ਪੰਜਾਬੀ ਦਾ ਸਟੀਫਨ ਹਾਕਿੰਗ-ਸ. ਅਮੋਲਕ ਸਿੰਘ ਜੰਮੂ

ਇਹ ਲੇਖ ਮੈਂ ਮਈ 2018 ਵਿਚ ‘ਪੰਜਾਬ ਟਾਈਮਜ਼’ ਦੀ ਨਾਈਟ ਤੋਂ ਪਰਤ ਕੇ ਲਿਖਿਆ ਸੀ। ਜਦ ਮੈਂ ਇਸ ਨੂੰ ‘ਪੰਜਾਬ ਟਾਈਮਜ਼’ ਵਿਚ ਛਪਣ ਲਈ ਭੇਜਿਆ ਤਾਂ ਜੰਮੂ ਜੀ ਦੀ ਨਿਮਰਤਾ ਦੀ ਇੰਤਹਾ ਹੀ ਸੀ ਕਿ ਉਨ੍ਹਾਂ ਨੇ ਇਸ ਨੂੰ ਛਾਪਣ ਤੋਂ ਅਸਮਰਥਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਬਾਰੇ, ਆਪਣੇ ਹੀ ਅਖਬਾਰ ਵਿਚ ਕੁਝ ਨਹੀਂ ਛਾਪਣਗੇ। ਬਾਅਦ ਵਿਚ ਇਹ ਲੇਖ ‘ਪੰਜਾਬੀ ਟ੍ਰਿਬਿਊਨ’ ਅਤੇ ਉਤਰੀ ਅਮਰੀਕਾ ਦੀਆਂ ਬਹੁਤ ਸਾਰੀਆਂ ਅਖਬਾਰਾਂ ਵਿਚ ਛਪਿਆ ਸੀ। ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਹਰਫਾਂ ਦੀ ਇਹ ਅਨਾਇਤ, ਉਨ੍ਹਾਂ ਦੀ ਨਿੱਘੀ ਯਾਦ ਨੂੰ ਅਰਪਿਤ ਹੈ।

ਡਾ. ਗੁਰਬਖਸ਼ ਸਿੰਘ ਭੰਡਾਲ

ਪੰਜਾਬੀਆਂ ਦੇ ਹਰਮਨ ਪਿਆਰੇ, ਸਿ਼ਕਾਗੋ ਤੋਂ ਛਪਦੇ ‘ਪੰਜਾਬ ਟਾਈਮਜ਼’ ਵਾਲੇ ਸ. ਅਮੋਲਕ ਸਿੰਘ ਜੰਮੂ ਦੇ ਜੀਵਨ ਨੂੰ ਚਾਰ ਪੜਾਵਾਂ ਵਿਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਪਿੰਡ ਕੁੱਤੇਵੱਢ (ਸਿਰਸਾ, ਹਰਿਆਣਾ) ਤੋਂ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਚ ਉਚੇਰੀ ਸਿਖਿਆ ਲਈ ਆਉਣਾ ਅਤੇ ਇਸ ਦੀ ਆਬੋ-ਹਵਾ ਵਿਚ ਪੰਜਾਬੀ ਸਾਹਿਤ ਨੂੰ ਆਪਣਾ ਅਕੀਦਾ ਬਣਾਉਣਾ। ਇਹ ਸਫਰ ਜਿਥੇ ਅਕਾਦਮਿਕ ਪ੍ਰਾਪਤੀਆਂ ਦੀ ਸ਼ੁਰੂਆਤ ਤੇ ਸਿਖਰ ਸੀ, ਉਥੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨ ਅਤੇ ਇਸ ਵਿਚੋਂ ਉਭਰਨ ਦਾ ਹੱਠ ਤੇ ਹੌਂਸਲਾ ਸਨ ਜੰਮੂ ਸਾਹਿਬ। ਪਿੰਡ ਦੇ ਗਭਰੀਟ ਦਾ ਯੂਨੀਵਰਸਿਟੀ ਦੇ ਮਾਹੌਲ ਨੂੰ ਅਪਣਾਉਣਾ ਅਤੇ ਵਿਦਿਆਕ ਪ੍ਰਾਪਤ ਕਰਨਾ, ਸੁਪਨੇ ਦਾ ਪਹਿਲਾ ਪੜਾਅ ਸੀ।
ਉਨ੍ਹਾਂ ਦੀ ਜਿ਼ੰਦਗੀ ਦਾ ਦੂਸਰਾ ਪੜਾਅ ਸੀ, 1978 ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਨੌਕਰੀ ਸ਼ੁਰੂ ਕਰ ਕੇ ਪੰਜਾਬੀ ਪੱਤਰਕਾਰੀ ਦੀਆਂ ਬਾਰੀਕੀਆਂ ਨੂੰ ਸਮਝਣ ਅਤੇ ਇਸ ਖੇਤਰ ਵਿਚ ਕੁਝ ਨਰੋਆ ਅਤੇ ਵਿਲੱਖਣ ਕਰਨ ਦਾ ਦਮਖ਼ਮ ਪਰ ‘ਪੰਜਾਬੀ ਟ੍ਰਿਬਿਊਨ’ ਦਾ ਪਰਿਵਾਰਕ, ਖੁਸ਼ਨੁਮਾ ਤੇ ਕੰਮਕਾਜੀ ਮਾਹੌਲ ਛੇਤੀ ਹੀ ਆਪਸੀ ਈਰਖਾ, ਇਕ ਦੂਜੇ ਤੋਂ ਅੱਗੇ ਨਿਕਲਣ ਲਈ ਇਕ ਦੂਸਰੇ ਦੀਆਂ ਲੱਤਾਂ ਖਿਚਣ, ਸਿਫਾਰਸ਼ ਜਾਂ ਚਪਲੂਸੀ ਆਦਿ ਬਹੁਤ ਸਾਰੀਆਂ ਅਲਾਮਤਾਂ ਦੀ ਭੇਟਾ ਚੜ੍ਹ ਗਿਆ। ਜੰਮੂ ਜੀ ਲਈ ਅਖਬਾਰ ਦੀ ਸਬ-ਐਡੀਟਰੀ ਪ੍ਰਾਪਤੀ ਕਰਨੀ ਹੀ ਐਵਰੈਸਟ ਸਰ ਕਰਨ ਜਿਹੀ ਮੁਹਿੰਮ ਬਣ ਗਈ ਜਦਕਿ ਇਹ ਉਨ੍ਹਾਂ ਦਾ ਹੱਕ ਸੀ। ਇਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 12 ਸਾਲ ਉਡੀਕ ਕਰਨੀ ਪਈ।
ਜੰਮੂ ਜੀ ਦੀ ਜਿ਼ੰਦਗੀ ਦਾ ਤੀਸਰਾ ਪੜਾਅ ਸੀ ਪੰਜਾਬ ਤੋਂ ਅਮਰੀਕਾ ਪਰਵਾਸ ਕਰਨਾ ਅਤੇ ਨਵੀਂ ਜਿ਼ੰਦਗੀ, ਨਵੀਆਂ ਚੁਣੌਤੀਆਂ, ਨਵਾਂ ਦੇਸ਼ ਅਤੇ ਨਵੀਂ ਧਰਾਤਲ ਵਿਚ ਆਪਣੀਆਂ ਜੜ੍ਹਾਂ ਲਾਉਣੀਆਂ ਅਤੇ ਇਨ੍ਹਾਂ ਨੂੰ ਫੈਲਾਉਣਾ। ਬਹੁਤ ਔਖਾ ਹੁੰਦਾ ਹੈ ਪਰਦੇਸ ਵਿਚ ਆਪਣੇ ਆਪ ਨੂੰ ਸਥਾਪਤ ਕਰਨਾ। ਸਥਾਪਤੀ ਲਈ ਉਨ੍ਹਾਂ ਨੇ ਅਜਿਹਾ ਮਾਰਗ ਚੁਣਿਆ ਜੋ ਬਹੁਤ ਹੀ ਮੁਸ਼ਕਿਲਾਂ ਭਰਿਆ ਅਤੇ ਆਰਥਿਕ ਔਖਿਆਈਆਂ ਵਾਲਾ ਸੀ; ਯਾਨੀ ਵੀਹ ਸਾਲ ਪਹਿਲਾਂ ਸਿ਼ਕਾਗੋ ਵਿਚ ਪੰਜਾਬੀ ਅਖਬਾਰ ‘ਪੰਜਾਬ ਟਾਈਮਜ਼’ ਦੀ ਸ਼ੁਰੂਆਤ ਕਰਨੀ। ਉਤਰੀ ਅਮਰੀਕਾ ਵਿਚ ਪੰਜਾਬੀ ਪੱਤਰਕਾਰੀ, ਅਖਬਾਰ ਨਵੀਸੀ, ਜਾਂ ਅਖਬਾਰ ਕੱਢਣਾ ਕੋਈ ਲਾਹੇਵੰਦਾ ਧੰਦਾ ਨਹੀਂ। ਜਿ਼ਆਦਾਤਰ ਪੰਜਾਬੀ ਅਖਬਾਰਾਂ ਉਨ੍ਹਾਂ ਲੋਕਾਂ ਵਲੋਂ ਹੀ ਕੱਢੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਪੰਜਾਬੀ ਪੱਤਰਕਾਰੀ, ਪੰਜਾਬੀ ਬੋਲੀ ਜਾਂ ਪੰਜਾਬੀਅਤ ਨਾਲ ਕੋਈ ਪ੍ਰਤੀਬੱਧਤਾ ਨਹੀਂ। ਉਹ ਤਾਂ ਸਿਰਫ ਬਿਜਨਸ ਲਈ ਹੀ ਅਖਬਾਰ ਕੱਢ ਰਹੇ ਨੇ ਪਰ ਸ. ਅਮੋਲਕ ਸਿੰਘ ਜੰਮੂ ਦੀ ਸੋਚ ਵਿਚ ਅਖਬਾਰ ਕੱਢਣਾ, ਪੰਜਾਬੀ ਕੌਮ, ਭਾਈਚਾਰੇ ਅਤੇ ਪੰਜਾਬੀ ਬੋਲੀ ਨੂੰ ਅਰਪਿਤ ਅਜਿਹਾ ਅਦਾਰਾ ਸਥਾਪਤ ਕਰਨਾ ਸੀ ਜੋ ਪੰਜਾਬੀ ਭਾਈਚਾਰੇ ਦੇ ਸਮੁੱਚ ਦੀ ਆਵਾਜ਼ ਬਣ ਸਕੇ ਅਤੇ ਇਸ ਦੇ ਸਰੋਕਾਰਾਂ, ਸੁਪਨਿਆਂ, ਸੰਭਾਵਨਾਵਾਂ ਅਤੇ ਸਫਲਤਾਵਾਂ ਨੂੰ ਜੱਗ-ਜ਼ਾਹਰ ਕਰ ਸਕੇ।
ਬਹੁਤ ਹੀ ਸੱਚੀ ਸੁੱਚੀ ਸੋਚ ਨੂੰ ਲੈ ਕੇ ਕੱਢੇ ਅਖਬਾਰ ‘ਪੰਜਾਬ ਟਾਈਮਜ਼’ ਨੇ ਮਿਆਰ ਦੀਆਂ ਨਵੀਆਂ ਬੁਲੰਦੀਆਂ ਸਥਾਪਤ ਕੀਤੀਆਂ। ਇਹ ਅਮੋਲਕ ਸਿੰਘ ਜੰਮੂ ਦਾ ਅਦਬੀ ਪ੍ਰਭਾਵ ਅਤੇ ਹਾਸਲ ਹੈ ਕਿ ‘ਪੰਜਾਬ ਟਾਈਮਜ਼’ ਨਾਲ ਪੰਜਾਬੀ ਦੇ ਕਹਿੰਦੇ-ਕਹਾਉਂਦੇ ਚਿੰਤਕ, ਵਿਦਵਾਨ, ਲੇਖਕ ਅਤੇ ਬੁੱਧੀਜੀਵੀ ਜੱੜੇ ਹੋਏ ਨੇ ਜੋ ਨਿਰੰਤਰ ਕਲਮੀ ਸਹਿਯੋਗ ਦੇ ਕੇ ਇਸ ਦੀ ਦਿੱਖ ਅਤੇ ਦਿਸ਼ਾ ਨੂੰ ਹੋਰ ਨਿਖਾਰਨ ਵਿਚ ਵੱਡਾ ਯੋਗਦਾਨ ਪਾ ਰਹੇ ਨੇ। ਅਖਬਾਰ ਵਿਚ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਥਾਂ ਦਿੱਤੀ ਜਾਂਦੀ ਹੈ, ਖਾਸ ਕਰ ਕੇ ਵਿਰੋਧੀ ਵਿਚਾਰਾਂ ਨੂੰ ਤਾਂ ਕਿ ਪਾਠਕ ਖੁਦ ਨਿਰੀਖਣ ਕਰ ਕੇ ਆਪਣੀ ਰਾਇ ਬਣਾਉਣਾ। ਉਚ ਕੋਟੀ ਦੇ ਚਿੰਤਕਾਂ ਦੀਆਂ ਅਨੁਵਾਦਤ ਲਿਖਤਾਂ ‘ਪੰਜਾਬੀ ਟਾਈਮਜ਼’ ਦੇ ਹਰ ਅੰਕ ਨੂੰ ਵੱਖਰੀ ਰੰਗਤ ਮੁਹੱਈਆ ਕਰਦੀਆਂ ਨੇ। ਇਨ੍ਹਾਂ ਵਿਚ ਪਰਦੇ ਓਹਲੇ ਵਾਪਰਨ ਵਾਲੀਆਂ ਉਨ੍ਹਾਂ ਘਟਨਾਵਾਂ/ਦੁਰਘਟਨਾਵਾਂ, ਚਾਲਾਂ/ਕੁਚਾਲਾਂ, ਜਬਰ/ਜ਼ੁਲਮ ਅਤੇ ਤਾਨਾਸ਼ਾਹੀ ਦੇ ਕਰੂਪ ਚਿਹਰਿਆਂ ਨੂੰ ਵੀ ਨੰਗਾ ਕੀਤਾ ਹੁੰਦਾ ਹੈ ਜਿਨ੍ਹਾਂ ਨੂੰ ਜਿ਼ਆਦਾਤਰ ਮੀਡੀਆ ਵਾਲੇ ਅੱਖੋਂ-ਪਰੋਖਾ ਕਰਦੇ ਨੇ। ਇਹੀ ਹੁੰਦੀ ਹੈ ਅਸਲ ਅਖਬਾਰ ਨਵੀਸੀ। ਲੋਕਾਂ ਨੂੰ ਉਸ ਸੱਚ ਦੇ ਰੂਬਰੂ ਕਰਨਾ ਜੋ ਸਾਹਮਣੇ ਨਜ਼ਰ ਨਹੀਂ ਆਉਂਦਾ। ਇਸ ਨੂੰ ਲਿਖਤ ਵਿਚੋਂ ਪੜ੍ਹਨ ਲਈ ਖੁਦ ਨਾਲ ਸੰਵਾਦ ਰਚਾਉਣਾ ਪੈਂਦਾ।
‘ਪੰਜਾਬ ਟਾਈਮਜ਼’ ਦਾ ਸਭ ਤੋਂ ਖੂਬਸੂਰਤ ਪਹਿਲੂ ਹੈ, ਹਰ ਲੇਖ ਤੋਂ ਪਹਿਲਾਂ ਜੰਮੂ ਜੀ ਵਲੋਂ ਲਿਖਿਆ ਇਕ ਪਹਿਰਾ ਜੋ ਲਿਖਤ ਦਾ ਨਚੋੜ ਹੁੰਦਾ ਹੈ। ਦਰਅਸਲ ਸ. ਅਮੋਲਕ ਸਿੰਘ ਜੰਮੂ ਖੁਦ ਹਰ ਲਿਖਤ ਨੂੰ ਪੜ੍ਹਦੇ, ਸੁਧਾਈ ਵੀ ਕਰਦੇ ਅਤੇ ਫਿਰ ਇਸ ਨੂੰ ਛਪਣ ਲਈ ਭੇਜਦੇ। ਅੁਿਜਹੀ ਨਿਸ਼ਠਾ, ਸਮਰਪਣ ਅਤੇ ਸੁਯੋਗ ਅਗਵਾਈ ਸਿਰਫ ਜੰਮੂ ਜੀ ਦਾ ਹੀ ਹਾਸਲ ਸੀ। ਵਪਾਰਕ ਪੱਖ ਨਾਲੋਂ ਮਿਆਰ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਅਤੇ ਪੰਜਾਬੀ ਪੱਤਰਕਾਰੀ ਦੇ ਬਿੰਬ ਨੂੰ ਰੱਸ਼ਨਾਉਣਾ ਉਨ੍ਹਾਂ ਤੋਂ ਸਿਖਿਆ ਜਾ ਸਕਦਾ।
‘ਪੰਜਾਬ ਟਾਈਮਜ਼’ ਵਿਚ ਗਾਹੇ-ਬਗਾਹੇ ਮੇਰੇ ਲੇਖ ਤਾਂ ਛਪਦੇ ਰਹਿੰਦੇ ਸਨ ਪਰ ਜਦ ਮੈਂ ਕੈਨੇਡਾ ਤੋਂ ਅਮਰੀਕਾ ਆਇਆ ਤਾਂ ਮੇਰਾ ਰਾਬਤਾ ਸ. ਅਮੋਲਕ ਸਿੰਘ ਜੰਮੂ ਨਾਲ ਅਜਿਹਾ ਹੋਇਆ ਜੋ ਅਖੀਰ ਤੱਕ ਨਿਭਿਆ। ਉਨ੍ਹਾਂ ਨੂੰ ਮਿਲਣ ਦਾ ਪਹਿਲਾ ਸਬੱਬ ‘ਪੰਜਾਬ ਟਾਈਮਜ਼’ ਦੀ ਨਾਈਟ ਵਿਚ ਮਿਲਿਆ ਜੋ 5 ਮਈ 2018 ਨੂੰ ਸੀ। ਇਉਂ ਜਾਪਦਾ ਸੀ ਕਿ ਇਹ ਨਾਈਟ ਪੰਜਾਬ ਟਾਈਮਜ਼ ਦੀ ਨਾ ਹੋ ਕੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਉਸ ਆਵਾਜ਼ ਦੀ ਏ ਜੋ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਮੁੱਦਈ ਬਣ, ਜੀਵਨ-ਜਾਚ ਨੂੰ ਸੰਜੀਦਗੀ ਅਤੇ ਸਾਰਥਿਕਤਾ ਨਾਲ ਪੇਸ਼ ਕਰ ਰਿਹਾ ਏ, ਜਿਸ ਦੀਆਂ ਤਰਜੀਹਾਂ ਵਿਚ ਸਮਾਜ ਲਈ ਸੇਧ ਅਤੇ ਸੁਪਨਾ ਏ ਅਤੇ ਕੁਝ ਨਰੋਇਆ ਕਰਨ ਦੀ ਚਾਹਨਾ ਪੈਦਾ ਕਰਨਾ ਏ। ਮਾਇਕ ਲਾਭਾਂ ਤੋਂ ਉਪਰ ਉਠ ਕੇ ਉਤਰੀ ਅਮਰੀਕਾ ਦੀ ਪੰਜਾਬੀ ਪੱਤਰਕਾਰੀ ਵਿਚ ਨਵੇਂ ਮੀਲ-ਪੱਥਰ ਸਿਰਜਣ, ਵਿਲੱਖਣਤਾ ਪੈਦਾ ਕਰਨ ਅਤੇ ਸੰਜੀਦਾ ਪਾਠਕ ਵਰਗ ਪੈਦਾ ਕਰਨ ਵਿਚ ‘ਪੰਜਾਬ ਟਾਈਮਜ਼’ ਸਭ ਤੋਂ ਮੋਹਰੀ ਹੋ ਨਿਬੜਿਆ ਹੈ।
7 ਕੁ ਵਜੇ ਸ਼ਾਮੀਂ ਅਮੋਲਕ ਸਿੰਘ ਦਾ ਵ੍ਹੀਲ ਚੇਅਰ ‘ਤੇ ਆਉਣਾ ਅਤੇ ਮੋਹਵੰਤੀ ਆਮਦ ਨੂੰ ਮਹਿਮਾਨਾਂ ਦੇ ਨਾਮ ਕਰਨਾ ਬੜਾ ਸੁਖਨ ਅਹਿਸਾਸ ਸੀ। ਸ਼ੁਕਰਗੁਜਾਰੀ ਭਰੀ ਮੁਸਕਾਨ ਵੰਡਣਾ, ਇਉਂ ਲੱਗਾ ਜੀਕੂੰ ਕੋਈ ਪਾਕ ਰੂਹ ਆਪਣੇ ਧੰਨਭਾਗ, ਜਸ਼ਨਾਂ ਦੇ ਨਾਮ ਕਰ ਰਹੀ ਹੋਵੇ। ਤੁਰਨ ਫਿਰਨ ਤੋਂ ਆਹਰੀ ਅਤੇ ਸਾਹ ਵਿਚ ਤਕਲੀਫ ਹੋਣ ਕਾਰਨ ਗੈਸ ਪਾਈਪ ਨੂੰ ਹਮੇਸ਼ਾ ਆਪਣੀ ਵੀਲ੍ਹ-ਚੇਅਰ ਨਾਲ ਲਾਈ ਰੱਖਣ ਵਾਲਾ ਅਮੋਲਕ ਸਿੰਘ ਜੰਮੂ ਚੜ੍ਹਦੀ ਕਲਾ ਦਾ ਮੁਜੱਸਮਾ ਸੀ। ਉਸ ਦੇ ਚਿਹਰੇ ‘ਤੇ ਕੋਈ ਲਾਚਾਰਗੀ ਜਾਂ ਸਿ਼ਕਨ ਨਹੀਂ ਸੀ ਹੁੰਦਾ। ਬੋਲਣ ਵਿਚ ਔਖਿਆਈ ਦੇ ਬਾਵਜੂਦ ਉਹ ਆਪਣੀ ਗੱਲ ਕਹਿਣ ਅਤੇ ਹਰ ਪਤਵੰਤੇ ਨੂੰ ਹਾਰਦਿਕ ਜੀ ਆਇਆਂ ਕਹਿਣ ਲਈ ਉਤਾਵਲੇ ਸਨ। ਜਿ਼ੰਦਗੀ ਜਿਊਣ ਦਾ ਅੰਦਾਜ਼ ਅਤੇ ਜਿ਼ੰਦਗੀ ਨੂੰ ਨਵਾਂ ਸਿਰਲੇਖ ਦੇ, ਇਸ ਦੇ ਮੱਥੇ ‘ਤੇ ਸਾਹ-ਸੁਯੋਗ ਦੀ ਨਿਰੰਤਰਤਾ ਧਰਨ ਦੀ ਆਰਟ, ਜੰਮੂ ਜੀ ਦਾ ਵੱਡਾ ਹਾਸਲ ਸੀ। ਹਾਲ ਦੇ ਇਕ ਪਾਸੇ ਪੋ੍ਰਗਰਾਮ ਦੇ ਹਰ ਪਹਿਲੂ ਅਤੇ ਹਰ ਪੜਾਅ ਨੂੰ ਨਿਹਾਰਦਾ, ਹੁਲਾਸ ਭਰੀ ਮੁਸਕਰਾਹਟ ਹਰ ਬੁਲਾਰੇ ਤੇ ਮਹਿਮਾਨ ਦੇ ਨਾਮ ਲਾਉਂਦਾ, ਉਹ ਆਪਣੀ ਮਿਕਨਾਤੀਸੀ ਖਿੱਚ ਨਾਲ ਹਰ ਇਕ ਨੂੰ ਪ੍ਰਭਾਵਤ ਕਰ ਰਿਹਾ ਸੀ।
ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸਾਂ ਅਤੇ ਮੈਨੂੰ ਨਹੀਂ ਸੀ ਪਤਾ ਕਿ ਉਹ ਗੰਭੀਰ ਬਿਮਾਰੀ ਤੋਂ ਪੀੜਤ ਹਨ ਅਤੇ ਜਿ਼ੰਦਾਦਿਲੀ ਨਾਲ ਜਦੋ-ਜਹਿਦ ਕਰਦੇ, ਆਪਣੇ ਜੀਵਨ ਨੂੰ ਸੁਹੰਢਣਾ ਕਰ ਰਿਹਾ ਹੈ। ਹਰ ਈਮੇਲ ਦਾ ਮੋੜਵਾਂ ਜਵਾਬ ਦੇਣਾ, ਲੇਖ ਬਾਰੇ ਰਾਏ ਲਿਖਣਾ ਅਤੇ ਲੇਖ ਖਤਮ ਹੋਣ ਤੋਂ ਪਹਿਲਾਂ ਹੀ ਈਮੇਲ ਰਾਹੀਂ ਸੁਚੇਤ ਕਰਨਾ ਅਤੇ ਲੇਖ ਭੇਜਣ ਲਈ ਤਾਕੀਦ ਕਰਨਾ, ਉਨ੍ਹਾਂ ਦਾ ਨਿੱਤਨੇਮ ਵਰਗਾ ਕਰਮ ਮੇਰੇ ਚੇਤਿਆਂ ਵਿਚ ਤਰੋ-ਤਾਜ਼ਾ ਹੋ ਗਿਆ ਹੈ।
ਸ. ਅਮੋਲਕ ਸਿੰਘ ਜੰਮੂ ਦਾ ਆਪਣੀ ਸਿਹਤ ਬਾਰੇ ਫਿਕਰਮੰਦੀ ਨੂੰ ਵਾਸ਼ਪ ਕਰਦਿਆਂ, ਨਾਈਟ ਵਿਚ ਸੁਨੇਹਾ ਸੀ, “ਪੰਜਾਬ ਟਾਈਮਜ਼ ਨੇ ਮੈਨੂੰ ਜਿਊਣ ਦਾ ਆਹਰ ਦਿਤਾ ਹੈ। ਸਮੁੱਚੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਮੈਂ ਇਹ ਆਹਰ ਨਿਭਾਉਣ ਵਿਚ ਫਖਰ ਮਹਿਸੂਸ ਕਰਦਾ ਹਾਂ। ਆਸ ਹੈ ਕਿ ਤੁਹਾਡਾ ਸਾਰਥਿਕ ਹੁੰਗਾਰਾ, ਮੇਰੀ ਜਿ਼ੰਦਗੀ ਨੂੰ ਨਵਾਂ ਹੌਂਸਲਾ, ਹੱਲਾਸ਼ੇਰੀ ਅਤੇ ਇਸ ਬਿਮਾਰੀ `ਤੇ ਜਿੱਤ ਪ੍ਰਾਪਤ ਕਰਨ ਲਈ ਲੋੜੀਂਦੀ ਹਿੰਮਤ ਦੇਵੇਗਾ।” ਉਨ੍ਹਾਂ ਦੀ ਜੀਵਨ ਸਾਥਣ ਜਸਪ੍ਰੀਤ ਕੌਰ, ਜੰਮੂ ਜੀ ਦਾ ਪ੍ਰਛਾਵਾਂ ਸਮਝੋ। ਹਰ ਲੋੜ ਤੇ ਥੋੜ੍ਹ ਦੀ ਪੂਰਤੀ ਦਾ ਖਿਆਲ ਅਤੇ ਸਮਰਪਣ ਦਾ ਜਲਾਲ।
ਦੂਸਰੇ ਦਿਨ ਜੰਮੂ ਜੀ ਨੇ ਆਪਣੇ ਘਰ ਵਿਚ ਨਿੱਜੀ-ਸੰਗਤ ਦੌਰਾਨ, ਜਸ਼ਨਾਂ ਦੀ ਕਾਮਯਾਬੀ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਬਹੁਤ ਮਾਣ ਦਿੰਦਾ ਹੈ ਅਤੇ ਮੈਂ ਕੋਸਿ਼ਸ਼ ਕਰਦਾ ਹਾਂ ਕਿ ਭਾਈਚਾਰੇ ਦਾ ਰਿਣ ਅਦਾ ਕਰਦਾ ਰਹਾਂ। ਉਨ੍ਹਾਂ ਦੱਸਿਆ ਸੀ ਕਿ ਜਦ ਉਨ੍ਹਾਂ ਦਾ ਬਾਪ ਮਿਲਣ ਆਇਆ ਸੀ ਤਾਂ ਮੱਥਾ ਚੁੰਮ ਕੇ ਕਹਿਣ ਲੱਗੇ ਕਿ ਤੂੰ ਹੌਂਸਲਾ ਨਹੀਂ ਹਾਰਨਾ, ਇਸ ਬਿਮਾਰੀ ਨਾਲ ਯੁੱਧ ਕਰਨਾ ਏ ਅਤੇ ਇਸ ਨੂੰ ਹਰਾਉਣਾ ਏ, ਸਿਰਫ ਤੇਰੇ ਵਰਗੇ ਮਰਦ ਹੀ ਭਿਆਨਕ ਬਿਮਾਰੀਆਂ ਨੂੰ ਹਰਾਉਂਦੇ ਅਤੇ ਜਿ਼ੰਦਗੀ ਦੇ ਹਰ ਪਲ ਨੂੰ ਹਰ ਇਕ ਰੰਗ ਵਿਚ ਮਾਣਦੇ ਆ।
ਲੰਮੇ ਸਫਰ ਕਾਰਨ ਜਲਦੀ ਤੁਰਨ ਦੀ ਮੇਰੀ ਕਾਹਲ ਨੂੰ ਜੰਮੂ ਜੀ ਨੇ ਬੜੇ ਸਹਿਜ ਨਾਲ ਲੈਂਦਿਆਂ ਕਿਹਾ ਕਿ ਚੰਗਾ, ਤੁਹਾਡੀ ਮਰਜ਼ੀ। ਹੋਰ ਠਹਿਰ ਜਾਂਦੇ ਤਾਂ ਚੰਗਾ ਸੀ। ਚੰਗਾ ਲੱਗਾ ਤੁਹਾਡਾ ਆਉਣਾ। ਅਗਲੇ ਸਾਲ ਫਿਰ ਮਿਲੇਗਾ ਮਿਲਣ ਦਾ ਸਬੱਬ। ਉਨ੍ਹਾਂ ਦੇ ਇਨ੍ਹਾਂ ਬੋਲਾਂ ਵਿਚ ਅਪਣੱਤ, ਮੋਹ ਤੇ ਮਾਣ ਦਾ ਗੂੜ੍ਹਾ ਰੰਗ ਸੀ।
ਸਰੀਰਕ ਦੁਸ਼ਵਾਰੀਆਂ ਨੂੰ ਠੁੱਠ ਦਿਖਾਉਣ ਵਾਲੇ ਅਤੇ ਆਪਣੀ ਮਟਕ ਨੂੰ ਬਰਕਰਾਰ ਰੱਖ, ਪੰਜਾਬੀ ਅਦਬ ਅਤੇ ਪੱਤਰਕਾਰੀ ਨੂੰ ਬੁਲੰਦੀਆਂ ਬਖ਼ਸ਼ਣ ਵਾਲੇ ਅਮੋਲਕ ਸਿੰਘ ਤੋਂ ਵਿਦਾ ਹੁੰਦਿਆਂ, ਮੈਨੂੰ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਯਾਦ ਆਇਆ ਜਿਸ ਨੇ ਸਰੀਰਕ ਅਪਾਹਜਤਾ ਨੂੰ ਟਿੱਚ ਜਾਣਦਿਆਂ, ਭੌਤਿਕ ਵਿਗਿਆਨ ਦੇ ਖੇਤਰ ਵਿਚ ਅਦਭੁੱਤ ਖੋਜਾਂ ਨਾਲ ਵਿਗਿਆਨ ਨੂੰ ਉਚੇ ਦਿਸਹੱਦਿਆਂ ‘ਤੇ ਪਹੁੰਚਾਇਆ ਸੀ।
ਸ. ਅਮੋਲਕ ਸਿੰਘ ਜੰਮੂ ਪੰਜਾਬੀ ਦਾ ਸਟੀਫਨ ਹਾਕਿੰਗ ਹੀ ਤਾਂ ਹੈ।