ਇਹ ਆਖਰੀ ਅਲਵਿਦਾ ਨਹੀਂ…

ਕੁਲਜੀਤ ਦਿਆਲਪੁਰੀ
ਫੋਨ: 224-386-4548
ਬੇਬਾਕ ਤੇ ਨਿਧੜਕ ਅਤੇ ਚੜ੍ਹਦੀ ਕਲਾ ਦੇ ਸੁਮੇਲ ਦੀ ਮਿਸਾਲ; ਤੇ ਦਿਲਾਂ ਦਾ ਜਾਨੀ, ਭਾਅ ਜੀ ਅਮੋਲਕ ਸਿੰਘ ਜੰਮੂ ਤੁਰ ਗਿਆ ਹੈ-ਸਰੀਰਕ ਔਕੜਾਂ ਨੂੰ ਦਲੇਰੀ ਨਾਲ ਛੰਡਦਾ ਤੇ ਦੁੱਖਾਂ ਦੀ ਗਲੀ ਵਿਚੋਂ ਹੱਸ ਹੱਸ ਲੰਘਦਾ…! ਉਹ ਅਮਰੀਕਾ ਵਿਚ ਪੰਜਾਬੀ ਪੱਤਰਕਾਰੀ ਦੇ ਨਵੇਂ ਦਿਸਹੱਦੇ ਸਿਰਜ ਕੇ ਹੁਣ ਉਸ ਥਾਂ ਲਈ ਪਰਵਾਜ਼ ਭਰ ਗਏ ਹਨ, ਜਿਥੇ ਗਿਆਂ ਦੀਆਂ ਬਸ ਯਾਦਾਂ ਹੀ ਆਉਂਦੀਆਂ ਹਨ।

ਯਾਰਾਂ ਦਾ ਯਾਰ, ਵੱਡਿਆਂ ਦਾ ਅਜ਼ੀਜ਼ ਤੇ ਛੋਟਿਆਂ ਦਾ ਮਾਰਗ ਦਰਸ਼ਕ ਬਣਨ ਦਾ ਮਾਣ ਹਾਸਲ ਕਰਨ ਵਾਲਾ ਅਨਮੋਲ ਸ਼ਖਸ ਅਮਲੋਕ ਸਿੰਘ ਸਭ ਨੂੰ ਵਾਰ ਵਾਰ ਯਾਦ ਆ ਰਿਹਾ ਹੈ। ਭੁੱਲੇ ਵੀ ਕਿਉਂ! ਉਹ ਰਿਸ਼ਤੇ ਹੀ ਅਜਿਹੇ ਸਿਰਜ ਗਿਆ ਹੈ, ਰੂਹਾਂ ਵਾਲੇ; ਤੇ ਜਿਹੜੇ ਰਿਸ਼ਤੇ ਹੁੰਦੇ ਹੀ ਰੂਹ ਵਾਲੇ ਹਨ, ਨਿੱਕੀਆਂ-ਮੋਟੀਆਂ ਨੋਕਾਂ-ਝੋਕਾਂ ਤੇ ਨਾਰਾਜ਼ਗੀਆਂ ਦੇ ਬਾਵਜੂਦ ਅਖੀਰ ਤੱਕ ਨਿਭਦੇ ਹਨ। ਉਨ੍ਹਾਂ ਦੀਆਂ ਦੋਸਤੀਆਂ, ਅਖਬਾਰੀ ਸਕੀਰੀਆਂ, ਲਿਹਾਜਦਾਰੀਆਂ, ਮੁਹੱਬਤਾਂ ਦੇ ਨਾਲ ਨਾਲ ਨਾਰਾਜ਼ਗੀਆਂ ਵੀ ਅਤੇ ਦੁੱਖਾਂ-ਸੁੱਖਾਂ ਦੀ ਸਾਂਝ ਦਾ ਦਾਇਰਾ ਇੰਨਾ ਵਸੀਹ ਸੀ/ਹੈ ਕਿ ਉਨ੍ਹਾਂ ਦੇ ਤੁਰ ਜਾਣ ਦੀ ਘਾਟ ਸਭ ਨੂੰ ਰੜਕ ਰਹੀ ਹੈ। ਅਖਬਾਰਾਂ, ਰਸਾਲਿਆਂ, ਰੇਡੀਓ, ਟੀ. ਵੀ., ਸੋਸ਼ਲ ਮੀਡੀਆ ਉਤੇ ਉਨ੍ਹਾਂ ਪ੍ਰਤੀ ਲਗਾਓ ਤੇ ਉਨ੍ਹਾਂ ਦੇ ਅਕਾਲ ਚਾਲਣੇ ਦਾ ਦਰਦ ਇਹ ਤਸਵੀਰ ਦਿਖਾ ਰਿਹਾ ਹੈ ਕਿ ਉਹ ਆਪਣੇ ਪਿਆਰ ਕਰਨ ਵਾਲਿਆਂ ਨਾਲ ਕਿਹੜੇ ਕਿਹੜੇ ਰੂਪ ਵਿਚ ਜੁੜੇ ਰਹੇ ਹਨ। ਉਹ ਜੂਝਦਿਆਂ ਜਿਸ ਹੌਸਲੇ ਨਾਲ ਜੀਵੇ, ਉਸ ਦੀ ਮਿਸਾਲ ਬਸ ਉਹ ਆਪ ਹੀ ਸਨ। ਉਨ੍ਹਾਂ ਦਾ ਵਿਛੋੜਾ ਅਸਹਿ ਹੈ, ਪਰ ਭਾਣਾ ਤਾਂ ਮੰਨਣਾ ਪੈਣਾ ਹੀ ਹੈ।
ਸਾਲ 2000 ਵਿਚ ਸਿ਼ਕਾਗੋ ਦੀ ਧਰਤੀ ‘ਤੇ ਅਖਬਾਰ ‘ਪੰਜਾਬ ਟਾਈਮਜ਼’ ਦਾ ਬੂਟਾ ਲਾਉਣ ਵਾਲੇ ਅਤੇ ਇਸ ਨੂੰ ਸਿਰੜ ਤੇ ਘਾਲਣਾ ਦੇ ਮੁੜ੍ਹਕੇ ਨਾਲ ਸਿੰਜ ਕੇ ਭਰ ਜਵਾਨ ਕਰਨ ਵਾਲੇ ਇਸ ਦੇ ਬਾਨੀ ਸੰਪਾਦਕ ਸ. ਅਮੋਲਕ ਸਿੰਘ ਜੰਮੂ ਦੇ ਪੰਜਾਬੀ ਪੱਤਰਕਾਰੀ ਪ੍ਰਤੀ ਇਸ਼ਕ ਦਾ ਵਿਖਿਆਨ ਕਰਨ ਲਈ ਮੈਨੂੰ ਸ਼ਬਦ ਨਹੀਂ ਅਹੁੜ ਰਹੇ। ਉਨ੍ਹਾਂ ਨਾਲ ਬਤੌਰ ਸਹਾਇਕ ਸੰਪਾਦਕ ਮੈਂ ਤੇਰਾਂ ਸਾਲ ਜੁੜਿਆ ਰਿਹਾ ਹਾਂ। ਸਿਰੜੀ ਮਟਕ ਤੇ ਚੜ੍ਹਦੀ ਕਲਾ ਦਾ ਮਾਣ ਵਿਰਲਿਆਂ ਦੇ ਹੀ ਹਿੱਸੇ ਆਉਂਦਾ ਹੈ, ਤੇ ਉਨ੍ਹਾਂ ਵਿਰਲਿਆਂ ‘ਚੋਂ ਹੀ ਇਕ ਸੀ ਪੰਜਾਬੀ ਪੱਤਰਕਾਰੀ ਦਾ ਤਰਾਸਿ਼ਆ ਹੀਰਾ-ਅਮੋਲਕ ਸਿੰਘ ਜੰਮੂ। ਉਨ੍ਹਾਂ ਦੇ ਚਾਹੁਣ ਵਾਲੇ ਸੱਚ ਹੀ ਤਾਂ ਆਖ ਰਹੇ ਹਨ ਕਿ ਉਹ ਅਮਰੀਕਾ ਵਿਚ ਪੰਜਾਬੀ ਪੱਤਰਕਾਰੀ ਦੀਆਂ ਵਿਲੱਖਣ ਪੈੜਾਂ ਪਾ ਗਏ ਹਨ।
ਪੱਤਰਕਾਰੀ ਦੇ ਖੇਤਰ ਵਿਚ ਸ. ਅਮੋਲਕ ਸਿੰਘ ਜੰਮੂ ਹੀ ਸਨ, ਜਿਨ੍ਹਾਂ ਦੇ ਪਰਛਾਂਵੇਂ ਹੇਠ ਮੈਨੂੰ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਬੜਾ ਕੁਝ ਸਮਝਾਇਆ ਤੇ ਸਿਖਾਇਆ ਵੀ ਅਤੇ ਬਥੇਰਾ ਕੁਝ ਪਾਉਣ-ਛੱਡਣ ਦੀਆਂ ਨਸੀਹਤਾਂ ਵੀ ਦਿੱਤੀਆਂ। ਕੋਈ ਖਬਰ ਜਾਂ ਲੇਖ ਐਡਿਟ ਕਰਦਿਆਂ-ਕਰਵਾਉਂਦਿਆਂ ਉਨ੍ਹਾਂ ਦੀ ਨਜ਼ਰ ਇੰਨੀ ਸੂਖਮ ਹੁੰਦੀ ਸੀ ਕਿ ਮੁੜ ਲਿਖਤ ਪੜ੍ਹਨ ‘ਤੇ ਦਾਲ ਇਕ ਪਾਸੇ ਤੇ ਕੋਕੜੂ ਇਕ ਪਾਸੇ ਪਏ ਪ੍ਰਤੱਖ ਨਜ਼ਰ ਆਉਣ ਲੱਗ ਪੈਂਦੇ ਸਨ। ਇਹੋ ਨਹੀਂ, ਇਸ਼ਤਿਹਾਰਾਂ ਦੀਆਂ ਇਬਾਰਤਾਂ ਘੜਦੇ ਸਮੇਂ ਵੀ ਉਹ ਉਚੇਚਾ ਖਿਆਲ ਰੱਖਦੇ ਸਨ ਕਿ ਕੋਈ ਸ਼ਬਦ ਏਧਰ ਦਾ ਓਧਰ ਨਾ ਹੋ ਜਾਵੇ। ਕੰਮ ਵਿਚ ਉਨ੍ਹਾਂ ਦਾ ਧਿਆਨ ਇਸ ਕਦਰ ਹੁੰਦਾ ਕਿ ਮਿਲਣ ਲਈ ਆਏ-ਗਏ ਦਾ ਖਿਆਲ ਵੀ ਭੁੱਲ ਜਾਂਦਾ। ਮੰਗਲਵਾਰ ‘ਅਡੀਸ਼ਨ ਡੇਅ’ ਹੋਣ ਕਾਰਨ ਕਈ ਵਾਰ ਤਾਂ ਉਹ ਸਪਸ਼ਟ ਆਖ ਦਿੰਦੇ, “ਅੱਜ ਕੰਮ ਨਿਬੇੜ ਲਈਏ, ਫਿਰ ਕਿਸੇ ਦਿਨ ਗੱਪਾਂ ਮਾਰਾਂਗੇ।” ਅਕਾਲ ਪੁਰਖ ਦਾ ਸੱਦਾ ਵੀ ਉਨ੍ਹਾਂ ਨੂੰ ਮੰਗਲਵਾਰ, ਯਾਨਿ ਅਖਬਾਰ ਤਿਆਰ ਕਰਨ ਵਾਲੇ ਦਿਨ ਨੂੰ ਹੀ ਆਇਆ, “ਚੱਲ ਭਾਈ! ਬਥੇਰਾ ਕੰਮ ਕਰ ਲਿਆ ਹੁਣ…!” ਖੈਰ! ਉਨ੍ਹਾਂ ਨਾਲ ਜੁੜੀਆਂ ਯਾਦਾਂ ਦੀ ਤੰਦ ਓਨੀ ਹੀ ਲੰਮੀ ਹੈ, ਜਿੰਨੀ ਪੁਰਾਣੀ ਉਨ੍ਹਾਂ ਨਾਲ ਸਾਂਝ।
ਇਹ ਵਕਤ ਦੀ ਹੀ ਸਿਤਮਜ਼ਰੀਫੀ ਸੀ ਕਿ ਪਿਛਲੇ ਕਰੀਬ ਸਾਲ ਭਰ ਤੋਂ ਫੋਨ ‘ਤੇ ਗੱਲ ਕਰਨ ਦੀ ਸ. ਜੰਮੂ ਨੂੰ ਮੁਸ਼ਕਿਲ ਆ ਗਈ ਸੀ। ਸਮੱਸਿਆਵਾਂ ਤਾਂ ਹੋਰ ਵੀ ਬਥੇਰੀਆਂ ਸਨ, ਪਰ ਇਸ ਸਮੱਸਿਆ ਨੇ ਜਿਵੇਂ ਉਨ੍ਹਾਂ ਦੇ ਬੋਲਾਂ ਨੂੰ ਅੰਦਰ ਹੀ ਅੰਦਰ ਦਫਨ ਕਰ ਦਿੱਤਾ ਹੋਵੇ। ਕਿੰਨਾ ਤਕਲੀਫਦੇਹ ਹੁੰਦਾ ਹੈ, ਜਦੋਂ ਕੋਈ ਕੁਝ ਕਹਿਣਾ-ਦੱਸਣਾ ਚਾਹੁੰਦਾ ਹੋਵੇ ਪਰ ਬੋਲਿਆ ਨਾ ਜਾਵੇ! ਉਹ ਵਕਤ ਯਾਦ ਕਰ ਕੇ ਸੀਨੇ ‘ਚੋਂ ਰੁੱਗ ਭਰਿਆ ਜਾਂਦਾ ਹੈ, ਜਦੋਂ ਉਹ ‘ਪੰਜਾਬ ਟਾਈਮਜ਼’ ਨੂੰ ਬੁਲੰਦੀਆਂ ਦੇ ਰਾਹ ਪਿਆ ਰੱਖਣ ਲਈ ਫੋਨ ਉਤੇ ਲੰਮੇ ਲੰਮੇ ਵਿਚਾਰ-ਵਟਾਂਦਰੇ ਕਰਿਆ ਕਰਦੇ ਸਨ; ਪਰ ਬਿਮਾਰੀ ਕਾਰਨ ਜਿਉਂ-ਜਿਉਂ ਉਨ੍ਹਾਂ ਦਾ ਬੋਲਣਾ ਘਟਦਾ ਗਿਆ, ਸੁਣ ਕੇ ਉਨ੍ਹਾਂ ਨਾਲ ਗੱਲ ਕਰਨ ਦੇ ਚਾਹਵਾਨਾਂ ਦੇ ਦਿਲ ਵੀ ਮਸੋਸੇ ਗਏ! ਜਿਨ੍ਹਾਂ ਸੁੱਖ-ਸਾਂਦ ਪੁੱਛਣੀ ਹੁੰਦੀ ਜਾਂ ਜਿਨ੍ਹਾਂ ਰੋਸੇ ਵੀ ਜਤਾਉਣੇ ਹੁੰਦੇ ਸਨ, ਅੱਗਿਓਂ ਸਪਸ਼ਟ ਹੁੰਗਾਰਾ ਨਾ ਮਿਲਣ ‘ਤੇ ਉਨ੍ਹਾਂ ਨੂੰ ਵੀ ਸੰਵਾਦ ਰਚਾਉਣ ਤੋਂ ਵਾਂਝੇ ਰਹਿ ਜਾਣਾ ਅੱਜ ਰੜਕਦਾ ਤਾਂ ਜ਼ਰੂਰ ਹੋਵੇਗਾ; ਤੇ ਚਾਹੁੰਦਿਆਂ ਵੀ ਬਹੁਤਾ ਕੁਝ ਨਾ ਕਹਿ ਸਕਣ ਦੀ ਮਜਬੂਰੀ ਦਾ ਸੱਚ ਹੰਢਾਉਂਦਿਆਂ ਸੱਲ ਤਾਂ ਸ. ਜੰਮੂ ਦੇ ਕਲੇਜੇ ਵੀ ਪੈਂਦੇ ਹੋਣੇ ਹੀ ਸਨ! ਲਾਗੇ ਜਾਂ ਦੂਰ ਰਹਿੰਦੇ ਉਨ੍ਹਾਂ ਦੇ ਸਨੇਹੀਆਂ ਦੇ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਰਹਿ ਗਈਆਂ ਅਤੇ ਆਪਣੇ ਦਿਲ ਦੀਆਂ ਗੱਲਾਂ ਦਿਲ ਵਿਚ ਤੇ ਮਨ-ਮਸਤਕ ਵਿਚ ਸਜਾ ਕੇ ਸ. ਜੰਮੂ ਅਮੁੱਕ ਵਾਟਾਂ ਦੇ ਪਾਂਧੀ ਬਣ ਗਏ।
ਮੇਰੇ ਉਸਤਾਦ ਤੇ ਰੁਜ਼ਗਾਰਦਾਤੇ ਸ. ਅਮੋਲਕ ਸਿੰਘ ਜੰਮੂ ਨਾਲ ਮੇਰੀ ਪਹਿਲੀ, ਬਿਨ ਮਿਲਿਆਂ ਹੀ ਸਾਂਝ ਉਦੋਂ ਪੈ ਗਈ ਸੀ, ਜਦੋਂ ਉਨ੍ਹਾਂ ਦੇ ਛੋਟੇ ਭਰਾ ਬਲਵਿੰਦਰ ਸਿੰਘ ਜੰਮੂ ਨੇ ਸਾਲ 2002 ਵਿਚ ਮੈਨੂੰ ਇਹ ਆਖ ਕੇ ਖੁਸ਼ਖਬਰੀ ਦਿੱਤੀ ਕਿ ‘ਕਾਕੇ! ਆਪਣੀ ਕਲਮ ਘੜ ਲੈ। ਭਾਅ ਜੀ (ਅਮੋਲਕ ਸਿੰਘ) ਨੇ ਹਲਵਾਰਵੀ ਸਾਬ੍ਹ ਕੋਲ ਤੇਰੀ ਸਿਫਾਰਸ਼ ਪਾ ਦਿੱਤੀ ਐ।’ ਗੱਲ ਇਉਂ ਹੋਈ ਕਿ ਚੰਡੀਗੜ੍ਹ ਤੋਂ ਛਪਦੇ ਅਖਬਾਰ ‘ਪੰਜਾਬੀ ਟ੍ਰਿਬਿਊਨ’ ਦੀ ਜ਼ੀਰਕਪੁਰ ਏਰੀਏ ਦੀ ਪੱਤਰਕਾਰੀ ਲਈ ਬਲਵਿੰਦਰ ਹੋਰਾਂ ਮੈਨੂੰ ਮਾਨਸਿਕ ਤੌਰ `ਤੇ ਤਿਆਰ ਕਰ ਲਿਆ ਤੇ ਮੈਨੂੰ ਟ੍ਰਿਬਿਊਨ ਦਫਤਰ ਵਿਖੇ ਦਰਖਾਸਤ ਦੇਣ ਲਈ ਮਨਾ ਵੀ ਲਿਆ। ਉਦੋਂ ਸ. ਹਰਭਜਨ ਹਲਵਾਰਵੀ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਆਰਜ਼ੀ ਤੌਰ `ਤੇ ਜ਼ੀਰਕਪੁਰ ਤੋਂ ਪੱਤਰਕਾਰੀ ਦੀ ਜਿ਼ੰਮੇਵਾਰੀ ਸੌਂਪ ਦਿੱਤੀ।
ਖਬਰਾਂ ਛਪਣ ਦੀ ਖੁਸ਼ੀ ਤਾਂ ਹੁੰਦੀ ਪਰ ਆਰਜ਼ੀ ਪੱਤਰਕਾਰ ਹੋਣ ਕਾਰਨ ਟ੍ਰਿਬਿਊਨ ਵਲੋਂ ਇਵਜ਼ਾਨੇ ਵਜੋਂ ਕੁਝ ਨਾ ਮਿਲਦਾ। ਪੱਤਰਕਾਰੀ ਵਲੋਂ ਮਨ ਕੁਝ ਕੁਝ ਉਚਾਟ ਹੋਣ ਲੱਗ ਪਿਆ ਸੀ। ਮਨ ਦੀ ਕਿਸੇ ਨੁੱਕਰੇ ਪਰਵਾਸ ਕਰ ਜਾਣ ਦਾ ਪਿਆ ਸੁਪਨਾ ਮੁੜ ਅੰਗੜਾਈਆਂ ਲੈਣ ਲੱਗਦਾ ਤੇ ਪਰਵਾਸ ਕਰ ਜਾਣ ਦੀ ਮੇਰੀ ਇੱਛਾ ਪਰਵਾਜ਼ ਭਰਦੀ ਰਹਿੰਦੀ।
ਸਾਲ 2006 ਵਿਚ ਜਦੋਂ ਅਮੋਲਕ ਸਿੰਘ ਜੰਮੂ ਇੰਡੀਆ ਗਏ ਤਾਂ ਉਨ੍ਹਾਂ ਨਾਲ ਮੇਰੀ ਪਹਿਲੀ ਰੂਬਰੂ ਮੁਲਾਕਾਤ ਬਲਵਿੰਦਰ ਸਿੰਘ ਜੰਮੂ ਦੇ ਪੰਚਕੂਲਾ ਵਿਚਲੇ ਫਲੈਟ ਵਿਚ ਹੋਈ। ਜਿੰਨਾ ਚਿਰ ਉਹ ਇੰਡੀਆ ਰਹੇ, ਉਥੋਂ ਹੀ ‘ਪੰਜਾਬ ਟਾਈਮਜ਼’ ਦਾ ਕੰਮ ਕਰਦੇ ਰਹੇ। ਬਲਵਿੰਦਰ ਹੋਰਾਂ ਵਾਂਗ ਮੈਂ ਵੀ ਅਮੋਲਕ ਸਿੰਘ ਜੰਮੂ ਨੂੰ ‘ਭਾਅ ਜੀ’ ਕਹਿ ਕੇ ਬੁਲਾਉਣ ਲੱਗ ਪਿਆ। ਮੇਰੇ ਤੇ ‘ਪੰਜਾਬੀ ਟ੍ਰਿਬਿਊਨ’ ਅਤੇ ਮੇਰੇ ਤੇ ‘ਪੰਜਾਬ ਟਾਈਮਜ਼’ ਜਾਂ ਭਾਅ ਜੀ ਦਰਮਿਆਨ ਰਿਸ਼ਤੇ ਦੀ ਅਹਿਮ ਕੜੀ ਬਲਵਿੰਦਰ ਸਿੰਘ ਜੰਮੂ ਹੀ ਹਨ।
ਇੰਡੀਆ ਰਹਿੰਦੇ ਜੰਮੂ ਪਰਿਵਾਰ ਨਾਲ ਮੇਰਾ ਮੋਹ ਪਹਿਲਾਂ ਹੀ ਹੋਣ ਕਾਰਨ ਉਦੋਂ ਭਾਅ ਜੀ ਨੇ ਮੈਨੂੰ ਅਸਿੱਧੇ ਤੌਰ ‘ਤੇ ‘ਪੰਜਾਬ ਟਾਈਮਜ਼’ ਨਾਲ ਜੋੜ ਲਿਆ। ਮੇਰੇ ਕੋਲ ‘ਪੰਜਾਬੀ ਟ੍ਰਿਬਿਊਨ’ ਦੀ ਪੱਤਰਕਾਰੀ ਤੋਂ ਬਿਨਾ ਕੋਈ ਖਾਸ ਕੰਮ ਤਾਂ ਨਹੀਂ ਸੀ, ਸੋ ਮੈਂ ਭਾਅ ਜੀ ਨਾਲ ਕੰਮ ਕਰਨ ਲੱਗ ਪਿਆ ਤੇ ਉਹ ਮੈਨੂੰ ਅਖਬਾਰ ਤਿਆਰ ਕਰਨ ਵਗੈਰਾ ਦੀਆਂ ਬਾਰੀਕੀਆਂ ਦੱਸਣ ਲੱਗ ਪਏ। ਭਾਅ ਜੀ ਉਦੋਂ ਤੁਰ-ਫਿਰ ਤਾਂ ਲੈਂਦੇ ਸਨ, ਪਰ ਕਦੇ ਕਦੇ ਉਨ੍ਹਾਂ ਨੂੰ ਸਹਾਰਾ ਦੇ ਕੇ ਖੜ੍ਹਾ ਕਰਨਾ ਪੈਂਦਾ ਸੀ।
ਖੈਰ! ਉਨ੍ਹਾਂ ਨਾਲ ਮੋਹ ਦੀਆਂ ਤਾਰਾਂ ਜੁੜ ਗਈਆਂ ਤੇ ਜਦੋਂ ਕਦੇ ਪੀ. ਜੀ. ਆਈ. ਕਿਸੇ ਥੈਰੇਪੀ ਲਈ ਜਾਂ ਕਿਸੇ ਦੋਸਤ-ਮਿੱਤਰ ਦੇ ਜਾਣਾ ਹੁੰਦਾ ਤਾਂ ਉਹ ਮੈਨੂੰ ਨਾਲ ਲੈ ਜਾਂਦੇ। ਮੇਰਾ ‘ਪੰਜਾਬੀ ਟ੍ਰਿਬਿਊਨ’ ਤੇ ‘ਪੰਜਾਬ ਟਾਈਮਜ਼’ ਨਾਲ ਕੰਮ ਕਰਨ ਦਾ ਤਜਰਬਾ ਨਾਲੋ ਨਾਲ ਚੱਲ ਰਿਹਾ ਸੀ, ਪਰ ਜਹਾਜ਼ੇ ਚੜ੍ਹਨ ਦੀ ਤਾਂਘ ਵੀ ਮੱਠੀ ਨਹੀਂ ਸੀ ਪਈ। ਇਕ ਦਿਨ ਜਦੋਂ ਮੈਂ ਬਲਵਿੰਦਰ ਭਾਅ ਜੀ ਨੂੰ ਮਿਲਿਆ ਤਾਂ ਟ੍ਰਿਬਿਊਨ ਤੋਂ ਮਿਲਦੇ ਬਹੁਤ ਥੋੜ੍ਹੇ ਇਵਜ਼ਾਨੇ ਤੋਂ ਅਸੰਤੁਸ਼ਟੀ ਅਤੇ ਵਿਦੇਸ਼ ਜਾ ਸੈਟਲ ਹੋਣ ਦੀ ਲਾਲਸਾ ਦੱਸੀ ਤਾਂ ਉਨ੍ਹਾਂ ਅਮੋਲਕ ਭਾਅ ਜੀ ਨਾਲ ਗੱਲ ਕਰਨ ਦਾ ਕਹਿ ਕੇ ਮੈਨੂੰ ਫਿਲਹਾਲ ਪਹਿਲਾਂ ਵਾਂਗ ਕੰਮ ਕਰਦੇ ਰਹਿਣ ਦੀ ਸਲਾਹ ਦਿੱਤੀ। ਫਿਰ ਇਕ ਦਿਨ ਉਨ੍ਹਾਂ ਮੈਨੂੰ ਕਿਹਾ, “ਜੇ ਤੇਰਾ ਅਮਰੀਕਾ ਜਾਣ ਦਾ ਕੰਮ ਬਣ ਜਾਵੇ, ਫਿਰ! ਭਾਅ ਜੀ ਨੂੰ ਵੀ ਅਖਬਾਰ ਦੇ ਕੰਮ ਲਈ ਬੰਦੇ ਦੀ ਲੋੜ ਹੈ।”
ਪਰਵਾਸ ਦੀ ਪਰਵਾਜ਼ ਦਾ ਸੁਪਨਾ ਮੇਰੀਆਂ ਜਾਗਦੀਆਂ ਅੱਖਾਂ ਵਿਚ ਆ ਗਿਆ। ਅਮੋਲਕ ਭਾਅ ਜੀ ਦੀ ਸਪਾਂਸਰਸਿ਼ਪ ਨਾਲ ਅਮਰੀਕਾ ਆ ਜਾਣ ਦੀ ਮੇਰੀ ਆਸ ਨੂੰ ਬੂਰ ਪੈਣ ਲਈ ਇਤਫਾਕਨ ਮੌਸਮ ਸਾਜ਼ਗਾਰ ਬਣ ਗਿਆ। ਖੈਰ! ਜਦੋਂ ਮੈਂ ਬਲਵਿੰਦਰ ਜੰਮੂ ਤੇ ਉਨ੍ਹਾਂ ਦੇ ਭਣੋਈਏ ਜਗਦੀਸ਼ ਸਿੰਘ ਹਾਂਡਾ ਨਾਲ ਅਮੋਲਕ ਭਾਅ ਜੀ ਨੂੰ ਛੱਡਣ ਦਿੱਲੀ ਏਅਰਪੋਰਟ ਜਾ ਰਿਹਾ ਸਾਂ ਤਾਂ ਅੰਦਰੋਂ ਗਦ ਗਦ ਹੋਏ ਮੈਨੂੰ ਸੱਚਮੁੱਚ ਇਉਂ ਜਾਪ ਰਿਹਾ ਸੀ, ਅਮਰੀਕਾ ਜਾਣ ਦੀ ਮੇਰੀ ਫਲਾਈਟ ਵੀ ਜਿਵੇਂ ਤਿਆਰ ਹੀ ਖੜ੍ਹੀ ਹੈ।
ਉਧਰ ਅਮਰੀਕਾ ਪਹੁੰਚਦਿਆਂ ਹੀ ਅਮੋਲਕ ਭਾਅ ਜੀ ਨੇ ‘ਪੰਜਾਬ ਟਾਈਮਜ਼’ ਦੀ ਤਰਫੋਂ ਮੈਨੂੰ ਸਪਾਂਸਰ ਕਰ ਲਿਆ। ਮੇਰੇ ਨਾਲ ਹੋਰ ਗੂੜ੍ਹਾ ਰਿਸ਼ਤਾ ਗੰਢਦਿਆਂ ਉਨ੍ਹਾਂ ਮੇਰੇ ਪਿਤਾ ਸ. ਨਰਿੰਦਰ ਸਿੰਘ ਨਾਲ ਗੱਲ ਕਰ ਕੇ ਆਪਣੇ ਸਾਂਢੂ ਸ. ਲਖਵਿੰਦਰ ਸਿੰਘ ਢਿੱਲੋਂ ਅਤੇ ਹਰਪ੍ਰੀਤ ਕੌਰ ਦੀ ਧੀ ਅਨੁਰੀਤ ਕੌਰ ਨਾਲ ਮੇਰੇ ਵਿਆਹ ਦੀ ਗੱਲ ਪੱਕੀ ਕਰਨ ਦੀ ਵਿਚੋਲਗੀ ਵੀ ਕਰ ਲਈ। ਰਿਸ਼ਤੇ ਵਜੋਂ ਉਹ ਮੇਰੇ ਮਾਸੜ ਜੀ ਬਣ ਗਏ, ਪਰ ਮੇਰੇ ਮਨ ਵਿਚ ਉਨ੍ਹਾਂ ਦਾ ਪਹਿਲਾ ਸਤਿਕਾਰ ‘ਭਾਅ ਜੀ’ ਕਰ ਕੇ ਹੀ ਬਣਿਆ ਰਿਹਾ। ਇਕ ਵਾਰ ਤਾਂ ਉਨ੍ਹਾਂ ਰੋਸ ਵੀ ਜਤਾਇਆ ਕਿ “ਕੁਲਜੀਤ ਸਿਆਂ…ਮਾਸੜ ਜੀ ਕਹਿੰਦਿਆਂ ਸੰਗ ਆਉਂਦੀ ਐ?” ਮੈਂ ਛਿੱਥਾ ਜਿਹਾ ਪੈ ਗਿਆ ਸਾਂ ਤੇ ਮੇਰੇ ਮੂੰਹੋਂ ਇੰਨਾ ਹੀ ਨਿਕਲਿਆ ਸੀ, “ਨਹੀਂ ਭਾਅ ਜੀ…! ਅਜਿਹੀ ਕੋਈ ਗੱਲ ਨਹੀਂ।” ਹੋਰਨਾਂ ਵਾਂਗ ਸ਼ਬਦ ‘ਭਾਅ ਜੀ’ ਮੇਰੇ ਵੀ ਮੂੰਹ ਚੜ੍ਹਿਆ ਹੋਇਐ!
ਖੈਰ! ਇਸੇ ਦੌਰਾਨ ਮੀਡੀਆ ਸ਼ਖਸੀਅਤ ਸਿੱਧੂ ਦਮਦਮੀ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਬਣ ਗਏ ਅਤੇ ਸੁਰਿੰਦਰ ਸਿੰਘ ਤੇਜ ਦੇ ਸਮਾਚਾਰ ਸੰਪਾਦਕ ਬਣ ਜਾਣ ਕਰ ਕੇ ਮੇਰਾ ਉਨ੍ਹਾਂ ਨਾਲ ਰਿਸ਼ਤਾ ਹੋਰ ਅਪਣੱਤ ਵਾਲਾ ਹੋ ਗਿਆ ਸੀ। ਜਦੋਂ ਮੈਂ ਸ. ਤੇਜ ਅਤੇ ਸਿੱਧੂ ਦਮਦਮੀ ਨੂੰ ਅਮਰੀਕਾ ਜਾਣ ਲਈ ਤਜਰਬਾ ਸਰਟੀਫਿਕੇਟ ਜਾਰੀ ਕਰਨ ਦੀ ਬੇਨਤੀ ਕੀਤੀ ਤਾਂ ਸਿੱਧੂ ਦਮਦਮੀ ਬੋਲੇ, “ਅੱਛਾ! ਤਾਂ ਤੂੰ ਅਮੋਲਕ ਕੋਲ ਚੱਲਿਆ!” ਤੇ ਉਨ੍ਹਾਂ ਸ਼ੁਭ ਇੱਛਾਵਾਂ ਦਿੰਦਿਆਂ ਮੈਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ।… ਫਿਰ ਜਦੋਂ ਸ. ਦਮਦਮੀ ਅਮਰੀਕਾ ਭਾਅ ਜੀ ਨੂੰ ਮਿਲਣ ‘ਪੰਜਾਬ ਟਾਈਮਜ਼’ ਦੇ ਦਫਤਰ ਆਏ ਤਾਂ ਮੈਨੂੰ ਮਿਲ ਕੇ ਬੋਲੇ, “ਮੈਨੂੰ ਖੁਸ਼ੀ ਹੈ, ਤੂੰ ਸਹੀ ਥਾਂ ਪਹੁੰਚ ਗਿਆ।”
10 ਅਪਰੈਲ 2008 ਨੂੰ ਅਸੀਂ ਸਿ਼ਕਾਗੋ ਆ ਗਏ ਸਾਂ। ਉਦੋਂ ਨੂੰ ਭਾਅ ਜੀ ਦੀ ਤਬੀਅਤ ਪਹਿਲਾਂ ਨਾਲੋਂ ਥੋੜ੍ਹੀ ਹੋਰ ਵਿਗੜ ਚੁਕੀ ਸੀ, ਪਰ ਜਦ ਆਉਂਦਿਆਂ ਹੀ ਦੇਖਿਆ ਤਾਂ ਉਹ ਆਪਣੇ ਕੰਮ ‘ਚ ਪੂਰੀ ਤਰ੍ਹਾਂ ਮਸਰੂਫ ਰਹਿੰਦੇ। ਉਹ ਮੈਨੂੰ ਵੀ ਘੰਟਿਆਂਬੱਧੀ ਕੰਮ ‘ਤੇ ਲਾਈ ਰੱਖਦੇ ਤੇ ਆਪ ਵੀ ਸਿਰ ਸੁੱਟ ਕੇ ਖਬਰਾਂ-ਲੇਖਾਂ ਦੀ ਪੁਣ-ਛਾਣ ਕਰੀ ਜਾਂਦੇ। ਕਈ ਵਾਰ ਮੈਂ ਅੱਕ, ਥੱਕ ਤੇ ਖਿਝ ਵੀ ਜਾਂਦਾ, ਪਰ ਭਾਅ ਜੀ ਡਟੇ ਰਹਿੰਦੇ।
ਲੰਮੇ ਸਮੇਂ ਤੋਂ ਫੇਫੜਿਆਂ ਵਿਚ ਆ ਗਈ ਕਮਜ਼ੋਰੀ ਕਾਰਨ ਆਪਣੇ ਆਪ ਸਾਹ ਲੈਣ ‘ਚ ਵੀ ਦਿੱਕਤ ਮਹਿਸੂਸ ਕਰਦੇ ਭਾਅ ਜੀ ਨੇ ਆਪਣੇ ਸਾਹਾਂ ਤੋਂ ਪਿਆਰੇ ‘ਪੰਜਾਬ ਟਾਈਮਜ਼’ ਨੂੰ ਸਾਹਾਂ ਸਿਰ ਕਰ ਕੇ ਉਸ ਮੁਕਾਮ ‘ਤੇ ਪਹੁੰਚਾਇਆ, ਜੋ ਮੁਕਾਮ ਅਮਰੀਕਾ-ਕੈਨੇਡਾ ਵਿਚ ਪ੍ਰਕਾਸਿ਼ਤ ਹੁੰਦੇ ਕਿਸੇ ਹੋਰ ਪੰਜਾਬੀ ਅਖਬਾਰ/ਰਸਾਲੇ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਦੇ ਹੱਥ-ਪੈਰ ਤਾਂ ਬੇਸ਼ੱਕ ਕਈ ਸਾਲ ਪਹਿਲਾਂ ਹੀ ਹਰਕਤਹੀਣ ਹੋ ਗਏ ਸਨ, ਪਰ ਉਨ੍ਹਾਂ ਦੇ ਕਮਜ਼ੋਰ ਪੈਂਦੇ ਜਾ ਰਹੇ ਪੱਠਿਆਂ ਵਿਚ ਛੁਪੀ ‘ਚੜ੍ਹਦੀ ਕਲਾ ਦੀ ਗੈਬੀ ਤਾਕਤ’ ਜਿਵੇਂ ਅਖਬਾਰ ਨੂੰ ਹੋਰ ਤਕੜਾ ਕਰਨ ਦੀ ਸਮਰੱਥਾ ਸਮੋਈ ਬੈਠੀ ਸੀ। ਅਸਲ ਵਿਚ ਸਿਹਤ ਦੀਆਂ ਬੇਵਫਾਈਆਂ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਮੱਥਾ ਲਾਉਂਦਿਆਂ ਉਨ੍ਹਾਂ ਨੇ ਸਿਦਕ-ਸਿਰੜ ਨਾਲ ਜਿ਼ੰਦਗੀ ਨੂੰ ਜਿਊਣ ਦਾ ਦ੍ਰਿੜ ਇਰਾਦਾ ਧਾਰੀ ਰੱਖਿਆ। ਬੇਪਨਾਹ ਮੁਹੱਬਤ ਦਾ ਪ੍ਰਮਾਣ ਮੈਂ ‘ਪੰਜਾਬ ਟਾਈਮਜ਼’ ਤੇ ‘ਅਮੋਲਕ ਸਿੰਘ ਜੰਮੂ’ ਵਿਚਾਲੇ ਪ੍ਰਤੱਖ-ਅਪ੍ਰਤੱਖ ਮਹਿਸੂਸ ਕੀਤਾ ਹੈ। ਮੇਰਾ ਯਕੀਨ ਹੈ, ਜਦੋਂ ਵੀ ਲੋਕ ‘ਪੰਜਾਬ ਟਾਈਮਜ਼’ ਪੜ੍ਹਦੇ ਹੋਣਗੇ ਜਾਂ ਨਾਂ ਹੀ ਲੈਂਦੇ ਹੋਣਗੇ, ਇਕ ਵਾਰ ਭਾਅ ਜੀ ਦਾ ਚਿਹਰਾ ਉਨ੍ਹਾਂ ਦੀਆਂ ਅੱਖਾਂ ਅੱਗਿਓਂ ਲੰਘ ਜਾਂਦਾ ਹੋਵੇਗਾ। ‘ਪੰਜਾਬ ਟਾਈਮਜ਼’ ਨੂੰ ਲੋਕ ਹੋਰ ਅਖਬਾਰਾਂ ਵਰਗਾ ਅਖਬਾਰ ਨਾ ਸਮਝ ਕੇ ਦਸਤਾਵੇਜ਼ ਮੰਨਦੇ ਹਨ। ਇਹ ਸਭ ਭਾਅ ਜੀ ਦੀ ਘਾਲਣਾ ਦਾ ਹੀ ਨਤੀਜਾ ਹੈ। ਅਖਬਾਰ ਛਪਣ ਵੇਲੇ ਜਦੋਂ ਤੱਕ ‘ਕੱਲਾ-‘ਕੱਲਾ ਲੇਖ ਜਾਂ ਖਬਰ ਉਨ੍ਹਾਂ ਦੀਆਂ ਅੱਖਾਂ ਵਿਚੋਂ ਨਾ ਨਿਕਲ ਜਾਵੇ, ਉਨ੍ਹਾਂ ਨੂੰ ਜਿਵੇਂ ਅੱਚਵੀਂ ਜਿਹੀ ਲੱਗੀ ਰਹਿੰਦੀ ਸੀ।
ਸਮੇਂ ਅਤੇ ਬਿਮਾਰੀ ਨੇ ਬੇਸ਼ੱਕ ਉਨ੍ਹਾਂ ਦੇ ਬੋਲਾਂ ਨੂੰ ਗੂੰਗਾ ਕਰਨ ਦੀ ਜਿ਼ਦ ਪਾਲੀ ਹੋਈ ਸੀ, ਪਰ ਉਨ੍ਹਾਂ ਦੀਆਂ ਬੋਲਦੀਆਂ ਅੱਖਾਂ ਅਤੇ ਤਕਲੀਫਾਂ ਦੇ ਬਾਵਜੂਦ ਬੱਲ੍ਹਾਂ ‘ਤੇ ਖਿੜਿਆ ਹਾਸਾ ਜਿੰਦੜੀ ਨੂੰ ਆ ਪਈਆਂ ਮੁਸੀਬਤਾਂ ਨਾਲ ਆਢਾ ਲਾਉਣ ਦੀ ਦਲੇਰੀ ਰੱਖਦੇ ਸਨ। ਏਸੇ ਵਿਚੋਂ ਜ਼ਿੰਦਗੀ ਜਿਊਣ ਦਾ ਉਤਸ਼ਾਹ, ਭਰਪੂਰ ਹਾਮੀ ਭਰਦਾ ਰਿਹਾ। ਪਿਛਲੇ ਇਕ ਸਾਲ ਤੋਂ ਕਰੋਨਾ ਕਾਰਨ ਹਦਾਇਤਾਂ ਦੀ ਪਾਲਣਾ ਕਰਦਿਆਂ ਆ ਪਈ ਦੂਰੀ ਹੁਣ ਸਦੀਵੀ ਬਣ ਗਈ ਹੈ। ਪਿਛਲੇ ਇਕ ਸਾਲ ਦੇ ਵਕਫੇ ਵਿਚ ਭਾਵੇਂ ਉਨ੍ਹਾਂ ਨਾਲ ਮੁਲਾਕਾਤਾਂ ਸਿਰਫ ਗਿਣਤੀ ਦੀਆਂ ਹੀ ਹੋਈਆਂ, ਪਰ ਉਨ੍ਹਾਂ ਦੀ ਸਦੀਵੀ ਰੁਖਸਤਗੀ ਤੋਂ ਦਸ-ਬਾਰਾਂ ਦਿਨ ਪਹਿਲਾਂ ਜਦੋਂ ਮੈਂ ਉਨ੍ਹਾਂ ਨੂੰ ਜਾ ਸਤਿ ਸ੍ਰੀ ਅਕਾਲ ਬੁਲਾਈ ਤਾਂ ਪਹਿਲਾਂ ਵਾਂਗ ਉਨ੍ਹਾਂ ਅੱਖਾਂ ਝਪਕ ਕੇ ਜਾਂ ਥੋੜ੍ਹਾ ਜਿਹਾ ਸਿਰ ਹਿਲਾ ਕੇ ਜਵਾਬ ਦੇਣ ਦੀ ਥਾਂ ‘ਬੇਗਾਨੀਆਂ ਨਜ਼ਰਾਂ’ ਨਾਲ ਇੰਜ ਵੇਖਿਆ, ਜਿਵੇਂ ਪਛਾਣਿਆ ਹੀ ਨਾ ਹੋਵੇ। ਉਨ੍ਹਾਂ ਦੇ ਘਰੋਂ ਨਿਕਲ ਕੇ ਮੈਂ ਉਨ੍ਹਾਂ ਦੀ ਤੱਕਣੀ ਨੂੰ ਆਪਣੀਆਂ ਅੱਖਾਂ ਵਿਚ ਸਮੋ ਕੇ ਆਪਣੇ ਘਰ ਪਹੁੰਚ ਗਿਆ ਸਾਂ, ਪਰ ਉਸ ਦਿਨ ਤੋਂ ਕਈ ਵਾਰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੀਆਂ ਉਹ ਖੁੱਲ੍ਹੀਆਂ ਤੇ ਹੈਰਾਨੀ ਨਾਲ ਤੱਕਦੀਆਂ ਅੱਖਾਂ ਮੇਰਾ ਪਿੱਛਾ ਕਰ ਰਹੀਆਂ ਹੋਣ।
ਹੁਣ ਤਾਂ ਉਹ ਦੌਰ ਵੀ ਮੇਰੀਆਂ ਅੱਖਾਂ ਸਾਹਮਣੇ ਆ ਖੜ੍ਹਾ ਹੋਇਆ ਹੈ, ਜਦੋਂ ‘ਪੰਜਾਬ ਟਾਈਮਜ਼’ ਦੇ ਵਿਹੜੇ ਵਿਚਾਰ-ਵਟਾਂਦਰੇ, ਸਲਾਹ-ਮਸ਼ਵਰੇ ਤੇ ਗੱਲਾਂ-ਬਾਤਾਂ ਦੇ ਮਜਮੇ ਲੱਗਦੇ ਰਹੇ। ਨਵੇਂ-ਪੁਰਾਣੇ ਲੇਖਕਾਂ, ਕਾਲਮਨਵੀਸਾਂ ਦੀਆਂ ਲਿਖਤਾਂ `ਚੋਂ ਆਪਣੀ ਗੱਲ ਲੱਭ ਕੇ ਅਖਬਾਰ ਰਾਹੀਂ ਕਹਿਣ ਦੀ ਜੁਗਤ ਸ. ਜੰਮੂ ਨੇ ਆਖਰੀ ਪਲਾਂ ਤੱਕ ਪਾਲੀ। ਇਹ ਗੱਲ ਅਖਬਾਰੀ ਪੇਸ਼ੇ ਦੇ ਉਹ ਵਿਰੋਧੀ ਵੀ ਮੰਨਦੇ ਹਨ, ਜਿਨ੍ਹਾਂ ਨੂੰ ਇਸ ਜੁਗਤ ਦੀ ਸੋਝੀ ਹੈ।
ਬੇਬਾਕ ਸੰਪਾਦਕੀ ਕਰਦਿਆਂ ਉਹ ਸਹਿਜੇ ਹੀ ਤਿੱਖੀ ਚੋਭ ਲਾਉਣ ਤੋਂ ਵੀ ਪਿਛੇ ਨਹੀਂ ਸਨ ਹਟਦੇ। ਉਨ੍ਹਾਂ ਨਾਲ ਕੰਮ ਕਰਦਿਆਂ ਜਿਥੇ ਮੈਂ ਉਨ੍ਹਾਂ ਦਾ ਆਪਣੀ ਗੱਲ ‘ਤੇ ਅਟੱਲ ਰਹਿਣ ਦਾ ਸੁਭਾਅ ਦੇਖਿਆ, ਉਥੇ ਉਨ੍ਹਾਂ ਅੰਦਰ ਕਿਸੇ ਵਲੋਂ ਆਪਣੀ ਗਲਤੀ ਮੰਨ ਲੈਣ ‘ਤੇ ਉਸ ਨੂੰ ਮੁਆਫ ਕਰ ਦੇਣ ਦਾ ਵੱਡਾ ਜਿਗਰਾ ਵੀ ਸੀ; ਬਸ਼ਰਤੇ ਸਾਹਮਣੇ ਵਾਲਾ ਆਪਣੀ ਅੜੀ ਛੱਡੇ ਤੇ ਗਲਤੀ ਮੰਨੇ।
ਪੱਤਰਕਾਰੀ ਦੇ ਕਿੱਤੇ ਵਿਚ ਕਿਸੇ ਨਾ ਕਿਸੇ ਧਿਰ ਦੇ ਨਾਰਾਜ਼ ਹੋਣ ਦਾ ਖਦਸ਼ਾ ਹਮੇਸ਼ਾ ਹੀ ਰਹਿੰਦਾ ਹੈ, ਜਿਸ ਦਾ ਖਮਿਆਜ਼ਾ ‘ਪੰਜਾਬ ਟਾਈਮਜ਼’ ਨੂੰ ਵੀ ਗਾਹੇ-ਬਗਾਹੇ ਭੁਗਤਣਾ ਪਿਆ ਹੈ। ਭਾਅ ਜੀ ਦੇ ਮੱਦਾਹਾਂ, ਸਨੇਹੀਆਂ ਤੇ ਸਹਿਯੋਗੀਆਂ ਦੇ ਹਾਂਪੱਖੀ ਹੁੰਗਾਰੇ ਕਰ ਕੇ ‘ਪੰਜਾਬ ਟਾਈਮਜ਼’ ਅਮਰੀਕਾ-ਕੈਨੇਡਾ ਦੇ ਸਿਰਕੱਢ ਪੰਜਾਬੀ ਅਖਬਾਰ ਵਜੋਂ ਜਾਣਿਆ ਜਾਂਦਾ ਹੈ। ਇਹ ਕੋਈ ਹਉਮੈ ਨਹੀਂ, ਮਾਣ ਵਾਲੀ ਗੱਲ ਹੈ ਕਿ ‘ਪੰਜਾਬ ਟਾਈਮਜ਼’ ਨੇ ਸਫਰ ਦੇ ਇੱਕੀਵੇਂ ਸਾਲ `ਤੇ ਨਿਰੰਤਰ ਤੁਰਦਿਆਂ ਦਿਨੋ ਦਿਨ ਆਪਣਾ ਮਿਆਰ ਉਚਾ ਹੀ ਕੀਤਾ ਹੈ। ਭਾਅ ਜੀ ਸ. ਜੰਮੂ ਸਰੀਰਕ ਤੌਰ `ਤੇ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਪੰਜਾਬੀ ਪੱਤਰਕਾਰੀ ਪ੍ਰਤੀ ਬੇਬਾਕ ਸੋਚ ਤੇ ਜਿ਼ੰਮੇਵਾਰੀ ਕਾਬਿਲ-ਏ-ਤਾਰੀਫ ਸੀ ਤੇ ਰਹੇਗੀ ਵੀ।
ਅਨੇਕਾਂ ਦਿਲਾਂ `ਚ ਵੱਸਦਿਆ ਸੱਜਣਾ! ਇਹ ਕੋਈ ਆਖਰੀ ਅਲਵਿਦਾ ਨਹੀਂ। ਭਾਅ ਜੀ! ਤੁਹਾਨੂੰ ਚਾਹੁਣ ਵਾਲਿਆਂ ਨੇ ਤਾਂ ਯਾਦਾਂ ਦੇ ਜ਼ਰੀਏ ਤੁਹਾਡੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਣਾ ਹੈ।…