ ਨਾਲ ਕਰ ਰਹੇ ਸਨ।
ਅਗਲੇ ਸਾਲ ਮੈਂ ਆਪਣੇ ਪਿੰਡ ਵਾਸੀਆਂ ਦੇ ਸੱਦੇ ‘ਤੇ ਮੁੜ ਸਾਨ-ਫ਼ਰਾਂਸਿਸਕੋ ਗਿਆ। ਉਹਨਾਂ ਨੇ ਫ਼ਰੀਮੌਂਟ ਦੇ ਗੁਰਦੁਆਰੇ ਵਿਚ ਪਿੰਡ ਵੱਲੋਂ ਆਖੰਡ ਪਾਠ ਰਖਵਾਇਆ ਸੀ। ਮੈਂ ਆਪਣੇ ਗਿਰਾਈਂ ਗੁਰਬਚਨ ਨਾਲ ਜਦ ਗੁਰਦਵਾਰੇ ਮੱਥਾ ਟੇਕਣ ਗਿਆ ਤਾਂ ਗੁਰਦਵਾਰੇ ਦੇ ਬਾਹਰ ਬੈਂਚਾਂ ਉੱਤੇ ਦਸ-ਪੰਦਰਾਂ ਬੰਦੇ ਬੈਠੇ ਸਨ। ਜਦ ਮੈਂ ਤੇ ਗੁਰਬਚਨ ਉਹਨਾਂ ਕੋਲੋਂ ‘ਫ਼ਤਹਿ’ ਬੁਲਾ ਕੇ ਗੁਜ਼ਰੇ ਤਾਂ ਮੈਂ ਮਹਿਸੂਸ ਕੀਤਾ ਕਿ ਉਹਨਾਂ ਵਿਚੋਂ ਦੋ ਕੁ ਜਣੇ ਮੈਨੂੰ ਬੜੇ ਧਿਆਨ ਨਾਲ ਵੇਖ ਰਹੇ ਸਨ। ਜਦ ਅਸੀਂ ਅਗਲੇਰੇ ਬੈਂਚਾਂ ‘ਤੇ ਬੈਠ ਕੇ ਜੋੜੇ ਉਤਾਰ ਰਹੇ ਸਨ ਤਾਂ ਪੰਜ ਸੱਤ ਬੰਦੇ ਉਠ ਕੇ ਸਾਡੇ ਸਾਹਮਣੇ ਆਣ ਖਲੋਤੇ ਤੇ ਪੁੱਛਣ ਲੱਗੇ, “ਤੁਹਾਡਾ ਨਾਂ ਵਰਿਆਮ ਸਿੰਘ ਸੰਧੂ ਹੀ ਏ ਨਾ!”
‘ਜੀ, ਤੁਸੀਂ ਕਿਵੇਂ ਪਛਾਣਿਆਂ?”
ਉਹਨਾਂ ਦਾ ਆਗੂ ਕਹਿੰਦਾ, ” ਜੀ ਅਸੀਂ ਪੰਜਾਬ ਟਾਈਮਜ਼ ਵਿਚ ਤੁਹਾਡੀ ਲਿਖਤਾਂ ਪੜ੍ਹਦੇ ਰਹਿੰਦੇ ਆਂ। ਤੁਹਾਡੀ ਫੋਟੋ ਵੀ ਹੁੰਦੀ ਐ ਨਾਲ। ਅਸੀਂ ਪਛਾਣਦੇ ਸਾਂ ਕਿ ਲੱਗਦੇ ਤਾਂ ਸੰਧੂ ਸਾਹਿਬ ਹੀ ਨੇ।”
ਇਹ ਬਿਰਤਾਂਤ ਆਪਣੀ ਵਡਿਆਈ ਲਈ ਨਹੀਂ ਲਿਖ ਰਿਹਾ, ਸਿਰਫ਼ ਇਹ ਦੱਸਣ ਲਈ ਲਿਖ ਰਿਹਾਂ ਕਿ ਅਖਬਾਰ ਨੂੰ ਕਿੰਨੇ ਲੋਕ, ਕਿੰਨੀ ਗੰਭੀਰਤਾ ਨਾਲ ਪੜ੍ਹਦੇ ਨੇ।
ਅਖ਼ਬਾਰ ਦਾ ਘੇਰਾ ਏਨਾ ਵਿਆਪਕ ਹੈ ਕਿ ਇਹਨੂੰ ਵਿਦਵਾਨ ਵੀ ਪੜ੍ਹਦੇ ਨੇ, ਲੇਖਕ ਤੇ ਬੁੱਧੀਜੀਵੀ ਵੀ ਤੇ ਆਮ ‘ਸਾਧਾਰਨ’ ਆਖੇ ਜਾਣ ਵਾਲੇ ਲੋਕ ਵੀ। ਮੈਨੂੰ ਹਰ ਤਰ੍ਹਾਂ ਦੇ ਪਾਠਕਾਂ ਦੇ ਫ਼ੋਨ ਆਉਂਦੇ। ਲਿਖਤ ਦੀ ਅਜਿਹੀ ਕਦਰਦਾਨੀ ਕਮਾਲ ਸੀ। ਮੈਂ ਅਕਸਰ ‘ਅਖ਼ਬਾਰਾਂ ਵਿਚ ਛਪਣ ਵਾਲਾ ਲੇਖਕ ਨਹੀਂ ਹਾਂ। ਪਿਛਲੇ ਦਸ-ਬਾਰਾਂ ਸਾਲ ਤੋਂ ਮੈਂ ਆਪਣੀ ਕੋਈ ਲਿਖਤ ਪੰਜਾਬ ਦੇ ਕਿਸੇ ਅਖ਼ਬਾਰ ਵਿਚ ਛਪਵਾਉਣ ਨਾਲੋਂ ‘ਪੰਜਾਬ ਟਾਈਮਜ਼’ ਵਿਚ ਛਪਵਾਉਣੀ ਬਿਹਤਰ ਸਮਝਦਾਂ। ਇਸਤੋਂ ਅਨੁਮਾਨ ਲਾਇਆ ਜਾ ਸਕਦਾ ਏ ਕਿ ਇਸ ਅਖ਼ਬਾਰ ਦਾ ਦਰਜਾ ਮੇਰੀ ਨਜ਼ਰ ਵਿਚ ਕਿੰਨਾਂ ਉਚਾ ਹੈ। ਇਹ ਦਰਜਾ ਸਿਰਫ਼ ਇਸ ਕਰ ਕੇ ਉਚਾ ਨਹੀਂ ਕਿ ਇਸ ਵਿਚ ਮੈਨੂੰ ਆਪਣੀ ਲਿਖਤ ਛਪੀ ਵੇਖਣੀ ਚੰਗੀ ਲੱਗਦੀ ਏ, ਸਗੋਂ ਇਸ ਕਰ ਕੇ ਵੀ ਹੈ ਕਿ ਇਸ ਵਿਚ ਜਿਸ ਤਰ੍ਹਾਂ ਦੇ ਨਾਮਵਰ ਵਿਦਵਾਨ ਛਪਦੇ ਨੇ, ਉਹਨਾਂ ਨਾਲ ਛਪਣਾ ਵੀ ਮੈਨੂੰ ਚੰਗਾ ਲੱਗਦਾ ਏ।
ਤੇ ਏਨੇ ਸਾਰੇ ਚੰਗੇ ਲੇਖਕਾਂ ਨੂੰ ਲੱਭ ਕੇ, ਪਛਾਣ ਕੇ ਅਮੋਲਕ ਨੇ ਪੰਜਾਬ ਟਾਈਮਜ਼ ਦਾ ਹਿੱਸਾ ਬਣਾ ਲਿਆ ਹੈ, ਇਹ ਕੋਈ ਛੋਟੀ ਗੱਲ ਨਹੀਂ।
ਸਾਡੀ ਅਰਦਾਸ ਹੈ ਕਿ ਅਮੋਲਕ ਸਿਹਤਮੰਦ ਹੋਵੇ ਤੇ ਉਹ ਅਤੇ ਪੰਜਾਬ ਟਾਈਮਜ਼ ਲੰਮਾਂ ਸਮਾਂ ਸਾਡੇ ਦਰਮਿਆਨ ਰੌਸ਼ਨੀ ਵੰਡਦੇ ਰਹਿਣ।
-0-
ਅਫਸੋਸ ਹੈ ਕਿ ਸਾਡੀ ਅਰਦਾਸ ਸੁਣੀ ਨਹੀਂ ਗਈ ਪਰ ਇਹ ਵੀ ਸੱਚ ਹੈ ਕਿ ਅਮੋਲਕ ਚਾਨਣ ਦੀ ਲੰਮੀ ਲੀਕ ਪਿੱਛੇ ਛੱਡ ਗਿਆ ਹੈ!